Punjab
ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਪੁਲੀਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲਿਆ
ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿੱਚ ਲਿਆਂਦਾ
ਖਨੌਰੀ, 26 ਨਵੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਆਰੰਭ ਕਰਨ ਤੋਂ ਪਹਿਲਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿਚ ਲਿਆਂਦਾ ਗਿਆ ਹੈ, ਇੱਥੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਡੀ ਐੱਮ ਸੀ ਹਸਪਤਾਲ ਵਿਖੇ ਭਾਰੀ ਪੁਲੀਸ ਫ਼ੋਰਸ ਵੀ ਤਾਇਨਾਤ ਕੀਤੀ ਗਈ ਹੈ। ਪੰਜਾਬ ਪੁਲੀਸ ਦੇ ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਖਨੌਰੀ ਸਰਹੱਦ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲੀਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਹੁਣ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ਤੇ ਬੈਠਣਗੇ। ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਡੱਲੇਵਾਲ ਨੂੰ ਚੁੱਕਿਆ ਹੈ ਪਰ ਇਕ ਡੱਲੇਵਾਲ ਦੇ ਜਾਣ ਨਾਲ ਕਈ ਹੋਰ ਡੱਲੇਵਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ਤੇ ਬੈਠਣਗੇ ਤੇ ਕਿਸਾਨਾਂ ਵਲੋਂ ਪਹਿਲਾਂ ਉਲੀਕਿਆ ਪ੍ਰੋਗਰਾਮ ਜਿਉਂ ਦਾ ਤਿਉਂ ਰਹੇਗਾ।
ਉਹਨਾਂ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰ ਨਾਲ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਗੱਲਬਾਤ ਲਈ 10 ਦਿਨ ਦਾ ਸਮਾਂ ਹੈ ਤੇ ਉਨ੍ਹਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪ੍ਰੋ. ਚੰਦੂਮਾਜਰਾ ਵੱਲੋਂ ਨਿਖੇਧੀ
ਚੰਡੀਗੜ੍ਹ : ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੁਲੀਸ ਵਲੋਂ ਕੀਤੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਮਾਨ ਸਰਕਾਰ ਦੇ ਇਸ਼ਾਰੇ ਉੱਤੇ ਅਪਰਾਧੀਆਂ ਵਾਂਗ ਕੀਤਾ ਦੁਰਵਿਵਹਾਰ ਗੈਰ ਇਖਲਾਕੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸਾਨ ਆਗੂ ਡੱਲੇਵਾਲ ਦੇ ਭੁੱਖ ਹੜਤਾਲ ਰੱਖਣ ਤੋਂ ਇੱਕ ਦਿਨ ਪਹਿਲਾਂ ਕਿਸਾਨਾਂ ਨਾਲ ਡਟਕੇ ਖੜ੍ਹਨ ਦਾ ਢੌਂਗ ਕਰ ਰਹੇ ਸਨ, ਪ੍ਰੰਤੂ ਦੂਜੇ ਪਾਸੇ ਰਾਤ ਦੇ ਵਕਤ ਕਿਸਾਨ ਆਗੂ ਨੂੰ ਧੱਕੇ ਨਾਲ ਚੁੱਕ ਗ੍ਰਿਫ਼ਤਾਰ ਕਰਨਾ ਸੂਬੇ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ।
Mohali
ਪਿੰਡ ਮੁਹਾਲੀ ਵਿੱਚ ਸਿਲੰਡਰ ਵਿੱਚੋਂ ਗੈਸ ਕੱਢ ਕੇ ਛੋਟੇ ਸਿਲੰਡਰ ਵਿੱਚ ਭਰਨ ਦੌਰਾਨ ਫਟਿਆ ਸਿਲੰਡਰ, ਰਾਹਗੀਰ ਔਰਤ ਅਤੇ ਸਿਲੰਡਰ ਭਰਨ ਵਾਲਾ ਜਖਮੀ
ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ਨਾਜਾਇਜ਼ ਕਾਰੋਬਾਰ : ਰਵਿੰਦਰ ਸਿੰਘ
ਐਸ ਏ ਐਸ ਨਗਰ, 26 ਨਵੰਬਰ (ਜਸਬੀਰ ਜੱਸੀ) ਅੱਜ ਸਵੇਰ ਸਮੇਂ ਇਥੋਂ ਦੇ ਮੁਹਾਲੀ ਪਿੰਡ ਵਿਖੇ ਵੱਡੇ ਗੈਸ ਸਲੰਡਰ ਵਿੱਚੋਂ ਛੋਟੇ ਗੈਸ ਸਲੰਡਰ ਵਿੱਚ ਗੈਸ ਭਰਨ ਸਮੇਂ ਸਿਲੰਡਰ ਫਟਣ ਨਾਲ ਦੋ ਜਣਿਆਂ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਹਾਲੀ ਪਿੰਡ ਦੇ ਕੌਂਸਲਰ ਰਵਿੰਦਰ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਪਿੰਡ ਮੁਹਾਲੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਗੈਸ ਸਿਲੰਡਰ ਭਰ ਕੇ ਵੇਚਣ ਦਾ ਨਜਾਇਜ਼ ਧੰਦਾ ਚੱਲ ਰਿਹਾ ਹੈ ਅਤੇ ਇਹ ਨਾਜਾਇਜ ਕਾਰੋਬਾਰ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਜਾਇਜ਼ ਧੰਦੇ ਸਬੰਧੀ ਫੂਡ ਸਪਲਾਈ ਮਹਿਕਮੇ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪ੍ਰੰਤੂ ਮਹਿਕਮੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਪਤਾ ਲੱਗਦਾ ਹੈ ਕਿ ਮਹਿਕਮੇ ਦੇ ਕੁਝ ਅਫਸਰਾਂ ਦੀ ਸ਼ਹਿ ਤੇ ਇਹ ਨਜਾਇਜ਼ ਕਾਰੋਬਾਰ ਚਲਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਪਿੰਡ ਮੁਹਾਲੀ ਵਿਚਲੀ ਮਾਰਕੀਟ ਵਿਚ ਅਚਾਨਕ ਇਕ ਧਮਾਕਾ ਹੋਇਆ। ਧਮਾਕੇ ਦੀ ਆਵਾਜ ਸੁਣ ਕੇ ਪਹਿਲਾਂ ਤਾਂ ਲੋਕ ਕਿਸੇ ਬੰਬ ਫਟਣ ਦੀ ਅਵਾਜ ਸਮਝ ਕੇ ਇਧਰ ਉਧਰ ਭੱਜਣ ਲੱਗ ਪਏ। ਇਸ ਦੌਰਾਨ ਇੱਕ ਦੁਕਾਨਦਾਰ ਵਲੋਂ ਜਦੋਂ ਰੌਲਾ ਪਾਇਆ ਗਿਆ ਕਿ ਇਹ ਧਮਾਕਾ ਗੈਸ ਸਲੰਡਰ ਫਟਣ ਕਾਰਨ ਹੋਇਆ ਹੈ ਤਾਂ ਲੋਕ ਇਕੱਠੇ ਹੋ ਗਏ।
ਗੈਸ ਸਲੰਡਰ ਦੇ ਧਮਾਕੇ ਕਾਰਨ ਉਕਤ ਗੋਦਾਮ ਦਾ ਦਰਵਾਜਾ ਵੀ ਟੁੱਟ ਗਿਆ, ਭਾਵੇਂ ਇਸ ਧਮਾਕੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਇਸ ਧਮਾਕੇ ਦੀ ਲਪੇਟ ਵਿੱਚ ਰਾਹ ਜਾਂਦੀ ਇਕ ਮਹਿਲਾ ਵੀ ਆ ਗਈ, ਜਦੋਂ ਕਿ ਵੱਡੇ ਸਿਲੰਡਰ ਵਿੱਚੋਂ ਛੋਟੇ ਸਿਲੰਡਰ ਵਿੱਚ ਗੈਸ ਭਰਨ ਵਾਲਾ ਸਾਗਰ ਨਾਮ ਦਾ ਵਿਅਕਤੀ ਵੀ ਜਖਮੀ ਹੋ ਗਿਆ, ਦੋਵਾਂ ਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਮੁਤਾਬਕ ਜੇਕਰ ਪਿੰਡ ਵਿੱਚੋਂ ਇਹ ਨਜਾਇਜ਼ ਧੰਦਾ ਬੰਦ ਨਾ ਕਰਵਾਇਆ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਗੈਸ ਸਿਲੰਡਰ ਵਾਲਾ ਗੁਦਾਮ ਕਿਸੇ ਗੁਪਤਾ ਨਾਂ ਦੇ ਵਿਅਕਤੀ ਨੇ ਕਿਰਾਏ ਤੇ ਲੈ ਕੇ ਖੋਲਿਆ ਹੋਇਆ ਹੈ, ਜਦੋਂ ਕਿ ਮਕਾਨ ਦਾ ਮਾਲਕ ਅਮਰਜੀਤ ਸਿੰਘ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜਾ ਲਿਆ। ਉਕਤ ਗੁਦਾਮ ਵਿੱਚ 100 ਤੋਂ ਵੱਧ ਘਰੇਲੂ ਅਤੇ ਕਮਰਸ਼ੀਅਲ ਗੈਸ ਸਲੰਡਰ ਪਏ ਸਨ। ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਸੁਖਬੀਰ ਸਿੰਘ ਨੇ ਦਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਸਲਿੰਡਰ ਅਤੇ ਹੋਰ ਸਾਮਾਨ ਵੀ ਜਬਤ ਕੀਤਾ ਜਾ ਰਿਹਾ ਹੈ।
2012 ਵਿੱਚ ਵੀ ਪਿੰਡ ਵਿੱਚ ਸਲੰਡਰ ਫਟਨ ਕਾਰਨ ਇਕ ਨੌਜਵਾਨ ਦੀ ਹੋਈ ਸੀ ਮੌਤ
ਇੱਥੇ ਜਿਕਰਯੋਗ ਹੈ ਕਿ 12 ਸਾਲ ਪਹਿਲਾਂ ( 20 ਜੁਲਾਈ 2012 ਦੀ ਰਾਤ ਨੂੰ) ਵਿਕਾਸ ਨਾਮ ਦਾ ਵਿਅਕਤੀ ਸ਼ਕਤੀ ਮਾਰਕੀਟ ਵਿਚ ਇਕ ਕਮਰੇ ਵਿਚ ਗੈਰ ਕਾਨੂੰਨੀ ਢੰਗ ਨਾਲ ਐਲ.ਪੀ.ਜੀ ਗੈਸ ਦੇ ਵੱਡੇ ਸਿਲੰਡਰ ਵਿਚੋਂ ਛੋਟੇ ਸਿਲੰਡਰ ਵਿਚ ਗੈਸ ਭਰ ਰਿਹਾ ਸੀ। ਇਸ ਦੌਰਾਨ ਵੱਡੇ ਸਿਲੰਡਰ ਵਿੱਚੋਂ ਅਚਾਨਕ ਗੈਸ ਲੀਕ ਹੋਣ ਲੱਗ ਪਈ ਅਤੇ ਦੇਖਦੇ ਹੀ ਦੇਖਦੇ ਸਿਲੰਡਰ ਨੂੰ ਅੱਗ ਲੱਗ ਗਈ। ਜਿਸ ਕਾਰਨ ਵਿਕਾਸ ਜ਼ਖ਼ਮੀ ਹੋ ਗਿਆ, ਉਸਨੇ ਆਪਣਾ ਬਚਾਅ ਕਰਦਿਆਂ ਅੱਗ ਲੱਗਿਆ ਸਿਲੰਡਰ ਬਾਹਰ ਵਿਹੜੇ ਵਿਚ ਸੁੱਟ ਦਿੱਤਾ ਅਤੇ ਸਿਲੰਡਰ ਫੱਟ ਗਿਆ। ਇਸ ਦੌਰਾਨ ਵਿਹੜੇ ਵਿੱਚ ਮੰਜੇ ਤੇ ਸੁੱਤੇ ਪਏ 12 ਸਾਲ ਦੇ ਸੋਨੂੰ ਅਤੇ 14 ਸਾਲ ਦੇ ਸਾਜਿਦ ਨੂੰ ਅੱਗ ਨੇ ਆਪਣੇ ਲਪੇਟੇ ਵਿਚ ਲੈ ਲਿਆ ਸੀ ਅਤੇ ਤਿੰਨੋ ਜਣੇ ਜ਼ਖ਼ਮੀ ਹੋ ਗਏਸਨ। ਇਸ ਹਾਦਸੇ ਵਿੱਚ 70 ਫੀਸਦੀ ਤੱਕ ਸੜਨ ਕਾਰਨ ਸੋਨੂੰ ਦੀ ਮੌਤ ਹੋ ਗਈ ਸੀ। ਉਸ ਸਮੇਂ ਥਾਣਾ ਫੇਜ਼-1 ਦੀ ਪੁਲੀਸ ਨੇ ਵਿਕਾਸ ਵਾਸੀ ਪਿੰਡ ਮੁਹਾਲੀ ਦੇ ਖਿਲਾਫ ਧਾਰਾ 308,304 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
Chandigarh
ਚੰਡੀਗੜ੍ਹ ਦੇ ਸੈਕਟਰ 26 ਵਿੱਚ ਹੋਏ ਧਮਾਕੇ
ਮੋਟਰ ਸਾਈਕਲ ਤੇ ਆਏ ਨੌਜਵਾਨ ਧਮਾਕਾਖੇਜ ਵਸਤੂ ਸੁੱਟ ਕੇ ਹੋਏ ਫਰਾਰ
ਚੰਡੀਗੜ੍ਹ 26 ਨਵੰਬਰ (ਸ.ਬ.) ਸਥਾਨਕ ਸੈਕਟਰ-26 ਵਿੱਚ ਸਥਿਤ ਸੇਵਿਲੇ ਬਾਰ ਐਂਡ ਲੌਂਜ ਅਤੇ ਡੀਓਰਾ ਕਲੱਬ ਦੇ ਬਾਹਰ ਧਮਾਕਾ ਹੋਇਆ। ਇਨ੍ਹਾਂ ਧਮਾਕਿਆਂ ਕਾਰਨ ਕਲੱਬ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਲੱਬ ਦੇ ਸੁਰੱਖਿਆ ਗਾਰਡ ਪੂਰਨ ਸਿੰਘ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ਤੇ ਆਏ ਸਨ। ਇਕ ਨੌਜਵਾਨ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ, ਜਦਕਿ ਦੂਜੇ ਨੌਜਵਾਨ ਵਿਸਫੋਟਕ ਸੁੱਟ ਕੇ ਭੱਜ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਗਾਰਡ ਨੇ ਦੇਖਿਆ ਕਿ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਦੋਸ਼ੀ ਸੁਰੱਖਿਆ ਗਾਰਡ ਨਰੇਸ਼ ਨੂੰ ਧਮਕੀਆਂ ਦੇ ਰਹੇ ਸਨ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ।
ਇਹਨਾਂ ਧਮਾਕਿਆਂ ਤੋਂ ਬਾਅਦ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਦੇ ਨਾਲ-ਨਾਲ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਸੱਦਿਆ ਗਿਆ ਅਤੇ ਸੈਂਪਲ ਲਏ ਗਏ। ਪੁਲੀਸ ਨੂੰ ਸ਼ੱਕ ਹੈ ਕਿ ਇਹ ਦੇਸੀ ਬਣੇ ਬੰਬ ਹੋ ਸਕਦੇ ਹਨ, ਅਤੇ ਜ਼ਬਰੀ ਵਸੂਲੀ ਦੇ ਕੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋ ਬੰਬ ਵਰਤੇ ਗਏ ਸਨ, ਉਹ ਕਿੱਲਾਂ ਅਤੇ ਜਲਣਸ਼ੀਲ ਸਮੱਗਰੀ ਨਾਲ ਭਰੇ ਹੋਏ ਸਨ। ਪੁਲੀਸ ਨੂੰ ਸ਼ੱਕ ਹੈ ਕਿ ਇਹ ਦੇਸੀ ਬਣੇ ਬੰਬ ਹੋ ਸਕਦੇ ਹਨ, ਅਤੇ ਜ਼ਬਰੀ ਵਸੂਲੀ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਤੜਕੇ 3:15 ਵਜੇ ਕਲੱਬ ਵੱਲ ਬੰਬ ਵਰਗਾ ਪਦਾਰਥ ਸੁੱਟਦਾ ਨਜ਼ਰ ਆ ਰਿਹਾ ਹੈ। ਧਮਾਕੇ ਤੋਂ ਬਾਅਦ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ।
ਮੁਲਜ਼ਮਾਂ ਨੇ ਦੋਵੇਂ ਕਲੱਬਾਂ ਵਿਚਕਾਰ 30 ਮੀਟਰ ਦੀ ਦੂਰੀ ਤੇ ਮੋਟਰਸਾਈਕਲ ਪਾਰਕ ਕੀਤੀ ਸੀ। ਪਹਿਲਾਂ ਉਸਨੇ ਸੇਵਿਲੇ ਬਾਰ ਅਤੇ ਲੌਂਜ ਦੇ ਬਾਹਰ ਦੇਸੀ ਬਣਿਆ ਬੰਬ ਸੁੱਟਿਆ ਅਤੇ ਫਿਰ ਡੀਓਰਾ ਕਲੱਬ ਦੇ ਬਾਹਰ ਬੰਬ ਸੁੱਟਣ ਗਿਆ। ਉਸ ਸਮੇਂ ਦੋਵੇਂ ਕਲੱਬ ਬੰਦ ਸਨ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰਾਂ ਦਾ ਮਕਸਦ ਸਿਰਫ਼ ਦਹਿਸ਼ਤ ਫੈਲਾਉਣਾ ਸੀ।
Mohali
ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਅਤੇ ਨਸ਼ੇ ਦੇ ਟੀਕੇ ਬਰਾਮਦ ਹੋਣ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ 10-10 ਸਾਲ ਕੈਦ, 1-1 ਲੱਖ ਜੁਰਮਾਨਾ
ਐਸ ਏ ਐਸ ਨਗਰ, 26 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਦੀ ਇਕ ਅਦਾਲਤ ਨੇ ਥਾਣਾ ਲਾਲੜੂ ਵਿੱਚ 19 ਫਰਵਰੀ 2022 ਵਿੱਚ ਦਰਜ਼ ਨਸ਼ੀਲੀਆਂ ਸ਼ੀਸ਼ੀਆਂ ਅਤੇ ਨਸ਼ੀਲੇ ਟੀਕੇ ਬਰਾਮਦ ਹੋਣ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ 10-10 ਸਾਲ ਕੈਦ ਦੀ ਸਜਾ ਸੁਣਾਈ ਹੈ।
ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਅਜੀਤ ਅਤਰੀ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਮੋਰਿੰਡਾ ਜਿਲਾ (ਰੂਪਨਗਰ) ਅਤੇ ਪ੍ਰਿੰਸ ਸਿੰਘ ਵਾਸੀ ਮੋਰਿੰਡਾ ਨੂੰ ਐਨ. ਡੀ. ਪੀ. ਐਸ ਐਕਟ ਵਿੱਚ ਦੋਸ਼ੀ ਕਰਾਰ ਦਿੰਦਿਆ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲਾਲੜੂ ਦੀ ਪੁਲੀਸ ਵਲੋਂ ਭੈੜੇ ਅਨਸਰਾਂ ਖਿਲਾਫ ਅੰਬਾਲਾ ਚੰਡੀਗੜ੍ਹ ਰੋਡ ਖੇਡ ਸਟੇਡੀਅਮ ਲਾਲੜੂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੇ ਸਾਹਮਣੇ ਤੋਂ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲੀਸ ਨੂੰ ਦੇਖ ਕੇ ਘਬਰਾ ਗਏ ਅਤੇ ਆਪਣੇ ਹੱਥ ਵਿੱਚ ਫੜੇ ਲਿਫਾਫਿਆਂ ਨੂੰ ਸੁੱਟ ਕੇ ਵਾਪਸ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲੀਸ ਕਰਮਚਾਰੀਆਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਸਿੰਘ ਦੱਸਿਆ। ਉਨ੍ਹਾਂ ਵਲੋਂ ਸੁੱਟੇ ਗਏ ਦੋਵਾਂ ਲਿਫਾਫਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਕਤ ਲਿਫਾਫਿਆਂ ਵਿੱਚੋਂ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਅਤੇ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਨਸ਼ੀਲੀਆਂ ਦਵਾਈ ਦੀਆਂ ਸ਼ੀਸ਼ੀਆਂ ਦੀ ਗਿਣਤੀ 25 ਅਤੇ ਨਸ਼ੀਲੇ ਟੀਕਿਆਂ ਦੀ ਗਿਣਤੀ ਵੀ 25 ਸੀ। ਥਾਣਾ ਲਾਲੜੂ ਦੀ ਪੁਲੀਸ ਨੇ ਦੋਵਾਂ ਮੁਲਜਮਾਂ ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਵਿਰੁਧ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
International2 months ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ