Editorial
ਦਿਨੋਂ ਦਿਨ ਉਲਝਦਾ ਜਾ ਰਿਹਾ ਹੈ ਕਿਸਾਨ ਮਸਲਾ

ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੰਭੂ ਅਤੇ ਖਨੌਰੀ ਬੈਰੀਅਰਾਂ ਤੋਂ ਕਿਸਾਨਾਂ ਦੇ ਧਰਨੇ ਤਾਂ ਹਟਾ ਦਿਤੇ ਗਏ ਹਨ ਪਰ ਕਿਸਾਨਾਂ ਦਾ ਮਸਲਾ ਮੁੜ ਉਲਝ ਗਿਆ ਹੈ। ਜਿਹੜੇ ਕਿਸਾਨ ਪਹਿਲਾਂ ਕੇਂਦਰ ਸਰਕਾਰ ਵਿਰੁਧ ਸੰਘਰਸ਼ ਕਰ ਰਹੇ ਸਨ, ਉਹਨਾਂ ਕਿਸਾਨਾਂ ਵੱਲੋਂ ਹੁਣ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿਤਾ ਗਿਆ ਹੈ। ਇਸ ਦੌਰਾਨ ਕੁਝ ਕਿਸਾਨ ਆਗੂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਬੀਬੀਆਂ ਤਾਂ ਸ਼ੋਸਲ ਮੀਡੀਆ ਤੇ ਵੀਡੀਓ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੰਡ ਕਹਿ ਕੇ ਸੰਬੋਧਨ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਬੀਬੀਆਂ ਅਤੇ ਹੋਰਨਾਂ ਕਿਸਾਨ ਆਗੂਆਂ ਵੱਲੋਂ ਅਜਿਹੀ ਸ਼ਬਦਾਵਲੀ ਵਰਤਦਿਆਂ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਦਾ ਵੀ ਖਿਆਲ ਨਹੀਂ ਰਖਿਆ ਜਾ ਰਿਹਾ। ਭਾਵੇਂ ਪੰਜਾਬ ਸਰਕਾਰ ਵੱਲੋਂ ਅਨੇਕਾਂ ਕਿਸਾਨ ਆਗੂ ਗ੍ਰਿਫ਼ਤਾਰ ਕੀਤੇ ਹੋਏ ਹਨ, ਪਰ ਫੇਰ ਵੀ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਲਗਾਤਾਰ ਜਾਰੀ ਹੈ।
ਕੁਝ ਕਿਸਾਨ ਆਗੂਆਂ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕਿਸਾਨ ਮਸਲੇ ਨੂੰ ਪੰਜਾਬ ਮਸਲਾ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਹ ਆਗੂ ਕਿਸਾਨ ਮਸਲੇ ਲਈ ਸਾਰਾ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਸਿਰ ਲਗਾ ਰਹੇ ਹਨ। ਦੂੁਜੇ ਪਾਸੇ ਆਪ ਆਗੂ ਕਹਿ ਰਹੇ ਹਨ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਨਾਲ ਹੀ ਸਬੰਧਿਤ ਹਨ ਅਤੇ ਉਹ ਕੇਂਦਰ ਸਰਕਾਰ ਨੇ ਪੂਰੀਆਂ ਕਰਨੀਆਂ ਹਨ, ਉਹਨਾਂ ਮੰਗਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਇਸ ਸਮੇਂ ਹਾਲਾਤ ਇਹ ਹਨ ਕਿ ਹਰ ਆਗੂ ਆਪੋ ਆਪਣੀ ਮਰਜੀ ਨਾਲ ਬਿਆਨ ਦੇ ਰਿਹਾ ਹੈ। ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੀ ਘਾਟ ਵੀ ਦਿਖਾਈ ਦੇ ਰਹੀ ਹੈ। ਵੱਖ ਵੱਖ ਇਲਾਕਿਆਂ ਵਿੱਚ ਵੱਖ-ਵੱਖ ਕਿਸਾਨ ਆਗੂ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਇੰਨਾ ਜਰੂਰ ਹੈ ਕਿ ਪੰਜਾਬ ਸਰਕਾਰ ਦੀ ਨਿਖੇਧੀ ਕਰਨ ਦੌਰਾਨ ਉਹਨਾਂ ਦੇ ਬਿਆਨਾਂ ਵਿੱਚ ਏਕਤਾ ਜ਼ਰੂਰ ਦਿਖਾਈ ਦਿੰਦੀ ਹੈ।
ਪੰਜਾਬ ਦੇ ਹਾਲਾਤ ਇਸ ਸਮੇਂ ਇਹ ਬਣ ਗਏ ਹਨ ਕਿ ਆਮ ਲੋਕ ਹੁਣ ਆਪਣੇ ਜਰੁੂਰੀ ਕੰਮ ਧੰਦੇ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲੱਗਿਆਂ ਝਿਜਕਦੇ ਹਨ ਕਿ ਰਸਤੇ ਵਿੱਚ ਕਿਤੇ ਕਿਸਾਨ ਧਰਨਾ ਨਾ ਲੱਗ ਜਾਵੇ ਅਤੇ ਕਿਸਾਨ ਆਵਾਜਾਈ ਨਾ ਠੱਪ ਕਰ ਦੇਣ। ਇਹੋ ਕਾਰਨ ਹੈ ਕਿ ਵੱਡੀ ਗਿਣਤੀ ਲੋਕ ਸਿਰਫ ਜਰੂਰੀ ਕੰਮਾਂ ਲਈ ਹੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾ ਰਹੇ ਹਨ। ਪੰਜਾਬ ਸਰਕਾਰ ਦੀ ਕਿਸਾਨਾਂ ਵਿਰੁੱਧ ਕਾਰਵਾਈ ਕਾਰਨ ਜਿਥੇ ਕਿਸਾਨ ਭੜਕੇ ਹੋਏ ਹਨ, ਉਥੇ ਆਮ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦਾ ਗੁੱਸਾ ਕੱਢਣ ਲਈ ਕਿਸਾਨ ਧਰਨੇ ਲਗਾ ਸਕਦੇ ਹਨ, ਜਿਸ ਕਾਰਨ ਸਿਰਫ ਆਮ ਲੋਕ ਹੀ ਪ੍ਰੇਸ਼ਾਨ ਹੋਣਗੇ।
ਕਿਸਾਨਾਂ ਨੇ 28 ਮਾਰਚ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਅੱਗੇ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੋਇਆ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ 26 ਮਾਰਚ ਨੂੰ ਚੰਡੀਗੜ੍ਹ ਕੂਚ ਕਰਨ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿਤਾ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਹੋਂਸਲੇ ਬੁਲੰਦ ਹਨ ਅਤੇ ਉਹ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਰਹੇ ਹਨ। ਕਿਸਾਨ ਆਗੂ ਕਹਿ ਰਹੇ ਹਨ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਇਸ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਵੇਗਾ। ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਹੋਣ ਵਿੱਚ ਭਾਵੇਂ ਕਾਫੀ ਸਮਾਂ ਪਿਆ ਹੈ ਪਰ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਜ਼ਿਮਨੀ ਚੋਣ ਹੋਣ ਵਾਲੀ ਹੈ।
ਹੈਰਾਨੀ ਉਦੋਂ ਹੋਣ ਲੱਗਦੀ ਹੈ ਜਦੋਂ ਗਲੀ ਕੂਚਾ ਪੱਧਰ ਦੇ ਆਗੂ ਵੀ ਵੱਡੇ ਵੱਡੇ ਬਿਆਨ ਦੇਣ ਲੱਗ ਪੈਂਦੇ ਹਨ ਅਤੇ ਸ਼ੋਸਲ ਮੀਡੀਆ ਤੇ ਆਪਣੇ ਬਿਆਨਾਂ ਵਾਲੀਆਂ ਵੀਡੀਓ ਸ਼ੇਅਰ ਕਰ ਦਿੰਦੇ ਹਨ। ਇਸ ਸਮੇਂ ਵੱਡੀ ਗਿਣਤੀ ਲੋਕ ਆਪਣੇ ਆਪ ਨੂੰ ਵੱਡਾ ਆਗੂ ਸਮਝਣ ਲੱਗ ਪਏ ਹਨ ਅਤੇ ਹਰ ਪਾਸੇ ਆਪੋ ਆਪਣੀ ਰਾਜਨੀਤੀ ਚਮਕਾਉਣ ਦੀ ਦੌੜ ਵੀ ਲੱਗ ਗਈ ਹੈ। ਇੱਕ ਪਾਸੇ ਕਿਸਾਨ ਆਗੂ ਇਹ ਗੱਲ ਕਹਿ ਰਹੇ ਹਨ ਕਿ ਉਹਨਾਂ ਵੱਲੋਂ 26 ਨੂੰ ਚੰਡੀਗੜ੍ਹ ਕੂਚ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿਤਾ ਗਿਆ ਹੈ, ਦੂਜੇ ਪਾਸੇ ਕੁਝ ਕਿਸਾਨ ਆਗੂ ਕਹਿ ਰਹੇ ਹਨ ਕਿ ਉਹ 26 ਨੂੰ ਚੰਡੀਗੜ੍ਹ ਜਰੂਰ ਜਾਣਗੇ। ਇਸ ਤਰ੍ਹਾਂ ਕਿਸਾਨ ਆਗੂਆਂ ਵਿੱਚ ਏਕਤਾ ਦੀ ਵੱਡੀ ਘਾਟ ਦਿਖਾਈ ਦੇ ਰਹੀ ਹੈ। ਕਿਸਾਨਾਂ ਜਥੇਬੰਦੀਆਂ ਵਿੱਚ ਪਈ ਫੁੱਟ ਦਾ ਲਾਭ ਕੇਂਦਰ ਅਤੇ ਪੰਜਾਬ ਸਰਕਾਰ ਚੁੱਕ ਰਹੀਆਂ ਹਨ ਅਤੇ ਆਪਣੀ ਮਨ ਮਰਜੀ ਕਰ ਰਹੀਆਂ ਹਨ।
ਆਮ ਲੋਕ ਕਹਿ ਰਹੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪਰ ਉਹਨਾਂ ਨੂੰ ਆਪਣਾ ਸੰਘਰਸ਼ ਕਰਨ ਵੇਲੇ ਆਮ ਲੋਕਾਂ ਦਾ ਸਹਿਯੋਗ ਲੈਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਸੜਕਾਂ ਤੇ ਧਰਨੇ ਅਤੇ ਜਾਮ ਲਗਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਕਿਸਾਨ ਧਰਨਾ ਲਗਾਉਂਦੇ ਹਨ ਤਾਂ ਪ੍ਰੇਸ਼ਾਨ ਸਿਰਫ ਆਮ ਲੋਕ ਹੀ ਹੁੰਦੇ ਹਨ। ਇਸੇ ਕਾਰਨ ਮੌਜੂਦਾ ਕਿਸਾਨ ਅੰਦੋਲਨ ਨੂੰ ਆਮ ਲੋਕਾਂ ਦੀ ਹਮਾਇਤ ਨਹੀਂ ਮਿਲੀ।
ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਕਿਸਾਨ ਆਗੂਆਂ ਨੇ ਇਸ ਮੀਟਿੰਗ ਦਾ ਬਾਇਕਾਟ ਕਰ ਦਿਤਾ, ਜਿਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਕਿਸਾਨ ਆਗੂ ਪੰਜਾਬ ਦੀ ਸਰਕਾਰ ਨਾਲ ਗਲਬਾਤ ਕਰਨ ਦੀ ਇੱਛਾ ਨਹੀਂ ਰੱਖਦੇ। ਕੁਝ ਬੁੱਧਜੀਵੀ ਕਹਿ ਰਹੇ ਹਨ ਕਿ ਹਰ ਮਸਲਾ ਗੱਲਬਾਤ ਰਾਹੀਂ ਹੀ ਹਲ ਹੋ ਸਕਦਾ ਹੈ। ਇਸ ਲਈ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨਾਲ ਗੱਲਬਾਤ ਰਾਹੀਂ ਆਪਣਾ ਮਸਲਾ ਹਲ ਕਰਨ। ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਲਈ ਸਾਜਗਾਰ ਮਾਹੌਲ ਪੈਦਾ ਕਰੇ।
ਬਿਊਰੋ
Editorial
ਕਿੱਥੇ ਗੁਆਚ ਗਿਆ ਸਾਡੇ ਸ਼ਹੀਦਾਂ ਦੇ ਸੁਫਨਿਆਂ ਦਾ ਭਾਰਤ
ਦੇਸ਼ ਦੀ ਆਜਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਛਹੀਦੀ ਦਿਹਾੜਾ ਭਲਕੇ ਸਿਰਫ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਵਸਦੇ ਭਾਰਤੀ ਭਾਈਚਾਰੇ ਵਲੋਂ ਪੂਰੀ ਧੂਮ ਧਾਮ ਨਾਲ ਮਣਾਇਆ ਜਾਵੇਗਾ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਹਰੇਕ ਵਰਗ ਅਤੇ ਫਿਰਕੇ ਵਲੋਂ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ।
ਪਰੰਤੂ ਸਵਾਲ ਇਹ ਹੈ ਕਿ ਕੀ ਅਸੀਂ ਵਾਕਈ ਆਪਣੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਕਾਬਿਲ ਹਾਂ ਅਤੇ ਕੀ ਸਾਡੇ ਦੇਸ਼ ਦੀ ਸੱਤਾ ਦਾ ਸੁਖ ਮਾਨਣ ਵਾਲੇ ਸਾਡੇ ਰਾਜਨੇਤਾ ਦੇਸ਼ ਦੀ ਜਨਤਾ ਨੂੰ ਅਜਿਹਾ ਨਿਜਾਮ ਦੇਣ ਦੇ ਸਮਰਥ ਹੋ ਪਾਏ ਹਨ ਜਿਸਦਾ ਸਾਡੇ ਇਹਨਾਂ ਸ਼ਹੀਦਾਂ ਨੇ ਸੁਫਨਾ ਵੇਖਿਆ ਸੀ। ਦੇਸ਼ਵਾਸੀਆਂ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੇ ਇਹ ਸੋਚ ਕੇ ਆਪਣਾ ਸਭ ਕੁੱਝ ਦਾਅ ਤੇ ਲਗਾ ਦਿੱਤਾ ਸੀ ਕਿ ਦੇਸ਼ ਨੂੰ ਆਜਾਦੀ ਹਾਸਿਲ ਹੋਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਜਿੱਥੇ ਗੁਲਾਮੀ ਦੀ ਇਸ ਲਾਹਨਤ ਤੋਂ ਮੁਕਤੀ ਮਿਲੇਗੀ ਉੱਥੇ ਉਹਨਾਂ ਨੂੰ ਇੱਕ ਅਜਿਹਾ ਰਾਜ ਪ੍ਰਬੰਧ ਹਾਸਿਲ ਹੋਵੇਗਾ ਜਿਹੜਾ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੋਵੇਗਾ ਅਤੇ ਦੇਸ਼ਵਾਸੀਆਂ ਨੂੰ ਬੁਨਿਆਦੀ ਲੋੜਾਂ ਲਈ ਤਰਸਣਾ ਨਹੀਂ ਪਵੇਗਾ। ਸਾਡੇ ਸ਼ਹੀਦਾਂ ਨੇ ਜਿਸ ਆਜਾਦ ਭਾਰਤ ਦਾ ਸੁਫਨਾ ਲਿਆ ਸੀ ਉੱਥੇ ਇੱਕ ਅਜਿਹਾ ਨਿਜਾਮ ਸਿਰਜਿਆ ਜਾਣਾ ਸੀ ਜਿਹੜਾ ਵੱਡੇ ਛੋਟੇ ਦਾ ਭੇਦ ਮਿਟਾ ਕੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇੱਕੋ ਵਰਗੇ ਨਾਗਰਿਕ ਅਧਿਕਾਰ ਮੁਹਈਆ ਕਰਵਾਉਂਦਾ, ਪਰੰਤੂ ਸਾਡੇ ਸਿਆਸਤਦਾਨਾਂ ਨੇ ਆਪਣੇ ਨਿੱਜੀ ਹਿੱਤਾ ਦੀ ਪੂਰਤੀ ਲਈ ਹਰ ਹਰਬਾ ਵਰਤਦਿਆਂ ਸਾਡੇ ਸ਼ਹੀਦਾਂ ਦੇ ਇਹਨਾਂ ਸੁਫਨਿਆਂ ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ।
ਹੋਰ ਤਾਂ ਹੋਰ ਦੇਸ਼ ਦੀ ਆਜਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਸਾਡੇ ਰਾਜਨੇਤਾ ਆਪਣੇ ਰਾਜਨੀਤਿਕ ਫਾਇਦੇ ਲਈ ਵਰਤਦੇ ਆਏ ਹਨ ਅਤੇ ਉਹਨਾਂ ਵਲੋਂ ਆਮ ਜਨਤਾ ਨੂੰ ਗੁੰਮਰਾਹ ਕਰਕੇ ਆਪਣੇ ਨਿੱਜੀ ਹਿੱਤ ਪੂਰੇ ਕੀਤੇ ਜਾਂਦੇ ਰਹੇ ਹਨ। ਦੇਸ਼ ਵਾਸੀਆਂ ਨੂੰ ਗੁਲਾਮੀ ਦੀ ਲਾਹਨਤ ਤੋਂ ਬਾਹਰ ਕੱਢਣ ਵਾਲੇ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਰੈਲੀਆਂ ਅਤੇ ਸ਼ਕਤੀ ਪ੍ਰਦਰਸ਼ਨ ਦੀ ਕਵਾਇਦ ਨੂੰ ਅੰਜਾਮ ਦੇਣ ਵੇਲੇ ਸਾਡੀਆਂ ਇਹ ਸਿਆਸੀ ਪਾਰਟੀਆਂ ਉਸ ਨੈਤਿਕਤਾ ਨੂੰ ਪੂਰੀ ਤਰ੍ਹਾਂ ਵਿਸਾਰ ਦਿੰਦੀਆਂ ਹਨ ਜਿਸਦਾ ਪਾਠ ਸਾਡੇ ਸ਼ਹੀਦਾਂ ਨੇ ਪੜ੍ਹਾਇਆ ਸੀ ਅਤੇ ਇਹਨਾਂ ਦਾ ਪੂਰਾ ਜੋਰ ਇੱਕ ਦੂਜੇ ਦੀ ਨਿੰਦਿਆਂ ਕਰਨ ਅਤੇ ਆਮ ਜਨਤਾ ਨੂੰ ਗੁਮਰਾਹ ਕਰਕੇ ਸੱਤਾ ਹਾਸਿਲ ਕਰਨ ਵਿੱਚ ਹੀ ਹੁੰਦਾ ਹੈ।
ਸਾਡੇ ਦੇਸ਼ ਨੂੰ ਆਜਾਦੀ ਹਾਸਿਲ ਹੋਏ ਨੂੰ (ਸੱਤ ਦਹਾਕਿਆਂ ਦਾ) ਲੰਬਾ ਸਮਾਂ ਬੀਤ ਚੁੱਕਿਆ ਹੈ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਦੇਸ਼ ਦਾ ਆਮ ਆਦਮੀ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਦਾ ਸਮਰਥ ਨਹੀਂ ਹੋ ਪਾਉਂਦਾ ਅਤੇ ਦੇਸ਼ ਦੀ ਕੁਲ ਆਬਾਦੀ ਦਾ ਦੋ ਤਿਹਾਈ ਹਿੱਸੇ ਹਾਲੇ ਵੀ ਅਜਿਹਾ ਹੈ ਜਿਸਨੂੰ ਸਰਕਾਰ ਵਲੋਂ ਪੇਟ ਭਰਨ ਲਈ ਮੁਫਤ ਅਨਾਜ ਦਿੱਤਾ ਜਾਂਦਾ ਹੈ।
ਇਸ ਦੌਰਾਨ ਦੇਸ਼ ਨੂੰ ਲੁੱਟਣ ਵਾਲੇ ਸਾਡੇ ਰਾਜਨੇਤਾਵਾਂ, ਅਫਸਰਸ਼ਾਹਾਂ ਅਤੇ ਵਿਚੌਲੀਆਂ ਵਲੋਂ ਸਾਡੇ ਸਰਕਾਰੀ ਤੰਤਰ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਾਇਆ ਗਿਆ ਹੈ ਉਸਨੇ ਦੇਸ਼ ਨੂੰ ਬਰਬਾਦੀ ਵੱਲ ਧੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਆਮ ਆਦਮੀ ਨੂੰ ਕਿਸੇ ਪਾਸਿਉਂ ਵੀ ਰਾਹਤ ਮਿਲਣ ਦੀ ਕੋਈ ਆਸ ਨਜਰ ਨਹੀਂ ਆਉਂਦੀ ਹੈ। ਇਸ ਬਦਹਾਲੀ ਦੀ ਜਿੰਮੇਵਾਰੀ ਸਾਡੇ ਸਾਰਿਆਂ (ਆਮ ਜਨਤਾ) ਦੀ ਵੀ ਹੈ ਕਿਉਂਕਿ ਅਸੀਂ ਇਹਨਾਂ ਰਾਜਨੇਤਾਵਾਂ, ਅਫਸਰਸ਼ਾਹਾਂ ਅਤੇ ਵਿਚੌਲੀਆਂ ਦੇ ਇਸ ਗਠਜੋੜ ਨੂੰ ਖੁੱਲ ਕੇ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ ਬਲਕਿ ਇਹਨਾਂ ਦੀ ਬਾਦਸ਼ਾਹਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਕੇ ਖੁਦ ਨੂੰ ਇਹਨਾਂ ਦਾ ਗੁਲਾਮ ਬਣਾ ਲਿਆ ਹੈ। ਅੰਗਰੇਜ ਤਾਂ ਫਿਰ ਵੀ ਬਿਗਾਨੇ ਮੁਲਕ ਤੋਂ ਆਏ ਸਨ ਜਿਹਨਾਂ ਤੋਂ ਦੇਸ਼ ਨੂੰ ਮੁਕਤ ਕਰਵਾਇਆ ਜਾਣਾ ਸੰਭਵ ਸੀ ਪਰੰਤੂ ਇਹ ਤਾਂ ਸਾਡੇ ਆਪਣੇ ਲੋਕ ਹਨ ਜਿਹਨਾਂ ਨੇ ਵੱਡੇ-ਛੋਟੇ, ਅਮੀਰ-ਗਰੀਬ, ਹਿੰਦੂ-ਮੁਸਲਮਾਨ ਦਾ ਭੇਦ ਪੈਦਾ ਕਰਕੇ ਦੇਸ਼ ਵਿੱਚ ਵੰਡੀਆਂ ਪਾ ਦਿੱਤੀਆਂ ਹਨ ਅਤੇ ਲੋਕਾਂ ਨੂੰ ਜਾਤ, ਧਰਮ, ਊਚ ਨੀਚ ਦੇ ਫਰਕ ਵਿੱਚ ਉਲਝਾ ਕੇ ਉਹਨਾਂ ਨੂੰ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ ਲਿਆ ਹੈ।
ਸਾਡੇ ਦੇਸ਼ ਦੇ ਸ਼ਹੀਦਾਂ ਨੇ ਜਿਸ ਆਜ਼ਾਦ ਭਾਰਤ ਦਾ ਸੁਫਨਾ ਵੇਖਿਆ ਸੀ ਉਸ ਵਰਗਾ ਨਿਜਾਮ ਲਿਆਉਣ ਲਈ ਪੂਰੀ ਵਿਵਸਥਾ ਵਿੱਚ ਵੱਡੀ ਤਬਦੀਲੀ ਲਿਆਂਦੀ ਜਾਣੀ ਜਰੂਰੀ ਹੈ ਅਤੇ ਅਜਿਹਾ ਕਰਨ ਲਈ ਸਿਰਫ ਛਹੀਦੇ ਆਜਮ ਭਗਤ ਸਿੰਘ ਦਾ ਨਾਮ ਲੈਣ ਨਾਲ ਗੱਲ ਨਹੀਂ ਬਣੇਗੀ ਬਲਕਿ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਸਾਰ ਦੇ ਨਾਲ ਨਾਲ ਸਾਰਿਆਂ ਨੂੰ ਉਹਨਾਂ ਤੇ ਅਮਲ ਵੀ ਕਰਨਾ ਪਵੇਗਾ। ਇਸ ਵਾਸਤੇ ਜਨਤਾ ਨੂੰ ਵੀ ਜਾਗਰੂਕ ਹੋਣਾ ਪਏਗਾ ਤਾਂ ਹੀ ਅਸੀਂ ਆਪਣੇ ਸ਼ਹੀਦਾਂ ਦੇ ਸੁਫਨਿਆਂ ਨੂੰ ਸਾਰਥਕ ਰੂਪ ਦੇਣ ਦੇ ਸਮਰਥ ਹੋ ਸਕਾਂਗੇ।
Editorial
ਰਿਸ਼ਤਿਆਂ ਵਿੱਚ ਲਗਾਤਾਰ ਵੱਧਦੇ ਨਿਘਾਰ ਲਈ ਜ਼ਿੰਮੇਵਾਰ ਕੌਣ?
ਪਿਛਲੇ ਸਾਲਾਂ ਦੌਰਾਨ ਰਿਸ਼ਤਿਆਂ ਵਿੱਚ ਨਿਘਾਰ ਵੱਧਦਾ ਜਾ ਰਿਹਾ ਹੈ। ਅਕਸਰ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਇੱਕ ਸਕੇ ਭਰਾ ਵੱਲੋਂ ਆਪਣੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਜਾਂ ਅਣਖ ਖਾਤਰ ਭਰਾਵਾਂ ਵੱਲੋਂ ਭੈਣ ਦਾ ਕਤਲ ਕਰ ਦਿੱਤਾ ਗਿਆ। ਇਹੋ ਜਿਹੀਆਂ ਰਲਦੀਆਂ ਮਿਲਦੀਆਂ ਅਕਸਰ ਖਬਰਾਂ ਆਉਂਦੀਆਂ ਹਨ, ਜੋ ਸਮਾਜ ਵਿੱਚ ਖ਼ੂਨ ਦੇ ਰਿਸ਼ਤਿਆਂ ਦੇ ਪਾਣੀ ਵਾਂਗ ਪਤਲੇ ਪੈਣ ਦਾ ਸੱਚ ਉਜਾਗਰ ਕਰਦੀਆਂ ਹਨ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਹੜੇ ਮਾਂ ਜਾਇਆ ਨੂੰ ਆਪਣੀਆਂ ਬਾਹਾਂ ਸਮਝਿਆ ਜਾਂਦਾ ਰਿਹਾ ਹੈ, ਉਹੀ ਮਾਂ ਜਾਏ ਆਪਣੇ ਸਕੇ ਭੈਣ ਭਰਾਵਾਂ ਦੇ ਕਤਲ ਕਰ ਰਹੇ ਹਨ। ਇਸ ਤੋਂ ਇਲਾਵਾ ਮਾਂ ਬਾਪ ਦੇ ਮਰਨ ਤੋਂ ਬਾਅਦ ਮਾਪਿਆਂ ਦੀ ਜ਼ਮੀਨ ਤੇ ਮਕਾਨ ਆਦਿ ਦੀ ਵੰਡ ਵੰਡਾਈ ਮੌਕੇ ਵੀ ਅਕਸਰ ਸਕੇ ਭਰਾਵਾਂ ਵਿੱਚ ਵੈਰ ਪੈ ਜਾਂਦਾ ਹੈ। ਹੁਣ ਤਾਂ ਜਿਆਦਾਤਰ ਕੁੜੀਆਂ ਵੀ ਮਾਪਿਆਂ ਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਲੱਗ ਪਈਆਂ ਹਨ, ਜਿਸ ਕਾਰਨ ਭੈਣ ਭਰਾਵਾਂ ਦੇ ਰਿਸਤਿਆਂ ਵਿੱਚ ਹੀ ਤਨਾਓ ਪੈਦਾ ਹੋ ਰਿਹਾ ਹੈ। ਸਮਾਜ ਵਿੱਚ ਇਹ ਕਿਹੋ ਜਿਹੀ ਚੰਦਰੀ ਹਵਾ ਚੱਲਣ ਲੱਗ ਪਈ ਹੈ ਕਿ ਹੁਣ ਭਰਾ ਹੀ ਭਰਾ ਦਾ ਵੈਰੀ ਹੁੰਦਾ ਜਾ ਰਿਹਾ ਹੈ।
ਪੰਜਾਬ ਵਿੱਚ ਹੁਣ ਤਕ ਸਗੇ ਸਬੰਧੀਆਂ ਵੱਲੋਂ ਆਪਣੇ ਕਿੰਨੇ ਸਗੇ ਸਬੰਧੀਆਂ ਦਾ ਕਤਲ ਕੀਤਾ ਜਾ ਚੁੱਕਿਆ ਹੈ, ਇਸ ਸਬੰਧੀ ਕੋਈ ਸਪਸ਼ਟ ਅੰਕੜੇ ਤਾਂ ਮੌਜੂਦ ਨਹੀਂ ਹਨ ਪਰ ਹਰ ਦਿਨ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਇਹਨਾਂ ਘਟਨਾਵਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।
ਪੰਜਾਬ ਨੂੰ ਇਸ ਵੇਲੇ ਅਨੇਕਾਂ ਵੱਡੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਸਭ ਤੋਂ ਵੱਡੀ ਸਮੱਸਿਆ ਤਾਂ ਨਸ਼ੇ ਦੀ ਹੈ। ਨਸ਼ੇ ਦੀ ਇਸ ਸਮੱਸਿਆ ਦੇ ਖ਼ਤਰਨਾਕ ਨਤੀਜੇ ਨਿਕਲ ਰਹੇ ਹਨ। ਭਾਵੇਂ ਕਿ ਪੰਜਾਬ ਵਿੱਚ ਹਰ ਦਿਨ ਪੁਲੀਸ ਵੱਲੋਂ ਕਾਫ਼ੀ ਮਾਤਰਾ ਵਿੱਚ ਨਸ਼ਾ ਬਰਾਮਦ ਵੀ ਕੀਤਾ ਜਾਂਦਾ ਹੈ, ਪਰ ਇਸਦੇ ਬਾਵਜੂਦ ਪੰਜਾਬ ਵਿੱਚ ਨਸ਼ੇ ਦਾ ਕਾਫ਼ੀ ਪ੍ਰਚਲਨ ਚਲ ਰਿਹਾ ਹੈ। ਨਸ਼ੇ ਕਾਰਨ ਹੀ ਅਨੇਕਾਂ ਮਾੜੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਅਜੇ ਵੀ ਪੰਜਾਬ ਵਿਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਿਆ। ਨਸ਼ੇ ਵਿੱਚ ਟੱਲੀ ਹੋਏ ਨੌਜਵਾਨਾਂ ਨੂੰ ਪਤਾ ਨਹੀਂ ਚਲਦਾ ਕਿ ਉਹ ਕੀ ਕਰ ਰਹੇ ਹਨ? ਨਸ਼ੇ ਕਾਰਨ ਵੀ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ।
ਇਸ ਤੋਂ ਇਲਾਵਾ ਬੇਰੁਜ਼ਗਾਰੀ ਵੀ ਬਹੁਤ ਵੱਡਾ ਮਸਲਾ ਬਣੀ ਹੋਈ ਹੈ। ਭਾਵੇਂ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਅਨੇਕਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਇਸਦੇ ਬਾਵਜੂਦ ਪੰਜਾਬ ਵਿੱਚ ਲੱਖਾਂ ਨੌਜਵਾਨ ਵਿਹਲੇ ਫਿਰਦੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨਾਂ ਨੇ ਉਚੇਰੀ ਸਿਖਿਆ ਵੀ ਪ੍ਰਾਪਤ ਕੀਤੀ ਹੋਈ ਹੈ। ਵਿਹਲਾ ਮਨ ਤਾਂ ਵੈਸੇ ਵੀ ਸ਼ੈਤਾਨ ਦਾ ਘਰ ਹੁੰਦਾ ਹੈ। ਇਸੇ ਕਾਰਨ ਪੰਜਾਬ ਵਿੱਚ ਵਿਹਲੇ ਫਿਰਦੇ ਨੌਜਵਾਨ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਪੈਸੇ ਦੀ ਘਾਟ ਕਾਰਨ ਅਕਸਰ ਇਹ ਨੌਜਵਾਨ ਗਲਤ ਰਸਤੇ ਚੱਲ ਪੈਂਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਰਲ ਜਾਂਦੇ ਹਨ, ਜਿਸ ਕਾਰਨ ਵੀ ਪੰਜਾਬ ਦਾ ਮਾਹੌਲ ਵਿਗੜਦਾ ਹੈ। ਇਸ ਤੋਂ ਇਲਾਵਾ ਕਈ ਨੌਜਵਾਨ ਅਜਿਹੇ ਵੀ ਹਨ, ਜੋ ਕਿ ਵਿਹਲੇ ਰਹਿਣਾ ਚਾਹੁੰਦੇ ਹਨ ਅਤੇ ਕੋਈ ਵੀ ਕੰਮ ਕਰਕੇ ਰਾਜੀ ਨਹੀਂ, ਇਸ ਕਰਕੇ ਵੀ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਘੱਟ ਹੁੰਦੀ ਆਮਦਨੀ ਅਤੇ ਵੱਧ ਰਹੀ ਮਹਿੰਗਾਈ ਕਾਰਨ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਅਕਸਰ ਨੌਜਵਾਨ ਆਪਣਾ ਖ਼ਰਚਾ ਤੋਰਨ ਲਈ ਗਲਤ ਰਸਤੇ ਪੈ ਜਾਂਦੇ ਹਨ ਜਾਂ ਫਿਰ ਆਪਣੇ ਪਰਿਵਾਰ ਤੋਂ ਪੈਸੇ ਮੰਗਦੇ ਰਹਿੰਦੇ ਹਨ ਜਿਸ ਕਾਰਨ ਘਰਾਂ ਵਿੱਚ ਤਨਾਓ ਪੈਦਾ ਹੋ ਜਾਂਦਾ ਹੈ। ਨੈਤਿਕ ਸਿੱਖਿਆ ਦੀ ਘਾਟ ਕਾਰਨ ਵੀ ਵੱਡੀ ਗਿਣਤੀ ਨੌਜਵਾਨ ਕੁਰਾਹੇ ਪੈ ਜਾਂਦੇ ਹਨ ਅਤੇ ਉਨਾਂ ਨੂੰ ਸਹੀ ਗਲਤ ਦੀ ਪਹਿਚਾਣ ਨਹੀਂ ਹੁੰਦੀ। ਅਕਸਰ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਦੇਣ ਲਈ ਕਿਹਾ ਜਾਂਦਾ ਹੈ ਪਰ ਉਹਨਾਂ ਨੂੰ ਨੈਤਿਕ ਸਿੱਖਿਆ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਵੱਡੀ ਗਿਣਤੀ ਨੌਜਵਾਨ ਸਮਾਜਿਕ ਵਿਵਹਾਰ ਤੋਂ ਕੋਰੇ ਹੁੰਦੇ ਹਨ। ਇਸੇ ਕਾਰਨ ਉਹ ਜਲਦੀ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਗਲਤ ਕੰਮ ਕਰਦੇ ਹਨ।
ਪੰਜਾਬ ਵਿੱਚ ਸਮੱਸਿਆਵਾਂ ਤਾਂ ਹੋਰ ਵੀ ਕਈ ਹਨ ਪਰ ਉਪਰੋਕਤ ਵੱਡੀਆਂ ਸਮੱਸਿਆਂ ਨੂੰ ਹਲ ਕਰਨ ਲਈ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਮਾੜੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਵਿੱਚ ਆਪਣੇ ਸਕੇ ਸਬੰਧੀਆਂ ਸਬੰਧੀ ਮੋਹ ਦੀ ਭਾਵਨਾ ਵਿਕਸਤ ਹੋ ਸਕੇ।
ਬਿਊਰੋ
Editorial
ਵਸਨੀਕਾਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਦੇਣਾ ਸਰਕਾਰ ਦੀ ਜਿੰਮੇਵਾਰੀ
ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਵਸਨੀਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਹਾਸਿਲ ਨਹੀਂ ਹੁੰਦੀਆਂ। ਸ਼ਹਿਰ ਦੇ ਵਿਕਾਸ ਦੇ ਅਹਿਮ ਪੜਾਅ ਪਾਰ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀ ਸੁਰਖਿਅਤ ਤਰੀਕੇ ਨਾਲ ਜਨਤਕ ਆਵਾਜਾਈ ਦੀ ਸਹੂਲੀਅਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਪਣੀ ਇਸ ਲੋੜ ਲਈ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।
ਸ਼ਹਿਰ ਵਿੱਚ ਜਨਤਕ ਆਵਾਜਾਈ ਦੇ ਨਾਮ ਤੇ ਸੀ ਟੀ ਯੂ (ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ) ਦੀਆਂ ਬੱਸਾਂ ਦੇ ਕੁੱਝ ਰੂਟ ਸਾਡੇ ਸ਼ਹਿਰ ਵਿੱਚ ਜਰੂਰ ਆਉਂਦੇ ਹਨ ਪਰੰਤੂ ਇਹ ਬੱਸਾਂ ਉਹਨਾਂ ਲੋਕਾਂ ਦੇ ਹੀ ਕੰਮ ਆਉਂਦੀਆਂ ਹਨ ਜਿਹਨਾਂ ਨੇ ਰੋਜਾਨਾ ਚੰਡੀਗੜ੍ਹ ਆਉਣਾ ਜਾਣਾ ਹੁੰਦਾ ਹੈ ਅਤੇ ਜਿਆਦਾਤਰ ਸ਼ਹਿਰ ਵਾਸੀ ਆਪਣੀਆਂ ਸਥਾਨਕ ਆਵਾਜਾਈ ਲੋੜਾਂ ਵਾਸਤੇ (ਸ਼ਹਿਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਆਉਣ ਜਾਣ ਲਈ) ਆਟੋ ਰਿਕਸ਼ਿਆਂ ਦੀ ਹੀ ਵਰਤੋਂ ਕਰਦੇ ਹਨ। ਸਵਾਰੀ ਸਿਸਟਮ ਦੇ ਹਿਸਾਬ ਨਾਲ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਦੀ ਜਨਤਕ ਆਵਾਜਾਈ ਦੀ ਲੋੜ ਤਾਂ ਪੂਰੀ ਕਰਦੇ ਹਨ ਪਰੰਤੂ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨਾ ਕਿਸੇ ਪੱਖੋਂ ਵੀ ਖਤਰੇ ਤੋਂ ਖਾਲੀ ਨਹੀਂ ਹੈ। ਇਹਨਾਂ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਅਜਿਹੇ ਹਨ ਜਿਹੜੇ ਇੱਕ ਦੂਜੇ ਤੋਂ ਅੱਗੇ ਲੰਘ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਅਜਿਹਾ ਹੋਣ ਕਾਰਨ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਜਖਮੀ ਹੋਣ ਦੇ ਮਾਮਲੇ ਵੀ ਆਮ ਹਨ।
ਪਿਛਲੇ ਦੋ ਦਹਾਕਿਆਂ ਤੋਂ ਇਹ ਮੰਗ ਉਠਦੀ ਆ ਰਹੀ ਹੈ ਕਿ ਸ਼ਹਿਰ ਵਾਸੀਆਂ ਦੀ ਸੁਰਖਿਅਤ ਜਨਤਕ ਆਵਾਜਾਈ ਵਾਸਤੇ ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਪਰੰਤੂ ਹੁਣ ਤਕ ਆਮ ਲੋਕਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਹਰ ਵਾਰ ਨਗਰ ਨਿਗਮ ਚੋਣਾਂ ਦੌਰਾਨ ਵੀ ਇਹ ਮੁੱਦਾ ਉਠਾਇਆ ਜਾਂਦਾ ਹੈ ਅਤੇ ਚੋਣ ਲੜਣ ਵਾਲੀਆਂ ਸਾਰੀਆਂ ਹੀ ਮੁੱਖ ਧਿਰਾਂ ਵਲੋਂ ਸ਼ਹਿਰ ਦੀ ਆਪਣੀ ਸਿਟੀ (ਲੋਕਲ) ਬਸ ਸਰਵਿਸ ਆਰੰਭ ਕਰਨ ਦਾ ਵਾਇਦਾ ਵੀ ਕੀਤਾ ਜਾਂਦਾ ਹੈ। ਇਸ ਸੰਬੰਧੀ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਸਰਕਾਰ ਨੂੰ ਕਈ ਵਾਰ ਮਤੇ ਪਾਸ ਕਰਕੇ ਵੀ ਭੇਜੇ ਗਏ ਹਨ ਪਰੰਤੂ ਇਸਦੇ ਬਾਵਜੂਦ ਇਹ ਕਾਰਵਾਈ ਹੁਣੇ ਤਕ ਲਮਕ ਰਹੀ ਹੈ।
ਅਜਿਹਾ ਵੀ ਨਹੀਂ ਹੈ ਕਿ ਨਗਰ ਨਿਗਮ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਗਰ ਨਿਗਮ ਵਲੋਂ ਲਗਭਗ 12 ਸਾਲ ਪਹਿਲਾਂ ਸ਼ਹਿਰ ਵਾਸੀਆਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਲਗਭਗ ਸਿਟੀ ਬਸ ਸਰਵਿਸ ਚਲਾਉਣ ਦੀ ਇੱਕ ਤਜਵੀਜ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਮੰਜੂਰੀ ਲਈ ਭੇਜੀ ਗਈ ਸੀ ਜਿਸਦੇ ਤਹਿਤ 100 ਦੇ ਕਰੀਬ ਰੂਟਾਂ ਤੇ ਇਹ ਬੱਸਾਂ ਚਲਾਈਆਂ ਜਾਣੀਆਂ ਸਨ ਅਤੇ ਇਸ ਰਾਂਹੀ ਸਿਰਫ ਮੁਹਾਲੀ ਸ਼ਹਿਰ ਹੀ ਨਹੀਂ ਬਲਕਿ ਜਿਲ੍ਹੇ ਦੇ ਸਮੂਹ ਸ਼ਹਿਰਾਂ ਨੂੰ ਇਹ ਸਹੂਲੀਅਤ ਮਿਲਣੀ ਸੀ। ਨਗਰ ਨਿਗਮ ਦੀ ਇਹ ਤਜਵੀਜ ਉਸ ਵੇਲੇ ਕੇਂਦਰ ਸਰਕਾਰ ਦੀ ਜਵਾਹਰ ਲਾਲ ਨਹਿਰੂ ਸ਼ਹਿਰੀ ਵਿਕਾਸ ਸਕੀਮ ਦੇ ਤਹਿਤ ਤਿਆਰ ਹੋਈ ਸੀ ਅਤੇ ਇਸਤੋਂ ਪਹਿਲਾਂ ਕਿ ਇਹ ਲਾਗੂ ਹੁੰਦੀ ਕੇਂਦਰ ਦੀ ਸੱਤਾ ਬਦਲ ਗਈ ਅਤੇ ਇਸਦੇ ਨਾਲ ਹੀ ਇਹ ਤਜਵੀਜ ਵੀ ਲਮਕ ਬਸਤੇ ਵਿੱਚ ਹੀ ਰਹਿ ਗਈ।
ਬਾਅਦ ਵਿੱਚ 2015 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਸz. ਕੁਲਵੰਤ ਸਿੰਘ (ਜੋ ਹੁਣ ਮੁਹਾਲੀ ਹਲਕੇ ਦੇ ਵਿਧਾਇਕ ਹਨ) ਦੀ ਅਗਵਾਈ ਵਿੱਚ ਨਗਰ ਨਿਗਮ ਵਲੋਂ ਇੱਕ ਵਾਰ ਫਿਰ ਸਿਟੀ ਬਸ ਸਰਵਿਸ ਚਲਾਏ ਜਾਣ ਦਾ ਮਤਾ ਪਾਸ ਕੀਤਾ ਗਿਆ, ਪਰੰਤੂ ਇਹ ਕਾਰਵਾਈ ਵੀ ਵੱਖ ਵੱਖ ਦਫਤਰੀ ਘੁੰਮਣ ਘੇਰੀਆਂ ਵਿੱਚ ਉਲਝ ਗਈ ਅਤੇ ਇਸਤੇ ਅਮਲ ਨਹੀਂ ਹੋ ਪਾਇਆ। ਮੌਜੂਦਾ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿੱਚ ਵੀ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਰੂਟਾਂ ਤੇ ਮਿਨੀ ਬੱਸਾਂ ਚਲਾਏ ਜਾਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ ਪਰੰਤੂ ਇਹ ਤਜਵੀਜ ਵੀ ਸਰਕਾਰੀ ਫਾਈਲਾਂ ਦੀ ਧੂੜ ਫੱਕ ਰਹੀ ਹੈ।
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪੰਜਾਬ ਸਰਕਾਰ ਸਥਾਨਕ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਿਟੀ ਬੱਸ ਚਲਾਉਣ ਸੰਬੰਧੀ ਪਾਸ ਕਰਕੇ ਭੇਜੇ ਗਏ ਮਤੇ ਨੂੰ ਮੰਜੂਰੀ ਦੇਵੇ ਤਾਂ ਜੋ ਇਸ ਮਤੇ ਨੂੰ ਲਾਗੂ ਕਰਕੇ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਦਾ ਰਾਹ ਪੱਧਰਾ ਹੋ ਸਕੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਰਖਿਅਤ ਆਵਾਜਾਈ ਦੀ ਇਸ ਅਹਿਮ ਲੋੜ ਨੂੰ ਪੂਰਾ ਕਰਨ ਲਈ ਪਹਿਲ ਦੇ ਆਧਾਰ ਤੇ ਕਦਮ ਚੁੱਕੇ ਤਾਂ ਜੋ ਲੋਕਾਂ ਦੀ ਇਹ ਜਰੂਰਤ ਪੂਰੀ ਹੋ ਸਕੇ।
-
International2 months ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International2 months ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Mohali2 months ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
National2 months ago
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ
-
National1 month ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ