Editorial
ਗੁਰਸ਼ਰਨ, ਭਗਤ ਸਿੰਘ ਦਾ ਕੀ ਲੱਗਦਾ : ਸੰਜੀਵਨ ਸਿੰਘ
ਅਸੀ ਚਾਹੁੰਨੇ ਆਂ, ਭਗਤ ਸਿੰਘ ਫੇਰ ਆਵੇ ਸਾਨੂੰ ਨਸ਼ਿਆਂ, ਫਿਰਕਾਪ੍ਰਸਤੀ, ਜਾਤ-ਪਾਤ, ਭ੍ਰਿਸ਼ਟਾਚਾਰ ਦੇ ਗਧੀ- ਗੇੜ ਵਿੱਚੋਂ ਕੱਢਣ ਲਈ ਸਾਡੇ ਵਾਸਤੇ ਕੁੱਲੀ, ਗੁੱਲੀ ਤੇ ਜੁੱਲੀ ਦਾ ਹੀਲਾ ਕਰਨ ਲਈ। ਭਗਤ ਸਿੰਘ ਵਾਰ ਫੇਰ ਆਵੇ ਹੀ ਆਵੇ। ਸਾਨੂੰ ਸੰਕਟਾਂ, ਦੁੱਖ਼ਾਂ-ਤਕਲੀਫ਼ਾਂ ਤੋਂ ਖਹਿੜਾ ਛਡਵਾਉਣ ਲਈ, ਲੋੜਾਂ ਤੇ ਥੌੜ੍ਹਾ ਦੇ ਹੱਲ ਲਈ, ਸਾਡੇ ਸੁਪਨਿਆਂ ਤੇ ਖ਼ੁਆਬਾ ਨੂੰ ਸਾਕਾਰ ਕਰਨ ਲਈ, ਹੁਣ ਤਾਂ ਭਗਤ ਸਿੰਘ ਨੂੰ ਆਉਂਣਾ ਹੀ ਪਊ।
ਅਸੀਂ ਆਪਣੀਆਂ ਮੋਟਰਾ-ਕਾਰਾਂ ਪਿੱਛੇ, ਸਕੂਟਰਾਂ, ਮੋਟਰ-ਸਾਇਕਲਾਂ ਪਿੱਛੇ, ਝੱਗਿਆਂ-ਟੀ, ਬੂਨੈਣਾ ਉੱਤੇ ਭਗਤ ਸਿੰਘ ਦੀ ਮੁੱਛ ਨੂੰ ਤਾਓ ਦਿੰਦੇ ਦੀ ਤਸਵੀਰਾਂ ਅਤੇ ਸਟਿਕਰ ਲਗਵਾ ਕੇ ਅਤੇ ਭਗਤ ਸਿੰਘ ਵਰਗੀ ਬਸੰਤੀ ਪੱਗ ਬੰਨ ਕੇ ਆਪਣਾ ਫਰਜ਼ ਪੂਰਾ ਕਰ ਤਾਂ ਦਿੱਤਾ। ਹੁਣ ਤਾਂ ਯਾਰ ਭਗਤ ਸਿਆਂਹ, ਸਾਡੇ ਨੇਤਾ ਵੀ ਤੇਰੇ ਵਰਗੀਆਂ ਪੱਗਾਂ ਬੰਨਦੇ ਨੇ। ਕੁੜਤੇ ਪਜ਼ਾਮੇ ਵੀ ਲੱਗੇ ਪਾਉਣ, ਜਮ੍ਹਾਂ ਈ ਤੇਰੇ ਵਰਗੇ। ਹੁਣ ਤਾਂ ਅਸੀਂ ਮੁੱਛ ਨੂੰ ਤਾਓ ਵੀ ਦਿੰਨੇ ਆ, ਜਿਮੇਂ ਤੂੰ ਦਿੰਦਾ ਸੀ। ਹੁਣ ਤਾਂ ਆਜਾ ਯਾਰ ਭਗਤ ਸਿਆਂਹ, ਆਜਾ ਯਾਰਾਂ। ਇਕ ਵਾਰ ਜੰਮ ਸੂਰਮਿਆਂ, ਇਕ ਵਾਰ ਫੇਰ ਜੰਮ, ਕਿਸੇ ਮਾਂ ਦੀ ਸੁੱਲਖਣੀ ਕੁੱਖ ਵਿੱਚੋਂ ਸਾਡੇ ਆਲੀ ਬੇੜੀ ਲਾਅ ਬੰਨ੍ਹੇ।
ਪਰ ਇਕ ਗੱਲ ਚੇਤੇ ਰੱਖੀ ਜੰਮੀ ਜ਼ਰੂਰ ਪਰ ਸਾਡੇ ਘਰ ਨਾ ਜੰਮੀ, ਕਿਸੇ ਹੋਰ ਦੇ ਘਰ ਜੰਮੀ। ਤੂੰ ਲੈਣੇ ਨੇ ਪੰਗੇ ਜਣੇ-ਖਣੇ ਨਾਲ। ਅਸੀਂ ਆ ਬਾਲ-ਬੱਚੇਦਾਰ, ਕਬੀਲਦਾਰ, ਸਾਊ ਤੇ ਸ਼ਰੀਫ, ਉਹ ਵੀ ਪੁੱਜ ਕੇ। ਜੇ ਸਾਡੀ ਕੋਈ ਇਕ ਗੱਲ ਤੇ ਥੱਪੜ ਜੜ੍ਹ ਦਵੇਂ ਤਾਂ ਅਸੀਂ ਦੂਈ ਗੱਲ ਮੂਹਰੇ ਕਰ ਦਿੰਨੇ ਆਂ, ਅਹਿੰਸਾਵਾਦੀ ਜੋ ਹੋਏ। ਪੰਗਿਆਂ ਵਿੱਚ ਤਾਂ ਸਾਡੇ ਤੇ ਤਾਂ ਕੇਸ-ਕੂਸ ਦਰਜ ਹੋ ਜੂੰ। ਕਹਿੰਦੇ ਨੇ, ਵੀਜ਼ਾ ਤਾਂ ਕੀ, ਪਾਸਪੋਰਟ ਬਣਾਉਣ ਲਈ ਵੀ ਫਾਰਮ ਦੇ ਖ਼ਾਨੇ ਵਿੱਚ ਲਿਖਣਾ ਪੈਂਦਾ ਐ, ਕੋਈ ਪੁਲੀਸ ਕੇਸ ਤਾਂ ਨ੍ਹੀਂ। ਅਸੀਂ ਹੋਣੈ ਅਬਰੋਡ ਮੁਲਕ ਸੈਂਟਲ ਕਿਸੇ ਬਾਰਲੇ ਮੁਲਕ ਕਨੈਡਾ, ਅਮਰੀਕਾ, ਇੰਗਲੈਂਡ। ਇੱਥੇ ਹੈ ਕੀ ਮਿੱਟੀ, ਘੱਟੇ ਤੋਂ ਬਿਨ੍ਹਾਂ। ਬਾਬੂ ਚਾਹ-ਪਾਣੀ ਬਿਨ੍ਹਾਂ ਅੱਖ ਚੱਕ ਨੇ ਨ੍ਹੀ ਦੇਖਦੇ। ਇਹ ਵੀ ਪਤਾ ਨਹੀਂ, ਕਦ ਕੋਈ ਕੋਈ ਕਪੜੇ ਦੇਖ ਕੇ ਬੁਲਾਦੇ ਪਾਰ। ਤੂੰ ਹੀ ਯਾਰ ਸਾਂਭ ਆ ਕੇ ਕੰਜਰਖ਼ਾਨਾ।
ਭਗਤ ਸਿੰਘ ਜੰਮੇ ਜ਼ਰੂਰ ਪਰ ਸਾਡੇ ਨ੍ਹੀਂ, ਗੁਆਂਢੀਆਂ ਦੇ। ਭਾਵੇਂ ਆਟੇ ਵਿਚ ਲੂਣ ਹੀ ਸਹੀ, ਪੋਟਿਆ ਤੇ ਗਿਣਨ ਜੋਗੇ ਪਰ ਅਜਿਹੇ ਲੋਕ ਵੀ ਹੈਗੇ ਹਾਲੇ ਜਿਹੜੇ ਨਾ ਤਾਂ ਭਗਤ ਸਿੰਘ ਦੇ ਆਪਣੇ ਘਰ ਜੰਮਣ ਤੋਂ ਖੋਫਜ਼ਦਾ ਨੇ, ਨਾ ਹੀ ਆਪ ਭਗਤ ਸਿੰਘ ਬਨਣ ਤੋਂ ਭੈਅਭੀਤ। ਉਹ ਤਾਂ ਸਗੋਂ ਭਗਤ ਸਿੰਘ ਦੇ ਖ਼ਿਆਲਾ ਤੇ ਵਿਚਾਰਾਂ ਦੀ ਜੋਤ ਨੂੰ ਹਰ ਘਰ, ਹਰ ਦਰ ਤੇ ਜਗਾ ਰਹੇ ਨੇ। ਭਗਤ ਸਿੰਘ ਵਰਗੀ ਦਲੇਰੀ, ਬੇਬਾਕੀ, ਬੇਖੋਫ਼ੀ ਨਾਲ ਦੂਸ਼ਿਤ, ਭ੍ਰਿਸ਼ਟ ਅਤੇ ਗੰਧਲੇ ਹੋ ਗਏ ਸਮਾਜਿਕ ਤਾਣੇ-ਬਾਣੇ ਦੀ ਉਲਝੀ ਹੋਈ ਤੰਦ ਨੂੰ ਸੁਲਝਾਉਣ ਦੇ ਗੰਭੀਰ ਤੇ ਸੁਹਿਰਦ ਯਤਨ ਕਰ ਰਹੇ ਨੇ। ਭੈਅ ਭੀਤ, ਡਰੀ ਹੋਈ ਤੇ ਸਹਿਮੀ ਅਵਾਮ ਨੂੰ ਚਿੜ੍ਹੀਆਂ ਤੋਂ ਸ਼ੇਰ ਬਣਾਉਣ ਲਈ ਹਰ ਧਰਮ, ਜਾਤ, ਫ਼ਿਰਕੇ, ਰੰਗ ਤੇ ਨਸਲ ਦੇ ਲੋਕ ਉਨ੍ਹਾਂ ਨੂੰ ਹਲੂਣ ਰਹੇ ਨੇ, ਹਲਾਸ਼ੇਰੀ ਦੇ ਰਹੇ ਨੇ। ਇੰਨ੍ਹਾਂ ਵਤਨਪ੍ਰਸਤਾਂ ਦੇ ਕਾਫ਼ਲੇ ਵਿਚ ਕੁੱਝ ਕਲਮਕਾਰ ਤੇ ਕਲਾਕਾਰ ਵੀ ਸ਼ਾਮਿਲ ਨੇ।
ਕਲਮ ਤੇ ਕਲਾ ਦੇ ਅੰਬਰ ਵਿਚ ਜਿਸ ਗ਼ੈਰਤਮੰਦ ਇਨਸਾਨ ਦਾ ਨਾਂ ਧਰੂ ਤਾਰੇ ਵਾਂਗ ਲਿਸ਼ਕ ਰਿਹੈ, ਉਸਦਾ ਨਾਂ ਹੈ ਗੁਰਸ਼ਰਨ ਭਾਅ ਜੀ, ਭਾਈ ਮੰਨਾ ਸਿੰਘ। ਗੁਰਸ਼ਰਨ ਸਿਰਫ਼ ਆਪਣੇ ਜਾਣੂੰਆਂ, ਰੰਗਕਰਮੀਆਂ, ਕਲਮਕਾਰਾਂ ਤੇ ਕਲਾਕਾਰਾਂ ਦਾ ਹੀ ਭਾਅ ਜੀ ਨਹੀ ਸੀ। ਉਹ ਸਮਾਜ ਦੇ ਦੱਬੇ-ਕੁੱਚਲੇ, ਪੀੜਤ, ਸ਼ੌਸ਼ਿਤ ਅਤੇ ਸਾਧਣ-ਹੀਣ ਤਬਕੇ ਦਾ ਵੀ ਭਾਅ ਜੀ ਸੀ। ਸ਼ਹੀਦ, ਕਲਮਕਾਰ ਤੇ ਕਲਾਕਾਰ ਕਦੇ ਵੀ ਇਕ ਜਾਤ, ਧਰਮ, ਫਿਰਕੇ, ਨਸਲ, ਰੰਗ ਦੇ ਨਹੀਂ ਹੁੰਦੇ। ਇਹ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਨੇ।
ਭਗਤ ਸਿੰਘ ਤੇ ਗੁਰਸ਼ਰਨ ਭਾਜੀ ਵਿਚ ਜਿਹੜੀ ਮੁੱਢਲੀ ਸਾਂਝ ਸੀ ਉਹ ਇਹ ਸੀ ਕਿ ਦੋਵੇਂ ਰੰਗਕਰਮੀ ਸਨ। ਭਗਤ ਸਿੰਘ ਨੇ ਵਿਦਿਆਰਥੀ ਜੀਵਨ ਵਿਚ ਲਾਹੌਰ ਵਿੱਚ ਕੁੱਝ ਨਾਟਕਾਂ ਵਿਚ ਹਿੱਸਾ ਲਿਆ, ਤੇ ਗੁਰਸ਼ਰਨ ਭਾਅ ਜੀ ਨੇ ਨਾਟਕ ਰਾਹੀਂ ਲੋਕ-ਮਸਲੇ, ਲੋਕ-ਮੁਹਾਵਰੇ ਵਿੱਚ ਉਭਾਰੇ। ਸਾਡੇ ਚੇਤਿਆਂ ਵਿਚ ਭਗਤ ਸਿੰਘ ਦੀ ਸ਼ਖਸੀਅਤ ਗੁਸੈਲ ਨੌਜਵਾਨ ਦੀ ਐ, ਇਕ ਹੱਥ ਪਸਤੌਲ ਤੇ ਦੂਜਾ ਹੱਥ ਮੁੱਛ ਤੇ, ਚਿਹਰਾਂ ਤਣਿਆ ਹੋਇਆ। ਪਰ ਇਸਦੇ ਬਿਲਕੁੱਲ ਉਲਟ ਭਗਤ ਸਿੰਘ ਯਾਰਾਂ ਦਾ ਯਾਰ ਸੀ, ਹਾਸਾ-ਠੱਠਾ ਕਰਦਾ ਸੀ, ਫਿਲਮਾਂ ਤੇ ਵਧੀਆਂ ਭਾਂਤ-ਭਾਂਤ ਪਕਵਾਨਾਂ ਦਾ ਸ਼ੌਕੀਨ ਸੀ, ਸੁੰਦਰਤਾ ਦਾ ਵੀ ਪੁਜਾਰੀ ਸੀ।
ਗੁਰਸ਼ਰਨ ਭਾਅ ਜੀ ਜਦ ਕਿਸੇ ਨਾਟਕ ਵਿੱਚ ਰੋਲ ਨਿਭਾ ਰਹੇ ਹੁੰਦੇ ਜਾਂ ਕਿਸੇ ਮੁੱਦੇ-ਮਸਲੇ ਤੇ ਗੱਲ ਕਰਦੇ। ਉਹ ਹਮੇਸ਼ਾ ਭਾਵੁਕ ਹੋ ਕੇ ਰੋਹ ਵਿੱਚ ਆ ਜਾਂਦੇ। ਗੁੱਸੇ ਨਾਲ ਕੰਬਣ ਲੱਗ ਜਾਂਦੇ। ਪਰ ਜਦ ਸਧਾਰਣ ਅਵਸਥਾ ਵਿਚ ਹੁੰਦੇ ਤਾਂ ਇਕ ਦਮ ਬੱਚੇ ਹੁੰਦੇ। ਬੱਚਿਆਂ ਵਾਂਗ ਖਿਲਖਿਲਾਕੇ ਹੱਸਦੇ, ਬੱਚਿਆਂ ਵਾਂਗ ਰੁੱਸਦੇ ਤੇ ਝੱਟ ਮੰਨ ਜਾਂਦੇ।
ਭਗਤ ਸਿੰਘ ਨੇ ਆਪਣੇ ਖੇਤ ਵਿਚ ਬੰਦੂਕਾ ਬੀਜਿਆਂ ਤੇ ਗੁਰਸ਼ਰਨ ਸਿੰਘ ਨੇ ਸ਼ਬਦ। ਭਗਤ ਸਿੰਘ ਨੇ ਬੰਬਾਂ-ਬੰਦੂਕਾਂ ਨਾਲ ਦੇਸ਼ ਨੂੰ ਅਜ਼ਾਦ ਕਰਵਾਇਆਂ ਤੇ ਗੁਰਸ਼ਰਨ ਭਾਜੀ ਨੇ ਸਮਾਜਿਕ ਤਬਦੀਲੀ ਲਈ ਯਤਨ ਕੀਤੇ। ਇਕ ਸੋਚ ਤੇ ਵਿਚਾਰਧਾਰਾ ਹੋਣ ਲਈ ਸਮਕਾਲੀ ਹੋਣਾਂ ਕੋਈ ਜ਼ਰੂਰੀ ਨ੍ਹੀਂ। ਲਾਜ਼ਮੀ ਹੈ ਤਾਂ ਮਨੁੱਖਤਾ ਲਈ ਤੜਫ਼, ਲੋਕਾਈ ਲਈ ਦਰਦ, ਆਪਣੇ ਵਤਨ, ਆਪਣੀ ਮਿੱਟੀ ਲਈ ਕੁੱਝ ਕਰਨ ਗੁਜ਼ਰਨ ਦਾ ਜ਼ਜਬਾ। ਭਾਵੇਂ ਭਗਤ ਸਿੰਘ ਵੱਲੋਂ ਮੁਲਕ ਲਈ ਆਪਾ ਵਾਰਣ ਤੋਂ ਬਾਈ ਸਾਲ ਬਾਅਦ ਗੁਰਸ਼ਰਨ ਸਿੰਘ ਦਾ ਜਨਮ ਹੋਇਆ। ਦੋਵੇਂ ਬੇਸ਼ਕ ਵੱਖ-ਵੱਖ ਸਮਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ ਪਰ ਵਿਚਾਰਧਾਰਕ ਤੇ ਸਮਾਜਿਕ ਸਰੋਕਾਰ ਦੀ ਸਾਂਝ ਸਪਸ਼ਟ ਝਲਕਦੀ ਹੈ।
ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦੋਵੇਂ ਵਧੀਕੀਆਂ, ਧੱਕੇਸ਼ਾਹੀਆਂ ਤੇ ਹੈਂਕੜਾਂ ਖਿਲਾਫ਼ ਲੜੇ। ਭਗਤ ਸਿੰਘ ਲੜਿਆਂ ਬੇਗ਼ਾਨਿਆਂ ਨਾਲ ਤੇ ਗੁਰਸ਼ਰਨ ਸਿੰਘ ਆਪਣਿਆਂ ਨਾਲ। ਹਕੂਮਤਾਂ ਤੇ ਝੰਡੇ ਤਾਂ ਬਦਲੇ ਸਨ ਪਰ ਉਨ੍ਹਾਂ ਦੇ ਮਿਜ਼ਾਜ਼ ਤੇ ਕਿਰਦਾਰ ਨ੍ਹੀਂ ਬਦਲੇ। ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦਾ ਮੱਤ, ਸੋਚ ਤੇ ਸਮਝ ਸੀ, ਸਮਾਜਿਕ ਤਬਦੀਲੀ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਵਿਚਾਰਾਂ ਅਤੇ ਇਲਮ ਨਾਲ ਵੀ ਹੋ ਸਕਦੀ ਐ। ਦੋਵਾਂ ਨੇ ਹੀ ਨਾਬਰਾਬਰੀ ਅਤੇ ਵਿਤਕਰੇਬਾਜ਼ੀ ਖਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਸਾਰਾ ਕੁੱਝ, ਸਾਰਿਆ ਵਾਸਤੇ ਦਾ ਨਾਹਰਾ ਲਾਇਆ।
ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, ਉਹਨਾਂ ਨੂੰ ਫਾਂਸੀ ਦੇਣ ਦੀ ਥਾ ਗੋਲੀ ਮਾਰੀ ਜਾਵੇ। ਪਰ ਕਿਉਂਕਿ ਤੁਹਾਡੇ ਹੱਥ ਵਿਚ ਤਾਕਤ ਹੈ। ਦੁਨੀਆ ਵਿਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸ ਦੀ ਲਾਠੀ, ਉਸ ਦੀ ਮੈਸ ਦਾ ਅਸੂਲ ਅਪਨਾਉਗੇ। ਪਰ ਅਸੀਂ ਜੰਗੀ ਕੈਦੀ ਹਾਂ। ਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇਕ ਫੌਜੀ ਦਸਤਾ ਭੇਜੇ।
ਗੁਰਸ਼ਰਨ ਭਾਅ ਜੀ ਦੇ ਨਾਟਕੀ ਸਫ਼ਰ ਦੀ ਸ਼ੁਰੂਆਤ ਨਾਲ ਵੀ ਇਕ ਦਿਲਚਸਪ ਘਟਨਾ ਜੁੜੀ ਹੋਈ ਹੈ। ਉਹ ਹਾਈਡਰੌਲਿਕ ਮਾਹਿਰ ਦੇ ਤੌਰ ਉੱਤੇ ਭਾਖੜਾ ਡੈਮ ਤੇ ਕੰਮ ਕਰ ਰਹੇ ਸਨ। ਲੋਹੜੀ ਦੀ ਛੁੱਟੀ ਦੀ ਮੰਗ ਨੂੰ ਲੈ ਕੇ ਭਾਖੜਾ ਡੈਮ ਦੇ ਮੁਲਾਜ਼ਮਾਂ ਨੇ ਹੜਤਾਲ ਕਰ ਤੀ, ਗੁਰਸ਼ਰਨ ਭਾਅ ਜੀ ਨੇ ਕੁੱਝ ਘੰਟਿਆਂ ਵਿਚ ਨਾਟਕ ਲਿਖਿਆ ਕੇ ਮੰਚਿਤ ਕੀਤਾ ‘ਲੋਹੜੀ ਦੀ ਹੜਤਾਲ’। ਇਹ ਸੀ ਭਾਅ ਜੀ ਗੁਰਸ਼ਰਨ ਦਾ ਪਹਿਲਾਂ ਨਾਟਕ ਤੇ ਇਸ ਤੋਂ ਬਾਅਦ ਲਗਾਤਾਰ ਅੱਧੀ ਸਦੀ ਤੋਂ ਵੱਧ ਉਨ੍ਹਾਂ ਆਪਣੇ ਸੈਕੜੇ ਨਾਟਕਾਂ, ਨੁਕੜ ਨਾਟਕਾਂ ਦੇ ਹਜ਼ਾਰਾਂ ਮੰਚਣ ਪਿੰਡਾਂ, ਵਿਹੜਿਆਂ, ਸੱਥਾਂ, ਚੌਤਰਿਆਂ, ਗੱਲੀਆਂ-ਮੁੱਹਲਿਆਂ। ਸ਼ਹਿਰ ਦੇ ਵੱਡੇ ਆਡੀਟੋਰੀਅਮਾਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ ਸਮੇਤ ਕਈ ਦੇਸ਼ਾਂ ਵਿਚ ਮੰਚਣ ਕੀਤੇ।
ਰਾਤਾਂ ਚਾਹੇ ਕਿੰਨ੍ਹੀਆਂ ਵੀ ਕਾਲੀਆਂ ਹੋਣ, ਮਾਹੌਲ਼ ਭਾਵੇਂ ਕਿੰਨ੍ਹਾਂ ਵੀ ਸਾਹ-ਘੁੱਟਵਾਂ ਹੋਵੇ, ਦਾਨਵ ਭਾਵੇਂ ਕਿੰਨਾ ਦਾ ਦਨਦਨਾਉਣ ਪਰ ਜਦ ਮਾਨਵ ਰੋਹ ਵਿੱਚ ਗਿਆ। ਗੁਰੂਆਂ, ਪੀਰਾਂ-ਪੈਂਗਬਰਾਂ ਦੇ ਮੁਰੀਦਾ, ਦੇਸ ਭਗਤਾਂ, ਸੂਰਬੀਰਾਂ, ਯੋਧਿਆਂ ਦੀਆਂ ਕੁਰਬਾਨੀਆਂ ਦੇ ਵਾਰਿਸਾ ਨੇ ਉਪਰਲੀ-ਥੱਲੇ ਕਰ ਦੇਣੀ ਆ।
ਗੁਰਸ਼ਰਨ ਭਗਤ ਸਿੰਘ ਕੀ ਲੱਗਦੈ ਇਹ ਤਾਂ ਦੱਸਣ ਦੀ ਬਾਲ੍ਹੀ ਲੋੜ ਨ੍ਹੀਂ। ਪਰ ਇਸ ਸੋਚਣ ਦੀ ਲੋੜ ਜ਼ਰੂਰ ਐ, ਅਸੀਂ ਭਗਤ ਸਿੰਘ ਦੇ ਕੀ ਲੱਗਦੈ। ਅਸੀਂ ਭਗਤ ਸਿੰਘ ਦੇ ਕੁੱਸ਼ ਲੱਗਦੈ ਵੀ ਆਂ ਕਿ ਨਹੀਂ। ਜਦ ਅਸੀਂ ਭਗਤ ਸਿੰਘ ਦੇ ਕੁੱਸ਼ ਲੱਗਣ ਦੀ ਠਾਣ ਲਈ, ਧਾਰ ਲਿਆ ਭਗਤ ਸਿੰਘ ਬਨਣਾ ਵੀ ਆ ਤੇ ਭਗਤ ਸਿੰਘ ਜੰਮਣੇ ਵੀ ਨੇ। ਉਹ ਵੀ ਆਪਣੇ ਘਰ। ਫੇਰ ਸੁਲਝੂ ਤਾਣੀ, ਉਲਝੀ ਹੋਈ। ਫੇਰ ਪੁੱਠੀ ਹੋਊ ਸਿੱਧੀ।ਫੇਰ ਹਾਕਿਮ ਜਰਕਣਗੇ ਵੀ ਤੇ ਤ੍ਰਬਕਣਗੇ ਵੀ।
ਸੰਜੀਵਨ ਸਿੰਘ
Editorial
ਖੁੱਲੇਆਮ ਹੁੰਦੀ ਨਕਲੀ ਅਤੇ ਮਿਲਾਵਟੀ ਦੁੱਧ ਦੀ ਵਿਕਰੀ ਤੇ ਕਾਬੂ ਕਰੇ ਸਰਕਾਰ
ਤਿਉਹਾਰਾਂ ਦਾ ਸੀਜਨ ਆਰੰਭ ਹੋਣ ਵਾਲਾ ਹੈ ਜਿਹੜਾ ਰੱਖੜੀ ਦੇ ਤਿਉਹਾਰ ਤੋਂ ਆਰੰਭ ਹੋ ਕੇ ਨਵੇਂ ਸਾਲ ਤਕ ਚਲਦਾ ਹੈ। ਤਿਉਹਾਰੀ ਸੀਜਨ ਵਾਸਤੇ ਹਲਵਾਈਆਂ ਵਲੋਂ ਵੀ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਉਹਨਾਂ ਵਲੋਂ ਹੁਣੇ ਤੋਂ ਹੀ ਥੋਕ ਦੇ ਆਧਾਰ ਤੇ ਮਿਠਾਈਆਂ ਆਦਿ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹਨਾਂ ਹਲਵਾਈਆਂ ਵਲੋਂ ਮਿਠਾਈਆਂ ਬਣਾਉਣ ਲਈ ਵੱਡੇ ਪੱਧਰ ਤੇ ਦੁੱਧ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਅਜਿਹਾ ਹੋਣ ਕਾਰਨ ਦੁੱਧ ਦੀ ਖਪਤ ਵਿੱਚ ਵੀ ਵਾਧਾ ਹੋ ਗਿਆ ਹੈ। ਬਾਜਾਰ ਵਿੱਚ ਦੁੱਧ ਦੀ ਖਪਤ ਵਧਣ ਅਤੇ ਉਸਦਾ ਉਤਪਾਦਨ ਆਮ ਵਾਂਗ ਹੀ ਹੋਣ ਕਾਰਨ ਬਾਜਾਰ ਵਿੱਚ ਸਪਲਾਈ ਕੀਤੇ ਜਾਂਦੇ ਨਕਲੀ ਅਤੇ ਮਿਲਾਵਟੀ ਦੁੁੱਧ ਦੀ ਸਪਲਾਈ ਵਿੱਚ ਵਾਧਾ ਹੋ ਜਾਂਦਾ ਹੈ ਜਿਹੜਾ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਸਾਬਿਤ ਹੁੰਦਾ ਹੈ।
ਇਸ ਗੱਲ ਤੋਂ ਅਸੀਂ ਸਾਰੇ ਹੀ ਜਾਣੂ ਹਾਂ ਕਿ ਸਾਡੇ ਦੇਸ਼ ਵਿੱਚ ਦੁੱਧ ਦਾ ਜਿੰਨਾ ਕੁਲ ਉਤਪਾਦਨ ਹੁੰਦਾ ਹੈ ਉਸਦੇ ਮੁਕਾਬਲੇ ਦੁੱਧ ਦੀ ਖਪਤ ਬਹੁਤ ਜਿਆਦਾ ਹੈ। ਸਾਡੇ ਦੇਸ਼ ਵਿਚ ਦੁੱਧ ਦੇ ਕੁਲ ਉਤਪਾਦਨ ਅਤੇ ਉਸਦੀ ਖਪਤ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਜਿੰਨੇ ਦੁਧਾਰੂ ਪਸ਼ੂ ਹਨ ਉਹ ਰੋਜਾਨਾ ਲਗਭਗ 15 ਕਰੋੜ ਲੀਟਰ ਦੁੱਧ ਦਿੰਦੇ ਹਨ ਜਦੋਂਕਿ ਦੇਸ਼ ਵਿੱਚ ਰੋਜਾਨਾ ਲਗਭਗ 60 ਕਰੋੜ ਲੀਟਰ ਦੁੱਧ ਦੀ ਖਪਤ ਹੁੰਦੀ ਹੈ। ਜਾਹਿਰ ਹੈ ਕਿ ਉਤਪਾਦਨ ਅਤੇ ਖਖਤ ਦੇ ਇਸ ਖੱਪੇ ਨੂੰ ਨਕਲੀ ਅਤੇ ਮਿਲਾਵਟੀ ਦੁੱਧ ਨਾਲ ਹੀ ਪੂਰਾ ਕੀਤਾ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਪਹੁੰਚਣ ਵਾਲੇ ਦੁੱਧ ਦਾ ਇੱਕ ਵੱਡਾ ਹਿੱਸਾ ਅਜਿਹਾ ਹੈ ਜਿਹੜਾ ਨਕਲੀ ਦੁੱਧ ਬਣਾਉਣ ਵਾਲਿਆਂ ਵਲੋਂ ਵੱਖ ਵੱਖ ਕੈਮਿਕਲ ਨਾਲ ਤਿਆਰ ਕੀਤਾ ਜਾਂਦਾ ਹੈ।
ਇਸ ਸੰਬੰਧੀ ਪੰਜਾਬ ਦੀ ਹਾਲਤ ਵੀ ਅਜਿਹੀ ਹੀ ਹੈ। ਕੁੱਝ ਦਹਾਕੇ ਪਹਿਲਾਂ ਤਕ ਇਹ ਗੱਲ ਆਮ ਆਖੀ ਜਾਂਦੀ ਸੀ ਕਿ ਪੰਜਾਬ ਵਿੱਚ ਦੁੱਧ ਦੀਆਂ ਨਦੀਆਂ ਵਗਦੀਆਂ ਹਨ ਪਰੰਤੂ ਹੁਣ ਉਸੇ ਪੰਜਾਬ ਵਿੱਚ ਅਸਲੀ ਦੇ ਮੁਕਾਬਲੇ ਨਕਲੀ ਦੁੱਧ ਵੱਧ ਵਿਕਦਾ ਹੈ ਜਿਹੜਾ ਯੂਰੀਆ ਖਾਦ ਅਤੇ ਹੋਰ ਕਈ ਤਰ੍ਹਾਂ ਦੇ ਖਤਰਨਾਕ ਰਸਾਇਣਾਂ ਨਾਲ ਬਣਾਇਆ ਜਾਂਦਾ ਹੈ ਅਤੇ ਇਸਨੂੰ ਪੀਣ ਵਾਲੇ ਕੈਂਸਰ, ਟੀ ਬੀ ਅਤੇ ਹੋਰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸੂਬੇ ਵਿੱਚ ਸਮੇਂ ਸਮੇਂ ਤੇ ਵੱਖ ਵੱਖ ਥਾਵਾਂ ਤੋਂ ਅਜਿਹੇ ਵਿਅਕਤੀ ਵੀ ਕਾਬੂ ਆਉਂਦੇ ਰਹੇ ਹਨ ਜਿਹੜੇ ਬਾਕਾਇਦਾ ਫੈਕਟ੍ਰੀਆਂ ਵਿੱਚ ਨਕਲੀ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਤਿਆਰ ਕਰਕੇ ਬਾਜਾਰ ਵਿੱਚ ਵੇਚਦੇ ਸਨ।
ਇਸ ਸੰਬੰਧੀ ਸਮੇਂ ਸਮੇਂ ਤੇ ਅਜਿਹੀਆਂ ਮੀਡੀਆ ਰਿਪੋਰਟਾਂ ਵੀ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ ਜਿਹਨਾਂ ਵਿੱਚ ਨਕਲੀ ਦੁੱਧ ਤਿਆਰ ਕਰਕੇ ਵੇਚੇ ਜਾਣ ਵਾਲੇ ਇਸ ਕਾਰੋਬਾਰ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਸਾਫ ਹੈ ਕਿ ਬਾਜਾਰ ਵਿੱਚ ਜਿਹੜਾ ਦੁੱਧ ਵਿਕ ਰਿਹਾ ਹੈ ਉਸਦਾ ਇੱਕ ਵੱਡਾ ਹਿੱਸਾ ਅਜਿਹਾ ਹੈ ਜਿਸਨੂੰ ਨਕਲੀ ਦੁੱਧ ਬਣਾਉਣ ਵਾਲਿਆਂ ਵਲੋਂ ਵੱਖ ਵੱਖ ਕੈਮਿਕਲਾਂ ਨਾਲ ਤਿਆਰ ਕਰਕੇ ਬਾਜਾਰ ਵਿੱਚ ਵੇਚਿਆ ਜਾਂਦਾ ਹੈ ਅਤੇ ਆਮ ਲੋਕ ਬਾਜਾਰ ਤੋਂ ਜਿਹੜਾ ਦੁੱਧ ਖਰੀਦ ਕੇ ਲਿਆਉਂਦੇ ਹਨ ਅਸਲ ਵਿੱਚ ਉਹ ਚਿੱਟਾ ਜਹਿਰ ਹੁੰਦਾ ਹੈ ਜਿਹੜਾ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ।
ਹਾਲਾਂਕਿ ਬਾਜਾਰ ਵਿੱਚ ਸਿਰਫ ਨਕਲੀ ਦੁੱਧ ਦੀ ਹੀ ਵਿਕਰੀ ਨਹੀਂ ਹੁੰਦੀ, ਬਲਕਿ ਦੁੱਧ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਵੀ ਕੀਤੀ ਜਾਂਦੀ ਹੈ। ਦੁੱਧ ਵਿਚ ਪਾਣੀ ਮਿਲਾਉਣ ਦੀ ਗੱਲ ਤਾਂ ਆਮ ਹੈ, ਪਰੰਤੂ ਦੋਧੀ ਆਪਣੇ ਦੁੱਧ ਵਿੱਚ ਟੋਭਿਆਂ ਅਤੇ ਨਹਿਰਾਂ ਦਾ ਗੰਦਾ ਪਾਣੀ ਵੀ ਮਿਲਾ ਦਿੰਦੇ ਹਨ। ਇਸੇ ਤਰ੍ਹਾਂ ਦੁੱਧ ਨੂੰ ਗਾੜ੍ਹਾ ਕਰਨ ਲਈ ਉਸ ਵਿੱਚ ਡਾਲਡਾ ਜਾਂ ਅਜਿਹੇ ਹੋਰਨਾਂ ਪਦਾਰਥਾਂ ਦੀ ਮਿਲਾਵਟ ਕੀਤੀ ਜਾਂਦੀ ਹੈ ਤਾਂ ਜੋ ਵੱਧ ਫੈਟ ਵਾਲਾ ਦੁੱਧ ਦੱਸ ਕੇ ਉਸਦੀ ਵੱਧ ਕੀਮਤ ਵਸੂਲੀ ਜਾ ਸਕੇ। ਦੁਧਾਰੂ ਪਸ਼ੂਆਂ ਦਾ ਦੁੱਧ ਕੱਢਣ ਵੇਲੇ ਉਹਨਾਂ ਨੂੰ ਟੀਕੇ ਲਗਾ ਕੇ ਉਹਨਾਂ ਦਾ ਦੁੱਧ ਕੱਢਿਆ ਜਾਂਦਾ ਹੈ ਅਤੇ ਇਸ ਕਾਰਨ ਇਹਨਾਂ ਜਾਨਵਰਾਂ ਦੇ ਦੁੱਧ ਵਿੱਚ ਟੀਕਿਆਂ ਦਾ ਅਸਰ ਵੀ ਪਹੁੰਚ ਜਾਂਦਾ ਹੈ ਜਿਹੜਾ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਨਕਲੀ, ਮਿਲਾਵਟੀ ਅਤੇ ਜਹਿਰੀਲੇ ਦੁੱਧ ਦੀ ਵਰਤੋਂ ਕਰਕੇ ਲੋਕ ਕਿਸ਼ਤਾਂ ਵਿੱਚ ਮਰਦੇ ਹਨ ਅਤੇ ਇਹ ਵੀ ਇੱਕ ਕਾਰਨ ਹੈ ਕਿ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਸਰਕਾਰ ਵਲੋਂ ਭਾਵੇਂ ਇਸ ਸੰਬੰਧੀ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਉਸਦੀ ਇਹ ਕਾਰਵਾਈ ਸੂਬੇ ਵਿੱਚ ਵੱਡੇ ਪੱਧਰ ਤੇ ਚਲ ਰਹੇ ਨਕਲੀ ਦੁੱਧ ਦੇ ਕਾਲੇ ਕਾਰੋਬਾਰ ਨੂੰ ਕਾਬੂ ਕਰਨ ਦੀ ਸਮਰਥ ਨਹੀਂ ਦਿਖਦੀ। ਸੂਬਾ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਨਕਲੀ ਅਤੇ ਮਿਲਾਵਟੀ ਦੁੱਧ ਦੇ ਇਸ ਕਾਲੇ ਕਾਰੋਬਾਰ ਨੂੰ ਨੱਥ ਪਾਏ ਅਤੇ ਇਸ ਸਮੱਸਿਆ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕਾਰਵਾਈ ਕਰੇ ਤਾਂ ਜੋ ਆਮ ਲੋਕਾਂ ਨੂੰ ਇਸ ਜਹਿਰ ਦੀ ਮਾਰ ਤੋਂ ਬਚਾਇਆ ਜਾ ਸਕੇ।
Editorial
ਪੰਜਾਬੀਆਂ ਦੇ ਪਰਵਾਸ ਨੇ ਖੁਦਕਸ਼ੀਆਂ ਨੂੰ ਪਾਈ ਠੱਲ੍ਹ
ਪੰਜਾਬੀਆਂ ਦੇ ਅਨੇਕਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਅਤੇ ਵੱਡੀ ਗਿਣਤੀ ਪੰਜਾਬੀਆਂ ਵੱਲੋਂ ਦੂਜੇ ਮੁਲਕਾਂ ਨੂੰ ਕੀਤਾ ਜਾ ਰਿਹਾ ਪਰਵਾਸ ਵੱਖੋ ਵੱਖਰੀਆਂ ਗੱਲਾਂ ਹਨ ਪਰ ਅਸਲ ਵਿੱਚ ਇਹ ਦੋਵੇਂ ਗੱਲਾਂ ਪੰਜਾਬ ਵਿੱਚ ਵੱਡੇ ਪੱਧਰ ਉੱਪਰ ਹੋ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੰਜਾਬੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਅਤੇ ਪੰਜਾਬੀਆਂ ਵੱਲੋਂ ਹੀ ਕੀਤਾ ਜਾ ਰਿਹਾ ਪਰਵਾਸ ਪੰਜਾਬ ਦੇ ਦਰਿਆਵਾਂ ਦੇ ਦੋ ਕਿਨਾਰੇ ਹੋਣ ਜੋਕਿ ਕਦੇ ਵੀ ਆਪਸ ਵਿੱਚ ਨਹੀਂ ਮਿਲਦੇ ਪਰ ਉਹਨਾਂ ਵਿਚਾਲੇ ਕੋਈ ਨਾ ਕੋਈ ਸਬੰਧ ਜ਼ਰੂਰ ਹੁੰਦਾ ਹੈ।
ਕਿਹਾ ਜਾਂਦਾ ਹੈ ਕਿ ਜੇ ਪੰਜਾਬੀ ਵੱਡੇ ਪੱਧਰ ਉੱਪਰ ਦੂਜੇ ਮੁਲਕਾਂ ਨੂੰ ਪਰਵਾਸ ਨਾ ਕਰਦੇ ਤਾਂ ਪੰਜਾਬ ਵਿੱਚ ਖੁਦਕਸ਼ੀਆਂ ਦੀ ਫ਼ਸਲ ਬਹੁਤੇਰੀ ਹੋਣੀ ਸੀ ਅਤੇ ਹਰ ਦਿਨ ਹਰ ਪਿੰਡ ਵਿੱਚੋਂ ਹੀ ਕਈ ਕਈ ਅਰਥੀਆਂ ਉੱਠਣੀਆਂ ਸਨ। ਇਸ ਤਰ੍ਹਾਂ ਪੰਜਾਬੀਆਂ ਵੱਲੋਂ ਖਾਸ ਕਰਕੇ ਪੰਜਾਬੀ ਨੌਜਵਾਨਾਂ ਵੱਲੋਂ ਦੂਜੇ ਮੁਲਕਾਂ ਨੂੰ ਕੀਤੇ ਜਾ ਰਹੇ ਪਰਵਾਸ ਅਤੇ ਪਰਵਾਸੀ ਪੰਜਾਬੀਆਂ ਵੱਲੋਂ ਆਪਣੇ ਪਰਿਵਾਰ ਲਈ ਭੇਜੇ ਜਾਂਦੇ ਡਾਲਰਾਂ, ਪੌਂਡਾਂ ਕਾਰਨ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਚਲ ਰਹੀ ਹੈ, ਜਿਸ ਕਾਰਨ ਉਹ ਆਪਣੀ ਜਿੰਦਗੀ ਨੂੰ ਸੌਖਿਆਂ ਹੀ ਬਤੀਤ ਕਰ ਰਹੇ ਹਨ, ਜੇ ਇਹਨਾਂ ਲੋਕਾਂ ਦੇ ਧੀਆਂ ਪੁੱਤ ਜਾਂ ਰਿਸ਼ਤੇਦਾਰ ਪਰਵਾਸ ਨਾ ਕਰਦੇ ਅਤੇ ਵਿਦੇਸ਼ੀ ਮੁਲਕਾਂ ਵਿਚੋਂ ਡਾਲਰ ਤੇ ਪੌਂਡ ਭੇਜ ਕੇ ਅਤੇ ਵਲੈਤੀ ਕੱਪੜੇ ਤੇ ਹੋਰ ਸਮਾਨ ਭੇਜ ਕੇ ਜੇ ਇਹਨਾਂ ਦੀ ਜੂਨ ਨਾ ਬਦਲਦੇ ਤਾਂ ਇਹਨਾਂ ਵੱਲੋਂ ਵੀ ਖੁਦਕਸ਼ੀਆਂ ਕਰਨ ਦੇ ਰਾਹ ਹੀ ਤੁਰ ਪੈਣ ਦਾ ਖਦਸ਼ਾ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਘਰ ਯਾਨੀ ਭਾਰਤ ਵਿੱਚ ਰਿਕਾਰਡ ਪੈਸੇ ਭੇਜੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅੰਕੜਿਆਂ ਅਨੁਸਾਰ ਅਪ੍ਰੈਲ 2023 ਤੋਂ ਫਰਵਰੀ 2024 ਦੇ ਦੌਰਾਨ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ‘ਉਦਾਰੀਕਰਨ ਰੈਮਿਟੈਂਸ ਸਕੀਮ’ (ਐਲ. ਆਰ. ਐਸ.) ਦੇ ਤਹਿਤ ਭਾਰਤ ਵਿੱਚ 29.43 ਅਰਬ ਡਾਲਰ ਭੇਜੇ। ਇਹ ਪਿਛਲੇ ਸਾਲ ਦੀ ਸਮਾਨ ਮਿਆਦ (24.18 ਅਰਬ ਡਾਲਰ ) ਦੇ ਮੁਕਾਬਲੇ 22 ਜ਼ਿਆਦਾ ਹੈ।
ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੁਆਰਾ ਭੇਜੇ ਗਏ ਪੈਸੇ ਵਿੱਚ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿੱਤੀ ਸਾਲ 2021 ਵਿੱਚ ਗਿਰਾਵਟ ਆਈ ਸੀ, ਪਰ ਵਿੱਤੀ ਸਾਲ 2022 ਤੋਂ ਇਸ ਵਿੱਚ ਸੁਧਾਰ ਦੇਖਿਆ ਗਿਆ ਹੈ ਅਤੇ 2023 ਵਿੱਚ ਵਾਧਾ ਜਾਰੀ ਰਿਹਾ। ਵਿੱਤੀ ਸਾਲ 2023 ਵਿੱਚ ਐਲ.ਆਰ.ਐਸ. ਤਹਿਤ ਭੇਜੀ ਗਈ ਰਕਮ ਹੁਣ ਤੱਕ ਦੀ ਸਭ ਤੋਂ ਵੱਧ 27.14 ਅਰਬ ਡਾਲਰ ਰਹੀ।
ਇਹ ਇੱਕ ਹਕੀਕਤ ਹੈ ਕਿ ਵੱਡੀ ਗਿਣਤੀ ਪੰਜਾਬੀਆਂ ਵੱਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਦੂਜੇ ਮੁਲਕਾਂ ਨੂੰ ਪਰਵਾਸ ਨੇ ਅਤੇ ਪਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ ਨੂੰ ਭੇਜੇ ਜਾਂਦੇ ਡਾਲਰਾਂ/ਪੌਂਡਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਅੱਜ ਪੰਜਾਬ ਦੇ ਹਰ ਪਿੰਡ/ਸ਼ਹਿਰ ਤੇ ਕਸਬੇ ਵਿੱਚ ਹੀ ਆਲੀਸ਼ਾਨ ਕੋਠੀਆਂ ਬਣੀਆਂ ਹੋਈਆਂ ਹਨ , ਇਹ ਸਭ ਕੁਝ ਪਰਵਾਸੀ ਪੰਜਾਬੀਆਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।
ਇਹ ਵੀ ਹਕੀਕਤ ਹੈ ਕਿ ਜੇ ਪੰਜਾਬੀ ਪਰਵਾਸ ਨਾ ਕਰਦੇ ਅਤੇ ਵਿਦੇਸ਼ਾਂ ਵਿਚੋਂ ਕਮਾਈ ਕਰਕੇ ਮੋਟਾ ਪੈਸਾ ਪੰਜਾਬ ਨਾ ਭੇਜਦੇ ਤਾਂ ਅਜੇ ਵੀ ਪੰਜਾਬ ਵਿੱਚ ਕੱਚੇ ਢਾਰਿਆਂ ਅਤੇ ਬੋੜੇ ਦਰਾਂ ਵਾਲੇ ਘਰਾਂ ਦੀ ਗਿਣਤੀ ਬਹੁਤ ਹੋਣੀ ਸੀ। ਇਹ ਸਭ ਕੁਝ ਪਰਵਾਸੀ ਪੰਜਾਬੀਆਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਹਰ ਪਿੰਡ ਵਿੱਚ ਹੀ ਆਲੀਸ਼ਾਨ ਅਤੇ ਮਹਿਲਾਂ ਵਰਗੀਆਂ ਕੋਠੀਆਂ ਪਈਆਂ ਹੋਈਆਂ ਹਨ, ਜੋ ਕਿ ਪੰਜਾਬੀਆਂ ਦੀ ਬਦਲ ਰਹੀ ਜੀਵਨ ਸ਼ੈਲੀ ਨੂੰ ਬਿਆਨ ਕਰਦੀਆਂ ਹਨ।
ਬੇਗਾਨੇ ਮੁਲਕਾਂ ਵਿੱਚ ਬੇਗਾਨੇ ਲੋਕਾਂ ਕੋਲ ਓਪਰੀ ਜਿਹੀ ਬੋਲੀ ਸੁਣਦਿਆਂ ਤੇ ਬੋਲਦਿਆਂ ਸਖ਼ਤ ਮਿਹਨਤ ਕਰਦਿਆਂ ਵੀ ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਦੀਆਂ ਅੱਖਾਂ ਵਿੱਚ ਜਾਗਦੇ ਹੋਏ ਵੀ ਪੰਜਾਬ ਵਿਚਲੇ ਆਪਣੇ ਘਰ ਦੀ ਨੁਹਾਰ ਬਦਲਣ ਦਾ ਸੁਪਨਾ ਚਲ ਰਿਹਾ ਹੁੰਦਾ ਹੈ। ਵੱਡੀ ਗਿਣਤੀ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਕਰਦੇ ਸਮੇਂ ਆਪਣੀਆਂ ਅੱਖਾਂ ਅੱਗੇ ਉਸ ਛੋਟੀ ਭੈਣ/ਧੀ ਦਾ ਮਾਸੂਮ ਚਿਹਰਾ ਵੀ ਆਉਂਦਾ ਰਹਿੰਦਾ ਹੈ, ਜਿਹੜੀ ਨਿੱਕੀ ਭੈਣ/ਧੀ ਨੂੰ ਉਹ ਛੋਟੀ ਜਿਹੀ ਨੂੰ ਹੀ ਪਿੰਡ ਛੱਡ ਕੇ ਅੱਧਮਿਚੀਆਂ ਅੱਖਾਂ ਵਿੱਚ ਕਈ ਤਰਾਂ ਦੇ ਸੁਪਨੇ ਲੈਂਦਿਆਂ ਦਿੱਲੀ ਦੇ ਹਵਾਈ ਅੱਡੇ ਤੋਂ ਵਿਦੇਸ਼ ਜਾਣ ਲਈ ਜਹਾਜ਼ ਚੜ੍ਹੇ ਸਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦੀਆਂ ਨਿੱਕੀਆਂ ਭੈਣਾਂ/ਧੀਆਂ ਹੁਣ ਜਵਾਨ ਹੋ ਗਈਆਂ ਹਨ ਅਤੇ ਉਹਨਾਂ ਦੇ ਵਿਆਹਾਂ ਦਾ ਫ਼ਿਕਰ ਉਹਨਾਂ ਦੇ ਬੇਬੇ ਬਾਪੂ ਨੂੰ ਵੱਢ ਵੱਢ ਖਾਂਦਾ ਹੈ ਅਤੇ ਸਭ ਦੀ ਟੇਕ ਪਰਵਾਸ ਦਾ ਦਰਦ ਹੰਢਾ ਰਹੇ ਪੰਜਾਬੀ ਪਰਵਾਸੀ ਉੱਪਰ ਹੀ ਹੁੰਦੀ ਹੈ। ਇਸ ਤਰਾਂ ਆਪਣੇ ਪਰਿਵਾਰ ਦੇ ਲਈ ਇਹ ਪਰਵਾਸੀ ਪੰਜਾਬੀ ਆਪਣੀ ਜਿੰਦਗੀ ਕੁਰਬਾਨ ਕਰ ਦਿੰਦੇ ਹਨ । ਖੁਦ ਭੁੱਖੇ ਰਹਿ ਕੇ ਆਪਣੇ ਪੰਜਾਬ ਰਹਿੰਦੇ ਪਰਿਵਾਰ ਨੂੰ ਹਰ ਮਹੀਨੇ ਹੀ ਮੋਟੀ ਰਕਮ ਭੇਜਦੇ ਹਨ ਤਾਂ ਕਿ ਭੈਣਾਂ/ਧੀਆਂ ਦੇ ਵਿਆਹ ਲਈ ਦਾਜ ਦਾ ਪ੍ਰਬੰਧ ਹੋ ਸਕੇ ਅਤੇ ਬਾਪੂ ਸਿਰ ਚੜ੍ਹੇ ਕਰਜ਼ੇ ਦੀ ਪੰਡ ਕੁਝ ਹੋਲੀ ਹੋ ਸਕੇ ।
ਹੁਣ ਜ਼ਰ੍ਹਾ ਉਸ ਵੇਲੇ ਬਾਰੇ ਸੋਚੋ ਕਿ ਜੇਕਰ ਪਰਵਾਸੀ ਪੰਜਾਬੀ ਪੰਜਾਬ ਰਹਿੰਦੇ ਜਾਂ ਉਹ ਆਪਣੀਆਂ ਭੈਣਾਂ ਭਰਾਵਾਂ ਤੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਵਿਦੇਸ਼ਾਂ ਵਿਚੋਂ ਪੈਸਾ ਭੇਜਣਾ ਬਿਲਕੁਲ ਹੀ ਬੰਦ ਕਰ ਦੇਣ ਤਾਂ ਕੀ ਹੋਵੇਗਾ? ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਉਦੋਂ ਕੀ ਭਾਣਾ ਵਰਤੇਗਾ ਜਦੋਂ ਸਾਰੇ ਪਰਵਾਸੀ ਪੰਜਾਬੀਆ ਵੱਲੋਂ ਪੰਜਾਬ ਰਹਿੰਦੇ ਆਪਣੇ ਪਰਿਵਾਰ ਨੂੰ ਵਿਦੇਸ਼ਾਂ ਵਿਚੋਂਂ ਪੈਸਾ ਭੇਜਣਾ ਬੰਦ ਦੇਣਾ ਹੈ। ਭਾਵੇਂ ਕਿ ਅਜਿਹਾ ਕੁਝ ਹੋਣਾ ਸੰਭਵ ਨਹੀਂ ਪਰ ਇਸ ਸਮੱਸਿਆ ਬਾਰੇ ਸੋਚਣਾ ਜਰੂਰ ਚਾਹੀਦਾ ਹੈ।
ਪੰਜਾਬ ਦਾ ਇਸ ਸਮੇਂ ਹਾਲ ਇਹ ਹੈ ਕਿ ਵੱਡੀ ਗਿਣਤੀ ਪੰਜਾਬੀਆਂ ਦੇ ਘਰ ਦੇ ਚੁਲੇ ਚੌਂਕੇ ਵਿੱਚ ਅੱਗ ਪਰਵਾਸੀ ਪੰਜਾਬੀਆਂ ਵਲੋਂ ਭੇਜੇ ਪੈਸੇ ਨਾਲ ਹੀ ਬਲਦੀ ਹੈ। ਉਹਨਾਂ ਦੀ ਰੋਟੀ ਰੋਜ਼ੀ ਉਹਨਾਂ ਦੇ ਵਿਦੇਸ਼ ਗਏ ਪੁੱਤ ਵੱਲੋਂ ਭੇਜੇ ਪੈਸੇ ਨਾਲ ਹੀ ਬਣਦੀ ਹੈ। ਪੰਜਾਬ ਵਿੱਚ ਰਹਿੰਦਾ ਉਹਨਾਂ ਦਾ ਪੁੱਤ ਜਾਂ ਤਾਂ ਬੇਰੁਜ਼ਗਾਰ ਹੈ ਤੇ ਜਾਂ ਫਿਰ ਕੋਈ ਪ੍ਰਾਈਵੇਟ ਨੌਕਰੀ ਜਾਂ ਛੋਟਾ ਮੋਟਾ ਕੰਮ ਕਰਦਾ ਹੈ, ਜਿਸ ਦਾ ਕਿ ਆਪਣਾ ਖਰਚਾ ਹੀ ਮਸਾਂ ਪੂਰਾ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਮਾਪਿਆਂ ਬਾਰੇ ਕਦੇ ਕਿਸੇ ਨੇ ਸੋਚਿਆ ਹੈ ਜਿਨ੍ਹਾਂ ਦੇ ਜਵਾਨ ਪੁੱਤ ਕੋਈ ਕੰਮ ਕਰਨ ਦੀ ਥਾਂ ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਕਿਸ਼ਤਾਂ ਵਿੱਚ ਖੁਦਕਸ਼ੀਆਂ ਕਰ ਰਹੇ ਹਨ।
ਜਿਹੜੇ ਪਰਵਾਸੀ ਪੰਜਾਬੀ ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਅਤੇ ਖੇਡ ਮੇਲਿਆਂ ਲਈ ਲੱਖਾਂ ਡਾਲਰ ਭੇਜ ਸਕਦੇ ਹਨ, ਜੇਕਰ ਉਹ ਆਪਣੇ ਪਿੰਡ ਦੇ ਇੱਕ ਇੱਕ ਗਰੀਬ ਕਿਸਾਨ ਜਾਂ ਗਰੀਬ ਪਰਿਵਾਰ ਦੀ ਸਹਾਇਤਾ ਕਰ ਦੇਣ ਤਾਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੋਈ ਗਰੀਬ ਕਿਸਾਨ, ਮਜ਼ਦੂਰ ਜਾਂ ਹੋਰ ਪੰਜਾਬੀ ਖ਼ੁਦਕਸ਼ੀ ਕਰਨ ਬਾਰੇ ਨਹੀਂ ਸੋਚੇਗਾ। ਕਰਜ਼ੇ ਦੇ ਝੰਬੇ ਅਤੇ ਜਵਾਨ ਧੀ ਦੀ ਡੋਲੀ ਨਾ ਤੋਰ ਸਕਣ ਦਾ ਗਮ ਦਿਲ ਨੂੰ ਲਾਈ ਬੈਠੇ ਵੱਡੀ ਗਿਣਤੀ ਪੰਜਾਬੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕਸ਼ੀਆਂ ਕਰਨ ਤੋਂ ਰੋਕਣ ਲਈ ਪਰਵਾਸੀ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਬਿਊਰੋ
Editorial
ਕੀ ਅਸੀਂ ਆਪਣੀਆਂ ਬੁੱਢੀਆਂ ਹੋ ਰਹੀਆਂ ਜੜ੍ਹਾਂ ਦੀ ਸੰਭਾਲ ਲਈ ਤਿਆਰ ਹਾਂ?
ਭਾਰਤ ਦੀ ਪਛਾਣ ਹਮੇਸ਼ਾ ਇਸ ਦੇ ਮਜ਼ਬੂਤ ਪਰਿਵਾਰਕ ਮੁੱਲਾਂ ਨਾਲ ਰਹੀ ਹੈ। ਸਾਡੇ ਬਜ਼ੁਰਗ ਸਿਰਫ਼ ਪਰਿਵਾਰ ਦੇ ਮੈਂਬਰ ਨਹੀਂ ਹੁੰਦੇ ਸਨ, ਬਲਕਿ ਤਜ਼ਰਬੇ, ਸੰਸਕਾਰ ਅਤੇ ਜੀਵਨ ਮੁੱਲਾਂ ਦੇ ਸਭ ਤੋਂ ਵੱਡੇ ਸਰੋਤ ਹੁੰਦੇ ਸਨ। ਪਰ ਅੱਜ ਇੱਕ ਚੁੱਪ-ਚਾਪ ਸਮਾਜਿਕ ਅਤੇ ਮਨੋਵਿਗਿਆਨਕ ਸੰਕਟ ਸਾਡੇ ਸਾਹਮਣੇ ਖੜ੍ਹਾ ਹੈ। ਖ਼ਾਸ ਕਰਕੇ ਪੰਜਾਬ ਵਿੱਚ ਬਹੁਤ ਸਾਰੇ ਬਜ਼ੁਰਗ ਇਕੱਲੇਪਣ, ਅਸੁਰੱਖਿਆ ਅਤੇ ਬਦਲਦੇ ਸਮੇਂ ਨਾਲ ਤਾਲਮੇਲ ਬਿਠਾਉਣ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਇਕੱਲਾਪਣ ਸਿਰਫ਼ ਭਾਵਨਾਤਮਕ ਨਹੀਂ ਹੈ। ਇਹ ਪੀੜ੍ਹੀਆਂ ਦੇ ਬਦਲਦੇ ਰਿਸ਼ਤਿਆਂ ਦਾ ਨਤੀਜਾ ਵੀ ਹੈ। ਅੱਜ ਦੀ ਦੁਨੀਆ ਤਕਨਾਲੋਜੀ, ਡਿਜ਼ਿਟਲ ਬੈਂਕਿੰਗ, ਆਨਲਾਈਨ ਸੇਵਾਵਾਂ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਤੇਜ਼ ਰਫ਼ਤਾਰ ਜੀਵਨ ਵੱਲ ਵੱਧ ਰਹੀ ਹੈ। ਨਵੀਂ ਪੀੜ੍ਹੀ ਇਸ ਬਦਲਾਅ ਨਾਲ ਅੱਗੇ ਵੱਧ ਰਹੀ ਹੈ, ਪਰ ਕਈ ਬਜ਼ੁਰਗ ਇਸ ਬਦਲਾਅ ਦੀ ਰਫ਼ਤਾਰ ਨਾਲ ਆਪਣੇ ਆਪ ਨੂੰ ਜੋੜ ਨਹੀਂ ਪਾ ਰਹੇ। ਉਹ ਆਪਣੇ ਹੀ ਘਰ ਵਿੱਚ ਕਈ ਵਾਰ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗਦੇ ਹਨ। ਇਹ ਸਿਰਫ਼ ਪਰਿਵਾਰਕ ਸਮੱਸਿਆ ਨਹੀਂ ਹੈ ਬਲਕਿ ਇਹ ਇੱਕ ਰਾਸ਼ਟਰੀ ਸਮਾਜਿਕ ਚੁਣੌਤੀ ਹੈ।
ਬਜ਼ੁਰਗਾਂ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਦੀ ਸਿੱਖਿਆ, ਪਰਿਵਾਰ ਦੀ ਖੁਸ਼ਹਾਲੀ ਅਤੇ ਸਮਾਜ ਦੀ ਤਰੱਕੀ ਲਈ ਸਮਰਪਿਤ ਕਰ ਦਿੱਤੀ। ਜਿਸ ਨੀਂਹ ਤੇ ਅੱਜ ਅਸੀਂ ਆਪਣਾ ਭਵਿੱਖ ਖੜ੍ਹਾ ਕਰ ਰਹੇ ਹਾਂ, ਉਹ ਉਨ੍ਹਾਂ ਨੇ ਆਪਣੇ ਸੰਘਰਸ਼ ਨਾਲ ਤਿਆਰ ਕੀਤੀ ਸੀ। ਪਰ ਅੱਜ ਹਾਲਾਤ ਇਹ ਹਨ ਕਿ ਰੁਜ਼ਗਾਰ ਅਤੇ ਵਿਅਸਤ ਜੀਵਨ ਕਾਰਨ ਬਹੁਤ ਸਾਰੇ ਪਰਿਵਾਰ ਆਪਣੇ ਬਜ਼ੁਰਗਾਂ ਦੀ ਦੇਖਭਾਲ ਲਈ ਘਰੇਲੂ ਨੌਕਰਾਂ ਜਾਂ ਕੇਅਰਟੇਕਰਾਂ ਤੇ ਨਿਰਭਰ ਹੋ ਰਹੇ ਹਨ।
ਬੇਸ਼ੱਕ ਬਹੁਤ ਸਾਰੇ ਕੇਅਰਟੇਕਰ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਨ, ਪਰ ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਦੁਖਦਾਈ ਘਟਨਾਵਾਂ ਨੇ ਇਹ ਵੀ ਦਿਖਾਇਆ ਹੈ ਕਿ ਅੰਨ੍ਹਾ ਭਰੋਸਾ ਕਈ ਵਾਰ ਖ਼ਤਰਨਾਕ ਸਾਬਤ ਹੋ ਸਕਦਾ ਹੈ। ਆਰਥਿਕ ਦਬਾਅ, ਅਣਪੜ੍ਹਤਾ, ਸਹੀ ਤਸਦੀਕ ਦੀ ਘਾਟ ਜਾਂ ਅਪਰਾਧਿਕ ਸੋਚ-ਇਹ ਸਭ ਬਜ਼ੁਰਗਾਂ ਦੀ ਸੁਰੱਖਿਆ ਲਈ ਗੰਭੀਰ ਚੁਣੌਤੀਆਂ ਬਣ ਰਹੀਆਂ ਹਨ। ਇਹ ਸਿਰਫ਼ ਅਪਰਾਧ ਦਾ ਮੁੱਦਾ ਨਹੀਂ ਹੈ ਬਲਕਿ ਇਹ ਸਾਡੇ ਸਮਾਜ ਦੀ ਤਿਆਰੀ ਦਾ ਮੁੱਦਾ ਹੈ।
ਸਮਾਂ ਆ ਗਿਆ ਹੈ ਕਿ ਸਰਕਾਰਾਂ ਬਜ਼ੁਰਗਾਂ ਲਈ ਸਿਰਫ਼ ਪੈਨਸ਼ਨ ਤੱਕ ਹੀ ਆਪਣੀ ਜ਼ਿੰਮੇਵਾਰੀ ਸੀਮਿਤ ਨਾ ਰੱਖਣ। ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਹੈ ਜੋ ਬਜ਼ੁਰਗਾਂ ਦੀ ਸੁਰੱਖਿਆ, ਮਾਨਸਿਕ ਸਿਹਤ, ਡਿਜ਼ਿਟਲ ਸਿੱਖਿਆ, ਭਰੋਸੇਯੋਗ ਕੇਅਰਟੇਕਰ ਪ੍ਰਣਾਲੀ, ਐਮਰਜੈਂਸੀ ਸਹਾਇਤਾ ਅਤੇ ਸਮਾਜਿਕ ਸਹਿਭਾਗਤਾ ਨੂੰ ਯਕੀਨੀ ਬਣਾਉਣ।
ਇਸ ਦੇ ਨਾਲ-ਨਾਲ ਪਰਿਵਾਰਾਂ ਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ। ਮਾਪਿਆਂ ਨੂੰ ਸਿਰਫ਼ ਆਰਥਿਕ ਸਹਾਇਤਾ ਦੇਣਾ ਹੀ ਕਾਫ਼ੀ ਨਹੀਂ ਹੁੰਦਾ। ਉਨ੍ਹਾਂ ਨਾਲ ਕੁਝ ਸਮਾਂ ਬਿਤਾਉਣਾ, ਉਨ੍ਹਾਂ ਦੀ ਗੱਲ ਸੁਣਨਾ, ਉਨ੍ਹਾਂ ਨੂੰ ਪਰਿਵਾਰ ਦੇ ਫ਼ੈਸਲਿਆਂ ਵਿੱਚ ਸ਼ਾਮਲ ਕਰਨਾ ਅਤੇ ਇਹ ਅਹਿਸਾਸ ਕਰਵਾਉਣਾ ਕਿ ਉਹ ਅੱਜ ਵੀ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹਨ,ਇਹ ਸਭ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ।
ਸਾਨੂੰ ਇੱਕ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਜਿਸ ਪੀੜ੍ਹੀ ਨੇ ਸਾਡੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ, ਜੇ ਅਸੀਂ ਉਸੇ ਨੂੰ ਇਕੱਲਾ ਛੱਡ ਦੇਵਾਂਗੇ, ਤਾਂ ਭਵਿੱਖ ਦੀਆਂ ਟਾਹਣੀਆਂ ਵੀ ਕਦੇ ਮਜ਼ਬੂਤ ਨਹੀਂ ਬਣ ਸਕਣਗੀਆਂ।
ਅਸੀਂ ਅਕਸਰ ਸੋਚਦੇ ਹਾਂ ਕਿ ਸਾਡੇ ਬੱਚੇ ਭਵਿੱਖ ਵਿੱਚ ਸਾਡੇ ਨਾਲ ਕਿਵੇਂ ਵਿਹਾਰ ਕਰਨਗੇ। ਪਰ ਅਸਲ ਸਵਾਲ ਇਹ ਹੈ ਕਿ ਅੱਜ ਅਸੀਂ ਆਪਣੇ ਮਾਪਿਆਂ ਨਾਲ ਕਿਵੇਂ ਵਿਹਾਰ ਕਰ ਰਹੇ ਹਾਂ? ਬੱਚੇ ਸਾਡੀਆਂ ਗੱਲਾਂ ਨਾਲੋਂ ਵੱਧ ਸਾਡੇ ਵਿਹਾਰ ਤੋਂ ਸਿੱਖਦੇ ਹਨ। ਅੱਜ ਅਸੀਂ ਆਪਣੇ ਮਾਪਿਆਂ ਨੂੰ ਜਿੰਨਾ ਸਤਿਕਾਰ, ਪਿਆਰ ਅਤੇ ਸਮਾਂ ਦੇਵਾਂਗੇ, ਕੱਲ੍ਹ ਉਹੀ ਸੰਸਕਾਰ ਸਾਡੇ ਬੱਚੇ ਸਾਡੇ ਨਾਲ ਦੁਹਰਾਉਣਗੇ।
ਜੇ ਅਸੀਂ ਆਪਣੀਆਂ ਜੜ੍ਹਾਂ ਦੀ ਸੰਭਾਲ ਨਹੀਂ ਕਰਾਂਗੇ, ਤਾਂ ਭਵਿੱਖ ਵਿੱਚ ਸਿਹਤਮੰਦ ਫਲਾਂ ਦੀ ਉਮੀਦ ਵੀ ਨਹੀਂ ਕਰ ਸਕਦੇ। ਬਜ਼ੁਰਗਾਂ ਦੀ ਸੰਭਾਲ ਸਿਰਫ਼ ਪਰਿਵਾਰਕ ਜ਼ਿੰਮੇਵਾਰੀ ਨਹੀਂ, ਸਗੋਂ ਇੱਕ ਸੱਭਿਆਚਾਰਕ, ਸਮਾਜਿਕ ਅਤੇ ਰਾਸ਼ਟਰੀ ਫ਼ਰਜ਼ ਵੀ ਹੈ।
ਡਾ. ਹਰਜਿੰਦਰ ਸਿੰਘ ਹੈਰੀ
ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ
-
International2 months agoਕਤਰ ਵਿੱਚ ਗੈਸ ਪਲਾਂਟ ਵਿੱਚ ਧਮਾਕਾ ਹੋਣ ਕਾਰਨ 54 ਵਿਅਕਤੀ ਜ਼ਖ਼ਮੀ, ਕਈ ਲਾਪਤਾ
-
National1 month agoਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਆਇਆ ਹੜ੍ਹ, 3 ਵਿਅਕਤੀ ਲਾਪਤਾ, ਆਵਾਜਾਈ ਪ੍ਰਭਾਵਿਤ
-
Mohali1 month agoਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਬੱਚਿਆਂ ਦੇ ਗੁਰਬਾਣੀ ਕੰਠ, ਕਵਿਤਾਵਾਂ, ਭਾਸ਼ਣ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਦਾ ਆਯੋਜਨ
-
Mohali2 months agoਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ : ਕਿਸਾਨ ਯੂਨੀਅਨ ਸਿੱਧੂਪੁਰ
-
International1 month ago
ਕੈਨੇਡਾ ਵਿੱਚ ਭਾਰਤੀ ਰੈਸਟੋਰੈਂਟ ਤੇ ਫਾਇਰਿੰਗ
-
Punjab2 months agoਅੱਪਰ ਬਾਰੀ ਦੁਆਬ ਨਹਿਰ ਵਿੱਚ ਪਾੜ ਪੈਣ ਕਾਰਨ ਘਰਾਂ ਅਤੇ ਖੇਤਾਂ ਵਿੱਚ ਵੜਿਆ ਪਾਣੀ
-
National1 month agoਹਥਿਆਰਬੰਦ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਸੋਨਾ, ਨਗਦੀ ਅਤੇ ਕੀਮਤੀ ਸਮਾਨ ਲੁਟਿਆ
-
National1 month agoਜੁੱਤੀਆਂ ਦੇ ਸ਼ੋਅਰੂਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
