Connect with us

Editorial

ਪੰਜਾਬ ਨੂੰ ਮੁੜ ਕਿਸੇ ਦੀ ਨਜ਼ਰ ਨਾ ਲੱਗ ਜਾਵੇ

Published

on

 

 

ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬ ਦੇ ਕਈ ਥਾਣਿਆਂ ਅਤੇ ਚੌਂਕੀਆਂ ਵਿੱਚ ਬੰਬ ਧਮਾਕੇ ਹੋਣ ਦੀਆਂ ਖਬਰਾਂ ਮੀਡੀਆ ਵਿੱਚ ਆਈਆਂ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਅਸਤੀਫ਼ਾ ਦੇ ਚੁੱਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਵੀ ਹੋ ਚੁੱਕਿਆ ਹੈ ਅਤੇ ਇਸ ਹਮਲੇ ਤੋਂ ਬਾਅਦ ਕਈ ਕਿਸਮ ਦੇ ਸਵਾਲ ਖੜੇ ਹੋ ਰਹੇ ਹਨ।

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਅਤੇ ਕੁਝ ਥਾਣਿਆਂ ਤੇ ਚੌਂਕੀਆਂ ਵਿੱਚ ਬੰਬ ਧਮਾਕੇ ਹੋਣ ਤੋਂ ਬਾਅਦ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਗਰਮਪੰਥੀ ਮੁੜ ਸਰਗਰਮ ਹੋ ਰਹੇ ਹਨ। ਇਸ ਦੌਰਾਨ ਰਾਸ਼ਟਰੀ ਮੀਡੀਆ ਇਸ ਘਟਨਾ ਨਾਲ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਵਾਪਰੀਆਂ ਕੁਝ ਹੋਰ ਘਟਨਾਵਾਂ ਨੂੰ ਵੀ ਜੋੜ ਕੇ ਪੇਸ਼ ਕਰ ਰਿਹਾ ਹੈ। ਕੁਝ ਬੁੱਧੀਜੀਵੀ ਵੀ ਕਹਿ ਰਹੇ ਹਨ ਕਿ ਸੁਖਬੀਰ ਬਾਦਲ ਤੇ ਹਮਲੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਅਤੇ ਇਸ ਘਟਨਾ ਵਿਚੋਂ ਪੰਜਾਬ ਵਿੱਚ ਆਉਣ ਵਾਲੇ ‘ਕਾਲੇ ਦਿਨਾਂ’ ਦੀ ਆਹਟ ਸੁਣਾਈ ਦੇ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਘਟਨਾ ਸਬੰਧੀ ਜਿੰਨੇ ਮੂੰਹ, ਓਨੀਆਂ ਹੀ ਗੱਲਾਂ ਹੋ ਰਹੀਆਂ ਹਨ ਅਤੇ ਹਰ ਕੋਈ ਇਸ ਘਟਨਾ ਸਬੰਧੀ ਆਪਣੀ ਸੋਚ ਤੇ ਸਮਝ ਅਨੁਸਾਰ ਆਪਣੇ ਹੀ ਅਰਥ ਕੱਢ ਰਿਹਾ ਹੈ।

ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਅਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ? ਕੀ ਗਰਮ ਦਲ਼ੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਸੁਣਾਈ ਗਈ ਸਜ਼ਾ ਤੋਂ ਸੰਤੁਸ਼ਟ ਨਹੀਂ ਹਨ?

ਇਸ ਦੌਰਾਨ ਜੇਕਰ ਪੰਜਾਬ ਵਿੱਚ ਰਹਿੰਦੇ ਆਮ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਡੀ ਗਿਣਤੀ ਆਮ ਸਿੱਖ ਸੁਖਬੀਰ ਬਾਦਲ ਉਪਰ ਹੋਏ ਹਮਲੇ ਅਤੇ ਕਈ ਥਾਣਿਆਂ ਤੇ ਚੌਂਕੀਆਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਫਿਕਰਮੰਦ ਹਨ। ਉਹਨਾਂ ਨੂੰ ਇਹ ਖਤਰਾ ਮਹਿਸੂਸ ਹੋ ਰਿਹਾ ਹੈ ਕਿ ਜੇ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਮੁੜ ਪਹਿਲਾਂ ਵਾਂਗ ਖਰਾਬ ਹੋ ਜਾਣ। ਇਹਨਾਂ ਸਿੱਖਾਂ ਦੀ ਸੋਚ ਹੈ ਕਿ ਹਰ ਮਸਲਾ ਗੋਲ਼ੀ ਦੀ ਥਾਂ ਦੁਵੱਲੀ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਰਹੇ। ਇਹਨਾਂ ਵਿੱਚ ਵੱਡੀ ਗਿਣਤੀ ਸਿੱਖ ਉਹ ਵੀ ਹਨ, ਜਿਨ੍ਹਾਂ ਨੇ ਸੰਨ ਚੁਰਾਸੀ ਦਾ ਦੁਖਾਂਤ ਵੇਖਿਆ ਹੋਇਆ ਹੈ ਅਤੇ ਉਹਨਾਂ ਨੂੰ ਫਿਕਰ ਹੋ ਰਹੀ ਹੈ ਕਿ ਕਿਤੇ ਉਸ ਸਮੇਂ ਵਾਂਗ ਹੁਣ ਵੀ ਪੰਜਾਬ ਪੁਲੀਸ ਅੱਤਵਾਦ ਦਾ ਬਹਾਨਾ ਲਗਾ ਕੇ ਨਿਰਦੋਸ਼ ਸਿੱਖ ਨੌਜਵਾਨਾਂ ਤੇ ਦਮਨ ਚੱਕਰ ਨਾ ਚਲਾ ਦੇਵੇ। ਵੱਡੀ ਗਿਣਤੀ ਸਿੱਖਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਥਾਂ ਜੇ ਚਾਰ ਪੰਜ ਸਿੱਖ ਨੌਜਵਾਨ ਇਕੱਠ ਹੋ ਜਾਣ ਤਾਂ ਤੁਰੰਤ ਹੀ ਸੂਹੀਆ ਏਜੰਸੀਆਂ ਹਰਕਤ ਵਿੱਚ ਆ ਜਾਂਦੀਆਂ ਹਨ ਅਤੇ ਸੂੁਹੀਏ ਇਹਨਾਂ ਸਿੱਖ ਨੌਜਵਾਨਾਂ ਦੇ ਆਲ਼ੇ ਦੁਆਲ਼ੇ ਗੇੜੇ ਮਾਰਨ ਲੱਗ ਜਾਂਦੇ ਹਨ।

ਆਮ ਸਿੱਖਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਆਪਣੇ ਨੌਜਵਾਨ ਬੱਚਿਆਂ ਨੂੰ ਬਚਾਉਣ ਦਾ ਇੱਕੋ ਇੱਕ ਰਾਹ ਇਹੀ ਦਿਖਦਾ ਹੈ ਕਿ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਭੇਜ ਦਿੱਤਾ ਜਾਵੇ। ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ ਜਾ ਕੇ ਉਨ੍ਹਾਂ ਦੇ ਨੌਜਵਾਨ ਪੁੱਤਰ ਭਾਵੇਂ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਹੋ ਜਾਣਗੇ ਪਰ ਉਨ੍ਹਾਂ ਦੀ ਜ਼ਿੰਦਗੀ ਤਾਂ ਬਚੀ ਰਹੇਗੀ ਅਤੇ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਵੀ ਬਚੇ ਰਹਿਣਗੇ। ਇਹੀ ਕਾਰਨ ਹੈ ਕਿ ਪੰਜਾਬ ਵਿਚੋਂ ਦੂਜੇ ਦੇਸ਼ਾਂ ਨੂੰ ਲਗਾਤਾਰ ਪਰਵਾਸ ਹੋ ਰਿਹਾ ਹੈ। ਭਾਵੇਂ ਕਿ ਹੁਣ ਕੈਨੇਡਾ, ਅਮਰੀਕਾ ਅਤੇ ਹੋਰ ਮੁਲਕਾਂ ਨੇ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਕਾਨੂੰਨ ਸਖ਼ਤ ਕਰ ਦਿੱਤੇ ਹਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਪੰਜਾਬੀ ਸਿੱਖ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਾਹਲੇ ਪਏ ਹੋਏ ਹਨ।

ਸਿੱਖ ਦੁਨੀਆਂ ਦੇ ਕਿਸੇ ਵੀ ਮੁਲਕ ਜਾਂ ਇਲਾਕੇ ਵਿੱਚ ਰਹਿੰਦੇ ਹੋਣ ਪਰ ਉਹਨਾਂ ਦੀਆਂ ਜੜ੍ਹਾਂ ਪੰਜਾਬ ਵਿੱਚ ਹੀ ਹੁੰਦੀਆਂ ਹਨ ਅਤੇ ਪੰਜਾਬ ਉਹਨਾਂ ਦੇ ਦਿਲਾਂ ਵਿੱਚ ਵਸਦਾ ਹੈ। ਇਸੇ ਕਾਰਨ ਪੰਜਾਬ ਵਿੱਚ ਵਾਪਰਦੀ ਹਰ ਘਟਨਾ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੀ ਹੈ। ਦੁਨੀਆਂ ਭਰ ਦੇ ਸਿੱਖ ਚਾਹੁੰਦੇ ਹਨ ਕਿ ਪੰਜਾਬ ਹੱਸਦਾ ਤੇ ਵਸਦਾ ਰਹੇ ਅਤੇ ਪੰਜਾਬ ਨੂੰ ਕਿਸੇ ਚੰਦਰੇ ਦੀ ਨਜ਼ਰ ਨਾ ਲੱਗੇ।

ਬਿਊਰੋ

Continue Reading

Editorial

ਸ਼ਹਿਰ ਵਿਚਲੇ ਪਿੰਡਾਂ ਵਿੱਚ ਕਿਵੇਂ ਮਿਲ ਜਾਂਦੀ ਹੈ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਦੀ ਇਜਾਜਤ

Published

on

By

 

 

ਤਿੰਨ ਦਿਨ ਪਹਿਲਾਂ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡ ਸੋਹਾਣਾਂ ਵਿੱਚ ਇੱਕ ਚਾਰ ਮੰਜਿਲਾ ਇਮਾਰਤ ਦੇ ਅਚਾਨਕ ਢਹਿਢੇਰੀ ਹੋਣ ਦਾ ਮਾਮਲਾ ਪੂਰੇ ਦੇਸ਼ ਵਿੱਚ ਸੁਰਖੀਆਂ ਵਿੱਚ ਹੈ। ਇਸ ਚਾਰ ਮੰਜਿਲਾ ਇਮਾਰਤ (ਜਿਸ ਵਿੱਚ ਇੱਕ ਜਿਮ ਚਲਦਾ ਸੀ) ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ ਮਾਲਕ ਵਲੋਂ ਇਸਦੇ ਨਾਲ ਹੀ ਆਪਣੀ ਦੂਜੀ ਇਮਾਰਤ ਦੀ ਉਸਾਰੀ ਕਰਨ ਲਈ ਬੇਸਮੈਂਟ ਦੀ ਪੁਟਾਈ ਕੀਤੀ ਜਾ ਰਹੀ ਸੀ ਅਤੇ ਕਾਫੀ ਗਹਿਰਾਈ ਤਕ ਪੁਟਾਈ ਕੀਤੀ ਵੀ ਜਾ ਚੁੱਕੀ ਸੀ ਜਦੋਂ ਅਚਾਨਕ ਇਹ ਇਮਾਰਤ ਡਿੱਗ ਗਈ।

ਜਿਸ ਵੇਲੇ ਇਹ ਇਮਾਰਤ ਡਿੱਗੀ ਸੀ ਉਸ ਵੇਲੇ ਇਹੀ ਕਿਹਾ ਜਾ ਰਿਹਾ ਸੀ ਕਿ ਇਸ ਇਮਾਰਤ ਵਿੱਚ ਵੱਡੀ ਗਿਣਤੀ ਲੋਕ ਵੀ ਮੌਜੂਦ ਸਨ। ਇਮਾਰਤ ਦੇ ਡਿੱਗਣ ਤੋਂ ਬਾਅਦ ਫੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨੂੰ ਵੀ ਸੱਦਿਆ ਗਿਆ ਸੀ ਜਿਹਨਾਂ ਵਲੋਂ ਲਗਾਤਾਰ ਰਾਹਤ ਕਾਰਜ ਕਰਦਿਆਂ ਇਸ ਇਮਾਰਤ ਦੇ ਮਲਬੇ ਤੋਂ ਮੂਲ ਰੂਪ ਨਾਲ ਹਿਮਾਚਲ ਨਾਲ ਸੰਬੰਧਿਤ ਇੱਕ ਨੌਜਵਾਨ ਔਰਤ ਨੂੰ ਗੰਭੀਰ ਹਾਲਤ ਵਿੱਚ ਬਾਹਰ ਕੱਢਿਆ ਗਿਆ ਸੀ ਜਿਸਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸਤੋਂ ਇਲਾਵਾ ਬਚਾਅ ਕਰਮੀਆਂ ਵਲੋਂ ਇਮਾਰਤ ਦੇ ਮਲਬੇ ਵਿੱਚੋਂ ਇੱਕ ਹੋਰ ਨੌਜਵਾਨ (ਜੋ ਅੰਬਾਲੇ ਦਾ ਰਹਿਣ ਵਾਲਾ ਸੀ) ਦੀ ਮ੍ਰਿਤਕ ਦੇਹ ਵੀ ਬਾਹਰ ਕੱਢੀ ਗਈ ਸੀ ਅਤੇ ਉਸਤੋਂ ਬਾਅਦ ਦੱਸਿਆ ਗਿਆ ਸੀ ਕਿ ਮਲਬੇ ਵਿੱਚ ਹੁਣ ਕਿਸੇ ਦੇ ਵੀ (ਜਿੰਦਾ ਜਾ ਮ੍ਰਿਤ) ਹੋਣ ਦੀ ਸੰਭਾਵਨਾ ਨਹੀਂ ਹੈ ਜਿਸਤੋਂ ਬਾਅਦ ਇੱਥੇ ਚਲ ਰਹੇ ਰਾਹਤ ਕਾਰਜ ਵੀ ਸਮਾਪਤ ਕਰ ਦਿੱਤੇ ਗਏ ਹਨ।

ਇਸ ਮਾਮਲੇ ਵਿੱਚ ਪੁਲੀਸ ਵਲੋਂ ਇਸ ਇਮਾਰਤ ਦੇ ਮਾਲਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਇਸ ਮਾਮਲੇ ਵਿੱਚ ਇਮਾਰਤ ਦੇ ਨਾਲ ਬੇਸਮੈਂਟ ਦੀ ਪੁਟਾਈ ਕਰਨ ਵਾਲੇ ਠੇਕੇਦਾਰ ਨੂੰ ਵੀ ਨਾਮਜਦ ਕਰਕੇ ਉਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰੰਤੂ ਵੱਡਾ ਸਵਾਲ ਇਹ ਹੈ ਕਿ ਇੰਨੇ ਭੀੜ ਭੜੱਕੇ ਵਾਲੀ ਇਸ ਥਾਂ ਤੇ ਇਸ ਤਰੀਕੇ ਨਾਲ ਬੇਸਮੈਂਟ ਦੀ ਪਟਾਈ ਕਰਨ ਅਤੇ ਇੱਥੇ ਬਹੁਮੰਜਲਾ ਇਮਾਰਤਾਂ ਦੀ ਉਸਾਰੀ ਦੀ ਇਜਾਜਤ ਆਖਿਰ ਕਿਸ ਆਧਾਰ ਤੇ ਦਿੱਤੀ ਜਾਂਦੀ ਹੈ।

ਜਦੋਂ ਤਕ ਇਹ ਪਿੰਡ ਨਗਰ ਨਿਗਮ ਦੀ ਹੱਦ ਤੋਂ ਬਾਹਰ ਸੀ ਉਸ ਵੇਲੇ ਤਕ ਬਾਰੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪਿੰਡਾਂ ਵਿੱਚ ਕੋਈ ਇਮਾਰਤੀ ਨਿਯਮ ਲਾਗੂ ਨਾ ਹੋਣ ਕਾਰਨ ਲੋਕਾਂ ਵਲੋਂ ਮਨਮਰਜੀ ਨਾਲ ਉਸਾਰੀਆਂ ਕੀਤੀਆਂ ਜਾਂਦੀਆਂ ਸਨ ਪਰੰਤੂ ਬਾਅਦ ਵਿੱਚ ਜਦੋਂ ਇਹਨਾਂ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਿ ਲ ਕਰਕੇ ਇੱਥੇ ਇਮਾਰਤੀ ਨਿਯਮ ਵੀ ਲਾਗੂ ਕਰ ਦਿੱਤੇ ਗਏ ਅਤੇ ਇਹਨਾਂ ਵਿੱਚ ਉਸਾਰੀ ਜਾਣ ਵਾਲੀ ਹਰੇਕ ਇਮਾਰਤ ਦਾ ਬਾਕਾਇਦਾ ਨਕਸ਼ਾ ਵੀ ਪਾਸ ਕੀਤਾ ਜਾਣਾ ਜਰੂਰੀ ਕਰ ਦਿੱਤਾ ਗਿਆ ਹੈ ਫਿਰ ਇਹਨਾਂ ਵਿੱਚ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਕਿਵੇਂ ਕੀਤੀ ਜਾ ਰਹੀ ਹੈ।

ਇਹ ਸਮੱਸਿਆ ਸਿਰਫ ਸੋਹਾਣਾ ਪਿੰਡ ਦੀ ਹੀ ਨਹੀਂ ਹੈ ਬਲਕਿ ਨਗਰ ਨਿਗਮ ਦੀ ਹੱਦ ਵਿੱਚ ਪੈਂਦੇ ਜਿਆਦਾਤਰ ਪਿੰਡਾਂ ਵਿੱਚ ਇਹੀ ਅਮਲ ਚਲ ਰਿਹਾ ਹੈ ਅਤੇ ਲੋਕਾਂ ਵਲੋਂ ਧੜਾਧੜ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਕੁੱਝ ਸਮਾਂ ਪਹਿਲਾਂ ਪਿੰਡ ਕੁੰਭੜਾ ਦੇ ਇੱਕ ਸਮਾਜਸੇਵੀ ਆਗੂ ਵਲੋਂ ਪਿੰਡ ਵਿੱਚ ਇੱਕ ਤੋਂ ਬਾਅਦ ਇੱਕ ਉਸਾਰੀਆਂ ਜਾ ਰਹੀਆਂ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਦੇ ਖਿਲਾਫ ਆਵਾਜ ਬੁਲੰਦ ਕਰਦਿਆਂ ਨਗਰ ਨਿਗਮ ਦੇ ਬਿਲਡਿੰਗ ਬਾਂਚ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਪਰ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਦੇ ਇਲਜਾਮ ਲਗਾਉਂਦਿਆਂ ਇਸ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਧਰਨੇ ਪ੍ਰਦਰਸ਼ਨ ਵੀ ਕੀਤੇ ਸਨ ਪਰੰਤੂ ਉਸਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਸੀ ਅਤੇ ਇਹ ਸਾਰਾ ਅਮਲ ਪਹਿਲਾਂ ਵਾਂਗ ਹੀ ਚਲਦਾ ਆ ਰਿਹਾ ਸੀ।

ਪਿੰਡ ਸੋਹਾਣਾ ਵਿੱਚ ਡਿੱਗੀ ਇਸ ਬਹੁਮੰਜਿਲਾ ਇਮਾਰਤ ਦੇ ਮਾਮਲੇ ਵਿੱਚ ਪੁਲੀਸ ਵਲੋਂ ਇਮਾਰਤ ਦੇ ਮਾਲਕਾਂ ਅਤੇ ਠੇਕੇਦਾਰ ਦੇ ਖਿਲਾਫ ਤਾਂ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਇਸਦੇ ਨਾਲ ਨਾਲ ਇਸ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਵੀ ਕਰ ਦਿੱਤੇ ਗਏ ਹਨ ਜਿਸਦੇ ਤਹਿਤ ਮੁਹਾਲੀ ਦੇ ਐਸ ਡੀ ਐਮ ਵਲੋਂ ਜਾਂਚ ਵੀ ਆਰੰਭ ਕਰ ਦਿੱਤੀ ਗਈ ਹੈ। ਇਸਦੇ ਨਾਲ ਨਾਲ ਇਸ ਗੱਲ ਦੀ ਵੀ ਜਾਂਚ ਕੀਤੀ ਜਾਣੀ ਬਣਦੀ ਹੈ ਕਿ ਪਿੰਡਾਂ ਵਿੱਚ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਦੀ ਇਜਾਜਤ ਕਿਸ ਆਧਾਰ ਤੇ ਦਿੱਤੀ ਜਾਂਦੀ ਹੈ ਅਤੇ ਜੇਕਰ ਇਸ ਅਮਲ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਬਹੁਤ ਹੀ ਗੰਭੀਰ ਮਾਮਲਾ ਹੈ ਜਿਹੜਾ ਆਮ ਲੋਕਾਂ ਦੀ ਜਿੰਦਗੀ ਨਾਲ ਜੁੜਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੀ ਉਸ ਨੌਜਵਾਨ ਔਰਤ ਅਤੇ ਅੰਬਾਲਾ ਦੇ ਜਿਸ ਨੌਜਵਾਨ ਨੂੰ ਇਸ ਹਾਦਸੇ ਵਿੱਚ ਜਾਨ ਗਵਾਉਣੀ ਪਈ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਇਹ ਹਾਦਸਾ ਉਹਨਾਂ ਦੇ ਪਰਿਵਾਰਾਂ ਵਾਸਤੇ ਵੱਡਾ ਦੁਖ ਲੈ ਕੇ ਆਇਆ ਹੈ। ਇਸ ਸੰਬੰਧੀ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਅਜਿਹੇ ਸਖਤ ਕਦਮ ਚੁੱਕੇ ਜਾਣ ਤਾਂ ਜੋ ਦੁਬਾਰਾ ਅਜਿਹਾ ਕੋਈ ਹਾਦਸਾ ਨਾ ਵਾਪਰੇ।

Continue Reading

Editorial

ਦਿੱਲੀ ਵਿਧਾਨ ਸਭਾ ਚੋਣਾਂ ਲਈ ਲਗਾਤਾਰ ਜੋਰ ਫੜ ਰਹੀਆਂ ਹਨ ਚੋਣ ਸਰਗਰਮੀਆਂ

Published

on

By

 

ਅਗਲੇ ਸਾਲ ਦੀ ਸ਼ੁਰੂਆਤ ਵਿੱਚ ਚੋਣਾਂ ਹੋਣ ਦੀ ਸੰਭਾਵਨਾ

ਦਿੱਲੀ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ ਅਤੇ ਆਮ ਆਦਮੀ ਪਾਰਟੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਦਿੱਲੀ ਵਿਧਾਨ ਸਭਾ ਦੇ ਵੱਖ ਵੱਖ ਹਲਕਿਆਂ ਤੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਹੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੋਰਨਾਂ ਸਿਆਸੀ ਪਾਰਟੀਆਂ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਸ਼ੁਰੂ ਹੋ ਗਿਆ। ਇਸਦੇ ਨਾਲ ਹੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ।

ਇੱਥੇ ਜ਼ਿਕਰਯੋਗ ਹੈ ਕਿ ਹੁਣ ਤਕ ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਦੀ ਸੰਭਾਵਨਾ ਹੈ। 70 ਮੈਂਬਰੀ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਚੋਣਾਂ ਹੋਣੀਆਂ ਹਨ।

ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਵੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਪਿਛਲੇ ਦਿਨੀਂ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇਸ ਲਈ ਇੱਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਫੀ ਅਹਿਮੀਅਤ ਰਖਦੀਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਕਸਰ ਹੀ ਦੇਸ਼ ਦੀ ਸਿਆਸਤ ਉਪਰ ਵੀ ਕਾਫੀ ਪ੍ਰਭਾਵ ਪਾਉਂਦੇ ਹਨ। ਇਸ ਕਰਕੇ ਹੀ ਹਰ ਸਿਆਸੀ ਪਾਰਟੀ ਇਹਨਾਂ ਚੋਣਾਂ ਨੂੰ ਜਿੱਤਣ ਲਈ ਆਪਣਾ ਪੂਰਾ ਜੋਰ ਲਗਾਉਂਦੀ ਹੈ। ਇਸ ਸਮੇਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਸ ਪਾਰਟੀ ਦੀ ਸਰਕਾਰ ਅਤੇ ਦਿੱਲੀ ਦੇ ਉਪ ਰਾਜਪਾਲ ਵਿਚਾਲੇ ਜਿਆਦਾਤਰ 36 ਦਾ ਅੰਕੜਾ ਹੀ ਰਿਹਾ ਹੈ। ਜਿਸ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਅਹਿਮ ਫੈਸਲੇ ਲੈਣ ਤੋਂ ਉਕਦੀ ਰਹੀ। ਦਿੱਲੀ ਪੁਲੀਸ ਵੀ ਦਿੱਲੀ ਸਰਕਾਰ ਦੀ ਥਾਂ ਕੇਂਦਰ ਦੇ ਅਧੀਨ ਹੈ, ਜਿਸ ਕਰਕੇ ਵੀ ਦਿੱਲੀ ਦੀ ਰਾਜ ਸਰਕਾਰ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧੀ ਦਿੱਲੀ ਦੇ ਨੁਮਾਇੰਦੇ ਅਕਸਰ ਇਹ ਦੋਸ਼ ਵੀ ਲਗਾਉਂਦੇ ਹਨ ਕਿ ਦਿੱਲੀ ਪੁਲੀਸ ਉਹਨਾਂ ਦਾ ਕਹਿਣਾ ਨਹੀਂ ਮੰਨਦੀ ਅਤੇ ਹਰ ਮਾਮਲੇ ਵਿੱਚ ਕਾਰਵਾਈ ਕੇਂਦਰ ਸਰਕਾਰ ਦੇ ਹੁਕਮਾਂ ਅਧੀਨ ਹੀ ਕੀਤੀ ਜਾਂਦੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੋਣ ਕਰਕੇ ਬਹੁਤ ਅਹਿਮੀਅਤ ਰੱਖਦੀ ਹੈ ਇਸ ਕਰਕੇ ਇਸਦੇ ਮਹੱਤਵਪੂਰਨ ਮਹਿਕਮਿਆਂ ਤੇ ਕੇਂਦਰ ਸਰਕਾਰ ਦਾ ਕੰਟਰੋਲ ਹੋਣਾ ਜਰੂਰੀ ਹੈ।

ਦਿੱਲੀ ਵਿੱਚ ਚੋਣ ਸਰਗਰਮੀਆਂ ਭਾਵੇਂ ਸ਼ੁਰੂ ਹੋ ਕੇ ਤੇਜ ਵੀ ਹੋ ਗਈਆਂ ਹਨ ਪਰ ਦਿੱਲੀ ਅਜੇਚੋਣ ਰੰਗ ਵਿੱਚ ਪੂਰੀ ਤਰਾਂ ਨਹੀਂ ਡੁੱਬੀ ਹੈ ਅਤੇ ਜਿਵੇਂ ਹੀ ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਮਿਤੀਆਂ ਦਾ ਐਲਾਨ ਕਰ ਦਿਤਾ ਜਾਵੇਗਾ ਤਾਂ ਦਿੱਲੀ ਵਿੱਚ ਸਿਆਸਤ ਇਕ ਦਮ ਹੀ ਤੇਜ ਹੋ ਜਾਵੇਗੀ ਅਤੇ ਚੋਣ ਸਰਗਰਮੀਆਂ ਸਿਖਰਾਂ ਤੇ ਪਹੁੰਚ ਜਾਣਗੀਆਂ।

ਬਿਊਰੋ

Continue Reading

Editorial

ਠੱਗਾਂ ਵਲੋਂ ਵੱਖ ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਠੱਗੀ ਤੋਂ ਬਚਣ ਲਈ ਲੋਕਾਂ ਦਾ ਸੁਚੇਤ ਹੋਣਾ ਜਰੂਰੀ

Published

on

By

 

 

ਅਸੀਂ ਸਾਰੇ ਹੀ ਇਹ ਗੱਲ ਜਣਦੇ ਹਾਂ ਕਿ ਸ਼ਾਤਿਰ ਠੱਗ ਆਮ ਲੋਕਾਂ ਨੂੰ ਠੱਗਣ ਲਈ ਅਜਿਹਾ ਮਾਇਆਜਾਲ ਬੁਣਦੇ ਹਨ ਕਿ ਆਮ ਆਦਮੀ ਉਸ ਵਿੱਚ ਉਲਝ ਕੇ ਰਹਿ ਜਾਂਦਾ ਹੈ। ਅੱਜਕੱਲ ਇੰਟਰਨੈਟ ਦੇ ਇਸ ਯੁਗ ਵਿੱਚ ਇਹ ਠੱਗ ਵੀ ਹਾਈਟੈਕ ਹਨ ਅਤੇ ਉਹ ਵੱਖ ਵੱਖ ਤਰੀਕੇ ਅਪਣਾ ਕੇ ਆਮ ਲੋਕਾਂ ਨੂੰ ਠੱਗਣ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਇਹ ਠੱਗ ਇੰਨੇ ਸ਼ਾਤਿਰ ਹਨ ਕਿ ਸਾਮ੍ਹਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਨੂੰ ਧੋਖੇ ਨਾਲ ਫਸਾ ਕੇ ਉਸਨੂੰ ਲੁੱਟਿਆ ਜਾ ਰਿਹਾ ਹੈ ਅਤੇ ਜਦੋਂ ਤਕ ਉਸਨੂੰ ਸਾਰੀ ਗੱਲ ਸਮਝ ਆਉਂਦੀ ਹੈ ਉਹ ਪੂਰੀ ਤਰ੍ਹਾਂ ਲੁੱਟਿਆ ਜਾ ਚੁੱਕਿਆ ਹੁੰਦਾ ਹੈ।

ਇਹਨਾਂ ਸਾਈਬਰ ਠੱਗਾਂ ਵਲੋਂ ਪਹਿਲਾਂ ਆਮ ਲੋਕਾਂ ਨੂੰ ਲੱਖਾਂ ਕਰੋੜਾਂ ਦੀ ਲਾਟਰੀ ਨਿਕਲਣ ਦਾ ਲਾਲਚ ਦੇ ਕੇ ਠੱਗੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪਰੰਤੂ ਹੁਣ ਜਿਆਦਾਤਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋ ਜਾਣ ਕਾਰਨ ਠੱਗਾਂ ਨੇ ਹੋਰ ਨਵੇਂ ਤਰੀਕੇ ਅਖਤਿਆਰ ਕਰ ਲਏ ਹਨ। ਇਹ ਠੱਗ ਹੁਣ ਆਪਣੇ ਸ਼ਿਕਾਰ ਨੂੰ ਲਾਲਚ ਦੇਣ ਦੀ ਥਾਂ ਉਸਨੂੰ ਡਰਾਉਂਦੇ ਹਨ ਜਾਂ ਵਿਦੇਸ਼ ਰਹਿੰਦਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਬਣ ਕੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ। ਤਰੀਕਾ ਭਾਵੇਂ ਕੋਈ ਵੀ ਹੋਵੇ ਪਰੰਤੂ ਇਹਨਾਂ ਠੱਗਾਂ ਦਾ ਟੀਚਾ ਇਹੀ ਹੁੰਦਾ ਹੈ ਕਿ ਕਿਸੇ ਤਰੀਕੈ ਨਾਲ ਆਪਣੇ ਸ਼ਿਕਾਰ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸਦੀ ਆਰਥਿਕ ਲੁੱਟ ਕੀਤੀ ਜਾਵੇ।

ਅੱਜਕੱਲ ਇਹਨਾਂ ਸਾਈਬਰ ਠੱਗਾਂ ਵਲੋਂ ਸੀਬੀ ਆਈ, ਈ ਡੀ, ਇਨਕਮ ਟੈਕਸ ਜਾਂ ਪੁਲੀਸ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਹ ਠੱਗ ਆਮ ਤੌਰ ਤੇ ਇਕੱਲੇ ਰਹਿੰਦੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਂਉਂਦੇ ਹਨ ਅਤੇ ਉਹਨਾਂ ਨੂੰ ਫੋਨ ਤੇ ਇਹ ਕਹਿ ਕੇ ਧਮਕਾਉਂਦੇ ਹਨ ਕਿ ਉਹ ਕਿਸੇ ਦੂਰ ਦੁਰਾਡੇ ਦੇ ਸ਼ਹਿਰ (ਆਮ ਤਰ ਤੇ ਮੁੰਬਈ ਜਾਂ ਗੁਜਰਾਤ ਦੇ ਕਿਸੇ ਵੱਡੇ ਸ਼ਹਿਰ) ਤੋਂ ਬੋਲ ਰਹੇ ਹਨ ਅਤੇ ਉਹਨਾਂ ਦੇ ਫੋਨ ਨੰਬਰ ਰਾਂਹੀ ਕਰੋੜਾਂ ਰੁਪਏ ਦੀ ਰਕਮ ਦਾ ਲੈਣ ਦੇਣ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਲਈ ਉਹਨਾਂ ਨੂੰ ਉਕਤ ਸ਼ਹਿਰ ਦੇ ਥਾਣੇ ਵਿੱਚ ਆਉਣਾ ਪਵੇਗਾ। ਆਪਣੇ ਡਰ ਚੁੱਕੇ ਸ਼ਿਕਾਰ ਨੂੰ ਇਹਨਾਂ ਵਿਅਕਤੀਆਂ ਵਲੋਂ ਇੱਕ ਨੰਬਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਇਸ ਅਧਿਕਾਰੀ ਨਾਲ ਵੱਟਸਅੱਪ ਤੇ ਵੀਡੀਓ ਕਾਲ ਤੇ ਗੱਲ ਕਰਨ।

ਡਰਿਆ ਹੋਇਆ ਵਿਅਕਤੀ ਜਦੋਂ ਵਾਪਸ ਫੋਨ ਕਰਦਾ ਹੈ ਤਾਂ ਉਸਨੂੰ ਦਿਖਦਾ ਹੈ ਕਿ ਸਾਮ੍ਹਣੇ ਵਰਦੀ ਵਿੱਚ ਕੋਈ ਵੱਡਾ ਪੁਲੀਸ ਅਧਿਕਾਰੀ ਬੈਠਾ ਹੈ ਜਿਹੜਾ ਉਹਨਾਂ ਨੂੰ ਹੋਰ ਡਰਾਉਂਦਾ ਹੈ ਅਤੇ ਫਿਰ ਕਹਿੰਦਾ ਹੈ ਕਿ ਉਹਨਾਂ ਦੇ ਇੱਕ ਦੂਜੇ ਫੋਨ ਨੰਬਰ ਤੋਂ ਇਹ ਸਾਰਾ ਕਾਂਡ ਹੋਇਆ ਹੈ। ਅਧਿਕਾਰੀ ਬਣਿਆ ਇਹ ਠੱਗ ਆਪਣੇ ਸ਼ਿਕਾਰ ਦੋ ਬੈਂਕ ਖਾਤੇ ਅਤੇ ਹੋਰ ਮਾਇਕ ਵਸੀਲਿਆਂ ਦੀ ਪੂਰੀ ਜਾਣਕਾਰੀ ਮੰਗਦਾ ਹੈ ਅਤੇ ਜਾਣਕਾਰੀ ਲੈਣ ਤੋਂ ਬਾਅਦ ਆਪਣੇ ਸ਼ਿਕਾਰ ਨੂੰ ਕਹਿੰਦਾ ਹੈ ਕਿ ਜੇਕਰ ਉਹ ਬਚਨਾ ਚਾਹੁੰਦਾ ਹੈ ਤਾਂ ਇੱਕ ਵੱਡੀ ਰਕਮ (ਜੋ ਲੱਖਾਂ ਵਿੱਚ ਹੁੰਦੀ ਹੈ) ਉਸ ਵਲੋਂ ਦੱਸੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇ। ਉਸਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਫੋਨ ਬੰਦ ਨਾ ਕਰੇ ਕਿਉਂਕਿ ਵਿਭਾਗ ਦੇ ਅਧਿਕਾਰੀ ਉਸਤੇ ਹਰ ਵੇਲੇ ਨਜਰ ਰੱਖਣਗੇ ਅਤੇ ਜੇਕਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਠੱਗਾਂ ਦੇ ਚੱਕਰ ਵਿੱਚ ਆਇਆ ਵਿਅਕਤੀ ਆਪਣੇ ਬੈਂਕ ਜਾ ਕੇ ਠੱਗਾਂ ਦੇ ਦੱਸੇ ਨੰਬਰ ਤੇ ਪੈਸੇ ਟ੍ਰਾਂਸਫਰ ਕਰਵਾ ਦਿੰਦਾ ਹੈ ਅਤੇ ਬਾਅਦ ਵਿੱਚ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਨੂੰ ਮੂਰਖ ਬਣਾ ਕੇ ਠੱਗੀ ਮਾਰੀ ਗਈ ਹੈ ਤਾਂ ਉਸ ਕੋਲ ਪਛਤਾਉਣ ਤੋਂ ਸਿਵਾਏ ਕੋਈ ਰਾਹ ਨਹੀਂ ਬਚਦਾ।

ਇਸਤੋਂ ਇਲਾਵਾ ਕਿਸੇ ਅੰਤਰਰਾਸ਼ਟਰੀ ਨੰਬਰ ਤੋਂ ਕੋਈ ਵਿਅਕਤੀ ਫੋਨ ਕਰਕੇ ਖੁਦ ਨੂੰ ਆਪਣੇ ਸ਼ਿਕਾਰ ਦਾ ਗਵਾਂਢੀ ਜਾਂ ਰਿਸ਼ਤੇਦਾਰ ਦੱਸਦਾ ਹੈ ਅਤੇ ਆਪਣੇ ਸ਼ਿਕਾਰ ਨੂੰ ਲਾਲਚ ਦਿੰਦਾ ਹੈ ਕਿ ਉਸਨੇ ਭਾਰਤ ਪੈਸੇ ਭੇਜਣੇ ਸੀ ਇਸ ਲਈ ਉਹ ਉਸਨੂੰ ਆਪਣੇ ਬੈਂਕ ਖਾਤੇ ਦਾ ਨੰਬਰ ਦੇ ਦੇਵੇ ਜਿੱਥੇ ਉਹ ਇਹ ਰਕਮ (ਲੱਖਾਂ ਵਿੱਚ) ਭੇਜੇਗਾ ਅਤੇ ਫਿਰ ਭਾਰਤ ਆਉਣ ਤੇ ਉਸਤੋਂ ਇਹ ਰਕਮ ਲੈ ਲਵੇਗਾ। ਫਿਰ ਵਿਦੇਸ਼ ਬੈਠੇ ਵਿਅਕਤੀ ਵਲੋਂ ਦੱਸਿਆ ਜਾਂਦਾ ਹੈ ਕਿ ਉਸਨੇ ਪੈਸੈੇਭੇਜ ਦਿੱਤੇ ਹਨ ਜਿਹੜੇ ਦੋ ਦਿਨ ਵਿੱਚ ਪਹੁੰਚ ਜਾਣਗੇ। ਇਸਤੋਂ ਬਾਅਦ ਵਿਦੇਸ਼ ਬੈਠੇ ਵਿਅਕਤੀ ਵਲੋਂ ਆਪਣੇ ਸ਼ਿਕਾਰ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਕਿਸੇ ਵਿਅਕਤੀ ਨੂੰ ਕੁੱਝ ਰਕਮ (ਹਜਾਰਾਂ ਵਿੱਚ) ਦੇਣੀ ਹੈ ਅਤੇ ਉਹ ਉਕਤ ਵਿਅਕਤੀ ਦੇ ਖਾਤੇ ਵਿੱਚ ਇਹ ਰਕਮ ਭੇਜ ਦੇਵੇ ਅਤੇ ਦੋ ਦਿਨਾਂ ਬਾਅਦ ਜਦੋਂ ਉਸਦੇ ਖਾਤੇ ਵਿੱਚ ਰਕਮ ਪਹੁੰਚ ਜਾਵੇਗੀ ਤਾਂ ਉਸ ਵਿੱਚੋਂ ਇਹ ਰਕਮ ਕੱਟ ਲਵੇ। ਠੱਗ ਦੀਆਂ ਗੱਲਾਂ ਵਿੱਚ ਆਇਆ ਵਿਅਕਤੀ ਇਹ ਰਕਮ ਭੇਜ ਦਿੰਦਾ ਹੈ ਅਤੇ ਫਿਰ ਬਾਅਦ ਵਿੱਚ ਉਸਨੂੰ ਪਤਾ ਲੱਗਦਾ ਹੈ ਕਿ ਉਸਨੂੰ ਠੱਗ ਲਿਆ ਗਿਆ ਹੈ।

ਇਸ ਠੱਗੀ ਤੋਂ ਬਚਣ ਦਾ ਇੱਕੋ ਇੱਕ ਰਾਹ ਸਿਰਫ ਇਹ ਹੈ ਕਿ ਲੋਕ ਇਹਨਾਂ ਠੱਗਾਂ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਜਦੋਂ ਵੀ ਉਹਨਾਂ ਨੂੰ ਅਜਿਹਾ ਕੋਈ ਫੋਨ ਆਏ ਤਾਂ ਤੁਰੰਤ ਪੁਲੀਸ ਵਿੱਚ ਇਸਦੀ ਸ਼ਿਕਾਇਤ ਕਰਨ। ਲੋਕਾਂ ਨੂੰ ਇਹ ਗਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਇਹ ਅਣਜਾਣ ਲੋਕ ਉਹਨਾਂ ਨੂੰ ਸਿਰਫ ਝਾਂਸਾ ਦਿੰਦੇ ਹਨ ਅਤੇ ਉਹਨਾਂ ਨੂੰ ਇਹਨਾਂ ਠੱਗਾਂ ਦੇ ਝਾਂਸੇ ਵਿੱਚ ਨਹੀਂ ਫਸਣਾ ਚਾਹੀਦਾ ਤਾਂ ਜੋ ਉਹ ਧੋਖੇ ਦਾ ਸ਼ਿਕਾਰ ਹੋਣ ਤੋਂ ਬਚ ਸਕਣ।

Continue Reading

Latest News

Trending