Connect with us

Editorial

ਵਸਨੀਕਾਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਦੇਣਾ ਸਰਕਾਰ ਦੀ ਜਿੰਮੇਵਾਰੀ

Published

on

 

 

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਵਸਨੀਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਹਾਸਿਲ ਨਹੀਂ ਹੁੰਦੀਆਂ। ਸ਼ਹਿਰ ਦੇ ਵਿਕਾਸ ਦੇ ਅਹਿਮ ਪੜਾਅ ਪਾਰ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀ ਸੁਰਖਿਅਤ ਤਰੀਕੇ ਨਾਲ ਜਨਤਕ ਆਵਾਜਾਈ ਦੀ ਸਹੂਲੀਅਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਪਣੀ ਇਸ ਲੋੜ ਲਈ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।

ਸ਼ਹਿਰ ਵਿੱਚ ਜਨਤਕ ਆਵਾਜਾਈ ਦੇ ਨਾਮ ਤੇ ਸੀ ਟੀ ਯੂ (ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ) ਦੀਆਂ ਬੱਸਾਂ ਦੇ ਕੁੱਝ ਰੂਟ ਸਾਡੇ ਸ਼ਹਿਰ ਵਿੱਚ ਜਰੂਰ ਆਉਂਦੇ ਹਨ ਪਰੰਤੂ ਇਹ ਬੱਸਾਂ ਉਹਨਾਂ ਲੋਕਾਂ ਦੇ ਹੀ ਕੰਮ ਆਉਂਦੀਆਂ ਹਨ ਜਿਹਨਾਂ ਨੇ ਰੋਜਾਨਾ ਚੰਡੀਗੜ੍ਹ ਆਉਣਾ ਜਾਣਾ ਹੁੰਦਾ ਹੈ ਅਤੇ ਜਿਆਦਾਤਰ ਸ਼ਹਿਰ ਵਾਸੀ ਆਪਣੀਆਂ ਸਥਾਨਕ ਆਵਾਜਾਈ ਲੋੜਾਂ ਵਾਸਤੇ (ਸ਼ਹਿਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਆਉਣ ਜਾਣ ਲਈ) ਆਟੋ ਰਿਕਸ਼ਿਆਂ ਦੀ ਹੀ ਵਰਤੋਂ ਕਰਦੇ ਹਨ। ਸਵਾਰੀ ਸਿਸਟਮ ਦੇ ਹਿਸਾਬ ਨਾਲ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਦੀ ਜਨਤਕ ਆਵਾਜਾਈ ਦੀ ਲੋੜ ਤਾਂ ਪੂਰੀ ਕਰਦੇ ਹਨ ਪਰੰਤੂ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨਾ ਕਿਸੇ ਪੱਖੋਂ ਵੀ ਖਤਰੇ ਤੋਂ ਖਾਲੀ ਨਹੀਂ ਹੈ। ਇਹਨਾਂ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਅਜਿਹੇ ਹਨ ਜਿਹੜੇ ਇੱਕ ਦੂਜੇ ਤੋਂ ਅੱਗੇ ਲੰਘ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਅਜਿਹਾ ਹੋਣ ਕਾਰਨ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਜਖਮੀ ਹੋਣ ਦੇ ਮਾਮਲੇ ਵੀ ਆਮ ਹਨ।

ਪਿਛਲੇ ਦੋ ਦਹਾਕਿਆਂ ਤੋਂ ਇਹ ਮੰਗ ਉਠਦੀ ਆ ਰਹੀ ਹੈ ਕਿ ਸ਼ਹਿਰ ਵਾਸੀਆਂ ਦੀ ਸੁਰਖਿਅਤ ਜਨਤਕ ਆਵਾਜਾਈ ਵਾਸਤੇ ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਪਰੰਤੂ ਹੁਣ ਤਕ ਆਮ ਲੋਕਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਹਰ ਵਾਰ ਨਗਰ ਨਿਗਮ ਚੋਣਾਂ ਦੌਰਾਨ ਵੀ ਇਹ ਮੁੱਦਾ ਉਠਾਇਆ ਜਾਂਦਾ ਹੈ ਅਤੇ ਚੋਣ ਲੜਣ ਵਾਲੀਆਂ ਸਾਰੀਆਂ ਹੀ ਮੁੱਖ ਧਿਰਾਂ ਵਲੋਂ ਸ਼ਹਿਰ ਦੀ ਆਪਣੀ ਸਿਟੀ (ਲੋਕਲ) ਬਸ ਸਰਵਿਸ ਆਰੰਭ ਕਰਨ ਦਾ ਵਾਇਦਾ ਵੀ ਕੀਤਾ ਜਾਂਦਾ ਹੈ। ਇਸ ਸੰਬੰਧੀ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਸਰਕਾਰ ਨੂੰ ਕਈ ਵਾਰ ਮਤੇ ਪਾਸ ਕਰਕੇ ਵੀ ਭੇਜੇ ਗਏ ਹਨ ਪਰੰਤੂ ਇਸਦੇ ਬਾਵਜੂਦ ਇਹ ਕਾਰਵਾਈ ਹੁਣੇ ਤਕ ਲਮਕ ਰਹੀ ਹੈ।

ਅਜਿਹਾ ਵੀ ਨਹੀਂ ਹੈ ਕਿ ਨਗਰ ਨਿਗਮ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਗਰ ਨਿਗਮ ਵਲੋਂ ਲਗਭਗ 12 ਸਾਲ ਪਹਿਲਾਂ ਸ਼ਹਿਰ ਵਾਸੀਆਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਲਗਭਗ ਸਿਟੀ ਬਸ ਸਰਵਿਸ ਚਲਾਉਣ ਦੀ ਇੱਕ ਤਜਵੀਜ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਮੰਜੂਰੀ ਲਈ ਭੇਜੀ ਗਈ ਸੀ ਜਿਸਦੇ ਤਹਿਤ 100 ਦੇ ਕਰੀਬ ਰੂਟਾਂ ਤੇ ਇਹ ਬੱਸਾਂ ਚਲਾਈਆਂ ਜਾਣੀਆਂ ਸਨ ਅਤੇ ਇਸ ਰਾਂਹੀ ਸਿਰਫ ਮੁਹਾਲੀ ਸ਼ਹਿਰ ਹੀ ਨਹੀਂ ਬਲਕਿ ਜਿਲ੍ਹੇ ਦੇ ਸਮੂਹ ਸ਼ਹਿਰਾਂ ਨੂੰ ਇਹ ਸਹੂਲੀਅਤ ਮਿਲਣੀ ਸੀ। ਨਗਰ ਨਿਗਮ ਦੀ ਇਹ ਤਜਵੀਜ ਉਸ ਵੇਲੇ ਕੇਂਦਰ ਸਰਕਾਰ ਦੀ ਜਵਾਹਰ ਲਾਲ ਨਹਿਰੂ ਸ਼ਹਿਰੀ ਵਿਕਾਸ ਸਕੀਮ ਦੇ ਤਹਿਤ ਤਿਆਰ ਹੋਈ ਸੀ ਅਤੇ ਇਸਤੋਂ ਪਹਿਲਾਂ ਕਿ ਇਹ ਲਾਗੂ ਹੁੰਦੀ ਕੇਂਦਰ ਦੀ ਸੱਤਾ ਬਦਲ ਗਈ ਅਤੇ ਇਸਦੇ ਨਾਲ ਹੀ ਇਹ ਤਜਵੀਜ ਵੀ ਲਮਕ ਬਸਤੇ ਵਿੱਚ ਹੀ ਰਹਿ ਗਈ।

ਬਾਅਦ ਵਿੱਚ 2015 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਸz. ਕੁਲਵੰਤ ਸਿੰਘ (ਜੋ ਹੁਣ ਮੁਹਾਲੀ ਹਲਕੇ ਦੇ ਵਿਧਾਇਕ ਹਨ) ਦੀ ਅਗਵਾਈ ਵਿੱਚ ਨਗਰ ਨਿਗਮ ਵਲੋਂ ਇੱਕ ਵਾਰ ਫਿਰ ਸਿਟੀ ਬਸ ਸਰਵਿਸ ਚਲਾਏ ਜਾਣ ਦਾ ਮਤਾ ਪਾਸ ਕੀਤਾ ਗਿਆ, ਪਰੰਤੂ ਇਹ ਕਾਰਵਾਈ ਵੀ ਵੱਖ ਵੱਖ ਦਫਤਰੀ ਘੁੰਮਣ ਘੇਰੀਆਂ ਵਿੱਚ ਉਲਝ ਗਈ ਅਤੇ ਇਸਤੇ ਅਮਲ ਨਹੀਂ ਹੋ ਪਾਇਆ। ਮੌਜੂਦਾ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿੱਚ ਵੀ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਰੂਟਾਂ ਤੇ ਮਿਨੀ ਬੱਸਾਂ ਚਲਾਏ ਜਾਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ ਪਰੰਤੂ ਇਹ ਤਜਵੀਜ ਵੀ ਸਰਕਾਰੀ ਫਾਈਲਾਂ ਦੀ ਧੂੜ ਫੱਕ ਰਹੀ ਹੈ।

ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪੰਜਾਬ ਸਰਕਾਰ ਸਥਾਨਕ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਿਟੀ ਬੱਸ ਚਲਾਉਣ ਸੰਬੰਧੀ ਪਾਸ ਕਰਕੇ ਭੇਜੇ ਗਏ ਮਤੇ ਨੂੰ ਮੰਜੂਰੀ ਦੇਵੇ ਤਾਂ ਜੋ ਇਸ ਮਤੇ ਨੂੰ ਲਾਗੂ ਕਰਕੇ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਦਾ ਰਾਹ ਪੱਧਰਾ ਹੋ ਸਕੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਰਖਿਅਤ ਆਵਾਜਾਈ ਦੀ ਇਸ ਅਹਿਮ ਲੋੜ ਨੂੰ ਪੂਰਾ ਕਰਨ ਲਈ ਪਹਿਲ ਦੇ ਆਧਾਰ ਤੇ ਕਦਮ ਚੁੱਕੇ ਤਾਂ ਜੋ ਲੋਕਾਂ ਦੀ ਇਹ ਜਰੂਰਤ ਪੂਰੀ ਹੋ ਸਕੇ।

Continue Reading

Editorial

ਨਾਜਾਇਜ਼ ਕਬਜਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਲਈ ਨਿਗਮ ਦੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਹੋਵੇ

Published

on

By

 

ਸਾਡੇ ਸ਼ਹਿਰ ਵਿਚਲੀ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਵਿੱਚ ਪਿਛਲੇ ਸਮੇਂ ਦੌਰਾਨ ਬਹੁਤ ਜਿਆਦਾ ਵਾਧਾ ਹੋਇਆ ਹੈ ਅਤੇ ਸ਼ਹਿਰ ਵਿੱਚ ਹਰ ਪਾਸੇ ਅਜਿਹੀਆਂ ਰੇਹੜੀਆਂ ਫੜੀਆਂ ਦੀ ਭਰਮਾਰ ਨਜਰ ਆਉਂਦੀ ਹੈ ਅਤੇ ਇਸ ਵੇਲੇ ਹਾਲਾਤ ਇਹ ਹੋ ਗਏ ਹਨ ਕਿ ਜਿਸ ਪਾਸੇ ਵੀ ਨਜਰ ਮਾਰੋ ਕੋਈ ਨਾ ਕੋਈ ਨਾਜਾਇਜ਼ ਕਬਜਾ ਨਜਰ ਆ ਹੀ ਜਾਂਦਾ ਹੈ। ਸ਼ਹਿਰ ਵਿੱਚ ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਬਰਾਮਦਿਆਂ ਵਿੱਚ ਖਾਣ ਪੀਣ ਦੇ ਸਾਮਾਨ ਤੋਂ ਲੈ ਕੇ ਹਰ ਛੋਟਾ ਵੱਡਾ ਸਾਮਾਨ ਵੇਚਣ ਵਾਲੇ ਸਟਾਲ ਅਤੇ ਗਲੀਆਂ ਮੁਹੱਲਿਆਂ ਤਕ ਦੇ ਵਿੱਚ ਲਗਣ ਵਾਲੇ ਠੀਏ, ਗੱਲ ਕੀ ਇਹ ਨਾਜਾਇਜ਼ ਕਬਜ਼ਾਕਾਰ ਹਰ ਥਾਂ ਤੇ ਆਪਣਾ ਤਾਮਝਾਮ ਖਿਲਾਰ ਕੇ ਬੈਠੇ ਦਿਖ ਜਾਂਦੇ ਹਨ ਅਤੇ ਅਜਿਹਾ ਲੱਗਦਾ ਹੈ ਜਿਵੇਂ ਸਾਡਾ ਪੂਰਾ ਸ਼ਹਿਰ ਹੀ ਇਹਨਾਂ ਨਾਜਾਇਜ਼ ਕਬਜਿਆਂ ਦੀ ਮਾਰ ਹੇਠ ਆ ਗਿਆ ਹੈ।

ਸ਼ਹਿਰ ਦੀਆਂ ਮਾਰਕੀਟਾਂ ਵਿਚਲੇ ਦੁਕਾਨਦਾਰ ਵੀ ਲਗਾਤਾਰ ਵੱਧਦੇ ਨਾਜਾਇਜ ਕਬਜਿਆਂ ਦੀ ਇਸ ਕਾਰਵਾਈ ਵਿੱਚ ਭਰਪੂਰ ਯੋਗਦਾਨ ਦਿੰਦੇ ਹਨ। ਇਹ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਬਣੇ ਵਰਾਂਡਿਆਂ ਵਿੱਚ ਤਾਂ ਆਪਣਾ ਸਾਮਾਨ ਖਿਲਾਰ ਕੇ ਰੱਖਦੇ ਹੀ ਹਨ, ਦੁਕਾਨਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਇਹਨਾਂ ਵਲੋਂ ਕਬਜੇ ਕਰ ਲਏ ਜਾਂਦੇ ਹਨ। ਇਸ ਦੌਰਾਨ ਸ਼ਹਿਰ ਵਿੱਚ ਇਹ ਚਰਚਾ ਵੀ ਆਮ ਹੁੰਦੀ ਹੈ ਕਿ ਵੱਡੀ ਗਿਣਤੀ ਦੁਕਾਨਦਾਰ ਆਪਣੇ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਖੁਦ ਹੀ ਫੜੀਆਂ ਲਗਵਾਉਂਦੇ ਹਨ ਅਤੇ ਇਸਦੇ ਬਦਲੇ ਉਹ ਫੜੀਆਂ ਵਾਲਿਆਂ ਤੋਂ ਰੋਜਾਨਾ ਦੇ ਹਿਸਾਬ ਨਾਲ ਪੈਸੇ ਵਸੂਲਦੇ ਹਨ। ਨਗਰ ਨਿਗਮ ਦੀ ਟੀਮ ਤੇ ਆਊਣ ਤੇ ਉਹ ਇਹਨਾਂ ਫੜੀਆਂ ਵਾਲਿਆਂ ਦਾ ਸਾਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰਖਵਾ ਲੈਂਦੇ ਹਨ ਅਤੇ ਟੀਮ ਦੇ ਜਾਣ ਤੋਂ ਬਾਅਦ ਇਹ ਸਾਮਾਨ ਫਿਰ ਫੜੀਆਂ ਤੇ ਸਜਾ ਦਿੱਤਾ ਜਾਂਦਾ ਹੈ।

ਲਗਾਤਾਰ ਵੱਧਦੀ ਨਾਜਾਇਜ਼ ਕਬਜਿਆਂ ਦੀ ਇਸ ਸਮੱਸਿਆ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਪਰੰਤੂ ਇਹਨਾਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਰੇਹੜੀਆਂ ਫੜੀਆਂ ਵਾਲੇ ਭਾਵੇਂ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਮੌਜੂਦ ਹੁੰਦੇ ਹਨ ਅਤੇ ਇਹਨਾਂ ਵਲੋਂ ਇਸੇ ਤਰੀਕੇ ਨਾਲ ਆਪਣਾ ਰੁਜਗਾਰ ਚਲਾਇਆ ਜਾਂਦਾ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਇਹਨਾਂ ਦੀ ਗਿਣਤੀ ਕੁੱਝ ਜਿਆਦਾ ਹੀ ਹੈ ਅਤੇ ਇਹਨਾਂ ਰੇਹੜੀਆਂ ਫੜੀਆਂ ਕਾਰਨ ਸ਼ਹਿਰਵਾਸੀ ਬੁਰੀ ਤਰ੍ਹਾਂ ਤੰਗ ਹੁੰਦੇ ਹਨ। ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਹੋਏ ਰੇਹੜੀਆਂ ਫੜੀਆਂ ਵਾਲਿਆਂ ਦੇ ਕਬਜਿਆਂ ਕਾਰਨ ਵਾਹਨਾਂ ਦੀ ਪਾਰਕਿੰਗ ਦੀ ਥਾਂ ਘੱਟ ਜਾਂਦੀ ਹੈ ਅਤੇ ਲੋਕਾਂ ਨੂੰ ਆਪਣਾ ਵਾਹਨ ਖੜ੍ਹਾ ਕਰਨ ਲਈ ਥਾਂ ਨਹੀਂ ਮਿਲਦੀ। ਇਸੇ ਤਰ੍ਹਾਂ ਮੁੱਖ ਸੜਕਾਂ ਦੇ ਕਿਨਾਰੇ ਲਗਣ ਵਾਲੀਆਂ ਰੇਹੜੀਆਂ ਫੜੀਆਂ ਦੇ ਆਸ ਪਾਸ ਸਾਮਾਨ ਖਰੀਦਣ ਵਾਲਿਆਂ ਦੇ ਵਾਹਨ ਖੜ੍ਹੇ ਹੋ ਜਾਂਦੇ ਹਨ ਜੋ ਹੋਰਨਾਂ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੇ ਹਨ ਅਤੇ ਇਸ ਕਾਰਣ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ।

ਨਾਜਾਇਜ਼ ਕਬਜਿਆਂ ਦੀ ਗਿਣਤੀ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦਾ ਇਕ ਕਾਰਣ ਇਹ ਵੀ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ਼ ਕਬਜੇ ਦੂਰ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀ ਅਤੇ ਅਧਿਕਾਰੀ ਜਾਂ ਤਾਂ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੰਦੇ ਜਾਂ ਫਿਰ ਇਹ ਨਾਜਾਇਜ ਕਬਜੇ ਉਹਨਾਂ ਦੀ ਸ਼ਹਿ ਤੇ ਹੀ ਅੰਜਾਮ ਦਿੱਤੇ ਜਾਂਦੇ ਹਨ। ਇਸ ਸੰਬੰਧੀ ਸ਼ਹਿਰਵਾਸੀਆਂ ਵਲੋਂ ਖੁੱਲੇਆਮ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਣ ਵਾਲੇ ਇਹ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਹੁੰਦੇ ਹਨ, ਜਿਹਨਾਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਲੰਬਾ ਚੌੜਾ ਕਾਰੋਬਾਰ ਚਲਦਾ ਹੈ। ਲੋਕਾਂ ਦੇ ਇਸ ਇਲਜਾਮ ਨੂੰ ਇਸ ਗੱਲ ਨਾਲ ਵੀ ਜੋਰ ਮਿਲਦਾ ਹੈ ਕਿ ਨਾਜਾਇਜ ਕਬਜੇ ਹਟਾਉਣ ਵਾਲੀ ਇਸ ਟੀਮ ਦੇ ਮਾਰਕੀਟਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਨਾਜਾਇਜ਼ ਕਬਰਜਾਕਾਰਾਂ ਨੂੰ ਇਸਦੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਉਹ ਨਗਰ ਨਿਗਮ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਤਾਮ ਝਾਮ ਸਮੇਟ ਦੇ ਗਾਇਬ ਹੋ ਜਾਂਦੇ ਹਨ।

ਲਗਾਤਾਰ ਵੱਧਦੀ ਨਾਜਾਇਜ਼ ਕਬਜਿਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਉਹਨਾਂ ਤੋਂ ਇਸਦਾ ਜਵਾਬ ਮੰਗਿਆ ਜਾਵੇ। ਅਜਿਹਾ ਕੀਤੇ ਬਿਨਾ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਮੱਸਿਆ ਦੇ ਹਲ ਲਈ ਸਖਤ ਕਦਮ ਚੁੱਕੇ ਜਾਣੇ ਜਰੂਰੀ ਹਨ। ਨਗਰ ਨਿਗਮ ਦੇ ਕਮਿਸ਼ਨਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਫੀਲਡ ਸਟਾਫ ਦੀ ਜਵਾਬਦੇਹੀ ਤੈਅ ਕਰਨ ਤਾਂ ਜੋ ਸ਼ਹਿਰ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ।

 

Continue Reading

Editorial

ਕੀ ਅਕਾਲੀ ਦਲ ਮੁੜ ਬਣ ਸਕੇਗਾ ਸ਼ਕਤੀਸ਼ਾਲੀ ਸਿਆਸੀ ਪਾਰਟੀ?

Published

on

By

 

ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਕਿਸਾਨਾਂ ਦਾ ਮੁੱਦਾ ਛਾਇਆ ਹੋਇਆ ਹੈ। ਆਮ ਆਦਮੀ ਪਾਰਟੀ ਜਿਥੇ ਕਿਸਾਨ ਧਰਨਿਆਂ ਖਿਲਾਫ਼ ਕਾਰਵਾਈ ਸਬੰਧੀ ਆਪਣਾ ਤਰਕ ਪੇਸ਼ ਕਰ ਰਹੀ ਹੈ, ਉਥੇ ਹੋਰਨਾਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਪੱਖ ਵਿੱਚ ਬੋਲ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਤੇ ਪੰਜਾਬੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਵੀ ਆਵਾਜ਼ ਉਠਾਈ ਜਾ ਰਹੀ ਹੈ।

ਪੰਜਾਬ ਦੇ ਅਕਾਲੀ ਆਗੂ ਵੀ ਜਿਥੇ ਕਿਸਾਨਾਂ ਦੇ ਪੱਖ ਵਿੱਚ ਬੋਲ ਰਹੇ ਹਨ, ਉਥੇ ਉਹ ਹਿਮਾਚਲ ਵਿੱਚ ਸਿੱਖਾਂ ਤੇ ਪੰਜਾਬੀਆਂ ਨਾਲ ਹੋ ਰਹੇ ਧੱਕੇ ਦੀ ਨਿਖੇਧੀ ਵੀ ਕਰ ਰਹੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਅਕਾਲੀ ਦਲ ਸੱਤਾ ਤੋਂ ਦੁਰ ਹੋਣ ਦੇ ਬਾਵਜੂਦ ਚਰਚਾ ਵਿੱਚ ਬਣਿਆ ਹੋਇਆ ਹੈ। ਅਕਾਲੀ ਦਲ ਸਬੰਧੀ ਆਏ ਦਿਨ ਨਵੀਆਂ ਕਿਆਸਅਰਾਈਆਂ ਸਾਹਮਣੇ ਆ ਰਹੀਆਂ ਹਨ। ਅਕਾਲੀ ਦਲ ਦੇ ਸਮਰਥਕਾਂ ਨੂੰ ਅਜੇ ਵੀ ਆਸ ਹੈ ਕਿ ਜਲਦੀ ਹੀ ਅਕਾਲੀ ਦਲ ਮੰਝਦਾਰ ਵਿਚੋਂ ਨਿਕਲ ਜਾਵੇਗਾ ਅਤੇ ਪਹਿਲਾਂ ਵਾਂਗ ਪੰਜਾਬ ਵਿੱਚ ਮਜਬੂਤ ਸਿਆਸੀ ਪਾਰਟੀ ਬਣ ਜਾਵੇਗਾ, ਜਿਸ ਦੀ ਅਜੇ ਆਸ ਘੱਟ ਹੀ ਜਾਪਦੀ ਹੈ।

ਅਕਾਲੀ ਦਲ ਅਸਲ ਵਿੱਚ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਹੈ ਅਤੇ ਇੱਕ ਰਾਜ ਲਈ ਖੇਤਰੀ ਪਾਰਟੀਆਂ ਦਾ ਮਜਬੂੁਤ ਹੋਣਾ ਬਹੁਤ ਜਰੂਰੀ ਹੁੰਦਾ ਹੈ। ਇਹ ਖੇਤਰੀ ਪਾਰਟੀਆਂ ਹੀ ਹੁੰਦੀਆਂ ਹਨ, ਜੋ ਕਿ ਰਾਜ ਦੇ ਮੁੱਖ ਮੁੱਦਿਆਂ ਨੂੰ ਹਲ ਕਰਨ ਲਈ ਯਤਨ ਕਰਦੀਆਂ ਹਨ ਅਤੇ ਸਿਰਫ ਆਪਣੇ ਰਾਜ ਦੇ ਲੋਕਾਂ ਬਾਰੇ ਹੀ ਸੋਚਦੀਆਂ ਹਨ ਜਦੋਂ ਕਿ ਨੈਸ਼ਨਲ ਪਾਰਟੀਆਂ ਸਿਰਫ ਇਕ ਰਾਜ ਤਕ ਸੀਮਿਤ ਨਹੀਂ ਹੁੰਦੀਆਂ ਬਲਕਿ ਉਹ ਸਾਰੇ ਰਾਜਾਂ ਨਾਲ ਸਬੰਧਿਤ ਹੁੰਦੀਆਂ ਹਨ, ਇਸ ਕਾਰਨ ਹੀ ਉਹ ਇੱਕ ਰਾਜ ਦੇ ਹੱਕ ਵਿੱਚ ਡੱਟ ਕੇ ਸਟੈਂਡ ਲੈਣ ਤੋਂ ਸੰਕੋਚ ਕਰਦੀਆਂ ਹਨ।

ਇਤਿਹਾਸ ਗਵਾਹ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਪੰਜਾਬ ਦੇ ਮੁੱਖ ਮੁੱਦਿਆਂ ਲਈ ਡਟ ਕੇ ਸਟੈਂਡ ਲੈਂਦਾ ਆਇਆ ਹੈ ਭਾਵੇਂ ਕਿ ਇਸ ਸਮੇਂ ਇਹ ਪਾਰਟੀ ਹਾਸ਼ੀਏ ਤੇ ਪਹੁੰਚ ਗਈ ਹੈ ਪਰ ਇਸ ਦੇ ਸਮਰਥਕਾਂ ਨੂੰ ਇਸ ਪਾਰਟੀ ਤੋਂ ਅਜੇ ਵੀ ਬਹੁਤ ਉਮੀਦਾਂ ਹਨ। ਅਕਾਲੀ ਦਲ ਬਾਦਲ ਨੇ ਲੰਬਾ ਸਮਾਂ ਸੱਤਾ ਦਾ ਸੁੱਖ ਮਾਣਿਆ ਹੈ। ਇਸ ਕਰਕੇ ਹੀ ਇਹ ਪਾਰਟੀ ਸੰਘਰਸ਼ਾਂ ਤੇ ਮੋਰਚਿਆਂ ਦਾ ਰਾਹ ਛੱਡ ਕੇ ਸੱਤਾ ਦੇ ਮਗਰ ਪੈ ਗਈ। ਉਂਝ ਵੀ ਸੱਤਾ ਦਾ ਸੁੱਖ ਹਰ ਪਾਰਟੀ ਨੂੰ ਚੰਗਾ ਲੱਗਦਾ ਹੈ। ਪੰਜਾਬ ਦੀ ਸੱਤਾ ਦੀ ਪ੍ਰਾਪਤੀ ਲਈ ਅਕਾਲੀ ਦਲ ਦੇ ਆਗੂਆਂ ਨੇ ਇਸ ਪਾਰਟੀ ਦਾ ਪੰਥਕ ਮੁਹਾਂਦਰਾ ਹੀ ਬਦਲ ਦਿਤਾ ਸੀ ਅਤੇ ਇਸ ਨੂੰ ਪੰਥਕ ਪਾਰਟੀ ਦੀ ਥਾਂ ਸਾਰੇ ਪੰਜਾਬੀਆਂ ਦੀ ਪਾਰਟੀ ਬਣਾ ਦਿੱਤਾ ਸੀ।

ਉਸ ਤੋਂ ਬਾਅਦ ਅਕਾਲੀ ਦਲ ਨੇ ਕਈ ਸਾਲ ਸੱਤਾ ਦਾ ਸੁੱਖ ਮਾਣਿਆ, ਪਰ ਹੋਲੀ ਹੋਲੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ। ਇਥੇ ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਤੋਂ ਬਾਅਦ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ। ਸਾਲ 2022 ਵਿੱਚ ਸੰਗਰੂਰ ਹਲਕੇ ਦੀ ਹੋਈ ਜ਼ਿਮਨੀ ਚੋਣ ਵਿੱਚ ਖ਼ਾਲਿਸਤਾਨ ਸਮਰਥਕ ਮੰਨੇ ਜਾਂਦੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ। ਇਸੇ ਤਰ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਤੋਂ ਗਰਮ ਖਿਆਲੀ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਸੰਸਦ ਮੈਂਬਰ ਚੁਣੇ ਗਏ। ਇਸ ਤਰ੍ਹਾਂ ਅਕਾਲੀ ਸਿਆਸਤ ਵਿੱਚ ਗਰਮ ਪੱਖੀ ਆਗੂਆਂ ਦਾ ਉਭਾਰ ਹੁੰਦਾ ਗਿਆ ਅਤੇ ਨਰਮ ਦਲੀ ਅਕਾਲੀ ਆਗੂ ਆਮ ਲੋਕਾਂ ਤੋਂ ਦੂਰ ਹੁੰਦੇ ਗਏ। ਭਾਵੇਂ ਕਿ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਧੁਰਾ ਰਿਹਾ ਅਤੇ ਅਕਾਲੀ ਸਿਆਸਤ ਪੰਥ ਦੀ ਰਹਿਨੁਮਾਈ ਹੇਠ ਚਲਦੀ ਰਹੀ ਪਰ ਕਈ ਸਾਲ ਪਹਿਲਾਂ ਮੋਗਾ ਰੈਲੀ ਵਿੱਚ ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਸz. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਨੂੰ ਪੰਥਕ ਪਾਰਟੀ ਦੀ ਥਾਂ ਸਾਰੇ ਪੰਜਾਬੀਆਂ ਦੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਕਾਲੀ ਦਲ ਦਾ ਮੁਹਾਂਦਰਾ ਹੀ ਬਦਲ ਗਿਆ। ਅਨੇਕਾਂ ਟਕਸਾਲੀ ਅਕਾਲੀ ਆਗੂ ਬਾਦਲ ਦਲ ਤੋਂ ਦੂਰ ਹੁੰਦੇ ਗਏ ਅਤੇ ਹਿੰਦੂ ਆਗੂਆਂ ਨੂੰ ਬਾਦਲ ਦਲ ਵਿੱਚ ਅਹਿਮ ਅਹੁਦੇ ਦਿੱਤੇ ਜਾਣ ਲੱਗੇ। ਹੁਣ ਅਕਾਲੀ ਦਲ ਬਾਦਲ ਦੀ ਹਾਲਤ ਅਜਿਹੀ ਹੋ ਗਈ ਕਿ ਇਸ ਨੂੰ ਮੁੜ ਪੰਥ ਦੀ ਸ਼ਰਨ ਵਿੱਚ ਆਉਣ ਲਈ ਮਜਬੂਰ ਹੋਣਾ ਪੈ ਗਿਆ ਕਿਉਂਕਿ ਇਸ ਲਈ ਆਪਣੀ ਹੋਂਦ ਬਚਾਉਣ ਲਈ ਹੋਰ ਕੋਈ ਰਾਹ ਹੀ ਨਹੀਂ ਸੀ ਬਚਿਆ।

ਪੰਜਾਬ ਵਿੱਚ ਅਕਾਲੀ ਦਲ ਦੇ ਹੋਰ ਗਰੁੱਪ ਵੀ ਸਰਗਰਮ ਹਨ, ਜਿਨ੍ਹਾਂ ਦੇ ਆਗੂਆਂ ਵਲੋਂ ਆਪੋ ਆਪਣੇ ਇਲਾਕਿਆਂ ਵਿੱਚ ਕੁਝ ਆਧਾਰ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ ਪਰ ਆਮ ਤੌਰ ਤੇ ਉਸ ਅਕਾਲੀ ਦਲ ਨੂੰ ਸਭ ਤੋਂ ਸ਼ਕਤੀਸ਼ਾਲੀ ਸਮਝਿਆ ਜਾਂਦਾ ਹੈ, ਜਿਸ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ ਹੋਵੇ। ਇਸ ਸਮੇਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਹੋਣ ਕਾਰਨ ਇਸ ਅਕਾਲੀ ਦਲ ਨੂੰ ਹੋਰਨਾਂ ਅਕਾਲੀ ਗਰੁੱਪਾਂ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਵੱਖ ਵੱਖ ਅਕਾਲੀ ਦਲਾਂ ਦੇ ਆਗੂ ਵੀ ਆਪਣੇ ਦਲਾਂ ਨੂੰ ਸਿੱਖਾਂ ਦੀ ਨੁਮਾਇੰਦਗੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਦੇ ਹਨ।

ਜਦੋਂ ਵੀ ਕਿਸੇ ਦੂਜੇ ਰਾਜ ਵਿੱਚ ਸਿੱਖਾਂ ਨਾਲ ਧੱਕਾ ਹੁੰਦਾ ਹੈ ਤਾਂ ਸਿੱਖ ਅਤੇ ਪੰਜਾਬੀ ਸਭ ਤੋਂ ਪਹਿਲਾਂ ਅਕਾਲੀ ਦਲ ਵੱਲ ਆਸ ਭਰੀਆਂ ਨਜਰਾਂ ਨਾਲ ਵੇਖਦੇ ਹਨ ਕਿਉਂਕਿ ਵੱਡੀ ਗਿਣਤੀ ਸਿੱਖ ਅਤੇ ਪੰਜਾਬੀ ਅਜੇ ਵੀ ਅਕਾਲੀ ਦਲ ਨਾਲ ਮੋਹ ਰੱਖਦੇ ਹਨ ਭਾਵੇਂ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੱਡੀ ਗਿਣਤੀ ਸਿੱਖਾਂ ਅਤੇ ਪੰਜਾਬੀਆਂ ਨੂੰ ਪ੍ਰਵਾਨ ਨਹੀਂ ਪਰ ਉਹ ਅਕਾਲੀ ਦਾ ਮੁੜ ਉਭਾਰ ਚਾਹੁੰਦੇ ਹਨ ਅਤੇ ਇਸ ਲਈ ਲੀਡਰਸ਼ਿਪ ਵਿੱਚ ਤਬਦੀਲੀ ਵੀ ਸਮੇਂ ਦੀ ਲੋੜ ਮਹਿਸੂਸ ਹੋ ਰਹੀ ਹੈ।

ਵੱਖ ਵੱਖ ਬੁੱਧੀਜੀਵੀ ਕਹਿ ਰਹੇ ਹਨ ਕਿ ਅਕਾਲੀ ਦਲ ਲਈ ਹੁਣ ਮੌਕਾ ਹੈ ਕਿ ਉਹ ਪੰਜਾਬ ਵਿੱਚ ਆਪਣੀ ਗੁਆਚੀ ਹੋਈ ਜ਼ਮੀਨ ਮੁੜ ਹਾਸਲ ਕਰਨ ਲਈ ਯਤਨ ਕਰੇ। ਇਸ ਲਈ ਜੇ ਸੀਨੀਅਰ ਲੀਡਰਸ਼ਿਪ ਨੂੰ ਆਪਣੇ ਅਹੁਦਿਆਂ ਦੀ ਕੁਰਬਾਨੀ ਦੇਣੀ ਪੈ ਜਾਵੇ ਤਾਂ ਉਹਨਾਂ ਨੂੰ ਇਹ ਕੁਰਬਾਨੀ ਦੇਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਾ ਇਤਿਹਾਸ ਹੀ ਕੁਰਬਾਨੀਆਂ ਭਰਿਆ ਹੈ। ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਕਿੰਨਾ ਕੁ ਮਜਬੂਤ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।

ਬਿਊਰੋ

Continue Reading

Editorial

ਕਿੱਥੇ ਗੁਆਚ ਗਿਆ ਸਾਡੇ ਸ਼ਹੀਦਾਂ ਦੇ ਸੁਫਨਿਆਂ ਦਾ ਭਾਰਤ

Published

on

By

 

ਦੇਸ਼ ਦੀ ਆਜਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਛਹੀਦੀ ਦਿਹਾੜਾ ਭਲਕੇ ਸਿਰਫ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਵਸਦੇ ਭਾਰਤੀ ਭਾਈਚਾਰੇ ਵਲੋਂ ਪੂਰੀ ਧੂਮ ਧਾਮ ਨਾਲ ਮਣਾਇਆ ਜਾਵੇਗਾ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਹਰੇਕ ਵਰਗ ਅਤੇ ਫਿਰਕੇ ਵਲੋਂ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ।

ਪਰੰਤੂ ਸਵਾਲ ਇਹ ਹੈ ਕਿ ਕੀ ਅਸੀਂ ਵਾਕਈ ਆਪਣੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਕਾਬਿਲ ਹਾਂ ਅਤੇ ਕੀ ਸਾਡੇ ਦੇਸ਼ ਦੀ ਸੱਤਾ ਦਾ ਸੁਖ ਮਾਨਣ ਵਾਲੇ ਸਾਡੇ ਰਾਜਨੇਤਾ ਦੇਸ਼ ਦੀ ਜਨਤਾ ਨੂੰ ਅਜਿਹਾ ਨਿਜਾਮ ਦੇਣ ਦੇ ਸਮਰਥ ਹੋ ਪਾਏ ਹਨ ਜਿਸਦਾ ਸਾਡੇ ਇਹਨਾਂ ਸ਼ਹੀਦਾਂ ਨੇ ਸੁਫਨਾ ਵੇਖਿਆ ਸੀ। ਦੇਸ਼ਵਾਸੀਆਂ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੇ ਇਹ ਸੋਚ ਕੇ ਆਪਣਾ ਸਭ ਕੁੱਝ ਦਾਅ ਤੇ ਲਗਾ ਦਿੱਤਾ ਸੀ ਕਿ ਦੇਸ਼ ਨੂੰ ਆਜਾਦੀ ਹਾਸਿਲ ਹੋਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਜਿੱਥੇ ਗੁਲਾਮੀ ਦੀ ਇਸ ਲਾਹਨਤ ਤੋਂ ਮੁਕਤੀ ਮਿਲੇਗੀ ਉੱਥੇ ਉਹਨਾਂ ਨੂੰ ਇੱਕ ਅਜਿਹਾ ਰਾਜ ਪ੍ਰਬੰਧ ਹਾਸਿਲ ਹੋਵੇਗਾ ਜਿਹੜਾ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੋਵੇਗਾ ਅਤੇ ਦੇਸ਼ਵਾਸੀਆਂ ਨੂੰ ਬੁਨਿਆਦੀ ਲੋੜਾਂ ਲਈ ਤਰਸਣਾ ਨਹੀਂ ਪਵੇਗਾ। ਸਾਡੇ ਸ਼ਹੀਦਾਂ ਨੇ ਜਿਸ ਆਜਾਦ ਭਾਰਤ ਦਾ ਸੁਫਨਾ ਲਿਆ ਸੀ ਉੱਥੇ ਇੱਕ ਅਜਿਹਾ ਨਿਜਾਮ ਸਿਰਜਿਆ ਜਾਣਾ ਸੀ ਜਿਹੜਾ ਵੱਡੇ ਛੋਟੇ ਦਾ ਭੇਦ ਮਿਟਾ ਕੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇੱਕੋ ਵਰਗੇ ਨਾਗਰਿਕ ਅਧਿਕਾਰ ਮੁਹਈਆ ਕਰਵਾਉਂਦਾ, ਪਰੰਤੂ ਸਾਡੇ ਸਿਆਸਤਦਾਨਾਂ ਨੇ ਆਪਣੇ ਨਿੱਜੀ ਹਿੱਤਾ ਦੀ ਪੂਰਤੀ ਲਈ ਹਰ ਹਰਬਾ ਵਰਤਦਿਆਂ ਸਾਡੇ ਸ਼ਹੀਦਾਂ ਦੇ ਇਹਨਾਂ ਸੁਫਨਿਆਂ ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ।

ਹੋਰ ਤਾਂ ਹੋਰ ਦੇਸ਼ ਦੀ ਆਜਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਸਾਡੇ ਰਾਜਨੇਤਾ ਆਪਣੇ ਰਾਜਨੀਤਿਕ ਫਾਇਦੇ ਲਈ ਵਰਤਦੇ ਆਏ ਹਨ ਅਤੇ ਉਹਨਾਂ ਵਲੋਂ ਆਮ ਜਨਤਾ ਨੂੰ ਗੁੰਮਰਾਹ ਕਰਕੇ ਆਪਣੇ ਨਿੱਜੀ ਹਿੱਤ ਪੂਰੇ ਕੀਤੇ ਜਾਂਦੇ ਰਹੇ ਹਨ। ਦੇਸ਼ ਵਾਸੀਆਂ ਨੂੰ ਗੁਲਾਮੀ ਦੀ ਲਾਹਨਤ ਤੋਂ ਬਾਹਰ ਕੱਢਣ ਵਾਲੇ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਰੈਲੀਆਂ ਅਤੇ ਸ਼ਕਤੀ ਪ੍ਰਦਰਸ਼ਨ ਦੀ ਕਵਾਇਦ ਨੂੰ ਅੰਜਾਮ ਦੇਣ ਵੇਲੇ ਸਾਡੀਆਂ ਇਹ ਸਿਆਸੀ ਪਾਰਟੀਆਂ ਉਸ ਨੈਤਿਕਤਾ ਨੂੰ ਪੂਰੀ ਤਰ੍ਹਾਂ ਵਿਸਾਰ ਦਿੰਦੀਆਂ ਹਨ ਜਿਸਦਾ ਪਾਠ ਸਾਡੇ ਸ਼ਹੀਦਾਂ ਨੇ ਪੜ੍ਹਾਇਆ ਸੀ ਅਤੇ ਇਹਨਾਂ ਦਾ ਪੂਰਾ ਜੋਰ ਇੱਕ ਦੂਜੇ ਦੀ ਨਿੰਦਿਆਂ ਕਰਨ ਅਤੇ ਆਮ ਜਨਤਾ ਨੂੰ ਗੁਮਰਾਹ ਕਰਕੇ ਸੱਤਾ ਹਾਸਿਲ ਕਰਨ ਵਿੱਚ ਹੀ ਹੁੰਦਾ ਹੈ।

ਸਾਡੇ ਦੇਸ਼ ਨੂੰ ਆਜਾਦੀ ਹਾਸਿਲ ਹੋਏ ਨੂੰ (ਸੱਤ ਦਹਾਕਿਆਂ ਦਾ) ਲੰਬਾ ਸਮਾਂ ਬੀਤ ਚੁੱਕਿਆ ਹੈ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਦੇਸ਼ ਦਾ ਆਮ ਆਦਮੀ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਦਾ ਸਮਰਥ ਨਹੀਂ ਹੋ ਪਾਉਂਦਾ ਅਤੇ ਦੇਸ਼ ਦੀ ਕੁਲ ਆਬਾਦੀ ਦਾ ਦੋ ਤਿਹਾਈ ਹਿੱਸੇ ਹਾਲੇ ਵੀ ਅਜਿਹਾ ਹੈ ਜਿਸਨੂੰ ਸਰਕਾਰ ਵਲੋਂ ਪੇਟ ਭਰਨ ਲਈ ਮੁਫਤ ਅਨਾਜ ਦਿੱਤਾ ਜਾਂਦਾ ਹੈ।

ਇਸ ਦੌਰਾਨ ਦੇਸ਼ ਨੂੰ ਲੁੱਟਣ ਵਾਲੇ ਸਾਡੇ ਰਾਜਨੇਤਾਵਾਂ, ਅਫਸਰਸ਼ਾਹਾਂ ਅਤੇ ਵਿਚੌਲੀਆਂ ਵਲੋਂ ਸਾਡੇ ਸਰਕਾਰੀ ਤੰਤਰ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਾਇਆ ਗਿਆ ਹੈ ਉਸਨੇ ਦੇਸ਼ ਨੂੰ ਬਰਬਾਦੀ ਵੱਲ ਧੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਆਮ ਆਦਮੀ ਨੂੰ ਕਿਸੇ ਪਾਸਿਉਂ ਵੀ ਰਾਹਤ ਮਿਲਣ ਦੀ ਕੋਈ ਆਸ ਨਜਰ ਨਹੀਂ ਆਉਂਦੀ ਹੈ। ਇਸ ਬਦਹਾਲੀ ਦੀ ਜਿੰਮੇਵਾਰੀ ਸਾਡੇ ਸਾਰਿਆਂ (ਆਮ ਜਨਤਾ) ਦੀ ਵੀ ਹੈ ਕਿਉਂਕਿ ਅਸੀਂ ਇਹਨਾਂ ਰਾਜਨੇਤਾਵਾਂ, ਅਫਸਰਸ਼ਾਹਾਂ ਅਤੇ ਵਿਚੌਲੀਆਂ ਦੇ ਇਸ ਗਠਜੋੜ ਨੂੰ ਖੁੱਲ ਕੇ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ ਬਲਕਿ ਇਹਨਾਂ ਦੀ ਬਾਦਸ਼ਾਹਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਕੇ ਖੁਦ ਨੂੰ ਇਹਨਾਂ ਦਾ ਗੁਲਾਮ ਬਣਾ ਲਿਆ ਹੈ। ਅੰਗਰੇਜ ਤਾਂ ਫਿਰ ਵੀ ਬਿਗਾਨੇ ਮੁਲਕ ਤੋਂ ਆਏ ਸਨ ਜਿਹਨਾਂ ਤੋਂ ਦੇਸ਼ ਨੂੰ ਮੁਕਤ ਕਰਵਾਇਆ ਜਾਣਾ ਸੰਭਵ ਸੀ ਪਰੰਤੂ ਇਹ ਤਾਂ ਸਾਡੇ ਆਪਣੇ ਲੋਕ ਹਨ ਜਿਹਨਾਂ ਨੇ ਵੱਡੇ-ਛੋਟੇ, ਅਮੀਰ-ਗਰੀਬ, ਹਿੰਦੂ-ਮੁਸਲਮਾਨ ਦਾ ਭੇਦ ਪੈਦਾ ਕਰਕੇ ਦੇਸ਼ ਵਿੱਚ ਵੰਡੀਆਂ ਪਾ ਦਿੱਤੀਆਂ ਹਨ ਅਤੇ ਲੋਕਾਂ ਨੂੰ ਜਾਤ, ਧਰਮ, ਊਚ ਨੀਚ ਦੇ ਫਰਕ ਵਿੱਚ ਉਲਝਾ ਕੇ ਉਹਨਾਂ ਨੂੰ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ ਲਿਆ ਹੈ।

ਸਾਡੇ ਦੇਸ਼ ਦੇ ਸ਼ਹੀਦਾਂ ਨੇ ਜਿਸ ਆਜ਼ਾਦ ਭਾਰਤ ਦਾ ਸੁਫਨਾ ਵੇਖਿਆ ਸੀ ਉਸ ਵਰਗਾ ਨਿਜਾਮ ਲਿਆਉਣ ਲਈ ਪੂਰੀ ਵਿਵਸਥਾ ਵਿੱਚ ਵੱਡੀ ਤਬਦੀਲੀ ਲਿਆਂਦੀ ਜਾਣੀ ਜਰੂਰੀ ਹੈ ਅਤੇ ਅਜਿਹਾ ਕਰਨ ਲਈ ਸਿਰਫ ਛਹੀਦੇ ਆਜਮ ਭਗਤ ਸਿੰਘ ਦਾ ਨਾਮ ਲੈਣ ਨਾਲ ਗੱਲ ਨਹੀਂ ਬਣੇਗੀ ਬਲਕਿ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਸਾਰ ਦੇ ਨਾਲ ਨਾਲ ਸਾਰਿਆਂ ਨੂੰ ਉਹਨਾਂ ਤੇ ਅਮਲ ਵੀ ਕਰਨਾ ਪਵੇਗਾ। ਇਸ ਵਾਸਤੇ ਜਨਤਾ ਨੂੰ ਵੀ ਜਾਗਰੂਕ ਹੋਣਾ ਪਏਗਾ ਤਾਂ ਹੀ ਅਸੀਂ ਆਪਣੇ ਸ਼ਹੀਦਾਂ ਦੇ ਸੁਫਨਿਆਂ ਨੂੰ ਸਾਰਥਕ ਰੂਪ ਦੇਣ ਦੇ ਸਮਰਥ ਹੋ ਸਕਾਂਗੇ।

 

Continue Reading

Latest News

Trending