International
ਹਮਾਸ ਵੱਲੋਂ ਜੰਗਬੰਦੀ ਸਮਝੌਤੇ ਤਹਿਤ 20 ਇਜ਼ਰਾਇਲੀ ਬੰਧਕ ਰਿਹਾਅ
ਕਾਹਿਰਾ, 13 ਅਕਤੂਬਰ (ਸ.ਬ.) ਇਜ਼ਰਾਈਲ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਅੱਜ 13 ਹੋਰ ਬੰਧਕਾਂ ਨੂੰ ਰੈਡ ਕਰਾਸ ਹਵਾਲੇ ਕਰ ਦਿੱਤਾ। ਇਸ ਤੋਂ ਪਹਿਲਾ ਹਮਾਸ 7 ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ, ਜਿਸ ਨਾਲ ਕੁਲ 20 ਬੰਧਕ ਰਿਹਾਅ ਹੋ ਗਏ ਹਨ। ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ 1,900 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ 20 ਜ਼ਿਊਂਦੇ ਬੰਧਕਾਂ ਨੂੰ ਰਿਹਾਅ ਕਰੇਗਾ।
ਜਿਵੇਂ ਹੀ ਇਜ਼ਰਾਇਲੀ ਟੈਲੀਵਿਜ਼ਨ ਚੈਨਲਾਂ ਨੇ ਐਲਾਨ ਕੀਤਾ ਕਿ ਬੰਧਕ ਰੈਡ ਕਰਾਸ ਦੀ ਹਿਰਾਸਤ ਵਿੱਚ ਹਨ, ਬੰਧਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਉਤਸ਼ਾਹ ਨਾਲ ਖੁਸ਼ੀ ਮਨਾਈ। ਦੇਸ਼ ਭਰ ਵਿੱਚ ਹਜ਼ਾਰਾਂ ਇਜ਼ਰਾਇਲੀ ਬੰਧਕਾਂ ਦੀ ਅਦਲੀ ਬਦਲੀ ਦੇ ਇਸ ਅਮਲ ਨੂੰ ਜਨਤਕ ਥਾਵਾਂ ਤੇ ਲਾਈਆਂ ਸਕਰੀਨਾਂ ਰਾਹੀਂ ਦੇਖ ਰਹੇ ਹਨ। ਅਜਿਹਾ ਹੀ ਇਕ ਸਭ ਤੋਂ ਵੱਡਾ ਸਮਾਗਮ ਰਾਜਧਾਨੀ ਤਲ ਅਵੀਵ ਵਿੱਚ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਇਜ਼ਰਾਈਲ ਨੇ ਬੀਤੇ ਦਿਨ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਵਿਚ ਬੰਦੀ ਬਣਾਏ ਗਏ ਸਾਰੇ ਜਿਊਂਦੇ ਬੰਧਕਾਂ ਨੂੰ ਸੋਮਵਾਰ ਰਿਹਾਅ ਕਰ ਦਿੱਤਾ ਜਾਵੇਗਾ। ਉਧਰ ਫ਼ਲਸਤੀਨੀ ਇਜ਼ਰਾਈਲ ਵਿਚ ਬੰਧਕ ਬਣਾਏ ਗਏ ਸੈਂਕੜੇ ਕੈਦੀਆਂ ਦੀ ਰਿਹਾਈ ਤੇ ਮਾਨਵੀ ਸਹਾਇਤਾ ਵਿਚ ਵਾਧੇ ਦੀ ਉਡੀਕ ਵਿਚ ਹਨ। ਇਜ਼ਰਾਈਲ ਦੇ ਫੌਜ ਮੁਖੀ ਲੈਫਟੀਨੈਂਟ ਇਆਲ ਜ਼ਮੀਰ ਨੇ ਇਕ ਬਿਆਨ ਵਿਚ ਕਿਹਾ ਕਿ ਕੁਝ ਹੀ ਘੰਟਿਆਂ ਵਿਚ ਅਸੀਂ ਫਿਰ ਇਕ ਹੋ ਜਾਵਾਂਗੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਿਛਲੇ ਦੋ ਸਾਲਾਂ ਤੋਂ ਜਾਰੀ ਜੰਗ ਵਿੱਚ ਪਿਛਲੇ ਹਫ਼ਤੇ ਐਲਾਨੀ ਗਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਸੋਮਵਾਰ ਨੂੰ ਇਜ਼ਰਾਈਲ ਅਤੇ ਮਿਸਰ ਦੇ ਦੌਰੇ ਤੇ ਆ ਰਹੇ ਹਨ। ਟਰੰਪ ਨੇ ਰਵਾਨਗੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਗ ਖ਼ਤਮ ਹੋ ਗਈ ਹੈ। ਉਮੀਦ ਹੈ ਕਿ ਜੰਗਬੰਦੀ ਕਾਇਮ ਰਹੇਗੀ। ਉਂਝ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਗਾਜ਼ਾ ਜਾਣ ਤੇ ਮਾਣ ਹੋਵੇਗਾ।
ਇਜ਼ਰਾਇਲੀ ਸਰਕਾਰ ਦੇ ਬੁਲਾਰੇ ਸ਼ੋਸ਼ ਬੇਡਰੋਸੀਅਨ ਨੇ ਕਿਹਾ ਕਿ ਸਾਰੇ 20 ਜਿਊਂਦੇ ਬੰਧਕਾਂ ਨੂੰ ਇਕੱਠਿਆਂ ਰੈਡ ਕਰਾਸ ਹਵਾਲੇ ਕੀਤਾ ਜਾਵੇਗਾ। ਉਪਰੰਤ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਫੌਜੀ ਅੱਡੇ ਤੇ ਲਿਜਾਇਆ ਜਾਵੇਗਾ ਜਾਂ ਫਿਰ ਲੋੜ ਪੈਣ ਤੇ ਫੌਰੀ ਹਸਪਤਾਲ ਵੀ ਲਿਜਾਇਆ ਜਾਵੇਗਾ। ਬੰਧਕਾਂ ਦੀ ਰਿਹਾਈ ਤੋਂ ਬਾਅਦ ਇਜ਼ਰਾਈਲ ਕਰੀਬ 2000 ਫਲਸਤੀਨੀ ਬੰਦੀਆਂ ਨੂੰ ਰਿਹਾਅ ਕਰੇਗਾ ਤੇ ਉਨ੍ਹਾਂ 28 ਬੰਧਕਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਦੇ ਬੰਧਕਾਂ ਅਤੇ ਲਾਪਤਾ ਲੋਕਾਂ ਲਈ ਕੋਆਰਡੀਨੇਟਰ ਨੇ ਕਿਹਾ ਕਿ ਇੱਕ ਕੌਮਾਂਤਰੀ ਟਾਸਕ ਫੋਰਸ ਉਨ੍ਹਾਂ ਮ੍ਰਿਤਕ ਬੰਧਕਾਂ ਨੂੰ ਲੱਭਣ ਲਈ ਕੰਮ ਕਰਨਾ ਸ਼ੁਰੂ ਕਰੇਗੀ ਜੋ 72 ਘੰਟਿਆਂ ਦੇ ਅੰਦਰ ਵਾਪਸ ਨਹੀਂ ਆਉਂਦੇ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲਾਸ਼ਾਂ, ਸੰਭਵ ਤੌਰ ਤੇ ਮਲਬੇ ਹੇਠ, ਦੀ ਭਾਲ ਵਿੱਚ ਸਮਾਂ ਲੱਗ ਸਕਦਾ ਹੈ।
ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਬਿਆਨ ਵਿਚ ਕਿਹਾ ਕਿ ਅੱਜ ਦਾ ਦਿਨ ‘ਚੰਗਾ ਹੋਵੇਗਾ, ਜੋ ਜ਼ਖ਼ਮਾਂ ਤੇ ਮੱਲ੍ਹਮ’ ਦਾ ਕੰਮ ਕਰੇਗਾ। ਕਾਬਿਲੇਗੌਰ ਹੈ ਕਿ ਕਈ ਇਜ਼ਰਾਇਲੀਆਂ ਨੇ ਨੇਤਨਯਾਹੂ ਤੇ ਸਿਆਸੀ ਮੰਤਵਾਂ ਲਈ ਜੰਗ ਨੂੰ ਲੰਮਾ ਖਿੱਚਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਨੇਤਨਯਾਹੂ ਇਸ ਤੋਂ ਇਨਕਾਰ ਕਰਦੇ ਰਹੇ ਹਨ।
ਇਜ਼ਰਾਈਲ ਵਿੱਚ ਬੰਦ ਫਲਸਤੀਨੀ ਕੈਦੀਆਂ ਦੀ ਰਿਹਾਈ ਲਈ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ 250 ਲੋਕ ਸ਼ਾਮਲ ਹਨ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ 1,700 ਲੋਕ ਜੰਗ ਦੌਰਾਨ ਗਾਜ਼ਾ ਤੋਂ ਫੜੇ ਗਏ ਸਨ ਅਤੇ ਬਿਨਾਂ ਕਿਸੇ ਦੋਸ਼ ਦੇ ਰੱਖੇ ਗਏ ਹਨ।
ਇੱਕ ਫਲਸਤੀਨੀ ਅਧਿਕਾਰੀ ਨੇ ਕਿਹਾ ਕਿ ਹਮਾਸ ਦਾ ਇੱਕ ਵਫ਼ਦ ਕਾਹਿਰਾ ਵਿੱਚ ਕੈਦੀਆਂ ਦੀ ਸੂਚੀ ਬਾਰੇ ਸਾਲਸਾਂ ਨਾਲ ਗੱਲ ਕਰ ਰਿਹਾ ਹੈ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਤੇ ਕਿਹਾ ਕਿ ਹਮਾਸ ਮਕਬੂਲ ਫਲਸਤੀਨੀ ਆਗੂ ਮਾਰਵਾਨ ਬਰਘੌਤੀ ਸਮੇਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਹੋਰਨਾਂ ਦੀ ਰਿਹਾਈ ਲਈ ਦਬਾਅ ਪਾ ਰਿਹਾ ਹੈ। ਉਧਰ ਇਜ਼ਰਾਈਲ ਨੇ ਬਰਘੌਤੀ ਨੂੰ ਦਹਿਸ਼ਤੀ ਆਗੂ ਮੰਨਣ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।
ਇੱਕ ਕੈਦੀ ਦੇ ਪਰਿਵਾਰ ਅਤੇ ਇੱਕ ਫਲਸਤੀਨੀ ਅਧਿਕਾਰੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ, ਮੁਤਾਬਕ ਇਜ਼ਰਾਈਲ ਨੇ ਪੱਛਮੀ ਕੰਢੇ ਵਿੱਚ ਫਲਸਤੀਨੀਆਂ ਨੂੰ ਰਿਹਾਈ ਤੋਂ ਬਾਅਦ ਜਸ਼ਨ ਮਨਾਉਣ ਖਿਲਾਫ਼ ਚੇਤਾਵਨੀ ਦਿੱਤੀ ਹੈ।
ਗਾਜ਼ਾ ਵਿੱਚ ਮਾਨਵੀ ਸਹਾਇਤਾ ਦੇ ਇੰਚਾਰਜ ਇਜ਼ਰਾਇਲੀ ਫੌਜੀ ਸੰਸਥਾ ਨੇ ਕਿਹਾ ਕਿ ਸਮਝੌਤੇ ਅਨੁਸਾਰ, ਬੀਤੇ ਦਿਨ ਪਹੁੰਚਣ ਵਾਲੀ ਸਹਾਇਤਾ ਦੀ ਮਾਤਰਾ ਪ੍ਰਤੀ ਦਿਨ ਲਗਪਗ 600 ਟਰੱਕਾਂ ਤੱਕ ਵਧਣ ਦੀ ਉਮੀਦ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮੁਖੀ ਟੌਮ ਫਲੇਚਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਗਾਜ਼ਾ ਦਾ ਜ਼ਿਆਦਾਤਰ ਹਿੱਸਾ ਬਰਬਾਦ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਕੋਲ ਅਗਲੇ ਦੋ ਮਹੀਨਿਆਂ ਲਈ ਬੁਨਿਆਦੀ ਡਾਕਟਰੀ ਅਤੇ ਹੋਰ ਸੇਵਾਵਾਂ ਨੂੰ ਬਹਾਲ ਕਰਨ, ਹਜ਼ਾਰਾਂ ਟਨ ਭੋਜਨ ਅਤੇ ਬਾਲਣ ਪਹੁੰਚਾਉਣ ਅਤੇ ਮਲਬੇ ਨੂੰ ਸਾਫ਼ ਕਰਨ ਦੀਆਂ ਯੋਜਨਾਵਾਂ ਹਨ।
ਮਿਸਰ ਨੇ ਕਿਹਾ ਕਿ ਉਹ ਬੀਤੇ ਦਿਨ ਇਜ਼ਰਾਈਲੀ ਫੌਜਾਂ ਵੱਲੋਂ ਜਾਂਚ ਲਈ ਗਾਜ਼ਾ ਵਿੱਚ 400 ਸਹਾਇਤਾ ਟਰੱਕ ਭੇਜ ਰਿਹਾ ਹੈ। ਮਿਸਰੀ ਰੈਡ ਕ੍ਰੇਸੈਂਟ ਨੇ ਕਿਹਾ ਕਿ ਵਾਹਨਾਂ ਵਿੱਚ ਡਾਕਟਰੀ ਸਪਲਾਈ, ਟੈਂਟ, ਕੰਬਲ, ਭੋਜਨ ਅਤੇ ਬਾਲਣ ਸੀ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਸ ਕੋਲ ਲਗਭਗ 170,000 ਮੀਟ੍ਰਿਕ ਟਨ ਭੋਜਨ, ਦਵਾਈ ਅਤੇ ਹੋਰ ਸਹਾਇਤਾ ਗਾਜ਼ਾ ਵਿਚ ਦਾਖਲੇ ਲਈ ਤਿਆਰ ਹੈ।
International
ਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਕਾਠਮੰਡੂ, 9 ਅਕਤੂਬਰ (ਸ.ਬ.) ਨੇਪਾਲ ਦੇ ਪੱਛਮੀ ਸ਼ਹਿਰ ਪੋਖਰਾ ਵਿੱਚ ਅੱਜ ਤੜਕਸਾਰ ਇੱਕ ਸਕੂਲੀ ਬੱਸ ਸੜਕ ਤੇ ਪਲਟ ਕੇ 200 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਚਾਰ ਸਕੂਲੀ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਿਕਾ ਇੰਗਲਿਸ਼ ਬੋਰਡਿੰਗ ਸਕੂਲ ਦੀ ਇਹ ਬੱਸ ਸਵੇਰੇ ਕਰੀਬ 6:20 ਵਜੇ ਕਾਸਕੀ ਜ਼ਿਲ੍ਹੇ ਦੇ ਪੋਖਰਾ ਮਹਾਨਗਰ ਦੇ ਵਾਰਡ ਨੰਬਰ 28 ਵਿੱਚ ਸਥਿਤ ਓਖਲੇਕੋ ਭੀਰ ਵਿਖੇ ਸੜਕ ਤੋਂ ਤਿਲਕ ਕੇ ਖੱਡ ਵਿਚ ਡਿੱਗ ਗਈ। ਕਾਸਕੀ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਮੁਖੀ ਨਵੀਨ ਕਾਰਕੀ ਅਨੁਸਾਰ ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ, ਇੱਕ ਲੜਕਾ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਹਨ।
ਨਵੀਨ ਕਾਰਕੀ ਨੇ ਦੱਸਿਆ ਕਿ ਪੰਜ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਾਨੂੰ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਬੱਸ ਵਿੱਚ 20 ਵਿਦਿਆਰਥੀ, ਇੱਕ ਹੋਰ ਯਾਤਰੀ ਅਤੇ ਇੱਕ ਡਰਾਈਵਰ ਸਵਾਰ ਸਨ। ਪੁਲੀਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਪੋਖਰਾ ਇੰਸਟੀਚਿਊਟ ਆਫ਼ ਹੈਲਥ ਸਾਇੰਸਿਜ਼ ਲਿਜਾਇਆ ਗਿਆ। ਪੁਲੀਸ ਦੀ ਪਹਿਲੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਹਾਦਸੇ ਵਿੱਚ 18 ਬੱਚੇ ਜ਼ਖ਼ਮੀ ਹੋਏ ਸਨ, ਪਰ ਤਾਜ਼ਾ ਜਾਣਕਾਰੀ ਵਿੱਚ ਪੰਜ ਮੌਤਾਂ ਅਤੇ 14 ਜ਼ਖ਼ਮੀ ਯਾਤਰੀਆਂ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ ਕੁੱਲ 22 ਲੋਕ ਸਵਾਰ ਸਨ। ਪੁਲੀਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਸਕੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਕੁਮਾਨ ਸਿੰਘ ਗੁਰੂੰਗ ਨੇ ਦੱਸਿਆ ਕਿ ਬੱਸ ਵਿੱਚ ਜ਼ਿਆਦਾਤਰ 10ਵੀਂ ਜਮਾਤ ਦੇ ਵਿਦਿਆਰਥੀ ਸਵਾਰ ਸਨ, ਜੋ ਟਿਊਸ਼ਨ ਕਲਾਸਾਂ ਵਿੱਚ ਜਾਣ ਲਈ ਸਫ਼ਰ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
International
ਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
ਇਗਬੋਕੋਡਾ, 6 ਅਕਤੂਬਰ (ਸ.ਬ.) ਨਾਈਜੀਰੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬਚਾਅ ਅਤੇ ਰਾਹਤ ਟੀਮਾਂ ਨੂੰ ਤੱਟਵਰਤੀ ਸ਼ਹਿਰ ਇਗਬੋਕੋਡਾ ਨੇੜੇ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਮਿਲਿਆ ਹੈ। ਲਾਸ਼ਾਂ ਨੂੰ ਬਰਾਮਦ ਕਰਕੇ ਮੁਰਦਾਘਰ ਵਿੱਚ ਰੱਖ ਦਿੱਤੀਆਂ ਗਈਆਂ ਹਨ। ਦੇਸ਼ ਦੇ ਹਵਾਬਾਜ਼ੀ ਮੰਤਰੀ, ਫੇਸਟਸ ਕੀਮੋ, ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਰਾਸ਼ਟਰਪਤੀ ਬੋਲਾ ਟੀਨੂਬੂ ਨੇ ਤਿੰਨ ਦਿਨਾਂ ਦੇ ਸੋਗ ਦੀ ਮਿਆਦ ਦਾ ਐਲਾਨ ਕੀਤਾ ਹੈ।
ਹਵਾਬਾਜ਼ੀ ਮੰਤਰੀ ਫੇਸਟਸ ਕੀਮੋ ਦੇ ਅਨੁਸਾਰ, ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਬੀਤੇ ਦਿਨ ਸਥਾਨਕ ਸਮੇਂ ਅਨੁਸਾਰ ਸਵੇਰੇ 8:13 ਵਜੇ ਹਵਾਈ ਆਵਾਜਾਈ ਕੰਟਰੋਲਰਾਂ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਸੀ, ਅਤੇ ਮਲਬਾ ਦੱਖਣ-ਪੱਛਮੀ ਓਂਡੋ ਰਾਜ ਦੇ ਇਗਬੋਕੋਡਾ ਸ਼ਹਿਰ ਵਿੱਚ ਮਿਲਿਆ ਸੀ। ਹਾਦਸੇ ਵਿੱਚ 25 ਯਾਤਰੀਆਂ ਅਤੇ 7 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਬੋਲਾ ਟੀਨੂਬੂ ਨੇ ਕਿਹਾ ਕਿ ਜਹਾਜ਼ ਹਾਦਸਾ ਹਾਲ ਹੀ ਦੇ ਸਾਲਾਂ ਵਿੱਚ ਨਾਈਜੀਰੀਆ ਵਿੱਚ ਸਭ ਤੋਂ ਭਿਆਨਕ ਹਵਾਈ ਆਫ਼ਤ ਹੈ। ਕੋਈ ਵੀ ਨਹੀਂ ਬਚਿਆ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਹਵਾਈ ਸੈਨਾ ਦੇ ਮੁਖੀ ਨੇ ਮੈਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਮੈਂ ਨਾਈਜੀਰੀਆਈ ਹਵਾਈ ਸੈਨਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪੂਰੀ ਜਾਂਚ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਿਪੋਰਟ ਮੰਗੇ।
International
ਨਾਲੇ ਵਿੱਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 6 ਵਿਅਕਤੀਆਂ ਦੀ ਮੌਤ, 10 ਜ਼ਖ਼ਮੀ
ਕਾਠਮਾਂਡੂ, 3 ਅਕਤੂਬਰ (ਸ.ਬ.) ਅੱਜ ਨੇਪਾਲ ਦੇ ਨਵਲਪਰਾਸੀ (ਬਰਦਾਘਾਟ ਸੁਸਤਾ ਈਸਟ) ਜ਼ਿਲ੍ਹੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖਾਈ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਿਨਾਯੀ ਤ੍ਰਿਵੇਣੀ ਪੇਂਡੂ ਨਗਰਪਾਲਿਕਾ-2 ਵਿੱਚ ਐਸ-ਬੈਂਡ ਨੇੜੇ ਪੂਰਬ-ਪੱਛਮ ਰਾਜਮਾਰਗ ਤੇ ਵਾਪਰਿਆ। ਬੱਸ ਵਿੱਚ ਡਰਾਈਵਰ ਸਮੇਤ ਕੁੱਲ 18 ਲੋਕ ਸਵਾਰ ਸਨ। ਦੋ ਯਾਤਰੀ ਸੁਰੱਖਿਅਤ ਬਚ ਗਏ। ਹਾਦਸੇ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ, ਬੱਸ ਦੇ ਅੰਦਰ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਪੁਲੀਸ ਅਨੁਸਾਰ, ਬੱਸ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ। ਐਸ-ਬੈਂਡ ਨੇੜੇ ਡਰਾਈਵਰ ਨੇ ਵਾਹਨ ਤੇ ਕਾਬੂ ਗੁਆ ਦਿੱਤਾ, ਜਿਸ ਕਾਰਨ ਬੱਸ ਸੜਕ ਤੋਂ ਹੇਠਾਂ ਖਾਈ ਵਿੱਚ ਪਲਟ ਗਈ। ਹਾਦਸੇ ਦੀ ਸੂਚਨਾ ਮਿਲਣ ਤੇ ਇੰਸਪੈਕਟਰ ਥਮਨ ਸਿੰਘ ਰਾਣਾ ਦੀ ਅਗਵਾਈ ਵਿੱਚ ਪੁਲੀਸ ਟੀਮ ਮੌਕੇ ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲੀਸ ਮੁਲਾਜ਼ਮਾਂ ਨੇ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ।
ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਜਾਜਰਕੋਟ ਜ਼ਿਲ੍ਹੇ ਦੀ ਭੇਰੀ ਨਗਰਪਾਲਿਕਾ-3 ਦੇ ਵਸਨੀਕ 50 ਸਾਲਾ ਨਿਰਜੰਗ ਖਤਰੀ ਵਜੋਂ ਹੋਈ ਹੈ। ਬਾਕੀ ਪੰਜ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲੀਸ ਨੇ ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਡਾਂਡਾ ਸਥਿਤ ਮੱਧਯਬਿੰਦੂ ਸੂਬਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਇਸ ਹਾਦਸੇ ਦੀ ਵਿਸਥਾਰਪੂਰਵਕ ਜਾਂਚ ਕਰ ਰਹੀ ਹੈ।
-
National2 months agoਹਸਪਤਾਲ ਵਿੱਚ ਵੈਂਟੀਲੇਟਰ ਫਟਣ ਕਾਰਨ ਲੱਗੀ ਅੱਗ ਵਿੱਚ 3 ਨਵਜੰਮੇ ਬੱਚਿਆਂ ਦੀ ਮੌਤ
-
International4 weeks ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
Mohali2 months agoਬੂਥ ਮਾਰਕੀਟ ਐਸੋਸੀਏਸ਼ਨ ਫੇਜ਼ 2 ਮੁਹਾਲੀ ਦਾ ਵਫਦ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮਿਲਿਆ
-
International1 month agoਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 210 ਹੋਈ, ਕਈ ਲਾਪਤਾ
-
International1 month agoਤਿੱਬਤ ਤੋਂ ਆਏ ਹੜ੍ਹ ਕਾਰਨ ਨੇਪਾਲ ਵਿੱਚ ਭਾਰੀ ਤਬਾਹੀ, ਦਰਜਨਾਂ ਪਿੰਡ ਤਬਾਹ
-
International3 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
