Connect with us

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਹੀਰੋ ਡੀਲਕਸ ਮੋਟਰ ਸਾਈਕਲ ਭੇਂਟ

Published

on

 

 

ਐਸ ਏ ਐਸ ਨਗਰ, 26 ਨਵੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਗੁਪਤ ਦਾਨੀ ਸੱਜਣ ਵੱਲੋਂ ‘ਹੀਰੋ ਡਿਲਕਸ’ ਮੌਟਰ ਸਾਈਕਲ ਭੇਂਟ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਕੋਈ ਦਾਨੀ ਸੱਜਣ ਇਸ ਹੀਰੋ ਡੀਲਕਸ ਮੋਟਰ ਸਾਈਕਲ ਦੀ ਚਾਬੀ ਵਿੱਚ ਲਗਾ ਕੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਬਿਲਕੁੱਲ ਨੇੜੇ ਖੜ੍ਹਾ ਕਰਕੇ ਬਿਨਾ ਕਿਸੇ ਨੂੰ ਦੱਸੇ ਚਲਾ ਗਿਆ।

ਉਨ੍ਹਾਂ ਦੱਸਿਆ ਕਿ ਪਹਿਰੇਦਾਰ ਵੱਲੋਂ ਜਾਣਕਾਰੀ ਦੇਣ ਤੇ ਜਦੋਂ ਪ੍ਰਬੰਧਕਾਂ ਨੇ ਦੇਖਿਆ ਮੋਟਰ ਸਾਈਕਲ ਦੇ ਸਾਰੇ ਕਾਗਜਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹੈ। ਇਨ੍ਹਾਂ ਕਾਗਜਾਂ ਦੇ ਨਾਲ ਦਾਨੀ ਸੱਜਣ ਵੱਲੋਂ ਇੱਕ ਚਿੱਠੀ ਬੇਨਤੀ ਰੂਪ ਵਿੱਚ ਰੱਖੀ ਹੋਈ ਸੀ ਜਿਸ ਵਿੱਚ ਲਿਖਿਆ ਸੀ ਕਿ ਦਾਸ ਇਸ ਸ਼ਹੀਦੀ ਸਥਾਨ ਤੇ ਚੱਲ ਰਹੀ ਕਾਰ ਸੇਵਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸੇਵਾ-ਸੰਭਾਲ ਅਤੇ ਨਵੇਂ ਸਰੂਪਾਂ ਦੀ ਨਿਸ਼ਕਾਮ ਸੇਵਾ ਤੋਂ ਬਹੁਤ ਪ੍ਰਭਾਵਿਤ ਹੈ। ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁੰਦਾ ਅਦਬ ਸਤਿਕਾਰ ਅਤੇ ਕਾਰ ਸੇਵਾ ਵੇਖ ਕੇ ਦਾਸ ਵੀ ਤੁੱਛ ਮਾਤਰ ਇਹ ਮੋਟਰ ਸਾਈਕਲ ਕਾਰ ਸੇਵਾ ਲਈ ਭੇਂਟ ਕਰਨਾ ਚਾਹੁੰਦਾ ਹੈ। ਕਾਗਜਾਂ ਦੇ ਮੁਤਾਬਿਕ ਮੋਟਰ ਸਾਈਕਲ ਦੀ ਕੀਮਤ 78,600 ਰੁਪਏ ਹਨ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾ ਦਿੱਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਹੀਦਾਂ ਦੇ ਇਸ ਅਸਥਾਨ ਤੇ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, ਮਹਿੰਦਰਾ ਮਰਾਜੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 3 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕ ਅੱਪ, ਮਹਿੰਦਰਾ ਯੂਟੀਲੀਟੀ, ਮਹਿੰਦਰਾ ਕੈਂਪਰ, ਮਹਿੰਦਰ ਮਿਨੀ ਟਰੱਕ 3200, ਮੈਕਸ ਪਿਕਅੱਪ, ਟਾਟਾ ਐਲ ਪੀ. ਟਰੱਕ, ਅਸ਼ੋਕਾ ਲੈ ਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ।

Continue Reading

Mohali

ਸ਼ੁਭਮ ਦੇ ਗੋਲੀ ਮਾਰਨ ਵਾਲਾ ਕਰਨ ਸ਼ਰਮਾ 2 ਦਿਨ ਦੇ ਪੁਲੀਸ ਰਿਮਾਂਡ ਤੇ

Published

on

By

 

ਮੁਲਜਮ ਨੇ ਪਿਸਟਲ ਅਤੇ ਕਾਰਤੂਸ ਲਿਆਂਦੇ ਸੀ ਯੂ ਪੀ ਤੋਂ

ਐਸ ਏ ਐਸ ਨਗਰ, 28 ਦਸੰਬਰ (ਜਸਬੀਰ ਸਿੰਘ ਜੱਸੀ) ਫੇਜ਼ 4 ਵਿਚਲੀ ਪਾਰਕ ਵਿੱਚ ਦੋ ਨੌਜਵਾਨਾਂ ਦੀ ਇਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਹੋਈ ਲੜਾਈ ਤੋਂ ਬਾਅਦ ਸ਼ੁਭਮ ਨਾਮ ਦੇ ਨੌਜਵਾਨ ਤੇ ਗੋਲੀ ਚਲਾਉਣ ਵਾਲੇ ਕਰਨ ਸ਼ਰਮਾ ਦਾ ਪੁਲੀਸ ਨੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

ਇਸ ਸਬੰਧੀ ਏ. ਐਸ. ਪੀ ਜੇਅੰਤ ਪੁਰੀ ਅਤੇ ਐਸ. ਐਚ. ਓ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕਰਨ ਕੋਲੋਂ ਵਾਰਦਾਤ ਵਿੱਚ ਵਰਤੀ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਅਸਲਾ ਨਜਾਇਜ ਹੈ, ਜੋ ਕਿ ਕਰਨ ਵਲੋਂ ਯੂ ਪੀ ਤੋਂ ਲਿਆਂਦਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ ਨੂੰ ਹਿਮਾਚਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਰਨ ਸ਼ਰਮਾ ਤੇ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ, ਸ਼ੁਭਮ ਅਤੇ ਉਕਤ ਲੜਕੀ (ਤਿੰਨੋਂ ਜਣੇ) ਫੇਜ਼ 8 ਬੀ ਵਿਚਲੀ ਇਕ ਕੰਪਨੀ ਵਿੱਚ ਨੌਕਰੀ ਕਰਦੇ ਹਨ। ਸ਼ੁਭਮ ਹੁਣੇ ਵੀ ਸੈਕਟਰ 32 ਚੰਡੀਗੜ੍ਹ ਦੇ ਜੀ.ਐਮ.ਸੀ ਹਸਪਤਾਲ ਵਿਚ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਕਰਨ ਸ਼ਰਮਾ ਇਸ ਸਮੇਂ ਧਨਾਸ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ।

ਜਿਕਰਯੋਗ ਹੈ ਕਿ ਬੀਤੇ ਬੁਧਵਾਰ ਦੇਰ ਰਾਤ ਸ਼ੁਭਮ ਆਪਣੀ ਇਕ ਮਹਿਲਾ ਦੋਸਤ ਨਾਲ ਫੇਜ਼ 4 ਵਿਚਲੇ ਪਾਰਕ ਵਿਚ ਬੈਠਾ ਸੀ। ਇਸ ਦੌਰਾਨ ਕਰਨ ਸ਼ਰਮਾ ਨਾਂ ਦਾ ਨੌਜਵਾਨ ਪਾਰਕ ਵਿਚ ਆਇਆ ਅਤੇ ਉਕਤ ਲੜਕੀ ਨੂੰ ਕਹਿਣ ਲੱਗਾ ਕਿ ਉਹ ਸ਼ੁਭਮ ਨਾਲ ਕਿਉਂ ਬੈਠੀ ਹੈ। ਲੜਕੀ ਨੇ ਕਰਨ ਨੂੰ ਕਿਹਾ ਕਿ ਉਸ ਦਾ ਹੁਣ ਉਸ ਨਾਲ (ਕਰਨ) ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਉਹ ਆਪਣੀ ਮਰਜੀ ਨਾਲ ਕਿਸੇ ਨਾਲ ਕਿਤੇ ਵੀ ਆ ਜਾ ਸਕਦੀ ਹੈ। ਉਧਰ ਸ਼ੁਭਮ ਨੇ ਵੀ ਕਰਨ ਨੂੰ ਕਿਹਾ ਕਿ ਉਹ ਚਲੇ ਜਾਵੇ, ਸ਼ੁਭਮ ਦੀ ਗੱਲ ਸੁਣ ਕੇ ਕਰਨ ਅਤੇ ਸ਼ੁਭਮ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਉਕਤ ਲੜਕੀ ਨੂੰ ਲੈ ਕੇ ਦੋਵਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ।

ਇਸ ਉਪਰੰਤ ਲੜਕੀ ਨੇ ਦੋਵਾਂ ਨੂੰ ਸ਼ਾਂਤ ਕੀਤਾ ਅਤੇ ਲੜਕੀ ਸ਼ੁਭਮ ਨੂੰ ਲੈ ਕੇ ਪਾਰਕ ਵਿੱਚੋਂ ਬਾਹਰ ਨਿਕਲਣ ਲੱਗੀ। ਸ਼ੁਭਮ ਅਤੇ ਲੜਕੀ ਜਿਵੇਂ ਹੀ ਪਾਰਕ ਦੇ ਗੇਟ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਕਰਨ ਨੇ ਸ਼ੁਭਮ ਤੇ ਦੋ ਗੋਲੀਆਂ ਚਲਾਈਆਂ, ਜਿਨਾਂ ਵਿੱਚੋਂ ਇਕ ਗੋਲੀ ਸ਼ੁਭਮ ਦੇ ਗਰਦਨ ਅਤੇ ਮੋਢੇ ਦੇ ਵਿਚਕਾਰ ਵੱਜੀ। ਗੋਲੀ ਲੱਗਣ ਕਾਰਨ ਸ਼ੁਭਮ ਹੇਠਾਂ ਡਿੱਗ ਪਿਆ ਅਤੇ ਕਰਨ ਮੌਕੇ ਤੋਂ ਫਰਾਰ ਹੋ ਗਿਆ।

ਇਸ ਘਟਨਾ ਸਬੰਧੀ ਮੌਕੇ ਤੇ ਪਹੁੰਚੀ ਪੀ. ਸੀ. ਆਰ ਪਾਰਟੀ ਨੇ ਜਖਮੀ ਸ਼ੁਭਮ ਨੂੰ ਫੇਜ਼ 6 ਵਿਚਲੇ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਸ਼ੁਭਮ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਸੀ।

Continue Reading

Mohali

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁ: ਸਿੰਘ ਸ਼ਹੀਦਾਂ ਸੋਹਾਣਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

Published

on

By

 

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਗੁ: ਸ੍ਰੀ ਫਤਹਿਗੜ੍ਹ ਸਾਹਿਬ ਤੱਕ ਕੀਤਾ ਗਿਆ। ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਇਆ।

ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਬਹੁਤ ਹੀ ਵਧੀਆ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤੇ ਗਏ ਸਨ। ਨਗਰ ਕੀਰਤਨ ਵਿੱਚ ਫੌਜੀ ਬੈਂਡ ਅਤੇ ਹੋਰ ਕਈ ਤਰ੍ਹਾਂ ਦੇ ਬੈਂਡ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੀਆਂ ਧੁੰਨਾਂ ਵਜਾ ਰਹੇ ਸਨ।

ਇਸ ਮੌਕੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਲਾਕਾ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਗੀ, ਢਾਡੀ, ਕੀਰਤਨੀ ਜੱਥਿਆਂ ਨੇ ਸਿੱਖ ਇਤਿਹਾਸ ਅਤੇ ਸਾਹਿਬਜਾਦਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।

ਰਸਤੇ ਵਿੱਚ ਸੰਗਤਾਂ ਵੱਲੋਂ ਬ੍ਰੈੱਡ ਪਕੌੜਿਆਂ, ਬਿਸਕੁੱਟ, ਦੁੱਧ, ਕੜਾਹਿ ਪ੍ਰਸ਼ਾਦਿ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਨੇ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ, ਜੀਪਾਂ, ਟਰੈਕਟਰਾਂ, ਬੱਸਾਂ ਆਦਿ ਰਾਹੀਂ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮਗਿਆਨੀ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਹਰ ਸਾਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਸ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ 31 ਦਸੰਬਰ ਨੂੰ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਜੀ ਦੀ ਯਾਦ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਰਾਤ 12:00 ਵਜੇ ਤੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜੱਥੇ ਅਤੇ ਉੱਚ ਕੋਟੀ ਦੇ ਢਾਡੀ, ਕਵੀਸ਼ਰ, ਸੰਤ ਵਿਦਵਾਨ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Continue Reading

Mohali

ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਨੂੰ ਵਿਵਾਦਤ ਕਰਨ ਨਾਲ ਕੇਂਦਰ ਸਰਕਾਰ ਦਾ ਆਪਣਾ ਕੱਦ ਘਟਿਆ : ਕੁਲਜੀਤ ਸਿੰਘ ਬੇਦੀ

Published

on

By

 

 

ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਦਿੱਲੀ ਵਿੱਚ ਯਾਦਗਾਰ ਬਣਾਉਣ, ਭਾਰਤ ਰਤਨ ਦੇਣ ਦੀ ਮੰਗ ਕੀਤੀ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਮੁਹਾਲੀ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਇੱਕ ਪਾਸੇ ਮਹਾਨ ਸ਼ਖਸ਼ੀਅਤ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚਲਾਣੇ ਉੱਤੇ ਪੂਰਾ ਸੰਸਾਰ ਸੋਗ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਮੁਲਕ ਦੇ ਸੱਤਾਧਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਸੰਸਕਾਰ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਵੱਲੋਂ ਰਾਜ ਘਾਟ ਵਿਖੇ ਉਹਨਾਂ ਦੇ ਸਸਕਾਰ ਦੀ ਬੇਨਤੀ ਨੂੰ ਅਣਗੌਲਿਆ ਕਰਕੇ ਆਪਣੀ ਸਰਕਾਰ ਦਾ ਹੀ ਕੱਦ ਘਟਾਇਆ ਹੈ ਅਤੇ ਭਾਰਤ ਦੇ ਲੋਕ ਕਦੇ ਇਸ ਗੱਲ ਨੂੰ ਨਹੀਂ ਭੁੱਲਣਗੇ ਤੇ ਨਾ ਹੀ ਮੌਜੂਦਾ ਸਰਕਾਰ ਨੂੰ ਮੁਆਫ ਕਰਨਗੇ।

ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਫਰਕ ਸਾਫ ਦਿਖਾਈ ਦਿੰਦਾ ਹੈ। ਜਿੱਥੇ ਡਾਕਟਰ ਮਨਮੋਹਨ ਸਿੰਘ ਗਰੀਬਾਂ ਅਤੇ ਮੱਧ ਵਰਗੀ ਪਰਿਵਾਰਾਂ ਦੇ ਪ੍ਰਧਾਨ ਮੰਤਰੀ ਸਨ ਉੱਥੇ ਮੌਜੂਦਾ ਸਰਕਾਰ ਅਮੀਰਾਂ ਦੀ ਸਰਕਾਰ ਹੈ। ਇਹੀ ਕਾਰਨ ਹੈ ਕਿ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਮਜ਼ਦੂਰਾਂ ਵਾਸਤੇ ਮਨਰੇਗਾ ਸਕੀਮ ਲਿਆਂਦੀ, ਆਧਾਰ ਕਾਰਡ ਲਿਆਂਦਾ, ਆਪਣੀ ਹੀ ਸਰਕਾਰ ਦੀ ਆਲੋਚਨਾ ਹੋਣ ਦੇ ਬਾਵਜੂਦ ਸੂਚਨਾ ਦਾ ਅਧਿਕਾਰ ਲਿਆਂਦਾ, ਸਭ ਤੋਂ ਵੱਡੀ ਗੱਲ ਭਾਰਤ ਦੇ ਹੱਕ ਵਿੱਚ ਅੰਤਰਰਾਸ਼ਟਰੀ ਪਰਮਾਣੂ ਸਮਝੌਤਾ ਕੀਤਾ ਅਤੇ ਆਪਣੇ ਵਿੱਤੀ ਫੈਸਲਿਆਂ ਨਾਲ ਦੇਸ਼ ਨੂੰ ਗਰਕ ਵਿੱਚ ਜਾਣ ਤੋਂ ਬਚਾਇਆ ਅਤੇ ਬੁਲੰਦੀਆਂ ਤੇ ਪਹੁੰਚਾਇਆ।

ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਅੱਜ ਗਰੀਬਾਂ ਨੂੰ ਪੰਜ ਕਿਲੋ ਰਾਸ਼ਨ ਵੰਡ ਕੇ ਆਪਣੇ ਪਿੱਠ ਥਾਪੜਦੇ ਫਿਰਦੇ ਹਨ, ਉਸ ਦਾ ਰਾਈਟ ਟੂ ਫੂਡ ਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਹੀ ਲਿਆਂਦਾ ਸੀ। ਉਹਨਾਂ ਕਿਹਾ ਕਿ ਦੇਸ਼ ਦੇ ਇਸ ਮਹਾਨ ਸਪੂਤ ਨਾਲ ਅਜਿਹਾ ਵਿਤਕਰਾ ਭਾਰਤੀ ਜਨਤਾ ਪਾਰਟੀ ਨੂੰ ਸ਼ੋਭਾ ਨਹੀਂ ਦਿੰਦਾ।

ਉਹਨਾਂ ਕਿਹਾ ਕਿ ਖਾਸ ਤੌਰ ਤੇ ਇਹ ਵਿਤਕਰਾ ਸਿੱਖਾਂ ਨਾਲ ਕੀਤਾ ਗਿਆ ਹੈ ਜੋ ਦੇਸ਼ ਵਿੱਚ ਘੱਟ ਗਿਣਤੀ ਹਨ ਜਿਸ ਕਾਰਨ ਨਾ ਸਿਰਫ ਸਮੁੱਚੇ ਪੰਜਾਬੀਆਂ ਸਗੋਂ ਪੂਰੇ ਦੇਸ਼ ਵਿੱਚ ਬਹੁਤ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਕਦਮ ਨਾਲ ਡਾਕਟਰ ਮਨਮੋਹਨ ਸਿੰਘ ਦਾ ਕਦ ਹੋਰ ਵਧਿਆ ਹੀ ਹੈ ਅਤੇ ਡਾਕਟਰ ਮਨਮੋਹਨ ਸਿੰਘ ਵੱਲੋਂ ਖਿੱਚੀ ਗਈ ਲਕੀਰ ਦੇ ਸਾਹਮਣੇ ਮੌਜੂਦਾ ਸੱਤਾਧਾਰੀ ਸਥਿਰ ਦੇ ਸਾਰੇ ਆਗੂ ਪੌਣੇ ਹੋ ਕੇ ਰਹਿ ਗਏ ਹਨ।

ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਜਲੀਲ ਕਰਨ ਦਾ ਯਤਨ ਕਰਦੀ ਰਹੀ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ ਡਾਕਟਰ ਮਨਮੋਹਨ ਸਿੰਘ ਵਰਗੀ ਸੱਚੀ ਸੁੱਚੀ ਅਤੇ ਇਮਾਨਦਾਰ ਸ਼ਖਸ਼ੀਅਤ ਨੂੰ ਬਦਨਾਮ ਕਰਨ ਦੇ ਸਾਰੇ ਯਤਨ ਨਾਕਾਮਯਾਬ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਵੱਡੇ ਆਗੂ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇ ਰਹੀ ਹੈ ਅਤੇ ਸਲਾਮ ਕਰ ਰਹੇ ਹਨ।

ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਦਿੱਲੀ ਵਿੱਚ ਬਣਾਈ ਜਾਵੇ, ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਆਰੰਭ ਕੀਤੀਆਂ ਗਈਆਂ ਸਕੀਮਾਂ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉੱਤੇ ਰੱਖਿਆ ਜਾਵੇ।

 

Continue Reading

Latest News

Trending