Editorial
ਨਿੱਜੀ ਸਿਹਤ ਸੇਵਾਵਾਂ ਵਿੱਚ ਭਰੋਸੇ ਦਾ ਸੰਕਟ
ਨਿੱਜੀ ਖੇਤਰ (ਭਾਵੇਂ ਉਹ ਸਿਹਤ, ਸਿੱਖਿਆ ਜਾਂ ਕੋਈ ਹੋਰ ਅਦਾਰੇ ਹੋਣ) ਦਾ ਦੇਸ਼ ਦੀ ਤਰੱਕੀ, ਲੋਕਾਂ ਦਾ ਜੀਵਨ ਪੱਧਰ ਸੁਖਾਵਾਂ ਅਤੇ ਪ੍ਰਫੁੱਲਤ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਨਿੱਜੀ ਹਸਪਤਾਲਾਂ ਕਾਰਨ ਮੁਹਾਲੀ ਸਿਹਤ ਸਹੂਲਤਾਂ ਵਿੱਚ ਮੋਹਰੀ ਹੋ ਗਿਆ ਹੈ। ਇੱਥੋਂ ਤੱਕ ਕਿ ਕੋਰੋਨਾ ਕਾਲ ਦੌਰਾਨ ਦਿੱਲੀ, ਗੁਰੂਗ੍ਰਾਮ ਆਦਿ ਸ਼ਹਿਰਾਂ ਤੋਂ ਵੀ ਮਰੀਜ਼ਾਂ ਨੇ ਮੁਹਾਲੀ ਵਿੱਚ ਇਲਾਜ ਕਰਵਾਇਆ। ਪਰ ਕੁਝ ਉਦਾਹਰਨ ਅਜਿਹੀਆਂ ਸਾਹਮਣੇ ਆਉਂਦੀਆਂ ਹਨ ਕਿ ਲੋਕਾਂ ਦਾ ਪ੍ਰਾਈਵੇਟ ਸਿਸਟਮ ਤੋਂ ਮਨ ਖਰਾਬ ਹੋ ਜਾਂਦਾ ਹੈ ਅਤੇ ਬਾਕੀ ਸੰਸਥਾਵਾਂ ਨੂੰ ਵੀ ਲੋਕੀਂ ਉਸੇ ਨਜ਼ਰੀਏ ਨਾਲ ਵੇਖਦੇ ਹਨ। ਜੋ ਤਜ਼ਰਬਾ ਸਾਂਝਾ ਕਰਨ ਜਾ ਰਿਹਾ ਹੈ ਇਹ ਸਿਰਫ਼ ਕਿਸੇ ਇੱਕਾ ਦੁੱਕਾਨਾਲ ਸਬੰਧਿਤ ਹੈ ਪਰ ਇਸ ਨਾਲ ਪੂਰੇ ਵਰਗ ਦੀ ਬਦਨਾਮੀ ਹੁੰਦੀ ਹੈ।
ਫਰਵਰੀ 2026 ਦੌਰਾਨ ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੀ ਬਿਮਾਰੀ ਕਾਰਨ ਨਿੱਜੀ ਹਸਪਤਾਲਾਂ ਦਾ ਬਹੁਤ ਹੀ ਮਨ ਖੱਟਾ ਕਰਨ ਵਾਲਾ ਤਜਰਬਾ ਹੋਇਆ। ਮੇਰੇ ਪੁੱਤਰ ਸਿਮਰਪ੍ਰੀਤ ਸਿੰਘ ਦੇਸਹੁਰਾ ਸਾਹਿਬ ਸਰਦਾਰ ਪਰਵਿੰਦਰ ਜੀਤ ਸਿੰਘ ਧਾਲੀਵਾਲ ਠੰਡ ਲਗਣ ਅਤੇ ਔਖਾ ਸਾਹ ਆਉਣ ਕਾਰਨ ਘਰ ਦੇ ਨੇੜੇ ਹੀ ਦੇ ਨਿੱਜੀ ਹਸਪਤਾਲ ਜਾਂਦੇ ਹਨ ਅਤੇ ਉੱਥੇ ਉਹਨਾਂ ਨੂੰ ਦਾਖਲ ਕਰ ਲਿਆ ਜਾਂਦਾ ਹੈ।
ਦੋ ਕੁ ਦਿਨ ਪਹਿਲਾਂ ਉਹਨਾਂ ਦੀ ਤਬੀਅਤ ਥੋੜੀ ਖਰਾਬ ਹੋਈ ਸੀ। ਮੈਂ ਉਹਨਾਂ ਦਾ ਪਤਾ ਕਰਨ ਲਈ ਉਹਨਾਂ ਦੀ ਪਤਨੀ(ਮੇਰੇ ਬੇਟੇ ਦੀ ਸੱਸ) ਸ਼੍ਰੀਮਤੀ ਜਸਵਿੰਦਰ ਕੌਰ ਧਾਲੀਵਾਲ ਨੂੰ ਹਾਲ ਚਾਲ ਪੁੱਛਣ ਲਈ ਫੋਨ ਕਰ ਲਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਹਸਪਤਾਲ ਦਾਖਲ ਹਨ। ਮੈਂ ਉਹਨਾਂ ਨੂੰ ਮਿਲਣ ਹਸਪਤਾਲ ਗਿਆ ਜਿੱਥੇ ਉਹਨਾਂ ਨੂੰ ਆਕਸੀਜਨ ਲੱਗ ਚੁੱਕੀ ਸੀ, ਪਰੰਤੂ ਉਹਨਾਂ ਵੱਲੋਂ ਦੋਵਾਂ ਹੱਥਾਂ ਦੇ ਅੰਗੂਠੇ ਖੜ੍ਹੇ ਕਰਕੇ ਆਪਣੇ ਆਪ ਨੂੰ ਠੀਕ ਮਹਿਸੂਸ ਕਰਨ ਦਾ ਸੰਦੇਸ਼ ਦਿੱਤਾ। ਮੇਰੀ ਤਸੱਲੀ ਹੋ ਗਈ ਸੀ ।
ਮੈਂ ਖੁਦ ਇਲਾਜ ਕਰ ਰਹੇ ਡਾਕਟਰ ਨੂੰ ਮਿਲ ਕੇ ਇਲਾਜ ਬਾਰੇ ਪੁੱਛਿਆ। ਡਾਕਟਰ ਸਾਹਿਬ ਵੱਲੋਂ ਉਹਨਾਂ ਦੇ ਠੀਕ ਹੋਣ ਦੀ ਉਮੀਦ ਜਤਾਈ ਅਤੇ ਇਲਾਜ ਬਾਰੇ ਦੱਸਿਆ। ਮੈਂ ਉਚੇਚੇ ਤੌਰ ਤੇ ਇਹ ਵੀ ਪੁੱਛ ਲਿਆ ਕਿ ਇਸ ਹਸਪਤਾਲ ਵਿੱਚ ਸਾਰੀਆਂ ਸੁਵਿਧਾਵਾਂ ਅਤੇ ਤਜਰਬੇਕਾਰ ਡਾਕਟਰ ਹਨ ਜਿਸਦਾ ਉਹਨਾਂ ਨੇ ਹਾਂ ਵਿੱਚ ਜਵਾਬ ਦਿੱਤਾ।
ਸਰਦਾਰ ਪਰਵਿੰਦਰਜੀਤ ਸਿੰਘ ਦਾ ਬੇਟਾ ਕੋਮਲਬੀਰ ਸਿੰਘ ਅਤੇ ਧੀ ਸਿਮਰਬੀਰ ਕੌਰ ਦੋਵੇਂ ਕੈਨੇਡਾ ਸੈਟਲ ਹੋਣ ਕਾਰਨ ਮੈਂਨੂੰ ਲੱਗਾ ਕਿ ਇਹਨਾਂ ਦੇ ਇਲਾਜ ਵਿੱਚ ਮੇਰੀ ਸ਼ਮੂਲੀਅਤ ਜ਼ਰੂਰੀ ਹੈ। ਨਾਲ ਹੀ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਜੋ ਹੋਈ। ਉਹਨਾਂ ਦੀ ਧੀ ਕੁਝ ਸਾਲ ਪਹਿਲਾਂ ਮੇਰੇ ਬੇਟੇ ਨਾਲ ਵਿਆਹੀ ਹੋਣ ਕਾਰਨ ਸਾਡੀ ਵੀ ਧੀ ਬਣ ਗਈ ਸੀ। ਬੇਸ਼ੱਕ ਪਰਵਿੰਦਰਜੀਤ ਦੇ ਮਿੱਤਰ, ਰਿਸ਼ਤੇਦਾਰ ਅਤੇ ਭੈਣਾਂ ਵੀ ਉਹਨਾਂ ਦੀ ਦੇਖਭਾਲ ਕਰ ਰਹੀਆਂ ਸਨ।
ਸz. ਧਾਲੀਵਾਲ ਦੀ ਤਬੀਅਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ, ਡਾਕਟਰਾਂ ਵੱਲੋਂ ਵੈਂਟੀਲੇਟਰ ਲਗਾਉਣ ਲਈ ਪਰਿਵਾਰ ਤੋਂ ਹਾਮੀ ਭਰਵਾ ਲਈ ਗਈ। ਤਬੀਅਤ ਕਦੇ ਮਾਸਾ ਕਦੇ ਤੋਲਾ ਹੁੰਦੀ ਰਹੀ। ਆਪਣੀ ਤਸੱਲੀ ਲਈ ਉਹਨਾਂ ਦੀਆਂ ਰਿਪੋਰਟਾਂ ਬਾਰੇ ਹੋਰ ਬਾਹਰਲੇ ਡਾਕਟਰਾਂ ਨਾਲ ਵੀ ਸਲਾਹ ਮਸ਼ਵਰਾ ਕਰਦੇ ਰਹੇ। ਇੱਕ ਦਿਨ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਵੈਂਟੀਲੇਟਰ ਨਾਲ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਐਕਮੋ ਮਸ਼ੀਨ ਦੀ ਲੋੜ ਹੈ। ਐਕਮੋ ਮਸ਼ੀਨ ਬਾਰੇ ਅਸੀਂ ਪਹਿਲਾਂ ਕਦੇ ਸੁਣਿਆ ਜਾਂ ਪੜ੍ਹਿਆ ਨਹੀਂ ਸੀ।
ਪਤਾ ਲੱਗਾ ਕਿ ਐਕਮੋ ਇੱਕ ਮਸ਼ੀਨ ਹੈ ਜੋ ਬਾਹਰੋਂ ਮਰੀਜ਼ ਨੂੰ ਸਹਾਰਾ ਦਿੰਦੀ ਹੈ। ਉਸ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਇਹ ਮਸ਼ੀਨ ਲੁਧਿਆਣਾ ਜਾਂ ਗੁੜਗਾਵਾਂ (ਗੁਰੂਗ੍ਰਾਮ) ਦੇ ਹਸਪਤਾਲਾਂ ਵਿੱਚ ਹੀ ਮਿਲੇਗੀ। ਨਾਲ ਹੀ ਇਹ ਕਹਿ ਕੇ ਵੀ ਡਰਾ ਦਿੱਤਾ ਕਿ ਉੱਥੇ ਲਿਜਾਣਾ ਖ਼ਤਰੇ ਤੋਂ ਖਾਲੀ ਨਹੀਂ। ਇਸ ਕਸ਼ਮਕਸ਼ ਵਿੱਚ ਪਰਿਵਾਰ ਫਸਿਆ ਹੋਇਆ ਸੀ। ਉਦੋਂ ਤੱਕ ਉਹਨਾਂ ਦਾ ਬੇਟਾ ਵੀ ਕੈਨੇਡਾ ਤੋਂ ਪਹੁੰਚ ਚੁੱਕਾ ਸੀ।
ਪਤਾ ਲੱਗਾ ਕਿ ਐਕਮੋ ਮਸ਼ੀਨ ਤਾਂ ਮੁਹਾਲੀ ਸਥਿਤ ਹਸਪਤਾਲ ਵਿੱਚ ਵੀ ਹੈ ਜੋ ਪਹਿਲੇ ਹਸਪਤਾਲ ਤੋਂ ਥੋੜ੍ਹੇ ਜਿਹੇ ਮਿੰਟਾ ਦੀ ਦੂਰੀ ਤੇ ਸਥਿਤ ਹੈ। ਦੋਵਾਂ ਹਸਪਤਾਲਾਂ ਦੀ ਸਹਿਮਤੀ ਨਾਲ ਸ. ਪਰਵਿੰਦਰਜੀਤ ਸਿੰਘ ਧਾਲੀਵਾਲ ਨੂੰ ਦੂਜੇ ਹਸਪਤਾਲ ਵਿੱਚ ਬਦਲ ਦਿੱਤਾ ਗਿਆ। ਪਿਛਲੇ ਹਸਪਤਾਲ ਨੇ ਬਹੁਤ ਮੋਟੇ ਬਿਲ ਦਾ ਭੁਗਤਾਨ ਕਰਵਾਇਆ ਅਤੇ ਅਗਲੇ ਨੇ ਲੱਖਾਂ ਵਿੱਚ ਦਾਖਲਾ ਫੀਸ ਅਤੇ ਹਜ਼ਾਰਾਂ ਵਿੱਚ ਰੋਜ਼ਾਨਾ ਦੇ ਖਰਚਾ ਜਮਾ ਕਰਵਾਉਣ ਦੀ ਸ਼ਰਤ ਰੱਖੀ।
ਪਰਿਵਾਰ ਦੇ ਮੈਂਬਰ ਹਸਪਤਾਲ ਪਏ ਜੀਅ ਨੂੰ ਬਚਾਉਣ ਲਈ ਚਾਹੇ ਪੈਸੇ ਦੀ ਪ੍ਰਵਾਹ ਨਹੀਂ ਕਰਦੇ, ਪਰ ਜਦੋਂ ਖਰਚੇ ਦਾ ਮੀਟਰ ਅੰਨ੍ਹੇਵਾਹ ਚੱਲੇ ਤਾਂ ਵੱਡੇ ਵੱਡਿਆਂ ਦੀ ਨਾਹ ਹੋ ਜਾਂਦੀ ਹੈ। ਖਰਚਿਆਂ ਵਿੱਚ ਨਿੱਤ ਪ੍ਰਤੀ ਦਿਨ ਅਤੇ ਦਿਨਾਂ ਦੀ ਗਿਣਤੀ ਵਧਦੀ ਗਈ। ਹਰ ਰੋਜ਼ ਸ਼ਾਮ ਨੂੰ ਬਣੇ ਬਿਲ ਦਾ ਭੁਗਤਾਨ ਕਰਵਾ ਲਿਆ ਜਾਂਦਾ ਰਿਹਾ। ਇਕ ਦਿਨ ਤਾਂ ਹੱਦ ਹੀ ਹੋ ਗਈ। ਸ਼ਾਮ ਨੂੰ ਬਿਲ ਦਾ ਭੁਗਤਾਨ ਕਰਕੇ ਅਗਲੀ ਸਵੇਰ ਉਹਨਾਂ ਦੇ ਬੇਟੇ ਤੋਂ ਸਾਢੇ ਪੰਜ ਲੱਖ ਰੁਪਏ ਹੋਰ ਮੰਗ ਲਏ। ਉਸਨੇ ਮੈਨੂੰ ਹਸਪਤਾਲ ਬੁਲਾਇਆ। ਮੈਂ ਅਕਾਊਂਟ ਬ੍ਰਾਂਚ ਵਿੱਚ ਪਤਾ ਕੀਤਾ ਕਿ ਰਾਤ-ਰਾਤ ਵਿੱਚ ਸਾਢੇ ਪੰਜ ਲੱਖ ਕਿਵੇਂ ਬਣ ਗਿਆ। ਚੈਕ ਕਰਵਾਇਆ ਗਿਆ ਕਹਿਣ ਲੱਗੇ ਇੱਕ ਲੱਖ ਸੱਤਰ ਹਜ਼ਾਰ ਰੁਪਏ ਜਮਾਂ ਕਰਵਾ ਦਿਓ, ਗਲਤੀ ਲਗ ਗਈ ਸੀ।
ਸਾਡੇ ਸ਼ੱਕ ਦੀ ਸੂਈ ਪਿਛਲੇ ਦਿਨਾਂ ਵਲ ਵੀ ਗਈ ਕਿਉਂਕਿ ਐਕਮੋ ਲਗਾਉਣ ਤੋਂ ਪਹਿਲਾਂ ਦਸ ਲੱਖ ਅਤੇ ਰੋਜ਼ਾਨਾ ਪੰਤਾਲੀ ਹਜ਼ਾਰ ਭਰਨੇ ਸਨ। ਦਸ ਲੱਖ ਵਿੱਚ ਦੋ ਦਿਨਾਂ ਦੇ ਖਰਚੇ ਵੀ ਸ਼ਾਮਲ ਸਨ। ਮੈਂ ਹਿਸਾਬ ਲਗਾਇਆ ਕਿ ਅੱਠ ਦਿਨਾਂ ਦਾ ਦਸ ਲੱਖ, ਜਮਾਂ 6 ਦਿਨਾਂ ਦੇ ਪੰਤਾਲੀ ਪੰਤਾਲੀ ਹਜ਼ਾਰ ਜਮਾਂ ਕਰਕੇ ਬਾਰਾਂ ਲੱਖ ਸੱਤਰ ਹਜ਼ਾਰ ਦੇ ਬਿੱਲ ਬਣਨੇ ਚਾਹੀਦੇ ਹਨ। ਪਰ ਉਹਨਾਂ ਦੇ ਬੇਟੇ ਵੱਲੋਂ ਲਗਭਗ ਉਨੀ ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਸੀ। ਮੰਨਿਆ ਕਿ ਕੁਝ ਹੋਰ ਛੋਟੇ ਮੋਟੇ ਖਰਚੇ ਪੈ ਗਏ ਹੋਣ। ਪਰ ਕਿਸੇ ਦੀ ਮਜ਼ਬੂਰੀ ਦਾ ਇੰਨਾ ਫਾਇਦਾ ਉਠਾਉਣਾ ਤਾਂ ਸਰਾਸਰ ਧੱਕਾ ਹੈ।
ਪਰਿਵਾਰ ਫਿਰ ਵੀ ਚੁੱਪ ਰਿਹਾ ਕਿਉਂਕਿ ਮਰੀਜ਼ ਉਹਨਾਂ ਦੇ ਹੱਥਾਂ ਵਿੱਚ ਸੀ ਅਤੇ ਉਸਨੂੰ ਬਚਾਉਣ ਪੈਸਿਆਂ ਤੋਂ ਵੱਧ ਮਹੱਤਤਾ ਰੱਖਦਾ ਸੀ। ਪਰ ਇੰਨੇ ਖਰਚੇ ਅਤੇ ਹਸਪਤਾਲਾਂ ਦੀ ਇਹ ਧੱਕੇਸ਼ਾਹੀ ਹੋਰ ਵੀ ਭਾਰੂ ਬਣ ਗਈ ਜਦੋਂ ਅਗਲੇ ਦਿਨ ਉਹਨਾਂ ਨੇ ਬੜੇ ਅਰਾਮ ਨਾਲ ਕਹਿ ਦਿੱਤਾ ਕਿ ਅਸੀਂ ਮਰੀਜ਼ ਨੂੰ ਬਚਾ ਨਹੀਂ ਸਕੇ। ਜਿੱਥੇ ਇਸ ਮੌਤ ਨੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਉੱਥੇ ਹਸਪਤਾਲਾਂ ਦੀ ਕਾਰਗੁਜ਼ਾਰੀ ਨੇ ਵੀ ਦਿਲਾਂ ਨੂੰ ਵਲੂੰਧਰ ਦਿੱਤਾ। ਪ੍ਰਾਈਵੇਟ ਹਸਪਤਾਲਾਂ ਦੀ ਇਹ ਲੁੱਟ ਕਦੋਂ ਰੁਕੇਗੀ। ਇਸ ਬਾਰੇ ਲੋਕਾਂ, ਨਿੱਜੀ ਹਸਪਤਾਲ ਮਾਲਕਾਂ ਅਤੇ ਸਰਕਾਰ ਨੂੰ ਵੱਲੋਂ ਸੋਚਣ ਦੀ ਲੋੜ ਹੈ।
ਡਾ. ਬਲਬੀਰ ਸਿੰਘ ਢੋਲ
Editorial
ਸਰਕਾਰੀ ਬੱਸ ਸੇਵਾ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰੇ ਸਰਕਾਰ
ਸਰਕਾਰ ਵਲੋਂ ਆਮ ਲੋਕਾਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਦੇਣ ਲਈ ਸਰਕਾਰੀ ਪੱਧਰ ਤੇ ਬੱਸ ਸੇਵਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਸ ਲੜੀ ਤਹਿਤ ਪੰਜਾਬ ਸਰਕਾਰ ਵਲੋਂ ਵੀ ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਚਲਾਈਆਂ ਜਾਂਦੀਆਂ ਹਨ। ਇਸਦੇ ਨਾਲ ਨਾਲ ਵੱਖ ਵੱਖ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਅਤੇ ਮਿੰਨੀ ਬੱਸਾਂ ਵੀ ਆਮ ਲੋਕਾਂ ਨੂੰ ਇਕ ਤੋਂ ਦੂਜੀ ਥਾਂ ਦਾ ਸਫਰ ਕਰਵਾਉਂਦੀਆਂ ਹਨ। ਇਸ ਸੰਬੰਧੀ ਸਰਕਾਰ ਵਲੋਂ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਉਸ ਵਲੋਂ ਟਰਾਂਸਪੋਰਟ ਖੇਤਰ ਵਿਚ ਸੁਧਾਰ ਕਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਦਾਅਵਿਆਂ ਅਨੁਸਾਰ ਇਸ ਖੇਤਰ ਵਿੱਚ ਪਹਿਲਾਂ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਹੈ, ਪਰੰਤੂ ਅਸਲੀਅਤ ਇਹੀ ਹੈ ਕਿ ਜਮੀਨੀ ਹਾਲਾਤ ਵਿੱਚ ਕੋਈ ਖਾਸ ਫਰਕ ਨਜਰ ਨਹੀਂ ਆਉਂਦਾ ਹੈ।
ਇਸ ਸੰਬੰਧੀ ਜੇਕਰ ਸਰਕਾਰੀ ਬੱਸਾਂ (ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ) ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵਲੋਂ ਭਾਵੇਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਨਵੀਆਂ ਬੱਸਾਂ ਦੀ ਖਰੀਦ ਵੀ ਕੀਤੀ ਗਈ ਹੈ ਪਰੰਤੂ ਹੁਣੇ ਵੀ ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ ਦੀਆਂ ਅਜਿਹੀਆਂ ਵੱਡੀ ਗਿਣਤੀ ਬੱਸਾਂ ਸੜਕਾਂ ਤੇ ਚਲਦੀਆਂ ਹਨ, ਜਿਹਨਾਂ ਵਿੱਚ ਸਫਰ ਕਰਨਾ ਕਾਫੀ ਮੁਸ਼ਕਿਲ ਹੋ ਨਿਬੜਦਾ ਹੈ। ਆਪਣਾ ਸਮਾਂ ਪੁਗਾ ਚੁੱਕੀਆਂ ਇਹ ਬੱਸਾਂ ਜਦੋਂ ਸਟਾਰਟ ਹੁੰਦੀਆਂ ਹਨ ਉਸੇ ਵੇਲੇ ਕਈ ਤਰ੍ਹਾਂ ਦੀਆਂ ਆਵਾਜਾਂ ਕੱਢਣ ਲੱਗ ਜਾਂਦੀਆਂ ਹਨ ਅਤੇ ਇਹਨਾਂ ਆਵਾਜਾਂ ਕਾਰਨ ਕਈ ਵਾਰ ਤਾਂ ਬੱਸ ਵਿੱਚ ਸਵਾਰ ਛੋਟੇ ਬੱਚੇ ਡਰ ਨਾਲ ਰੋਣ ਤਕ ਲੱਗ ਜਾਂਦੇ ਹਨ। ਇਹ ਬੱਸਾਂ ਅਕਸਰ ਰਾਹ ਵਿੱਚ ਖਰਾਬ ਵੀ ਹੋ ਜਾਂਦੀਆਂ ਹਨ, ਜਿਸ ਕਾਰਨ ਇਹਨਾਂ ਬੱਸਾਂ ਵਿੱਚ ਸਫਰ ਕਰ ਰਹੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ।
ਸਰਕਾਰ ਵਲੋਂ ਚਲਾਈਆਂ ਜਾਂਦੀਆਂ ਇਹਨਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਇਹਨਾਂ ਬੱਸਾਂ ਦੇ ਡ੍ਰਾਈਵਰ ਅਤੇ ਕੰਡਕਟਰ ਆਮ ਲੋਕਾਂ ਨਾਲ ਰੁੱਖਾ ਵਿਵਹਾਰ ਕਰਦੇ ਹਨ ਅਤੇ ਉਹਨਾਂ ਦਾ ਵਿਵਹਾਰ ਅਜਿਹਾ ਹੁੰਦਾ ਹੈ ਜਿਵੇਂ ਸਵਾਰੀਆਂ ਬਿਠਾ ਕੇ ਉਹ ਲੋਕਾਂ ਤੇ ਕੋਈ ਅਹਿਸਾਨ ਕਰ ਰਹੇ ਹੋਣ। ਬੱਸਾਂ ਵਿਚ ਸਫਰ ਕਰਨ ਵਾਲੇ ਲੋਕ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਜਿਆਦਾਤਰ ਕੰਡਕਟਰ ਪੈਸੇ ਖੁਲ੍ਹੇ ਨਾ ਹੋਣ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਬਕਾਇਆ ਨਹੀਂ ਮੋੜਦੇ ਅਤੇ ਟਿਕਟ ਦੇ ਪਿੱਛੇ ਲਿਖ ਦਿੰਦੇ ਹਨ। ਜੇਕਰ ਕੋਈ ਇਸਤੇ ਇਤਰਾਜ ਕਰਦਾ ਹੈ ਤਾਂ ਕੰਡਕਟਰ ਖੁੱਲੇ ਪੈਸਿਆਂ ਦੀ ਮੰਗ ਕਰਦੇ ਹਨ ਅਤੇ ਇਸ ਕਾਰਨ ਕਈ ਵਾਰ ਸਵਾਰੀਆਂ ਦੀ ਕੰਡਕਟਰ ਨਾਲ ਬਹਿਸ ਵੀ ਹੁੰਦੀ ਹੈ। ਲੋਕ ਆਮ ਸ਼ਿਕਾਇਤ ਕਰਦੇ ਹਨ ਕਿ ਸਰਕਾਰੀ ਬੱਸਾਂ ਦੇ ਡ੍ਰਾਈਵਰ ਪਿੰਡਾਂ ਦੇ ਬੱਸ ਅੱਡਿਆਂ ਤੇ ਵੀ ਮਰਜੀ ਨਾਲ ਹੀ ਬੱਸ ਰੋਕਦੇ ਹਨ ਅਤੇ ਕਈ ਵਾਰ ਤਾਂ ਇਹ ਬੱਸ ਰੋਕਦੇ ਹੀ ਨਹੀਂ ਹਨ ਅਤੇ ਬੱਸ ਅੱਡੇ ਦੀ ਥਾਂ ਤੋਂ ਕਾਫੀ ਅੱਗੇ ਜਾ ਕੇ ਜਾਂ ਪਹਿਲਾਂ ਹੀ ਬੱਸ ਰੋਕ ਕੇ ਸਵਾਰੀਆਂ ਨੂੰ ਉਤਾਰ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਇਹਨਾਂ ਸਵਾਰੀਆਂ ਨੂੰ ਤੇਜ ਧੁੱਪ ਜਾਂ ਬਰਸਾਤ ਦੌਰਾਨ ਪੈਦਲ ਚੱਲ ਕੇ ਬੱਸ ਅੱਡੇ ਵੱਲ ਆਉਣਾ ਪੈਂਦਾ ਹੈ। ਹਾਲਾਂਕਿ ਇਹਨਾਂ ਬੱਸਾਂ ਦੇ ਸਟਾਪ ਪਹਿਲਾਂ ਹੀ ਤੈਅ ਹੁੰਦੇ ਹਨ ਕਿ ਉਸਨੇ ਕਿੱਥੇ ਕਿੱਥੇ ਰੁਕਣਾ ਹੈ ਪਰੰਤੂ ਇਸਦੇ ਬਾਵਜੂਦ ਕੁੱਝ ਡ੍ਰਾਈਵਰ ਆਪਣੀ ਮਰਜੀ ਨਾਲ ਹੀ ਨਿਰਧਾਰਤ ਥਾਵਾਂ ਤੇ ਬੱਸਾਂ ਰੋਕਦੇ ਹਨ ਅਤੇ ਜੇਕਰ ਕੋਈ ਸਵਾਰੀ ਇਸ ਗੱਲ ਤੇ ਇਤਰਾਜ ਕਰਦੀ ਹੈ ਤਾਂ ਇਸ ਉਸ ਨਾਲ ਮੰਦਾ ਚੰਗਾ ਬੋਲਦੇ ਹਨ। ਡ੍ਰਾਈਵਰਾਂ ਵਲੋਂ ਨਸ਼ਾ ਕਰਕੇ ਬੱਸਾਂ ਚਲਾਉਣ ਦੀ ਸ਼ਿਕਾਇਤ ਵੀ ਆਮ ਹੈ ਅਤੇ ਇਸ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ।
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿਹਨਾਂ ਰੂਟਾਂ ਤੇ ਬੱਸਾਂ ਦੀ ਘਾਟ ਹੁੰਦੀ ਹੈ ਉੱਥੇ ਬੱਸ ਵਿਚ ਸਮਰਥਾ ਤੋਂ ਵੱਧ ਸਵਾਰੀਆਂ ਚੜ੍ਹਾ ਲਈਆਂ ਜਾਂਦੀਆਂ ਹਨ ਅਤੇ ਬੱਸਾਂ ਵਿੱਚ ਭੀੜ ਹੋਣ ਕਰਕੇ ਕਈ ਲੋਕ ਬੱਸ ਦੇ ਦਰਵਾਜੇ ਨਾਲ ਲਮਕ ਕੇ ਸਫਰ ਕਰਦੇ ਵੀ ਵੇਖੇ ਜਾਂਦੇ ਹਨ। ਸਰਕਾਰ ਵਲੋਂ ਸੂਬੇ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲੀਅਤ ਦਿੱਤੇ ਜਾਣ ਨਾਲ ਵੀ ਬੱਸਾਂ ਵਿੱਚ ਭੀੜ ਵਿੱਚ ਵਾਧਾ ਹੋਇਆ ਹੈ ਪਰੰਤੂ ਸਰਕਾਰ ਵਲੋਂ ਨਾ ਤਾਂ ਵੱਧਦੀ ਭੀੜ ਦੇ ਅਨੁਸਾਰ ਰੂਟ ਵਧਾਏ ਗਏ ਹਨ ਅਤੇ ਨਾ ਹੀ ਬੱਸਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਲੋਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਰੋਡਵੇਜ ਵਲੋਂ ਨਵੀਆਂ ਬੱਸਾਂ ਨੂੰ ਤਾਂ ਲੰਬੇ ਰੂਟਾਂ ਤੇ ਹੀ ਭੇਜਿਆ ਜਾਂਦਾ ਹੈ, ਜਦੋਂਕਿ ਆਮ ਰੂਟਾਂ ਤੇ ਰੋਡਵੇਜ ਦੀਆਂ ਖਟਾਰਾ ਹੋ ਚੁੱਕੀਆਂ ਪੁਰਾਣੀਆਂ ਬੱਸਾਂ ਹੀ ਚਲਦੀਆਂ ਹਨ, ਜਿਹਨਾਂ ਵਿਚੋਂ ਜਿਆਦਾਤਰ ਦੀ ਹਾਲਤ ਤਰਸਯੋਗ ਹੁੰਦੀ ਹੈ।
ਸੂਬੇ ਵਿੱਚ ਚਲਦੀਆਂ ਸਰਕਾਰੀ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਉਪਰੋਕਤ ਮਸਲਿਆਂ ਦੇ ਹੱਲ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਸੂਬੇ ਵਿੱਚ ਚਲਾਈ ਜਾਂਦੀ ਬੱਸ ਸੇਵਾ ਵਿੱਚ ਸੁਧਾਰ ਕੀਤਾ ਜਾਵੇ। ਇਸ ਸੰਬੰਧੀ ਜਿੱਥੇ ਬੱਸਾਂ ਦੇ ਡ੍ਰਾਈਵਰਾਂ ਅਤੇ ਕੰਡਕਟਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਤਾੜਨਾ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਲੋਕਾਂ ਪ੍ਰਤੀ ਆਪਣੇ ਵਤੀਰੇ ਵਿੱਚ ਸੁਧਾਰ ਕਰਨ, ਉੱਥੇ ਖਟਾਰਾ ਹੋ ਚੁੱਕੀਆਂ ਬੱਸਾਂ ਦੀ ਥਾਂ ਤੇ ਨਵੀਆਂ ਬੱਸਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਬੱਸਾਂ ਦੀ ਸਮੇਂ ਸਿਰ ਮੁਰਮੰਤ ਅਤੇ ਸਰਵਿਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਜਨਤਕ ਆਵਾਜਾਈ ਦੀ ਸੁਰਖਿਅਤ ਅਤੇ ਆਰਾਮਦੇਹ ਸੇਵਾ ਹਾਸਿਲ ਹੋਵੇ।
Editorial
ਲੋਕਾਂ ਨੂੰ ਮੁਫ਼ਤਖੋਰ ਬਣਾਉਣ ਦੀ ਥਾਂ ਕੰਮ ਦੇ ਮੌਕੇ ਪੈਦਾ ਕਰਨ ਸਰਕਾਰਾਂ
ਮੁਫ਼ਤ ਸਹੂਲਤਾਂ ਨਾਲ ਨਹੀਂ ਬਲਕਿ ਨਾਗਰਿਕਾਂ ਦੀ ਮਿਹਨਤ ਅਤੇ ਹੁਨਰ ਨਾਲ ਹੁੰਦੀ ਹੈ ਦੇਸ਼ ਦੀ ਤਰੱਕੀ
ਭਾਰਤ ਦੀ ਰਾਜਨੀਤੀ ਵਿੱਚ ਇੱਕ ਨਵਾਂ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਨੂੰ ਆਮ ਭਾਸ਼ਾ ਵਿੱਚ ਮੁਫ਼ਤ ਸਹੂਲਤਾਂ ਜਾਂ ਰੇਵੜੀ ਸਭਿਆਚਾਰ ਕਿਹਾ ਜਾਂਦਾ ਹੈ। ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਸਿਆਸੀ ਪਾਰਟੀਆਂ ਜਨਤਾ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਵਾਅਦੇ ਕਰਨੇ ਸ਼ੁਰੂ ਕਰ ਦਿੰਦੀਆਂ ਹਨ। ਕੋਈ ਪਾਰਟੀ ਮੁਫ਼ਤ ਬਿਜਲੀ ਦੇਣ ਦੀ ਗੱਲ ਕਰਦੀ ਹੈ, ਕੋਈ ਹਰ ਮਹੀਨੇ ਲੋਕਾਂ ਦੇ ਖਾਤਿਆਂ ਵਿੱਚ ਨਕਦ ਪੈਸੇ ਪਾਉਣ ਦਾ ਵਾਅਦਾ ਕਰਦੀ ਹੈ ਅਤੇ ਕੋਈ ਹੋਰ ਚੀਜ਼ਾਂ ਮੁਫ਼ਤ ਦੇਣ ਦਾ ਲਾਲਚ ਦਿੰਦੀ ਹੈ।
ਹਾਲਾਂਕਿ ਕਿਸੇ ਵੀ ਦੇਸ਼ ਵਿੱਚ ਗਰੀਬਾਂ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਹੁੰਦਾ ਹੈ, ਪਰ ਸਵਾਲ ਇਹ ਹੈ ਕਿ ਕੀ ਇਹ ਮੁਫ਼ਤ ਦੀਆਂ ਸਹੂਲਤਾਂ ਸੱਚਮੁੱਚ ਸਾਡੇ ਦੇਸ਼ ਦਾ ਭਵਿੱਖ ਸੁਧਾਰ ਰਹੀਆਂ ਹਨ ਜਾਂ ਫਿਰ ਸਾਨੂੰ ਇੱਕ ਅਜਿਹੀ ਮੁਸੀਬਤ ਵੱਲ ਲੈ ਕੇ ਜਾ ਰਹੀਆਂ ਹਨ ਜਿੱਥੋਂ ਨਿਕਲਣਾ ਔਖਾ ਹੋ ਜਾਵੇਗਾ।
ਇੱਕ ਬਹੁਤ ਪੁਰਾਣੀ ਅਤੇ ਸਿਆਣੀ ਕਹਾਵਤ ਹੈ ਕਿ ਕਿਸੇ ਭੁੱਖੇ ਬੰਦੇ ਨੂੰ ਰੋਜ਼ਾਨਾ ਮੱਛੀ ਫੜ ਕੇ ਦੇਣ ਨਾਲੋਂ ਚੰਗਾ ਹੈ ਕਿ ਉਸ ਨੂੰ ਮੱਛੀ ਫੜਨਾ ਸਿਖਾ ਦਿੱਤਾ ਜਾਵੇ। ਜੇ ਤੁਸੀਂ ਕਿਸੇ ਨੂੰ ਮੱਛੀ ਖੁਆਉਂਦੇ ਹੋ ਤਾਂ ਉਸ ਦਾ ਪੇਟ ਸਿਰਫ਼ ਇੱਕ ਦਿਨ ਲਈ ਭਰੇਗਾ, ਪਰ ਜੇ ਤੁਸੀਂ ਉਸ ਨੂੰ ਮੱਛੀ ਫੜਨ ਦਾ ਹੁਨਰ ਸਿਖਾ ਦਿੰਦੇ ਹੋ ਤਾਂ ਉਹ ਸਾਰੀ ਉਮਰ ਆਪਣੀ ਮਿਹਨਤ ਨਾਲ ਰੋਟੀ ਕਮਾ ਸਕਦਾ ਹੈ।
ਅੱਜ ਸਾਡੀਆਂ ਸਰਕਾਰਾਂ ਨੂੰ ਬਿਲਕੁਲ ਇਸੇ ਸੋਚ ਦੀ ਲੋੜ ਹੈ। ਜਦੋਂ ਸਰਕਾਰਾਂ ਹਰ ਚੀਜ਼ ਮੁਫ਼ਤ ਦੇਣ ਲੱਗਦੀਆਂ ਹਨ ਤਾਂ ਲੋਕ ਹੌਲੀ-ਹੌਲੀ ਸਰਕਾਰ ਤੇ ਨਿਰਭਰ ਹੋ ਜਾਂਦੇ ਹਨ। ਇਸ ਨਾਲ ਸਮਾਜ ਵਿੱਚ ਮਿਹਨਤ ਕਰਨ ਦੀ ਆਦਤ ਘਟਣ ਲੱਗਦੀ ਹੈ। ਜਦੋਂ ਕਿਸੇ ਨੂੰ ਲੱਗਦਾ ਹੈ ਕਿ ਉਸ ਦਾ ਗੁਜ਼ਾਰਾ ਬਿਨਾਂ ਕੰਮ ਕੀਤੇ ਹੋ ਸਕਦਾ ਹੈ, ਤਾਂ ਉਸ ਅੰਦਰੋਂ ਅੱਗੇ ਵਧਣ ਅਤੇ ਸੰਘਰਸ਼ ਕਰਨ ਦੀ ਇੱਛਾ ਖ਼ਤਮ ਹੋ ਜਾਂਦੀ ਹੈ। ਇਹ ਸਥਿਤੀ ਕਿਸੇ ਵੀ ਦੇਸ਼ ਦੀ ਤਰੱਕੀ ਲਈ ਚੰਗੀ ਨਹੀਂ ਹੁੰਦੀ।
ਇਸ ਦਾ ਸਭ ਤੋਂ ਵੱਡਾ ਨੁਕਸਾਨ ਦੇਸ਼ ਦੇ ਖ਼ਜ਼ਾਨੇ ਅਤੇ ਆਰਥਿਕਤਾ ਨੂੰ ਹੁੰਦਾ ਹੈ। ਜਦੋਂ ਸਰਕਾਰ ਆਪਣਾ ਬਹੁਤ ਸਾਰਾ ਪੈਸਾ ਮੁਫ਼ਤ ਦੀਆਂ ਚੀਜ਼ਾਂ ਅਤੇ ਸਬਸਿਡੀਆਂ ਤੇ ਖਰਚ ਕਰ ਦਿੰਦੀ ਹੈ, ਤਾਂ ਵਿਕਾਸ ਦੇ ਵੱਡੇ ਕੰਮਾਂ ਲਈ ਪੈਸਾ ਘੱਟ ਜਾਂਦਾ ਹੈ। ਦੇਸ਼ ਨੂੰ ਚੰਗੇ ਸਕੂਲ, ਵੱਡੇ ਹਸਪਤਾਲ, ਪੱਕੀਆਂ ਸੜਕਾਂ ਅਤੇ ਨਵੀਆਂ ਫੈਕਟਰੀਆਂ ਦੀ ਲੋੜ ਹੁੰਦੀ ਹੈ। ਜੇ ਪੈਸਾ ਇਹਨਾਂ ਚੀਜ਼ਾਂ ਤੇ ਖਰਚ ਹੋਵੇਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਾਇਦਾ ਹੋਵੇਗਾ। ਪਰ ਜਦੋਂ ਸਰਕਾਰ ਸਾਰਾ ਪੈਸਾ ਮੁਫ਼ਤ ਦੀਆਂ ਵਸਤਾਂ ਵਿੱਚ ਵੰਡ ਦਿੰਦੀ ਹੈ ਤਾਂ ਵਿਕਾਸ ਦੇ ਕੰਮ ਰੁਕ ਜਾਂਦੇ ਹਨ। ਸਰਕਾਰਾਂ ਨੂੰ ਇਨ੍ਹਾਂ ਸਹੂਲਤਾਂ ਲਈ ਕਈ ਵਾਰ ਕਰਜ਼ਾ ਵੀ ਲੈਣਾ ਪੈਂਦਾ ਹੈ ਅਤੇ ਉਸ ਕਰਜ਼ੇ ਦਾ ਬੋਝ ਵੀ ਅਖੀਰ ਵਿੱਚ ਆਮ ਲੋਕਾਂ ਤੇ ਟੈਕਸ ਦੇ ਰੂਪ ਵਿੱਚ ਹੀ ਪੈਂਦਾ ਹੈ। ਇਸ ਤਰ੍ਹਾਂ ਅਸੀਂ ਅੱਜ ਦੀ ਛੋਟੀ ਜਿਹੀ ਸਹੂਲਤ ਲਈ ਆਪਣਾ ਆਉਣ ਵਾਲਾ ਕੱਲ੍ਹ ਖ਼ਰਾਬ ਕਰ ਰਹੇ ਹਾਂ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਵੋਟਾਂ ਲੈਣ ਦੀ ਰਾਜਨੀਤੀ ਨਾ ਕਰਨ, ਸਗੋਂ ਦੇਸ਼ ਨੂੰ ਮਜ਼ਬੂਤ ਬਣਾਉਣ ਬਾਰੇ ਸੋਚਣ। ਲੋਕਾਂ ਨੂੰ ਸਹਾਰੇ ਦੇਣ ਦੀ ਥਾਂ ਅਜਿਹਾ ਮਾਹੌਲ ਬਣਾਇਆ ਜਾਵੇ ਜਿੱਥੇ ਹਰ ਇੱਕ ਨੂੰ ਕੰਮ ਮਿਲ ਸਕੇ। ਜਦੋਂ ਕੋਈ ਨੌਜਵਾਨ ਆਪਣੀ ਪੜ੍ਹਾਈ ਅਤੇ ਹੁਨਰ ਦੇ ਹਿਸਾਬ ਨਾਲ ਨੌਕਰੀ ਕਰਦਾ ਹੈ ਜਾਂ ਕੋਈ ਕੰਮ ਸ਼ੁਰੂ ਕਰਦਾ ਹੈ, ਤਾਂ ਉਹ ਆਰਥਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਅਤੇ ਉਸ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ। ਮਿਹਨਤ ਨਾਲ ਕਮਾਇਆ ਪੈਸਾ ਇਨਸਾਨ ਨੂੰ ਇੱਜ਼ਤ ਦੀ ਜ਼ਿੰਦਗੀ ਦਿੰਦਾ ਹੈ। ਇੱਕ ਮਿਹਨਤਕਸ਼ ਇਨਸਾਨ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦਾ ਹੈ, ਜਦਕਿ ਮੁਫ਼ਤ ਚੀਜ਼ਾਂ ਦੀ ਆਸ ਰੱਖਣ ਵਾਲਾ ਬੰਦਾ ਹੌਲੀ-ਹੌਲੀ ਸਿਸਟਮ ਤੇ ਬੋਝ ਬਣ ਜਾਂਦਾ ਹੈ।
ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵੀ ਵੱਡੇ ਸੁਧਾਰਾਂ ਦੀ ਲੋੜ ਹੈ। ਸਰਕਾਰਾਂ ਨੂੰ ਸਿਰਫ਼ ਡਿਗਰੀਆਂ ਵੰਡਣ ਵਾਲੇ ਕਾਲਜਾਂ ਦੀ ਥਾਂ ਅਜਿਹੇ ਸੈਂਟਰ ਖੋਲ੍ਹਣੇ ਚਾਹੀਦੇ ਹਨ ਜਿੱਥੇ ਨੌਜਵਾਨਾਂ ਨੂੰ ਕੋਈ ਹੁਨਰ ਸਿਖਾਇਆ ਜਾ ਸਕੇ। ਜੇਕਰ ਬੱਚਿਆਂ ਨੂੰ ਤਕਨੀਕੀ ਕੰਮ ਜਾਂ ਕੋਈ ਹੋਰ ਪੇਸ਼ੇਵਰ ਸਿਖਲਾਈ ਦਿੱਤੀ ਜਾਵੇਗੀ ਤਾਂ ਉਹ ਪੜ੍ਹਾਈ ਖ਼ਤਮ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਣਗੇ। ਇਸਦੇ ਨਾਲ ਹੀ ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਇਹੀ ਉਹ ਖੇਤਰ ਹਨ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸਾਡੇ ਪਿੰਡਾਂ ਵਿੱਚ ਖੇਤੀ ਨਾਲ ਜੁੜੇ ਛੋਟੇ ਕਾਰਖਾਨੇ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਪੇਂਡੂ ਨੌਜਵਾਨਾਂ ਨੂੰ ਕੰਮ ਲਈ ਸ਼ਹਿਰਾਂ ਵੱਲ ਨਾ ਭੱਜਣਾ ਪਵੇ।
ਅਖੀਰ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਭਲਾਈ ਇਸ ਵਿੱਚ ਨਹੀਂ ਹੈ ਕਿ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਕੇ ਉਨ੍ਹਾਂ ਨੂੰ ਕਮਜ਼ੋਰ ਬਣਾਇਆ ਜਾਵੇ। ਸੱਚੀ ਸੇਵਾ ਇਹ ਹੈ ਕਿ ਲੋਕਾਂ ਨੂੰ ਇੰਨਾ ਕਾਬਲ ਬਣਾਇਆ ਜਾਵੇ ਕਿ ਉਹ ਖ਼ੁਦ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ। ਜੇਕਰ ਸਰਕਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਕੰਮ ਕਰਨ ਵਾਲਿਆਂ ਲਈ ਚੰਗਾ ਮਾਹੌਲ ਬਣਾਉਣ, ਤਾਂ ਦੇਸ਼ ਦਾ ਹਰ ਨਾਗਰਿਕ ਮਾਣ ਨਾਲ ਜੀਅ ਸਕੇਗਾ। ਦੇਸ਼ ਦੀ ਤਰੱਕੀ ਮੁਫ਼ਤ ਦੀਆਂ ਸਹੂਲਤਾਂ ਨਾਲ ਨਹੀਂ, ਸਗੋਂ ਨਾਗਰਿਕਾਂ ਦੀ ਮਿਹਨਤ ਅਤੇ ਹੁਨਰ ਨਾਲ ਹੁੰਦੀ ਹੈ।
ਹੁਣ ਸਮਾਂ ਆ ਗਿਆ ਹੈ ਕਿ ਜਨਤਾ ਵੀ ਮੁਫ਼ਤ ਦੇ ਲਾਲਚ ਵਿੱਚ ਆਉਣ ਦੀ ਬਜਾਏ ਸਰਕਾਰਾਂ ਤੋਂ ਰੁਜ਼ਗਾਰ, ਬਿਹਤਰ ਸਕੂਲ ਅਤੇ ਵਧੀਆ ਹਸਪਤਾਲਾਂ ਦੀ ਮੰਗ ਕਰੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇੱਕ ਮਜ਼ਬੂਤ ਦੇਸ਼ ਵਿੱਚ ਰਹਿ ਸਕੇ।
ਚਾਨਣਦੀਪ ਸਿੰਘ ਔਲਖ
ਸੰਪਰਕ 9876888177
Editorial
ਸੜਕ ਹਾਦਸਿਆਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ
ਬੀਤੇ ਮੰਗਲਵਾਰ ਦੀ ਰਾਤ ਸਮੇਂ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦੇ ਪਲਟ ਜਾਣ ਕਾਰਨ ਛੇ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਪਰ ਗੰਭੀਰ ਹਾਲਤ ਦੇ ਚਲਦਿਆਂ ਅਗਲੀ ਸਵੇਰ 5 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਜਿਸ ਕਾਰਨ ਮੌਤਾਂ ਦੀ ਕੁੱਲ ਗਿਣਤੀ 11 ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਬੱਸੀ ਪਠਾਣਾ ਦੇ ਮੋਰਿੰਡਾ-ਚੁੰਨੀ ਰੋਡ ਇਲਾਕੇ ਵਿੱਚ ਹਿੰਮਤਪੁਰਾ ਦੇ ਨੇੜੇ ਵਾਪਰੀ, ਜਦੋਂ ਸ਼ਰਧਾਲੂ ਵਿਸਾਖੀ ਦੇ ਮੌਕੇ ਤੇ ਮੱਥਾ ਟੇਕਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸਨ।
ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਅਨੇਕਾਂ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਹਨਾਂ ਵਿੱਚ ਅਨੇਕਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਜ਼ਖ਼ਮੀ ਹੋ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਬੱਸ ਸੜਕ ਤੇ ਪਏ ਟੋਇਆ ਕਾਰਨ ਬੇਕਾਬੂ ਹੋ ਕੇ ਪਲਟ ਗਈ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਸ ਹਾਦਸੇ ਲਈ ਮੁੱਖ ਤੌਰ ਤੇ ਸੜਕ ਦੀ ਮਾੜੀ ਹਾਲਤ ਜ਼ਿੰਮੇਵਾਰ ਹੈ।
ਪੰਜਾਬ ਵਿੱਚ ਜਿਵੇਂ ਜਿਵੇਂ ਵਾਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਸੇ ਹਿਸਾਬ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਹ ਠੀਕ ਹੈ ਕਿ ਪੰਜਾਬ ਵਿੱਚ ਅਨੇਕਾਂ ਨਵੀਆਂ ਸੜਕਾਂ ਬਣ ਚੁੱਕੀਆਂ ਹਨ ਅਤੇ ਦੋ ਮਾਰਗੀ ਸੜਕਾਂ ਨੂੰ ਚਾਰ ਮਾਰਗੀ ਵੀ ਬਣਾਇਆ ਜਾ ਚੁੱਕਿਆ ਹੈ। ਪੰਜਾਬ ਵਿੱਚ ਨਿਕਲਦੇ ਨੈਸ਼ਨਲ ਹਾਈਵੇ ਵੀ ਚੰਗੀ ਹਾਲਤ ਵਿੱਚ ਹਨ, ਪਰੰਤੂ ਇਸ ਦੇ ਬਾਵਜੂਦ ਸੜਕ ਹਾਦਸਿਆਂ ਦੀ ਰਫਤਾਰ ਨੂੰ ਅਜੇ ਤਕ ਬਰੇਕਾਂ ਨਹੀਂ ਲੱਗ ਸਕੀਆਂ।
ਸਿਰਫ਼ ਪੰਜਾਬ ਹੀ ਨਹੀਂ ਬਲਕਿ ਭਾਰਤ ਅਤੇ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਸੜਕ ਹਾਦਸੇ ਵਾਪਰ ਰਹੇ ਹਨ, ਜਿਹਨਾਂ ਦੇ ਕਈ ਕਾਰਨ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਸਾਲ ਗਲੋਬਲ ਰੋਡ ਸੇਫਟੀ ਵੀਕ ਦੌਰਾਨ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ ਅਨੁਸਾਰ ਵਿਸ਼ਵ ਪੱਧਰ ਤੇ ਹਰ ਸਾਲ ਸੜਕ ਹਾਦਸਿਆਂ ਵਿੱਚ 1.35 ਮਿਲੀਅਨ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ 50 ਮਿਲੀਅਨ ਤੋਂ ਵੱਧ ਲੋਕਾਂ ਨੂੰ ਗੰਭੀਰ ਸਰੀਰਕ ਸੱਟਾਂ ਲੱਗਦੀਆਂ ਹਨ। ਰਿਪੋਰਟ ਮੁਤਾਬਕ ਦੁਨੀਆ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 11 ਫੀਸਦੀ ਹਿੱਸਾ ਭਾਰਤ ਦਾ ਹੈ। ਸੜਕ ਹਾਦਸਿਆਂ ਕਾਰਨ ਭਾਰਤ ਨੂੰ ਹੋਏ ਨੁਕਸਾਨ ਦੇ ਵਿਸ਼ਵ ਬੈਂਕ ਦੇ ਮੁਲਾਂਕਣ ਦੇ ਅਨੁਸਾਰ, 18-45 ਸਾਲ ਦੀ ਉਮਰ ਦੇ ਲੋਕਾਂ ਵਿੱਚ ਸੜਕ ਹਾਦਸਿਆਂ ਕਾਰਨ ਮੌਤ ਦਰ ਸਭ ਤੋਂ ਵੱਧ 69 ਪ੍ਰਤੀਸ਼ਤ ਹੈ। ਇਸ ਤੋਂ ਇਲਾਵਾ 54 ਪ੍ਰਤੀਸ਼ਤ ਮੌਤਾਂ ਅਤੇ ਗੰਭੀਰ ਸੱਟਾਂ ਮੁੱਖ ਤੌਰ ਤੇ ਕਮਜ਼ੋਰ ਵਰਗਾਂ ਜਿਵੇਂ ਕਿ ਪੈਦਲ ਚੱਲਣ ਵਾਲੇ, ਸਾਈਕਲ ਸਵਾਰਾਂ ਅਤੇ ਦੋਪਹੀਆ ਵਾਹਨ ਸਵਾਰਾਂ ਆਦਿ ਵਿੱਚ ਦੇਖੇ ਜਾਂਦੇ ਹਨ। ਭਾਰਤ ਵਿੱਚ 5 ਤੋਂ 29 ਸਾਲ ਦੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਵਿੱਚ ਮੌਤ ਦਾ ਮੁੱਖ ਕਾਰਨ ਸੜਕ ਹਾਦਸੇ ਹਨ। ਵਿਸ਼ਵ ਸੜਕ ਅੰਕੜਿਆਂ ਦੇ ਅਨੁਸਾਰ, 2018 ਵਿੱਚ ਸੜਕ ਦੁਰਘਟਨਾਵਾਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਸਥਾਨ ਤੇ ਹੈ। ਇਸ ਤੋਂ ਬਾਅਦ ਚੀਨ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ।
ਸੜਕ ਹਾਦਸੇ ਆਮ ਤੌਰ ਤੇ ਤੇਜ਼ ਰਫਤਾਰ ਅਤੇ ਗਲਤ ਸਾਈਡ ਤੋਂ ਵਾਹਨ ਚਲਾਉਣ ਕਾਰਨ ਵਾਪਰਦੇ ਹਨ। ਅਚਾਨਕ ਹੀ ਕੋਈ ਵਾਹਨ ਉਲਟੀ ਦਿਸ਼ਾ ਵਿਚੋਂ ਆ ਜਾਵੇ ਜਾਂ ਲਿੰਕ ਰੋਡ ਜਾਂ ਕੱਚੇ ਰਸਤੇ ਤੋਂ ਅਚਾਨਕ ਹੀ ਮੁੱਖ ਸੜਕ ਤੇ ਚੜ ਆਵੇ ਤਾਂ ਮੁੱਖ ਸੜਕ ਤੇ ਤੇਜ਼ ਰਫਤਾਰ ਨਾਲ ਜਾ ਰਹੇ ਵਾਹਨਾਂ ਨਾਲ ਉਸਦੀ ਟੱਕਰ ਹੋਣ ਦਾ ਖਤਰਾ ਬਣ ਜਾਂਦਾ ਹੈ। ਖਰਾਬ ਸੜਕ ਕਾਰਨ ਭਾਵੇਂ ਵਾਹਨਾਂ ਦੀ ਰਫਤਾਰ ਮੱਠੀ ਹੁੰਦੀ ਹੈ ਪਰ ਡਿਊਟੀ ਅਤੇ ਹੋਰ ਕੰਮ ਧੰਦਿਆਂ ਨੂੰ ਜਾਣ ਵਾਲੇ ਲੋਕਾਂ ਨੇ ਸਮੇਂ ਸਿਰ ਆਪਣੀ ਮੰਜਿਲਾ ਤੇ ਪਹੁੰਚਣਾ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਤੇਜ ਰਫਤਾਰ ਵਾਹਨ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ। ਉਂਝ ਵੀ ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਤੇ ਵਾਹਨ ਤੇਜ਼ ਰਫਤਾਰ ਵਿੱਚ ਹੀ ਚੱਲਦੇ ਹਨ। ਇਸ ਕਰਕੇ ਕੱਚੇ ਰਸਤਿਆਂ, ਲਿੰਕ ਰੋਡਾਂ ਅਤੇ ਨਾਜਾਇਜ਼ ਕੱਟਾਂ ਤੋਂ ਮੁੱਖ ਸੜਕਾਂ ਤੇ ਆਉਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ‘ਰੋਡ ਐਕਸੀਡੈਂਟਸ ਇਨ ਇੰਡੀਆ’ ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 68 ਫ਼ੀਸਦੀ ਮੌਤਾਂ ਪੇਂਡੂ ਖੇਤਰਾਂ ਵਿੱਚ ਹੋਈਆਂ, ਜਦੋਂ ਕਿ ਕੁੱਲ ਹਾਦਸਿਆਂ ਵਿੱਚ ਸ਼ਹਿਰੀ ਖੇਤਰਾਂ ਦਾ ਯੋਗਦਾਨ 32 ਫ਼ੀਸਦੀ ਸੀ। ਹਾਦਸਿਆਂ ਅਤੇ ਮੌਤਾਂ ਦੋਵਾਂ ਵਿੱਚ ਦੋਪਹੀਆ ਵਾਹਨਾਂ ਦਾ ਸਭ ਤੋਂ ਵੱਧ ਹਿੱਸਾ ਸੀ। ਅਕਸਰ ਵੇਖਣ ਵਿੱਚ ਆਇਆ ਹੈ ਕਿ ਦੋ ਪਹੀਆ ਵਾਹਨ ਚਾਲਕ ਤੇਜ ਰਫਤਾਰ ਨਾਲ ਵਾਹਨ ਚਲਾਉਂਦੇ ਹਨ। ਇਸ ਤੋਂ ਇਲਾਵਾ ਸਕੂੁਲੀ ਬੱਚੇ ਵੀ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਵਾਹਨਾਂ ਨਾਲ ਸੜਕਾਂ ਤੇ ਕਰਤੱਬ ਦਿਖਾਉਂਦੇ ਹਨ। ਇਸ ਕਾਰਨ ਵੀ ਅਕਸਰ ਹਾਦਸੇ ਵਾਪਰ ਜਾਂਦੇ ਹਨ।
ਸੜਕ ਹਾਦਸੇ ਰੋਕਣ ਲਈ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਤੇਜ ਰਫਤਾਰ ਵੀ ਸੀਮਿਤ ਕੀਤੀ ਜਾਣੀ ਚਾਹੀਦੀ ਹੈ। ਸੜਕਾਂ ਚੌੜੀਆਂ ਕਰਨ ਸਮੇਂ ਸੜਕ ਹਾਦਸੇ ਰੋਕਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਕਰੇ ਤਾਂ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਹੋ ਰਹੇ ਹਾਦਸਿਆਂ ਤੋਂ ਬਚਾਓ ਹੋ ਸਕੇ।
ਬਿਊਰੋ
-
International2 months ago
ਇਰਾਨ ਵਿੱਚ ਮੌਜੂਦ ਹਨ 10,000 ਤੋਂ ਵਧੇਰੇ ਭਾਰਤੀ
-
International2 months agoਲੰਡਨ ਵਿੱਚ ਮਕਾਨ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
National2 months agoਛਿੜ ਗਿਆ ਵਿਸ਼ਵ ਯੁੱਧ : ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ਤੇ ਹਵਾਈ ਹਮਲਾ
-
Mohali4 weeks agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Chandigarh2 months ago
ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
