Mohali
ਬਲੌਂਗੀ ਕਾਲੋਨੀ ਦੀ ਸਰਪੰਚੀ ਦੀ ਚੋਣ ਵਿੱਚ ਕੁੰਡੀਆਂ ਦੇ ਸਿੰਗ ਫਸਣਗੇ
ਬਰਸਾਤੀ ਪਾਣੀ ਦੀ ਨਿਕਾਸੀ, ਟੁੱਟੀਆਂ ਗਲੀਆਂ, ਗੰਦਗੀ, ਬਿਜਲੀ ਦੀਆਂ ਤਾਰਾਂ ਅਤੇ ਅੱਧੇ ਅਧੂਰੇ ਵਿਕਾਸ ਕਾਰਜ ਹੋਣਗੇ ਮੁੱਖ ਮੁੱਦੇ
ਪਵਨ ਰਾਵਤ
ਬਲੌਂਗੀ, 27 ਸਤੰਬਰ
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਬਿਗੁਲ ਵੱਜ ਚੁੱਕਾ ਹੈ ਅਤੇ ਨਾਮਜਦਗੀ ਭਰਨ ਤੋਂ ਪਹਿਲਾ ਹੀ ਸਰਪੰਚੀ ਦੇ ਉਮੀਦਵਾਰਾ ਵਲੋਂ ਅੰਦਰ ਖਾਤੇ ਤਾਲ ਮੇਲ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਚਾਇਤਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਸੀ ਕਿ ਪੰਚਾਇਤੀ ਚੋਣਾਂ ਛੇਤੀ ਕਰਵਾ ਦਿੱਤੀਆਂ ਜਾਣਗੀਆਂ ਅਤੇ ਪਿੰਡਾਂ ਦੇ ਵਸਨੀਕ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੇ ਸਨ।
ਇਸ ਦੌਰਾਨ ਪਿੰਡ ਦੇ ਲੋਕਾਂ ਵਲੋਂ ਰੋਜ ਅਖਬਾਰ ਪੜੇ ਜਾਂਦੇ ਸੀ ਕਿ ਸ਼ਾਇਦ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਹੋਵੇ ਪਰੰਤੂ ਸਰਕਾਰ ਵਲੋਂ ਸੱਤਾ ਸੰਭਾਲਣ ਦੇ ਢਾਈ ਸਾਲ ਬਾਅਦ ਤਕ ਪੰਚਾਇਤੀ ਚੋਣਾਂ ਕਰਵਾਉਣ ਸੰਬੰਧੀ ਕੁੱਝ ਨਾ ਕੀਤੇ ਜਾਣ ਕਾਰਨ ਲੋਕਾਂ ਅਤੇ ਉਮੀਦਵਾਰਾਂ ਵਿੱਚ ਚੋਣਾਂ ਦਾ ਉਤਸ਼ਾਹ ਕਾਫੀ ਹੱਦ ਤਕ ਠੰਡਾ ਪੈ ਗਿਆ ਸੀ ਅਤੇ ਲੋਕਾਂ ਨੂੰ ਲੱਗਣ ਲੱਗ ਗਿਆ ਸੀ ਕਿ ਸੂਬੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਹੀ ਚੋਣਾਂ ਹੋਣਗੀਆਂ, ਪਰੰਤੂ ਬੀਤੇ ਦਿਨੀਂ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਤੁਰਤ ਫੁਰਤ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਕਰ ਦਿੱਤਾ ਅਤੇ ਹੁਣ ਆਉਣ ਵਾਲੀ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।
ਜਿਕਰਯੋਗ ਹੈ ਕੀ ਪਿਛਲੇ ਵਾਰ (2018 ਵਿੱਚ) ਹੋਈਆਂ ਪੰਚਾਇਤ ਚੋਣਾਂ ਦੌਰਾਨ ਪਿੰਡ ਬਲੌਂਗੀ ਵਿੱਚ ਸਰਪੰਚ ਦਾ ਅਹੁਦਾ ਜਨਰਲ ਸੀ ਅਤੇ ਬਲੌਂਗੀ ਕਲੋਨੀ ਵਿੱਚ ਜਨਰਲ (ਮਹਿਲਾ) ਵਾਸਤੇ ਰਾਖਵਾਂ ਸੀ। ਇਸ ਵਾਰ ਵੀ ਇਸ ਵਿੱਚ ਕੋਈ ਫੇਰ ਬਦਲ ਨਹੀਂ ਹੋਇਆ ਹੈ ਅਤੇ ਪਿੰਡ ਬਲੌਂਗੀ ਵਿੱਚ ਜਿੱਥੇ ਸਰਪੰਚ ਦੀ ਸੀਟ ਜਨਰਲ ਰੱਖੀ ਗਈ ਹੈ ਉੱਥੇ ਬਲੌਂਗੀ ਕਲੋਨੀ ਵਿੱਚ ਸਰਪੰਚ ਦੀ ਸੀਟ ਜਨਰਲ (ਮਹਿਲਾ) ਵਾਸਤੇ ਰਾਖਵੀਂ ਐਲਾਨੀ ਗਈ ਹੈ। ਪਿੰਡ ਬਲੌਂਗੀ ਵਿੱਚ ਜਿੱਥੇ 9 ਪੰਚ ਅਤੇ ਇੱਕ ਸਰਪੰਚ ਦੀ ਚੋਣ ਹੋਣੀ ਹੈ ਉੱਥੇ ਬਲੌਂਗੀ ਕਲੋਨੀ ਵਿੱਚ 13 ਪੰਚ ਅਤੇ ਇੱਕ ਮਹਿਲਾ ਸਰਪੰਚ ਚੁਣੀ ਜਾਣੀ ਹੈ।
ਜੇਕਰ ਬਲੌਂਗੀ ਕਾਲੋਨੀ ਦੀ ਗੱਲ ਕਰੀਏ ਤਾਂ ਇਹ ਬਹੁਤ ਵੱਡੀ ਪੰਚਾਇਤ ਹੈ ਜਿੱਥੇ 12000 ਦੇ ਕਰੀਬ ਵੋਟਰ ਹਨ। ਪਿਛਲੀ ਵਾਰ ਹੋਈਆਂ ਚੌਣਾਂ ਦੌਰਾਨ ਬਲੌਂਗੀ ਕਾਲੋਨੀ ਵਿੱਚ ਰਿੰਪਲ ਧੀਮਾਨ ਪਤਨੀ ਵੀਰ ਪ੍ਰਤਾਲ ਬਾਵਾ, ਜਸਵਿੰਦਰ ਕੌਰ ਪਤਨੀ ਮੱਖਣ ਸਿੰਘ, ਗੁਰਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਬਿੱਟੂ ਅਤੇ ਸਰੋਜਾ ਦੇਵੀ ਪਤਨੀ ਦਿਨੇਸ਼ ਕੁਮਾਰ ਦੇ ਵਿਚਕਾਰ ਮੁਕਾਬਲਾ ਹੋਇਆ ਸੀ। ਬਲੌਂਗੀ ਕਲੋਨੀ ਵਿੱਚ ਜਿਆਦਾਤਰ ਪ੍ਰਵਾਸੀ ਲੋਕ ਰਹਿੰਦੇ ਹਨ ਅਤੇ ਪਿਛਲੀ ਵਾਰ ਸਰਪੰਚ ਦੀ ਚੋਣ ਜਿੱਤਣ ਵਾਲੀ ਸਰੋਜਾ ਦੇਵੀ ਪਤਨੀ ਦਿਨੇਸ਼ ਕੁਮਾਰ ਨੂੰ ਇਸਦਾ ਵੱਡਾ ਫਾਇਦਾ ਮਿਲਿਆ ਸੀ ਜੋ ਖੁਦ ਵੀ ਪ੍ਰਵਾਸੀ ਭਾਈਚਾਰੇ ਤੋਂ ਹਨ।
ਬਲੌਂਗੀ ਕਾਲੋਨੀ ਦੇ ਸਰਪੰਚ ਦੀ ਕੁਰਸੀ ਪਿਛਲੀ ਵਾਰ ਮਹਿਲਾ ਉਮੀਦਵਾਰ ਵਾਸਤੇ ਰਾਖਵੀਂ ਹੋਣ ਕਾਰਨ ਸਰੰਪਚੀ ਦੀ ਚੋਣ ਦੀ ਤਿਆਰੀ ਕਰ ਰਹੇ ਆਗੂਆਂ ਨੂੰ ਭਰੋਸਾ ਸੀ ਕਿ ਇਸ ਵਾਰ ਇਹ ਸੀਟ ਜਨਰਲ ਐਲਾਨੀ ਜਾਵੇਗੀ ਅਤੇ ਪਿਛਲੀ ਵਾਰ ਮਜਬੂਰੀ ਵਿੱਚ ਆਪਣੀਆਂ ਪਤਨੀਆਂ ਨੂੰ ਚੋਣ ਲੜਾਉਣ ਵਾਲੇ ਆਗੂਆਂ ਵਲੋਂ ਕਾਫੀ ਸਮੇਂ ਤੋਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ ਪਰੰਤੂ ਇਸ ਵਾਰ ਫਿਰ ਇਹ ਸੀਟ ਮਹਿਲਾ ਉਮੀਦਵਾਰ ਵਾਸਤੇ ਰਾਖਵੀਂ ਕਰ ਦਿੱਤੀ ਗਈ ਹੈ।
ਬਲੌਂਗੀ ਕਾਲੋਨੀ ਦੇ ਵਸਨੀਕਾਂ ਨਾਲ ਗੱਲ ਕਰਨ ਤੇ ਇਹ ਗੱਲ ਉਭਰ ਕੇ ਸਾਮ੍ਹਣੇ ਆਉਂਦੀ ਹੈ ਕਿ ਇਸ ਵਾਰ ਲੋਕ ਇਹ ਗੱਲ ਖੁੱਲ ਕੇ ਕਹਿਣ ਲੱਗ ਗਏ ਹਨ ਕਿ ਬਲੌਂਗੀ ਕਾਲੋਨੀ ਵਿੱਚ ਹੁਣ ਉਸੇ ਨੂੰ ਵੋਟ ਪਵੇਗੀੇ ਜੋ ਬਲੌਂਗੀ ਦੀ ਵਿਕਾਸ ਕੰਮਾਂ ਨੂੰ ਕਰਵਾਉਣ ਵਿੱਚ ਸਮਰਥ ਹੋਵੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕੀ ਬਲੌਂਗੀ ਕਾਲੋਨੀ ਵਿੱਚ ਜੋ ਵੀ ਵਿਕਾਸ ਕਾਰਜ ਦੇ ਕੰਮ ਹੋਏ ਹਨ ਉਹ ਸਹੀ ਤਰੀਕੇ ਨਾਲ ਨਹੀਂ ਕੀਤੇ ਗਏ। ਕਾਲੋਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ, ਏਕਤਾ ਕਲੋਨੀ ਦਾ ਗਲੀਆਂ ਦਾ ਕੰਮ ਹੁਣ ਤਕ ਪੂਰਾ ਨਹੀਂ ਹੋਇਆ ਜੋ ਹੋਇਆ ਅਤੇ ਉੱਥੋਂ ਦੀਆਂ ਗਲੀਆਂ ਥੋੜੇ ਸਮੇਂ ਵਿੱਚ ਧਸ ਗਈਆਂ ਹਨ। ਬਰਸਾਤ ਦੌਰਾਨ ਇੱਥੇ ਕਈ ਕਈ ਦਿਨ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਹੈ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ।
ਇਸਤੋਂ ਇਲਾਵਾ ਬਿਜਲੀ ਮੀਟਰ ਦੇ ਬਕਸੇ ਖੁਲੇ ਰਹਿਣ ਅਤੇ ਬਿਜਲੀ ਦੀ ਤਾਰਾਂ ਦੇ ਗਲੀਆਂ ਵਿੱਚ ਲਮਕਣ ਕਾਰਨ ਕਦੇ ਵੀ ਹਾਦਸੇ ਦਾ ਖਤਰਾ ਰਹਿੰਦਾ ਹੈ। ਗਲੀਆਂ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਕਾਰਨ ਵੀ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ।
ਬਲੌਂਗੀ ਕਲੋਨੀ ਦਾ ਸਰਵੇ ਕਰਨ ਤੇ ਇਹ ਗੱਲ ਸਾਮ੍ਹਣੇ ਆਉਂਦੀ ਹੈ ਕਿ ਪਿਛਲੀ ਵਾਰ ਸਰਪੰਚੀ ਦੀ ਚੋਣ ਲੜਣ ਲਈ ਉਤਰੇ ਚਾਰ ਉਮੀਦਵਾਰ ਤਾ ਪੱਕੇ ਹਨ ਹੀ, ਇਸ ਵਾਰ ਕੁੱਝ ਨਵੇਂ ਚਿਹਰੇ ਵੀ ਸਰਪੰਚ ਦੀ ਚੋਣ ਵਿੱਚ ਆਪਣੀ ਕਿਸਮਤ ਅਜਮਾਉਂਦੇ ਨਜ਼ਰ ਆਉਣਗੇ ਅਤੇ ਵੌਅਰਾਂ ਦਾ ਰੁਝਾਨ ਦੱਸਦਾ ਹੈ ਕਿ ਇਸ ਵਾਰ ਉਮੀਦਵਾਰਾਂ ਦੀਆਂ ਜਮਾਨਤਾਂ ਵੀ ਜਪਤ ਹੋਣਗੀਆਂ।
Mohali
ਫੌਜੀ ਸਮੇਤ ਦੋ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਵਾਲਾ ਐਸ. ਐਚ. ਓ ਅਤੇ ਥਾਣੇਦਾਰ ਦੋਸ਼ੀ ਕਰਾਰ, 4 ਫਰਵਰੀ ਨੂੰ ਸੁਣਾਈ ਜਾਵੇਗੀ ਸਜਾ
ਸੀ. ਬੀ. ਆਈ ਅਦਾਲਤ ਨੇ ਸ਼ੱਕ ਦੇ ਅਧਾਰ ਤੇ ਸਾਬਕਾ ਐਸ. ਪੀ ਅਤੇ ਤਤਕਾਲੀ ਡੀ. ਐਸ. ਪੀ ਨੂੰ ਕੀਤਾ ਬਰੀ
ਐਸ ਏ ਐਸ ਨਗਰ, 31ਜਨਵਰੀ (ਪਰਵਿੰਦਰ ਕੌਰ ਜੱਸੀ) 1992 ਵਿੱਚ ਪੰਜਾਬ ਪੁਲੀਸ ਵਲੋਂ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਅਤੇ ਲਖਵਿੰਦਰ ਸਿੰਘ ਲੱਖਾ ਉਰਫ ਫੋਰਡ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਵਿਚਲੀ ਸੀ. ਬੀ. ਆਈ ਦੀ ਅਦਾਲਤ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ ਉਸ ਸਮੇਂ ਦੇ ਐਸ. ਐਚ. ਓ ਮਜੀਠਾ ਰਹੇ ਗੁਰਭਿੰਦਰ ਸਿੰਘ ਅਤੇ ਸਾਬਕਾ ਏ. ਐਸ. ਆਈ ਪਰਸ਼ੋਤਮ ਸਿੰਘ ਨੂੰ ਕਤਲ ਦੀ ਧਾਰਾ 302, 120-ਬੀ ਅਤੇ ਧਾਰਾ 218 ਵਿੱਚ ਦੋਸ਼ੀ ਠਹਿਰਾਉਂਦਿਆਂ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਹਨ। ਅਦਾਲਤ ਵਲੋਂ ਉਕਤ ਦੋਵਾਂ ਦੋਸ਼ੀਆਂ ਨੂੰ ਸਜਾ ਸੁਣਾਉਣ ਲਈ 4 ਫਰਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ। ਅਦਾਲਤ ਨੇ ਸਾਬਕਾ ਐਸ. ਪੀ. ਚਮਨ ਲਾਲ ਅਤੇ ਉਸ ਸਮੇਂ ਰਹੇ ਡੀ. ਐਸ. ਪੀ. ਐਸ. ਐਸ. ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 13.9.1992 ਨੂੰ ਮਜੀਠਾ ਅਤੇ ਅੰਮ੍ਰਿਤਸਰ ਦੀ ਪੁਲੀਸ ਪਾਰਟੀ ਨੇ ਦੋ ਨੌਜਵਾਨਾਂ ਨੂੰ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਦਿਖਾਇਆ ਸੀ। ਉਸ ਸਮੇਂ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕੱਟੜ ਅੱਤਵਾਦੀ ਸਨ, ਜਿਨ੍ਹਾਂ ਦੇ ਸਿਰ ਤੇ ਇਨਾਮ ਸੀ ਅਤੇ ਉਹ ਕਤਲ, ਜਬਰੀ ਵਸੂਲੀ, ਲੁੱਟ-ਖਸੁੱਟ ਆਦਿ ਦੇ ਸੈਂਕੜੇ ਮਾਮਲਿਆਂ ਵਿਚ ਸ਼ਾਮਲ ਸਨ। ਉਕਤ ਨੌਜਵਾਨਾਂ ਉੱਤੇ ਹਰਭਜਨ ਸਿੰਘ ਉਰਫ਼ ਸ਼ਿੰਡੀ ਤੇ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵਿਚ ਤਤਕਾਲੀ ਕੈਬਨਿਟ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਦਾ ਦੋਸ਼ ਸੀ।
1995 ਵਿਚ ਸੀ.ਬੀ.ਆਈ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬਲਦੇਵ ਸਿੰਘ ਉਰਫ਼ ਦੇਬਾ (ਜੋ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਸ਼੍ਰੀਨਗਰ ਸਟੇਸ਼ਨ ਵਿਖੇ ਤੈਨਾਤ ਸੀ) ਕੁਝ ਦਿਨਾਂ ਦੀ ਛੁੱਟੀ ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਉਸਨੂੰ ਐਸ. ਆਈ ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ 6.9.1992 ਨੂੰ ਪਿੰਡ ਬਾਸਰਕੇ ਭੈਣੀ ਵਿਖੇ ਉਸਦੇ ਘਰ ਤੋਂ ਚੁੱਕਿਆ ਸੀ। ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12.9.1992 ਨੂੰ ਅੰਮ੍ਰਿਤਸਰ ਦੇ ਪ੍ਰੀਤ ਨਗਰ ਵਿਖੇ ਉਸਦੇ ਕਿਰਾਏ ਦੇ ਘਰ ਤੋਂ ਥਾਣਾ ਮਜੀਠਾ ਦੇ ਐਸ. ਆਈ ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਕੁਲਵੰਤ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ, ਪਰ ਬਾਅਦ ਵਿਚ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ।
ਜਾਂਚ ਦੌਰਾਨ ਸੀ.ਬੀ.ਆਈ ਨੇ ਪਾਇਆ ਕਿ ਥਾਣਾ ਛੇਹਰਟਾ ਦੀ ਪੁਲੀਸ ਨੇ ਦੇਬਾ ਅਤੇ ਲੱਖਾ ਨੂੰ ਮੰਤਰੀ ਦੇ ਪੁੱਤਰ (ਜਿਸਦੀ 23.7.1992 ਨੂੰ ਹੱਤਿਆ ਕੀਤੀ ਗਈ ਸੀ) ਦੇ ਕਤਲ ਕੇਸ ਵਿਚ ਝੂਠਾ ਫਸਾਇਆ ਸੀ ਅਤੇ 12.9.1992 ਨੂੰ ਉਸ ਕਤਲ ਕੇਸ ਵਿਚ ਬਲਦੇਵ ਸਿੰਘ ਉਰਫ ਦੇਬਾ ਦੀ ਗ੍ਰਿਫ਼ਤਾਰੀ ਦਿਖਾਈ ਸੀ ਅਤੇ 13.9.1992 ਨੂੰ ਦੋਵਾਂ ਨੂੰ ਮਾਰ ਦਿੱਤਾ ਗਿਆ ਸੀ।
ਪੁਲੀਸ ਨੇ ਕਹਾਣੀ ਘੜੀ ਸੀ ਕਿ ਬਲਦੇਵ ਸਿੰਘ ਉਰਫ ਦੇਬਾ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਂਦੇ ਸਮੇਂ ਪਿੰਡ ਸੰਸਾਰਾ ਨੇੜੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਬਲਦੇਵ ਸਿੰਘ ਉਰਫ ਦੇਬਾ ਅਤੇ ਇਕ ਹੋਰ ਹਮਲਾਵਰ ਮਾਰਿਆ ਗਿਆ, ਜਿਸਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਫੋਰਡ ਵਜੋਂ ਹੋਈ। ਸੀ. ਬੀ. ਆਈ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਹਿਲਾਂ ਦੋਵਾਂ ਨੌਜਵਾਨਾਂ ਨੂੰ ਚੁੱਕ ਕੇ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਅਤੇ ਫਿਰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਸੀ. ਬੀ. ਆਈ ਨੇ ਇਹ ਵੀ ਪਾਇਆ ਕਿ ਪੁਲੀਸ ਵਲੋਂ ਦਿਖਾਏ ਗਏ ਮੁਕਾਬਲੇ ਦੀ ਕਥਿਤ ਘਟਨਾ ਸਮੇਂ ਪੁਲੀਸ ਵਾਹਨਾਂ ਦੇ ਦੌਰੇ ਸੰਬੰਧੀ ਲਾਗ ਬੁੱਕਾਂ ਵਿਚ ਕੋਈ ਐਂਟਰੀ ਨਹੀਂ ਸੀ।
ਪੁਲੀਸ ਵਲੋਂ ਇਹ ਵੀ ਦਿਖਾਇਆ ਗਿਆ ਸੀ ਕਿ ਮੁਕਾਬਲੇ ਦੌਰਾਨ ਮਾਰੇ ਗਏ ਅਣਪਛਾਤੇ ਹਮਲਾਵਰ ਅੱਤਵਾਦੀ ਦੀ ਪਛਾਣ ਜ਼ਖਮੀ ਬਲਦੇਵ ਸਿੰਘ ਦੇਬਾ ਨੇ ਕੀਤੀ ਸੀ, ਹਾਲਾਂਕਿ ਦੇਬਾ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸਦੀ ਤੁਰੰਤ ਮੌਤ ਹੋ ਗਈ, ਇਸ ਲਈ ਉਸਦੀ ਪਛਾਣ ਦੀ ਦਲੀਲ ਨਹੀਂ ਬਣਦੀ।
ਇਸ ਸੰਬੰਧੀ 30. 8. 1999 ਨੂੰ ਸੀ.ਬੀ.ਆਈ ਨੇ ਐਸ.ਐਸ.ਸਿੱਧੂ, ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਚਮਨ ਲਾਲ, ਗੁਰਭਿੰਦਰ ਸਿੰਘ, ਮੋਹਨ ਸਿੰਘ, ਪਰਸ਼ੋਤਮ ਸਿੰਘ ਅਤੇ ਜੱਸਾ ਸਿੰਘ ਵਿਰੁੱਧ ਅਗਵਾ, ਅਪਰਾਧਿਕ ਸਾਜ਼ਿਸ਼, ਕਤਲ, ਝੂਠਾ ਰਿਕਾਰਡ ਤਿਆਰ ਕਰਨ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ, ਪਰ ਗਵਾਹਾਂ ਦੇ ਬਿਆਨ 2022 ਤੋਂ ਬਾਅਦ ਦਰਜ ਕੀਤੇ ਗਏ ਸਨ ਕਿਉਂਕਿ ਉਸ ਸਮੇਂ ਦੌਰਾਨ ਉੱਚ ਅਦਾਲਤਾਂ ਦੇ ਹੁਕਮਾਂ ਤੇ ਕੇਸ ਤੇ ਰੋਕ ਲੱਗੀ ਰਹੀ।
ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਸੀ. ਬੀ. ਆਈ. ਨੇ ਇਸ ਮਾਮਲੇ ਵਿਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 19 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਕਿਉਂਕਿ ਮੁਕੱਦਮੇ ਦੌਰਾਨ ਸੀ. ਬੀ. ਆਈ. ਵੱਲੋਂ ਦੱਸੇ ਗਏ ਜ਼ਿਆਦਾਤਰ ਗਵਾਹਾਂ ਦੀ ਮੌਤ ਹੋ ਗਈ ਸੀ ਅਤੇ ਅੰਤ ਵਿਚ 32 ਸਾਲਾਂ ਬਾਅਦ ਇਨਸਾਫ਼ ਮਿਲਿਆ। ਇਸ ਦੌਰਾਨ ਮੁਲਜ਼ਮ ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ ਸੀ ਅਤੇ ਮੁਲਜ਼ਮ ਐਸ. ਐਸ. ਸਿੱਧੂ ਤਤਕਾਲੀ ਡੀ. ਐਸ. ਪੀ ਅੰਮ੍ਰਿਤਸਰ, ਚਮਨ ਲਾਲ ਤਤਕਾਲੀ ਸੀ. ਆਈ. ਏ ਇੰਚਾਰਜ ਅੰਮ੍ਰਿਤਸਰ, ਗੁਰਭਿੰਦਰ ਸਿੰਘ ਤਤਕਾਲੀ ਐਸ.ਐਚ.ਓ ਮਜੀਠਾ ਅਤੇ ਏ. ਐਸ. ਆਈ ਪਰਸ਼ੋਤਮ ਸਿੰਘ ਇਸ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ।
Mohali
ਮੁਹਾਲੀ ਵਿੱਚ ਗੰਭੀਰ ਹੋਏ ਪਾਰਕਿੰਗ ਸੰਕਟ ਸੰਬੰਧੀ ਡਿਪਟੀ ਮੇਅਰ ਵੱਲੋਂ ਕਾਨੂੰਨੀ ਨੋਟਿਸ ਜਾਰੀ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਮੁਹਾਲੀ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਮੁਖ ਰੱਖਦਿਆਂ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।
ਸz. ਬੇਦੀ ਨੇ ਕਿਹਾ ਕਿ ਸ਼ਹਿਰ ਦੇ ਵੱਧ ਰਹੇ ਵਿਕਾਸ, ਵੱਡੀ ਗਣਤੀ ਵਿੱਚ ਬਣ ਰਹੀਆਂ ਹਾਊਸਿੰਗ ਸੋਸਾਇਟੀਆਂ, ਵਪਾਰਕ ਸੰਸਥਾਵਾਂ ਅਤੇ ਆਧੁਨਿਕ ਮਾਲ ਦੇ ਕਾਰਨ, ਪਾਰਕਿੰਗ ਦੀ ਸੁਵਿਧਾ ਲਗਭਗ ਨਾਂਹ ਦੇ ਬਰਾਬਰ ਰਹਿ ਗਈ ਹੈ। ਉਹਨਾਂ ਕਿਹਾ ਕਿ ਮੁਹਾਲੀ ਪੰਜਾਬ ਦੇ ਆਧੁਨਿਕ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਪਰੰਤੂ ਇੱਥੇ ਪਾਰਕਿੰਗ ਦੀ ਉਚਿਤ ਯੋਜਨਾ ਨਾ ਬਣਨ ਕਾਰਨ ਟ੍ਰੈਫਿਕ ਵਿਭਾਗ ਅਤੇ ਆਮ ਲੋਕ ਦੋਵਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੀਆਂ ਕਾਰਾਂ, ਬਾਈਕਾਂ ਅਤੇ ਹੋਰ ਵਾਹਨਾਂ ਦੀ ਗਿਣਤੀ ਕਾਰਨ ਮਹੱਤਵਪੂਰਨ ਇਲਾਕਿਆਂ ਵਿੱਚ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ, ਜੋ ਕਿ ਟ੍ਰੈਫਿਕ ਜਾਮ ਤੋਂ ਇਲਾਵਾ ਐਂਬੂਲੈਂਸ ਅਤੇ ਅੱਗ ਬੁਝਾਊ ਵਾਹਨਾਂ ਲਈ ਵੀ ਰੁਕਾਵਟ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮੁਹਾਲੀ ਵਿੱਚ ਪਾਰਕਿੰਗ ਦੀ ਯੋਜਨਾ ਬਿਹਤਰ ਬਣਾਉਣ ਦੀਆਂ ਗੱਲਾਂ ਤਾਂ ਹੋ ਰਹੀਆਂ ਹਨ, ਪਰ ਅਮਲ ਵਿੱਚ ਕੁਝ ਵੀ ਨਹੀਂ ਹੋਇਆ।
ਉਹਨਾਂ ਕਿਹਾ ਕਿ ਸ਼ਹਿਰ ਦੇ ਵੱਡੇ ਮਾਲ, ਬੈਂਕ, ਸਰਕਾਰੀ ਦਫ਼ਤਰਾਂ ਅਤੇ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਆਪਣੀਆਂ ਗੱਡੀਆਂ ਖੜੀਆਂ ਕਰਨ ਲਈ ਥਾਂ ਲੱਭਣੀ ਪੈਂਦੀ ਹੈ। ਬਹੁਤ ਸਾਰੇ ਲੋਕ ਸੜਕਾਂ ਉੱਤੇ ਗੱਡੀਆਂ ਲਗਾਉਣ ਲਈ ਮਜਬੂਰ ਹਨ, ਜਿਸ ਕਾਰਨ ਨੌਕਰੀ ਤੇ ਜਾਂ ਰਹੇ ਲੋਕਾਂ ਨੂੰ ਲੰਬਾ ਸਮਾਂ ਬਰਬਾਦ ਕਰਨਾ ਪੈਂਦਾ ਹੈ। ਕਈ ਰਿਹਾਇਸ਼ੀ ਇਲਾਕਿਆਂ ਵਿੱਚ ਆਵਾਜਾਈ ਲਈ ਸੜਕਾਂ ਸਿਮਟ ਗਈਆਂ ਹਨ, ਅਤੇ ਕਈ ਜਗ੍ਹਾਂ ਤੇ ਗਲਤ ਪਾਰਕਿੰਗ ਕਾਰਨ ਹੋ ਰਹੇ ਵਿਵਾਦ ਵੀ ਵਧ ਰਹੇ ਹਨ ਅਤੇ ਕੁਝ ਸਾਲ ਪਹਿਲਾਂ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਫੇਜ਼ ਤਿੰਨ ਏ ਵਿੱਚ ਇੱਕ ਨੌਜਵਾਨ ਵਕੀਲ ਨੂੰ ਕਤਲ ਵੀ ਕਰ ਦਿੱਤਾ ਗਿਆ ਸੀ।
ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਰੀ ਕੀਤੇ ਕਾਨੂੰਨੀ ਨੋਟਿਸ ਵਿੱਚ ਉਹਨਾਂ ਲਿਖਿਆ ਹੈ ਕਿ 2009 ਵਿੱਚ ਬਣਾਏ ਗਏ ਪੁਰਾਣੇ ਪਾਰਕਿੰਗ ਨਿਯਮ ਹੁਣ ਮੁਹਾਲੀ ਦੇ ਮੌਜੂਦਾ ਹਾਲਾਤਾਂ ਲਈ ਬੇਕਾਰ ਹੋ ਚੁੱਕੇ ਹਨ। ਉਨ੍ਹਾਂ ਲਿਖਿਆ ਹੈ ਕਿ ਮੁਹਾਲੀ ਇੱਕ ਆਈਟੀ ਹੱਬ ਬਣ ਰਿਹਾ ਹੈ, ਅਤੇ ਨਵੇਂ ਬਿਜ਼ਨੈਸ ਸੈਂਟਰਾਂ, ਹਸਪਤਾਲਾਂ, ਅਤੇ ਆਉਟਲੈੱਟਸ ਦੀ ਆਮਦ ਕਾਰਨ ਪਾਰਕਿੰਗ ਦੀ ਵਿਵਸਥਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪਾਰਕਿੰਗ ਲਈ ਨਵੇਂ ਨਿਯਮ ਬਣਾਏ ਜਾਣ, ਕਮਰਸ਼ੀਅਲ ਬਿਲਡਿੰਗਾਂ ਨੂੰ ਪਾਰਕਿੰਗ ਸਪੇਸ ਦੇਣ ਲਈ ਕੜੇ ਨਿਯਮ ਬਣਾਏ ਜਾਣ, ਅਤੇ ਮੁਹਾਲੀ ਵਿੱਚ ਵਧੇਰੇ ਮਲਟੀ ਲੇਵਲ ਪਾਰਕਿੰਗਾਂ ਬਣਾਈਆਂ ਜਾਣ।
ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀ ਹਰ ਰੋਜ਼ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਹੇ ਹਨ, ਅਤੇ ਇਹ ਸਿਰਫ਼ ਇੱਕ ਸ਼ਹਿਰੀ ਸੁਵਿਧਾ ਦਾ ਮਾਮਲਾ ਨਹੀਂ, ਬਲਕਿ ਆਵਾਜਾਈ ਦੀ ਸੁਰੱਖਿਆ ਅਤੇ ਸ਼ਹਿਰ ਦੀ ਯੋਜਨਾਬੱਧ ਵਿਕਾਸ ਦਾ ਵੀ ਮਾਮਲਾ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮੁੱਦੇ ਤੇ ਤੁਰੰਤ ਧਿਆਨ ਨਾ ਦਿੱਤਾ ਗਿਆ, ਤਾਂ ਉਹ ਅਗਲੇ ਪੜਾਅ ਵਿੱਚ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁੱਕਣਗੇ।
Mohali
ਡਿਪਟੀ ਕਮਿਸ਼ਨਰ ਵੱਲੋਂ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
ਸਨਅਤਕਾਰਾਂ ਦੀਆਂ ਮੁਸ਼ਕਿਲਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕਰਵਾਉਣ ਦਾ ਭਰੋਸਾ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਡਿਪਟੀ ਕਮਿਸ਼ਨਰ ਵੱਲੋਂ ਸਨਅਤਕਾਰਾਂ ਨੂੰ ਸਮੇਂ-ਸਮੇਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੀਤੀ ਜਾਂਦੀ ਸਮੀਖਿਆ ਮੀਟਿੰਗ ਤਹਿਤ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੀਟਿੰਗ ਵਿੱਚ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪਹਿਲਾਂ ਤੋਂ ਲੱਗੀਆਂ ਉਦਯੋਗਿਕ ਇਕਾਈਆਂ ਅਤੇ ਨਵੀਆਂ ਉਦਯੋਗਿਕ ਇਕਾਈਆਂ ਨਾਲ ਸਬੰਧਤ ਸਨਅਤਕਾਰਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ।
ਮੀਟਿੰਗ ਦੌਰਾਨ ਚਨਾਲੋਂ ਫੋਕਲ ਪੁਆਇੰਟ ਤੋਂ ਸੋਧੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਨੈਸ਼ਨਲ ਹਾਈਵੇਅ ਵਿੱਚੋਂ ਕ੍ਰਾਸਿੰਗ ਲਈ ਲੋਕ ਨਿਰਮਾਣ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਨਾਲ ਤਾਲਮੇਲ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਵਿੱਚ ਵਧਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਜੀ ਐਸ ਟੀ ਅਸੈਸਮੈਂਟ ਵਿੱਚ ਆ ਰਹੀ ਮੁਸ਼ਕਿਲ ਤੇ ਸਹਾਇਕ ਕਮਿਸ਼ਨਰ (ਸਟੇਟ ਕਰ) ਨੇ ਦੱਸਿਆ ਕਿ ਇਸ ਸਬੰਧੀ ਰੇਸ਼ਨਾਲਾਈਜ਼ੇਸ਼ਨ ਪਾਲਿਸੀ ਜਲਦ ਲਾਗੂ ਹੋ ਰਹੀ ਹੈ। ਇਸ ਤੋਂ ਇਲਾਵਾ ਨਿਰਵਿਘਨ ਬਿਜਲੀ ਸਪਲਾਈ ਬਾਰੇ ਵੀ ਮੰਗ ਰੱਖੀ ਗਈ, ਜਿਸ ਤੇ ਡਿਪਟੀ ਕਮਿਸ਼ਨਰ ਨੇ ਜਲਦ ਕਰਵਾਈ ਦਾ ਭਰੋਸਾ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਵੱਲੋਂ ਮੀਟਿੰਗ ਦੌਰਾਨ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹਲ ਲਈ ਸਬੰਧਤ ਵਿਭਾਗਾਂ ਨੂੰ ਕਰਵਾਈ ਦੇ ਆਦੇਸ਼ ਦੇਣ ਲਈ ਡਿਪਟੀ ਕਮਿਸ਼ਨਰ ਅੱਗੇ ਪੇਸ਼ ਕੀਤੀਆਂ ਗਈਆਂ, ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਵਿੱਚ ਸ਼ਾਮਿਲ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਜਿਹੜੀਆਂ ਮੁਸ਼ਕਿਲਾਂ ਰਾਜ ਸਰਕਾਰ ਦੇ ਪੱਧਰ ਤੇ ਹੱਲ ਹੋਣ ਵਾਲੀਆਂ ਹਨ, ਉਨ੍ਹਾਂ ਸਬੰਧੀ ਸਬੰਧਤ ਵਿਭਾਗਾਂ ਮੁਖੀ ਡਿਪਟੀ ਕਮਿਸ਼ਨਰ ਦਫ਼ਤਰ ਪਾਸੋਂ ਲੋੜੀਂਦੇ ਬੇਨਤੀ ਪੱਤਰ ਉਨ੍ਹਾਂ ਦੇ ਪ੍ਰਸ਼ਾਸਕੀ ਸਕੱਤਰਾਂ ਨੂੰ ਲਿਖਵਾਏ ਜਾਣ।
ਇਸ ਮੀਟਿੰਗ ਵਿੱਚ ਅਰਸ਼ਜੀਤ ਸਿੰਘ, ਜੀ. ਐਮ. ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਸਨਅਤਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਦਾ ਹੱਲ ਕਰਵਾਉਣ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਤੈਅ ਸਮੇਂ ਵਿੱਚ ਰੀਵਿਊ ਰਿਪੋਰਟ ਦਾ ਵੇਰਵਾ ਪੇਸ਼ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
International1 month ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ