Mohali
ਥਾਣੇਦਾਰ ਨੇ ਗੁਆਂਢੀ ਥਾਣੇਦਾਰ ਤੇ ਪਾਰਕਿੰਗ ਵਾਲੀ ਜਗ੍ਹਾ ਤੇ ਸ਼ੈਡ ਪਾ ਕੇ ਕਬਜਾ ਕਰਨ ਦਾ ਲਾਇਆ ਦੋਸ਼

ਦੂਜੇ ਥਾਣੇਦਾਰ ਨੇ ਦੋਸ਼ ਨਕਾਰੇ, ਜਾਣ ਬੁਝ ਕੇ ਤੰਗ ਕਰਨ ਦਾ ਲਾਇਆ ਦੋਸ਼
ਐਸ.ਏ.ਐਸ.ਨਗਰ, 31 ਮਾਰਚ (ਪਰਵਿੰਦਰ ਕੌਰ ਜੱਸੀ) ਫੇਜ਼ 11 ਵਿਚਲੇ ਕਮਾਂਡੋ ਕੰਪਲੈਕਸ ਵਿਖੇ ਇਕ ਪੁਲੀਸ ਵਾਲੇ ਵਲੋਂ ਦੂਜੇ ਪੁਲੀਸ ਵਾਲੇ ਤੇ ਉਸ ਦੇ ਘਰ ਦੇ ਬਾਹਰ ਵਾਲੀ ਪਾਰਕਿੰਗ ਦੀ ਥਾਂ ਉੱਪਰ ਕਬਜਾ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਥਾਣੇਦਾਰ ਚਮਕੌਰ ਸਿੰਘ ਨੇ ਥਾਣਾ ਫੇਜ਼ 11 ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿਛਲੇ ਕਰੀਬ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਕਮਾਂਡੋ ਕੰਪਲੈਕਸ ਫੇਜ਼ 11 ਵਿਖੇ ਰਹਿ ਰਿਹਾ ਹੈ ਅਤੇ ਥਾਣਾ ਡੇਰਾਬਸੀ ਵਿਖੇ ਬਤੌਰ ਤਫਤੀਸ਼ੀ ਅਫਸਰ ਡਿਊਟੀ ਨਿਭਾਅ ਰਿਹਾ ਹੈ। ਸ਼ਿਕਾਇਤ ਕਰਤਾ ਅਨੁਸਾਰ ਉਹ ਕਿਸੇ ਕੇਸ ਦੇ ਸਬੰਧੀ ਇੰਦੋਰ ਵਿਖੇ ਰੇਡ ਕਰਨ ਲਈ ਗਿਆ ਹੋਇਆ ਸੀ ਤਾਂ ਪਿੱਛੋਂ ਇਸੇ ਕਮਾਂਡੋ ਕੰਪਲੈਕਸ ਵਿਖ ਰਹਿੰਦੇ ਇਕ ਹੋਰ ਥਾਣੇਦਾਰ ਬਲਦੇਵ ਸਿੰਘ ਨੇ ਉਸ ਦੀ ਪਾਰਕਿੰਗ ਵਾਲੀ ਜਗਾ ਤੇ ਸ਼ੈਡ ਪਾ ਕੇ ਪੱਕੇ ਤੌਰ ਤੇ ਕਬਜਾ ਕਰ ਲਿਆ ਅਤੇ ਉਹ ਉਕਤ ਕਬਜੇ ਵਾਲੀ ਜਗਾ ਤੇ ਆਪਣੀ ਕਾਰ ਖੜੀ ਕਰਦਾ ਹੈ। ਉਸ ਵਲੋਂ ਜਦੋਂ ਕਬਜਾ ਕਰਨ ਵਾਲੇ ਉਕਤ ਥਾਣੇਦਾਰ ਨੂੰ ਸ਼ੈਡ ਹਟਾਉਣ ਬਾਰੇ ਕਿਹਾ ਤਾਂ ਉਕਤ ਥਾਣੇਦਾਰ ਨੇ ਉਸ ਸਮੇਤ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਿਕਾਇਤਕਰਤਾ ਥਾਣੇਦਾਰ ਚਮਕੌਰ ਸਿੰਘ ਵਲੋਂ ਪੁਲੀਸ ਪ੍ਰਸਾਸ਼ਨ ਕੋਲੋਂ ਮੱਦਦ ਲਈ ਗੁਹਾਰ ਲਗਾਈ ਗਈ ਹੈ।
ਇਸ ਸਬੰਧੀ ਥਾਣੇਦਾਰ ਬਲਦੇਵ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਕੰਪਲੈਕਸ ਵਿਚ ਹੋਰਨਾਂ ਵਲੋਂ ਵੀ ਸ਼ੈਡ ਪਾਏ ਹੋਏ ਹਨ। ਉਨਾਂ ਕਿਹਾ ਕਿ ਚਮਕੌਰ ਸਿੰਘ ਵੀ ਖਾਲੀ ਜਗਾ ਤੇ ਆਪਣਾ ਸ਼ੈਡ ਪਾ ਸਕਦਾ ਹੈ, ਪ੍ਰੰਤੂ ਚਮਕੌਰ ਸਿੰਘ ਬਿਨਾਂ ਵਜਾ ਤੋਂ ਉਨਾਂ ਨੂੰ ਰਾਤ ਸਮੇਂ ਸ਼ਰਾਬ ਪੀ ਕੇ ਤੰਗ ਕਰਦਾ ਹੈ, ਜਿਸ ਸਬੰਧੀ ਉਨਾਂ ਪੀ. ਸੀ. ਆਰ ਨੂੰ ਬੁਲਾ ਕੇ ਜਾਣਕਾਰੀ ਦੇ ਦਿੱਤੀ ਹੈ। ਉਨਾਂ ਕਿਹਾ ਕਿ ਜੇਕਰ ਕਮਾਂਡੇਟ ਸਾਹਿਬ ਮਨਾਂ ਕਰ ਦੇਣਗੇ ਤਾਂ ਉਹ ਸ਼ੈਡ ਹਟਵਾ ਦੇਵੇਗਾ।
ਇਸ ਸਬੰਧੀ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਹ ਇਸ ਸਮੇਂ ਮੀਟਿੰਗ ਵਿਚ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਸ਼ਿਕਾਇਤ ਆਈ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲਾ ਹੱਲ ਕਰਵਾ ਦਿੱਤਾ ਜਾਵੇਗਾ।
Mohali
ਔਟਿਜਮ ਦੀ ਬਿਮਾਰੀ ਤੋਂ ਪੀੜਿਤ ਬੱਚਿਆਂ ਲਈ ਮੁਹਾਲੀ ਵਿੱਚ ਖੁੱਲਿਆ ਐਡਵਾਂਸਡ ਔਟਿਜ਼ਮ ਕੇਅਰ ਤੇ ਰਿਸਰਚ ਸੈਂਟਰ

ਵਿਸ਼ਵ ਔਟਿਜ਼ਮ ਡੇਅ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਓ ਪੀ ਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ
ਐਸ ਏ ਐਸ ਨਗਰ, 2 ਅਪ੍ਰੈਲ (ਸ.ਬ.) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਵਿਸ਼ਵ ਔਟਿਜ਼ਮ ਡੇਅ ਮੌਕੇ ਮੁਹਾਲੀ ਦੇ ਸੈਕਟਰ 79 ਦੇ ਐਡਵਾਂਸਡ ਔਟਿਜ਼ਮ ਕੇਅਰ ਤੇ ਰਿਸਰਚ ਸੈਂਟਰ ਵਿੱਚ ਓ ਪੀ ਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸੈਂਟਰ ਨੂੰ ਪੰਜਾਬ ਦੇ ਔਟਿਸਟਿਕ ਬੱਚਿਆਂ ਦੇ ਇਲਾਜ ਅਤੇ ਅੰਦਰੂਨੀ ਬਹੁਪੱਖੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਰਾਜ ਦੇ ਸਰਵੋਤਮ ਅਤੇ ਬੇਹਤਰੀਨ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬੇਹਤਰੀਨ ਸਿਹਤ ਸੇਵਾਵਾਂ ਢਾਂਚਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤੇ ਕੰਮ ਕਰ ਰਹੀ ਹੈ।
ਔਟਿਸਟਿਕ ਬੱਚਿਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਐਲਨ ਮਸਕ ਅਤੇ ਥਾਮਸ ਐਡੀਸਨ ਦੀ ਪ੍ਰਸਿੱਧੀ ਤੋਂ ਅਜ ਹਰ ਕੋਈ ਵਾਕਿਫ਼ ਹੈ। ਇੱਕ ਦੁਨੀਆ ਦੇ ਸਫ਼ਲ ਕਾਰੋਬਾਰੀ ਵਜੋਂ ਨਾਮਣਾ ਖੱਟ ਰਿਹਾ ਹੈ ਅਤੇ ਦੂਸਰੇ ਨੇ ਬਲਬ ਦੀ ਖੋਜ ਕਰਕੇ ਆਪਣੀ ਜ਼ਹੀਨ ਬੁੱਧੀ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਆਖਿਆ ਕਿ ਇਹ ਦੋਵੇ ਹੀ ਔਟਿਸਟਿਕ ਬੱਚੇ ਸਨ। ਥਾਮਸ ਐਡੀਸਨ ਦੀ ਮਾਂ ਨੇ ਸਕੂਲ ਵੱਲੋਂ ਆਪਣੇ ਬੱਚੇ ਦੀ ਬੁੱਧੀ ਬਾਰੇ ਭੇਜੇ ਨੋਟ ਨੂੰ ਸਾਰੀ ਉਮਰ ਲੁਕਾ ਕੇ ਆਪਣੇ ਪੁੱਤਰ ਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਉਹ ਦੁਨੀਆ ਦਾ ਮਹਾਨ ਸਾਇੰਸਦਾਨ ਅਤੇ ਖੋਜੀ ਹੋ ਕੇ ਉਭਰਿਆ।
ਸਿਹਤ ਮੰਤਰੀ ਨੇ ਕਿਹਾ ਕਿ ਔਟਿਜ਼ਮ ਤੋਂ ਪ੍ਰਭਾਵਿਤ ਬੱਚੇ ਅੰਤਰਮੁਖੀ ਸੁਭਾਅ ਦੇ ਹੋ ਜਾਂਦੇ ਹਨ। ਉਨ੍ਹਾਂ ਦੇ ਸਿੱਖਣ ਦੀ ਵੱਖਰੀ ਨਿਊਰੋਲੋਜੀ ਅਤੇ ਫ਼ਿਜ਼ਿਓਲੋਜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਮਾਨਸਿਕਤਾ ਉੁਨ੍ਹਾਂ ਦੀ ਮਾਵਾਂ ਬੜੇ ਹੀ ਚੰਗੇ ਢੰਗ ਨਾਲ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਹਨੀ ਤੌਰ ਤੇ ਮਜ਼ਬੂਤ ਕਰਕੇ ਸਮਾਜ ਵਿੱਚ ਆਪਣਾ ਵੱਖਰਾ ਸਥਾਨ ਬਣਾਉਣ ਦੇ ਕਾਬਲ ਬਣਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਪੂਰੀ ਤਰ੍ਹਾਂ ਚੱਲਣ ਨਾਲ ਪੰਜਾਬ ਭਰ ਤੋਂ ਅਜਿਹੇ ਬੱਚਿਆਂ ਨੂੰ ਲੋੜੀਂਦਾਂ ਇਲਾਜ ਦੇਣ ਅਤੇ ਉਨ੍ਹਾਂ ਦੇ ਅੰਤਰਮੁਖੀ ਸੁਭਾਅ ਨੂੰ ਤਬਦੀਲ ਕਰਕੇ ਬਾਹਰੀ ਸਮਾਜ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਪੀਚ ਥਰੈਪੀ, ਸੈਂਸਰੀ ਇੰਟੈਗ੍ਰੇਸ਼ਨ ਥਰੈਪੀ, ਪਲੇਅ ਥਰੈਪੀ ਅਤੇ ਕਲੀਨੀਕਲ ਅਸੈਸਮੈਂਟ ਰੂਮ ਨਾਲ ਅੱਜ ਸ਼ੁਰੂ ਹੋਈ ਓ ਪੀ ਡੀ ਸੇਵਾ ਦਾ ਭਵਿੱਖ ਵਿੱਚ ਹੋਰ ਵਿਸਤਾਰ ਕਰਕੇ ਅਗਲੇ ਪੱਧਰ ਦੀਆਂ ਸੇਵਾਵਾਂ ਅਤੇ ਖੋਜ ਇਸ ਸੰਸਥਾਂ ਨੂੰ ਪੰਜਾਬ ਦੀ ਕੇਂਦਰੀ ਸੰਸਥਾ ਵਜੋਂ ਉਭਾਰੇਗੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਲ 2016 ਵਿੱਚ ਬਣਨੇ ਸ਼ੁਰੂ ਹੋਏ ਇਸ ਸੈਂਟਰ ਦੇ ਦੇਰੀ ਨਾਲ ਕਾਰਜਸ਼ੀਲ ਹੋਣ ਪਿੱਛੇ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਭਾਰੂ ਰਹੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਹੁਣ ਇਸ ਨੂੰ ਹਰ ਤਰ੍ਹਾਂ ਦੀ ਸੁੱਖ-ਸੁਵਿਧਾ ਨਾਲ ਲੈਸ ਕਰਕੇ, ਇਸ ਨੂੰ ਸੂਬੇ ਦੇ ਸਮੁੱਚੇ ਔਟਿਸਟਿਕ ਬੱਚਿਆਂ ਲਈ ਆਸ ਦੀ ਵੱਡੀ ਕਿਰਨ ਦੇ ਕੇਂਦਰ ਵਜੋਂ ਵਿਕਸਿਤ ਕਰੇਗੀ। ਉਨ੍ਹਾਂ ਮੌਕੇ ਤੇ ਹੀ ਆਦੇਸ਼ ਦਿੱਤੇ ਕਿ ਇਸ ਸੰਸਥਾ ਦੇ ਜੋ ਥੋੜ੍ਹੇ-ਬਹੁਤ ਕੰਮ ਬਾਕੀ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਕੇਂਦਰ ਦਾ ਔਟਿਸਟਿਕ ਬੱਚਿਆਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡਾਇਰੈਕਟਰ ਮੈਡੀਕਲ ਸਿਖਿਆ ਅਤੇ ਖੋਜ ਡਾ. ਅਵਨੀਸ਼ ਕੁਮਾਰ, ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਹਾਜ਼ਿਰ ਸਨ।
ਕੌਂਸਲਰ ਹਰਜੀਤ ਸਿੰਘ ਭੋਲੂ ਨੂੰ ਕੇਂਦਰ ਦੇ ਆਲੇ ਦੁਆਲੇ ਦੀ ਸਫਾਈ ਦਾ ਪ੍ਰਬੰਧ ਕਰਨ ਲਈ ਕਿਹਾ
ਇਸ ਮੌਕੇ ਸੈਕਟਰ 79 ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਵਲੋਂ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ ਮੌਕੇ ਸਿਹਤ ਮੰਤਰੀ ਨੇ ਸz. ਭੋਲੂ ਨੂੰ ਕਿਹਾ ਕਿ ਉਹ ਨਗਰ ਨਿਗਮ ਵਲੋਂ ਕੇਂਦਰ ਦੇ ਆਲੇ ਦੁਅਲੇ ਦੀ ਸਫਾਈ ਦੇ ਪ੍ਰਬੰਧ ਕਰਵਾਉਣ ਤਾਂ ਜੋ ਇੱਥੇ ਆਉਣ ਵਾਲੇ ਮਰੀਜਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਸz. ਭੋਲੂ ਨੇ ਸਿਹਤ ਮੰਤਰੀ ਦਾ. ਬਲਬੀਰ ਸਿੰਘ ਨੂੰ ਸੈਕਟਰ 79 ਵਿੱਚ ਬਣੀ ਇਸ ਮਿਆਰੀ ਸੰਸਥਾ ਨੂੰ ਆਰੰਭ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ।
Mohali
ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਡੱਟ ਕੇ ਲੜੇਗਾ ਸ਼੍ਰੋਮਣੀ ਅਕਾਲੀ ਦਲ : ਪਰਵਿੰਦਰ ਸਿੰਘ ਸੋਹਾਣਾ

ਕਿਸਾਨਾਂ ਅਤੇ ਜਵਾਨਾਂ ਦੀ ਦੁਸ਼ਮਣ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ ਪੰਜਾਬੀ
ਐਸ ਏ ਐਸ ਨਗਰ, 2 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਵਧਾਉਂਦੇ ਹੋਏ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੂਰੀ ਤਿਆਰੀ ਦੇ ਨਾਲ਼ ਮੈਦਾਨ ਵਿੱਚ ਉਤਰਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਾਰਟੀ ਦਫ਼ਤਰ ਵਿਖੇ ਆਯੋਜਿਤ ਦਿਹਾਤੀ ਖੇਤਰ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਡੱਟ ਕੇ ਲੜੇਗਾ ਅਤੇ ਅਪਣੀ ਪੱਕੀ ਰਣਨੀਤੀ ਅਨੁਸਾਰ ਚੋਣਾਂ ਵਿੱਚ ਉਤਰੇਗਾ ਅਤੇ ਇਤਿਹਾਸਿਕ ਜਿੱਤ ਹਾਸਲ ਕਰੇਗਾ।
ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀ ਤਰੱਕੀ ਵਿੱਚ ਨਾਕਾਮ ਰਹੀ ਹੈ, ਜਿਸ ਕਾਰਨ ਲੋਕ ਅਕਾਲੀ ਦਲ ਵੱਲ ਮੁੜ ਆਕਰਸ਼ਿਤ ਹੋ ਰਹੇ ਹਨ। ਪੰਜਾਬ ਸਰਕਾਰ ਦੀ ਕਾਰਗੁਜਾਰੀ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਚਾਇਤਾਂ ਨੂੰ ਇੱਕ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ ਅਤੇ ਸਰਕਾਰ ਵੱਲੋਂ ਪੰਚਾਇਤੀ ਸੰਸਥਾਵਾਂ ਨੂੰ ਲੰਬੇ ਸਮੇਂ ਲਈ ਭੰਗ ਰੱਖਣ ਨਾਲ ਸੰਵਿਧਾਨ ਦਾ ਨਿਰਾਦਰ ਹੋਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਅਤੇ ਜਵਾਨਾਂ ਦੋਹਾਂ ਦੀ ਦੁਸ਼ਮਣ ਬਣ ਗਈ ਹੈ ਅਤੇ ਚੋਣਾਂ ਵਿੱਚ ਪੰਜਾਬੀ ਇਸ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ।
ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਇਸ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਲੱਗਦੇ ਹਨ ਤਾਂ ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਦੇ ਸ਼ਾਂਤਮਈ ਧਰਨੇ ਨੂੰ ਬੁਰੀ ਤਰ੍ਹਾਂ ਕੁਚਲਿਆ ਅਤੇ ਉਹਨਾਂ ਦਾ ਸਮਾਨ ਵੀ ਖੁਰਦ ਬੁਰਦ ਕੀਤਾ ਇਸੇ ਤਰ੍ਹਾਂ ਪੰਜਾਬ ਵਿੱਚ ਸਰਵਿੰਗ ਕਰਨਲ ਅਤੇ ਉਸਦੇ ਪੁੱਤਰ ਨਾਲ ਪੁਲਿਸ ਵੱਲੋਂ ਕੀਤੀ ਗਈ ਮਾਰ ਕੁਟਾਈ ਅਤੇ ਅੰਮ੍ਰਿਤਸਰ ਵਿੱਚ ਇੱਕ ਫੌਜੀ ਜਵਾਨ (ਜੋ ਕਿ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸੀ), ਨਾਲ ਪੁਲੀਸ ਵੱਲੋਂ ਕੀਤੀ ਗਈ ਕੁਟਾਈ ਸਾਫ ਦੱਸਦੀ ਹੈ ਕਿ ਮੌਜੂਦਾ ਸਰਕਾਰ ਨੇ ਸੂਬੇ ਨੂੰ ਪੁਲੀਸ ਸਟੇਟ ਵਿੱਚ ਬਦਲ ਦਿੱਤਾ ਹੈ ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸਾਹ ਹੈ ਅਤੇ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੀ ਵੱਡੀ ਜਿੱਤ ਹੋਦੀ ਤੈਅ ਹੈ। ਮੀਟਿੰਗ ਵਿੱਚ ਸਰਕਾਰ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ ਅਤੇ ਸਰਕਾਰ ਦੀ ਅਣਗਹਿਲੀ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਜਸਬੀਰ ਸਿੰਘ ਜੱਸਾ, ਸੁਖਵਿੰਦਰ ਸਿੰਘ ਛਿੰਦੀ, ਅਸ਼ਵਨੀ ਸ਼ਰਮਾ ਸੰਭਾਲਕੀ, ਜਸਬੀਰ ਸਿੰਘ ਜੱਸੀ ਕੁਰੜਾ, ਡਾ. ਮੇਜਰ ਸਿੰਘ ਜਗਤਪੁਰਾ, ਜਸਪ੍ਰੀਤ ਸਿੰਘ ਸੋਨੀ ਬੜੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊ, ਬਲਜੀਤ ਸਿੰਘ ਜਗਤਪੁਰਾ, ਨਿਰਮਲ ਸਿੰਘ ਮਾਣਕਮਾਜਰਾ, ਗੁਰਪ੍ਰੀਤ ਸਿੰਘ ਤੰਗੌਰੀ, ਬਲਵੀਰ ਸਿੰਘ ਪੱਤੋਂ, ਗਰਵਿੰਦਰ ਸਿੰਘ ਗਿੰਦਾ ਬਾਕਰਪੁਰ, ਬਲਜੀਤ ਸਿੰਘ ਨੰਬਰਦਾਰ ਦੈੜੀ, ਨੰਬਰਦਾਰ ਹਰਿੰਦਰ ਸਿੰਘ ਸੁੱਖਗੜ, ਕਰਮਜੀਤ ਸਿੰਘ ਨੰਬਰਦਾਰ ਮੌਲੀ, ਕੁਲਦੀਪ ਸਿੰਘ ਬੈਰਮਪੁਰ, ਪੰਚ ਜਰਨੈਲ ਸਿੰਘ, ਕੇਸਰ ਸਿੰਘ ਬਲੌਂਗੀ, ਸੁਰਿੰਦਰ ਸਿੰਘ ਗਰੇਵਾਲ, ਹਰਪਾਲ ਸਿੰਘ ਸਰਪੰਚ ਬਠਲਾਣਾ, ਸੋਹਣ ਸਿੰਘ ਚੱਪੜਚਿੜੀ ਕਲਾਂ, ਨਵਜੋਤ ਸਿੰਘ ਜੋਤੀ ਚੱਪੜਚਿੜੀ ਖੁਰਦ, ਨਵਾਬ ਸਿੰਘ ਸਿਆਊ, ਬਲਜੀਤ ਸਿੰਘ ਮੌਲੀ, ਟਿੱਕਾ ਸਰਪੰਚ ਨਗਾਰੀ, ਜੀਤ ਸਿੰਘ ਮੈਨੇਜਰ, ਅਮਰਜੀਤ ਸਿੰਘ ਪਿੱਲੂ, ਗੁਰਪ੍ਰੀਤ ਸਿੰਘ ਮਨੋਲੀ, ਗੁਰਵਿੰਦਰ ਸਿੰਘ ਕੈਲੋ, ਨਿਰਭੈ ਸਿੰਘ, ਵਿੱਕੀ ਮਨੋਲੀ, ਹੈਪੀ ਸਨੇਟਾ, ਅਮਨ ਪੂਨੀਆਂ, ਭਿੰਦਾ ਚਿੱਲਾ, ਕੁਲਵੀਰ ਸਿੰਘ ਸੈਦਪੁਰ, ਅਮਰਦੀਪ ਸਿੰਘ ਚਾਚੋਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।
Mohali
ਜੇਕਰ ਪੰਜਾਬੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹਾਕਮ ਧਿਰ ਦੇ ਨੇਤਾਵਾਂ ਦਾ ਪਿੰਡਾਂ ਵਿੱਚ ਕੀਤਾ ਜਾਵੇਗਾ ਬਾਈਕਾਟ : ਹਰਮਿੰਦਰ ਸਿੰਘ ਮਾਵੀ

ਆਮ ਆਦਮੀ ਘਰ ਬਚਾਓ ਮੋਰਚਾ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 2 ਅਪ੍ਰੈਲ (ਸ.ਬ.) ਆਮ ਆਦਮੀ ਘਰ ਬਚਾਓ ਮੋਰਚਾ (ਪੰਜਾਬ) ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੋਰਚੇ ਦੇ ਵਫਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਕੋਮਲ ਮਿੱਤਲ ਰਾਹੀਂ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹਲ ਲਈ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਮਿੰਦਰ ਸਿੰਘ ਮਾਵੀ ਅਤੇ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਹਾਲੀ ਜਿਲ੍ਹੇ ਸਮੇਤ ਸਾਰੇ ਪੰਜਾਬ ਵਿੱਚ ਸਬ-ਰਜਿਸਟਰਾਰਾਂ (ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ) ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਲਾਲ ਲਕੀਰ ਅੰਦਰ ਸਥਿਤ ਪਲਾਟਾਂ/ਮਕਾਨਾਂ ਆਦਿ ਦੀਆਂ ਰਜਿਸਟਰੀਆਂ ਬਿਨਾਂ ਕਿਸੇ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਬ-ਰਜਿਸਟਰਾਰਾਂ ਵੱਲੋਂ ਪਿੰਡਾਂ/ਸ਼ਹਿਰਾਂ ਅੰਦਰ ਲਾਲ ਲਕੀਰ ਦੀਆਂ ਉਹ ਰਜਿਸਟਰੀਆਂ ਹੀ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਜਾਇਦਾਦਾਂ ਦੀਆਂ ਪਹਿਲਾ ਰਜਿਸਟਰੀਆਂ ਹੋ ਚੁੱਕੀਆਂ ਹਨ ਜਦੋਂਕਿ ਇਹ ਸ਼ਰਤ ਗੈਰ ਕਾਨੂੰਨੀ ਅਤੇ ਇਥੇ ਰਹਿ ਰਹੇ ਲੋਕਾਂ ਦੇ ਸੰਵਿਧਾਨਕ, ਕਾਨੂੰਨੀ ਅਤੇ ਬੁਨਿਆਦਾਂ ਹੱਕਾਂ ਦੇ ਖਿਲਾਫ ਹੈ।
ਉਹਨਾਂ ਕਿਹਾ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਵਿੱਚ ਤਿੰਨ ਮੰਜਲਾਂ ਤੋਂ ਜਿਆਦਾ ਮੰਜਿਲਾਂ ਉਸਾਰਨ ਤੇ ਰੋਕ ਲਗਾਈ ਜਾ ਰਹੀ ਹੈ ਜਦਕਿ ਪਿੰਡਾਂ ਦੇ ਨਾਲ ਹੀ ਜਮੀਨਾਂ ਤੇ ਸਰਮਾਏਦਾਰਾਂ ਅਤੇ ਵੱਡੇ-ਵੱਡੇ ਬਿਲਡਰ 25-25 ਮੰਜਿਲਾ ਬਿਲਡਿੰਗਾਂ ਬਣਾ ਰਹੇ ਹਨ, ਪਰ ਪਿੰਡਾ ਦੇ ਜੱਦੀ ਵਸਨੀਕਾਂ (ਜੋ ਇਥੇ ਸੈਂਕੜੇ ਸਾਲਾਂ ਤੋਂ ਰਹਿ ਰਹੇ ਹਨ), ਨਾਲ ਬੇਇਨਸਾਫੀ ਕਿਉਂ ਕੀਤੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਪਿੰਡਾਂ ਵਿੱਚ ਲੋਕਾਂ ਨੂੰ 45 ਫੁੱਟ ਦੀ ਉਚਾਈ ਤੀਕ ਇਮਾਰਤਾਂ ਬਣਾਉਣ ਦੀ ਇਜਾਜਤ ਦਿੱਤੀ ਜਾਵੇ ਅਤੇ ਪਿੰਡਾਂ ਲਈ ਵੱਖਰੀ ਨਵੀਂ ਸਕੀਮ ਬਣਾਈ ਜਾਵੇ ਅਤੇ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡਾਂ ਦੇ ਵਾਸੀਆਂ ਨੂੰ ਤੁਰੰਤ ਬਿਨਾ ਕਿਸੇ ਐਨ. ਓ. ਸੀ. ਤੋਂ ਕੁਨੈਕਸ਼ਨ ਜਾਰੀ ਕੀਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਪਿੰਡਾਂ ਦੀਆਂ ਜਮੀਨਾਂ ਪੁੱਡਾ, ਗਮਾਡਾ ਜਾਂ ਪ੍ਰਾਈਵੇਟ ਕੰਪਨੀਆਂ ਵੱਲੋਂ ਲਈ ਗਈ ਹੈ ਉਨ੍ਹਾ ਪਿੰਡਾਂ ਵਿੱਚ ਸੀਵਰੇਜ਼ ਅਤੇ ਹੋਰ ਸਹੂਲਤਾਂ ਤੁਰੰਤ ਦਿੱਤੀਆਂ ਜਾਣ।
ਉਹਨਾਂ ਦੱਸਿਆ ਕਿ ਪਿਛਲੇ ਕੁੱਝ ਦਹਾਕਿਆਂ ਦਰਾਨ ਪਿੰਡਾਂ ਦੀ ਅਬਾਦੀ ਕਈ ਗੁਣਾ ਵੱਧ ਗਈ ਹੈ ਇਸ ਕਾਰਨ ਸੂਬੇ ਵਿੱਚ ਪਿੰਡਾਂ ਦੀ ਲਾਲ ਲਕੀਰ ਅਤੇ ਅਬਾਦੀ ਦੇ ਏਰੀਏ ਵਿੱਚ ਵਾਧਾ ਕਰਨਾ ਜਰੂਰੀ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਪਿੰਡਾਂ ਦੇ ਲੋਕਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਫਿਰਨੀਆਂ ਦਾ ਘੇਰਾ 300 ਮੀਟਰ ਤਕ ਵਧਾਇਆ ਜਾਵੇ।
ਉਹਨਾਂ ਕਿਹਾ ਕਿ ਜੋ ਪਿੰਡ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਇੰਪਰੂਵਮੈਂਟ ਟਰਸਟਾਂ ਵਿੱਚ ਆ ਚੁੱਕੇ ਹਨ ਉਹਨਾਂ ਉੱਤੇ ਵੀ ਨਕਸ਼ੇ ਪਾਸ ਕਰਨ ਲਈ ਸ਼ਹਿਰ ਵਾਲੇ ਹੀ ਨਿਯਮ ਲਾਗੂ ਹਨ ਜੋ ਕਿ ਗਲਤ ਹਨ। ਪਿੰਡਾਂ ਵਿੱਚ ਉਸਾਰੀਆਂ ਲਈ ਪਲਾਟਾਂ ਦੇ ਅਗਲੇ ਪਿਛਲੇ ਪਾਸੇ ਜਗ੍ਹਾਂ ਛੱਡਣ ਦੀ ਸ਼ਰਤ ਖਤਮ ਕੀਤੀ ਜਾਵੇ। ਜੋ ਵੀ ਵਿਅਕਤੀ ਬਿਲਡਿੰਗ ਬਣਾਉਂਦਾ ਹੈ ਗਰਾਉਂਡ ਮੰਜਲ ਉੱਤੇ ਪਾਰਕਿੰਗ ਦੀ ਸ਼ਰਤ ਰੱਖ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਸਰਕਾਰ ਲੋਕਾਂ ਤੋਂ ਜਾਇਜ ਫੀਸ ਲੈ ਕੇ ਉਸਾਰੀਆਂ ਦੀ ਇਜਾਜਤ ਦੇਵੇ। ਇਸ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ ਅਤੇ ਸੂਬੇ ਵਿੱਚ ਰੁਜਗਾਰ ਵਿੱਚ ਵੀ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੋ ਗੈਰਕਾਨੂੰਨੀ ਕਲੋਨੀਆਂ ਦੀਆਂ ਰਜਿਸਟਰੀਆਂ ਤੇ ਜੋ ਸਟੇਅ ਲਗਾਈ ਗਈ ਹੈ ਉਸ ਨੂੰ ਸਰਕਾਰ ਵੱਲੋ ਯੋਗ ਕਾਰਵਾਈ ਕਰਕੇ ਜਲਦੀ ਖਤਮ ਕਰਾਉਣਾ ਚਾਹੀਦਾ ਹੈ।
ਇਸ ਮੌਕੇ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਮਹਿਕਮਿਆਂ ਵਿੱਚ ਐਨ.ਓ.ਸੀ. ਦੀ ਸ਼ਰਤ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਇਸਦਾ ਮਤਲਬ (ਨਿਊ ਆਪਸ਼ਨ ਫਾਰ ਕਰਪਸ਼ਨ ਹੈ) ਜੋ ਹਰ ਵੇਲੇ ਭ੍ਰਿਸ਼ਟਾਚਾਰ ਦਾ ਕਾਰਨ ਬਣਦੀ ਹੈ। ਸz ਮਾਵੀ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉੱਕਤ ਮੰਗਾਂ ਤੁਰੰਤ ਹੱਲ ਨਾ ਕੀਤੀਆਂ ਗਈਆਂ ਤਾਂ ਪੇਂਡੂ ਲੋਕ ਆਮ ਆਦਮੀ ਪਰਟੀ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਨੇਤਾਵਾਂ ਦਾ ਪਿੰਡਾਂ ਵਿੱਚ ਆਉਣ ਤੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਪੰਜਾਬੀ ਦੀ ਸੇਵਾ ਮੁੱਕਤ ਮੁਲਾਜਮਾਂ ਦੇ ਜਨਰਲ ਸਕੱਤਰ ਇੰਸਪੈਕਟਰ ਮਹਿੰਦਰ ਸਿੰਘ (ਸਾਬਕਾ) ਅਤੇ ਸੀ.ਪੀ.ਆਈ. ਜਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਵੀ ਹਾਜਰ ਸਨ। ਇਹਨਾਂ ਨੇ ਆਪਣੀਆਂ ਜੱਥੇਬੰਦੀਆਂ ਵੱਲੋਂ ਆਮ ਆਦਮੀ ਘਰ ਬਚਾਓ ਮੋਰਚਾ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ।
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ
-
Chandigarh1 month ago
ਪੰਜਾਬ ਵਿਚ ਮੀਂਹ ਨਾਲ ਵਧੀ ਠੰਢ
-
Chandigarh1 month ago
ਐਡਵੋਕੇਟ ਐਕਟ-1961 ਸੋਧ ਬਿੱਲ 2025 ਪੂਰੇ ਦੇਸ਼ ਦੇ ਵਕੀਲਾਂ ਦੀ ਸ਼ਾਨ ਤੇ ਸਿੱਧਾ ਹਮਲਾ : ਵਿਵੇਕ ਗਰਚਾ
-
National2 months ago
ਘਰ ਅੰਦਰ ਦਾਖਲ ਹੋ ਕੇ ਔਰਤ ਦਾ ਗੋਲੀਆਂ ਮਾਰ ਕੇ ਕਤਲ
-
Chandigarh1 month ago
ਪੰਜਾਬ ਸਰਕਾਰ ਵੱਲੋਂ ਨਵੇਂ ਟਰਾਂਸਪੋਰਟ ਪਰਮਿਟ ਜਾਰੀ ਕਰਨ ਨਾਲ ਸੂਬੇ ਵਿੱਚ ਰੋਜ਼ਗਾਰ ਨੂੰ ਮਿਲਿਆ ਹੁਲਾਰਾ : ਲਾਲਜੀਤ ਸਿੰਘ ਭੁੱਲਰ
-
Chandigarh1 month ago
ਕੇਂਦਰੀ ਮੰਤਰੀ ਰਵਨੀਤ ਬਿੱਟੂ ਸਾਥੀਆਂ ਖਿਲਾਫ਼ ਦਰਜ ਕੇਸਾਂ ਦੇ ਵਿਰੋਧ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਪਹੁੰਚੇ
-
National1 month ago
ਨਹਿਰ ਵਿੱਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ
-
Mohali2 months ago
ਰਿਸ਼ਵਤ ਸਮੇਤ ਗ੍ਰਿਫਤਾਰ ਗਮਾਡਾ ਦੇ ਸੁਪਰਡੈਂਟ ਨੂੰ 5 ਸਾਲ ਦੀ ਕੈਦ