Mohali
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਐਸ ਏ ਐਸ ਨਗਰ, 28 ਸਤੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜੋਤੀ ਜੋਤ ਪੁਰਬ ਦੇ ਸਬੰਧ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿੱਚ ਭਾਈ ਜਸਵੰਤ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਦੇ ਸੰਨ 1539 ਈ: ਵਿੱਚ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸਰਵਣ ਕਰਵਾਇਆ। ਸ਼੍ਰੋਮਣੀ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੀਆਂ ਚਾਰੇ ਉਦਾਸੀਆਂ ਬਾਰੇ ਸੰਖੇਪ ਵਿੱਚ ਸੰਗਤਾਂ ਨੂੰ ਜਾਣੂੰ ਕਰਵਾਇਆ। ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣੇ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਨ ਧੁਰ ਕੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹਨ, ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦਸਿਆ।
ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਕਵੀਸ਼ਰੀ ਜੱਥਾ, ਮਿੱਤਰ ਪਿਆਰੇ ਨੂੰ ਕੀਰਤਨੀ ਜੱਥਾ, ਹਰਜੱਸ ਕੀਰਤਨੀ ਜੱਥਾ, ਭਗੜਾਨੇ ਵਾਲਿਆਂ ਦਾ ਕਵੀਸ਼ਰੀ ਜੱਥਾ, ਬੀਬੀ ਬਲਵਿੰਦਰ ਕੌਰ, ਭਾਈ ਸੰਤੋਖ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਭਾਈ ਸੰਦੀਪ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿਜਸ ਸੁਨਾ ਕੇ ਨਿਹਾਲ ਕੀਤਾ। ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਮੁਆਈਨਾ ਕੀਤਾ ਗਿਆ ਅਤੇ ਦਵਾਈ ਗੁ: ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Mohali
ਕੌਮੀ ਇਨਸਾਫ ਮੋਰਚੇ ਦੇ ਕੁੱਝ ਪ੍ਰਦਰਸ਼ਨਕਾਰੀ ਪੁਲੀਸ ਨੂੰ ਝਕਾਨੀ ਦੇ ਕੇ ਚੰਡੀਗੜ੍ਹ ਵੜੇ, ਦੋਹਾਂ ਧਿਰਾਂ ਵਿੱਚ ਹੋਈ ਝੜਪ, ਚੰਡੀਗੜ੍ਹ ਦੇ ਦੋ ਪੁਲੀਸ ਕਰਮਚਾਰੀ ਜਖਮੀ
ਮੁਹਾਲੀ ਹੱਦ ਤੇ ਚੰਡੀਗੜ੍ਹ ਪੁਲੀਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ, ਇਕ ਬਜੁਰਗ ਮਹਿਲਾ ਅਤੇ 6 ਸਾਲ ਦੀ ਬੱਚੀ ਸਮੇਤ ਕਈ ਜਖਮੀ
ਐਸ ਏ ਐਸ ਨਗਰ, 7 ਜਨਵਰੀ (ਜਸਬੀਰ ਸਿੰਘ ਜੱਸੀ) ਚੰਡੀਗੜ੍ਹ-ਮੁਹਾਲੀ ਹੱਦ ਤੇ ਪਿਛਲੇ ਕਰੀਬ 2 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੱਕਾ ਮੋਰਚਾ ਲਗਾ ਕੇ ਬੈਠੇ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਅੱਜ ਉਸ ਵੇਲੇ ਝੜਪ ਹੋ ਗਈ, ਜਦੋਂ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਵਲੋਂ ਚੰਡੀਗੜ੍ਹ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪਿੰਡ ਕਜਹੇੜੀ ਦੇ ਰਸਤੇ ਰਾਹੀਂ ਕੁਝ ਨਿਹੰਗ ਸਿੰਘ ਚੰਡੀਗੜ੍ਹ ਦੇ ਸੈਕਟਰ 43 ਵਿਖੇ ਪਹੁੰਚ ਗਏ ਅਤੇ ਉਨਾਂ ਨੇ ਅੰਤਰਰਾਜੀ ਬਸ ਅੱਡੇ ਦੀ ਸੜਕ ਤੇ ਧਰਨਾ ਲਾ ਦਿੱਤਾ। ਜਦੋਂ ਚੰਡੀਗੜ੍ਹ ਪੁਲੀਸ ਨੂੰ ਇਸ ਗੱਲ ਦੀ ਭਿਣਕ ਪਈ ਕਿ ਪ੍ਰਦਰਸ਼ਨਕਾਰੀ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਹਨ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਚੰਡੀਗੜ੍ਹ ਪੁਲੀਸ ਤੁਰੰਤ ਮੌਕੇ ਤੇ ਪਹੁੰਚੀ।
ਪ੍ਰਦਰਸ਼ਨਕਾਰੀਆਂ ਦੇ ਇਸ ਮਾਰਚ ਦੀ ਅਗਵਾਈ ਜੇਲ੍ਹ ਵਿੱਚ ਬੰਦ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਵਲੋਂ ਕੀਤੀ ਜਾ ਰਹੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਸੜਕ ਜਾਮ ਕਰਕੇ ਸਰਕਾਰ ਵਿਰੁਧ ਨਾਅਰੇਬਾਜੀ ਕੀਤੀ ਗਈ। ਪੁਲੀਸ ਵਲੋਂ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਝੜਪ ਹੋ ਗਈ ਅਤੇ ਇਸ ਝੜਪ ਦੌਰਾਨ ਸੈਕਟਰ-11 ਥਾਣਾ ਇੰਚਾਰਜ ਜੈਵੀਰ ਰਾਣਾ, ਏਐਸਆਈ ਰਮੇਸ਼ ਕੁਮਾਰ ਜਖ਼ਮੀ ਹੋ ਗਏ ਅਤੇ ਚੰਡੀਗੜ੍ਹ ਪੁਲੀਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ। ਜਖਮੀ ਪੁਲੀਸ ਵਾਲਿਆਂ ਨੂੰ ਸੈਕਟਰ-16 ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਮੁਢਲੇ ਇਲਾਜ ਤੋਂ ਬਾਅਦ ਦੋਵਾਂ ਪੁਲੀਸ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ।
ਉੱਧਰ ਫੇਜ਼ 7 ਦੇ ਨਾਲ ਲੱਗਦੇ ਵਾਈ.ਪੀ.ਸੀ.ਐਸ ਚੌਂਕ ਵਿਖੇ ਲੱਗੇ ਪੱਕੇ ਮੋਰਚੇ ਵਲੋਂ ਚੰਡੀਗੜ੍ਹ ਜਾਣ ਵਾਲੀ ਸੜਕ ਤੇ ਇਕੱਠ ਕਰਕੇ ਧਰਨਾ ਲਗਾਇਆ ਗਿਆ ਅਤੇ ਸਰਕਾਰ ਵਿਰੁਧ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਇਕ ਹਜਾਰ ਦੇ ਕਰੀਬ ਪੁਲੀਸ ਕਰਮਚਾਰੀਆਂ ਵਲੋਂ ਬੈਰੀਕੇਟਿੰਗ ਕੀਤੀ ਹੋਈ ਸੀ ਤਾਂ ਜੋ ਕੋਈ ਵੀ ਪ੍ਰਦਰਸ਼ਨਕਾਰੀ ਚੰਡੀਗੜ੍ਹ ਵਿੱਚ ਦਾਖਲ ਨਾ ਹੋ ਸਕੇ। ਇਸ ਦੌਰਾਨ ਕੁਝ ਨੌਜਵਾਨਾਂ ਵਲੋਂ ਬੈਰੀਕੇਟਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੰਡੀਗੜ੍ਹ ਪੁਲੀਸ ਵਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।
ਅੱਥਰੂ ਗੈਸ ਦੇ ਗੋਲਿਆਂ ਕਾਰਨ 10 ਤੋਂ 12 ਪ੍ਰਦਰਸ਼ਨਕਾਰੀ ਜਖਮੀ ਹੋ ਗਏ, ਇਕ 5 ਤੋਂ 6 ਸਾਲ ਦੀ ਬੱਚੀ ਬੇਹੋਸ਼ ਹੋ ਗਈ। ਇਸ ਪ੍ਰਦਰਸ਼ਨ ਦੌਰਾਨ ਕਿਸੇ ਸ਼ਰਾਰਤੀ ਅਨਸਰ ਵਲੋਂ ਚੰਡੀਗੜ੍ਹ ਪੁਲੀਸ ਤੇ ਪੱਥਰ ਸੁੱਟੇ ਗਏ, ਜਿਸ ਕਾਰਨ ਦੋ ਤੋਂ ਤਿੰਨ ਪੁਲੀਸ ਵਾਲੇ ਜਖਮੀ ਹੋ ਗਏ ਦੱਸੇ ਗਏ ਹਨ। ਚੰਡੀਗੜ੍ਹ ਪੁਲੀਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਉਧਰ ਸਥਿਤੀ ਦੀ ਨਜਾਕਤ ਨੂੰ ਸਮਝਦਿਆਂ ਐਸ.ਪੀ ਸਿਟੀ ਹਰਵੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਵਲੋਂ ਚੰਡੀਗੜ੍ਹ ਮੁਹਾਲੀ ਹੱਦ ਤੇ ਪਹੁੰਚ ਕੇ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਅਤੇ ਮੁਹਾਲੀ ਵੱਲ ਵਾਪਸ ਲਿਆਂਦਾ ਗਿਆ, ਜਿਥੇ ਪ੍ਰਦਰਸ਼ਨਕਾਰੀ ਮੁੜ ਧਰਨੇ ਤੇ ਬੈਠ ਗਏ ਅਤੇ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ। ਮੁਹਾਲੀ ਪੁਲੀਸ ਵਲੋਂ ਅੱਜ ਦੇ ਦਿੱਤੇ ਗਏ ਇਸ ਧਰਨੇ ਨੂੰ ਦੇਖਦਿਆਂ ਲੁਧਿਆਣਾ ਦਿਹਾਤੀ ਅਤੇ ਰੋਪੜ ਤੋਂ ਵੀ ਫੋਰਸ ਮੰਗਵਾਈ ਗਈ ਸੀ।
ਇਸ ਸਬੰਧੀ ਕੌਮੀ ਇਨਸਾਫ ਮੋਰਚੇ ਵਿੱਚ ਬੈਠੇ ਨਿਹੰਗ ਸਿੰਘ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਦੱਸਿਆ ਕਿ ਉਹ ਸ਼ਾਂਦੀ ਪੂਰਵਕ ਧਰਨਾ ਦੇ ਰਹੇ ਸਨ, ਪ੍ਰੰਤੂ ਇਸੇ ਦੇ ਉਲਟ ਚੰਡੀਗੜ੍ਹ ਪੁਲੀਸ ਵਲੋਂ ਉਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ, ਜਿਨਾਂ ਵਿੱਚੋਂ 2 ਗੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵਾਲੀ ਜਗਾ ਦੇ ਕੋਲ ਵੀ ਡਿੱਗੇ। ਉਨਾਂ ਕਿਹਾ ਕਿ ਸਰਕਾਰ ਦਾ ਰਵੱਈਆ ਲੋਕ ਅਤੇ ਸਿੱਖ ਵਿਰੋਧੀ ਹੈ ਅਤੇ ਵਾਰ ਵਾਰ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨਾਂ ਨੌਜਵਾਨਾਂ ਅਤੇ ਹੋਰਨਾਂ ਨੂੰ ਅਪੀਲ ਕੀਤੀ ਕਿ 25 ਜਨਵਰੀ ਨੂੰ ਮੋਰਚੇ ਵਾਲੀ ਜਗਾ ਤੇ ਪਹੁੰਚ ਕੇ ਵੱਧ ਚੜ ਕੇ ਹਿੱਸਾ ਲਿਆ ਜਾਵੇ, ਕਿਉਂਕਿ ਉਸ ਦਿਨ ਮਹਾਂਪੰਚਾਇਤ ਬੁਲਾਈ ਜਾ ਰਹੀ ਹੈ।
Mohali
ਡਾਕਟਰ ਮਨਮੋਹਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਜੁੜੇ ਮੁਹਾਲੀ ਦੇ ਪਤਵੰਤੇ
ਡਿਪਟੀ ਮੇਅਰ ਵੱਲੋਂ ਪੇਸ਼ ਆਈ ਆਈ ਐਸ ਈ ਆਰ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉੱਤੇ ਰੱਖਣ ਦਾ ਮਤਾ ਜੈਕਾਰਿਆਂ ਨਾਲ ਪਾਸ
ਐਸ ਏ ਐਸ ਨਗਰ, 7 ਜਨਵਰੀ (ਸ.ਬ.) ਸਾਬਕਾ ਪ੍ਰਧਾਨ ਮੰਤਰੀ ਸਵਰਗੀ ਡਾਕਟਰ ਮਨਮੋਹਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਮੁਹਾਲੀ ਦੇ ਫੇਜ਼ 3ਬੀ1 ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਜੁੜੇ ਮੁਹਾਲੀ ਦੇ ਪਤਵੰਤਿਆਂ, ਸਿਆਸੀ ਆਗੂਆਂ, ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਡਾਕਟਰ ਮਨਮੋਹਨ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮੁਹਾਲੀ ਸਥਿਤ ਅੰਤਰਰਾਸ਼ਟਰੀ ਪੱਧਰ ਦੇ ਸੰਸਥਾਨ ਆਈ ਆਈ ਐਸ ਈ ਆਰ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉੱਤੇ ਰੱਖਣ ਦਾ ਮਤਾ ਪੇਸ਼ ਕੀਤਾ ਗਿਆ ਜਿਸਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਸ਼ਰਧਾਂਜਲੀ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭੋਗ ਉਪਰੰਤ ਆਈਆਂ ਸੰਗਤਾਂ ਨੂੰ ਮੁਖਾਤਬ ਹੁੰਦਿਆਂ ਮੇਰੇ ਕੁਲਜੀਤ ਸਿੰਘ ਬੇਦੀ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ 2007 ਵਿੱਚ ਮੁਹਾਲੀ ਵਿਖੇ ਬਣੀ ਵਕਾਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਸੰਸਥਾਨ (ਆਈ ਆਈ ਐਸ ਈ ਆਰ) ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅਤੇ ਇਸ ਸੰਸਥਾ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਰੱਖਿਆ ਜਾਵੇ। ਅਖੀਰ ਵਿੱਚ 13-13 ਮਿਸ਼ਨ ਦੇ ਹਰਜੀਤ ਸਿੰਘ ਸੱਭਰਵਾਲ ਨੇ ਸ਼ਰਧਾਂਜਲੀ ਸਮਾਗਮ ਵਿੱਚ ਜੁੜੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਉਪਰੰਤ ਗੱਲ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਸਾਰੇ ਵਿਸ਼ਵ ਦੀ ਮਹਾਨ ਸ਼ਖਸ਼ੀਅਤ ਹਨ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਜੋ ਮਾਨ ਸਨਮਾਨ ਡਾਕਟਰ ਮਨਮੋਹਨ ਸਿੰਘ ਨੂੰ ਮਿਲਿਆ ਹੈ ਉਹ ਕਿਸੇ ਵਿਰਲੀ ਸ਼ਖਸ਼ੀਅਤ ਨੂੰ ਹੀ ਨਸੀਬ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਸ਼ਰਧਾਂਜਲੀ ਸਮਾਗਮ ਸਿਆਸਤ ਦੇ ਪੱਧਰ ਤੋਂ ਉੱਪਰ ਉੱਠ ਕੇ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ਵ ਜੈਨ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੌਂਸਲਰ ਅਤੇ ਜ਼ਿਲਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨਰਪਿੰਦਰ ਸਿੰਘ ਰੰਗੀ, ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ, ਸਾਬਕਾ ਕਾਰਜਕਾਰੀ ਪ੍ਰਧਾਨ ਅਮਰੀਕ ਸਿੰਘ ਮੁਹਾਲੀ, ਕੁਲਵੰਤ ਸਿੰਘ ਕਲੇਰ, ਹਰਜੀਤ ਸਿੰਘ ਭੋਲੂ, ਪਰਮੋਦ ਮਿੱਤਰਾ (ਸਾਰੇ ਕੌਂਸਲਰ), ਡਾ: ਮਨਮੋਹਨ ਸਿੰਘ ਜੀ ਦੇ ਭਤੀਜੇ ਚਰਨਜੀਤ ਸਿੰਘ, 13-13 ਮਿਸ਼ਨ ਤੋਂ ਹਰਜੀਤ ਸਿੰਘ ਸਭਰਵਾਲ, ਰਣਦੀਪ ਸਿੰਘ ਬੈਦਵਾਨ, ਰਾਜਾ ਕਵਰਜੋਤ ਸਿੰਘ, ਗੁਰਸ਼ਰਨ ਸਿੰਘ ਰਿਆੜ, ਸੁਖਜੀਤ ਸਿੰਘ ਲਹਿਲ, ਜਗਤਾਰ ਸਿੰਘ (ਸਰਪੰਚ ਬਾਕਰਪੁਰ), ਕੁਲਵੰਤ ਸਿੰਘ ਬਰਿਆਲੀ, ਮਾਸਟਰ ਲਾਭ ਸਿੰਘ ਮਿਢੇਮਾਜਰਾ, ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਸ਼੍ਰੀ ਰਾਮ ਸਿੰਗਲਾ, ਸਾਬਕਾ ਪੀ. ਸੀ. ਐਸ ਬਲਬੀਰ ਸਿੰਘ ਢੋਲ, ਆਰ ਐਸ ਸਚਦੇਵਾ, ਸz ਐਨ ਐਸ ਸੰਧੂ (ਸਾਹਿਬਜ਼ਾਦਾ ਟਿੰਬਰ), ਅਜਾਇਬ ਸਿੰਘ ਬਾਕਰਪੁਰ, ਜੰਗ ਬਹਾਦਰ ਸਿੰਘ, ਗੁਰਮੀਤ ਸਿੰਘ ਸਿਆਣ, ਬਾਬਾ ਸੁਰਿੰਦਰ ਸਿੰਘ ਧੰਨਾ ਭਗਤ, ਮਨਮੋਹਨ ਸਿੰਘ ਦਾਊਂ, ਏ ਐਸ ਚੀਮਾ, ਅਕਵਿੰਦਰ ਸਿੰਘ ਗੋਸਲ, ਪਰਮਦੀਪ ਸਿੰਘ ਬੈਦਵਾਨ, ਨਾਮਧਾਰੀ ਸਮਾਜ ਦੇ ਪਤਵੰਤੇ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਣ ਸਨ। ਇਸ ਮੌਕੇ ਮਨਮੋਹਨ ਸਿੰਘ ਦਾਉ ਵਲੋਂ ਡਾਕਟਰ ਮਨਮੋਹਨ ਸਿੰਘ ਸਬੰਧੀ ਕਵਿਤਾ ਪੜ੍ਹੀ ਗਈ।
Mohali
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 9 ਜਨਵਰੀ ਨੂੰ ਮਨਾਇਆ ਜਾਵੇਗਾ ਦਸਵੀਂ ਦਾ ਦਿਹਾੜਾ
ਐਸ ਏ ਐਸ ਨਗਰ, 7 ਜਨਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ 9 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਹਜ਼ੁਰੀ ਰਾਗੀ, ਇੰਨਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉਚ ਕੋਟੀ ਦੇ ਪੰਥ ਪਸਿੱਧ ਪ੍ਰਚਾਰਕ ਸੰਗਤਾਂ ਨੂੰ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਣਗੇ। ਇਸ ਦਿਨ ਵਿਸ਼ਾਲ ਅੰਮ੍ਰਿਤ ਸੰਚਾਰ ਦਾ ਆਯੋਜਨ ਵੀ ਕੀਤਾ ਜਾਵੇਗਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ
-
National2 months ago
ਬੋਰਵੈਲ ਵਿੱਚ ਡਿੱਗਣ ਕਾਰਨ 4 ਸਾਲਾ ਬੱਚੇ ਦੀ ਮੌਤ