Connect with us

Mohali

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੰਤਰ ਰਾਸ਼ਟਰੀ ਹਵਾਈ ਉਡਾਣਾਂ ਚਾਲੂ ਕਰਨ ਦੀ ਮੰਗ

Published

on

 

ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ

ਐਸ ਏ ਐਸ ਨਗਰ, 28 ਸਤੰਬਰ (ਸ.ਬ.) ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਐਸ.ਏ.ਐਸ ਨਗਰ ਵਿਖੇ ਬਣਾਏ ਗਏ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੰਤਰ ਰਾਸ਼ਟਰੀ ਹਵਾਈ ਉਡਾਣਾਂ ਚਾਲੂ ਕੀਤੀਆਂ ਜਾਣ।

ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਉਹਨਾਂ ਦੀ ਸੰਸਥਾ ਯੂਥ ਆਫ ਪੰਜਾਬ ਪਿਛਲੇ ਇੱਕ ਦਹਾਕੇ ਤੋਂ ਸਮਾਜਿਕ ਕੁਰੀਤੀਆਂ ਖਿਲਾਫ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਹੈ ਅਤੇ ਸੰਸਥਾ ਵਲੋਂ ਮੁਹਾਲੀ ਵਿੱਚ ਬਣਾਏ ਗਏ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦੇ ਆਜਮ ਸz. ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਨੂੰ ਲੈ ਕੇ ਬਾਕਾਇਦਾ ਮੁਹਿੰਮ ਵੀ ਚਲਾਈ ਗਈ ਸੀ।

ਉਹਨਾਂ ਲਿਖਿਆ ਹੈ ਕਿ ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾ ਚੁੱਕਿਆ ਹੈ ਪਰੰਤੂ ਇਸ ਹਵਾਈ ਅੱਡੇ ਤੋਂ ਅੰਤਰਾਸ਼ਟਰੀ ਉੜਾਣਾਂ ਨਾ ਚਲਦੀਆਂ ਹੋਣ ਕਾਰਨ ਪੰਜਾਬ ਸਮੇਤ ਉੱਤਰੀ ਭਾਰਤ ਦੇ ਵੱਡੇ ਹਿੱਸੇ (ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ) ਦੇ ਲੋਕਾਂ ਨੂੰ ਅੰਤਰ ਰਾਸ਼ਟਰੀ ਉਡਾਣ ਲਈ ਇੰਦਰਾ ਗਾਂਧੀ ਏਅਰਪੋਰਟ, ਦਿੱਲੀ ਤੇ ਨਿਰਭਰ ਕਰਨਾ ਪੈਂਦਾ ਹੈ ਅਤੇ ਇਸ ਖਿੱਤੇ ਦੇ ਲੋਕਾਂ ਨੂੰ ਦਿੱਲੀ ਹਵਾਈ ਅੱਡੇ ਤਕ ਲਿਜਾਣ ਅਤੇ ਲਿਆਉਣ ਲਈ ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਟੈਕਸੀਆਂ ਦਿੱਲੀ ਹਵਾਈ ਅੱਡੇ ਤਕ ਆਉਂਦੀਆਂ ਜਾਂਦੀਆਂ ਹਨ।

ਉਹਨਾਂ ਲਿਖਿਆ ਹੈ ਕਿ ਟੈਕਸੀਆਂ ਵਿੱਚ ਆਉਣ ਜਾਣ ਦੌਰਾਨ ਜਿੱਥੇ ਲੋਕਾਂ ਨੂੰ ਆਰਥਿਕ ਲੁੱਟ ਖਸੁੱਟ ਦਾ ਸ਼ਿਕਾਰ ਹੋਣਾ ਪੈਂਦਾ ਉੱਥੇ ਕਈ ਵਾਰ ਸੜਕਾਂ ਤੇ ਚੱਲਦੇ ਮੁਰਮੰਤ ਦੇ ਕੰਮਾਂ ਜਾਂ ਖਰਾਬ ਮੌਸਮ ਕਾਰਨ ਹਾਦਸੇ ਵੀ ਵਾਪਰਦੇ ਹਨ ਜਿਹਨਾਂ ਵਿੱਚ ਸੈਂਕੜੇ ਲੋਕ ਪਰਿਵਾਰਾਂ ਸਮੇਤ ਆਪਣੀਆਂ ਜਾਨਾਂ ਅਜਾਈਂ ਗਵਾ ਚੁੱਕੇ ਹਨ। ਇਸਤੋਂ ਇਲਾਵਾ ਜਿੱਥੇ ਚਾਲਾਕ ਟੈਕਸੀ ਡਰਾਈਵਰ ਯਾਤਰੀਆਂ ਕੋਲੋਂ ਵੱਧ ਕਿਰਾਇਆ ਵਸੂਲਦੇ ਹਨ ਉੱਥੇ ਰਸਤੇ ਵਿੱਚ ਪੈਂਦੇ ਢਾਬਿਆਂ ਦਾ ਡਰਾਈਵਰਾਂ ਨਾਲ ਕਮਿਸ਼ਨ ਹੁੰਦਾ ਹੈ ਅਤੇ ਉਹ ਸਵਾਰੀ ਲੈ ਕੇ ਉਸੇ ਢਾਬੇ ਤੇ ਰੁਕਦੇ ਹਨ ਜਿੱਥੋਂ ਉਹਨਾਂ ਨੂੰ ਕਮਿਸ਼ਨ ਵਿੱਚ ਮੋਟੀ ਰਕਮ ਮਿਲੇ ਅਤੇ ਇਹ ਸਾਰਾ ਭਾਰ ਸਵਾਰੀ ਦਾ ਬਿਲ ਵਧਾ ਕੇ ਵਸੂਲਿਆ ਜਾਂਦਾ ਹੈ।

ਉਹਨਾਂ ਲਿਖਿਆ ਹੈ ਕਿ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਤੁਰੰਤ ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਲੋਕਾਂ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਲੁੱਟ ਖਸੁੱਟ ਅਤੇ ਖੱਜਲ ਖੁਆਰੀ ਬੰਦ ਹੋ ਸਕੇ।

Continue Reading

Mohali

ਸ਼ੁਭਮ ਦੇ ਗੋਲੀ ਮਾਰਨ ਵਾਲਾ ਕਰਨ ਸ਼ਰਮਾ 2 ਦਿਨ ਦੇ ਪੁਲੀਸ ਰਿਮਾਂਡ ਤੇ

Published

on

By

 

ਮੁਲਜਮ ਨੇ ਪਿਸਟਲ ਅਤੇ ਕਾਰਤੂਸ ਲਿਆਂਦੇ ਸੀ ਯੂ ਪੀ ਤੋਂ

ਐਸ ਏ ਐਸ ਨਗਰ, 28 ਦਸੰਬਰ (ਜਸਬੀਰ ਸਿੰਘ ਜੱਸੀ) ਫੇਜ਼ 4 ਵਿਚਲੀ ਪਾਰਕ ਵਿੱਚ ਦੋ ਨੌਜਵਾਨਾਂ ਦੀ ਇਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਹੋਈ ਲੜਾਈ ਤੋਂ ਬਾਅਦ ਸ਼ੁਭਮ ਨਾਮ ਦੇ ਨੌਜਵਾਨ ਤੇ ਗੋਲੀ ਚਲਾਉਣ ਵਾਲੇ ਕਰਨ ਸ਼ਰਮਾ ਦਾ ਪੁਲੀਸ ਨੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

ਇਸ ਸਬੰਧੀ ਏ. ਐਸ. ਪੀ ਜੇਅੰਤ ਪੁਰੀ ਅਤੇ ਐਸ. ਐਚ. ਓ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕਰਨ ਕੋਲੋਂ ਵਾਰਦਾਤ ਵਿੱਚ ਵਰਤੀ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਅਸਲਾ ਨਜਾਇਜ ਹੈ, ਜੋ ਕਿ ਕਰਨ ਵਲੋਂ ਯੂ ਪੀ ਤੋਂ ਲਿਆਂਦਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ ਨੂੰ ਹਿਮਾਚਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਰਨ ਸ਼ਰਮਾ ਤੇ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ, ਸ਼ੁਭਮ ਅਤੇ ਉਕਤ ਲੜਕੀ (ਤਿੰਨੋਂ ਜਣੇ) ਫੇਜ਼ 8 ਬੀ ਵਿਚਲੀ ਇਕ ਕੰਪਨੀ ਵਿੱਚ ਨੌਕਰੀ ਕਰਦੇ ਹਨ। ਸ਼ੁਭਮ ਹੁਣੇ ਵੀ ਸੈਕਟਰ 32 ਚੰਡੀਗੜ੍ਹ ਦੇ ਜੀ.ਐਮ.ਸੀ ਹਸਪਤਾਲ ਵਿਚ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਕਰਨ ਸ਼ਰਮਾ ਇਸ ਸਮੇਂ ਧਨਾਸ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ।

ਜਿਕਰਯੋਗ ਹੈ ਕਿ ਬੀਤੇ ਬੁਧਵਾਰ ਦੇਰ ਰਾਤ ਸ਼ੁਭਮ ਆਪਣੀ ਇਕ ਮਹਿਲਾ ਦੋਸਤ ਨਾਲ ਫੇਜ਼ 4 ਵਿਚਲੇ ਪਾਰਕ ਵਿਚ ਬੈਠਾ ਸੀ। ਇਸ ਦੌਰਾਨ ਕਰਨ ਸ਼ਰਮਾ ਨਾਂ ਦਾ ਨੌਜਵਾਨ ਪਾਰਕ ਵਿਚ ਆਇਆ ਅਤੇ ਉਕਤ ਲੜਕੀ ਨੂੰ ਕਹਿਣ ਲੱਗਾ ਕਿ ਉਹ ਸ਼ੁਭਮ ਨਾਲ ਕਿਉਂ ਬੈਠੀ ਹੈ। ਲੜਕੀ ਨੇ ਕਰਨ ਨੂੰ ਕਿਹਾ ਕਿ ਉਸ ਦਾ ਹੁਣ ਉਸ ਨਾਲ (ਕਰਨ) ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਉਹ ਆਪਣੀ ਮਰਜੀ ਨਾਲ ਕਿਸੇ ਨਾਲ ਕਿਤੇ ਵੀ ਆ ਜਾ ਸਕਦੀ ਹੈ। ਉਧਰ ਸ਼ੁਭਮ ਨੇ ਵੀ ਕਰਨ ਨੂੰ ਕਿਹਾ ਕਿ ਉਹ ਚਲੇ ਜਾਵੇ, ਸ਼ੁਭਮ ਦੀ ਗੱਲ ਸੁਣ ਕੇ ਕਰਨ ਅਤੇ ਸ਼ੁਭਮ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਉਕਤ ਲੜਕੀ ਨੂੰ ਲੈ ਕੇ ਦੋਵਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ।

ਇਸ ਉਪਰੰਤ ਲੜਕੀ ਨੇ ਦੋਵਾਂ ਨੂੰ ਸ਼ਾਂਤ ਕੀਤਾ ਅਤੇ ਲੜਕੀ ਸ਼ੁਭਮ ਨੂੰ ਲੈ ਕੇ ਪਾਰਕ ਵਿੱਚੋਂ ਬਾਹਰ ਨਿਕਲਣ ਲੱਗੀ। ਸ਼ੁਭਮ ਅਤੇ ਲੜਕੀ ਜਿਵੇਂ ਹੀ ਪਾਰਕ ਦੇ ਗੇਟ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਕਰਨ ਨੇ ਸ਼ੁਭਮ ਤੇ ਦੋ ਗੋਲੀਆਂ ਚਲਾਈਆਂ, ਜਿਨਾਂ ਵਿੱਚੋਂ ਇਕ ਗੋਲੀ ਸ਼ੁਭਮ ਦੇ ਗਰਦਨ ਅਤੇ ਮੋਢੇ ਦੇ ਵਿਚਕਾਰ ਵੱਜੀ। ਗੋਲੀ ਲੱਗਣ ਕਾਰਨ ਸ਼ੁਭਮ ਹੇਠਾਂ ਡਿੱਗ ਪਿਆ ਅਤੇ ਕਰਨ ਮੌਕੇ ਤੋਂ ਫਰਾਰ ਹੋ ਗਿਆ।

ਇਸ ਘਟਨਾ ਸਬੰਧੀ ਮੌਕੇ ਤੇ ਪਹੁੰਚੀ ਪੀ. ਸੀ. ਆਰ ਪਾਰਟੀ ਨੇ ਜਖਮੀ ਸ਼ੁਭਮ ਨੂੰ ਫੇਜ਼ 6 ਵਿਚਲੇ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਸ਼ੁਭਮ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਸੀ।

Continue Reading

Mohali

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁ: ਸਿੰਘ ਸ਼ਹੀਦਾਂ ਸੋਹਾਣਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

Published

on

By

 

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਗੁ: ਸ੍ਰੀ ਫਤਹਿਗੜ੍ਹ ਸਾਹਿਬ ਤੱਕ ਕੀਤਾ ਗਿਆ। ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਇਆ।

ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਬਹੁਤ ਹੀ ਵਧੀਆ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤੇ ਗਏ ਸਨ। ਨਗਰ ਕੀਰਤਨ ਵਿੱਚ ਫੌਜੀ ਬੈਂਡ ਅਤੇ ਹੋਰ ਕਈ ਤਰ੍ਹਾਂ ਦੇ ਬੈਂਡ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੀਆਂ ਧੁੰਨਾਂ ਵਜਾ ਰਹੇ ਸਨ।

ਇਸ ਮੌਕੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਲਾਕਾ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਗੀ, ਢਾਡੀ, ਕੀਰਤਨੀ ਜੱਥਿਆਂ ਨੇ ਸਿੱਖ ਇਤਿਹਾਸ ਅਤੇ ਸਾਹਿਬਜਾਦਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।

ਰਸਤੇ ਵਿੱਚ ਸੰਗਤਾਂ ਵੱਲੋਂ ਬ੍ਰੈੱਡ ਪਕੌੜਿਆਂ, ਬਿਸਕੁੱਟ, ਦੁੱਧ, ਕੜਾਹਿ ਪ੍ਰਸ਼ਾਦਿ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਨੇ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ, ਜੀਪਾਂ, ਟਰੈਕਟਰਾਂ, ਬੱਸਾਂ ਆਦਿ ਰਾਹੀਂ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮਗਿਆਨੀ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਹਰ ਸਾਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਸ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ 31 ਦਸੰਬਰ ਨੂੰ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਜੀ ਦੀ ਯਾਦ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਰਾਤ 12:00 ਵਜੇ ਤੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜੱਥੇ ਅਤੇ ਉੱਚ ਕੋਟੀ ਦੇ ਢਾਡੀ, ਕਵੀਸ਼ਰ, ਸੰਤ ਵਿਦਵਾਨ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Continue Reading

Mohali

ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਨੂੰ ਵਿਵਾਦਤ ਕਰਨ ਨਾਲ ਕੇਂਦਰ ਸਰਕਾਰ ਦਾ ਆਪਣਾ ਕੱਦ ਘਟਿਆ : ਕੁਲਜੀਤ ਸਿੰਘ ਬੇਦੀ

Published

on

By

 

 

ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਦਿੱਲੀ ਵਿੱਚ ਯਾਦਗਾਰ ਬਣਾਉਣ, ਭਾਰਤ ਰਤਨ ਦੇਣ ਦੀ ਮੰਗ ਕੀਤੀ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਮੁਹਾਲੀ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਇੱਕ ਪਾਸੇ ਮਹਾਨ ਸ਼ਖਸ਼ੀਅਤ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚਲਾਣੇ ਉੱਤੇ ਪੂਰਾ ਸੰਸਾਰ ਸੋਗ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਮੁਲਕ ਦੇ ਸੱਤਾਧਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਸੰਸਕਾਰ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਵੱਲੋਂ ਰਾਜ ਘਾਟ ਵਿਖੇ ਉਹਨਾਂ ਦੇ ਸਸਕਾਰ ਦੀ ਬੇਨਤੀ ਨੂੰ ਅਣਗੌਲਿਆ ਕਰਕੇ ਆਪਣੀ ਸਰਕਾਰ ਦਾ ਹੀ ਕੱਦ ਘਟਾਇਆ ਹੈ ਅਤੇ ਭਾਰਤ ਦੇ ਲੋਕ ਕਦੇ ਇਸ ਗੱਲ ਨੂੰ ਨਹੀਂ ਭੁੱਲਣਗੇ ਤੇ ਨਾ ਹੀ ਮੌਜੂਦਾ ਸਰਕਾਰ ਨੂੰ ਮੁਆਫ ਕਰਨਗੇ।

ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਫਰਕ ਸਾਫ ਦਿਖਾਈ ਦਿੰਦਾ ਹੈ। ਜਿੱਥੇ ਡਾਕਟਰ ਮਨਮੋਹਨ ਸਿੰਘ ਗਰੀਬਾਂ ਅਤੇ ਮੱਧ ਵਰਗੀ ਪਰਿਵਾਰਾਂ ਦੇ ਪ੍ਰਧਾਨ ਮੰਤਰੀ ਸਨ ਉੱਥੇ ਮੌਜੂਦਾ ਸਰਕਾਰ ਅਮੀਰਾਂ ਦੀ ਸਰਕਾਰ ਹੈ। ਇਹੀ ਕਾਰਨ ਹੈ ਕਿ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਮਜ਼ਦੂਰਾਂ ਵਾਸਤੇ ਮਨਰੇਗਾ ਸਕੀਮ ਲਿਆਂਦੀ, ਆਧਾਰ ਕਾਰਡ ਲਿਆਂਦਾ, ਆਪਣੀ ਹੀ ਸਰਕਾਰ ਦੀ ਆਲੋਚਨਾ ਹੋਣ ਦੇ ਬਾਵਜੂਦ ਸੂਚਨਾ ਦਾ ਅਧਿਕਾਰ ਲਿਆਂਦਾ, ਸਭ ਤੋਂ ਵੱਡੀ ਗੱਲ ਭਾਰਤ ਦੇ ਹੱਕ ਵਿੱਚ ਅੰਤਰਰਾਸ਼ਟਰੀ ਪਰਮਾਣੂ ਸਮਝੌਤਾ ਕੀਤਾ ਅਤੇ ਆਪਣੇ ਵਿੱਤੀ ਫੈਸਲਿਆਂ ਨਾਲ ਦੇਸ਼ ਨੂੰ ਗਰਕ ਵਿੱਚ ਜਾਣ ਤੋਂ ਬਚਾਇਆ ਅਤੇ ਬੁਲੰਦੀਆਂ ਤੇ ਪਹੁੰਚਾਇਆ।

ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਅੱਜ ਗਰੀਬਾਂ ਨੂੰ ਪੰਜ ਕਿਲੋ ਰਾਸ਼ਨ ਵੰਡ ਕੇ ਆਪਣੇ ਪਿੱਠ ਥਾਪੜਦੇ ਫਿਰਦੇ ਹਨ, ਉਸ ਦਾ ਰਾਈਟ ਟੂ ਫੂਡ ਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਹੀ ਲਿਆਂਦਾ ਸੀ। ਉਹਨਾਂ ਕਿਹਾ ਕਿ ਦੇਸ਼ ਦੇ ਇਸ ਮਹਾਨ ਸਪੂਤ ਨਾਲ ਅਜਿਹਾ ਵਿਤਕਰਾ ਭਾਰਤੀ ਜਨਤਾ ਪਾਰਟੀ ਨੂੰ ਸ਼ੋਭਾ ਨਹੀਂ ਦਿੰਦਾ।

ਉਹਨਾਂ ਕਿਹਾ ਕਿ ਖਾਸ ਤੌਰ ਤੇ ਇਹ ਵਿਤਕਰਾ ਸਿੱਖਾਂ ਨਾਲ ਕੀਤਾ ਗਿਆ ਹੈ ਜੋ ਦੇਸ਼ ਵਿੱਚ ਘੱਟ ਗਿਣਤੀ ਹਨ ਜਿਸ ਕਾਰਨ ਨਾ ਸਿਰਫ ਸਮੁੱਚੇ ਪੰਜਾਬੀਆਂ ਸਗੋਂ ਪੂਰੇ ਦੇਸ਼ ਵਿੱਚ ਬਹੁਤ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਕਦਮ ਨਾਲ ਡਾਕਟਰ ਮਨਮੋਹਨ ਸਿੰਘ ਦਾ ਕਦ ਹੋਰ ਵਧਿਆ ਹੀ ਹੈ ਅਤੇ ਡਾਕਟਰ ਮਨਮੋਹਨ ਸਿੰਘ ਵੱਲੋਂ ਖਿੱਚੀ ਗਈ ਲਕੀਰ ਦੇ ਸਾਹਮਣੇ ਮੌਜੂਦਾ ਸੱਤਾਧਾਰੀ ਸਥਿਰ ਦੇ ਸਾਰੇ ਆਗੂ ਪੌਣੇ ਹੋ ਕੇ ਰਹਿ ਗਏ ਹਨ।

ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਜਲੀਲ ਕਰਨ ਦਾ ਯਤਨ ਕਰਦੀ ਰਹੀ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ ਡਾਕਟਰ ਮਨਮੋਹਨ ਸਿੰਘ ਵਰਗੀ ਸੱਚੀ ਸੁੱਚੀ ਅਤੇ ਇਮਾਨਦਾਰ ਸ਼ਖਸ਼ੀਅਤ ਨੂੰ ਬਦਨਾਮ ਕਰਨ ਦੇ ਸਾਰੇ ਯਤਨ ਨਾਕਾਮਯਾਬ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਵੱਡੇ ਆਗੂ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇ ਰਹੀ ਹੈ ਅਤੇ ਸਲਾਮ ਕਰ ਰਹੇ ਹਨ।

ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਦਿੱਲੀ ਵਿੱਚ ਬਣਾਈ ਜਾਵੇ, ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਆਰੰਭ ਕੀਤੀਆਂ ਗਈਆਂ ਸਕੀਮਾਂ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉੱਤੇ ਰੱਖਿਆ ਜਾਵੇ।

 

Continue Reading

Latest News

Trending