Editorial
ਅਲੋਪ ਹੋਣ ਦੇ ਕੰਢੇ ਹੈ ਘਰ ਦੇ ਵਿਹੜੇ ਵਿੱਚ ਚਹਿਕਦਾ ਛੋਟਾ ਜਿਹਾ ਪੰਛੀ

ਦੁਨੀਆਂ ਵਿੱਚ ਪੰਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਲੋਪ ਹੋ ਗਈਆਂ ਹਨ, ਅਤੇ ਕਈ ਅਲੋਪ ਹੋਣ ਦੇ ਕੰਢੇ ਹਨ। ਘਰਾਂ ਦੇ ਵਿਹੜਿਆਂ ਵਿੱਚ ਚਹਿਕਦੀਆਂ ਚਿੜੀਆਂ ਹੁਣ ਬਹੁਤ ਘੱਟ ਦਿਖਾਈ ਦਿੰਦੀਆਂ ਹਨ, ਅਤੇ ਉਨ੍ਹਾਂ ਦੇ ਅਲੋਪ ਹੋਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਛੋਟੇ ਜਿਹੇ ਪੰਛੀ ਨੂੰ ਹੁਣ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਬ੍ਰਿਟੇਨ ਦੀ ‘ਰਾਇਲ ਸੋਸਾਇਟੀ ਆਫ਼ ਪ੍ਰੋਟੈਕਸ਼ਨ ਆਫ਼ ਬਰਡਜ਼’ ਅਤੇ ਆਂਧਰਾ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨਾਂ ਅਨੁਸਾਰ, ਚਿੜੀਆਂ ਦੀ ਆਬਾਦੀ ਵਿੱਚ 60-80 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਕਾਰਨ ਕਰਕੇ, ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਸਨੂੰ 2016 ਵਿੱਚ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸ ਦੇ ਬਾਵਜੂਦ, ਚਿੜੀਆਂ ਸਮੇਤ ਪੰਛੀ ਅਜੇ ਵੀ ਅਲੋਪ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।
ਜਲਵਾਯੂ ਪਰਿਵਰਤਨ ਅਤੇ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਅੰਨ੍ਹੇਵਾਹ ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਅਤੇ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਪੰਛੀਆਂ ਲਈ ਇੱਕ ਵੱਡਾ ਖ਼ਤਰਾ ਬਣ ਗਈਆਂ ਹਨ। ਤਾਪਮਾਨ ਵਿੱਚ ਵਾਧੇ ਅਤੇ ਮੌਸਮ ਵਿੱਚ ਲਗਾਤਾਰ ਬਦਲਾਅ ਕਾਰਨ ਚਿੜੀਆਂ ਅਤੇ ਹੋਰ ਪੰਛੀਆਂ ਦੇ ਜੀਵਨ ਖ਼ਤਰੇ ਵਿੱਚ ਹਨ। ਇਹ ਤਬਦੀਲੀ ਉਨ੍ਹਾਂ ਦੇ ਭੋਜਨ, ਆਸਰਾ ਅਤੇ ਪ੍ਰਜਨਨ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਗਿਣਤੀ ਘਟ ਰਹੀ ਹੈ।
ਅੱਜ ਹਰ ਕਿਸੇ ਦੀ ਜੀਵਨ ਸ਼ੈਲੀ ਬਦਲ ਗਈ ਹੈ। ਇਸ ਬਦਲੀ ਹੋਈ ਜੀਵਨ ਸ਼ੈਲੀ ਦੇ ਕਾਰਨ ਚਿੜੀ ਨਾਮ ਦਾ ਇੱਕ ਪਿਆਰਾ ਜਿਹਾ ਪੰਛੀ, ਜੋ ਘਰਾਂ ਦੇ ਵਿਹੜਿਆਂ ਵਿੱਚ ਚਹਿਕਦਾ ਅਤੇ ਛਾਲ ਮਾਰਦਾ ਰਹਿੰਦਾ ਹੈ, ਮਨੁੱਖਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਵਧਦੀ ਮਨੁੱਖੀ ਆਬਾਦੀ ਕਾਰਨ ਪੰਛੀਆਂ ਦੇ ਰਹਿਣ-ਸਹਿਣ ਦੇ ਸਥਾਨ ਘੱਟ ਰਹੇ ਹਨ। ਸ਼ਹਿਰੀਕਰਨ ਕਾਰਨ, ਖੇਤ ਅਤੇ ਕੋਠੇ ਵੀ ਘੱਟ ਰਹੇ ਹਨ। ਚਿੜੀਆਂ (ਜਿਨ੍ਹਾਂ ਨੂੰ ਅਸੀਂ ‘ਮਨੁੱਖੀ ਦੋਸਤ’ ਕਹਿੰਦੇ ਹਾਂ) ਕੋਲ ਅੱਜ ਲਗਭਗ ਰਹਿਣ ਲਈ ਜਗ੍ਹਾ ਨਹੀਂ ਹੈ।
ਹਾਲਾਂਕਿ, ਪਿੰਡਾਂ ਵਿੱਚ ਬਿਹਤਰ ਵਾਤਾਵਰਣ ਦੇ ਕਾਰਨ, ਉਨ੍ਹਾਂ ਦੀ ਗਿਣਤੀ ਅਜੇ ਵੀ ਕਾਫ਼ੀ ਚੰਗੀ ਹੈ, ਪਰ ਸ਼ਹਿਰਾਂ ਵਿੱਚ ਸਥਿਤੀ ਚਿੰਤਾਜਨਕ ਹੈ। ਥੋੜ੍ਹੀ ਜਿਹੀ ਕੋਸ਼ਿਸ਼ ਨਾਲ, ਲੋਕ ਆਪਣੇ ਆਲੇ-ਦੁਆਲੇ ਚਿੜੀਆਂ ਦੀ ਚਹਿਕਣਾ ਆਸਾਨੀ ਨਾਲ ਸੁਣ ਸਕਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰਾਂ ਦੇ ਬਹੁਤ ਸਾਰੇ ਲੋਕ ਇਸਦੀ ਸੰਭਾਲ ਲਈ ਅੱਗੇ ਆ ਰਹੇ ਹਨ।
ਸ਼ਹਿਰਾਂ ਵਿੱਚ ਚਿੜੀਆਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਬਹੁਤ ਸਾਰੀਆਂ ਸਿਵਲ ਸੁਸਾਇਟੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਚਿੜੀਆਂ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੀਆਂ ਹਨ। ਇਹਨਾਂ ਯਤਨਾਂ ਦਾ ਉਦੇਸ਼ ਇਸ ਪੰਛੀ ਦੀ ਘਟਦੀ ਗਿਣਤੀ ਨੂੰ ਰੋਕਣਾ ਅਤੇ ਉਹਨਾਂ ਨੂੰ ਉਹਨਾਂ ਦੇ ਕੁਦਰਤੀ ਨਿਵਾਸ ਸਥਾਨਾਂ ਵਿੱਚ ਬਹਾਲ ਕਰਨਾ ਹੈ।
ਭਾਰਤ ਸਰਕਾਰ ਨੇ ਚਿੜੀ ਨੂੰ ਜੰਗਲੀ ਜੀਵ ਸੁਰੱਖਿਆ ਐਕਟ, 1972 ਦੀ ਸ਼ਡਿਊਲ ਵਿੱਚ ਸ਼ਾਮਲ ਕੀਤਾ ਹੈ, ਤਾਂ ਜੋ ਇਸਦੇ ਸ਼ਿਕਾਰ ਨੂੰ ਰੋਕਿਆ ਜਾ ਸਕੇ ਅਤੇ ਇਸਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤਹਿਤ ਚਿੜੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਹੁੰਦੀ ਹੈ। ਇਨ੍ਹਾਂ ਯਤਨਾਂ ਦੇ ਬਾਵਜੂਦ, ਚਿੜੀਆਂ ਦੀ ਆਬਾਦੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਆਇਆ ਹੈ।
ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ, ਕੁਦਰਤੀ ਨਿਵਾਸ ਸਥਾਨਾਂ ਦਾ ਵਿਨਾਸ਼ ਅਤੇ ਸ਼ਹਿਰੀਕਰਨ ਚਿੜੀਆਂ ਅਤੇ ਹੋਰ ਪੰਛੀਆਂ ਦੀ ਘਟਦੀ ਆਬਾਦੀ ਦੇ ਮੁੱਖ ਕਾਰਨ ਹਨ। ਖੇਤਾਂ, ਬਾਗ਼ਾਂ ਅਤੇ ਤਲਾਬਾਂ ਦੀ ਥਾਂ ਕੰਕਰੀਟ ਦੇ ਜੰਗਲ ਬਣਾਏ ਗਏ ਹਨ, ਜਿਸ ਕਾਰਨ ਪੰਛੀਆਂ ਲਈ ਭੋਜਨ ਅਤੇ ਆਸਰੇ ਦੀ ਘਾਟ ਹੋ ਰਹੀ ਹੈ। ਇਹ ਸਥਿਤੀ ਪੰਛੀਆਂ ਦੀ ਹੋਂਦ ਨੂੰ ਹੋਰ ਵੀ ਖ਼ਤਰਨਾਕ ਬਣਾ ਰਹੀ ਹੈ।
ਘਰਾਂ ਵਿੱਚ ਚਿੜੀਆਂ ਲਈ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣਾ, ਨਕਲੀ ਆਲ੍ਹਣੇ ਬਣਾਉਣਾ ਅਤੇ ਸ਼ਹਿਰਾਂ ਵਿੱਚ ਹਰਿਆਲੀ ਵਧਾਉਣਾ ਇਸਦੀ ਸੰਭਾਲ ਲਈ ਉਪਾਅ ਹੋ ਸਕਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਹਰਿਆਲੀ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ, ਜਿੱਥੇ ਕੰਕਰੀਟ ਦੀਆਂ ਕੰਧਾਂ ਅਤੇ ਸ਼ੀਸ਼ੇ ਦੀਆਂ ਖਿੜਕੀਆਂ ਪੰਛੀਆਂ ਲਈ ਖ਼ਤਰਨਾਕ ਸਾਬਤ ਹੋ ਰਹੀਆਂ ਹਨ।
ਚਿੜੀਆਂ ਸਮੇਤ ਪੰਛੀਆਂ ਦੀ ਘਟਦੀ ਆਬਾਦੀ ਨਾ ਸਿਰਫ਼ ਇੱਕ ਵਾਤਾਵਰਣ ਸੰਕਟ ਹੈ, ਬਲਕਿ ਸਾਡੇ ਜੀਵਨ ਨਾਲ ਜੁੜੇ ਵਾਤਾਵਰਣ ਪ੍ਰਣਾਲੀ ਵਿੱਚ ਡੂੰਘੀ ਗੜਬੜ ਦਾ ਸੰਕੇਤ ਵੀ ਹੈ। ਇਸਨੂੰ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਾਨੂੰ ਪੁਰਾਣੇ ਦਿਨਾਂ ਵਾਂਗ ਆਪਣੇ ਘਰਾਂ ਅਤੇ ਵਿਹੜਿਆਂ ਵਿੱਚ ਚਿੜੀਆਂ ਨੂੰ ਵਾਪਸ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨੀਆਂ ਪੈਣਗੀਆਂ। ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਛੋਟੇ-ਛੋਟੇ ਕਦਮ ਚੁੱਕਣੇ ਪੈਂਦੇ ਹਨ, ਜਿਵੇਂ ਕਿ ਪੰਛੀਆਂ ਲਈ ਭੋਜਨ ਅਤੇ ਪਾਣੀ ਰੱਖਣਾ ਅਤੇ ਉਨ੍ਹਾਂ ਦੇ ਨਿਵਾਸ ਸਥਾਨ ਲਈ ਅਨੁਕੂਲ ਵਾਤਾਵਰਣ ਬਣਾਉਣਾ। ਇਸ ਤੋਂ ਇਲਾਵਾ, ਰੁੱਖਾਂ ਅਤੇ ਪੌਦਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਵੀ ਜ਼ਰੂਰੀ ਹੈ। ਅਜਿਹੇ ਯਤਨਾਂ ਨਾਲ ਅਸੀਂ ਚਿੜੀਆਂ ਅਤੇ ਹੋਰ ਪੰਛੀਆਂ ਦੀ ਰੱਖਿਆ ਕਰ ਸਕਦੇ ਹਾਂ।
ਵਿਜੈ ਗਰਗ
ਸੇਵਾਮੁਕਤ ਪ੍ਰਿੰਸੀਪਲ
ਐਜੂਕੇਸ਼ਨਲ ਕਾਲਮਨਵੀਸ਼ ਮਲੋਟ, ਪੰਜਾਬ
Editorial
ਖਾਣ ਪੀਣ ਦੇ ਗੈਰਮਿਆਰੀ ਸਮਾਨ ਦੀ ਖੁੱਲੇਆਮ ਹੁੰਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗੇ
ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਕਾਫੀ ਵੱਡੇ ਹੋ ਗਏ ਹਨ। ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਸ਼ਹਿਰ ਵਿੱਚ ਥਾਂ ਥਾਂ ਤੇ ਗੰਨੇ ਦਾ ਰਸ, ਨਿੰਬੂ ਪਾਣੀ, ਗੁੰਦ ਕਤੀਰੇ ਵਾਲੀ ਸ਼ਿਕੰਜਵੀ, ਜਲ ਜੀਰਾ, ਨਿੰਬੂ ਲੈਮਨ, ਰੰਗ ਬਿਰੰਗੇ ਪੀਣ ਵਾਲੇ ਮਿਠੇ ਪਦਾਰਥਾਂ ਅਤੇ ਹੋਰ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਵੀ ਦਿਖਣ ਲੱਗ ਗਈਆਂ ਹਨ ਜਿਹਨਾਂ ਤੇ ਲੋਕਾਂ ਦੀ ਭੀੜ ਵੀ ਦਿਖਦੀ ਹੈ। ਇਸ ਦੌਰਾਨ ਕੁੱਝ ਦੁਕਾਨਦਾਰਾਂ ਵਲੋਂ ਬਰਫ ਦੇ ਗੋਲੇ ਬਣਾ ਕੇ ਉਹਨਾਂ ਉਪਰ ਮਿੱਠੇ ਤਰਲ ਰੰਗ ਪਾ ਕੇ ਵੀ ਨੂੰ ਵੇਚੇ ਜਾਂਦੇ ਹਨ।
ਸ਼ਹਿਰ ਵਿੱਚ ਪਹਿਲਾਂ ਤੋਂ ਹੀ ਵੱਖ ਵੱਖ ਥਾਵਾਂ ਤੇ ਨੂਡਲ, ਡੋਸਾ, ਪੀਜਾ, ਸਮੋਸੇ, ਕੁਲਚੇ ਛੋਲੇ, ਮੋਮੋ, ਸਪਰਿੰਗ ਰੋਲ, ਬਰਗਰ, ਪਕੌੜੇ ਅਤੇ ਹੋਰ ਕਈ ਤਰਾਂ ਦਾ ਖਾਣ ਪੀਣ ਦਾ ਸਮਾਨ ਇਹਨਾਂ ਰੇਹੜੀਆਂ, ਫੜੀਆਂ ਅਤੇ ਆਮ ਦੁਕਾਨਾਂ ਤੇ ਵੇਚਿਆ ਜਾਂਦਾ ਹੈ। ਇਹਨਾਂ ਰੇਹੜੀਆਂ ਤੇ ਵਿਕਣ ਵਾਲਾ ਸਾਮਾਨ ਅਕਸਰ ਅਜਿਹੇ ਮਾਹੌਲ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਥੇ ਸਫਾਈ ਦਾ ਲੋੜੀਂਦਾ ਪ੍ਰਬੰਧ ਨਹੀਂ ਹੁੰਦਾ। ਇਸ ਸੰਬੰਧੀ ਕੁੱਝ ਦਿਨ ਪਹਿਲਾਂ ਪਿੰਡ ਮਟੌਰ ਵਿੱਚ ਕਿਸੇ ਥਾਂ ਤੇ ਮੋਮੋ, ਸਪਰਿੰਗ ਰੋਲ, ਚਟਨੀਆਂ ਅਤੇ ਅਜਿਹਾ ਹੋਰ ਖਾਣ ਪੀਣ ਦਾ ਸਾਮਾਨ ਸੜੇ ਗਲੇ ਸਾਮਾਨ ਤੋਂ ਗੰਦਗੀ ਭਰੇ ਮਾਹੌਲ ਵਿੱਚ ਤਿਆਰ ਕੀਤਾ ਜਾ ਰਿਹਾ ਸੀ ਅਤੇ ਅਜਿਹੀਆਂ ਕਈ ਹੋਰ ਫੈਕਟ੍ਰੀਆਂ ਹਨ ਜਿੱਥੇ ਅਜਿਹਾ ਸਾਮਾਨ ਵੱਡੇ ਪੱਧਰ ਤੇ ਤਿਆਰ ਕਰਕੇ ਇਹਨਾਂ ਰੇਹੜੀਆਂ ਫੜੀਆਂ ਤੇ ਭਿਜਵਾਇਆ ਜਾਂਦਾ ਹੈ।
ਅਜਿਹਾ ਵੀ ਆਮ ਵੇਖਣ ਵਿੱਚ ਆਉਂਦਾ ਹੈ ਕਿ ਰੇਹੜੀਆਂ ਫੜੀਆਂ ਤੇ ਵਿਕਣ ਵਾਲਾ ਇਹ ਸਾਮਾਨ ਆਮ ਤੌਰ ਤੇ ਹਰ ਵੇਲੇ ਖੁੱਲਾ ਹੀ ਰੱਖਿਆ ਜਾਂਦਾ ਹੈ ਅਤੇ ਇਸ ਦੌਰਾਨ ਆਸਪਾਸ ਉਡ ਰਹੀ ਧੂੜ ਮਿੱਟੀ ਖਾਣ ਪੀਣ ਦੇ ਇਸ ਸਮਾਨ ਉਪਰ ਪਂੈਦੀ ਰਹਿੰਦੀ ਹੈ। ਖੁੱਲੇ ਪਏ ਇਸ ਸਾਮਾਨ ਤੇ ਮੱਖੀ ਮੱਛਰ ਵੀ ਬੈਠਦੇ ਹਨ, ਜਿਸ ਕਾਰਨ ਇਹ ਸਮਾਨ ਦੂਸ਼ਿਤ ਹੋ ਜਾਂਦਾ ਹੈ ਅਤੇ ਇਸ ਸਮਾਨ ਨੂੰ ਖਾਣ ਪੀਣ ਵਾਲੇ ਲੋਕ ਅਕਸਰ ਬਿਮਾਰ ਹੋ ਜਾਂਦੇ ਹਨ। ਗੰਨੇ ਦਾ ਰਸ ਅਤੇ ਹੋਰ ਤਰਲ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਤੇ ਤਾਂ ਮੱਖੀਆਂ ਅਤੇ ਹੋਰ ਕੀਟ ਪਤੰਗਿਆਂ ਦੀ ਭਰਮਾਰ ਹੁੰਦੀ ਹੈ।
ਆਮ ਲੋਕ ਅਕਸਰ ਸਸਤੇ ਦੇ ਲਾਲਚ ਵਿੱਚ ਇਹਨਾਂ ਰੇਹੜੀਆਂ ਫੜੀਆਂ ਤੇ ਵਿਕਦੇ ਅਜਿਹੇ ਹਰ ਤਰ੍ਹਾਂ ਦੇ ਸਾਮਾਨ ਨੂੰ ਖਰੀਦ ਕੇ ਖਾਂਦੇ ਪੀਂਦੇ ਰਹਿੰਦੇ ਹਨ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਸ ਸਾਮਾਨ ਨੂੰ ਸੁਆਦ ਲੈ ਕੇ ਖਾ ਰਹੇ ਹਨ, ਉਹ ਸਾਮਾਨ ਉਹਨਾਂ ਦੀ ਸਿਹਤ ਵਾਸਤੇ ਬਹੁਤ ਮਾੜਾ ਸਾਬਿਤ ਹੋ ਸਕਦਾ ਹੈ ਅਤੇ ਉਹ ਬਿਮਾਰ ਵੀ ਹੋ ਸਕਦੇ ਹਨ। ਇਹ ਰੇਹੜੀਆਂ ਫੜੀਆਂ ਵਾਲੇ ਉਹਨਾਂ ਵਲੋਂ ਵੇਚੇ ਜਾਣ ਵਾਲੇ ਖਾਣ ਪੀਣ ਦੇ ਸਮਾਨ ਨੂੰ ਸੁਆਦਿਸ਼ਟ ਬਣਾਉਣ ਲਈ ਕਈ ਤਰਾਂ ਦੇ ਗੈਰਮਿਆਰੀ ਮਸਾਲਿਆਂ ਅਤੇ ਕੈਮੀਕਲ ਵਾਲੀਆਂ ਚਟਣੀਆਂ ਦੀ ਵੀ ਵਰਤੋ ਕਰਦੇ ਹਨ ਜੋ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹਨਾਂ ਰੇਹੜੀਆਂ ਫੜੀਆਂ ਦੇ ਮੁਕਾਬਲੇ ਮਾਰਕੀਟਾਂ ਵਿਚਲੀਆਂ ਦੁਕਾਨਾਂ (ਸ਼ੋਰੂਮਾਂ) ਵਿੱਚ ਵਿਕ ਰਿਹਾ ਸਮਾਨ ਜਿਆਦਾ ਮਹਿੰਗਾ ਹੋਣ ਕਾਰਨ ਆਮ ਲੋਕ ਰੇਹੜੀਆਂ ਫੜੀਆਂ ਤੋਂ ਹੀ ਕੁੱਝ ਨਾ ਕੁੱਝ ਖਰੀਦ ਕੇ ਖਾ ਪੀ ਲੈਂਦੇ ਹਨ ਅਤੇ ਅਕਸਰ ਬਿਮਾਰ ਵੀ ਹੋ ਜਾਂਦੇ ਹਨ।
ਸਾਡੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਤੇ ਖਾਣ ਪੀਣ ਦਾ ਅਜਿਹਾ ਸਾਮਾਨ ਖੁੱਲੇਆਮ ਵੇਚਿਆ ਜਾਂਦਾ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਖਾਣ ਪੀਣ ਦੇ ਸਾਮਾਨ ਦੀ ਚੈਕਿੰਗ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ। ਇਸ ਸਾਰੇ ਕੁੱਝ ਦੀ ਜਿੰਮੇਵਾਰੀ ਸੰਭਾਲਣ ਵਾਲੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਅਣਜਾਣ ਬਣੇ ਰਹਿੰਦੇ ਹਨ ਅਤੇ ਲੋਕ ਆਮ ਗੱਲਬਾਤ ਦੌਰਾਨ ਖਾਣ ਪੀਣ ਦਾ ਅਜਿਹਾ ਗੈਰ ਮਿਆਰੀ ਸਮਾਨ ਵੇਚਣ ਵਾਲਿਆਂ ਦੀ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਹੋਣ ਦਾ ਇਲਜਾਮ ਵੀ ਲਗਾਉਂਦੇ ਹਨ।
ਇਸ ਦੌਰਾਨ ਜੇਕਰ ਵਿਭਾਗ ਵਲੋਂ ਆਪਣੀ ਕਾਰਗੁਜਾਰੀ ਸਾਬਿਤ ਕਰਨ ਲਈ ਕਦੇ ਕਦਾਰ ਕੋਈ ਕਾਰਵਾਈ ਕੀਤੀ ਵੀ ਜਾਂਦੀ ਹੈ ਤਾਂ ਵੀ ਵਿਭਾਗ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਰੇਹੜੀਆਂ ਵਾਲਿਆਂ ਨੂੰ ਟੀਮ ਦੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਰੇਹੜੀਆਂ ਫੜੀਆਂ ਵਾਲੇ ਆਪਣੇ ਤਾਮ ਝਾਮ ਸਮੇਤ ਤੁਰੰਤ ਗਾਇਬ ਹੋ ਜਾਂਦੇ ਹਨ। ਟੀਮ ਦੇ ਵਾਪਸ ਚਲੇ ਜਾਣ ਤੋਂ ਬਾਅਦ ਇਹ ਰੇਹੜੀਆਂ ਫੜੀਆਂ ਮੁੜ ਸਜ ਜਾਂਦੀਆਂ ਹਨ ਅਤੇ ਇਹਨਾਂ ਉਪਰ ਖਾਣ ਪੀਣ ਦੇ ਗੈਰਮਿਆਰੀ ਸਮਾਨ ਦੀ ਵਿਕਰੀ ਦਾ ਅਮਲ ਜਾਰੀ ਰਹਿੰਦਾ ਜਾਂਦਾ ਹੈ। ਸਥਾਨਕ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਦੀਆਂ ਮਾਰਕੀਟਾਂ, ਪਾਰਕਿੰਗਾਂ ਅਤੇ ਹੋਰ ਥਾਵਾਂ ਤੇ ਵਿਕ ਰਹੇ ਅਜਿਹੇ ਹਰ ਤਰਾਂ ਦੇ ਖਾਣ ਪੀਣ ਦੇ ਸਮਾਨ ਦੀ ਸਮੇਂ ਸਮੇਂ ਤੇ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਇਸ ਵਾਸਤੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਤਰੀਕੇ ਨਾਲ ਵਿਕਦੇ ਖਾਣ ਪੀਣ ਦੇ ਗੈਰਮਿਆਰੀ ਸਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ।
Editorial
ਜਨਤਾ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਦੇਣ ਲਈ ਖੁਦਰਾ ਬਾਜਾਰ ਤੇ ਲਗਾਮ ਕਸੇ ਸਰਕਾਰ
ਲਗਾਤਾਰ ਵੱਧਦੀ ਮਹਿੰਗਾਈ ਇਸ ਵੇਲੇ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਬਣੀ ਹੋਈ ਹੈ ਅਤੇ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਲਗਾਤਾਰ ਵੱਧਦੀ ਅਤੇ ਹੋਰ ਵੱਧਦੀ ਹੀ ਜਾ ਰਹੀ ਹੈ। ਇਹ ਗੱਲ ਹੋਰ ਹੈ ਕਿ ਇਸ ਦੌਰਾਨ ਸਰਕਾਰ ਵਲੋਂ ਸਮੇਂ ਸਮੇਂ ਤੇ ਮਹਿੰਗਾਈ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਕੀਕਤ ਇਹੀ ਹੈ ਕਿ ਆਮ ਆਦਮੀ ਨੂੰ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਹੋਈ ਕਿਸੇ ਤਰ੍ਹਾਂ ਦੀ ਕਟੌਤੀ ਕਿਤੇ ਨਜਰ ਨਹੀਂ ਆਉਂਦੀ ਅਤੇ ਉਸ ਲਈ ਆਪਣੇ ਜਰੂਰੀ ਖਰਚਿਆਂ ਦੀ ਭਰਪਾਈ ਵੀ ਔਖੀ ਹੋ ਗਈ ਹੈ। ਪਿਛਲੇ ਪੰਜ ਸਾਲਾਂ ਤੋਂ ਚਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੀ ਆਮਦਨੀ ਤਾਂ ਪਹਿਲਾਂ ਹੀ ਘੱਟ ਹੋ ਚੁੱਕੀ ਹੈ ਅਤੇ ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਵੀ ਔਖਾ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਸਾਲਾਂ ਦੌਰਾਨ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੀ ਹੋਇਆ ਹੈ ਅਤੇ ਆਮ ਜਨਤਾ ਨੂੰ ਮਹਿੰਗਾਈ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ। ਇਸ ਦੌਰਾਨ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਛੋਟੇ ਵੱਡੇ ਸਾਮਾਨ ਜਿਵੇਂ ਕਿਤਾਬਾਂ, ਦਵਾਈਆਂ, ਕਪੜੇ, ਮਿਠਾਈਆਂ, ਮਕਾਨ ਉਸਾਰੀ ਦਾ ਸਮਾਨ ਸਮੇਤ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ।
ਕੇਂਦਰ ਸਰਕਾਰ ਇਸ ਸੰਬੰਧੀ ਅਕਸਰ ਦਾਅਵੇ ਕਰਦੀ ਹੈ ਕਿ ਦੇਸ਼ ਦੀ ਮਹਿੰਗਾਈ ਦਰ ਦਾ ਅੰਕੜਾ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਘੱਟ ਹੋ ਚੁੱਕਿਆ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮਹਿੰਗਾਈ ਦਰ ਵਿਚਲੀ ਇਹ ਕਟੌਤੀ ਸਿਰਫ ਅਕੰੜਿਆਂ ਤਕ ਹੀ ਸੀਮਿਤ ਹੈ ਜਿਹੜੀ ਆਮ ਲੋਕਾਂ ਨੂੰ ਕਿਤੇ ਨਜਰ ਨਹੀਂ ਆਉਂਦੀ। ਵੈਸੇ ਵੀ ਸਰਕਾਰ ਵਲੋਂ ਮਹਿੰਗਾਈ ਤੇ ਕਾਬੂ ਕਰਨ ਲਈ ਜਿਹੜੀ ਕਾਰਵਾਈ ਕੀਤੀ ਵੀ ਜਾਂਦੀ ਹੈ ਉਹ ਵੀ ਵੱਖ ਵੱਖ ਵਸਤੂਆਂ ਦੀਆਂ ਥੋਕ ਕੀਮਤਾਂ ਦੇ ਅੰਕੜੇ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਖੁਦਰਾ ਬਾਜਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਕੀਮਤ ਤੈਅ ਕਰਨ ਲਈ ਸਰਕਾਰ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ, ਜਦੋਂਕਿ ਆਮ ਲੋਕਾਂ ਨੇ ਤਾਂ ਖੁਦਰਾ ਬਾਜਾਰ ਤੋਂ ਹੀ ਖਰੀਦਦਾਰੀ ਕਰਨੀ ਹੁੰਦੀ ਹੈ। ਇਸ ਦੌਰਾਨ ਜੇਕਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ (ਸਰਕਾਰ ਦੇ ਅੰਕੜਿਆਂ ਅਨੁਸਾਰ) ਕੁੱਝ ਕਮੀ ਆਉਂਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰਾਂ ਵਲੋਂ ਇਹਨਾਂ ਵਸਤੂਆਂ ਦੇ ਦਾਮ ਨਹੀਂ ਘਟਾਏ ਜਾਂਦੇ ਅਤੇ ਖੁਦਰਾ ਬਾਜਾਰ ਦੇ ਦੁਕਾਨਦਾਰ ਥੋਕ ਬਾਜਾਰ ਵਿੱਚ ਕੀਮਤਾਂ ਘਟਣ ਦੇ ਬਾਵਜੂਦ ਭਾਰੀ ਮੁਨਾਫੇ ਦੇ ਲਾਲਚ ਵਿੱਚ ਖੁਦਰਾ ਬਾਜਾਰ ਵਿੱਚ ਕੀਮਤਾਂ ਉੱਚੀਆਂ ਰੱਖ ਕੇ ਮਹਿੰਗਾਈ ਵਿੱਚ ਵਾਧਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ।
ਇਸ ਮੁਨਾਫਾਖੋਰੀ ਵਿੱਚ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹਨ ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਥੋਕ ਬਾਜਾਰ ਵਿੱਚ ਕੀਮਤਾਂ ਵਿੱਚ ਆਈ ਕਮੀ ਕਾਰਨ ਇਹਨਾਂ ਕੰਪਨੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਦੀ ਲਾਗਤ ਵੀ ਭਾਵੇਂ ਘੱਟ ਜਾਂਦੀ ਹੈ ਪਰੰਤੂ ਉਹਨਾਂ ਵਲੋਂ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲਦੀ।
ਮਹਿੰਗਾਈ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਪਰਚੂਨ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਲਗਾਮ ਲਗਾਏ। ਇਸ ਕਾਰਵਾਈ ਦੇ ਤਹਿਤ ਜਿੱਥੇ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਉੱਥੇ ਪਰਚੂਨ ਦੁਕਾਨਦਾਰਾਂ ਲਈ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ। ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਵਾਜਿਬ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹ ਕੇ ਜਨਤਾ ਨੂੰ ਜਰੂਰੀ ਸਾਮਾਨ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਸੀਰੀਆ ਦੇ ਉਜੜੇ ਲੋਕਾਂ ਦੀ ਕੌਣ ਸੁਣੇ ਫਰਿਆਦ?

ਸੀਰੀਆ ਵਿੱਚ ਕੁਝ ਸਮਾਂ ਪਹਿਲਾਂ ਬਾਗੀਆਂ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਤਖ਼ਤਾ ਪਲਟ ਕਰ ਦਿੱਤਾ ਸੀ ਅਤੇ ਰਾਸ਼ਟਰਪਤੀ ਅਸਦ ਨੂੰ ਦੇਸ਼ ਛੱਡ ਕੇ ਵਿਦੇਸ਼ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ। ਉਸ ਸਮੇਂ ਆਸ ਬਣੀ ਸੀ ਕਿ ਇਸਤੋਂ ਬਾਅਦ ਸੀਰੀਆ ਵਿੱਚ ਸ਼ਾਂਤੀ ਆ ਜਾਵੇਗੀ ਪਰ ਇਹ ਸੋਚ ਗਲਤ ਸੀ ਕਿਉਂਕਿ ਸੀਰੀਆ ਅਜੇ ਵੀ ਅਸ਼ਾਂਤ ਹੈ ਅਤੇ ਉਥੇ ਅਜੇ ਵੀ ਹਿੰਸਾ ਹੋ ਰਹੀ ਹੈ, ਜਿਸ ਵਿੱਚ ਸੈਂਕੜੇ ਲੋਕ ਮਾਰੇ ਜਾ ਰਹੇ ਹਨ। ਇਸ ਸਮੇਂ ਇਹ ਹਿੰਸਾ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਸਮਰਥਕਾਂ ਅਤੇ ਸੀਰੀਆ ਦੇ ਮੌਜੂਦਾ ਸੱਤਾਧਾਰੀ ਦਹਿਸ਼ਤਵਾਦੀ ਸੰਗਠਨ ‘ਹਯਾਤ ਤਹਿਰੀਰੀ ਅਲ ਸ਼ਾਮ ਦੀ ਫ਼ੌਜ ਵਿਚਾਲੇ ਹੋ ਰਹੀ ਹੈ ਪਰ ਇਸ ਹਿੰਸਾ ਵਿੱਚ ਮਾਰੇ ਆਮ ਲੋਕ ਜਾ ਰਹੇ ਹਨ।
ਪਿਛਲੇ 14 ਸਾਲਾਂ ਵਿੱਚ ਸੀਰੀਆ ਦੇ ਸੰਘਰਸ਼ ਦੌਰਾਨ ਦੁਨੀਆਂ ਨੇ ਬਹੁਤ ਤਬਾਹੀ ਅਤੇ ਖ਼ੂਨ-ਖ਼ਰਾਬਾ ਦੇਖਿਆ ਹੈ ਅਤੇ ਇਸ ਦੌਰਾਨ ਸੀਰੀਆ ਦੇ ਨਾਗਰਿਕਾਂ ਨੂੰ ਯੋਜਨਾਬੱਧ ਅਤੇ ਵਿਆਪਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਧਿਰਾਂ ਨੇ ਵਾਰ-ਵਾਰ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸੀਰੀਆ ਦੀ ਅੰਦਰੂਨੀ ਖ਼ਾਨਾ ਜੰਗੀ ਦੌਰਾਨ ਸਭ ਤੋਂ ਵੱਧ ਨੁਕਸਾਨ ਸੀਰੀਆ ਦੇ ਆਮ ਲੋਕਾਂ ਦਾ ਹੋਇਆ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੀਰੀਆ ਵਿੱਚ ਹੁਣ ਸੀਰੀਆਈ ਲੋਕਾਂ ਦੇ ਰਿਸਦੇ ਹੋਏ ਜ਼ਖ਼ਮਾਂ ਤੇ ਮੱਲਖ਼ਮ ਲਗਾਈ ਜਾਵੇਗੀ ਜਾਂ ਉਹਨਾਂ ਨੂੰ ਮੁੜ ਰੱਬ ਆਸਰੇ ਜ਼ਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ? ਜ਼ਿਕਰਯੋਗ ਹੈ ਕਿ 2011 ਦੀ ‘ਅਰਬ ਕ੍ਰਾਂਤੀ’ ਵਿੱਚ ਕਈ ਮੁਲਕਾਂ ਵਿੱਚ ਤਖ਼ਤਾ ਪਲਟ ਹੋਏ, ਤਿੰਨ-ਚਾਰ ਦਹਾਕਿਆਂ ਤੋਂ ਰਾਜ ਕਰ ਰਹੇ ਅਖੌਤੀ ਤਾਨਾਸ਼ਾਹਾਂ ਨੂੰ ਲੋਕਤੰਤਰ ਮੁਹਿੰਮ ਦੇ ਨਾਂ ਤੇ ਤਖਤ ਤੋਂ ਹਟਾ ਦਿੱਤਾ ਗਿਆ। ਹੋਸਨੀ ਮੁਬਾਰਕ ਅਤੇ ਕਰਨਲ ਗੱਦਾਫ਼ੀ ਵਰਗੇ ਸ਼ਾਸਕਾਂ ਦੇ ਰਾਜ ਦਾ ਅੰਤ ਹੋ ਗਿਆ ਅਤੇ ਸੀਰੀਆ ਵਿੱਚ ਵੀ ਉਹੀ ਸਫ਼ਲਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਬਸ਼ਰ ਅਲ ਅਸਦ ਨੂੰ ਗੱਦੀ ਤੋਂ ਹਟਾਉਣ ਲਈ 13 ਸਾਲਾਂ ਦੀ ਲੰਮੀ ਉਡੀਕ ਕਰਨੀ ਪਈ। ਅਰਬ ਕ੍ਰਾਂਤੀ ਦੇ ਦੌਰਾਨ, ਸੀਰੀਆ ਵਿੱਚ ਬਾਗੀਆਂ ਨੂੰ ਬਸ਼ਰ ਅਲ ਅਸਦ ਦੁਆਰਾ ਪੂਰੀ ਤਾਕਤ ਨਾਲ ਕੁਚਲ ਦਿੱਤਾ ਗਿਆ ਸੀ। ਹਾਲਾਂਕਿ, ਉਸਨੂੰ ਸੱਤਾ ਸੰਭਾਲੇ ਨੂੰ ਸਿਰਫ਼ ਦਸ ਸਾਲ ਹੋਏ ਸਨ ਅਤੇ ਉਸਦਾ ਰਾਜਨੀਤਿਕ ਨਜ਼ਰੀਆ ਤਾਨਾਸ਼ਾਹਾਂ ਨਾਲੋਂ ਬਿਲਕੁਲ ਵੱਖਰਾ ਸੀ।
ਪਿਛਲੇ ਕਈ ਸਾਲਾਂ ਤੋਂ ਸੀਰੀਆ ਦੇ ਲੱਖਾਂ ਲੋਕ ਉਜੜ ਕੇ ਹੋਰਨਾਂ ਦੇਸ਼ਾਂ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੇ ਹਨ। ਹੁਣ ਸੀਰੀਆ ਵਿੱਚ ਤਖਤਾ ਪਲਟ ਤੋਂ ਬਾਅਦ ਵੀ ਹਿੰਸਾ ਜਾਰੀ ਰਹਿਣ ਕਾਰਨ ਦੇਸ਼ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਸ਼ਰਨਾਰਥੀ ਬਣਨਾ ਆਸਾਨ ਨਹੀਂ ਹੁੰਦਾ। ਕੋਈ ਵੀ ਵਿਅਕਤੀ ਆਪਣਾ ਦੇਸ਼ ਛੱਡਣ ਨੂੰ ਤਿਆਰ ਨਹੀਂ ਹੁੰਦਾ ਭਾਵੇਂ ਕਿ ਰੁਜ਼ਗਾਰ ਖਾਤਰ ਲੋਕ ਪਰਵਾਸ ਵੀ ਕਰਦੇ ਹਨ ਪਰ ਸ਼ਰਨਾਰਥੀ ਉਹ ਲੋਕ ਬਣਦੇ ਹਨ ਜਿਹਨਾਂ ਦਾ ਸਭ ਕੁਝ ਉਜੜ ਗਿਆ ਹੋਵੇ।
ਸੀਰੀਆ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ, ਜਿਹਨਾਂ ਦਾ ਸਾਬਕਾ ਰਾਸ਼ਟਰਪਤੀ ਦੇ ਸਮਰਥਕਾਂ ਅਤੇ ਬਾਗੀਆਂ ਦੇ ਟਕਰਾਓ ਵਿੱਚ ਸਭ ਕੁਝ ਉਜੜ ਗਿਆ। ਇਸੇ ਕਾਰਨ ਇਹ ਲੁਟੇ ਪੁੱਟੇ ਲੋਕ ਹੋਰਨਾਂ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਲਈ ਮਜਬੂਰ ਹਨ। ਇਹਨਾਂ ਸ਼ਰਨਾਰਥੀਆਂ ਨੂੰ ਜਿਥੇ ਦੋ ਵੇਲੇ ਦੀ ਰੋਟੀ ਲਈ ਤਰਸਨਾ ਪੈ ਰਿਹਾ ਹੈ, ਉਥੇ ਇਹਨਾਂ ਸ਼ਰਨਾਰਥੀਆਂ ਦੇ ਸਿਰਾਂ ਉਤੇ ਛੱਤ ਵੀ ਨਹੀਂ ਹੈ। ਕਈ ਸ਼ਰਨਾਰਥੀਆਂ ਨੂੰ ਤਾਂ ਰਹਿਣ ਲਈ ਤੰਬੂ ਵੀ ਨਹੀਂ ਮਿਲੇ ਹਨ। ਇਹ ਠੀਕ ਹੈ ਕਿ ਦੁਨੀਆਂ ਦੇ ਕਈ ਮੁਲਕ ਸ਼ਰਨਾਰਥੀਆਂ ਪ੍ਰਤੀ ਨਰਮ ਭਾਵਨਾ ਰਖਦੇ ਹਨ ਅਤੇ ਉਹਨਾਂ ਨੂੰ ਕੁਝ ਸਹੂਲਤਾਂ ਵੀ ਦੇ ਦਿੰਦੇ ਹਨ ਪਰ ਸ਼ਰਨਾਰਥੀਆਂ ਦੀ ਜ਼ਿੰਦਗੀ ਕਸ਼ਟਮਈ ਹੀ ਹੁੰਦੀ ਹੈ। ਉਹਨਾਂ ਦਾ ਆਪਣਾ ਵਰਤਮਾਨ ਤੇ ਬੱਚਿਆਂ ਦਾ ਭਵਿੱਖ ਤਬਾਹ ਹੋ ਚੁੱਕਿਆ ਹੁੰਦਾ ਹੈ। ਇਹ ਸ਼ਰਨਾਰਥੀ ਹੋਰਨਾਂ ਰਹਿਮ ਦਿਲ ਲੋਕਾਂ ਅਤੇ ਅੰਤਰਰਾਸ਼ਟਰੀ ਸਹਾਇਤਾ ਦੇ ਸਹਾਰੇ ਦਿਨ ਕਟੀ ਕਰਦੇ ਹਨ।
ਸੀਰੀਆ ਦੇ ਅਣਸੁਖਾਂਵੇਂ ਹਾਲਾਤ ਸਭ ਦੇ ਸਾਹਮਣੇ ਹਨ ਪਰ ਸੀਰੀਆ ਦੇ ਖੰਡਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਨਾ ਹੀ ਇਹ ਸੋਚ ਰਿਹਾ ਹੈ ਕਿ ਇਹਨਾਂ ਖੰਡਰਾਂ ਵਾਲੇ ਦੇਸ਼ ਵਿੱਚ ਲੋਕਤੰਤਰ ਦੀ ਨੀਂਂਹ ਕਿਵੇਂ ਰਖੀ ਜਾਵੇਗੀ? ਸੀਰੀਆ ਦੇ ਬਦਕਿਸਮਤ ਲੋਕ ਹੁਣ ਆਸ ਭਰੀਆਂ ਨਜ਼ਰਾਂ ਨਾਲ ਦੁਨੀਆਂ ਵੱਲ ਵੇਖ ਰਹੇ ਹਨ ਉਹਨਾਂ ਨੂੰ ਆਸ ਹੈ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਅਹਿਮ ਸੰਸਥਾਵਾਂ ਉਹਨਾਂ ਦੇ ਪੁਨਰਵਾਸ ਲਈ ਵੱਡੇ ਉਪਰਾਲੇ ਕਰਨਗੀਆਂ ਪਰ ਇਸ ਸਮੇਂ ਇਹ ਸਵਾਲ ਬਣਿਆ ਹੋਇਆ ਹੈ ਕਿ ਸੀਰੀਆ ਦੇ ਸ਼ਰਨਾਰਥੀ ਬਣੇ ਲੋਕਾਂ ਅਤੇ ਦੇਸ਼ ਵਿੱਚ ਰਹਿ ਰਹੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਕਿਵੇਂ ਹੱਲ ਕੀਤੀਆਂ ਜਾਣਗੀਆਂ?
ਬਿਊਰੋ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
-
Mohali2 months ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
National2 months ago
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ