Punjab
ਗੰਜਾਪਨ ਦੂਰ ਕਰਨ ਲਈ ਲਗਵਾਏ ਤੇਲ ਨਾਲ ਅੱਖਾਂ ਵਿੱਚ ਇਨਫੈਕਸ਼ਨ ਦੇ ਵੱਡੀ ਗਿਣਤੀ ਮਾਮਲੇ ਆਏ ਸਾਹਮਣੇ
ਸੰਗਰੂਰ, 17 ਮਾਰਚ (ਸ.ਬ.) ਸੰਗਰੂਰ ਸ਼ਹਿਰ ਦੇ ਕਾਲੀ ਮਾਤਾ ਮੰਦਰ ਵਿਚ ਲੱਗੇ ਕੈਂਪ ਦੌਰਾਨ ਗੰਜਾਪਨ ਦੂਰ ਕਰਨ ਦੀ ਖਾਹਿਸ਼ ਵਿਚ ਟਰੀਟਮੈਂਟ ਕਰਵਾਉਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿਚ ਸੰਕਰਮਣ ਹੋਣ ਦੇ ਵਧਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਐਤਵਾਰ ਰਾਤ ਤੋਂ ਬਾਅਦ ਅੱਜ ਸਵੇਰੇ ਹੀ ਐਮਰਜੈਂਸੀ ਵਾਰਡ ਵਿਚ ਅੱਖਾਂ ਵਿਚ ਸੰਕਰਮਣ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 65 ਤੋਂ ਪਾਰ ਹੋ ਗਈ ਹੈ। ਮਰੀਜ਼ਾਂ ਦੀਆਂ ਅੱਖਾਂ ਵਿਚ ਜਲਣ, ਤੇਜ਼ ਦਰਦ, ਪਾਣੀ ਨਿਕਲਣ, ਖੁਜਲੀ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਸੀ। ਐਮਰਜੈਂਸੀ ਵਾਰਡ ਸਮੇਤ ਓਪੀਡੀ ਵਿਚ ਵੀ ਅੱਖਾਂ ਦੀ ਸਮੱਸਿਆ ਨਾਲ ਪਰੇਸ਼ਾਨ ਮਰੀਜ਼ਾਂ ਦੀ ਗਿਣਤੀ ਵੱਧ ਰਹੀ। ਇਸੇ ਦੌਰਾਨ ਅੱਜ ਸਿਵਲ ਸਰਜਨ ਡਾ. ਸੰਜੇ ਕਾਮਰਾ ਵੀ ਹਸਪਤਾਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐਮਰਜੈਂਸੀ ਵਾਰਡ ਵਿਚ ਵੀ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ, ਤਾਂ ਜੋ ਮਰੀਜ਼ਾਂ ਨੂੰ ਤੁਰੰਤ ਸੰਭਾਲਿਆ ਜਾ ਸਕੇ। ਸਿਵਲ ਸਰਜਨ ਡਾ. ਸੰਜੇ ਕਾਮਰਾ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਸ਼ਹਿਰ ਵਿਚ ਗੰਜਾਪਨ ਨੂੰ ਦੂਰ ਕਰਨ ਲਈ ਦਵਾਈ ਲਗਾਉਣ ਦਾ ਝਾਂਸਾ ਦੇ ਕੇ ਕਿਸੇ ਨੇ ਕੈਂਪ ਲਗਾਇਆ ਅਤੇ ਇਸ ਦਵਾਈ ਨਾਲ ਲੋਕਾਂ ਦੀਆਂ ਅੱਖਾਂ ਵਿਚ ਸੰਕਰਮਣ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੋਂ ਇਸ ਕੈਂਪ ਬਾਰੇ ਕੋਈ ਇਜਾਜ਼ਤ ਨਹੀਂ ਲਈ। ਹਾਲਾਂਕਿ ਅੱਖਾਂ ਦੀ ਜਾਂਚ ਜਾਂ ਲੈਂਸ ਪਾਉਣ, ਰਕਤਦਾਨ ਕੈਂਪ ਲਗਾਉਣ ਲਈ ਹੀ ਸਿਹਤ ਵਿਭਾਗ ਤੋਂ ਇਜਾਜ਼ਤ ਲੈਣ ਦੀ ਲੋੜ ਹੁੰਦੀ ਹੈ। ਇਸ ਲਈ ਸਿਹਤ ਵਿਭਾਗ ਨੂੰ ਇਸ ਗੰਜਾਪਨ ਦੀ ਦਵਾਈ ਦੇਣ ਲਈ ਲਗਾਏ ਗਏ ਕੈਂਪ ਦੀ ਕੋਈ ਜਾਣਕਾਰੀ ਨਹੀਂ ਹੈ। ਪੀੜਤ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸੇ ਦੌਰਾਨ ਸਿਵਲ ਹਸਪਤਾਲ ਵਿਚ ਪਹੁੰਚੇ ਡੀਐਸਪੀ ਸੰਜੀਵ ਸਿੰਗਲਾ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Mohali
ਸੀ.ਆਈ.ਏ. ਸਟਾਫ ਵੱਲੋਂ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਏ ਦਾ ਇੱਕ ਗੁਰਗਾ ਗ੍ਰਿਫਤਾਰ

ਐਸ ਏ ਐਸ ਨਗਰ, 17 ਮਾਰਚ (ਸ.ਬ.) ਸੀ. ਆਈ. ਏ. ਸਟਾਫ ਮੁਹਾਲ਼ੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਗੈਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਏ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕਰਕੇ, ਉਸ ਪਾਸੋਂ 1 ਪਿਸਟਲ .32 ਬੋਰ ਸਮੇਤ 2 ਰੌਂਦ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮੁਖਬਰ ਦੀ ਇਤਲਾ ਦੇ ਆਧਾਰ ਤੇ ਰਾਕੇਸ਼ ਕੁਮਾਰ ਉਰਫ ਮੱਦੀ ਨਗਰ, ਮੋਗਾ ਹਾਲ ਵਾਸੀ ਸ਼ਿਵਾਲਿਕ ਹੋਮਜ, ਸ਼ਿਵਾਲਿਕ ਸਿਟੀ, ਲਾਂਡਰਾ ਰੋਡ ਖਰੜ ਵਿਖੇ ਛਾਪੇਮਾਰੀ ਕਰਕੇ ਰਾਕੇਸ਼ ਕੁਮਾਰ ਉਰਫ ਮੱਦੀ (ਜੋ ਕਿ ਬੰਬੀਹਾ ਗਰੁੱਪ ਦੇ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਵਾਸਤੇ ਕੰਮ ਕਰਦਾ ਹੈ) ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਇਤਲਾ ਮਿਲੀ ਸੀ ਕਿ ਰਾਕੇਸ਼ ਕੁਮਾਰ ਉਰਫ ਮੱਦੀ (ਜਿਸਦੇ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ) ਕੋਲ ਨਜਾਇਜ ਹਥਿਆਰ ਹਨ। ਰਾਕੇਸ਼ ਕੁਮਾਰ ਉਰਫ ਮੱਦੀ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਦੇ ਕਹਿਣ ਤੇ ਉਸ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਆਮ ਵਿਅਕਤੀਆਂ ਪਾਸੋਂ ਉਹਨਾਂ ਨੂੰ ਡਰਾ-ਧਮਕਾ ਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੰਗੀ ਗਈ ਫਰੌਤੀ ਦੀ ਰਕਮ ਇਕੱਠੀ ਕਰਦਾ ਹੈ ਅਤੇ ਗੈਂਗਸਟਰ ਦਵਿੰਦਰਪਾਲ ਸਿੰਘ ਦੇ ਕਹਿਣ ਤੇ ਉਸ ਵੱਲੋਂ ਦੱਸੇ ਟਿਕਾਣਿਆਂ ਤੇ ਪਹੁੰਚ ਕਰਦਾ ਹੈ।
ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਉਰਫ ਮੱਦੀ ਬੰਬੀਹਾ ਗਰੁੱਪ ਦੇ ਭਗੌੜੇ ਗੁਰਗਿਆਂ ਨੂੰ ਠਾਹਰ ਅਤੇ ਸਹੂਲਤ ਦਿੰਦਾ ਹੈ। ਰਾਕੇਸ਼ ਕੁਮਾਰ ਉਰਫ ਮੱਦੀ ਨਾਲ਼ ਫਰੌਤੀ ਦੀ ਰਕਮ ਇਕੱਠੀ ਕਰਨ ਅਤੇ ਉਸਨੂੰ ਟਿਕਾਣੇ ਲਗਾਉਣ ਵਿੱਚ ਇਸਦੇ ਹੋਰ ਵੀ ਕਈ ਸਾਥੀ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ੱਦੀ ਪੁਲੀਸ ਰਿਮਾਂਡ ਅਧੀਨ ਹੈ, ਜਿਸਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਸਾਲ 2022 ਤੋਂ ਗੈਂਗਸਟਰ ਗੋਪੀ ਲਹੌਰੀਏ ਜੋ ਬੰਬੀਹਾ ਗਰੁੱਪ ਨਾਲ਼ ਸਬੰਧ ਰੱਖਦਾ ਹੈ ਅਤੇ ਉਸਦੇ ਕਹਿਣ ਤੇ ਫਰੌਤੀਆਂ ਦੀ ਰਕਮਾਂ ਇਕੱਠੀਆਂ ਕਰਦਾ ਹੈ ਅਤੇ ਉਸਦੇ ਹੋਰ ਗੁਰਗਿਆਂ ਨੂੰ ਆਪਣੇ ਪਾਸ ਠਾਹਰ ਦਿੰਦਾ ਹੈ।
Punjab
ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ

ਅੰਮ੍ਰਿਤਸਰ,17 ਮਾਰਚ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਚੰਡੀਗੜ੍ਹ ਵਿੱਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਮੈਂਬਰਾਂ ਨੇ ਸਰਬਸੰਮਤੀ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਤੁਰੰਤ ਸੰਭਾਲਣ ਦੀ ਅਪੀਲ ਕੀਤੀ ਹੈ।
ਜਿਕਰਯੋਗ ਹੈ ਕਿ ਐਡਵੋਕੇਟ ਧਾਮੀ ਨੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਸੰਬੰਧੀ ਰਘੂਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਤੇ ਅੰਤਰਿੰਗ ਕਮੇਟੀ ਦੇ ਸਾਰੇ ਮੈਂਬਰ ਅੱਜ ਹੀ ਉਨ੍ਹਾਂ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਤੇ ਜਾਣਗੇ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ਦੀਆਂ ਸੇਵਾਵਾਂ ਤੁਰੰਤ ਸੰਭਾਲਣ ਲਈ ਅਪੀਲ ਕਰਨਗੇ।
ਹੋਰ ਫੈਸਲਿਆਂ ਬਾਰੇ ਸz. ਵਿਰਕ ਨੇ ਦੱਸਿਆ ਕਿ ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਗਏ ਸੰਦੇਸ਼ ਦੀ ਰੋਸ਼ਨੀ ਵਿੱਚ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਪੜਚੋਲ ਕਰਨ ਵਾਸਤੇ ਅਕਾਦਮਿਕ ਵਿਦਵਾਨਾਂ ਦੀ ਇੱਕ ਕਮੇਟੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਦਰਭ ਵਿੱਚ ਇਸ ਸਿੱਖਿਆ ਨੀਤੀ ਅੰਦਰ ਕੀ ਕੀ ਸੁਧਾਰ ਲੋੜੀਂਦੇ ਹਨ, ਇਸ ਬਾਰੇ ਕਮੇਟੀ ਰਾਹੀਂ ਮੁਲਾਂਕਣ ਕੀਤਾ ਜਾਵੇਗਾ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਹ ਕਮੇਟੀ ਪੰਜਾਬੀ ਗੁਰਮੁਖੀ ਨੂੰ ਮੌਜੂਦਾ ਚੁਣੌਤੀਆਂ ਤੇ ਵੀ ਮੰਥਨ ਕਰੇਗੀ ਅਤੇ ਜੋ ਵੀ ਸੁਝਾਅ ਸਾਹਮਣੇ ਆਉਣਗੇ ਉਸ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ।
ਅੰਤਰਿੰਗ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਥੇਦਾਰ ਦੇ ਆਦੇਸ਼ ਅਨੁਸਾਰ ਇੱਕ ਪ੍ਰਚੰਡ ਧਰਮ ਪ੍ਰਚਾਰ ਲਹਿਰ ਅਰੰਭੀ ਜਾਵੇਗੀ ਜੋ ਘਰ-ਘਰ ਤੱਕ ਪਹੁੰਚ ਕਰੇਗੀ। ਇਹ ਲਹਿਰ ਇਸੇ ਸਾਲ 13 ਅਪਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸ਼ੁਰੂ ਕੀਤੀ ਜਾਵੇਗੀ। ਇਸ ਦੀ ਅਰੰਭਤਾ ਮੌਕੇ ਤਖ਼ਤ ਸਾਹਿਬਾਨਾਂ ਤੇ ਵੱਡੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਖੰਡੇ ਨਾਲ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ।
Mohali
ਸੀ ਸੀ ਟੀ ਵੀ ਨਿਗਰਾਨੀ ਕੇਵਲ ਮਾਲੀਆ ਜੁਟਾਉਣ ਦਾ ਸਾਧਨ ਨਾ ਹੋ ਕੇ ਆਮ ਲੋਕਾਂ ਦੀ ਸੁਖਾਵੀਂ ਆਵਾਜਾਈ ਸਹੂਲਤ ਲਈ ਵਰਤੀ ਜਾਵੇ : ਕੁਲਵੰਤ ਸਿੰਘ

ਵਿਧਾਇਕ ਵੱਲੋਂ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਲਈ ਲੋੜੀਂਦੇ ਆਵਾਜਾਈ ਚਿੰਨ੍ਹ ਅਤੇ ਸਪੀਡ ਲਿਮਿਟ ਯਕੀਨੀ ਬਣਾਉਣ ਤੇ ਜ਼ੋਰ
ਐਸ ਏ ਐਸ ਨਗਰ, 17 ਮਾਰਚ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿੱਚ ਨਵੀਂ ਸ਼ੁਰੂ ਕੀਤੀ ਗਈ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਲੋੜੀਂਦੇ ਆਵਾਜਾਈ ਚਿੰਨ੍ਹਾਂ ਅਤੇ ਬੁਨਿਆਦੀ ਲੋੜਾਂ ਦੀ ਕਮੀ ਬਾਰੇ ਸ਼ਿਕਾਇਤਾਂ ਕੀਤੇ ਜਾਣ ਤੋਂ ਬਾਅਦ, ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ, ਨਗਰ ਨਿਗਮ ਅਤੇ ਗਮਾਡਾ ਨੂੰ ਹਦਾਇਤ ਕੀਤੀ ਗਈ ਕਿ ਪੁਲੀਸ ਨਾਲ ਮਿਲ ਸੜ੍ਹਕਾਂ ਤੇ ਆਵਾਜਾਈ ਚਿੰਨ੍ਹਾਂ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ ਐਸ ਪੀ ਦੀਪਕ ਪਾਰਿਕ ਅਤੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਉਨ੍ਹਾਂ ਸਪੱਸ਼ਟ ਕੀਤਾ ਕਿ ਸੀ ਸੀ ਟੀ ਵੀ ਨਿਗਰਾਨੀ ਕੇਵਲ ਮਾਲੀਆ ਜੁਟਾਉਣ ਦਾ ਸਾਧਨ ਨਾ ਹੋ ਕੇ, ਆਮ ਲੋਕਾਂ ਨੂੰ ਸੁਖਾਵੀਂ ਆਵਾਜਾਈ ਸਹੂਲਤ ਮੁਹੱਈਆ ਕਰਵਾਉਣ ਤੇ ਕੇਂਦ੍ਰਿਤ ਹੋਵੇ।
ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜ਼ੈਬਰਾ ਕ੍ਰਾਸਿੰਗ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਦੀ ਸਪੱਸ਼ਟਤਾ ਦੀ ਘਾਟ ਕਾਰਨ, ਇਸ ਨਵੀਂ ਪ੍ਰਣਾਲੀ ਕਾਰਨ ਉਨ੍ਹਾਂ ਨੂੰ ਆ ਰਹੀ ਪ੍ਰੇਸ਼ਾਨੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਪੁਲੀਸ, ਨਗਰ ਨਿਗਮ, ਗਮਾਡਾ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦੇ ਸਮਾਂਬੱਧ ਹੱਲ ਲਈ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਨੂੰ ਉਕਤ ਸਾਰੀਆਂ ਘਾਟਾਂ ਇੱਕ ਹਫ਼ਤੇ ਅੰਦਰ ਦੂਰ ਕਰਨ ਅਤੇ ਗਮਾਡਾ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਦੂਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ੈਬਰਾ ਕ੍ਰਾਸਿੰਗ ਦੋਵੇਂ ਪਾਸਿਆਂ ਤੋਂ ਖੁਲ੍ਹੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਫੁੱਟਪਾਥ ਜਾਂ ਖੰਭੇ ਜਾਂ ਕਿਸੇ ਹੋਰ ਢਾਂਚੇ ਕਾਰਨ ਇਨ੍ਹਾਂ ਤੇ ਚੱਲਣ ਵਾਲਿਆਂ ਨੂੰ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਇਸ ਦੇ ਨਾਲ ਹੀ ਸਟਾਪ ਲਾਈਨਾਂ ਨੂੰ ਨਵੇਂ ਸਿਰਿਓਂ ਮਾਰਕ ਕਰਨ ਲਈ ਆਖਿਆ ਤਾਂ ਜੋ ਫ਼ਿੱਕੀਆਂ ਪਈਆਂ ਲਾਈਨਾਂ ਲੋਕਾਂ ਨੂੰ ਸਪੱਸ਼ਟ ਨਜ਼ਰ ਆ ਸਕਣ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਤਰਜ਼ ਤੇ ਸਪੀਡ ਲਿਮਿਟ ਦੇ ਸਾਈਨ ਬੋਰਡ ਲਾਏ ਜਾਣ ਦੀ ਹਦਾਇਤ ਕੀਤੀ ਤਾਂ ਜੋ ਹਲਕੇ ਤੇ ਭਾਰੇ ਵਾਹਨਾਂ ਦੀ ਗਤੀ ਸੀਮਾ ਨਿਰਧਾਰਿਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਸਪੱਸ਼ਟਤਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਪੀਡ ਲਿਮਿਟ ਨੋਟੀਫ਼ਿਕੇਸ਼ਨ ਮੁਤਾਬਕ ਨਗਰ ਨਿਗਮਾਂ/ਨਗਰ ਪਾਲਿਕਾਵਾਂ ਵਿੱਚ ਸਪੀਡ ਲਿਮਿਟ ਵੱਧ ਤੋਂ ਵੱਧ 50 ਕਿਲੋੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਹੋਈ ਹੈ, ਜਿਸ ਨੂੰ ਮੁਹਾਲੀ ਵਿੱਚ ਟ੍ਰਾਈਸਿਟੀ ਦੀ ਤਰਜ਼ ਤੇ ਨਿਰਧਾਰਿਤ ਕਰਨ ਲਈ ਸਰਕਾਰ ਨੂੰ ਬੇਨਤੀ ਪੱਤਰ ਭੇਜਿਆ ਜਾਵੇਗਾ।
ਇਸ ਮੌਕੇ ਐਸ ਐਸ ਪੀ ਦੀਪਕ ਪਾਰੀਕ ਵੱਲੋਂ ਟ੍ਰੈਫ਼ਿਕ ਲਾਈਟਾਂ ਦੀ ਟਾਈਮਿੰਗ ਵਧਾਉਣ, ਘਟਾਉਣ ਦਾ ਕੰਟਰੋਲ ਸੋਹਾਣਾ ਥਾਣੇ ਵਿੱਚ ਸਥਾਪਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜੇ ਜਾਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 17 ਪੁਆਇੰਟਾਂ ਤੇ ਆਉਂਦੇ ਟ੍ਰੈਫ਼ਿਕ ਸਿਗਨਲਾਂ ਦਾ ਕੰਟਰੋਲ ਏਕੀਕ੍ਰਿਤ ਕਮਾਂਡ ਸੈਂਟਰ ਕੋਲ ਆ ਜਾਵੇ ਤਾਂ ਸੜ੍ਹਕੀ ਆਵਾਜਾਈ ਨੂੰ ਬੇਹਤਰ ਢੰਗ ਨਾਲ ਕੰਟਰੋਲ ਕੀਤਾ ਜਾ ਸਕੇਗਾ। ਐਸ ਐਸ ਪੀ ਵੱਲੋਂ ਇਸ ਮੌਕੇ ਸ਼ਹਿਰ ਵਿੱਚ ਆਵਾਜਾਈ ਦੇ ‘ਪੀਕ ਆਵਰਜ਼’ ਦੌਰਾਨ ਤਜਰਬੇ ਦੇ ਆਧਾਰ ਤੇ ਕੁੱਝ ਇੱਕ ਸੜ੍ਹਕਾਂ ਤੇ ਭਾਰੀ ਵਾਹਨਾਂ ਦੀ ਆਮਦ ਤੇ ਰੋਕ ਲਾਉਣ ਦਾ ਸੁਝਾਅ ਵੀ ਰੱਖਿਆ ਗਿਆ, ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਪੀ (ਟ੍ਰੈਫ਼ਿਕ) ਐਚ ਐਸ ਮਾਨ, ਖੇਤੀ ਟ੍ਰਾਂਸਪੋਰਟ ਅਫ਼ਸਰ ਪ੍ਰਦੀਪ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਅਤੇ ਕਾਰਜਕਾਰੀ ਇੰਜੀਨੀਅਰ ਗਮਾਡਾ, ਕੌਮੀ ਸ਼ਾਹਰਾਹ ਅਥਾਰਟੀ ਦੇ ਪ੍ਰਤੀਨਿਧੀ ਤੋਂ ਇਲਾਵਾ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ।
-
International2 months ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ