Mohali
ਪਟੇਲ ਕਾਲਜ ਵਿੱਚ ‘ਮੋਬਾਇਲ ਛੋੜੋ ਬਚਪਨ ਸੇ ਨਾਤਾ ਜੋੜੋ’ ਵਿਸ਼ੇ ਤੇ ਵਰਕਸ਼ਾਪ ਦਾ ਆਗਾਜ

ਰਾਜਪੁਰਾ, 19 ਮਾਰਚ (ਜਤਿੰਦਰ ਲੱਕੀ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ, ਪ੍ਰੋ. ਤ੍ਰਿਸ਼ਨਦੀਪ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ ਕੋਚ ਦੀ ਨਿਗਰਾਨੀ ਹੇਠ ਲੋਕ ਖੇਡਾਂ ਰਾਹੀਂ ਸਰੀਰਕ ਮਾਨਸਿਕ ਤੰਦਰੁਸਤੀ ‘ਮੋਬਾਇਲ ਛੋੜੋ ਬਚਪਨ ਸੇ ਨਾਤਾ ਜੋੜੋ’ ਨਾਂ ਹੇਠ ਸੱਤ ਦਿਨਾਂ ਵਰਕਸ਼ਾਪ ਦਾ ਆਗਾਜ ਕੀਤਾ ਗਿਆ।
ਵਰਕਸ਼ਾਪ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਕਿਹਾ ਕਿ ਇਹ ਵਰਕਸ਼ਾਪ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਮਦਦਗਾਰ ਹੋਵੇਗੀ। ਇਸ ਮੌਕੇ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸੱਤ ਦਿਨ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਵਿੱਚ ਲਗਭਗ 60 ਦੇ ਕਰੀਬ ਵਿਦਿਆਰਥੀ ਅਤੇ ਅਧਿਆਪਕ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਸੱਤ ਦਿਨਾਂ ਵਿੱਚ ਭਾਗ ਲੈ ਰਹੇ ਭਾਗੀਦਾਰਾਂ ਨੂੰ ਬਚਪਨ ਵਿੱਚ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ ਪਿੱਠੂ, ਬਾਂਦਰ ਕਿੱਲਾ, ਗੋਪੀ ਚੰਦਰ, ਸ਼ੱਕਰ ਭਿੱਜੀ, ਅੱਡੀ ਛੜੱਪਾ, ਕੋਟਲਾ ਛਪਾਕੀ, ਗੀਟੇ, ਲੀਕਾਂ ਮਾਰਨਾ ਆਦਿ ਹੋਰ ਅਨੇਕਾਂ ਖੇਡਾ ਖਿਡਾਈਆਂ ਜਾਣਗੀਆਂ। ਵਰਕਸ਼ਾਪ ਦੇ ਪਹਿਲੇ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਕੋਟਲਾ ਛਪਾਕੀ ਅਤੇ ਸ਼ੇਰ ਬੱਕਰੀ ਖੇਡ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਮਨਦੀਪ ਸਿੰਘ, ਡਾ. ਐਸ. ਐਸ. ਰਾਣਾ. ਡਾ. ਗੁਰਜਿੰਦਰ ਸਿੰਘ, ਡਾ. ਹਿਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਗਗਨਦੀਰ ਕੌਰ, ਡਾ. ਪਵਨਦੀਪ ਕੌਰ, ਡਾ. ਰਸ਼ਮੀ, ਡਾ. ਮਿੰਕੀ, ਪ੍ਰੋ. ਮਨਦੀਪ ਕੌਰ, ਪ੍ਰੋ. ਪ੍ਰਿਆ. ਡਾ. ਮਨਿੰਦਰ ਕੌਰ, ਪ੍ਰੋ. ਨੰਦਿਤਾ, ਹੋਰ ਅਧਿਆਪਕ ਅਤੇ ਸਮੂਹ ਵਿਦਿਆਰਥੀ ਸ਼ਾਮਲ ਸਨ।
Mohali
ਵਿਕਾਸ ਤੋਂ ਖੁੰਝਾ ਨਹੀਂ ਰਹੇਗਾ ਮੁਹਾਲੀ ਸ਼ਹਿਰ ਦਾ ਕੋਈ ਵੀ ਕੋਨਾ : ਮੇਅਰ ਜੀਤੀ ਸਿੱਧੂ

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲਗਭਗ 80 ਕਰੋੜ ਰੁਪਏ ਦੇ ਐਸਟੀਮੇਟ ਅਤੇ ਵਰਕ ਆਰਡਰ ਪਾਸ ਕੀਤੇ
ਐਸ ਏ ਐਸ ਨਗਰ, 20 ਮਾਰਚ (ਸ.ਬ.) ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਮੁਹਾਲੀ ਸ਼ਹਿਰ ਦਾ ਕੋਈ ਵੀ ਕੋਨਾ ਵਿਕਾਸ ਤੋਂ ਖੁੰਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਹੋਈ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਮੁਹਾਲੀ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਲਗਭਗ 50 ਕਰੋੜ ਰੁਪਏ ਦੇ ਨਵੇਂ ਐਸਟੀਮੇਟ ਪਾਸ ਕੀਤੇ ਗਏ ਹਨ ਜਦੋਂ ਕਿ 20 ਕਰੋੜ ਰੁਪਏ ਦੇ ਪੁਰਾਣੇ ਪਾਸ ਕੀਤੇ ਹੋਏ ਕੰਮਾਂ ਦੇ ਵਰਕ ਆਰਡਰ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਨ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਤਖਮੀਨਿਆਂ ਦੇ 9 ਕਰੋੜ ਰੁਪਏ ਦੇ ਕੰਮ ਵੀ ਪਾਸ ਕੀਤੇ ਗਏ ਹਨ ਇਹ ਰਕਮ ਜਨ ਸਿਹਤ ਵਿਭਾਗ ਦੇ ਹਵਾਲੇ ਕੀਤੀ ਜਾਵੇਗੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਤੋਂ ਇਲਾਵਾ ਕੌਂਸਲਰ ਮੈਂਬਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਅਨੰਦ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਵਾਰ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲਗਭਗ ਸਾਰੇ ਹੀ ਵਾਰਡਾਂ ਅਤੇ ਵਾਰਡਾਂ ਦੇ ਵਿਚਾਲੇ ਪੈਂਦੀਆਂ ਕੌਮਨ ਥਾਵਾਂ ਦੇ ਵਿਕਾਸ ਲਈ ਵੀ ਐਸਟੀਮੇਟ ਪਾਸ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਵਿੱਚ ਖਾਸ ਤੌਰ ਤੇ ਮੁਹਾਲੀ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ, ਪਾਰਕਾਂ, ਸੀਵਰੇਜ, ਸਟਰੀਟ ਲਾਈਟਾਂ ਦੇ ਕੰਮ ਸੈਕਟਰ 76 ਤੋਂ 80 ਵਿੱਚ ਪਾਰਕਾਂ ਦੇ ਵਿੱਚ ਫੁੱਟਪਾਥ ਬਣਾਉਣ, ਪਾਥ ਵੇ ਬਣਾਉਣ ਸਮੇਤ ਹਰ ਤਰ੍ਹਾਂ ਦੇ ਕੰਮ ਸ਼ਾਮਿਲ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦਿੱਤੇ ਗਏ ਵਰਕ ਆਰਡਰਾਂ ਵਿੱਚ ਵੀ ਮੁਹਾਲੀ ਦੇ ਵੱਖ ਵੱਖ ਖੇਤਰਾਂ ਵਿੱਚ ਵਿਕਾਸ ਨਾਲ ਸੰਬੰਧਿਤ ਕੰਮ ਪਾਸ ਕਰ ਦਿੱਤੇ ਗਏ ਹਨ ਅਤੇ ਇਹ ਕੰਮ ਹੁਣ ਛੇਤੀ ਛੇਤੀ ਆਰੰਭ ਕਰਵਾ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਪਾਣੀ ਦੀ ਸੁਚਾਰੂ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਜਾਂ ਸਿਹਤ ਵਿਭਾਗ ਦੇ 9 ਕਰੋੜ ਰੁਪਏ ਦੇ ਐਸਟੀਮੇਟ ਵੀ ਪਾਸ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਨਾਲ ਆਉਂਦੇ ਸਮੇਂ ਵਿੱਚ ਮੁਹਾਲੀ ਦੀਆਂ ਸਾਰੀਆਂ ਸੜਕਾਂ ਦੀ ਨੁਹਾਰ ਬਦਲ ਜਾਵੇਗੀ ਤੇ ਹੁਣ ਗਰਮੀ ਦੇ ਮੌਸਮ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਠੇਕੇਦਾਰ ਇੱਕ ਮਹੀਨੇ ਦੇ ਅੰਦਰ ਕੰਮ ਸ਼ੁਰੂ ਕਰੇਗਾ ਅਤੇ ਤਿੰਨ ਮਹੀਨਿਆਂ ਦੇ ਅੰਦਰ ਕੰਮ ਖਤਮ ਕਰੇਗਾ।
ਮੀਟਿੰਗ ਵਿੱਚ ਮੁਹਾਲੀ ਨਗਰ ਨਿਗਮ ਦੇ ਸੁਪਰਟੈਂਡਿੰਗ ਇੰਜੀਨੀਅਰ ਵੱਖ-ਵੱਖ ਐਕਸੀਅਨ ਐਸਡੀਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Mohali
ਪੁਲੀਸ ਵਲੋਂ ਮੁਹਾਲੀ ਦੇ ਨੌਜਵਾਨਾਂ ਨੂੰ ਹੈਰੋਇਨ ਵੇਚਣ ਵਾਲਾ ਫਿਰੋਜਪੁਰੀਆ ਕਾਬੂ

ਅਦਾਲਤ ਨੇ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜਿਆ
ਐਸ ਏ ਐਸ ਨਗਰ, 20 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਅਕਾਸ਼ਦੀਪ ਸਿੰਘ ਵਾਸੀ ਫਿਰੋਜਪੁਰ (ਹਾਲ ਵਾਸੀ ਪਿੰਡ ਕੁੰਭੜਾ ਜਿਲ੍ਹਾ ਮੁਹਾਲੀ) ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਐਸ. ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਫੇਜ਼ 8 ਦੇ ਮੁਖੀ ਨਵਦੀਪ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਜੋ ਕਿ ਪਿੰਡ ਕੁੰਭੜਾ ਵਿੱਚ ਰਹਿੰਦਾ ਹੈ ਅਤੇ ਹੈਰੋਇਨ ਦੀ ਤਸਕਰੀ ਕਰਦਾ ਹੈ। ਉਹਨਾਂ ਦੱਸਿਆ ਕਿ ਪੁਲੀਸ ਨੇ ਨਾਕਾਬੰਦੀ ਦੌਰਾਨ ਅਕਾਸ਼ਦੀਪ ਸਿੰਘ ਨਾਂ ਦੇ ਵਿਅਕਤੀ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।
ਉਨਾਂ ਦੱਸਿਆ ਕਿ ਮੁਲਜਮ ਅਕਾਸ਼ਦੀਪ ਸਿੰਘ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਫਿਰੋਜਪੁਰ ਤੋਂ 2 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਖਰੀਦ ਕੇ ਲਿਆਉਂਦਾ ਹੈ ਅਤੇ ਮੁਹਾਲੀ ਵਿਖੇ 4500 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਆਪਣੇ ਪੱਕੇ ਗ੍ਰਾਹਕਾਂ ਨੂੰ ਵੇਚਦਾ ਹੈ।
ਡੀ.ਐਸ.ਪੀ ਬੱਲ ਨੇ ਦੱਸਿਆ ਕਿ ਮੁਲਜਮ ਮੁਹਾਲੀ ਵਿੱਚ ਕੁਝ ਦਿਨਾਂ ਬਾਅਦ ਹੀ ਪੀ. ਜੀ. ਬਦਲ ਬਦਲ ਕੇ ਰਹਿੰਦਾ ਰਿਹਾ ਹੈ ਅਤੇ ਇਸ ਸਮੇਂ ਉਹ ਆਪਣੀ ਪਤਨੀ ਦੇ ਨਾਲ ਪਿੰਡ ਕੁੰਭੜਾ ਦੇ ਇਕ ਪੀ. ਜੀ. ਵਿਚ ਰਹਿ ਰਿਹਾ ਸੀ। ਅਕਾਸ਼ਦੀਪ ਸਿੰਘ ਦੀ ਪੁੱਛਗਿੱਛ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਉਸ ਵਿਰੁਧ ਪਹਿਲਾਂ ਤੋਂ ਹੀ ਮੁਹਾਲੀ ਵਿਚ ਇਕ ਅਤੇ ਫਿਰੋਜਪੁਰ ਵਿਖੇ ਵੀ ਨਸ਼ਾ ਤਸਕਰੀ ਦਾ ਇਕ ਮਾਮਲਾ ਦਰਜ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੇ ਅਕਾਸ਼ਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਵਲੋਂ ਉਸ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਅਕਾਸ਼ਦੀਪ ਸਿੰਘ ਫਿਰੋਜਪੁਰ ਤੋਂ ਕਿਸ ਕੋਲੋਂ ਹੈਰੋਇਨ ਖਰੀਦ ਕੇ ਲਿਆਉਂਦਾ ਸੀ।
Mohali
ਸਾਬਕਾ ਫੌਜੀਆਂ ਨੇ ਪਟਿਆਲਾ ਵਿੱਚ ਪੁਲੀਸ ਵਲੋਂ ਫੌਜ ਦੇ ਕਰਨਲ ਤੇ ਢਾਹੇ ਜੁਲਮ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ, ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 20 ਮਾਰਚ (ਸ.ਬ.) ਪੰਜਾਬ ਦੇ ਸਾਬਕਾ ਫੌਜੀਆਂ ਨੇ ਬੀਤੇ ਦਿਨ ਪਟਿਆਲਾ ਵਿੱਚ ਫੌਜ ਦੇ ਇੱਕ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਪੁਲੀਸ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਨਾਕਾਮੀ ਨੂੰ ਮੁੱਖ ਰੱਖਦਿਆਂ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬ੍ਰਿਗੇਡੀਅਰ ਹਰਬੰਤ ਸਿੰਘ, ਕਰਨਲ ਜੀ ਬੀ ਵਿਰਕ, ਲੈਫ ਕਰਨਲ ਐਸ ਐਸ ਸੋਹੀ, ਕਰਨਲ ਏ ਐਸ ਸੰਧੂ, ਕਰਨਲ ਜੇ ਐੱਸ ਅਠਵਾਲ, ਬ੍ਰਿਗੇਡੀਅਰ ਸਰਬਜੀਤ ਸਿੰਘ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਕੈਪਟਨ ਮੱਖਣ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪਟਿਆਲਾ ਵਿੱਚ ਜਿਸ ਤਰੀਕੇ ਨਾਲ ਪੁਲੀਸ ਵਲੋਂ ਫੌਜ ਦੇ ਇੱਕ ਕਰਨਲ ਅਤੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕਰਕੇ ਕੀਤੀ ਹੈ ਉਸ ਨਾਲ ਜਾਹਿਰ ਹੁੰਦਾ ਹੈ ਕਿ ਪੰਜਾਬ ਪੁਲੀਸ ਤੇ ਸਰਕਾਰ ਦਾ ਕੋਈ ਕਾਬੂ ਨਹੀਂ ਹੈ। ਉਹਨਾਂ ਕਿਹਾ ਕਿ ਕਰਨਲ ਨਾਲ ਕੁੱਟਮਾਰ ਕਰਨ ਵਾਲੇ ਪੁਲੀਸ ਕਰਮਚਾਰੀ ਉਲਟਾ ਕਰਨਲ ਨੂੰ ਇਹ ਕਹਿ ਕੇ ਧਮਕੀ ਦਿੰਦੇ ਨਜਰ ਆਉਂਦੇ ਹਨ ਕਿ ਉਹ ਇੱਕ ਮੁਕਾਬਲਾ ਕਰਕੇ ਆਏ ਹਨ ਅਤੇ ਇੱਕ ਹੋਰ ਮੁਕਾਬਲਾ ਕਰ ਦੇਣਗੇ।
ਸਾਬਕਾ ਫੌਜੀਆਂ ਨੇ ਕਿਹਾ ਕਿ ਇਹ ਘਟਨਾ ਇਹ ਵੀ ਜਾਹਿਰ ਕਰਦੀ ਹੈ ਕਿ ਪੁਲੀਸ ਅਤੇ ਪ੍ਰਸ਼ਾਸ਼ਨ ਦੀ ਨਜਰ ਵਿੱਚ ਫੌਜੀ ਕਰਮਚਾਰੀਆਂ ਦੀ ਕੋਈ ਇੱਜ਼ਤ ਨਹੀਂ ਹੈ ਅਤੇ ਰਾਜ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲੀਸ ਵਲੋਂ ਗੁੰਡੇ ਬਦਮਾਸ਼ਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਫੌਜੀ ਅਧਿਕਾਰੀ ਤੇ ਹੋਇਆ ਇਹ ਹਮਲਾ ਸਿਰਫ਼ ਇੱਕ ਵਿਅਕਤੀ ਤੇ ਨਹੀਂ, ਸਗੋਂ ਪੂਰੀ ਸੈਨਿਕ ਭਾਈਚਾਰੇ ਦੀ ਇਜ਼ਤ ਤੇ ਦਾਗ਼ ਹੈ।
ਇਸ ਦੌਰਾਨ ਸਾਬਕਾ ਫੌਜੀਆਂ ਦੇ ਇੱਕ ਵਫਦ ਵਲੋਂ ਬ੍ਰਿੇਡੀਅਰ ਹਰਬੰਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਨਿਆਂਧੀਸ਼ ਵਲੋਂ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਸਾਰੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਸਖਤ ਸਜਾ ਦਿੱਤੀ ਜਾਵੇ।
ਇਸਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਧਾਰਾ 356 ਤਹਿਤ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ, ਰੱਖਿਆ ਕਰਮਚਾਰੀਆਂ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਐਕਟ ਤਿਆਰ ਕਰਕੇ ਉਨ੍ਹਾਂ ਨੂੰ ਉਤਪੀੜਨ ਅਤੇ ਹਮਲਿਆਂ ਤੋਂ ਬਚਾਇਆ ਜਾਵੇ, ਪੁਲੀਸ ਅਤੇ ਪ੍ਰਸ਼ਾਸਨ ਲਈ ਫੌਜੀ ਸੇਵਾ ਦੀ ਇੱਜ਼ਤ ਕਰਨ ਬਾਰੇ ਜਾਗਰੂਕਤਾ ਪ੍ਰੋਗਰਾਮ ਲਾਜ਼ਮੀ ਬਣਾਏ ਜਾਣ, ਫੌਜੀ ਕਰਮਚਾਰੀਆਂ ਨਾਲ ਜੁੜੇ ਮਾਮਲਿਆਂ ਦੀ ਤੁਰੰਤ ਸੁਣਵਾਈ ਲਈ ਤੇਜ਼-ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇ।
ਸਾਬਕਾ ਫੌਜੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਅਤੇ ਭਾਰਤ ਪੱਧਰ ਤੇ ਵਿਆਪਕ ਵਿਰੋਧ ਕੀਤਾ ਜਾਵੇਗਾ ਜਿਸਦੇ ਤਹਿਤ ਸਰਕਾਰੀ ਸਮਾਰੋਹਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਲੜਾਈ ਲੜਣ ਦੇ ਨਾਲ ਨਾਲ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਇਆ ਜਾਵੇਗਾ।
ਇਸ ਮੌਕੇ ਹਾਜਿਰ ਸੇਵਾਮੁਕਤ ਫੌਜੀਆਂ ਵਿੱਚ ਹੋਰਨਾਂ ਤੋਂ ਇਲਾਵਾ ਬ੍ਰਿਗੇਡੀਅਰ ਐਸ ਪੀ ਸਿੰਘ, ਬ੍ਰਿਗੇਡੀਅਰ ਸੁਰਜੀਤ ਸਿੰਘ, ਕਰਨਲ ਬੀ ਐਸ ਬੈਦਵਾਨ, ਕਰਨਲ ਕੇ ਐੱਸ ਗਰਗ, ਕਰਨਲ ਰਵਿੰਦਰ ਸਿੰਘ, ਕਰਨਲ ਪੀ ਐਸ ਸੰਧੂ, ਕਰਨਲ ਐਮ ਐਸ ਬਰਾੜ, ਕਰਨਲ ਡੀ ਐੱਸ ਗਰੇਵਾਲ, ਕਰਨਲ ਆਲਮਜੀਤ ਸੰਧੂ, ਕਰਨਲ ਟੀ ਐੱਸ ਸਿੱਧੂ, ਕਰਨਲ ਹਰਬਖਸ਼ ਸਿੰਘ, ਕਰਨਲ ਆਰ ਐੱਸ ਪਹਿਰ, ਕਰਨਲ ਰੁਪਿੰਦਰ ਸਿੰਘ, ਕਰਨਲ ਮੋਹਿੰਦਰ ਸਿੰਘ, ਕਰਨਲ ਮਨਜਿੰਦਰ ਸਿੰਘ, ਕਰਨਲ ਕਨਵਰਦੀਪ ਸਿੰਘ, ਕਰਨਲ ਆਈ ਐੱਸ ਢਿੱਲੋਂ, ਕਰਨਲ ਮਨਜੀਤ, ਕਰਨਲ ਐੱਮ ਐੱਸ ਚੌਹਾਨ, ਕਰਨਲ ਏ ਡੀ ਐੱਸ ਗਿੱਲ, ਕਰਨਲ ਗੁਰਪ੍ਰੀਤ ਸਿੰਘ, ਕਰਨਲ ਗੁਰਤੇਜ ਗਿੱਲ, ਕੈਪਟਨ ਆਈ ਐੱਲ ਕੇਰ, ਕੈਪਟਨ ਗੁਰਮੀਤ ਸਿੰਘ, ਕੈਪਟਨ ਜੀ ਸੀ ਘੁੰਮਣ, ਮੇਜਰ ਹਰਮੋਹਿੰਦਰ ਸਿੰਘ, ਆਈ ਜੇ ਐਸ ਮਲਹੋਤਰਾ, ਪ੍ਰਕਾਸ਼ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਕਿਰਨਪਾਲ ਸਿੰਘ, ਰਸ਼ਪਾਲ ਸਿੰਘ, ਜਸਵੰਤ ਸਿੰਘ, ਆਈ ਪੀ ਸਿੰਘ, ਅਰਵਿੰਦ ਕੁਮਾਰ, ਸੁੱਚਾ ਸਿੰਘ ਢਿੱਲੋਂ, ਰਾਮ ਸਿੰਘ, ਆਰ ਐੱਸ ਬਿੰਦਰਾ ਜੀ ਐੱਮ, ਭਜਨ ਸਿੰਘ ਵੀ ਮੌਜੂਦ ਸਨ।
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
-
National2 months ago
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ
-
Mohali2 months ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ