Chandigarh
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ
ਚੰਡੀਗੜ੍ਹ, 19 ਨਵੰਬਰ (ਸ.ਬ.) ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਫੁਟਬਾਲ (ਪੁਰਸ਼) 9 ਤੋਂ 16 ਦਸੰਬਰ 2024 ਤੱਕ ਗੋਆ ਅਤੇ ਲਾਅਨ ਟੈਨਿਸ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 15 ਤੋਂ 21 ਦਸੰਬਰ 2024 ਤੱਕ ਜੈਪੁਰ ਵਿਖੇ ਕਰਵਾਇਆ ਜਾ ਰਿਹਾ ਹੈ।
ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਪੰਜਾਬ ਦੀ ਫੁਟਬਾਲ (ਪੁਰਸ਼) ਟੀਮ ਦੀ ਚੋਣ ਲਈ ਟਰਾਇਲ 25 ਨਵੰਬਰ ਨੂੰ ਮਲਟੀਪਰਪਜ਼ ਖੇਡ ਸਟੇਡੀਅਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ 10 ਵਜੇ ਅਤੇ ਲਾਅਨ ਟੈਨਿਸ (ਪੁਰਸ਼ ਤੇ ਮਹਿਲਾ) ਟੀਮਾਂ ਦੀ ਚੋਣ ਲਈ ਟਰਾਇਲ 25 ਨਵੰਬਰ ਨੂੰ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 10 ਵਜੇ ਲਏ ਜਾਣਗੇ।
ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ/ਨੀਮ ਸੁਰੱਖਿਆ ਸੰਸਥਾਵਾਂ/ ਕੇਂਦਰੀ ਪੁਲੀਸ ਸੰਸਥਾਵਾਂ/ਪੁਲੀਸ / ਆਰਪੀਐਫ/ਸੀਆਈਐਸ ਐਫ/ ਬੀਐਸ.ਐਫ./ਆਈਟੀਬੀਪੀ ਅਤੇ ਐਨ ਐਸ ਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ, ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।
Chandigarh
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
ਜ਼ਿਮਨੀ ਚੋਣਾਂ ਲਈ ਤਿੰਨ ਔਰਤਾਂ ਸਮੇਤ 45 ਉਮੀਦਵਾਰ ਮੈਦਾਨ ਵਿੱਚ
ਚੰਡੀਗੜ੍ਹ, 20 ਨਵੰਬਰ (ਸ.ਬ.) ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। ਜਿਆਦਾਤਰ ਥਾਵਾਂ ਤੇ ਵੋਟਰਾਂ ਵਿੱਚ ਉਤਸ਼ਾਹ ਦਿਖਾਈ ਦੇ ਰਿਹਾ ਹੈ। ਜ਼ਿਮਨੀ ਚੋਣਾਂ ਲਈ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਪੋਲਿੰਗ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਸ਼ਾਮ 6 ਵਜੇ ਬੰਦ ਹੋਵੇਗੀ।
ਜ਼ਿਮਨੀ ਚੋਣਾਂ ਲਈ ਤਿੰਨ ਔਰਤਾਂ ਸਮੇਤ 45 ਉਮੀਦਵਾਰ ਮੈਦਾਨ ਵਿੱਚ ਹਨ। 831 ਪੋਲਿੰਗ ਸਟੇਸ਼ਨਾਂ ਤੇ 3.31 ਲੱਖ ਔਰਤਾਂ ਸਮੇਤ ਕੁੱਲ 6.96 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ 6,400 ਤੋਂ ਵੱਧ ਜਵਾਨ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਵੋਟਿੰਗ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਹੋ ਰਹੀ ਹੈ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਵਲੋਂ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫ਼ੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਪੋਲਿੰਗ ਸਟਾਫ਼ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਖਾਣ-ਪੀਣ, ਰਿਹਾਇਸ਼ ਦੇ ਉਚਿਤ ਪ੍ਰਬੰਧ ਅਤੇ ਵੱਧ ਰਹੀ ਠੰਡ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਪਖ਼ਾਨਿਆਂ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ 3 ਵਜੇ ਤੱਕ ਗਿੱਦੜਬਾਹਾ ਵਿੱਚ 65.08 ਫੀਸਦ, ਡੇਰਾ ਬਾਬਾ ਨਾਨਕ ਵਿੱਚ 52.3 ਫੀਸਦ, ਬਰਨਾਲਾ ਵਿੱਚ 40 ਫੀਸਦ ਅਤੇ ਚੱਬੇਵਾਲ ਵਿੱਚ 40.25 ਫੀਸਦ ਵੋਟਿੰਗ ਹੋਈ ਹੈ। ਇਸ ਦੌਰਾਨ ਅੱਜ ਸਵੇਰੇ ਤਕਨੀਕੀ ਖ਼ਰਾਬੀ ਕਾਰਨ ਗਿੱਦੜਬਾਹਾ ਦੇ ਪੋਲਿੰਗ ਬੂਥ ਨੰਬਰ 152 ਤੇ ਇੱਕ ਘੰਟੇ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਚਾਲੂ ਨਹੀਂ ਹੋ ਸਕੀ। ਮਸ਼ੀਨ ਨੂੰ ਸਵੇਰੇ 8 ਵਜੇ ਦੇ ਕਰੀਬ ਠੀਕ ਕੀਤਾ ਗਿਆ।
ਜਿਕਰਯੋਗ ਹੈ ਕਿ ਮੌਜੂਦਾ ਸੰਸਦ ਮੈਂਬਰਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਸੋਹਣ ਸਿੰਘ ਠੰਡਲ ਅਤੇ ਰਵੀਕਰਨ ਸਿੰਘ ਕਾਹਲੋਂ (ਭਾਜਪਾ), ਅੰਮ੍ਰਿਤਾ ਵੜਿੰਗ ਅਤੇ ਜਤਿੰਦਰ ਕੌਰ (ਕਾਂਗਰਸ), ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਇਸ਼ਾਂਕ ਕੁਮਾਰ ਚੱਬੇਵਾਲ (ਆਪ) ਚੋਣ ਮੈਦਾਨ ਵਿੱਚ ਹਨ। ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹੈ। ਜਤਿੰਦਰ ਕੌਰ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਨਹੀਂ ਉਤਾਰੇ ਹਨ, ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
ਹਲਕਾ ਡੇਰਾ ਬਾਬਾ ਨਾਨਕ ਤੋਂ ਝੜਪ ਦਾ ਮਾਮਲਾ ਸਾਹਮਣੇੇ ਆਇਆ
ਇਸ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਵਿਚ ਕਥਿਤ ਝੜਪ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਕਾਂਗਰਸ ਸਮਰਥਕਾਂ ਤੇ ਹਮਲਾ ਕਰ ਦਿੱਤਾ। ਮੌਕੇ ਤੇ ਪੁੱਜੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ਤੇ ਹਮਲਾ ਕੀਤਾ ਹੈ।
ਵੋਟ ਪਾਉਣ ਤੋਂ ਬਾਅਦ ਤੁਰੀ ਵਿਦੇਸ਼ ਤੋਂ ਆਏ ਲਾੜੇ ਦੀ ਬਾਰਾਤ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਨਾਨੋਹਾਰਨੀ ਵਿਖੇ ਵਿਦੇਸ਼ ਤੋਂ ਪਰਤੇ ਜਰਮਨਜੀਤ ਸਿੰਘ ਦਾ ਅੱਜ ਵਿਆਹ ਸੀ ਅਤੇ ਉਹ ਅੱਜ ਪਿੰਡ ਦੇ ਬੂਥ ਤੇ ਪਰਿਵਾਰਕ ਜੀਆਂ ਸਮੇਤ ਵੋਟਾਂ ਪਾ ਕੇ ਜੰਝ ਚੜੇ। ਜਰਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਇਸਤੋਂ ਬਾਅਦ ਬਰਾਤ ਤੋਰੀ ਜਾ ਰਹੀ ਹੈ।
Chandigarh
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ
ਸਾਲਾਨਾ 200 ਨੌਜਵਾਨਾਂ ਨੂੰ ਹੈਲਥ ਸਕਿੱਲ ਡਿਵੈਲਪਮੈਂਟ ਕੋਰਸਾਂ ਵਿੱਚ ਦਿੱਤੀ ਜਾਵੇਗੀ ਸਿਖਲਾਈ: ਅਮਨ ਅਰੋੜਾ
ਚੰਡੀਗੜ੍ਹ, 20 ਨਵੰਬਰ (ਸ.ਬ.) ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਸਾਲਾਨਾ ਘੱਟੋ-ਘੱਟ 200 ਉਮੀਦਵਾਰਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਦੀ ਮੌਜੂਦਗੀ ਵਿੱਚ ਇਸ ਸਮਝੌਤੇ ਤੇ ਪੀ. ਐਸ. ਡੀ. ਐਮ. ਦੀ ਮਿਸ਼ਨ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਅਤੇ ਬੀ. ਐਫ. ਯੂ. ਐਚ. ਐਸ. ਦੇ ਉਪ ਕੁਲਪਤੀ ਡਾ. ਰਾਜੀਵ ਸੂਦ ਨੇ ਹਸਤਾਖ਼ਰ ਕੀਤੇ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਹੋਮ ਹੈਲਥ ਏਡ, ਓਪਰੇਟਿੰਗ ਥੀਏਟਰ ਟੈਕਨੀਸ਼ੀਅਨ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ-ਬੇਸਿਕ, ਜਨਰਲ ਡਿਊਟੀ ਅਸਿਸਟੈਂਟ, ਡੈਂਟਲ ਅਸਿਸਟੈਂਟ, ਪਲਾਸਟਰ ਤਕਨੀਕਾਂ, ਆਰਥੋਪੈਡਿਕ ਟੈਕਨੀਸ਼ੀਅਨ, ਸੀ. ਟੀ. ਅਤੇ ਐਮ. ਆਰ. ਆਈ. ਵਿੱਚ ਹੁਨਰ ਵਿਕਾਸ ਸਿਖਲਾਈ ਸਰਟੀਫਿਕੇਟ ਕੋਰਸ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਲੋੜੀਂਦੇ ਹੁਨਰ ਨਾਲ ਲੈਸ ਕਰਨ ਲਈ ਕਾਫੀ ਅਹਿਮ ਹੈ।
ਮਿਸ਼ਨ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਕਿਹਾ ਕਿ ਪੀ. ਐਸ. ਡੀ. ਐਮ. ਵੱਲੋਂ ਫੰਡਿੰਗ, ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਉਮੀਦਵਾਰਾਂ ਦੀ ਲਾਮਬੰਦੀ ਵਿੱਚ ਸਹਿਯੋਗ ਦਿੱਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਨਿਗਰਾਨੀ ਕੀਤੀ ਜਾਵੇਗੀ।
Chandigarh
ਚੰਡੀਗੜ੍ਹ ਵਿੱਚ ਨਾਜਾਇਜ਼ ਖੁਦਾਈ ਕਾਰਨ ਤਿੰਨ ਦਰੱਖਤ ਡਿੱਗੇ
ਮਕਾਨ ਦੇ ਡਿੱਗਣ ਦਾ ਵੀ ਪੈਦਾ ਹੋਇਆ ਖਤਰਾ
ਚੰਡੀਗੜ੍ਹ, 20 ਨਵੰਬਰ (ਸ.ਬ.) ਚੰਡੀਗੜ੍ਹ ਦੇ ਸੈਕਟਰ 33 ਵਿੱਚ ਨਾਜਾਇਜ਼ ਖੁਦਾਈ ਕਾਰਨ ਬੀਤੀ ਦੇਰ ਰਾਤ ਮਕਾਨ ਦੀ ਚਾਰਦੀਵਾਰੀ ਨੇੜੇ ਖੜ੍ਹੇ ਤਿੰਨ ਦਰੱਖਤ ਡਿੱਗ ਗਏ। ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-33 ਦੇ ਮਕਾਨ ਨੰਬਰ 332 ਨੇੜੇ ਚਾਰ ਮਹੀਨਿਆਂ ਤੋਂ ਚੱਲ ਰਹੀ ਨਾਜਾਇਜ਼ ਖੁਦਾਈ ਦੌਰਾਨ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਮਕਾਨ ਦੀ ਚਾਰਦੀਵਾਰੀ ਨੇੜੇ ਖੜ੍ਹੇ ਤਿੰਨ ਦਰੱਖਤ ਡਿੱਗ ਗਏ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਅਤੇ ਠੇਕੇਦਾਰ ਦੀ ਲਾਪ੍ਰਵਾਹੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਘਟਨਾ ਤੋਂ ਤੁਰੰਤ ਬਾਅਦ ਇਲਾਕਾ ਵਾਸੀਆਂ ਨੇ ਕੰਟਰੋਲ ਰੂਮ ਅਤੇ ਇਲਾਕਾ ਕੌਂਸਲਰ ਅੰਜੂ ਕਤਿਆਲ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਕੌਂਸਲਰ ਨੇ ਕਿਹਾ ਕਿ ਉਸਾਰੀ ਬਿਨਾਂ ਕਿਸੇ ਮਨਜ਼ੂਰੀ ਦੇ ਚੱਲ ਰਹੀ ਸੀ ਅਤੇ ਠੇਕੇਦਾਰ ਨੇ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕੀਤਾ ਸੀ। ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਇਹ ਹਾਦਸਾ ਟਲ ਸਕਦਾ ਸੀ। ਉਹਨਾਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦਾ ਵਾਅਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਲਗਾਤਾਰ ਨਿਗਰਾਨੀ ਰੱਖੀ ਹੁੰਦੀ ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਉਸਾਰੀਆਂ ਤੇ ਸਖ਼ਤ ਜੁਰਮਾਨਾ ਲਗਾਇਆ ਜਾਵੇ ਅਤੇ ਉਸਾਰੀ ਵਾਲੀਆਂ ਥਾਵਾਂ ਦੀ ਨਿਯਮਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ।
-
International1 month ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਡੈਨਮਾਰਕ ਵਿੱਚ ਇਜ਼ਰਾਈਲੀ ਦੂਤਾਵਾਸ ਨੇੜੇ ਦੋ ਧਮਾਕੇ, ਭਾਰੀ ਪੁਲੀਸ ਬਲ ਤਾਇਨਾਤ
-
Mohali2 months ago
ਰਾਜਪੁਰਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
Editorial2 months ago
ਪੰਚਾਇਤ ਚੋਣਾਂ ਕਾਰਨ ਪਿੰਡਾਂ ਵਿੱਚ ਬਣ ਰਿਹਾ ਹੈ ਵਿਆਹਾਂ ਵਰਗਾ ਮਾਹੌਲ