Mohali
ਮਾਲ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਤਹਿਸੀਲਦਾਰ ਅਤੇ ਹੋਰਾਂ ਖਿਲਾਫ ਕਾਰਵਾਈ ਕਰੇ ਸਰਕਾਰ : ਸਤਨਾਮ ਸਿੰਘ ਦਾਊਂ

ਐਸ ਏ ਐਸ ਨਗਰ, 4 ਮਾਰਚ (ਸ.ਬ.) ਪੰਜਾਬ ਅਗੇਂਸਟ ਕੁਰੱਪਸਨ ਦੇ ਪ੍ਰਧਾਨ ਸਤਨਾਮ ਸਿੰਘ ਦਾਉਂ ਨੇ ਕਿਹਾ ਹੈ ਕਿ ਸਰਕਾਰ ਨੂੰ ਮਾਲ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਤਹਿਸੀਲਦਾਰ ਅਤੇ ਹੋਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮਾਲ ਮਹਿਕਮੇ ਅਤੇ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ। ਉਹਨਾਂ ਕਿਹਾ ਕਿ ਵਿਜਲੈਂਸ ਬਿਊਰੋ ਜਾਂ ਸਰਕਾਰ ਜਦੋਂ ਵੀ ਇਸ ਵਿਭਾਗ ਅਤੇ ਤਹਿਸੀਲਦਾਰਾਂ ਵੱਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਖਿਲਾਫ ਕੋਈ ਕਾਰਵਾਈ ਕਰਦੀ ਹੈ ਤਾਂ ਤਹਿਸੀਲਦਾਰ, ਪਟਵਾਰੀ, ਕਾਨੂਗੋ ਆਦਿ ਆਪਣੀਆਂ ਜਥੇਬੰਦੀਆਂ ਰਾਹੀਂ ਸਰਕਾਰ ਤੇ ਦਬਾਓ ਬਣਾ ਕੇ ਬਚਦੇ ਰਹੇ ਹਨ।
ਉਹਨਾਂ ਕਿਹਾ ਕਿ ਲੱਖਾਂ ਰੁਪਈਆ ਸਲਾਨਾ ਤਨਖਾਹਾਂ ਲੈਣ ਵਾਲੇ ਤਹਿਸੀਲਦਾਰ ਸਰਕਾਰ ਤੇ ਦਬਾਓ ਬਣਾਉਣ ਦੇ ਮਕਸਦ ਨਾਲ ਪੂਰੀਆਂ ਤਨਖਾਹਾਂ ਲੈਣ ਤੋਂ ਬਾਅਦ ਵੀ ਕੰਮ ਨਾ ਕਰਕੇ ਹੜਤਾਲਾਂ ਤੇ ਚਲੇ ਜਾਂਦੇ ਹਨ ਜਿਸ ਨਾਲ ਆਮ ਲੋਕਾਂ ਅਤੇ ਸਰਕਾਰੀ ਖਜਾਨੇ ਨੂੰ ਵੱਡਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਸਮੇਂ ਜਦੋਂ ਉਹਨਾਂ ਦੀ ਸੰਸਥਾ ਅਤੇ ਆਮ ਲੋਕਾਂ ਨੇ ਵਿਜੀਲੈਂਸ ਬਿਊਰੋ ਦੇ ਹੈਡ ਆਫਿਸ ਦੇ ਬਾਹਰ ਆਈਏਐਸ ਅਫਸਰਾਂ ਦੇ ਪੁਤਲੇ ਫੂਕੇ ਸਨ ਅਤੇ ਹੋਰ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਉਸੇ ਦਿਨ ਮੁੱਖ ਮੰਤਰੀ ਪੰਜਾਬ ਨੇ ਤਹਿਸੀਲ ਦਾਰਾਂ ਨੂੰ ਕੰਮ ਤੇ ਵਾਪਸ ਪਰਤਣ ਦੇ ਸਖਤ ਹੁਕਮ ਕੀਤੇ ਸਨ ਜਿਸ ਕਾਰਨ ਤਹਿਸੀਲਾਂ ਵਿੱਚ ਕੰਮ ਮੁੜ ਬਹਾਲ ਹੋ ਗਿਆ ਸੀ।
ਤਹਿਸੀਲਦਾਰਾਂ ਵੱਲੋਂ ਕੀਤੀ ਗਈ ਤਾਜਾ ਹੜਤਾਲ ਦੀ ਨਿਖੇਧੀ ਕਰਦਿਆਂ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇਕਰ ਕੰਮ ਨਹੀਂ ਤਾਂ ਤਨਖਾਹ ਨਹੀਂ ਦੇ ਆਧਾਰ ਤੇ ਇਹਨਾਂ ਹੜਤਾਲਕਾਰੀ ਤਹਿਸੀਲਦਾਰਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਮੁੱਖ ਮੰਤਰੀ ਵਲੋਂ ਤਹਿਸੀਲਦਾਰਾਂ ਦੀ ਥਾਂ ਹੋਰ ਛੋਟੇ ਅਫਸਰਾਂ ਨੂੰ ਰਜਿਸਟਰੀਆਂ ਦਾ ਕੰਮ ਦੇਣ ਦਾ ਸੁਆਗਤ ਕਰਦੀ ਹੈ। ਉਹਨਾਂ ਮੰਗ ਕੀਤੀ ਕਿ ਸੰਸਥਾ ਨੇ ਮੰਗ ਕੀਤੀ ਕਿ ਜੇਕਰ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਆਪਣੀ ਜਿੱਦ ਤੇ ਕਾਇਮ ਰਹਿੰਦੇ ਹਨ ਤਾਂ ਪੰਜਾਬ ਵਿੱਚ ਲੱਖਾਂ ਕਾਬਲ ਨੌਜਵਾਨ ਬੇਰੁਜਗਾਰ ਹਨ ਜਿਨਾਂ ਨੂੰ ਇਹਨਾਂ ਦੀ ਥਾਂ ਨੌਕਰੀ ਦਿੱਤੀ ਜਾ ਸਕਦੀ ਹੈ।
Mohali
ਭਲਕੇ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ ਕਿਸਾਨ ਧਰਨੇ ਨੂੰ ਰੋਕਣ ਲਈ ਪੁਲੀਸ ਨੇ ਤੜਕੇ ਕਿਸਾਨ ਆਗੂਆਂ ਦੇ ਘਰ ਦਿੱਤੀ ਦਬਿਸ਼

ਪੁਲੀਸ ਸੂਤਰਾਂ ਮੁਤਾਬਕ 15 ਦੇ ਕਰੀਬ ਕਿਸਾਨ ਲਏ ਹਿਰਾਸਤ ਵਿੱਚ, ਵਕੀਲਾਂ ਦੇ ਰੋਸ ਕਾਰਨ ਐਡਵੋਕੇਟ ਜਸਪਾਲ ਦੱਪਰ ਸਮੇਤ ਤਿੰਨ ਕਿਸਾਨ ਆਗੂ ਦੁਪਹਿਰ ਬਾਅਦ ਛੱਡੇ
ਐਸ ਏ ਐਸ ਨਗਰ, 4 ਮਾਰਚ (ਪਰਵਿੰਦਰ ਕੌਰ ਜੱਸੀ) ਪੰਜਾਬ ਪੁਲੀਸ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਨੂੰ ਅਸਫਲ ਬਣਾਉਣ ਲਈ ਕਿਸਾਨ ਆਗੂਆਂ ਦੀ ਫੜੋ ਫੜੀ ਆਰੰਭ ਕਰ ਦਿੱਤੀ ਹੈ। ਮੁਹਾਲੀ ਪੁਲੀਸ ਨੇ ਜਿਲੇ ਵਿੱਚੋਂ 15 ਦੇ ਕਰੀਬ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਸੂਤਰਾਂ ਨੇ 15 ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ।
ਪੁਲੀਸ ਨੇ ਅੱਜ ਤੜਕੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਿੰਡ ਸਿਆਊ ਤੋਂ ਹਿਰਾਸਤ ਵਿਚ ਲਿਆ ਗਿਆ। ਸੂਬਾਈ ਆਗੂ ਪਰਮਦੀਪ ਸਿੰਘ ਬੈਦਵਾਣ ਨੂੰ ਵੀ ਉਨ੍ਹਾਂ ਦੇ ਪਿੰਡ ਮਟੌਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਸਰਪੰਚ ਕਰਾਲਾ ਵਲੋਂ ਦਿੱਤੀ ਗਈ ਹੈ।
ਇਸੇ ਤਰ੍ਹਾਂ ਪੁਲੀਸ ਨੇ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ ਨੂੰ ਵੀ ਪਿੰਡ ਕਰਾਲਾ ਤੋਂ ਤੜਕੇ ਹਿਰਾਸਤ ਵਿਚ ਲਿਆ ਹੈ। ਇਹ ਜਾਣਕਾਰੀ ਗਰਪ੍ਰੀਤ ਸਿੰਘ ਸੇਖਨਮਾਜਰਾ ਵਲੋਂ ਦਿੱਤੀ ਗਈ। ਕਿਸਾਨ ਆਗੂ ਅਤੇ ਉੱਘੇ ਵਕੀਲ ਜਸਪਾਲ ਦੱਪਰ, ਮਨਪ੍ਰੀਤ ਅਮਲਾਲਾ, ਹਰੀ ਸਿੰਘ ਚਡਿਆਲਾ, ਅਜਾਇਬ ਸਿੰਘ ਮਲਕਪੁਰ, ਰਜਿੰਦਰ ਢੋਲਾ, ਕਰਮ ਸਿੰਘ ਕਾਰਕੌਰ, ਲਖਵਿੰਦਰ ਸਿੰਘ ਸਦਾਪੁਰ ਨੂੰ ਸਵੇਰੇ ਤੜਕੇ ਹਿਰਾਸਤ ਵਿੱਚ ਲਿਆ ਗਿਆ। ਇਸ ਸਬੰਧੀ ਜਸਪਾਲ ਸਿੰਘ ਦੱਪਰ ਨੇ ਦੱਸਿਆ ਕਿ ਸਾਰੇ ਕਿਸਾਨ ਆਗੂਆਂ ਨੂੰ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਵੱਖ ਵੱਖ ਥਾਣਿਆਂ ਵਿੱਚ ਇਹ ਕਹਿ ਕੇ ਲਿਜਾਇਆ ਗਿਆ ਕਿ ਉਨਾਂ ਨੂੰ ਸਰਕਾਰ ਦਾ ਹੁਕਮ ਮਿਲਿਆ ਹੈ ਕਿ 5 ਮਾਰਚ ਨੂੰ ਕਿਸਾਨੀ ਧਰਨੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ। ਉਨਾਂ ਦੱਸਿਆ ਕਿ ਦੁਪਹਿਰ ਸਮੇਂ ਉਨਾਂ ਸਮੇਤ 3 ਕਿਸਾਨਾਂ ਅਜਾਇਬ ਸਿੰਘ ਮਲਕਪੁਰ ਅਤੇ ਲਖਵਿੰਦਰ ਸਿੰਘ ਸਾਦਾਪੁਰ ਨੂੰ ਛੱਡ ਦਿੱਤਾ ਗਿਆ। ਉਨਾਂ ਤਿੰਨਾਂ ਨੂੰ ਲਹਿਲੀ ਚੌਂਕੀ ਲਿਜਾਇਆ ਗਿਆ ਸੀ।
ਕਿਸਾਨ ਆਗੂ ਜਸਪਾਲ ਸਿੰਘ ਦੱਪਰ ਨੇ ਪੰਜਾਬ ਸਰਕਾਰ ਦੇ ਇਸ ਰਵੱਈਏ ਵਿਰੁਧ ਰੋਸ ਜਾਹਰ ਕਰਦਿਆਂ ਕਿਹਾ ਕਿ ਇਹ ਤਾਂ ਲੋਕ ਤੰਤਰ ਦਾ ਘਾਣ ਹੈ ਅਤੇ ਕਿਸਾਨਾਂ ਨਾਲ ਵਧੀਕੀ ਕਰਨ ਵਾਲੀਆਂ ਸਰਕਾਰਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਉਨਾਂ ਕਿਹਾ ਕਿ ਜੀਰਕਪੁਰ, ਡੇਰਾਬਸੀ ਅਤੇ ਲਾਲੜੂ ਇਲਾਕੇ ਦੇ ਕਿਸਾਨ ਟਰੈਕਟਰ ਟਰਾਲੀਆਂ ਅਤੇ ਆਪਣੇ ਆਪਣੇ ਵਾਹਨਾਂ ਵਿੱਚ ਸਵਾਰ ਹੋ ਕੇ ਵੱਡੀ ਤਦਾਦ ਵਿੱਚ ਚੰਡੀਗੜ੍ਹ ਵੱਲ ਕੂਚ ਕਰਨਗੇ।
ਉਧਰ ਕਿਸਾਨ ਆਗੂਆਂ ਦੀ ਫੜੋ ਫੜ੍ਹੀ ਵਿਰੁੱਧ ਲੋਕਾਂ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ 5 ਮਾਰਚ ਨੂੰ ਹਰ ਹਾਲਤ ਵਿੱਚ ਚੰਡੀਗੜ੍ਹ ਪਹੁੰਚਣ ਦਾ ਅਹਿਦ ਲੈਂਦਿਆਂ ਆਪਣੇ ਕਾਰਕੁਨਾਂ ਨੂੰ ਘਰਾਂ ਤੋਂ ਰੂਪੋਸ਼ ਹੋਣ ਲਈ ਕਿਹਾ ਹੈ। ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਨੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਨਿੰਦਾ ਕਰਦਿਆਂ ਪਿੰਡਾਂ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਹੜੇ ਪਿੰਡ ਵਿੱਚ ਵੀ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਲਈ ਪੁਲੀਸ ਦੀਆਂ ਗੱਡੀਆਂ ਆਉਂਦੀਆਂ ਹਨ, ਉਨ੍ਹਾਂ ਦਾ ਘਿਰਾਉ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇ।
Mohali
ਮੁਹਾਲੀ ਦੇ ਵਕੀਲਾਂ ਨੇ ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਤੇ ਕੰਮਕਾਜ ਕੀਤਾ ਠੱਪ

ਐਸ ਏ ਐਸ ਨਗਰ, 4 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਦੇ ਵਕੀਲਾਂ ਨੇ ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਤੇ ਕੰਮਕਾਜ ਠੱਪ ਕਰਕੇ ਰੋਸ ਜਾਹਿਰ ਕੀਤਾ। ਇਸ ਦੌਰਾਨ ਮੁਹਾਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ, ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਪੰਜਾਬ ਦੇ ਮੀਤ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਅਮਰਜੀਤ ਸਿੰਘ ਲੌਂਗੀਆ ਦੀ ਰਹਿਨੁਮਾਈ ਵਿੱਚ ਮੁਹਾਲੀ ਦੇ ਏ.ਡੀ.ਸੀ ਗੀਤੀਕਾ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਐਡਵੋਕੇਟ ਜਸਪਾਲ ਸਿੰਘ ਦੱਪਰ (ਮੁਹਾਲੀ) ਅਤੇ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ (ਜਿਹਨਾਂ ਨੂੰ ਮੁਹਾਲੀ ਪੁਲੀਸ ਵੱਲੋਂ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ) ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਗਈ।
ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਪੁਲੀਸ ਵਲੋਂ ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਕਾਰਨ ਅੱਜ ਮੁਹਾਲੀ ਅਦਾਲਤ ਵਿੱਚ ਸਮੂਹ ਵਕੀਲਾਂ ਵਲੋਂ ਕੰਮ ਕਾਜ ਬੰਦ ਕਰਨ ਦਾ ਮਤਾ ਪਾ ਕੇ ਅਦਾਲਤਾਂ ਵਿੱਚੋਂ ਵਕੀਲ ਗੈਰਹਾਜਰ ਰਹੇ। ਇਸ ਸਬੰਧੀ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਐਡਵੋਕੇਟ ਅਮਰਜੀਤ ਸਿੰਘ ਲੌਂਗੀਆ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮੁਹਾਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੇ ਬੋਲਣ ਅਤੇ ਵਿਰੋਧ ਕਰਨ ਦੀ ਅਜਾਦੀ ਤੇ ਰੋਕ ਲਗਾ ਰਹੀ ਹੈ, ਜੋ ਭਾਰਤ ਦੇ ਸਵਿਧਾਨ ਅਤੇ ਕਾਨੂੰਨਾਂ ਦੀ ਉਲੰਘਣਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਛਪਾਲ ਸਿੰਘ, ਇਕਬਾਲ ਸਿੰਘ, ਪ੍ਰਿਤਪਾਲ ਸਿੰਘ ਬਾਸੀ, ਅਕਸ਼ ਚੇਤਲ, ਹਰਪ੍ਰੀਤ ਸਿੰਘ, ਰੋਹਿਤ ਗਰਗ, ਅਮਰੀਸ਼ ਕੁਮਾਰ ਜੈਨ, ਪ੍ਰਮੀਤ ਸਿੰਘ ਗਿੱਲ, ਜ਼ਸਵੰਤ ਸਿੰਘ ਤੂਰ, ਕਰਨਵੀਰ ਸਿੰਘ, ਵਿਕਾਸ ਸ਼ਰਮਾ, ਆਰ ਐਸ ਚੌਧਰੀ, ਗੁਰਪ੍ਰੀਤ ਸਿੰਘ ਸਿੱਧੂ, ਏਕਨਕਾਰ ਸਿੰਘ, ਜਸਜੀਤ ਸਿੰਘ ਧਨੋਆ ਅਤੇ ਯਸ਼ਜੋਤ ਸਿੰਘ ਧਾਲੀਵਾਲ ਵੀ ਹਾਜਰ ਸਨ।
Mohali
ਡੀ.ਸੀ ਨੇ ਰਜਿਸਟਰੀਆਂ ਲਈ ਐਸ. ਡੀ. ਐਮਜ਼, ਕਾਨੂੰਗੋ ਅਤੇ ਸੀਨੀਅਰ ਸਹਾਇਕਾਂ ਦੀਆਂ ਲਗਾਈਆਂ ਡਿਊਟੀਆਂ
ਐਸ ਏ ਐਸ ਨਗਰ, 4 ਮਾਰਚ (ਪਰਵਿੰਦਰ ਕੌਰ ਜੱਸੀ) ਤਹਿਸੀਲਦਾਰਾਂ ਦੇ ਸਮੂਹਿਕ ਛੁੱਟੀ ਤੇ ਜਾਣ ਕਾਰਨ ਤਹਿਸੀਲਾਂ ਵਿੱਚ ਰਜਿਸਟਰੀਆਂ ਸਮੇਤ ਹੋਰ ਕੰਮ ਕਾਜ ਠੱਪ ਹੋਣ ਕਾਰਨ ਡਿਪਟੀ ਕਮਿਸ਼ਨਰ ਮੁਹਾਲੀ ਵਲੋਂ ਰਜਿਸਟਰੀਆਂ ਦੇ ਕੰਮ ਨੂੰ ਲਗਾਤਾਰ ਚਾਲੂ ਰੱਖਣ ਲਈ ਮੁਹਾਲੀ ਵਿਚਲੀਆਂ ਤਿਨਾਂ ਤਹਿਸੀਲਾਂ ਦੇ ਐਸ. ਡੀ. ਐਮਜ਼ ਕਾਨੂੰਗੋ ਸਮੇਤ ਹੋਰਨਾਂ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਉਨਾਂ ਦੇ ਧਿਆਨ ਵਿੱਚ ਆਇਆ ਕਿ ਜਿਲਾ ਮੁਹਾਲੀ ਦੇ ਸਮੂਹ ਦਫਤਰ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਵਿਖੇ ਰਜਿਸਟਰੇਸ਼ਨ ਦਾ ਕੰਮ ਨਹੀਂ ਹੋ ਰਿਹਾ ਹੈ, ਜਦੋਂ ਕਿ ਆਮ ਜਨਤਾ ਵਲੋਂ ਆਪਣੇ ਰਜਿਸਟਰੇਸ਼ਨ ਦਾ ਕੰਮ ਕਰਵਾਉਣ ਲਈ ਅਪਵਾਇੰਟਮੈਂਟਾਂ ਲਈਆਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਮੁਤਾਬਕ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਪੰਜਾਬ ਰਜਿਸਟਰੇਸ਼ਨ ਐਕਟ 1908 ਦੀ ਧਾਰਾ 12 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਜਿਸਟਰੇਸ਼ਨ ਦੇ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਡਾ. ਦਮਨਦੀਪ ਕੌਰ ਐਸ. ਡੀ. ਐਮ ਮੁਹਾਲੀ, ਗੁਰਮੰਦਰ ਸਿੰਘ ਐਸ. ਡੀ. ਐਮ ਖਰੜ, ਅਮਿਤ ਗੁਪਤਾ ਐਸ. ਡੀ. ਐਮ ਡੇਰਾਬਸੀ, ਚਤਰਪਾਲ ਸਿੰਘ ਕਾਨੂਗੋ ਜੁਆਇੰਟ ਸਬ ਰਜਿਸਟਰਾਰ ਜੀਰਕਪੁਰ, ਵੈਸ਼ਨੋ ਦਾਸ ਕਾਨੂੰਗੋ ਜੁਆਇੰਟ ਸਬ ਰਜਿਸਟਰਾਰ ਘੜੂੰਆ, ਰਾਜੀਵ ਕੁਮਾਰ ਸੀਨੀਅਰ ਸਹਾਇਕ ਸਬ ਰਜਿਸਟਰਾਰ ਬਨੂੰੜ ਅਤੇ ਗੁਰਦੇਵ ਸਿੰਘ ਸੀਨੀਅਰ ਸਹਾਇਕ ਜੁਆਇੰਟ ਸਬ ਰਜਿਸਟਰਾਰ ਮਾਜਰੀ ਨੂੰ ਤੈਨਾਤ ਕੀਤਾ ਗਿਆ ਹੈ।
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
Mohali1 month ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ