National
ਪੁਲੀਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਪੰਜ ਬਦਮਾਸ਼ ਗ੍ਰਿਫ਼ਤਾਰ
ਨਵੀਂ ਦਿੱਲੀ, 1 ਫਰਵਰੀ (ਸ.ਬ.) ਬਾਹਰੀ ਉੱਤਰੀ ਜ਼ਿਲ੍ਹੇ ਦੇ ਮੈਟਰੋ ਵਿਹਾਰ ਖੇਤਰ ਵਿੱਚ ਅੱਜ ਤੜਕੇ ਪੁਲੀਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਤਿੰਨ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ। ਪੁਲੀਸ ਨੇ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਤਿੰਨ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਪੁਲੀਸ ਨੇ ਜ਼ਖਮੀ ਬਦਮਾਸ਼ਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।
ਬਾਹਰੀ ਉੱਤਰੀ ਜ਼ਿਲ੍ਹੇ ਦੇ ਪੁਲੀਸ ਡਿਪਟੀ ਕਮਿਸ਼ਨਰ ਨਿਧਿਨ ਵਾਲਸਨ ਨੇ ਕਿਹਾ ਕਿ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਰੇਲਾ ਇੰਡਸਟਰੀਅਲ ਏਰੀਆ ਪੁਲੀਸ ਥਾਣਾ ਖੇਤਰ ਵਿੱਚ ਗਸ਼ਤ ਕਰ ਰਹੀ ਹੈ। ਟੀਮ ਨੂੰ ਪਿੰਡ ਖੇੜਾ ਖੁਰਦ ਦੇ ਗੋਦਾਮ ਖੇਤਰ ਵਿੱਚ ਗਸ਼ਤ ਦੌਰਾਨ ਪਿੰਡ ਖੇੜਾ ਖੁਰਦ ਦੇ ਬਾਹਰਵਾਰ ਕੁਝ ਵਿਅਕਤੀਆਂ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲੀ। ਉੱਥੇ ਪਹੁੰਚ ਕੇ ਪੁਲੀਸ ਨੇ 8-9 ਲੋਕਾਂ ਨੂੰ ਇੱਕ ਟਰੱਕ ਵਿੱਚ ਪੀਵੀਸੀ ਲੋਡ ਕਰਦੇ ਦੇਖਿਆ।
ਪੁਲੀਸ ਟੀਮ ਨੂੰ ਦੇਖਦੇ ਹੀ ਬਦਮਾਸ਼ ਉਥੋਂ ਭੱਜਣ ਲੱਗੇ। ਇਸ ਦੌਰਾਨ ਇੱਕ ਬਦਮਾਸ਼ ਨੇ ਪੁਲੀਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲੀਸ ਪਾਰਟੀ ਨੇ ਵੀ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀਆਂ ਗੋਲੀਆਂ ਨਾਲ ਤਿੰਨ ਬਦਮਾਸ਼ ਜ਼ਖ਼ਮੀ ਹੋ ਗਏ। ਪੁਲੀਸ ਨੇ ਮੌਕੇ ਤੇ ਪੰਜ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
National
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿੱਚ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼
12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਆਮਦਨ ਟੈਕਸ
ਨਵੀਂ ਦਿੱਲੀ, 1 ਫਰਵਰੀ (ਸ.ਬ.) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰ ਦਿੱਤਾ ਹੈ। ਬਜਟ ਵਿੱਚ ਕੁੱਲ ਪੂੰਜੀ ਖਰਚ 1,92,387 ਕਰੋੜ ਹੋਣ ਦਾ ਅਨੁਮਾਨ ਹੈ। ਮਾਲੀਆ ਖਰਚ 4,88,822 ਕਰੋੜ ਰੁਪਏ ਅਨੁਮਾਨਿਤ ਕੀਤਾ ਗਿਆ ਹੈ, ਜਿਸ ਵਿੱਚ ਪੈਨਸ਼ਨਾਂ ਲਈ 1,60,795 ਕਰੋੜ ਰੁਪਏ ਸ਼ਾਮਲ ਹਨ।
ਸਰਕਾਰ ਨੇ 2025-26 ਲਈ ਰੱਖਿਆ ਬਜਟ ਲਈ 6,81,210 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਕਿ ਪਿਛਲੇ ਸਾਲ ਦੇ 6,21,940 ਕਰੋੜ ਰੁਪਏ ਦੇ ਖਰਚ ਤੋਂ ਵੱਧ ਹੈ। ਪੂੰਜੀਗਤ ਖਰਚ ਦੇ ਤਹਿਤ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੇ ਇੰਜਣਾਂ ਲਈ 48,614 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਜਲ ਸੈਨਾ ਦੇ ਬੇੜੇ ਲਈ 24,390 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਹੋਰ ਉਪਕਰਣਾਂ ਲਈ 63,099 ਕਰੋੜ ਰੁਪਏ ਦੀ ਰਕਮ ਵੱਖ ਰੱਖੀ ਗਈ ਹੈ।
ਬਜਟ ਦੌਰਾਨ ਆਮਦਨ ਕਰ ਬਾਰੇ ਕਈ ਅਹਿਮ ਐਲਾਨ ਕੀਤੇ ਗਏ ਹਨ। ਹੁਣ 12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ। ਹਾਲਾਂਕਿ, ਇਸ ਦਾ ਲਾਭ ਸਿਰਫ਼ ਉਨ੍ਹਾਂ ਟੈਕਸਦਾਤਿਆਂ ਨੂੰ ਮਿਲੇਗਾ ਜੋ ਨਵੀਂ ਇਨਕਮ ਟੈਕਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹਨ। ਨਵੀਂ ਇਨਕਮ ਟੈਕਸ ਸਲੈਬ ਅਨੁਸਾਰ ਕਿਵੇਂ ਹੁਣ 12 ਲੱਖ ਰੁਪਏ ਦੀ ਕਮਾਈ ਤੇ ਕੋਈ ਟੈਕਸ ਨਹੀਂ। ਰੁਜ਼ਗਾਰ ਪ੍ਰਾਪਤ ਲੋਕਾਂ ਲਈ 75 ਹਜ਼ਾਰ ਰੁਪਏ ਦੀ ਮਿਆਰੀ ਕਟੌਤੀ ਦੇ ਨਾਲ ਟੈਕਸ ਸੀਮਾ 12.75 ਲੱਖ ਰੁਪਏ ਹੈ। ਪਹਿਲੀ ਸਲੈਬ ਅਨੁਸਰ 4 ਲੱਖ ਰੁਪਏ ਤੱਕ ਦੀ ਕਮਾਈ ਤੇ ਸਿਫਰ ਟੈਕਸ, 4 ਤੋਂ 8 ਲੱਖ ਤਕ 5 ਫੀਸਦੀ, 8 ਤੋਂ 12 ਲੱਖ ਰੁਪਏ ਤੱਕ 10 ਫੀਸਦੀ, 12 ਤੋਂ 16 ਲੱਖ ਰੁਪਏ ਤੱਕ 15 ਫੀਸਦੀ, 16 ਤੋਂ 20 ਲੱਖ ਰੁਪਏ ਤੱਕ 20 ਫੀਸਦੀ ਅਤੇ 24 ਲੱਖ ਰੁਪਏ ਤੋਂ ਉੱਪਰ 30 ਫੀਸਦੀ ਟੈਕਸ ਲੱਗੇਗਾ।
ਬਜਟ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਇਨਕਮ ਟੈਕਸ ਵਿੱਚ ਰਾਹਤ ਦਿੱਤੀ ਗਈ ਹੈ। ਸੀਨੀਅਰ ਸਿਟੀਜ਼ਨ ਲਈ ਟੈਕਸ ਕਟੌਤੀ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਅਗਲੇ ਹਫ਼ਤੇ ਨਵਾਂ ਇਨਕਮ ਟੈਕਸ ਬਿੱਲ ਲਿਆਵੇਗੀ। ਇਸ ਵਿੱਚ ਟੈਕਸ ਪ੍ਰਣਾਲੀ ਵਿੱਚ ਬਦਲਾਅ ਅਤੇ ਹੋਰ ਨਵੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।
ਇਸ ਮੌਕੇ ਵਿੱਤ ਮੰਤਰੀ ਨੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ 74 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕਰਨ ਦਾ ਐਲਾਨ ਕੀਤਾ। ਸੀਤਾਰਮਨ ਨੇ ਸਰਕਾਰ ਵੱਲੋਂ ਟੈਕਸਦਾਤਾਵਾਂ ਲਈ ਇੱਕ ‘ਚਾਰਟਰ’ ਲਿਆਉਣ, ਰਿਟਰਨ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਗਭਗ 99 ਫੀਸਦੀ ਆਮਦਨ ਟੈਕਸ ਰਿਟਰਨ ਸਵੈ-ਮੁਲਾਂਕਣ ਤੇ ਅਧਾਰਤ ਹੋਣ ਦਾ ਵੀ ਜ਼ਿਕਰ ਕੀਤਾ। ਸਰਕਾਰ ਅਗਲੇ ਹਫ਼ਤੇ ਸੰਸਦ ਵਿੱਚ ਇੱਕ ਨਵਾਂ ਆਮਦਨ ਕਰ ਬਿੱਲ ਪੇਸ਼ ਕਰੇਗੀ ਤਾਂ ਜੋ ‘ਪਹਿਲਾਂ ਵਿਸ਼ਵਾਸ ਕਰੋ, ਬਾਅਦ ਵਿੱਚ ਜਾਂਚ ਕਰੋ ਦੀ ਧਾਰਨਾ ਨੂੰ ਅੱਗੇ ਵਧਾਇਆ ਜਾ ਸਕੇ।
ਬਜਟ ਵਿੱਚ ਵਿੱਤ ਮੰਤਰੀ ਨੇ ‘ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ, ਘੱਟ ਝਾੜ, ਆਧੁਨਿਕ ਫਸਲ ਤੀਬਰਤਾ ਅਤੇ ਔਸਤ ਤੋਂ ਘੱਟ ਕਰਜ਼ਾ ਮਾਪਦੰਡਾਂ ਵਾਲੇ 100 ਜ਼ਿਲ੍ਹੇ ਕਵਰ ਕੀਤੇ ਜਾਣਗੇ। ਇਸ ਯੋਜਨਾ ਦਾ ਲਾਭ 1.7 ਕਰੋੜ ਕਿਸਾਨਾਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਤੇ ਕੇਂਦ੍ਰਿਤ ਪੇਂਡੂ ਖੁਸ਼ਹਾਲੀ ਅਤੇ ਲਚਕੀਲਾਪਣ ਪ੍ਰੋਗਰਾਮ ਸ਼ੁਰੂ ਕਰੇਗੀ। ਸਰਕਾਰ ਦਾਲਾਂ ਵਿੱਚ ਆਤਮਨਿਰਭਰਤਾ ਲਈ ਛੇ ਸਾਲਾ ਪ੍ਰੋਗਰਾਮ ਵੀ ਸ਼ੁਰੂ ਕਰੇਗੀ, ਜਿਸ ਵਿੱਚ ਅਰਹਰ, ਮਾਂਹ ਅਤੇ ਦਾਲ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਦੇ ਉਤਪਾਦਨ ਨੂੰ ਵਧਾਉਣ ਅਤੇ ਲਾਹੇਵੰਦ ਕੀਮਤਾਂ ਪ੍ਰਦਾਨ ਕਰਨ ਲਈ ਇੱਕ ਵਿਆਪਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਲਈ ਵਿਆਜ ਸਬਸਿਡੀ ਯੋਜਨਾ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ।
ਸੀਤਾਰਮਨ ਨੇ ਕਿਹਾ ਕਿ ਸਰਕਾਰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈ) ਲਈ ਕ੍ਰੈਡਿਟ ਗਾਰੰਟੀ ਕਵਰ ਵਧਾਏਗੀ । ਇਸ ਤੋਂ ਇਲਾਵਾ, ਸਰਕਾਰ ਸੂਖਮ ਉੱਦਮਾਂ ਲਈ 5 ਲੱਖ ਰੁਪਏ ਦੀ ਸੀਮਾ ਵਾਲੇ ‘ਕਸਟਮਾਈਜ਼ਡ’ ਕ੍ਰੈਡਿਟ ਕਾਰਡ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ 7.7 ਕਰੋੜ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਨੂੰ ਥੋੜ੍ਹੇ ਸਮੇਂ ਲਈ ਕਰਜ਼ਾ ਸਹੂਲਤ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਚੰਗੀ ਤਰ੍ਹਾਂ ਚਲਾਏ ਜਾ ਰਹੇ ਨਿਰਯਾਤ-ਮੁਖੀ ਐਮ ਐਸ ਐਮਈ ਨੂੰ 20 ਕਰੋੜ ਰੁਪਏ ਤੱਕ ਦੇ ਮਿਆਦੀ ਕਰਜ਼ੇ ਪ੍ਰਦਾਨ ਕੀਤੇ ਜਾਣਗੇ।
ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ‘ਡੇਅ ਕੇਅਰ’ ਕੈਂਸਰ ਸੈਂਟਰ ਸਥਾਪਤ ਕਰਨ ਦੀ ਸਹੂਲਤ ਦੇਵੇਗੀ। ਸਾਲ 2025-26 ਵਿੱਚ ਹੀ 200 ਕੇਂਦਰ ਸਥਾਪਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਗਲੇ ਸਾਲ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ 10,000 ਵਾਧੂ ਸੀਟਾਂ ਜੋੜੀਆਂ ਜਾਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਬ੍ਰਾਡਬੈਂਡ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਨੂੰ ਵਧੇ ਹੋਏ ਬਜਟ ਵੰਡ ਦੇ ਨਾਲ ਸਾਲ 2028 ਤੱਕ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ, ਭਾਰਤ ਵਿੱਚ 15 ਕਰੋੜ ਘਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕੀਤੇ ਗਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਅਗਲੇ 10 ਸਾਲਾਂ ਵਿੱਚ ਚਾਰ ਕਰੋੜ ਵਾਧੂ ਯਾਤਰੀਆਂ ਦੀ ਮਦਦ ਲਈ 120 ਥਾਵਾਂ ਨੂੰ ਜੋੜਨ ਲਈ ਇੱਕ ਸੋਧੀ ਹੋਈ ਦੇਸ਼ ਕਾ ਆਮ ਨਾਗਰਿਕ ‘ਉਡਾਣ’ ਯੋਜਨਾ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਬਿਹਾਰ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਜ ਵਿੱਚ ਨਵੇਂ ਹਵਾਈ ਅੱਡਿਆਂ ਦੀ ਸਹੂਲਤ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਪੱਛਮੀ ਕੋਸੀ ਨਹਿਰ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਬਿਹਾਰ ਦੇ ਮਿਥਿਲਾ ਖੇਤਰ ਵਿੱਚ 50,000 ਹੈਕਟੇਅਰ ਜ਼ਮੀਨ ਨੂੰ ਲਾਭ ਹੋਵੇਗਾ।
ਸੀਤਾਰਮਨ ਨੇ ਤਕਨਾਲੋਜੀ ਖੋਜ ਲਈ ਅਗਲੇ ਪੰਜ ਸਾਲਾਂ ਵਿੱਚ ਭਾਰਤੀ ਤਕਨਾਲੋਜੀ ਸੰਸਥਾਵਾਂ (ਆਈ ਆਈ ਟੀ) ਅਤੇ ਆਈਆਈਐਸ ਵਿੱਚ 10,000 ਫੈਲੋਸ਼ਿਪਾਂ ਬਣਾਉਣ ਦਾ ਐਲਾਨ ਵੀ ਕੀਤਾ। ਉਹਨਾਂ ਐਲਾਨ ਕੀਤਾ ਕਿ ਸਰਕਾਰ ਪੰਜ ਭਾਰਤੀ ਤਕਨਾਲੋਜੀ ਸੰਸਥਾਵਾਂ ( ਆਈਆਈਟੀ ) ਵਿੱਚ ਵਾਧੂ ਬੁਨਿਆਦੀ ਢਾਂਚਾ ਬਣਾਏਗੀ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਥਿਤ ਆਈ ਆਈ ਟੀ ਦਾ ਵਿਸਥਾਰ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਸਕੂਲਾਂ ਅਤੇ ਉੱਚ ਸਿੱਖਿਆ ਲਈ ਭਾਰਤੀ ਭਾਸ਼ਾਵਾਂ ਵਿੱਚ ਕਿਤਾਬਾਂ ਨੂੰ ਡਿਜੀਟਲ ਰੂਪ ਵਿੱਚ ਉਪਲਬਧ ਕਰਵਾਉਣ ਲਈ ‘ਭਾਰਤੀ ਭਾਸ਼ਾ ਪੁਸਤਕ’ ਯੋਜਨਾ ਸ਼ੁਰੂ ਕਰੇਗੀ।
ਵਿੱਤ ਮੰਤਰੀ ਨੇ ਬਜਟ ਵਿੱਚ 12 ਮਹੱਤਵਪੂਰਨ ਖਣਿਜਾਂ, ਲਿਥੀਅਮ-ਆਇਨ ਬੈਟਰੀ ਸਕ੍ਰੈਪ, ਕੋਬਾਲਟ ਉਤਪਾਦਾਂ, ਐਲ ਈ ਡੀ, ਜ਼ਿੰਕ ਅਤੇ ਕੈਂਸਰ ਅਤੇ ਦੁਰਲੱਭ ਬਿਮਾਰੀਆਂ ਲਈ 36 ਦਵਾਈਆਂ ਤੇ ਆਯਾਤ ਡਿਊਟੀ ਹਟਾਉਣ ਦਾ ਐਲਾਨ ਕੀਤਾ। ਉਹਨਾਂ ਇੱਕ ਤੋਂ ਵੱਧ ਸੈਸ ਜਾਂ ਸਰਚਾਰਜ ਨਾ ਲਗਾਉਣ ਦਾ ਪ੍ਰਸਤਾਵ ਵੀ ਦਿੱਤਾ। ਉਨ੍ਹਾਂ ਨੇ 82 ਟੈਰਿਫ਼ ਲਾਈਨਾਂ ਤੇ ਸਮਾਜ ਭਲਾਈ ਸਰਚਾਰਜ ਤੋਂ ਛੋਟ ਦੇਣ ਦਾ ਵੀ ਪ੍ਰਸਤਾਵ ਰੱਖਿਆ ਜੋ ਕਿ ਸੈਸ ਦੇ ਅਧੀਨ ਹਨ।
ਵਿੱਤ ਮੰਤਰੀ ਨੇ ਪੰਜ ਪ੍ਰਤੀਸ਼ਤ ਦੀ ਰਿਆਇਤੀ ਕਸਟਮ ਡਿਊਟੀ ਦੀ ਸੂਚੀ ਵਿੱਚ ਛੇ ਜੀਵਨ ਰੱਖਿਅਕ ਦਵਾਈਆਂ ਨੂੰ ਸ਼ਾਮਲ ਕਰਨ ਦਾ ਵੀ ਪ੍ਰਸਤਾਵ ਰੱਖਿਆ। ਇਨ੍ਹਾਂ ਦਵਾਈਆਂ ਦੇ ਨਿਰਮਾਣ ਲਈ ਕ੍ਰਮਵਾਰ ਥੋਕ ਦਵਾਈਆਂ ਲਈ ਪੂਰੀ ਛੋਟ ਅਤੇ ਰਿਆਇਤੀ ਡਿਊਟੀ ਵੀ ਲਾਗੂ ਹੋਵੇਗੀ।
National
ਗੈਸ ਸਲਿੰਡਰਾਂ ਨਾਲ ਭਰੇ ਟਰੱਕ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਗਾਜ਼ੀਆਬਾਦ, 1 ਫਰਵਰੀ (ਸ.ਬ.) ਗਾਜ਼ੀਆਬਾਦ ਵਿੱਚ ਸਲਿੰਡਰਾਂ ਨਾਲ ਭਰੇ ਟਰੱਕ ਵਿੱਚ ਅੱਗ ਗਈ। ਧਮਾਕੇ ਕਾਰਨ ਨੇੜੇ ਖੜ੍ਹੇ ਵਾਹਨ ਸੜ ਕੇ ਸੁਆਹ ਹੋ ਗਏ। ਖੁਸ਼ਕਿਸਮਤੀ ਨਾਲ, ਡਰਾਈਵਰ ਨੇ ਚੱਲਦੇ ਟਰੱਕ ਤੋਂ ਛਾਲ ਮਾਰ ਦਿੱਤੀ, ਇਸ ਤਰ੍ਹਾਂ ਉਸ ਦੀ ਜਾਨ ਬਚ ਗਈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਅੱਗ ਤੇ ਡੇਢ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ। ਇਹ ਘਟਨਾ ਭੋਪੁਰਾ ਚੌਕ, ਦਿੱਲੀ-ਵਜ਼ੀਰਾਬਾਦ ਰੋਡ, ਟੀਲਾ ਮੋਡ ਇਲਾਕੇ ਵਿੱਚ ਵਾਪਰੀ। ਸੀਐਫਓ ਰਾਹੁਲ ਪਾਲ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਸੀਐਫਓ ਰਾਹੁਲ ਪਾਲ ਨੇ ਕਿਹਾ ਕਿ ਅੱਜ ਸਵੇਰੇ 4:35 ਵਜੇ ਐਲਪੀਜੀ ਸਲਿੰਡਰਾਂ ਨਾਲ ਭਰੇ ਇੱਕ ਟਰੱਕ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ਤੇ ਫਾਇਰ ਟੈਂਡਰ ਭੇਜੇ ਗਏ। ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ। 2-3 ਘਰਾਂ ਅਤੇ ਕੁਝ ਵਾਹਨਾਂ ਨੂੰ ਅੱਗ ਲੱਗ ਗਈ। ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਦੀਆਂ ਉੱਚੀਆਂ ਲਪਟਾਂ ਦੇਖ ਕੇ, ਦੂਜੇ ਡਰਾਈਵਰਾਂ ਨੇ ਆਪਣੇ ਵਾਹਨ ਦੂਰ ਰੋਕ ਲਏ।
National
ਸੰਘਣੀ ਧੁੰਦ ਕਾਰਨ ਭਾਖੜਾ ਨਹਿਰ ਵਿੱਚ ਡਿੱਗੀ ਗੱਡੀ, 12 ਜਣੇ ਰੁੜ੍ਹੇ
ਫਤੇਹਾਬਾਦ, 1 ਫਰਵਰੀ (ਸ.ਬ.) ਵਿਆਹ ਸਮਾਗਮ ਵਿੱਚ ਹਿੱਸਾ ਲੈ ਕੇ ਪਰਤ ਰਹੇ ਲੋਕਾਂ ਦੀ ਕਰੂਜ਼ਰ ਗੱਡੀ ਬੀਤੀ ਰਾਤ ਕਰੀਬ ਦੱਸ ਵਜੇ ਸੰਘਣੀ ਧੁੰਦ ਕਾਰਨ ਪਿੰਡ ਸਰਦਾਰੇਵਾਲਾ ਨੇੜੇ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਵਿੱਚ 14 ਜਣੇ ਸਵਾਰ ਸਨ। ਚਾਲਕ ਤੇ ਦਸ ਸਾਲਾ ਬੱਚਾ ਪਾਣੀ ਦੇ ਤੇਜ਼ ਵਹਾਅ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਪਰ ਬਾਕੀ ਲੋਕ ਰੁੜ੍ਹ ਗਏ। ਬੀਤ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਸਨ ਪਰ ਕਿਤੇ ਦਾ ਪਤਾ ਨਹੀਂ ਲੱਗ ਸਕਿਆ। ਮੇਹਮੜਾ ਪਿੰਡ ਦੇ 14 ਲੋਕ ਫਾਜ਼ਿਲਕਾ ਵਿੱਚ ਕਿਸੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ। ਉਹ ਸ਼ਾਮ ਨੂੰ ਵਾਪਸ ਆ ਰਹੇ ਸਨ ਕਿ ਸਰਦਾਰੇਵਾਲਾ ਨੇੜੇ ਸੰਘਣੀ ਧੁੰਦ ਕਾਰਨ ਗੱਡੀ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਸੀ। ਕਿਸੇ ਤਰ੍ਹਾਂ ਮੇਹਮੜਾ ਵਾਸੀ ਜਰਨੈਲ ਸਿੰਘ ਤੇ ਇਕ ਬੱਚਾ ਪਾਣੀ ਵਿੱਚੋਂ ਬਾਹਰ ਨਿਕਲ ਆਏ। ਜਰਨੈਲ ਸਿੰਘ ਨੇ ਨੇੜਲੇ ਪਿੰਡ ਦੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਰਤੀਆ ਥਾਣਾ ਮੁਖੀ ਰਾਜਵੀਰ ਸਿੰਘ ਨੇ ਦੱਸਿਆ ਕਿ 12 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਟੋਹਾਣਾ ਐਸਡੀਐਮ ਜਗਦੀਸ਼ ਚੰਦਰ ਤੇ ਡੀਐਸਪੀ ਸੰਜੇ ਬਿਸ਼ਨੋਈ ਵੀ ਘਟਨਾ ਸਥਾਨ ਤੇ ਪੁੱਜ ਗਏ ਸਨ। ਇਨ੍ਹਾਂ ਵਿੱਚ ਅੱਠ ਲੋਕ ਫਤੇਹਾਬਾਦ ਦੇ ਪਿੰਡ ਮੇਹਮੜਾ, ਦੋ ਲੋਕ ਰਿਔਂਦ ਤੇ ਦੋ ਪੰਜਾਬ ਦੇ ਸਸਪਾਲੀ ਦੇ ਰਹਿਣ ਵਾਲੇ ਹਨ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ