Editorial
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
ਪੰਜਾਬ ਸਮੇਤ ਭਾਰਤ ਤੋਂ ਹਰ ਸਾਲ ਲੱਖਾਂ ਲੋਕ ਪਰਵਾਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਲੋਕ ਗੈਰਕਾਨੂੰਨੀ ਪਰਵਾਸ ਕਰਕੇ ਵਿਦੇਸ਼ ਜਾਂਦੇ ਹਨ। ਅਸਲ ਵਿੱਚ ਜਿਹੜੇ ਲੋਕ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਨਹੀਂ ਜਾ ਸਕਦੇ, ਉਹ ਗੈਰਕਾਨੂੰਨੀ ਤਰੀਕਿਆਂ ਨਾਲ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਦਾ ਯਤਨ ਕਰਦੇ ਹਨ। ਭਾਵੇਂ ਕਿ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਗੈਰਕਾਨੂੰਨੀ ਪਰਵਾਸ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕੇਂਦਰ ਹੋਵੇ ਜਾਂ ਰਾਜ ਸਰਕਾਰਾਂ, ਕੋਈ ਵੀ ਸਰਕਾਰ ਭਾਰਤ ਤੋਂ ਵਿਦੇਸ਼ਾਂ ਨੂੰ ਹੋਣ ਵਾਲੇ ਗੈਰ ਕਾਨੂੰਨੀ ਪਰਵਾਸ ਨੂੰ ਰੋਕਣ ਵਿੱਚ ਸਫਲ ਨਹੀਂ ਹੋ ਸਕੀ ਹੈ।
ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਅਗਸਤ 2024 ਦਰਮਿਆਨ 86,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਸਰਹੱਦ ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਫੜਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਇਸੇ ਸਮੇਂ ਦੌਰਾਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਉੱਤਰੀ ਸਰਹੱਦ ਤੇ ਰੋਕਿਆ ਗਿਆ। ਮੀਡੀਆ ਰਿਪੋਰਟਾਂ ਵਿੱਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 2023 ਵਿੱਚ ਅਮਰੀਕਾ ਵਿੱਚ 17.6 ਲੱਖ ਭਾਰਤੀ ਪਹੁੰਚੇ ਸਨ, ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਸਿਰਫ਼ ਅੱਠ ਮਹੀਨਿਆਂ ਵਿੱਚ 15.5 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਡੌਂਕੀ ਲਗਾਈ ਹੈ।
ਜੇਕਰ ਇਹਨਾਂ ਅੰਕੜਿਆਂ ਨੂੰੂ ਸੱਚ ਮੰਨਿਆ ਜਾਵੇ ਤਾਂ ਹਰ ਸਾਲ ਵੱਡੀ ਗਿਣਤੀ ਭਾਰਤੀ ਗੈਰਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਖਾਸ ਕਰਕੇ ਅਮਰੀਕਾ ਜਾਣ ਦਾ ਯਤਨ ਕਰ ਰਹੇ ਹਨ। ਕੇਂਦਰ ਵਿੱਚ ਵੱਖ- ਵੱਖ ਸਮੇਂ ਰਾਜ ਕਰਨ ਵਾਲੀਆਂ ਸਰਕਾਰਾਂ ਭਾਵੇਂ ਅਕਸਰ ਇਹ ਦਾਅਵਾ ਕਰਦੀਆਂ ਹਨ ਕਿ ਉਹਨਾਂ ਵੱਲੋਂ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰਾਂ ਵੱਲੋਂ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਸੱਚਮੁੱਚ ਨੌਕਰੀਆਂ ਦੇ ਦਿੱਤੀਆਂ ਗਈਆਂ ਹੋਣ ਤਾਂ ਫੇਰ ਨੌਜਵਾਨਾਂ ਨੂੰ ਪਰਵਾਸ ਜਾਂ ਗੈਰਕਾਨੂੰਨੀ ਪਰਵਾਸ ਕਰਨ ਦੀ ਕੀ ਲੋੜ ਹੈ। ਕੇਂਦਰ ਦੀ ਸੱਤਾ ਤੇ ਕਾਬਜ ਰਹੀਆਂ ਸਰਕਾਰਾਂ ਵਲੋਂ ਅਕਸਰ ਗੈਰਕਾਨੂੰਨੀ ਪਰਵਾਸ ਦੀ ਜ਼ਿੰਮੇਵਾਰੀ ਪਿਛਲੀਆਂ ਸਰਕਾਰਾਂ ਤੇ ਸੁੱਟੀ ਜਾਂਦੀ ਰਹੀ ਹੈ ਪਰੰਤੂ ਹਕੀਕਤ ਇਹ ਹੈ ਕਿ ਕੋਈ ਵੀ ਸਰਕਾਰ ਭਾਰਤੀਆਂ ਦੇ ਗੈਰਕਾਨੂੰੂਨੀ ਜਾਂ ਕਾਨੂੰਨੀ ਪਰਵਾਸ ਨੂੰ ਰੋਕਣ ਲਈ ਸੁਹਿਰਦ ਸਾਬਿਤ ਨਹੀਂ ਹੋਈ, ਜਿਸ ਕਾਰਨ ਭਾਰਤ ਦੇ ਲੋਕਾਂ ਵਿੱਚ ਪਰਵਾਸ ਤੇ ਗੈਰਕਾਨੂੰਨੀ ਪਰਵਾਸ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ।
ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਦੇ ਹਜਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਨੌਜਵਾਨਾਂ ਨੂੰ ਇੰਨੀਆਂ ਨੌਕਰੀਆਂ ਦੇ ਦੇਵੇਗੀ ਅਤੇ ਰੁਜਗਾਰ ਦੇ ਸਾਧਨ ਇੰਨੇ ਵਧਾ ਦਿੱਤੇ ਜਾਣਗੇ ਕਿ ਪੰਜਾਬ ਦੇ ਨੌਜਵਾਨ ਪਰਵਾਸ ਨਹੀਂ ਕਰਨਗੇ ਬਲਕਿ ਜਿਹੜੇ ਪੰਜਾਬੀ ਨੌਜਵਾਨ ਪਹਿਲਾਂ ਹੀ ਵਿਦੇਸ਼ਾਂ ਵਿੱਚ ਗਏ ਹੋਏ ਹਨ, ਉਹ ਵੀ ਪੰਜਾਬ ਵਾਪਸ ਮੁੜ ਆਉਣਗੇ। ਦੂਜੇ ਪਾਸੇ ਅੰਕੜੇ ਦਸਦੇ ਹਨ ਕਿ ਪੰਜਾਬ ਦੇ ਨੌਜਵਾਨਾਂ ਦਾ ਕਾਨੂੰਨੀ ਤੇ ਗੈਰਕਾਨੂੰਨੀ ਪਰਵਾਸ ਅਜੇ ਵੀ ਜਾਰੀ ਹੈ ਅਤੇ ਆਪਣੇ ਲੱਖ ਦਾਅਵਿਆਂ ਦੇ ਬਾਵਜੂਦ ਪੰਜਾਬ ਸਰਕਾਰ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਵਿੱਚ ਸਫਲ ਨਹੀਂ ਹੋ ਸਕੀ ਹੈ।
ਬਿਊਰੋ
Editorial
ਕੇਂਦਰ ਸਰਕਾਰ ਦਾ ਰਿਪੋਰਟ ਕਾਰਡ ਹੋਣਗੇ ਰਾਜਾਂ ਦੀਆਂ ਚੋਣਾਂ ਦੇ ਨਤੀਜੇ?
ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨਸਭਾ ਦੀਆਂ ਚੋਣਾਂ ਲਈ ਅੱਜ ਵੋਟਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਵੱਖ ਵੱਖ ਰਾਜਾਂ ਦੀਆਂ ਖਾਲੀ ਹੋਈਆਂ ਵਿਧਾਨਸਭਾਵਾਂ ਦੀਆਂ ਸੀਟਾ ਦੀ ਜਿਮਣੀ ਚੋਣ ਦਾ ਕੰਮ ਵੀ ਪੂਰਾ ਹੋ ਗਿਆ ਹੈ। ਇਹਨਾਂ ਵਿੱਚੋਂ 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨਸਭਾ ਦੀ ਚੋਣ ਨੂੰ ਸਭਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਬਹੁਮਤ ਹਾਸਿਲ ਕਰਕੇ ਸੱਤਾ ਤੇ ਕਾਬਜ ਹੋਣ ਵਾਲੀ ਮੁੱਖ ਮੰਤਰੀ ਉੱਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ, ਕਾਂਗਰਸ ਅਤੇ ਐਨ ਸੀ ਪੀ ਦੀ ਸਰਕਾਰ ਨੂੰ ਭਾਜਪਾ ਵਲੋਂ ਜਿਸ ਤਰੀਕੇ ਨਾਲ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਅਤੇ ਸੱਤਾਧਾਰੀ ਸ਼ਿਵਸੈਨਾ ਅਤੇ ਐਨ ਸੀ ਪੀ ਵਿੱਚ ਜਿਸ ਤਰੀਕੇ ਨਾਲ ਤੋੜਭੰਨ ਹੋਈ ਸੀ ਉਹ ਕਿਸੇ ਨੂੰ ਭੁੱਲਿਆ ਨਹੀਂ ਹੈ।
ਇਸ ਪੂਰੇ ਘਟਨਾਚੱਕਰ ਤੋਂ ਬਾਅਦ ਹੋਣ ਵਾਲੀ ਮਹਾਰਾਸ਼ਟਰ ਵਿਧਾਨਸਭਾ ਦੀ ਚੋਣ ਵਿੱਚ ਜਨਤਾ ਦਾ ਸਮਰਥਨ ਭਾਜਪਾ ਅਗਵਾਈ ਵਲੇ ਗਠਜੋੜ ਨੂੰ ਮਿਲਦਾ ਹੈ ਜਾਂ ਫਿਰ ਪਿਛਲੀ ਵਾਰ ਮੁੱਖ ਮੰਤਰੀ ਬਣਨ ਵਾਲੇ ਸ਼ਿਵਸੈਨਾ ਦੇ ਮੁਖੀ ਉੱਧਵ ਠਾਕਰੇ ਇੱਕ ਵਾਰ ਫਿਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਵਿੱਚ ਕਾਮਯਾਬ ਹੋਣਗੇ ਇਸਦਾ ਪਤਾ ਤਾਂ 23 ਨਵੰਬਰ ਨੂੰ ਆਉਣ ਵਾਲੇ ਚੋਣਾਂ ਦੇ ਨਤੀਜੇ ਤੋਂ ਹੀ ਲੱਗੇਗਾ ਪਰੰਤੂ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਹਾਲਾਤ ਕਾਫੀ ਬਦਲੇ ਬਦਲੇ ਹਨ ਅਤੇ ਕੁੱਝ ਸਮਾਂ ਪਹਿਲਾਂ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਭਾਵੇਂ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ ਪਰੰਤੂ ਮਹਾਰਾਸ਼ਟਰ ਵਿੱਚ ਉਸਨੂੰ ਕਾਫੀ ਨਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ ਸੀ ਅਤੇ ਉਸਦੀਆਂ ਸੀਟਾਂ ਵੀ ਕਾਫੀ ਘੱਟ ਗਈਆਂ ਸਨ।
ਇਹਨਾਂ ਚੋਣਾਂ ਦੌਰਾਨ ਜਿੱਥੇ ਆਮ ਲੋਕਾਂ ਦੇ ਮੁੱਦਿਆਂ ਦੀ ਥਾਂ ‘ਬਟੇਂਗੇ ਤੋਂ ਕਟੇਂਗੇ’ ਵਰਗੇ ਮੁੱਦੇ ਜਿਆਦਾ ਉਛਾਲੇ ਗਏ ਅਤੇਇਹਨਾਂ ਚੋਣਾਂ ਦੌਰਾਨ ਵੋਟਾਂ ਦੇ ਧਰੂਵੀਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਨਾਲ ਨਾਲ ਭਾਜਪਾ ਦੇ ਕੌਮੀ ਜਨਰਲ ਸਕੱਤਰ ਪੱਧਰ ਦੇ ਇੱਕ ਵੱਡੇ ਆਗੂ ਤੇ ਵੋਟਾਂ ਖਰੀਦਣ ਲਈ ਨੋਟ ਵੰਡਣ ਦੇ ਇਲਜਾਮ ਵੀ ਲੱਗੇ ਹਨ। ਜਾਹਿਰ ਤੌਰ ਤੇ ਇਹਨਾਂ ਸਾਰੀਆਂ ਗੱਲਾਂ ਦਾ ਵੀ ਕੁੱਝ ਨਾ ਕੁੱਝ ਅਸਰ ਤਾਂ ਹੁੰਦਾ ਹੀ ਹੈ ਅਤੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਇਸ ਵਾਰ ਕੇਂਦਰ ਸਰਕਾਰ ਦੀ ਪੂਰੀ ਸਾਖ ਦਾਅ ਤੇ ਲੱਗੀ ਹੋਈ ਹੈ।
ਮਹਾਰਾਸ਼ਟਰ ਵਿਧਾਨਸਭਾ ਚੋਣ ਦੀ ਬਹੁਤ ਵੱਡਾ ਮਹੱਤਵ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਦਾ ਦਰਜਾ ਵੀ ਹਾਸਿਲ ਹੈ ਅਤੇ ਇਹਨਾਂ ਚੋਣਾਂ ਦੌਰਾਨ ਕਈ ਵੱਡੇ ਚਿਹਰਿਆਂ ਦਾ ਵਕਾਰ ਦਾਅ ਤੇ ਲੱਗਾ ਹੋਇਆ ਹੈ। ਸ਼ਿਵਸੈਨਾ ਦੀ ਸਿਰਜਨਾ ਕਰਨ ਵਾਲੇ ਬਾਲ ਠਾਕਰੇ ਦਾ ਪਰਿਵਾਰ ਜਿੱਥੇ ਆਪਣੇ ਆਪਣੀ ਪਰਿਵਾਰਕ ਵਿਰਾਸਤ ਦੀ ਲੜਾਈ ਲੜ ਰਿਹਾ ਹੈ ਉੱਥੇ ਸ਼ਿਵਸੈਨਾ ਤੋਂ ਵੱਖ ਹੋ ਕੇ ਵੱਖਰਾ ਧੜਾ ਬਣਾਉਣ ਵਾਲੇ ਗਰੁੱਪ ਦੇ ਆਗੂ ਏਕਨਾਥ ਸ਼ਿੰਦੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਅਸਰ ਰੱਖਣ ਵਾਲੇ ਮਰਾਠਾ ਆਗੂ ਸ਼ਰਦ ਪਵਾਰ ਦਾ ਵਕਾਰ ਵੀ ਇਸ ਵਾਰ ਦਾਅ ਤੇ ਹੈ ਅਤੇ ਉਹ ਵੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।
ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨਸਭਾ ਦੀ ਚੋਣ ਦੇ ਨਾਲ ਨਾਲ ਵੱਖ ਵੱਖ ਰਾਜਾਂ ਦੀਆਂ 15 ਵਿਧਾਨਸਭਾ ਸੀਟਾਂ ਅਤੇ ਇੱਕ ਲੋਕਸਭਾ ਸੀਟ ਦੀ ਜਿਮਣੀ ਚੋਣ ਲਈ ਵੀ ਵੋਟਾਂ ਪੈ ਰਹੀਆਂ ਹਨ ਜਿਹਨਾਂ ਵਿੱਚੋਂ 4 ਪੰਜਾਬ ਅਤੇ 9 ਉੱਤਰ ਪ੍ਰਦੇਸ਼ ਦੀਆਂ ਹਨ। ਲੋਕਸਭਾ ਚੋਣਾਂ ਦੌਰਾਨ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿੱਚ ਵੀ ਵੱਡੀ ਹਾਰ ਸਹਿਣੀ ਪਈ ਸੀ ਅਤੇ ਉੱਥੇ ਵੀ ਉਸਦੀਆਂ ਸੀਟਾਂ ਬਹੁਤ ਘੱਟ ਆਈਆਂ ਸਨ ਅਤੇ ਹੁਣ ਹੋਣ ਵਾਲੀ 9 ਵਿਧਾਨਸਭਾ ਸੀਟਾਂ ਦੀ ਜਿਮਣੀ ਚੋਣ ਭਾਜਪਾ ਲਈ ਬਹੁਤ ਚੁਣੌਤੀਪੂਰਨ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਚਾਰ ਸੀਟਾਂ ਤੇ ਹੋਣ ਵਾਲੀ ਜਿਮਣੀ ਚੋਣ ਇਸ ਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਿਚਾਲੇ ਹੀ ਮੁਕਾਬਲਾ ਦਿਖ ਰਿਹਾ ਹੈ। ਇਹਨਾਂ ਚਾਰ ਸੀਟਾਂ ਵਿੱਚੋ ਤਿੰਨ ਪਹਿਲਾਂ ਕਾਂਗਰਸ ਪਾਰਟੀ ਕੋਲ ਸਨ ਜਦੋਂਕਿ 1 ਸੀਟ ਆਮ ਆਦਮੀ ਪਾਰਟੀ ਕੋਲ ਸੀ। ਹਾਲਾਂਕਿ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਅਤੇ ਆਪ ਵਲੋਂ ਹੋਸ਼ਿਆਰਪੁਰ ਸੀਟ ਤੋਂ ਲੋਕਸਭਾ ਚੋਣ ਲੜੀ ਸੀ। ਪੰਜਾਬ ਵਿੱਚ ਭਾਜਪਾ ਵਲੋਂ ਵੱਡੇ ਚਿਰਿਹਆਂ (ਜਿਹਨਾਂ ਵਿੱਚ ਦੋ ਸਾਬਕਾ ਮੰਤਰੀ ਅਤੇ ਇੱਕ ਸਾਬਕਾ ਵਿਧਾਇਕ ਹੈ) ਨੂੰ ਟਿਕਟ ਦਿੱਤੀਆਂ ਗਈਆਂ ਹਨ ਪਰੰਤੂ ਇਹ ਵੱਡੇ ਚਿਹਰੇ ਵੀ ਭਾਜਪਾ ਦੀ ਕਸ਼ਤੀ ਪਾਰ ਲਗਾਉਂਦੇ ਨਹੀਂ ਦਿਖਦੇ। ਭਾਜਪਾ ਦੇ ਉਮੀਦਵਾਰ ਤਿਕੋਨੇ ਮੁਕਾਬਲੇ ਵਿੱਚ ਜਰੂਰ ਹਨ ਹਨ ਪਰੰਤੂ ਕੇਂਦਰ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜਗੀ ਕਾਰਨ ਭਾਜਪਾ ਨੂੰ ਪੰਜਾਬ ਤੋਂ ਕੋਈ ਸੀਟ ਮਿਲਦੀ ਨਹੀਂ ਦਿਖ ਰਹੀ ਹੈ ਅਤੇ ਭਾਜਪਾ ਨੂੰ ਇੱਥੋਂ ਵੀ ਨਮੋਸ਼ੀ ਸਹਿਣੀ ਪੈ ਸਕਦੀ ਹੈ।
Editorial
ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਤੇ ਪਵੇਗਾ ਗਹਿਰਾ ਪ੍ਰਭਾਵ
ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਅੱਜ ਪਈਆਂ ਵੋਟਾਂ ਦੇ ਨਤੀਜੇ ਜੋ ਮਰਜੀ ਆਉਣ ਪਰ ਏਨਾ ਤੈਅ ਹੈ ਕਿ ਇਹਨਾਂ ਚੋਣ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਤੇ ਗਹਿਰਾ ਪ੍ਰਭਾਵ ਜ਼ਰੂਰ ਪੈਣਾ ਹੈ।
ਚੋਣ ਪ੍ਰਚਾਰ ਦੌਰਾਨ ਚੋਣ ਲੜ ਰਹੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਇਹਨਾਂ ਚੋਣਾਂ ਨੂੰ ਵਕਾਰ ਦਾ ਸਵਾਲ ਬਣਾ ਲਿਆ ਸੀ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਚੋਣਾਂ ਜਿੱਤਣ ਲਈ ਜਿਵੇਂ ਸਿਰ ਧੜ ਦੀ ਬਾਜੀ ਲਗਾ ਦਿਤੀ ਗਈ ਸੀ। ਹਾਲਾਂਕਿ ਜ਼ਿਮਨੀ ਚੋਣਾਂ ਦੌਰਾਨ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਰਹੀ ਕਿ ਇਹਨਾਂ ਚੋਣਾਂ ਦੌਰਾਨ ਵੋਟਾਂ ਪੈਣ ਤਕ ਵੀ ਵੋਟਰਾਂ ਨੇ ਆਪਣੇ ਦਿਲ ਦਾ ਭੇਦ ਨਹੀਂ ਖੋਲਿਆ ਅਤੇ ਨਾ ਹੀ ਦਸਿਆ ਕਿ ਉਹ ਕਿਸ ਉਮੀਦਵਾਰ ਨੂੰ ਵੋਟ ਪਾ ਰਹੇ ਹਨ। ਭਾਵੇਂ ਕਿ ਕੁਝ ਵੋਟਰ ਤੇ ਸਿਆਸੀ ਵਰਕਰ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹੋਣ ਦਾ ਦਾਅਵਾ ਕਰਦੇ ਰਹੇ ਪਰੰਤੂ ਵੱਡੀ ਗਿਣਤੀ ਵੋਟਰਾਂ ਨੇ ਕਿਸੇ ਵੀ ਉਮੀਦਵਾਰ ਦਾ ਖੁੱਲ ਕੇ ਸਮਰਥਣ ਨਹੀਂ ਕੀਤਾ ਤੇ ਉਹ ਸਾਰੇ ਹੀ ਉਮੀਦਵਾਰਾਂ ਨੂੰ ਹੁੰਗਾਰਾ ਭਰਦੇ ਰਹੇ।
ਹਾਲਾਕਿ ਜਿਮਣੀ ਚੋਣਾਂ ਦੌਰਾਨ ਆਮ ਤੌਰ ਤੇ ਸੱਤਾਧਾਰੀ ਪਾਰਟੀ ਹੀ ਭਾਰੂ ਹੁੰਦੀ ਹੈ ਪਰੰਤੂ ਇਸਦੇ ਬਾਵਜੂਦ ਇਹਨਾਂ ਚੋਣਾਂ ਦੇ ਨਤੀਜੇ ਜਿੱਥੇ ਇਹ ਦੱਸਣਗੇ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ, ਉੱਥੇ ਇਹਨਾਂ ਨਤੀਜਿਆਂ ਨਾਲ ਇਹ ਵੀ ਜਾਹਿਰ ਹੋ ਜਾਵੇਗਾ ਕਿ ਵੋਟਰ ਪੰਜਾਬ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਕਿਸ ਹੱਦ ਤਕ ਸੰਤੁਸ਼ਟ ਹਨ, ਜਿਸ ਕਰਕੇ ਹੁਣ ਸਭ ਦੀਆਂ ਨਜ਼ਰਾਂ ਇਹਨਾਂ ਚੋਣਾਂ ਨਤੀਜਿਆਂ ਤੇ ਲੱਗੀਆਂ ਰਹਿਣਗੀਆਂ।
ਇਹਨਾਂ ਚੋਣਾਂ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਮੰਗੀਆਂ ਹਨ, ਉੱਥੇ ਜਦੋਂ ਕਿ ਭਾਜਪਾ ਨੇ ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਆਧਾਰ ਬਣਾ ਕੇ ਵੋਟਾਂ ਮੰਗੀਆਂ ਅਤੇ ਪੰਜਾਬੀਆਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ। ਕਾਂਗਰਸ ਨੇ ਵੀ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਗੁਣਗਾਣ ਕੀਤੇ ਅਤੇ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ। ਭਾਵੇਂਕਿ ਇਹਨਾਂ ਚੋਣਾਂ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਲੜੀ ਪਰ ਮੁੱਖ ਮੁਕਾਬਲਾ ਆਪ, ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਵਿਚਾਲੇ ਵੇਖਣ ਨੂੰੁ ਮਿਲਿਆ।
ਇਹਨਾਂ ਚੋਣਾਂ ਦੌਰਾਨ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਤੇ ਵੋਟਾਂ ਖਰੀਦਣ ਦੇ ਦੋਸ਼ ਵੀ ਲਗਾਏ ਗਏ। ਚੋਣਾਂ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਉਮੀਦਵਾਰਾਂ ਵੱਲੋਂ ਲੋਕ ਮਸਲਿਆਂ ਅਤੇ ਪੰਜਾਬ ਦੇ ਮੁੱਦਿਆਂ ਦਾ ਜਿਕਰ ਨਾਂਹ ਦੇ ਬਰਾਬਰ ਕੀਤਾ ਗਿਆ ਪਰ ਜਿਆਦਾ ਧਿਆਨ ਮੁਫਤ ਸਹੂਲਤਾਂ ਦੇਣ ਅਤੇ ਇੱਕ ਦੂਜੇ ਦੀ ਨਿਖੇਧੀ ਕਰਨ ਤੇ ਦਿੱਤਾ ਗਿਆ ਅਤੇ ਵੋਟਰ ਨੇ ਇਹਨਾਂ ਸਾਰਿਆਂ ਤੋਂ ਕਿਸ ਤੇ ਭਰੋਸਾ ਕੀਤਾ ਹੈ ਇਸਦਾ ਪਤਾ ਵੀ ਤਿੰਨ ਦਿਨ ਬਾਅਦ ਆਉਣ ਵਲੇ ਨਤੀਜਿਆਂ ਨਾਲ ਲੱਗ ਜਾਣਾ ਹੈ।
ਬਿਊਰੋ
Editorial
ਪੰਜਾਬ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਆਪ ਸਰਕਾਰ
ਪੰਜਾਬ ਨੂੰ ਇਸ ਸਮੇਂ ਅਨੇਕਾਂ ਵੱਡੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਹੈ ਜਿਸਦੇ ਹੁਣ ਖਤਰਨਾਕ ਨਤੀਜੇ ਨਿਕਲ ਰਹੇ ਹਨ। ਭਾਵੇਂ ਕਿ ਪੰਜਾਬ ਵਿੱਚ ਪੁਲੀਸ ਵਲੋਂ ਆਏ ਦਿਨ ਕਾਫ਼ੀ ਮਾਤਰਾ ਵਿੱਚ ਨਸ਼ਾ ਸਮਗਲਰਾਂ ਨੂੰ ਕਾਬੂ ਕਰਕੇ ਨਸ਼ੇ ਦੀ ਖੇਪ ਬਰਾਮਦ ਵੀ ਕੀਤੀ ਜਾਂਦੀ ਹੈ, ਪਰ ਇਸਦੇ ਬਾਵਜੂਦ ਪੰਜਾਬ ਵਿੱਚ ਨਸ਼ੇ ਦਾ ਚਲਨ ਕਾਫੀ ਜਿਆਦਾ ਹੈ। ਹੁਣ ਤਾਂ ਮਾਣਯੋਗ ਹਾਈਕੋਰਟ ਵਲੋਂ ਵੀ ਇਹ ਕਿਹਾ ਜਾ ਚੁੱਕਿਆ ਹੈ ਕਿ ਕੁਝ ਪੁਲੀਸ ਅਫ਼ਸਰਾਂ ਦੀ ਨਸ਼ਾ ਤਸੱਕਰਾਂ ਨਾਲ ਕਥਿਤ ਮਿਲੀਭੁਗਤ ਲੱਗਦੀ ਹੈ, ਜਿਸ ਕਾਰਨ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ। ਇਸ ਨਾਲ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਧੰਦਾ ਕਿੰਨੇ ਖਤਰਨਾਕ ਮੋੜ ਤੇ ਪਹੁੰਚ ਚੁੱਕਿਆ ਹੈ। ਨਸ਼ੇ ਕਾਰਨ ਹੀ ਅਨੇਕਾਂ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਪੰਜਾਬ ਵਿੱਚ ਬੇਰੁਜ਼ਗਾਰੀ ਵੀ ਬਹੁਤ ਵੱਡਾ ਮਸਲਾ ਬਣੀ ਹੋਈ ਹੈ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਭਾਵੇਂ ਅਨੇਕਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਇਸਦੇ ਬਾਵਜੂਦ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਵਿਹਲੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨਾਂ ਨੇ ਉਚੇਰੀ ਸਿਖਿਆ ਪ੍ਰਾਪਤ ਕੀਤੀ ਹੋਈ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਦਸਿਆ ਜਾਂਦਾ ਹੈ ਅਤੇ ਇਸੇ ਕਾਰਨ ਪੰਜਾਬ ਵਿੱਚ ਵਿਹਲੇ ਫਿਰਦੇ ਨੌਜਵਾਨ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਪੈਸੇ ਦੀ ਘਾਟ ਕਾਰਨ ਅਕਸਰ ਇਹ ਨੌਜਵਾਨ ਗਲਤ ਰਸਤੇ ਚੱਲ ਪੈਂਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਰਲ ਜਾਂਦੇ ਹਨ, ਜਿਸ ਕਾਰਨ ਵੀ ਪੰਜਾਬ ਦਾ ਮਾਹੌਲ ਵਿਗੜਦਾ ਹੈ। ਇਸ ਤੋਂ ਇਲਾਵਾ ਕਈ ਨੌਜਵਾਨ ਅਜਿਹੇ ਵੀ ਹਨ, ਜੋ ਕਿ ਵਿਹਲੇ ਰਹਿਣਾ ਚਾਹੁੰਦੇ ਹਨ ਅਤੇ ਕੋਈ ਵੀ ਕੰਮ ਕਰਕੇ ਰਾਜੀ ਨਹੀਂ, ਇਸ ਕਰਕੇ ਵੀ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਘੱਟ ਆਮਦਨੀ ਅਤੇ ਵੱਧ ਰਹੀ ਮਹਿੰਗਾਈ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਅਕਸਰ ਨੌਜਵਾਨ ਆਪਣਾ ਖ਼ਰਚਾ ਤੋਰਨ ਲਈ ਗਲਤ ਰਸਤੇ ਪੈ ਜਾਂਦੇ ਹਨ ਜਾਂ ਫਿਰ ਆਪਣੇ ਪਰਿਵਾਰ ਤੋਂ ਪੈਸੇ ਮੰਗਦੇ ਰਹਿੰਦੇ ਹਨ ਜਿਸ ਕਾਰਨ ਘਰਾਂ ਵਿੱਚ ਅਕਸਰ ਤਨਾਓ ਪੈਦਾ ਹੋ ਜਾਂਦਾ ਹੈ। ਜਿਸ ਤੋਂ ਖਰੜ ਵਰਗੇ ਦੁਖਾਂਤ ਵਾਪਰ ਜਾਂਦੇ ਹਨ।
ਨੈਤਿਕ ਸਿੱਖਿਆ ਦੀ ਘਾਟ ਕਾਰਨ ਵੀ ਵੱਡੀ ਗਿਣਤੀ ਨੌਜਵਾਨ ਕੁਰਾਹੇ ਪੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਹੀ ਗਲਤ ਦੀ ਪਹਿਚਾਣ ਨਹੀਂ ਹੁੰਦੀ। ਅਕਸਰ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਦੇਣ ਲਈ ਕਿਹਾ ਜਾਂਦਾ ਹੈ ਪਰ ਉਹਨਾਂ ਨੂੰ ਨੈਤਿਕ ਸਿੱਖਿਆ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਵੱਡੀ ਗਿਣਤੀ ਨੌਜਵਾਨ ਸਮਾਜਿਕ ਵਿਵਹਾਰ ਤੋਂ ਕੋਰੇ ਹੁੰਦੇ ਹਨ। ਇਸੇ ਕਾਰਨ ਉਹ ਜਲਦੀ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਗਲਤ ਕੰਮ ਕਰਦੇ ਹਨ।
ਪੰਜਾਬ ਵਿੱਚ ਸਮੱਸਿਆਵਾਂ ਤਾਂ ਹੋਰ ਵੀ ਕਈ ਹਨ ਪਰ ਉਪਰੋਕਤ ਵੱਡੀਆਂ ਸਮੱਸਿਆਂ ਨੂੰ ਹਲ ਕਰਨ ਲਈ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਮਾੜੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਬਿਊਰੋ
-
International1 month ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
Mohali2 months ago
ਰਾਜਪੁਰਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
National2 months ago
ਸੁਪਰੀਮ ਕੋਰਟ ਵੱਲੋਂ ਬਿਹਾਰ ਦੇ ਸਾਬਕਾ ਮੰਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਸਮੇਤ ਦੋ ਹੋਰਾਂ ਨੂੰ ਉਮਰ ਕੈਦ
-
Mohali2 months ago
ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ