Editorial
ਕੈਨੇਡਾ ਵਿੱਚ ਸਿੱਖ ਕਿਉਂ ਹੋ ਰਹੇ ਹਨ ਨਫ਼ਰਤ ਦਾ ਸ਼ਿਕਾਰ?
ਕੈਨੇਡਾ ਨੂੰ ਸਿੱਖਾਂ ਦਾ ਦੂਜਾ ਘਰ ਕਿਹਾ ਜਾਂਦਾ ਹੈ ਅਤੇ ਕੈਨੇਡਾ ਵਿੱਚ ਇਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਉੁਹਨਾਂ ਨੂੰ ਅਜੇ ਵੀ ਨਸਲੀ ਵਿਤਕਰੇ ਅਤੇ ਨਫਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਆਸਟ੍ਰੇਲੀਆ ਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਵੀ ਸਿੱਖਾਂ ਨਾਲ ਨਸਲੀ ਵਿਤਕਰੇ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਕੈਨੇਡਾ ਵਿੱਚ ਇਹਨਾਂ ਘਟਨਾਵਾਂ ਦੀ ਗਿਣਤੀ ਵੱਧ ਹੈ, ਜਿਸ ਕਾਰਨ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਂ ਨੇ ਕੈਨੇਡਾ ਦੇ ਉਸ ਦਾਅਵੇ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਜਿਸ ਵਿੱਚ ਉਹ ਆਪਣੇ-ਆਪ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਅਤੇ ਬਹੁ ਸੱਭਿਆਚਾਰਕ ਦੇਸ਼ ਮੰਨਦਾ ਹੈ। ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ 10 ਵਿੱਚੋਂ 7 ਸਿੱਖ ਆਪਣੇ ਨਾਲ ਹੋਈ ਨਫ਼ਰਤ ਭਰੀ ਘਟਨਾ ਦੀ ਸ਼ਿਕਾਇਤ ਪੁਲੀਸ ਕੋਲ ਨਹੀਂ ਕਰਦੇ। ਇਹ ਅੰਕੜਾ ਕੈਨੇਡਾ ਦੇ ਕਾਨੂੰਨੀ ਸਿਸਟਮ ਅਤੇ ਪੁਲੀਸ ਪ੍ਰਸ਼ਾਸਨ ਲਈ ਇੱਕ ਸ਼ੀਸ਼ਾ ਹੈ। ਜਦੋਂ ਕਿਸੇ ਭਾਈਚਾਰੇ ਦਾ ਸਿਸਟਮ ਤੋਂ ਭਰੋਸਾ ਉੱਠ ਜਾਂਦਾ ਹੈ, ਤਾਂ ਉਹ ਨਫ਼ਰਤ ਨੂੰ ਆਪਣੀ ‘ਕਿਸਮਤ’ ਮੰਨ
ਕੇ ਸਹਿਣ ਕਰਨ ਲੱਗ ਜਾਂਦਾ ਹੈ। ਪੀੜਤਾਂ ਵਿੱਚ ਇਹ ਡਰ ਕਿ ਰਿਪੋਰਟ ਕਰਨ ਨਾਲ ਉਹ ਹੋਰ ਮੁਸੀਬਤ ਵਿੱਚ ਫਸ ਜਾਣਗੇ ਜਾਂ ਪੁਲੀਸ ਕੋਈ ਕਾਰਵਾਈ ਨਹੀਂ ਕਰੇਗੀ, ਨਸਲਵਾਦੀ ਗੁੰਡੇ ਉਨ੍ਹਾਂ ਉਪਰ ਹਮਲਾਵਰ ਹੋਣਗੇ, ਇੱਕ ਸਿਹਤਮੰਦ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਭਾਵੇਂ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਕਸਤ ਮੁਲਕ ਹੋਣ ਦਾ ਦਾਅਵਾ ਕਰਦਾ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਰਾਖਾ ਕਹਾਉਂਦਾ ਹੈ ਪਰ ਇਸ ਦੇਸ਼ ਵਿੱਚ ਸਿੱਖਾਂ ਨਾਲ ਨਸਲੀ ਵਿਤਕਰਾ ਅਤੇ ਨਫ਼ਰਤੀ ਅਪਰਾਧ ਹੋ ਰਹੇ ਹਨ, ਜਿਹਨਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।
ਵਰਲਡ ਸਿੱਖ ਆਰਗੇਨਾਜੇਸ਼ਨ ਦੇ ਪ੍ਰਧਾਨ ਦੈਨਿਸ਼ ਸਿੰਘ ਦਾ ਕਹਿਣਾ ਹੇ ਕਿ ਰਿਪੋਰਟਿੰਗ ਦੀ ਕਮੀ ਦੇ ਮੁੱਖ ਕਾਰਨ ਸਿਸਟਮ ਤੇ ਭਰੋਸੇ ਦੀ ਘਾਟ ਅਤੇ ਗੁੰਝਲਦਾਰ ਕਾਨੂੰਨੀ ਪ੍ਰਕਿਰਿਆ ਹਨ। ਬਹੁਤ ਸਾਰੇ ਸਿੱਖ ਰੋਜ਼ਾਨਾ ਦੀਆਂ ਟਿੱਪਣੀਆਂ ਨੂੰ ਆਪਣੀ ਕਿਸਮਤ ਮੰਨ ਕੇ ਸਹਿ ਲੈਂਦੇ ਹਨ। ਉਹ ਮੰਗ ਕਰਦੇ ਹਨ ਕਿ ਕੈਨੇਡੀਅਨ ਸਰਕਾਰ ‘ਐਂਟੀ-ਸਿੱਖ ਹੇਟ’ ਨੂੰ ਇੱਕ ਵੱਖਰੀ ਸ਼੍ਰੇਣੀ ਵਜੋਂ ਮਾਨਤਾ ਦੇਵੇ, ਜਿਵੇਂ ਇਸਲਾਮੋਫੋਬੀਆ ਲਈ ਕੀਤਾ ਗਿਆ ਸੀ।
ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਵੱਡੀ ਗਿਣਤੀ ਸਿੱਖ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਅਤੇ ਘਰ ਵੇਚ ਕੇ ਕੈਨੇਡਾ ਗਏ ਹਨ ਜਿਸ ਕਰਕੇ ਉਹ ਵਾਪਸ ਪੰਜਾਬ ਵੀ ਪਰਤ ਨਹੀਂ ਸਕਦੇ। ਇਸ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਕਰਜ਼ਾ ਲੈ ਕੇ ਕੈਨੇਡਾ ਗਏ ਹਨ। ਕਰਜ਼ਾ ਉਤਾਰੇ ਬਿਨਾਂ ਉਹਨਾਂ ਦਾ ਕੈਨੇਡਾ ਤੋਂ ਪੰਜਾਬ ਪਰਤ ਆਉਣਾ ਸੰਭਵ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਆ ਕੇ ਵਿਹਲੇ ਰਹਿ ਕੇ ਉਹ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜ ਸਕਦੇ।
ਕੈਨੇਡਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਵਿੱਚ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਰਕੇ ਨੂੰ ਬੰਦ ਕਰਵਾਉਣ ਲਈ ਉਪਰਾਲੇ ਕਰੇ। ਇਸ ਦੇ ਨਾਲ ਸਿੱਖਾਂ ਵਿਰੁੱਧ ਨਫਰਤੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਬਿਊਰੋ
Editorial
ਸ਼ਹਿਰ ਦੀਆਂ ਮਾਰਕੀਟਾਂ ਵਿੱਚ ਗੱਡੀਆਂ ਦੀ ਪਾਰਕਿੰਗ ਦੇ ਪ੍ਰਬੰਧ ਵਿਚ ਸੁਧਾਰ ਕਰੇ ਪ੍ਰਸ਼ਾਸਨ
ਸਾਡੇ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨਾਂ ਨੂੰ ਖੜ੍ਹਾ ਕਰਨ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਰਨ ਮਾਰਕੀਟਾਂ ਵਿੱਚ ਜਾਣ ਵਾਲੇ ਆਮ ਲੋਕਾਂ ਵਲੋਂ ਅਕਸਰ ਆਪਣੇ ਵਾਹਨ ਮਨਮਰਜੀ ਅਤੇ ਆੜੇ ਤਿਰਛੇ ਢੰਗ ਨਾਲ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਪਾਰਕਿੰਗ ਵਿੱਚ ਹਰ ਵੇਲੇ ਵਾਹਨਾਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ। ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਾਰਕੀਟਾਂ ਵਿੱਚ ਪਹੁੰਚਣ ਵਾਲੇ ਵਾਹਨ ਚਾਲਕਾਂ ਦਾ ਜਿੱਥੇ ਦਿਲ ਕਰਦਾ ਹੈ, ਉਹ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਆਪਣੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਵੱਡੀ ਸਮੱਸਿਆ ਪੇਸ਼ ਆਉਂਦੀ ਹੈ।
ਇਸ ਵੇਲੇ ਹਾਲਾਤ ਇਹ ਹੋ ਚੁੱਕੇ ਹਨ ਕਿ ਸ਼ਹਿਰ ਵਿਚਲੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਬੇਤਰਤੀਬ ਢੰਗ ਨਾਲ ਖੜ੍ਹੇ ਵਾਹਨ ਦਿਖਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਜਿਹੜੇ ਪਾਰਕਿੰਗ ਵਿੱਚ ਵਾਹਨ ਖੜ੍ਹਾ ਕਰਨ ਦੀ ਥਾਂ ਨਾ ਮਿਲਣ ਤੇ ਕਿਸੇ ਹੋਰ ਵਾਹਨ ਦੇ ਪਿੱਛੇ ਆਪਣਾ ਵਾਹਨ ਖੜ੍ਹਾ ਕਰਕੇ ਆਪਣੇ ਕੰਮ ਤੇ ਚਲੇ ਜਾਂਦੇ ਹਨ। ਬਾਅਦ ਵਿੱਚ ਜਦੋਂ ਪਹਿਲਾਂ ਤੋਂ ਖੜ੍ਹੇ ਵਾਹਨ ਦਾ ਚਾਲਕ ਵਾਪਸ ਜਾਣ ਲਈ ਆਪਣੀ ਗੱਡੀ ਤਕ ਪਹੁੰਚਦਾ ਹੈ ਤਾਂ ਉਸਨੂੰ ਆਪਣਾ ਵਾਹਨ ਬਾਹਰ ਕੱਢਣ ਲਈ ਥਾਂ ਨਹੀਂ ਮਿਲਦੀ ਅਤੇ ਉਸਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਤਰੀਕੇ ਨਾਲ ਕੀਤੀ ਜਾਂਦੀ ਬੇਤਰਤੀਬ ਪਾਰਕਿੰਗ ਕਾਰਨ ਕਈ ਵਾਰ ਤਾਂ ਵਾਹਨ ਚਾਲਕਾਂ ਵਿਚਾਲੇ ਝਗੜੇ ਅਤੇ ਹੱਥੋਪਾਈ ਦੀ ਨੌਬਤ ਵੀ ਆ ਜਾਂਦੀ ਹੈ।
ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿਗਾਂ ਦੇ ਰੱਖ ਰਖਾਓ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਅਤੇ ਜੇਕਰ ਇਸ ਸੰਬੰਧੀ ਨਗਰ ਨਿਗਮ ਦੀ ਕਾਰਗੁਜਾਰੀ ਗੱਲ ਕੀਤੀ ਜਾਵੇ ਤਾਂ ਉਸ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਮਾੜੀ ਹਾਲਤ ਵਿੱਚ ਹਨ ਅਤੇ ਉਹਨਾਂ ਵਿੱਚ ਖੱਡੇ ਪਏ ਹੋਏ ਹਨ। ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਲਈ ਲਗਾਈਆਂ ਲਾਈਨਾਂ ਵੀ ਮਿਟ ਚੁੱਕੀਆਂ ਹਨ। ਪਾਰਕਿੰਗਾਂ ਵਿੱਚ ਇਹ ਜਾਣਕਾਰੀ ਦੇਣ ਲਈ ਵੀ ਕੋਈ ਬੋਰਡ ਜਾਂ ਨਿਸ਼ਾਨ ਨਹੀਂ ਲਗਾਏ ਗਏ ਹਨ ਜਿਸ ਨਾਲ ਇਹ ਪਤਾ ਚਲ ਸਕੇ ਕਿ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਕਿਹੜੇ ਪਾਸੇ ਖੜੇ ਕਰਨੇ ਹਨ ਅਤੇ ਚਾਰ ਪਹੀਆ ਵਾਹਨਾਂ ਵਾਸਤੇ ਕਿਹੜੀ ਥਾਂ ਤੈਅ ਕੀਤੀ ਗਈ ਹੈ। ਇਸੇ ਦਾ ਨਤੀਜਾ ਹੈ ਕਿ ਮਾਰਕੀਟਾਂ ਵਿੱਚ ਜਾਣ ਵਾਲੇ ਆਮ ਵਾਹਨ ਚਾਲਕ ਮਨ ਮਰਜੀ ਨਾਲ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ ਅਤੇ ਇਹਨਾਂ ਪਾਰਕਿੰਗਾਂ ਵਿੱਚ ਅੱਗੇ ਪਿੱਛੇ ਖੜ੍ਹੇ ਵਾਹਨਾਂ ਕਾਰਨ ਹਾਲਾਤ ਬੇਹਾਲ ਰਹਿੰਦੇ ਹਨ।
ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਰੇਹੜੀ ਫੜੀ ਵਾਲਿਆਂ ਵਲੋਂ ਨਾਜਾਇਜ ਕਬਜਾ ਕਰਕੇ ਖਾਣ ਪੀਣ ਦਾ ਸਾਮਾਨ ਵੇਚਣ ਦੀ ਕਾਰਵਾਈ ਵੀ ਪਾਰਕਿੰਗ ਵਿਵਸਥਾ ਵਿੱਚ ਵੱਡੀ ਰੁਕਾਵਟ ਬਣਦੀ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਤਰੀਕੇ ਨਾਲ ਨਾਜਾਇਜ ਕਬਜਾ ਕਰਕੇ ਲਗਾਈਆਂ ਜਾਂਦੀਆਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਤੇ ਕਾਬੂ ਕਰਨ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾਂਦੀ। ਇਹ ਰੇਹੜੀਆਂ ਫੜੀਆਂ ਵਾਲੇ ਆਪਣੇ ਆਸ ਪਾਸ ਦੀ ਥਾਂ ਤੇ ਲੋਕਾਂ ਦੇ ਬੈਠਣ ਦਾ ਜੁਗਾੜ ਵੀ ਕਰ ਲੈਂਦੇ ਹਨ ਤਾਂ ਜੋ ਉਹਨਾਂ ਕੋਲ ਆਉਣ ਵਾਲੇ ਗ੍ਰਾਹਕ ਉੱਥੇ ਬੈਠ ਸਕਣ ਅਤੇ ਇਸ ਸਾਰੇ ਕੁੱਝ ਕਾਰਨ ਮਾਰਕੀਟਾਂ ਵਿੱਚ ਆਉਣ ਵਾਲ ਲੋਕਾਂ ਨੂੰ ਆਪਣਾ ਵਾਹਨ ਖੜ੍ਹਾਉਣ ਲਈ ਲੋੜੀਂਦੀ ਥਾਂ ਨਾ ਮਿਲਣ ਕਾਰਨ ਪਰੇਸ਼ਾਨ ਹੋਣਾ ਪੈਂਦਾ ਹੈ।
ਇਸ ਸੰਬੰਧੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੇ ਨੁਮਾਇੰਦਿਆਂ ਵਲੋਂ ਸਮੇਂ ਸਮੇਂ ਤੇ ਨਗਰ ਨਿਗਮ ਤੋਂ ਮੰਗ ਕੀਤੀ ਜਾਂਦੀ ਹੈ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਅਤੇ ਇਹਨਾਂ ਵਿੱਚ ਲਾਈਨਾਂ ਅਤੇ ਸਿਗਨਲ ਆਦਿ ਲਗਾਏ ਜਾਣ ਪਰੰਤੂ ਇਸ ਪੱਖੋਂ ਨਗਰ ਨਿਗਮ ਦੀ ਕਾਰਗੁਜਾਰੀ ਸਿਰਫ ਖਾਨਾਪੂਰਤੀ ਕਰਨ ਤਕ ਸੀਮਿਤ ਹੈ। ਇਹੀ ਕਾਰਨ ਹੈ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਆਉਣ ਵਾਲੇ ਲੋਕ ਪਹਿਲਾਂ ਆਪਣਾ ਵਾਹਨ ਖੜ੍ਹਾ ਕਰਨ ਅਤੇ ਫਿਰ ਦੂਜਿਆਂ ਤੋਂ ਪਹਿਲਾਂ ਆਪਣਾ ਵਾਹਨ ਬਾਹਰ ਕੱਢਣ ਲਈ ਆਪਸ ਵਿੱਚ ਬਹਿਸਦੇ ਨਜਰ ਆਉਂਦੇ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ।
ਇਸ ਸਮੱਸਿਆ ਦੇ ਹਲ ਲਈ ਨਗਰ ਨਿਗਮ ਵਲੋਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਗਰ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਲੋੜੀਂਦੇ ਕਦਮ ਚੁੱਕਣ ਅਤੇ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਲਈ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਵਾਸਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਲੋੜੀਂਦੀ ਮੁਰਮੰਤ ਕਰਕੇ ਉੱਥੇ ਵਾਹਨ ਖੜ੍ਹਾਉਣ ਲਈ ਲਾਈਨਾਂ ਅਤੇ ਹੋਰ ਸਿਗਨਲ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ।
Editorial
ਆਰਥਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਵੀ ਜਰੂਰੀ
ਪੰਜਾਬ ਸਰਕਾਰ ਇੱਕ ਪਾਸੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਵੱਡੀ ਗਿਣਤੀ ਲੋਕ ਮਿਹਨਤ ਕਰਕੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਉਦਯੋਗਾਂ, ਫੈਕਟਰੀਆਂ ਆਦਿ ਚਲਾ ਕੇ ਹੋਰਨਾਂ ਨੂੰ ਵੀ ਰੁਜਗਾਰ ਦੇ ਰਹੇ ਹਨ। ਇਸ ਤਰਾਂ ਵੱਡੀ ਗਿਣਤੀ ਲੋਕ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ।
ਪਰੰਤੂ ਇਹ ਵੀ ਕੌੜੀ ਹਕੀਕਤ ਹੈ ਕਿ ਆਰਥਿਕ ਵਿਕਾਸ ਦੀ ਆੜ ਵਿੱਚ ਅਕਸਰ ਵਾਤਾਵਰਣ ਦਾ ਘਾਣ ਕੀਤਾ ਜਾਂਦਾ ਹੈ ਜਾਂ ਇਹ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣ ਦਾ ਇੱਕ ਕਾਰਨ ਬਣਦਾ ਹੈ। ਜਿਹੜੇ ਲੋਕ ਉਦਯੋਗ ਜਾਂ ਫੈਕਟਰੀਆਂ ਜਾਂ ਇੱਟਾਂ ਦੇ ਭੱਠੇ ਚਲਾਉਂਦੇ ਹਨ, ਉਹ ਹੋਰਨਾਂ ਲੋਕਾਂ ਨੂੰ ਰੁਜ਼ਗਾਰ ਤਾਂ ਦਿੰਦੇ ਹਨ ਪਰ ਇਹ ਉਦਯੋਗ, ਭੱਠੇ ਵਾਤਾਵਰਣ ਵਿੱਚ ਵੀ ਪ੍ਰਦੂਸ਼ਨ ਫੈਲਾਉਂਦੇ ਹਨ। ਉਦਯੋਗਾਂ ਤੇ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਧੂੰਆਂ ਹਵਾ ਵਿੱਚ ਪ੍ਰਦੂਸ਼ਨ ਫੈਲਾਉਂਦਾ ਹੈ, ਜਦੋਂਕਿ ਕਈ ਉਦਯੋਗ ਨਦੀਆਂ ਨਾਲਿਆਂ ਵਿੱਚ ਜ਼ਹਿਰੀਲਾ ਤੇ ਕੈਮੀਕਲ ਵਾਲਾ ਪਾਣੀ ਸੁੱਟ ਦਿੰਦੇ ਹਨ। ਕਈ ਵਾਰ ਤਾਂ ਕਈ ਉਦਯੋਗਾਂ ਤੇ ਫੈਕਟਰੀਆਂ ਵਾਲੇ ਗੰਦਾ ਤੇ ਕੈਮੀਕਲ ਵਾਲਾ ਪਾਣੀ ਸਿੱਧਾ ਧਰਤੀ ਹੇਠਾਂ ਹੀ ਭੇਜ ਦਿੰਦੇ ਹਨ,ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਦੂੁਸ਼ਿਤ ਹੋ ਜਾਂਦਾ ਹੈ।
ਉਦਯੋਗ ਅਤੇ ਫੈਕਟਰੀਆਂ ਭਾਵੇਂ ਆਰਥਿਕ ਵਿਕਾਸ ਦਾ ਧੁਰਾ ਹਨ ਪਰ ਇਹ ਵਾਤਾਵਰਣ ਨੂੰ ਵਿਗਾੜਨ ਦੇ ਦੋਸ਼ੀ ਵੀ ਹਨ। ਮਨੁੱਖ ਦੀ ਹੋਂਦ ਪੌਦਿਆਂ ਅਤੇ ਜਾਨਵਰਾਂ ਦੀ ਹੋਂਦ ਤੇ ਨਿਰਭਰ ਕਰਦੀ ਹੈ। ਅਸੀਂ ਆਪਣੇ ਆਲੇ-ਦੁਆਲੇ ਦੇ ਰੁੱਖਾਂ, ਪਾਣੀ, ਹਵਾ ਅਤੇ ਵੱਖ-ਵੱਖ ਕੁਦਰਤੀ ਕਾਰਕਾਂ ਨੂੰ ਵਾਤਾਵਰਣ ਵਜੋਂ ਜਾਣਦੇ ਹਾਂ। ਵਾਤਾਵਰਣ ਦਾ ਸਿੱਧਾ ਸਬੰਧ ਕੁਦਰਤ ਨਾਲ ਹੈ। ਸਾਡੇ ਵਾਤਾਵਰਣ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰ, ਰੁੱਖ, ਪੌਦੇ ਅਤੇ ਹੋਰ ਜੀਵਿਤ ਅਤੇ ਨਿਰਜੀਵ ਚੀਜ਼ਾਂ ਮਿਲਦੀਆਂ ਹਨ। ਇਹ ਸਭ ਮਿਲ ਕੇ ਵਾਤਾਵਰਣ ਬਣਾਉਂਦੇ ਹਨ।
ਅੱਜ ਲੋੜ ਹੈ ਵਾਤਾਵਰਣ ਨਾਲ ਸਬੰਧਿਤ ਉਪਲਬਧ ਗਿਆਨ ਨੂੰ ਸਰਲ ਬਣਾਉਣ ਦੀ ਤਾਂ ਜੋ ਆਮ ਜਨਤਾ ਸਮੱਸਿਆ ਨੂੰ ਆਸਾਨੀ ਨਾਲ ਸਮਝ ਸਕੇ। ਅਜਿਹੀ ਔਖੀ ਸਥਿਤੀ ਵਿੱਚ ਸਮਾਜ ਨੂੰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਸਮਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।
ਮਨੁੱਖ ਲਈ ਦੋਸਤਾਨਾ ਅਤੇ ਸੰਤੁਲਿਤ ਵਾਤਾਵਰਣ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਹੁਣ ਤੋਂ ਹੀ ਵਾਤਾਵਰਣ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਮਨੁੱਖੀ ਜੀਵਨ ਹਨੇਰਾ ਬਣ ਜਾਵੇਗਾ। ਸਾਨੂੰ ਆਰਥਿਕ ਮਾਹੌਲ ਦਾ ਵੀ ਧਿਆਨ ਰੱਖਣਾ ਹੋਵੇਗਾ। ਆਰਥਿਕ ਵਾਤਾਵਰਣ ਨੂੰ ਬਚਾ ਕੇ ਅਸੀਂ ਮਨੁੱਖੀ ਜੀਵਨ ਨੂੰ ਸੁੱਖੀ ਅਤੇ ਸੁਰੱਖਿਅਤ ਬਣਾ ਸਕਦੇ ਹਾਂ।
ਕਈ ਸ਼ਹਿਰਾਂ ਵਿੱਚ ਸੁੱਕੇ ਪੱਤਿਆਂ ਅਤੇ ਟਾਹਣੀਆਂ ਨੂੰ ਅੱਗ ਲਗਾ ਦਿਤੀ ਜਾਂਦੀ ਹੈ, ਜਿਸ ਕਾਰਨ ਕਾਫੀ ਧੂੰਆਂ ਪੈਦਾ ਹੁੰਦਾ ਹੈ। ਕਿਸਾਨ ਜਦੋਂ ਖੇਤਾਂ ਵਿੱਚ ਪਰਾਲੀ ਜਾਂ ਨਾੜ ਨੂੰ ਅੱਗ ਲਾਉਂਦੇ ਹਨ, ਉਦੋਂ ਵੀ ਵਾਤਾਵਰਣ ਦੂਸ਼ਿਤ ਹੁੰਦਾ ਹੈ। ਵੱਡੀ ਗਿਣਤੀ ਲੋਕ ਬਿਨਾ ਕੰਮ ਤੋਂ ਹੀ ਵਾਹਨਾਂ ਵਿੱਚ ਘੁੰਮਦੇ ਰਹਿੰਦੇ ਹਨ, ਵਾਹਨਾਂ ਦੇ ਧੂੰਏਂ ਕਾਰਨ ਵੀ ਵਾਤਾਵਰਨ ਦੂਸ਼ਿਤ ਹੁੰਦਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਵੱਡੀ ਗਿਣਤੀ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਵਾਤਾਵਰਣ ਵਿੱਚ ਵਿਗਾੜ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਸਿਰਫ ਆਰਥਿਕ ਵਿਕਾਸ ਵੱਲ ਧਿਆਨ ਦਿੰਦੇ ਹਨ ਅਤੇ ਵਾਤਾਵਰਣ ਦੀ ਸੰਭਾਲ ਲਈ ਕੁਝ ਨਹੀਂ ਕਰ ਰਹੇ। ਅਜਿਹੇ ਲੋਕਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਜੇ ਉਹ ਵਾਤਾਵਰਣ ਵਿੱਚ ਸੁਧਾਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਵਾਤਾਵਰਣ ਵਿੱਚ ਵਿਗਾੜ ਤਾਂ ਪੈਦਾ ਨਾ ਕਰਨ।
ਚਾਹੀਦਾ ਤਾਂ ਇਹ ਹੈ ਕਿ ਲੋਕਾਂ ਦੀ ਸੋਚ ਵਿੱਚ ਤਬਦੀਲੀ ਲਿਆਂਦੀ ਜਾਵੇ ਅਤੇ ਉਹਨਾਂ ਨੂੰ ਆਰਥਿਕ ਵਿਕਾਸ ਕਰਨ ਦੇ ਨਾਲ ਹੀ ਵਾਤਾਵਰਣ ਦੀ ਸੰਭਾਲ ਕਰਨ ਦੀ ਵੀ ਸਿੱਖਿਆ ਦਿਤੀ ਜਾਵੇ ਤਾਂ ਕਿ ਵਾਤਾਵਰਣ ਦੂਸ਼ਿਤ ਨਾ ਹੋ ਸਕੇ।
ਬਿਊਰੋ
Editorial
ਆਵਾਰਾ ਕੁੱਤਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਦੇ ਪ੍ਰਭਾਵੀ ਹਲ ਲਈ ਕਾਰਵਾਈ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ
ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ। ਇਹਨਾਂ ਆਵਾਰਾ ਕੁੱਤਿਆਂ ਦੇ ਝੁੰਡ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਆਮ ਦੇਖੇ ਜਾ ਸਕਦੇ ਹਨ, ਜਿਹੜੇ ਨਾ ਸਿਰਫ ਆਉਂਦੇ ਜਾਂਦੇ ਲੋਕਾਂ ਦੇ ਮਗਰ ਭੱਜ ਪੈਂਦੇ ਹਨ ਬਲਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ ਅਤੇ ਆਏ ਦਿਨ ਕਿਤੇ ਨਾ ਕਿਤੇ ਆਵਾਰਾ ਕੁੱਤਿਆਂ ਵਲੋਂ ਕਿਸੇ ਬੱਚੇ, ਬਜੁਰਗ ਜਾਂ ਮਹਿਲਾ ਨੂੰ ਵੱਢਣ ਦਾ ਕੋਈ ਨਾ ਕੋਈ ਮਾਮਲਾ ਸਾਮ੍ਹਣੇ ਆ ਜਾਂਦਾ ਹੈ।
ਇਹ ਕੁੱਤੇ ਮੁੱਖ ਤੌਰ ਤੇ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਕਿਉਂਕਿ ਉਹ ਕਮਜੋਰ ਹੋਣ ਕਾਰਨ ਇਹਨਾਂ ਕੁੱਤਿਆਂ ਦਾ ਸਾਮ੍ਹਣਾ ਨਹੀਂ ਕਰ ਪਾਉਂਦੇ, ਜਿਸ ਕਾਰਨ ਇਹਨਾਂ ਕੁੱਤਿਆਂ ਦੀ ਦਹਿਸ਼ਤ ਹੋਰ ਵੀ ਵੱਧ ਗਈ ਹੈ। ਇਹਨਾਂ ਆਵਾਰਾ ਕੁੱਤਿਆਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਰਾਤ ਨੂੰ ਦੋਪਹੀਆ ਵਾਹਨਾਂ ਤੇ ਆਪਣੇ ਘਰਾਂ ਨੂੰ ਪਰਤਦੇ ਹਨ ਅਤੇ ਰਾਹ ਵਿੱਚ ਇਹ ਆਵਾਰਾ ਕੁੱਤੇ ਅਚਾਨਕ ਹੀ ਉਹਨਾਂ ਦੇ ਪਿੱਛੇ ਪੈ ਜਾਂਦੇ ਹਨ। ਇਹਨਾਂ ਕਾਰਨ ਡਰ ਕੇ ਕਈ ਵਾਰ ਦੋਪਹੀਆ ਚਾਲਕ ਆਪਣੇ ਵਾਹਨ ਤੋਂ ਕਾਬੂ ਗਵਾ ਬੈਠਦੇ ਹਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਇਸ ਦੌਰਾਨ ਪਿੰਡਾਂ ਵਿੱਚ ਵੀ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਣ ਪਿੰਡਾਂ ਦੇ ਵਸਨੀਕਾਂ ਵਲੋਂ ਸਮੇਂ ਸਮੇਂ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਦੋ ਤਿੰਨ ਦਹਾਕੇ ਪਹਿਲਾਂ ਤਕ (ਜਦੋਂ ਪ੍ਰਸ਼ਾਸ਼ਨ ਵਲੋਂ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਇਹਨਾਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ) ਇਹ ਸਮੱਸਿਆ ਫਿਰ ਵੀ ਕਾਬੂ ਹੇਠ ਰਹਿੰਦੀ ਸੀ ਪਰੰਤੂ ਬਾਅਦ ਵਿੱਚ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਉਸਤੋਂ ਬਾਅਦ ਤੋਂ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਕੁੱਤਿਆਂ ਦੀ ਨਸਬੰਦੀ ਕਰਕੇ ਇਹਨਾਂ ਦੀ ਆਬਾਦੀ ਤੇ ਕਾਬੂ ਕਰਨ ਦਾ ਯਤਨ ਤਾਂ ਕੀਤਾ ਜਾਂਦਾ ਹੈ ਪਰੰਤੂ ਇਹ ਤਰੀਕਾ ਵੀ ਕਾਮਯਾਬ ਨਹੀਂ ਹੈ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।
ਇਸ ਸੰਬੰਧੀ ਪਿਛਲੇ ਸਾਲ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਸੂਬਾ ਸਰਕਾਰਾਂ ਵਲੋਂ ਸਥਾਨਕ ਪੱਧਰ ਤੇ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਕੀਤੀ ਜਾਵੇ ਜਿਸਦੇ ਤਹਿਤ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਜਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਪੱਧਰ ਤੇ ਇਹਨਾਂ ਆਵਾਰਾ ਕੁੱਤਿਆਂ ਨੂੰ ਰੱਖਣ ਲਈ ਕੁੱਤਾ ਘਰਾਂ ਦੀ ਉਸਾਰੀ ਕਰਨ ਅਤੇ ਜਨਤਕ ਥਾਵਾਂ ਤੇ ਇਕੱਠੇ ਹੁੰਦੇ ਆਵਾਰਾ ਕੁੱਤਿਆਂ ਨੂੰ ਇਹਨਾਂ ਕੁੱਤਾ ਘਰਾਂ ਵਿੱਚ ਤਬਦੀਲ ਕੀਤਾ ਜਾਵੇ ਜਿੱਥੇ ਇਹਨਾਂ ਦੇ ਰਹਿਣ ਅਤੇ ਖਾਣਪੀਣ ਦਾ ਲੋੜੀਂਦਾ ਪ੍ਰਬੰਧ ਕੀਤਾ ਜਾਵੇ।
ਮਾਣਯੋਗ ਅਦਾਲਤ ਦੇ ਇਹਨਾਂ ਹੁਕਮਾਂ ਦੇ ਬਾਵਜੂਦ ਸਰਕਾਰਾਂ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਸਰਕਾਰ ਦੀ ਕਾਰਗੁਜਾਰੀ ਦੀ ਹਾਲਤ ਤਾਂ ਇਹ ਹੈ ਕਿ ਆਵਾਰਾ ਕੁੱਤਿਆਂ ਵਾਸਤੇ ਕੁੱਤਾ ਘਰ ਬਣਾਉਣਾ ਤਾਂ ਇੱਕ ਪਾਸੇ, ਇਸ ਸੰਬੰਧੀ ਜਿਆਦਾਤਰ ਥਾਵਾਂ ਤੇ ਕੁੱਤਾ ਘਰਾਂ ਦੀ ਉਸਾਰੀ ਲਈ ਲੋੜੀਂਦੀ ਥਾਂ ਦੀ ਨਿਸ਼ਾਨਦੇਹੀ ਤਕ ਨਹੀਂ ਹੋਈ ਹੈ। ਦੂਜੇ ਪਾਸੇ ਇਹ ਸਮੱਸਿਆ ਇੰਨੀ ਵੱਧ ਗਈ ਹੈ ਕਿ ਸ਼ਹਿਰ ਦੇ ਪਾਰਕਾਂ ਵਿੱਚ ਵੀ ਇਨ੍ਹਾਂ ਆਵਾਰਾ ਕੁੱਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਹਨ ਜਿੱਥੇ ਇਹ ਸੈਰ ਕਰਨ ਵਾਲਿਆਂ ਤਕ ਨੂੰ ਵੱਢ-ਖਾਣ ਨੂੰ ਪੈਂਦੇ ਹਨ।
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਵੱਢਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਏ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਇਸ ਦਹਿਸ਼ਤ ਤੋਂ ਛੁਟਕਾਰਾ ਹਾਸਿਲ ਹੋਵੇ।
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial2 months agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
International2 months ago
ਪਾਕਿਸਤਾਨ ਵਿੱਚ ਤੇਲ 321 ਰੁਪਏ ਤੇ ਪਹੁੰਚਿਆ
-
Chandigarh1 month agoਪੰਜਾਬ ਸਰਕਾਰ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਲਈ ਮਹੀਨਾਵਾਰ ਸਹਾਇਤਾ ਵਧਾ ਕੇ 10000 ਰੁਪਏ ਕੀਤੀ : ਡਾ. ਬਲਜੀਤ ਕੌਰ
-
National1 month agoਬੰਦ ਕਮਰੇ ਵਿੱਚੋਂ ਮਾਂ-ਪੁੱਤ ਸਮੇਤ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ
