Mohali
ਸੀ ਸੀ ਟੀ ਵੀ ਨਿਗਰਾਨੀ ਕੇਵਲ ਮਾਲੀਆ ਜੁਟਾਉਣ ਦਾ ਸਾਧਨ ਨਾ ਹੋ ਕੇ ਆਮ ਲੋਕਾਂ ਦੀ ਸੁਖਾਵੀਂ ਆਵਾਜਾਈ ਸਹੂਲਤ ਲਈ ਵਰਤੀ ਜਾਵੇ : ਕੁਲਵੰਤ ਸਿੰਘ

ਵਿਧਾਇਕ ਵੱਲੋਂ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਲਈ ਲੋੜੀਂਦੇ ਆਵਾਜਾਈ ਚਿੰਨ੍ਹ ਅਤੇ ਸਪੀਡ ਲਿਮਿਟ ਯਕੀਨੀ ਬਣਾਉਣ ਤੇ ਜ਼ੋਰ
ਐਸ ਏ ਐਸ ਨਗਰ, 17 ਮਾਰਚ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿੱਚ ਨਵੀਂ ਸ਼ੁਰੂ ਕੀਤੀ ਗਈ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਲੋੜੀਂਦੇ ਆਵਾਜਾਈ ਚਿੰਨ੍ਹਾਂ ਅਤੇ ਬੁਨਿਆਦੀ ਲੋੜਾਂ ਦੀ ਕਮੀ ਬਾਰੇ ਸ਼ਿਕਾਇਤਾਂ ਕੀਤੇ ਜਾਣ ਤੋਂ ਬਾਅਦ, ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ, ਨਗਰ ਨਿਗਮ ਅਤੇ ਗਮਾਡਾ ਨੂੰ ਹਦਾਇਤ ਕੀਤੀ ਗਈ ਕਿ ਪੁਲੀਸ ਨਾਲ ਮਿਲ ਸੜ੍ਹਕਾਂ ਤੇ ਆਵਾਜਾਈ ਚਿੰਨ੍ਹਾਂ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ ਐਸ ਪੀ ਦੀਪਕ ਪਾਰਿਕ ਅਤੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਉਨ੍ਹਾਂ ਸਪੱਸ਼ਟ ਕੀਤਾ ਕਿ ਸੀ ਸੀ ਟੀ ਵੀ ਨਿਗਰਾਨੀ ਕੇਵਲ ਮਾਲੀਆ ਜੁਟਾਉਣ ਦਾ ਸਾਧਨ ਨਾ ਹੋ ਕੇ, ਆਮ ਲੋਕਾਂ ਨੂੰ ਸੁਖਾਵੀਂ ਆਵਾਜਾਈ ਸਹੂਲਤ ਮੁਹੱਈਆ ਕਰਵਾਉਣ ਤੇ ਕੇਂਦ੍ਰਿਤ ਹੋਵੇ।
ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜ਼ੈਬਰਾ ਕ੍ਰਾਸਿੰਗ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਦੀ ਸਪੱਸ਼ਟਤਾ ਦੀ ਘਾਟ ਕਾਰਨ, ਇਸ ਨਵੀਂ ਪ੍ਰਣਾਲੀ ਕਾਰਨ ਉਨ੍ਹਾਂ ਨੂੰ ਆ ਰਹੀ ਪ੍ਰੇਸ਼ਾਨੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਪੁਲੀਸ, ਨਗਰ ਨਿਗਮ, ਗਮਾਡਾ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦੇ ਸਮਾਂਬੱਧ ਹੱਲ ਲਈ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਨੂੰ ਉਕਤ ਸਾਰੀਆਂ ਘਾਟਾਂ ਇੱਕ ਹਫ਼ਤੇ ਅੰਦਰ ਦੂਰ ਕਰਨ ਅਤੇ ਗਮਾਡਾ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਦੂਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ੈਬਰਾ ਕ੍ਰਾਸਿੰਗ ਦੋਵੇਂ ਪਾਸਿਆਂ ਤੋਂ ਖੁਲ੍ਹੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਫੁੱਟਪਾਥ ਜਾਂ ਖੰਭੇ ਜਾਂ ਕਿਸੇ ਹੋਰ ਢਾਂਚੇ ਕਾਰਨ ਇਨ੍ਹਾਂ ਤੇ ਚੱਲਣ ਵਾਲਿਆਂ ਨੂੰ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਇਸ ਦੇ ਨਾਲ ਹੀ ਸਟਾਪ ਲਾਈਨਾਂ ਨੂੰ ਨਵੇਂ ਸਿਰਿਓਂ ਮਾਰਕ ਕਰਨ ਲਈ ਆਖਿਆ ਤਾਂ ਜੋ ਫ਼ਿੱਕੀਆਂ ਪਈਆਂ ਲਾਈਨਾਂ ਲੋਕਾਂ ਨੂੰ ਸਪੱਸ਼ਟ ਨਜ਼ਰ ਆ ਸਕਣ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਤਰਜ਼ ਤੇ ਸਪੀਡ ਲਿਮਿਟ ਦੇ ਸਾਈਨ ਬੋਰਡ ਲਾਏ ਜਾਣ ਦੀ ਹਦਾਇਤ ਕੀਤੀ ਤਾਂ ਜੋ ਹਲਕੇ ਤੇ ਭਾਰੇ ਵਾਹਨਾਂ ਦੀ ਗਤੀ ਸੀਮਾ ਨਿਰਧਾਰਿਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਸਪੱਸ਼ਟਤਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਪੀਡ ਲਿਮਿਟ ਨੋਟੀਫ਼ਿਕੇਸ਼ਨ ਮੁਤਾਬਕ ਨਗਰ ਨਿਗਮਾਂ/ਨਗਰ ਪਾਲਿਕਾਵਾਂ ਵਿੱਚ ਸਪੀਡ ਲਿਮਿਟ ਵੱਧ ਤੋਂ ਵੱਧ 50 ਕਿਲੋੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਹੋਈ ਹੈ, ਜਿਸ ਨੂੰ ਮੁਹਾਲੀ ਵਿੱਚ ਟ੍ਰਾਈਸਿਟੀ ਦੀ ਤਰਜ਼ ਤੇ ਨਿਰਧਾਰਿਤ ਕਰਨ ਲਈ ਸਰਕਾਰ ਨੂੰ ਬੇਨਤੀ ਪੱਤਰ ਭੇਜਿਆ ਜਾਵੇਗਾ।
ਇਸ ਮੌਕੇ ਐਸ ਐਸ ਪੀ ਦੀਪਕ ਪਾਰੀਕ ਵੱਲੋਂ ਟ੍ਰੈਫ਼ਿਕ ਲਾਈਟਾਂ ਦੀ ਟਾਈਮਿੰਗ ਵਧਾਉਣ, ਘਟਾਉਣ ਦਾ ਕੰਟਰੋਲ ਸੋਹਾਣਾ ਥਾਣੇ ਵਿੱਚ ਸਥਾਪਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜੇ ਜਾਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 17 ਪੁਆਇੰਟਾਂ ਤੇ ਆਉਂਦੇ ਟ੍ਰੈਫ਼ਿਕ ਸਿਗਨਲਾਂ ਦਾ ਕੰਟਰੋਲ ਏਕੀਕ੍ਰਿਤ ਕਮਾਂਡ ਸੈਂਟਰ ਕੋਲ ਆ ਜਾਵੇ ਤਾਂ ਸੜ੍ਹਕੀ ਆਵਾਜਾਈ ਨੂੰ ਬੇਹਤਰ ਢੰਗ ਨਾਲ ਕੰਟਰੋਲ ਕੀਤਾ ਜਾ ਸਕੇਗਾ। ਐਸ ਐਸ ਪੀ ਵੱਲੋਂ ਇਸ ਮੌਕੇ ਸ਼ਹਿਰ ਵਿੱਚ ਆਵਾਜਾਈ ਦੇ ‘ਪੀਕ ਆਵਰਜ਼’ ਦੌਰਾਨ ਤਜਰਬੇ ਦੇ ਆਧਾਰ ਤੇ ਕੁੱਝ ਇੱਕ ਸੜ੍ਹਕਾਂ ਤੇ ਭਾਰੀ ਵਾਹਨਾਂ ਦੀ ਆਮਦ ਤੇ ਰੋਕ ਲਾਉਣ ਦਾ ਸੁਝਾਅ ਵੀ ਰੱਖਿਆ ਗਿਆ, ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਪੀ (ਟ੍ਰੈਫ਼ਿਕ) ਐਚ ਐਸ ਮਾਨ, ਖੇਤੀ ਟ੍ਰਾਂਸਪੋਰਟ ਅਫ਼ਸਰ ਪ੍ਰਦੀਪ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਅਤੇ ਕਾਰਜਕਾਰੀ ਇੰਜੀਨੀਅਰ ਗਮਾਡਾ, ਕੌਮੀ ਸ਼ਾਹਰਾਹ ਅਥਾਰਟੀ ਦੇ ਪ੍ਰਤੀਨਿਧੀ ਤੋਂ ਇਲਾਵਾ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ।
Mohali
ਕੁਰਾਲੀ ਵਿਚਲੇ ਪ੍ਰੋਜੈਕਟ ਨੂੰ ਲੈ ਕੇ ਆਪਣੇ ਪਾਰਟਨਰ ਰਾਹੁਲ ਸੈੈਣੀ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ

ਸ਼ਿਕਾਇਤਕਰਤਾ ਰਾਹੁਲ ਨੇ ਇਸ ਮਾਮਲੇ ਵਿੱਚ ਸ਼ਾਮਿਲ ਹੋਰਨਾਂ ਵਿਅਕਤੀਆਂ ਖਿਲਾਫ ਵੀ ਕਾਰਵਾਈ ਦੀ ਕੀਤੀ ਮੰਗ
ਐਸ ਏ ਐਸ ਨਗਰ, 19 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਕਰੋੜਾਂ ਰੁਪਏ ਆਪਣੇ ਖਾਤੇ ਵਿਚ ਜਮਾ ਕਰਵਾਉਣ ਅਤੇ ਪਾਟਨਰਸ਼ਿਪ ਵਿਚਲੇ ਇਕ ਪ੍ਰੋਜੈਕਟ ਦੀ ਜਮੀਨ ਦਾ ਅੱਗੇ ਕਿਸੇ ਹੋਰ ਨਾਲ ਸੌਦਾ ਕਰਕੇ ਪੈਸੇ ਲੈਣ ਦੇ ਮਾਮਲੇ ਵਿੱਚ ਹਰਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਜੋ ਮੁਹਾਲੀ ਦੇ ਸੈਕਟਰ 68 ਦਾ ਵਸਨੀਕ ਹੈ, ਦੇ ਖਿਲਾਫ ਥਾਣਾ ਸਿਟੀ ਕੁਰਾਲੀ ਵਿਖੇ ਧੋਖਾਧੜੀ ਦੀ ਧਾਰਾ 406, 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਰਾਹੁਲ ਸੈਣੀ ਵਾਸੀ ਫੇਜ਼ 5 ਮੁਹਾਲੀ ਨੇ ਐਸ.ਐਸ.ਪੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਵਲੋਂ ਹਰਵਿੰਦਰ ਸਿੰਘ ਨਾਲ ਮਿਲ ਕੇ ਨਵੰਬਰ 2022 ਵਿੱਚ ਪਾਟਨਰਸ਼ਿਪ ਡੀਡ ਬਣਾ ਕੇ ਗੋਲਡਨ ਬਰਿਕਸ ਨਾਂ ਦੀ ਕੰਪਨੀ ਬਣਾਈ ਸੀ ਅਤੇ ਇਸ ਕੰਪਨੀ ਦਾ ਦਫਤਰ ਫੇਜ਼ 7 ਉਦਯੋਗਿਕ ਖੇਤਰ ਵਿਖੇ ਖੋਲਿਆ ਸੀ। ਰਾਹੁਲ ਸੈਣੀ ਮੁਤਾਬਕ ਇਸ ਕੰਪਨੀ ਦੇ ਪ੍ਰੋਜੈਕਟ ਵਿਚ ਉਸ ਦਾ 25 ਪ੍ਰਤੀਸ਼ਤ ਹਿੱਸਾ ਸੀ, ਜਦੋਂ ਕਿ ਹਰਵਿੰਦਰ ਸਿੰਘ ਦਾ 75 ਪ੍ਰਤੀਸ਼ਤ ਹਿੱਸਾ ਸੀ।
ਇਸ ਕੰਪਨੀ ਵਲੋਂ ਕੁਰਾਲੀ ਵਿਖੇ ਸਵਾ 10 ਏਕੜ ਜਮੀਨ ਖਰੀਦ ਕੇ ਕਮਰਸ਼ੀਅਲ ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਕਤ ਜਮੀਨ ਦੇ ਰੇਟ ਵਧ ਜਾਣ ਕਾਰਨ ਹਰਵਿੰਦਰ ਸਿੰਘ ਦੇ ਮਨ ਵਿਚ ਲਾਲਚ ਆ ਗਿਆ ਅਤੇ ਹਰਵਿੰਦਰ ਸਿੰਘ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਪ੍ਰੋਜੈਕਟ ਨੂੰ ਧੱਕੇਸ਼ਾਹੀ ਨਾਲ ਆਪਣੀ ਹੋਰ ਪਾਰਟਨਰਾਂ ਨਾਲ ਹਿੱਸੇਦਾਰੀ ਵਾਲੀ ਕੰਪਨੀ ਨਿਫਟੀ ਅਧੀਨ ਕਰਕੇ ਅਣਅਧਿਕਾਰਤ ਤੌਰ ਤੇ ਕਬਜਾ ਲਿਆ ਅਤੇ ਇਹ ਪ੍ਰੋਜੈਕਟ ਨਿਫਟੀ ਕੰਪਨੀ ਦਾ ਹੋਣ ਬਾਰੇ ਦੱਸ ਕੇ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਨੇ ਬਿਨਾਂ ਦੱਸੇ ਕੰਪਨੀ ਦੇ ਬੈਂਕ ਖਾਤਿਆਂ ਤੋਂ ਆਪਣੇ ਨਿੱਜੀ ਖਾਤੇ ਵਿਚ ਕਰੋੜਾਂ ਰੁਪਏ ਟਰਾਂਸਫਰ ਕਰਵਾ ਲਏ। ਸ਼ਿਕਾਇਤਕਰਤਾ ਅਨੁਸਾਰ ਹਰਵਿੰਦਰ ਸਿੰਘ ਨੇ ਪ੍ਰੋਜੈਕਟ ਵਾਲੀ 9 ਕਨਾਲ 12 ਮਰਲੇ ਜਮੀਨ ਦਾ ਸੌਦਾ ਅਮਰੀਕ ਸਿੰਘ ਨਾਂ ਦੇ ਵਿਅਕਤੀ ਨਾਲ ਕਰਕੇ 1 ਕਰੋੜ 20 ਲੱਖ ਰੁਪਏ ਬਤੌਰ ਬਿਆਨੇ ਵਜੋਂ ਲੈ ਕੇ ਹੜੱਪ ਲਏ।
ਐਸ. ਐਸ. ਪੀ ਮੁਹਾਲੀ ਵਲੋਂ ਇਸ ਮਾਮਲੇ ਦੀ ਜਾਂਚ ਇਕ ਉੱਚ ਅਧਿਕਾਰੀ ਨੂੰ ਸੌਂਪੀ ਗਈ ਸੀ ਅਤੇ ਪੁਲੀਸ ਜਾਂਚ ਵਿਚ ਸਾਹਮਣੇ ਆਇਆ ਕਿ ਰਾਹੁਲ ਸੈਣੀ ਅਤੇ ਹਰਵਿੰਦਰ ਸਿੰਘ ਵਿਚਕਾਰ ਪ੍ਰੋਜੈਕਟ ਨੂੰ ਲੈ ਕੇ ਜਦੋਂ ਵਿਵਾਦ ਹੋਇਆ ਤਾਂ ਰਾਹੁਲ ਸੈਣੀ ਨੇ ਹਰਵਿੰਦਰ ਸਿੰਘ ਖਿਲਾਫ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਅਤੇ ਅਦਾਲਤ ਨੇ ਇਸ ਪ੍ਰੋਜੈਕਟ ਤੇ ਸਟੇਅ ਕਰ ਦਿੱਤੀ। ਹਰਵਿੰਦਰ ਸਿੰਘ ਵਲੋਂ ਇਸ ਪ੍ਰੋਜੈਕਟ ਨੂੰ ਨਿਫਟੀ ਗਰੁੱਪ ਦੇ ਬੈਨਰ ਹੇਠ ਕਮਰਸ਼ੀਅਲ ਪ੍ਰੋਜੈਕਟ ਨੂੰ ਰਿਹਾਇਸ਼ੀ ਪ੍ਰੋਜੈਕਟ ਦੱਸ ਕੇ ਸੋਸ਼ਲ ਮੀਡੀਆ ਰਾਹੀਂ ਬੁਕਿੰਗ ਮੰਗਣੀ ਵੀ ਸ਼ੁਰੂ ਕਰ ਦਿੱਤੀ ਅਤੇ 2 ਅਜਿਹੇ ਵਿਅਕਤੀਆਂ ਦੇ ਨਾਮ ਪ੍ਰੋਜੈਕਟ ਦੇ ਬੈਨਰ ਤੇ ਲਿਖ ਦਿੱਤੇ ਜਿਨਾਂ ਦਾ ਇਸ ਪ੍ਰੋਜੈਕਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਮਾਮਲੇ ਵਿੱਚ ਪੁਲੀਸ ਵਲੋਂ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਜਰ ਲਿਆ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਠੱਗੀ ਦੇ ਇਸ ਮਾਮਲੇ ਵਿੱਚ ਉਸਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਸੀ। ਪੁਲੀਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਧੋਖਾਧੜੀ ਦੇ ਮਾਮਲੇ ਵਿੱਚ ਹਰਵਿੰਦਰ ਸਿੰਘ ਦੇ ਹੋਰ ਸਾਥੀ ਵੀ ਸ਼ਾਮਿਲ : ਰਾਹੁਲ ਸੈਣੀ
ਇਸ ਸਬੰਧੀ ਰਾਹੁਲ ਸੈਣੀ ਨੇ ਦੱਸਿਆ ਕਿ ਧੋਖਾਧੜੀ ਦੇ ਇਸ ਮਾਮਲੇ ਵਿੱਚ ਹਰਵਿੰਦਰ ਸਿੰਘ ਦੇ ਨਾਲ ਉਸਦੇ ਕੁੱਝ ਹੋਰ ਸਾਥੀ ਵੀ ਸ਼ਾਮਿਲ ਹਨ ਜਿਹਨਾਂ ਵਲੋਂ ਮਿਲ ਕੇ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹਰਵਿੰਦਰ ਸਿੰਘ ਦੇ ਖਿਲਾਫ ਤਾਂ ਮਾਮਲਾ ਦਰਜ ਹੋ ਗਿਆ ਹੈ ਜਦੋਂਕਿ ਬਾਕੀਆਂ ਬਾਰੇ ਜਾਂਚ ਚਲ ਰਹੀ ਹੈ।
ਉਹਨਾਂ ਪੁਲੀਸ ਪ੍ਰਸਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਧੋਖਾਧੜੀ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
Mohali
ਜ਼ਿਲ੍ਹੇ ਨੂੰ 12 ਪ੍ਰਚੂਨ ਸ਼ਰਾਬ ਸਮੂਹਾਂ ਦੀ ਈ-ਨਿਲਾਮੀ ਤੋਂ ਮਿਲੇ 792.20 ਕਰੋੜ ਰੁਪਏ : ਡੀ ਸੀ ਕੋਮਲ ਮਿੱਤਲ

549.89 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਉੱਪਰ 44 ਫੀਸਦੀ ਦਾ ਵਾਧਾ ਦਰਜ ਹੋਇਆ
ਐਸ ਏ ਐਸ ਨਗਰ, 19 ਮਾਰਚ (ਸ.ਬ.) ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਹੈ ਕਿ ਐਸ. ਏ. ਐਸ. ਨਗਰ ਜ਼ਿਲ੍ਹੇ ਨੇ ਆਉਣ ਵਾਲੇ ਵਿੱਤੀ ਸਾਲ 2025-26 ਲਈ ਪ੍ਰਚੂਨ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ 12 ਪ੍ਰਚੂਨ ਸ਼ਰਾਬ ਸਮੂਹਾਂ ਦੀ ਈ-ਨਿਲਾਮੀ ਤੋਂ 792.20 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਬਾਕੀ ਬਚੇ ਇਕਹਿਰੇ ਗਰੁੱਪ ਦੀ ਅਲਾਟਮੈਂਟ ਲਈ ਈ-ਟੈਂਡਰਿੰਗ ਪ੍ਰਕਿਰਿਆ ਜਾਰੀ ਹੈ, ਜਿਸ ਲਈ ਬੋਲੀ ਲਾਉਣ ਦੀ ਆਖਰੀ ਮਿਤੀ 20 ਮਾਰਚ, 2025 ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਟੈਂਡਰਾਂ ਲਈ ਤਕਨੀਕੀ ਅਤੇ ਵਿੱਤੀ ਬੋਲੀ 17 ਮਾਰਚ, 2025 ਨੂੰ ਐਮ. ਆਈ. ਏ. ਭਵਨ, ਉਦਯੋਗਿਕ ਖੇਤਰ, ਵਿਖੇ ਖੋਲ੍ਹੀ ਗਈ ਸੀ ਅਤੇ ਕੁੱਲ 13 ਸਮੂਹਾਂ ਵਿੱਚੋਂ, 12 ਸਭ ਤੋਂ ਵੱਧ ਬੋਲੀਕਾਰਾਂ (ਐੱਚ-1) ਨੂੰ ਸਫਲਤਾਪੂਰਵਕ ਅਲਾਟ ਕੀਤੇ ਗਏ ਸਨ। ਇਹਨਾਂ 12 ਸਮੂਹਾਂ ਲਈ ਕੁੱਲ ਰਾਖਵੀਂ ਕੀਮਤ 549.89 ਕਰੋੜ ਰੁਪਏ ਸੀ ਅਤੇ ਉਹਨਾਂ ਨੂੰ 792.20 ਕਰੋੜ ਰੁਪਏ ਦੀ ਰਾਸ਼ੀ ਤੇ ਅਲਾਟ ਕੀਤਾ ਗਿਆ, ਜੋ ਕਿ ਰਿਜ਼ਰਵ ਕੀਮਤ ਨਾਲੋਂ 242.20 ਕਰੋੜ ਰੁਪਏ (+44.06 ਫੀਸਦੀ) ਦੇ ਵਾਧੇ ਨੂੰ ਦਰਸਾਉਂਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਐਸ. ਏ. ਐਸ. ਨਗਰ (ਮੁਹਾਲੀ) ਜ਼ਿਲ੍ਹੇ ਦੇ ਆਬਕਾਰੀ ਮਾਲੀਏ ਵਿੱਚ ਪਿਛਲੇ ਸਾਲਾਂ ਦੌਰਾਨ ਇਤਿਹਾਸਕ ਤੌਰ ਤੇ ਜ਼ਿਕਰਯੋਗ ਵਾਧਾ ਹੋਇਆ ਹੈ। ਸਾਲ 2021-22 ਦੌਰਾਨ 235 ਕਰੋੜ ਤੋਂ ਚਾਲੂ ਸਾਲ (2024-25) ਦੌਰਾਨ 528 ਕਰੋੜ ਰੁਪਏ ਹੋ ਗਿਆ ਹੈ, ਜੋ ਪਿਛਲੇ 03 ਸਾਲਾਂ ਵਿੱਚ 124 ਫੀਸਦੀ ਤੋਂ ਵੱਧ ਹੈ।
ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਇੱਕ ਬਾਕੀ ਰਹਿ ਗਰੁੱਪ, ਨਿਊ ਚੰਡੀਗੜ੍ਹ ਦਾ ਟੈਂਡਰ ਟੈਕਨੀਕਲ ਇਵੈਲੂਏਸ਼ਨ ਕਮੇਟੀ (ਟੀ.ਈ.ਸੀ.) ਵੱਲੋਂ ਟੈਕਨੀਕਲ ਬੋਲੀ ਰੱਦ ਕੀਤੇ ਜਾਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਸਮੂਹ ਲਈ ਇੱਕ ਨਵਾਂ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬੋਲੀ ਦੀ ਆਖਰੀ ਮਿਤੀ 20.03.2025 ਨੂੰ ਦੁਪਹਿਰ 12:05 ਵਜੇ ਨਿਰਧਾਰਤ ਕੀਤੀ ਗਈ ਹੈ। ਇਸ ਗਰੁੱਪ ਲਈ ਰਾਖਵੀਂ ਕੀਮਤ 45.11 ਕਰੋੜ ਰੁਪਏ ਹੈ।
Mohali
ਸਿਵਲ ਸਰਜਨ ਨੇ ਜ਼ਿਲ੍ਹਾ ਹਸਪਤਾਲ ਦੇ ਰਜਿਸਟਰੇਸ਼ਨ ਕਾਊਂਟਰ ਤੇ ਕੀਤੀ ਚੈਕਿੰਗ

ਮਰੀਜ਼ਾਂ ਨਾਲ ਵੀ ਕੀਤੀ ਗੱਲਬਾਤ, ਪਰਚੀਆਂ ਵੀ ਵੇਖੀਆਂ
ਐਸ ਏ ਐਸ ਨਗਰ, 19 ਮਾਰਚ (ਸ.ਬ.) ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਸਵੇਰੇ ਅਚਨਚੇਤ ਜ਼ਿਲ੍ਹਾ ਹਸਪਤਾਲ ਦੇ ਰਜਿਸਟਰੇਸ਼ਨ ਕਾਊਂਟਰ ਤੇ ਪੁੱਜ ਕੇ ਮਰੀਜ਼ਾਂ ਦੀਆਂ ਪਰਚੀਆਂ ਬਣਾਉਣ ਦਾ ਕੰਮ ਵੇਖਿਆ। ਉਨ੍ਹਾਂ ਕੁੱਝ ਮਰੀਜ਼ਾਂ ਦੀਆਂ ਪਰਚੀਆਂ ਚੈਕ ਕੀਤੀਆਂ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁਲ੍ਹਣ ਦੇ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁਲ੍ਹਾ ਸੀ। ਉਨ੍ਹਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਨੂੰ ਹਦਾਇਤ ਕੀਤੀ ਕਿ ਹਮੇਸ਼ਾ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਗਰਮੀਆਂ ਦੇ ਸਮੇਂ ਵਿਚ ਰਜਿਸਟਰੇਸ਼ਨ ਕਾਊਂਟਰ ਸਵੇਰੇ 7.30 ਵਜੇ ਅਤੇ ਸਰਦੀਆਂ ਵਿਚ ਸਵੇਰੇ 8.30 ਵਜੇ ਖੋਲ੍ਹਿਆ ਜਾਵੇ ਤਾਕਿ ਮਰੀਜ਼ਾਂ ਦੀਆਂ ਕਤਾਰਾਂ ਨਾ ਲੱਗਣ ਅਤੇ ਉਨ੍ਹਾਂ ਦੇ ਜਾਂਚ ਤੇ ਇਲਾਜ ਦਾ ਕੰਮ ਵੀ ਸਮੇਂ ਸਿਰ ਹੋ ਸਕੇ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿਚ ਵੀ ਸੌਖ ਰਹੇਗੀ ਅਤੇ ਮਰੀਜ਼ਾਂ ਦਾ ਵੀ ਸਮਾਂ ਬਚੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹਦਾਇਤ ਕੀਤੀ ਸੀ ਕਿ ਰਜਿਸਟਰੇਸ਼ਨ ਕਾਊਂਟਰ ਅੱਧਾ ਘੰਟਾ ਪਹਿਲਾਂ ਖੋਲ੍ਹੇ ਜਾਣ।
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
National1 month ago
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ