Mohali
ਪੈਟਰੋਲ ਡੀਜਲ ਅਤੇ ਬਿਜਲੀ ਦੀ ਕੀਮਤ ਵਿੱਚ ਕੀਤੇ ਵਾਧੇ ਦੀ ਵੱਖ ਵੱਖ ਆਗੂਆਂ ਵਲੋਂ ਨਿਖੇਧੀ
ਐਸ ਏ ਐਸ ਨਗਰ, 5 ਸਤੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਅੱਜ ਪੈਟਰੋਲ ਅਤੇ ਡੀਜਲ ਤੇ ਵੈਟ ਵਧਾਉਣ ਅਤੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੀ ਵੱਖ ਵੱਖ ਆਗੂਆਂ ਵਲੋਂ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਇਸਨੂੰ ਸੂਬੇ ਦੀ ਜਨਤਾ ਨਾਲ ਧੋਖਾ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਬਦਲਾਓ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਲੋਕਾਂ ਦਾ ਕਚੂਮਰ ਕੱਢਣ ਵਾਲੇ ਫੈਸਲੇ ਕਰ ਰਹੀ ਹੈ।
ਪੰਜਾਬ ਸਰਕਾਰ ਨੇ ਆਮ ਲੋਕਾਂ ਨਾਲ ਬਹੁਤ ਵੱਡਾ ਧੱਕਾ ਕੀਤਾ : ਕੁਲਜੀਤ ਸਿੰਘ ਬੇਦੀ
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਆਮ ਲੋਕਾਂ ਨੂੰ ਰਾਹਤ ਦੇਣ ਦਾ ਵਾਇਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਖੂਨ ਚੂਸਣ ਤੇ ਉਤਾਰੂ ਹੋ ਗਈ ਹੈ। ਉਹਨਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਅਤੇ ਇਸ਼ਤਹਾਰਬਾਜੀ ਵਿੱਚ ਅਰਬਾਂ ਰੁਪਏ ਖਰਚ ਕਰਨ ਵਾਲੀ ਇਹ ਪਾਰਟੀ ਆਪਣੇ ਕਥਿਤ ਮੂਲ ਸਿਧਾਂਤਾਂ ਤੋਂ ਬੁਰੀ ਤਰ੍ਹਾਂ ਭਟਕ ਚੁੱਕੀ ਹੈ। ਉਹਨਾਂ ਕਿਹਾ ਕਿ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਉੱਤੇ 92 ਪੈਸੇ ਪ੍ਰਤੀ ਲੀਟਰ ਵਧਾਉਣ ਨਾਲ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੀ ਹੋਣਾ ਹੈ ਅਤੇ ਇਸ ਦਾ ਅਸਰ ਆਮ ਆਦਮੀ ਦੀ ਜੇਬ ਉੱਤੇ ਹੀ ਪੈਣਾ ਹੈ। ਉਹਨਾਂ ਕਿਹਾ ਕਿ ਬਿਜਲੀ ਦੇ ਰੇਟ ਤਿੰਨ ਰੁਪਏ ਪ੍ਰਤੀ ਯੂਨਿਟ ਵਧਾ ਕੇ ਪੰਜਾਬ ਸਰਕਾਰ ਨੇ ਆਮ ਲੋਕਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ।
ਸਰਕਾਰ ਦੀ ਧੱਕੇਸ਼ਾਹੀ ਦਾ ਕਰਾਰਾ ਜਵਾਬ ਦੇਣਗੇ ਲੋਕ : ਪਰਮਜੀਤ ਸਿੰਘ ਕਾਹਲੋਂ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੇ ਅਜਿਹੇ ਮਾਰੂ ਫੈਸਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ ਅਤੇ ਆਮ ਆਦਮੀ ਪਾਰਟੀ ਤੋਂ ਅਜਿਹੇ ਲੋਕ ਵਿਰੋਧੀ ਫੈਸਲਿਆਂ ਦਾ ਡੱਟ ਕੇ ਬਦਲਾ ਲੈਣਗੇ। ਉਹਨਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੀ ਜਨਤਾ ਲਈ ਮਾਰੂ ਸਾਬਿਤ ਹੋਵੇਗਾ ਅਤੇ ਇਸਦਾ ਪੰਜਾਬ ਦੀ ਆਰਥਿਕਤਾ ਤੇ ਬਹੁਤ ਮਾੜਾ ਅਸਰ ਪਵੇਗਾ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਲੋਕਾਂ ਨੂੰ ਰਾਹਤ ਦੇਵੇ।
ਲੋਕਾਂ ਦੀਆਂ ਜੇਬ੍ਹਾਂ ਤੇ ਡਾਕਾ ਮਾਰ ਰਹੀ ਹੈ ਸਰਕਾਰ :ਪਰਵਿੰਦਰ ਸਿੰਘ ਸੋਹਾਣਾ
ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਕੀਤੇ ਵਾਧੇ ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਤੋਹਫਾ ਗਰਦਾਨਦਿਆਂ ਆਮ ਆਦਮੀ ਪਾਰਟੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਮਹਿੰਗਾਈ ਵਿੱਚ ਵਾਧਾ ਹੋਵੇਗਾ ਅਤੇ ਆਮ ਲੋਕਾਂ ਦੀਆਂ ਜੇਬਾਂ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡਾਕਾ ਮਾਰਨ ਦੀ ਤਿਆਰੀ ਕੀਤੀ ਗਈ ਹੈ, ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ।
ਆਮ ਆਦਮੀ ਪਾਰਟੀ ਦੀ ਅਸਲੀਅਤ ਸਾਮ੍ਹਣੇ ਆਈ : ਸੰਜੀਵ ਵਸ਼ਿਸ਼ਠ
ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਤੇ ਵੈਟ ਵਿੱਚ ਵਾਧੇ ਅਤੇ ਬਿਜਲੀ ਦੀਆਂ ਦਰਾਂ ਵਿੱਚ ਬੇਲੋੜਾ ਵਾਧਾ ਕਰਕੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਲੁੱਟਣ ਦੇ ਰਾਹ ਪੈ ਗਈ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਆਮ ਆਦਮੀ ਪਾਰਟੀ ਦੀ ਅਸਲੀਅਤ ਸਾਮ੍ਹਣੇ ਆ ਗਈ ਹੈ ਜਿਸ ਵਲੋਂ ਹੋਰਨਾਂ ਸੂਬਿਆਂ ਵਿੱਚ ਕੀਤੀ ਜਾ ਰਹੀ ਪਾਰਟੀ ਦੀ ਇਸ਼ਤਿਹਾਰਬਾਜੀ ਦਾ ਖਰਚਾ ਜਨਤਾ ਤੋਂ ਵਸੂਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਪਹਿਲਾਂ ਹੀ ਬਦਹਾਲ ਆਰਥਿਕਤਾ ਹੋਰ ਬੇਹਾਲ ਹੋਵੇਗੀ ਅਤੇ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ।
Mohali
ਮੁਹਾਲੀ ਪੁਲੀਸ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਟ੍ਰੈਵਲ ਏਜੰਟ ਕਾਬੂ
ਫੇਜ਼ 5 ਵਿੱਚ ਬਿਨਾ ਲਾਈਸੰਸ ਤੋਂ ਚੱਲ ਰਿਹਾ ਸੀ ਇਮੀਗੇ੍ਰਸ਼ਨ ਸਲਾਹਕਾਰ ਦਾ ਦਫਤਰ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਵਿਦੇਸ਼ਾਂ ਵਿੱਚ ਭੇਜਣ ਦਾ ਸੁਪਨਾ ਦਿਖਾ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ ਇੱਕ ਦੇ ਠਾਣੇ ਦੇ ਐਸਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਐਸ ਸੀ ਐਫ ਇੱਕ ਪਹਿਲੀ ਮੰਜ਼ਿਲ, ਫੇਜ਼-5 ਵਿਖੇ ਵੀਜ਼ਾ ਟੂਰ ਇਮੀਗ੍ਰੇਸ਼ਨ ਕੰਸਲਟੈਂਟੀ ਤੇ ਨਾਮ ਤੇ ਦਫਤਰ ਖੁੱਲਿਆ ਹੋਇਆ ਹੈ ਜਿਸਦਾ ਮਾਲਕ ਜਸਵਿੰਦਰ ਸਿੰਘ ਵਾਸੀ ਭਿੱਖੀ ਜਿਲ੍ਹਾ ਮਾਨਸਾ ਹੈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਵਿਅਕਤੀ ਕੋਲ ਇਮੀਗਰੇਸ਼ਨ ਦਾ ਦਫਤਰ ਚਲਾਉਣ ਲਈ ਕੋਈ ਲਾਈਸੈਂਸ ਨਹੀਂ ਹੈ ਅਤੇ ਉਸ ਵਲੋਂ ਆਪਣਾ ਕੰਮ ਚਲਾਉਣ ਲਈ ਪੰਜ ਛੇ ਲੜਕੀਆਂ ਰੱਖੀਆਂ ਹੋਈਆਂ ਹਨ ਜੋ ਕਿਸੇ ਨਾ ਕਿਸੇ ਤਰੀਕੇ ਆਮ ਲੋਕਾਂ ਦੇ ਮੋਬਾਈਲ ਫੋਨ ਨੰਬਰ ਹਾਸਿਲ ਕਰਕੇ ਉਹਨਾਂ ਨੂੰ ਆਪਣੇ ਦਫਤਰਾਂ ਦੇ ਨੰਬਰਾਂ ਤੋਂ ਫੋਨ ਕਰਦੀਆਂ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਅਤੇ ਕਈ ਮੁਲਕਾਂ ਦੀ ਸੈਰ ਕਰਾਉਣ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਮੋਟੀ ਰਕਮ ਵਸੂਲ ਕਰਦੇ ਹਨ। ਇਹਨਾਂ ਵੱਲੋਂ ਬਿਨਾਂ ਕਿਸੇ ਅਧਿਕਾਰ ਦੇ ਆਮ ਲੋਕਾਂ ਦੇ ਪਾਸਪੋਰਟ ਵੀ ਲੈ ਕੇ ਰੱਖੇ ਹੋਏ ਹਨ ਜਦਕਿ ਉਸ ਪਾਸ ਅਜਿਹਾ ਕੋਈ ਅਧਿਕਾਰ ਨਹੀਂ ਹੈ।
ਉਹਨਾਂ ਦੱਸਿਆ ਕਿ ਜਾਣਕਾਰੀ ਹਾਸਿਲ ਹੋਣ ਤੇ ਪੁਲੀਸ ਨੇ ਉਕਤ ਦਫਤਰ ਵਿੱਚ ਛਾਪੇਮਾਰੀ ਕਰਕੇ ਇਸ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾਵੇਗਾ ਅਤੇ ਇਸਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੰਨੀ ਦੇਰ ਤੋਂ ਠੱਗੀ ਦਾ ਅੱਡਾ ਚਲਾ ਰਿਹਾ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਪੁਲੀਸ ਇਹ ਵੀ ਪਤਾ ਲਗਾਏਗੀ ਕਿ ਇਸ ਤੋਂ ਪਹਿਲਾਂ ਉਸ ਦੇ ਹੋਰ ਕਿੰਨੇ ਦਫਤਰ ਚੱਲ ਰਹੇ ਹਨ ਜਾਂ ਇਸ ਤੋਂ ਪਹਿਲਾਂ ਹੋਰ ਕਿਹੜੇ ਸ਼ਹਿਰਾਂ ਵਿੱਚ ਇਹ ਠੱਗੀ ਮਾਰ ਕੇ ਮੁਹਾਲੀ ਵਿੱਚ ਆ ਕੇ ਦਫਤਰ ਖੋਲ੍ਹਿਆ ਹੈ।
Mohali
ਨਗਰ ਨਿਗਮ ਦੀ ਟੀਮ ਨੇ ਸੋਹਾਣਾ ਵਿਖੇ ਮੁੱਖ ਸੜਕ ਦੇ ਕਿਨਾਰੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਚੁਕਵਾਏ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵਲੋਂ ਸੁਪਰਡੈਂਟ ਅਨਿਲ ਕੁਮਾਰ ਦੀ ਅਗਵਾਈ ਹੇਠ ਸੋਹਾਣਾ ਵਿੱਚ ਦੁਕਾਨਦਾਰਾਂ ਵਲੋਂ ਮੁੱਖ ਸੜਕ ਦੇ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਚੁਕਵਾ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰਸz. ਹਰਜੀਤ ਸਿੰਘ ਭੋਲੂ ਅਤੇ ਸਿੰਘ ਸ਼ਹੀਦਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਗਮ ਦੀ ਟੀਮ ਦਾ ਸਾਥ ਦਿੱਤਾ ਗਿਆ ਅਤੇ ਨਾਲ ਲੱਗ ਕੇ ਕਬਜ਼ੇ ਦੂਰ ਕਰਵਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਮਾਰਕੀਟ ਦੇ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਸੜਕ ਦੀ ਥਾਂ ਵਿੱਚ 15-15 ਫੁੱਟ ਤਕ ਕਬਜ਼ੇ ਕਰਕੇ ਸ਼ੈਡ ਪਾ ਦਿੱਤੇ ਗਏ ਸਨ ਅਤੇ ਉਸਤੋਂ ਵੀ ਅੱਗੇ ਤਕ ਸਾਮਾਨ ਖਿਲਾਰ ਕੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਵਲੋਂ ਤਾਂ ਸੜਕ ਦੀ ਥਾਂ ਤੋਂ ਹੀ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਇਹਨਾਂ ਕਬਜ਼ਿਆਂ ਕਾਰਨ ਇੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਆਉਂਦੀ ਹੈ ਅਤੇ ਅਕਸਰ ਜਾਮ ਲੱਗਣ ਦੀ ਨੌਬਤ ਹੋ ਜਾਂਦੀ ਹੈ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਵੀ ਇਹਨਾਂ ਕਬਜ਼ਿਆਂ ਦਾ ਵਿਰੋਧ ਕੀਤਾ ਗਿਆ ਸੀ ਪਰੰਤੂ ਅੜੀਅਲ ਦੁਕਾਨਦਾਰ ਕਿਸੇ ਦੀ ਨਹੀਂ ਸੁਣਦੇ ਸਨ ਜਿਸਤੇ ਨਗਰ ਨਿਗਮ ਦੀ ਟੀਮ ਬੁਲਾ ਕੇ ਇਹ ਕਬਜ਼ੇ ਦੂਰ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਸ੍ਰੀ ਜਸ਼ਨ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ।
Mohali
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਹਿੰਮਤ ਕਰ ਲੈਂਦੇ ਹਨ। ਸਥਾਨਕ ਫੇਜ਼ 4 ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਅੱਜ ਇੱਕ ਵਿਆਹ ਸੰਬੰਧੀ ਚਲ ਰਹੇ ਆਨੰਦ ਕਾਰਜਾਂ ਦੌਰਾਨ ਇੱਕ 12-13 ਸਾਲ ਦਾ ਬੱਚਾ ਲਾੜੀ ਦੀ ਮਾਂ ਦਾ ਬੈਗ (ਜਿਸ ਵਿੱਚ ਨਕਦੀ ਅਤੇ ਗਹਿਣੇ ਸਨ) ਲੈ ਕੇ ਭੱਜ ਗਿਆ। ਹਾਲਾਂਕਿ ਲਾੜੀ ਦੀ ਮਾਂ ਵਲੋਂ ਰੌਲਾ ਪਾਉਣ ਤੇ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਬਾਹਰ ਜਾ ਰਹੇ ਇਸ ਬੱਚੇ ਨੂੰ ਕਾਬੂ ਕਰ ਲਿਆ ਅਤੇ ਇਸ ਵਾਰਦਾਤ ਦੌਰਾਨ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ। ਇਸ ਬੱਚੇ ਨੂੰ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਫੇਜ਼- 4 ਦੇ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਗੁਰੂਦੁਆਰਾ ਸਾਹਿਬ ਵਿਖੇ ਫੇਜ਼ 4 ਦੇ ਇੱਕ ਪਰਿਵਾਰ ਦੀ ਲੜਕੀ ਦੇ ਆਨੰਦ ਕਾਰਜ ਹੋ ਰਹੇ ਸਨ ਜਿਸ ਦੌਰਾਨ ਇੱਕ ਬੱਚਾ ਕੋਟ ਪੈਂਟ ਪਾ ਕੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਉੱਥੇ ਪਹੁੰਚਿਆ ਸੀ। ਉਹਨਾਂ ਦੱਸਿਆ ਕਿ ਆਨੰਦ ਕਾਰਜ ਦੌਰਾਨ ਜਦੋਂ ਲਾੜੀ ਦੀ ਮਾਂ ਪੱਲਾ ਫੜਾਉਣ ਲਈ ਜੋੜੇ ਕੋਲ ਗਈ ਤਾਂ ਉਸਨੇ ਆਪਣਾ ਪਰਸ ਉੱਥੇੇ ਹੀ ਰੱਖ ਦਿੱਤਾ ਜਿਸਨੂੰ ਇਸ ਬੱਚੇ ਨੇ ਚੁੱਕ ਲਿਆ ਅਤੇ ਬਾਹਰ ਵੱਲ ਚਲਾ ਗਿਆ। ਪੱਲਾ ਫੜਾਉਣ ਤੋਂ ਬਾਅਦ ਜਦੋਂ ਕੁੜੀ ਦੀ ਮਾਂ ਨੇ ਵੇਖਿਆ ਕਿ ਉਸਦਾ ਪਰਸ ਗਾਇਬ ਹੈ ਤਾਂ ਉਹ ਬਾਹਰ ਨੂੰ ਭੱਜੀ ਅਤੇ ਉਸ ਬੱਚੇ ਦੇ ਹੱਥ ਵਿੱਚ ਪਰਸ ਦੇਖ ਕੇ ਸੇਵਾਦਾਰ ਨੂੰ ਉਸਨੂੰ ਰੋਕਣ ਲਈ ਕਿਹਾ। ਉਹਨਾਂ ਦੱਸਿਆ ਕਿ ਉਦੋਂ ਤੱਕ ਬੱਚਾ ਗੇਟ ਤਕ ਪਹੁੰਚ ਗਿਆ ਸੀ ਅਤੇ ਸੇਵਾਦਾਰ ਵਲੋਂ ਡੰਡਾ ਅੜਾ ਕੇ ਰਾਹ ਰੋਕਣ ਤੇ ਉਹ ਪਰਸ ਸੁੱਟ ਕੇ ਭੱਜ ਗਿਆ ਜਿਸਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਪੀ ਸੀ ਆਰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਵਾਰਦਾਤ ਵਿੱਚ ਭਾਵੇਂ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ ਹੈ ਪਰੰਤੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਚੇਤੰਨ ਰਹਿਣ ਅਤੇ ਅਜਿਹੇ ਸਮਾਗਮ ਮੌਕੇ ਕੀਮਤੀ ਸਾਮਾਨ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਤਾਂ ਜੋ ਅਜਿਹੀ ਕਿਸੇ ਵਾਰਦਾਤ ਤੋਂ ਬਚਿਆ ਜਾ ਸਕੇ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਵੱਲੋਂ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਖਾਰਜ