Editorial
ਜੇਠ ਮਹੀਨਾ ਲੂਆਂ ਦਾ, ਪਾਣੀ ਸੁੱਕਦਾ ਖੂਹਾਂ ਦਾ…..
ਅੰਮ੍ਰਿਤ ਵੇਲੇ ਚਿੜੀਆਂ ਦੀ ਚੀਂ ਚੀਂ, ਕੋਇਲ ਦੀ ਮਿੱਠੀ ਕੂਕ ਦੇ ਨਾਲ ਹਲਕੇ ਨੀਲੇ ਅਸਮਾਨ ਤੇ ਚੜ੍ਹਦੇ ਸੂਰਜ ਦੀ ਫੈਲਦੀ ਲਾਲੀ, ਚਿਤਕਬਰੇ ਬੱਦਲਾਂ ਨਾਲ ਅੱਠਖੇਲੀਆਂ ਕਰਦੀ ਹੋਈ ਦਿਨ ਚੜ੍ਹਨ ਦੀ ਸੂਚਨਾ ਦਿੰਦੀ ਹੈ ਤਾਂ ਦੂਰੋਂ ਨੇੜਿਓਂ ਧਾਰਮਿਕ ਸਥਾਨ ਤੋਂ ਆਉਂਦੀ ਧਾਰਮਿਕ ਸ਼ਬਦਾਂ ਦੀ ਆਵਾਜ਼ ਸਭ ਆਮ ਤੇ ਖਾਸ ਨੂੰ ਸੂਚਨਾ ਦੇ ਦਿੰਦੀ ਹੈ ਕਿ ਭਾਈ, ਜੇਠ ਮਹੀਨੇ ਦੀ ਸੰਗਰਾਂਦ ਤਂੋ ਜੇਠ ਮਹੀਨਾ ਸ਼ੁਰੂ ਹੋ ਗਿਆ ਹੈ।
ਜੇਠ ਮਹੀਨੇ ਦੀ ਸ਼ੁਰੂਆਤ ਮੌਕੇ ਪਹਿਲੇ ਦਿਨ ਜਦੋਂ ਦਿਨ ਚੜ੍ਹਦਾ ਹੈ, ਸੂਰਜ ਦੀ ਤੇਜ਼ ਧੁੱਪ ਆਪਣਾ ਅਸਰ ਦਿਖਾਉਂਦੀ ਹੈ ਅਤੇ ਚਲਦੀ ਹੋਈ ਗਰਮ ਲੂ ਅੱਜ ਕੱਲ੍ਹ ਮਹਿੰਗਾਈ ਦੀ ਭੱਠੀ ਵਿੱਚ ਪਹਿਲਾਂ ਤੋਂ ਤਪ ਚੁੱਕੇ ਲੋਕਾਂ ਨੂੰ ਹੋਰ ਗਰਮ ਕਰ ਜਾਂਦੀ ਹੈ। ਆਮ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਉਹਨਾਂ ਨੂੰ ਜੇਠ ਮਹੀਨੇ ਦੌਰਾਨ ਚਲਦੀ ਗਰਮ ਲੂੰ ਨੇ ਤਪਾਇਆ ਹੈ ਜਾਂ ਦਿਨੋਂ ਦਿਨ ਅਮਰ ਵੇਲ ਵਾਂਗ ਵੱਧ ਰਹੀ ਮਹਿੰਗਾਈ ਨੇ। ਜੇਠ ਮਹੀਨਾ ਆਪਣੇ ਗਰਮ ਸੁਭਾਅ ਕਰਕੇ ਹਰ ਵਿਅਕਤੀ ਨੂੰ ਘਰ ਅੰਦਰ ਬੈਠਣ ਲਈ ਮਜਬੂਰ ਕਰ ਦਿੰਦਾ ਹੈ। ਜੇਠ ਮਹੀਨੇ ਦੌਰਾਨ ਸਿਰਫ਼ ਉਹ ਲੋਕ ਘਰਾਂ ਤੋਂ ਬਾਹਰ ਨਿਕਲਦੇ ਹਨ, ਜੋ ਕਿ ਜਾਂ ਤਾਂ ਦਫ਼ਤਰ ਜਾਂ ਕੰਮ ਧੰਦੇ ਜਾਣ ਵਾਲੇ ਹੁੰਦੇ ਨੇ, ਜਾਂ ਕਿਸੇ ਹੋਰ ਦੁੱਖ ਸੁੱਖ ਵਿੱਚ ਜਾਣ ਵਾਲੇ ਹੁੰਦੇ ਨੇ। ਜੇਠ ਮਹੀਨੇ ਦੌਰਾਨ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਸਖ਼ਤੀ ਨਾਲ ਵਰਜਿਆ ਜਾਂਦਾ ਹੈ।
ਮਨੁੱਖ ਨੇ ਜਦੋਂ ਤੋਂ ਆਪਣੇ ਲਾਲਚ ਲਈ ਕੁਦਰਤ ਨਾਲ ਛੇੜ-ਛਾੜ ਕਰਨੀ ਆਰੰਭ ਕੀਤੀ ਹੈ, ਉਦੋਂ ਤੋਂ ਕੁਦਰਤ ਵੀ ਸਮੇਂ ਸਮੇਂ ਆਪਣਾ ਰੋਸ ਪ੍ਰਗਟ ਕਰਦੀ ਰਹਿੰਦੀ ਹੈ। ਜੇਠ ਮਹੀਨਾ ਲੂ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਗਰਮ ਹਵਾਵਾਂ ਚੱਲਦੀਆਂ ਹਨ ਅਤੇ ਜੇਠ ਮਹੀਨੇ ਪੈਂਦੀ ਕਹਿਰ ਦੀ ਗਰਮੀ ਦੌਰਾਨ ਖੂਹਾਂ ਦੇ ਪਾਣੀ ਵੀ ਸੁੱਕ ਜਾਂਦੇ ਹਨ। ਜੇਠ ਮਹੀਨੇ ਧਰਤੀ ਵੀ ਤਪਦੀ ਹੋਈ ਭੱਠੀ ਵਰਗੀ ਹੋ ਜਾਂਦੀ ਹੈ ਅਤੇ ਧਰਤੀ ਦੀ ਰੂਹ ਤਕ ਪਾਣੀ ਮੰਗਦੀ ਮਹਿਸੂਸ ਹੁੰਦੀ ਹੈ।
ਕੁਝ ਵਿਦਵਾਨਾਂ ਅਨੁਸਾਰ ਜੇਠ ਮਹੀਨੇ ਦੀ ਪੁੰਨਿਆ ਵਾਲੇ ਦਿਨ ਚੰਦਰਮਾ ‘ਜੇਠ’ ਨਛੱਤਰ ਵਿੱਚ ਹੁੰਦਾ ਹੈ, ਇਸ ਲਈ ਇਸ ਮਹੀਨੇ ਨੂੰ ਜੇਠ ਮਹੀਨਾ ਕਿਹਾ ਜਾਂਦਾ ਹੈ। ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਜੇਠ ਮਹੀਨੇ ਦਾ ਆਪਣਾ ਵੱਖਰਾ ਹੀ ਮਹੱਤਵ ਹੈ। ਦੇਸੀ ਸਾਲ ਵਿੱਚ ਜੇਠ ਮਹੀਨਾ ਚੇਤ ਅਤੇ ਵੈਸਾਖ ਮਹੀਨਿਆਂ ਤੋਂ ਬਾਅਦ ਤੀਜੇ ਨੰਬਰ ਦਾ ਮਹੀਨਾ ਮੰਨਿਆ ਜਾਂਦਾ ਹੈ। ਜੇਠ ਮਹੀਨਾ ਪੂਰੇ 31 ਦਿਨਾਂ ਦਾ ਹੁੰਦਾ ਹੈ ਅਤੇ ਚੇਤ ਮਹੀਨੇ ਦੌਰਾਨ ਜਿਹੜੀ ਬਸੰਤ ਰੁੱਤ ਹਰ ਬਨਸਪਤੀ ਉੱਪਰ ਪੈਲਾਂ ਪਾਉਂਦੀ ਨਜ਼ਰ ਆਉਂਦੀ ਹੈ, ਉਹ ਬਹਾਰ ਜੇਠ ਮਹੀਨੇ ਦੌਰਾਨ ਕਿਤੇ ਦੂਰ ਚਲੀ ਜਾਂਦੀ ਹੈ ਅਤੇ ਜੇਠ ਮਹੀਨੇ ਦੌਰਾਨ ਤੇਜ਼ ਧੁੱਪਾਂ ਅਤੇ ਗਰਮ ਲੂ ਚਲਣ ਕਾਰਨ ਹਰੀ ਭਰੀ ਬਨਸਪਤੀ ਵੀ ਕੁੰਮਲਾਅ ਜਾਂਦੀ ਹੈ।
ਜੇਠ ਮਹੀਨੇ ਦੇ ਆਉਣ ਤੱਕ ਕਿਸਾਨਾਂ ਨੇ ਕਣਕ ਦੀ ਫਸਲ ਦੀ ਕਟਾਈ ਕਰਕੇ ਫਸਲ ਸਾਂਭ ਲਈ ਹੁੰਦੀ ਹੈ ਜਾਂ ਫਿਰ ਫਸਲ ਵੇਚ ਕੇ ਚੰਗੀ ਕਮਾਈ ਕਰ ਲਈ ਹੁੰਦੀ ਹੈ। ਇਸ ਦੇ ਨਾਲ ਹੀ ਜੇਠ ਮਹੀਨੇ ਦੌਰਾਨ ਕਿਸਾਨਾਂ ਵੱਲੋਂ ਅਗਲੀ ਫਸਲ ਬੀਜਣ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ। ਜੇਠ ਮਹੀਨੇ ਦੌਰਾਨ ਵੱਡੀ ਗਿਣਤੀ ਖੇਤ ਅਗਲੀ ਫਸਲ ਦੀ ਬਿਜਾਈ ਲਈ ਖਾਲੀ ਹੁੰਦੇ ਹਨ, ਜਿਸ ਕਾਰਨ ਹਰ ਪਾਸੇ ਖਾਲੀਪਣ ਨਜ਼ਰ ਆਉਂਦਾ ਹੈ।
ਜੇਠ ਮਹੀਨੇ ਦੌਰਾਨ ਅੱਗ ਵਰਾਉਂਦੀਆਂ ਤੇਜ਼ ਧੁੱਪਾਂ ਅਤੇ ਗਰਮ ਲੂ ਕਾਰਨ ਜਿਥੇ ਪੂਰੀ ਬਨਸਪਤੀ ਕੁਮਲਾਅ ਜਾਂਦੀ ਹੈ, ਉਥੇ ਵੱਡੀ ਗਿਣਤੀ ਰੁੱਖ ਅਤੇ ਪੌਦੇ ਸੁੱਕ ਜਾਂਦੇ ਹਨ। ਹਰ ਪਾਸੇ ਹਰਿਆਲੀ ਨੂੰ ਔੜ ਪਈ ਲੱਗਦੀ ਹੈ। ਇਸ ਤਰਾਂ ਲੱਗਦਾ ਹੈ ਜਿਵੇਂ ਬਨਸਪਤੀ ਨੂੰ ਸੋਕਾ ਪੈ ਗਿਆ ਹੋਵੇ ਤੇ ਪੂਰੀ ਹਰਿਆਲੀ ਉੱਡ ਪੁੱਡ ਗਈ ਹੋਵੇ।
ਜੇਠ ਮਹੀਨੇ ਦੌਰਾਨ ਕੁਦਰਤ ਦੇ ਅਜੀਬ ਰੰਗ ਵੇਖਣ ਨੂੰ ਮਿਲਦੇ ਹਨ। ਤੇਜ਼ ਧੁੱਪ ਅਤੇ ਗਰਮ ਲੂ ਕਾਰਨ ਜਿਥੇ ਹਰ ਰੁੱਖ, ਹਰਿਆਲੀ ਅਤੇ ਪੂਰੀ ਬਨਸਪਤੀ ਝੁਲਸ ਜਿਹੀ ਜਾਂਦੀ ਹੈ, ਉਥੇ ਜੇਠ ਮਹੀਨੇ ਦੌਰਾਨ ਹੀ ਅਮਲਤਾਸ ਅਤੇ ਗੁਲਮੋਹਰ ਦੇ ਰੁੱਖਾਂ ਤੇ ਜਵਾਨੀ ਆਈ ਹੁੰਦੀ ਹੈ। ਜੇਠ ਮਹੀਨੇ ਅਮਲਤਾਸ ਅਤੇ ਗੁਲਮੋਹਰ ਦੇ ਰੁੱਖਾਂ ਤੇ ਖਿੜੇ ਪੀਲੇ-ਪੀਲੇ ਕੇਸਰ ਰੰਗੇ ਅਤੇ ਲਾਲ ਫੁੱਲ ਸਭ ਦਾ ਮਨ ਮੋਹ ਲੈਂਦੇ ਹਨ।
ਜੇਠ ਮਹੀਨੇ ਅਮਲਤਾਸ ਦਾ ਰੁੱਖ ਪਹਿਲਾਂ ਪੂਰੇ ਦਾ ਪੂਰਾ ਖਿੜ ਜਾਂਦਾ ਹੈ ਅਤੇ ਫਿਰ ਪੱਤੀ ਪੱਤੀ ਹੋ ਕੇ ਬਿਖਰ ਜਾਂਦਾ ਹੈ। ਜੇਠ ਮਹੀਨੇ ਵਿੱਚ ਖੁਸ਼ੀਆਂ ਖੇੜਿਆਂ ਵਿੱਚ ਖੀਵੇ ਹੋ ਕੇ ਬਹਾਰ ਰੁੱਤ ਵਰਗਾ ਆਨੰਦ ਲੈਣਾ ਅਮਲਤਾਸ ਅਤੇ ਗੁਲਮੋਹਰ ਦੇ ਰੁੱਖਾਂ ਦੇ ਹਿੱਸੇ ਆਇਆ ਹੈ। ਜਿਥੇ ਅਮਲਤਾਸ ਦੇ ਰੁੱਖ ਲੱਗੇ ਹੁੰਦੇ ਹਨ, ਉਥੇ ਹਰ ਪਾਸੇ ਕੇਸਰ ਹੀ ਕੇਸਰ ਹੁੰਦਾ ਹੈ। ਅਮਲਤਾਸ ਵਾਂਗ ਕੇਸੂ ਦੇ ਫੁੱਲ ਵੀ ਜੇਠ ਮਹੀਨੇ ਪੂਰੇ ਜੋਬਨ ਵਿੱਚ ਆ ਕੇ ਖਿੜ ਕੇ ਲਾਲ ਸੂਹੇ ਹੋ ਜਾਂਦੇ ਹਨ।
ਜੇਠ ਮਹੀਨੇ ਅਮਲਤਾਸ ਦੇ ਰੁੱਖਾਂ ਅਤੇ ਕੇਸੂ ਦੇ ਫੁੱਲਾਂ ਦਾ ਹੁਸਨ ਵੇਖਣ ਵਾਲਿਆਂ ਦੇ ਮਨ ਮੋਹ ਲੈਂਦਾ ਹੈ। ਅਸਮਾਨੋਂ ਅੱਗ ਵਰਾਉਂਦੀ ਤੇਜ਼ ਧੁੱਪ ਅਤੇ ਚਲ ਰਹੀ ਗਰਮ ਲੂ ਦੌਰਾਨ ਅਮਲਤਾਸ ਦੇ ਰੁੱਖਾਂ ਉਪਰ ਆਈ ਬਹਾਰ ਵੇਖਣ ਦਾ ਨਜ਼ਾਰਾ ਅਦਭੁਤ ਹੁੰਦਾ ਹੈ। ਇਸੇ ਤਰਾਂ ਕੇਸੂ ਦੇ ਫੁੱਲ ਵੀ ਜੇਠ ਮਹੀਨੇ ਦੀ ਕੜਕਦੀ ਧੁੱਪ ਵਿੱਚ ਆਪਣਾ ਹੁਸਨ ਬਿਖੇਰ ਕੇ ਮਨੁੱਖ ਨੂੰ ਹਰ ਮੌਸਮ ਵਿਚ ਮੁਸਕਰਾਉਣ ਅਤੇ ਹੱਸਦਾ ਵਸਦਾ ਰਹਿਣ ਦੀ ਪ੍ਰੇਰਨਾ ਦਿੰਦੇ ਜਾਪਦੇ ਹਨ।
ਜੇਠ ਮਹੀਨੇ ਦੇ ਸ਼ਬਦਾਦਿਕ ਅਰਥ ਵੀ ਹਨ। ਵੱਖ-ਵੱਖ ਵਿਦਵਾਨਾਂ ਵਲੋਂ ਜੇਠ ਮਹੀਨੇ ਬਾਰੇ ਕਈ ਤਰਾਂ ਦੀਆਂ ਕਥਾ ਕਹਾਣੀਆਂ ਲਿਖੀਆਂ ਗਈਆਂ ਹਨ। ਜੇ ਜੇਠ ਸ਼ਬਦ ਦਾ ਸ਼ਾਬਦਿਕ ਅਰਥ ਵੇਖੀਏ ਤਾਂ ਜੇਠ ਦਾ ਅਰਥ ‘ਵੱਡਾ’ ਹੁੰਦਾ ਹੈ। ਇਸੇ ਕਾਰਨ ਵੱਡੇ ਪੁੱਤਰ ਨੂੰ ਜੇਠਾ ਪੁੱਤਰ ਕਿਹਾ ਜਾਂਦਾ ਹੈ। ਨੂੰਹਾਂ ਵੱਲੋਂ ਆਪਣੇ ਪਤੀ ਦੇ ਵੱਡੇ ਭਰਾ ਨੂੰ ਜੇਠ ਕਿਹਾ ਜਾਂਦਾ ਹੈ। ਜੇਠ ਮਹੀਨੇ ਦੌਰਾਨ ਤੇਜ਼ ਧੁੱਪ ਅਤੇ ਗਰਮ ਲੂ ਤੋਂ ਬਚਣ ਲਈ ਅਕਸਰ ਕੁੜੀਆਂ ਅਤੇ ਮਹਿਲਾਵਾਂ ਵੱਲੋਂ ਆਪਣਾ ਮੂੰਹ ਚੁੰਨੀ ਜਾਂ ਕਿਸੇ ਕਪੜੇ ਨਾਲ ਢੱਕ ਲਿਆ ਜਾਂਦਾ ਹੈ, ਜਿਸਤੇ ਅਕਸਰ ਮਨਚਲੇ ਮਸ਼ਕਰੀ ਕਰਦੇ ਹੋਏ ਕਹਿੰਦੇ ਹਨ ਕਿ ਜੇਠ ਮਹੀਨੇ ਨੂੰ ਜੇਠ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਮਹੀਨਾ ਹਰ ਮੁਟਿਆਰ ਨੂੰ ਉਸੇ ਤਰ੍ਹਾਂ ਘੁੰਡ ਕਢਵਾ ਦਿੰਦਾ ਹੈ, ਜਿਵੇੇਂ ਵਿਆਹੁਤਾ ਮੁਟਿਆਰਾਂ ਆਪਣੇ ਜੇਠ ਤੋਂ ਘੁੰਡ ਕੱਢਦੀਆਂ ਹਨ।
ਜੇਠ ਮਹੀਨੇ ਭਰ ਤਿੱਖੀ ਦੁਪਹਿਰ ਨੂੰ ਫਰਾਂਹ ਦੇ ਰੁੱਖ ਅਤੇ ਹੋਰ ਰੁੱਖ ਸੀਟੀਆਂ ਮਾਰਦੇ ਜਾਪਦੇ ਹਨ, ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਕੋਈ ਵੱਡਾ ਅਜਗਰ ਫੁੰਕਾਰਦਾ ਹੈ। ਜੇਠ ਮਹੀਨੇ ਗਰਮ ਲੂ ਮਨੁੱਖ, ਪਸ਼ੂ ਅਤੇ ਪੰਛੀ ਜਨੌਰਾਂ ਦੇ ਜਿਸਮ ਝੁਲਸਾਉਂਦੀ ਹੋਈ ਲੰਘਦੀ ਹੈ। ਜੇਠ ਮਹੀਨੇ ਆਮ ਲੋਕ ਦੁਪਹਿਰ ਸਮੇਂ ਸਿਵਿਆਂ, ਕਬਰਾਂ, ਸ਼ਮਸ਼ਾਨ ਘਾਟਾਂ, ਸਮਾਧਾਂ ਕੋਲੋਂ ਲੰਘਣ ਤੋਂ ਡਰਦੇ ਹਨ ਅਤੇ ਇਹਨਾਂ ਥਾਂਵਾਂ ਤੋਂ ਦੂਰ ਦੂਰ ਹੋ ਕੇ ਲੰਘਦੇ ਹਨ। ਆਮ ਲੋਕਾਂ ਵਿੱਚ ਵਿਸ਼ਵਾਸ ਪਾਇਆ ਜਾਂਦਾ ਹੈ ਕਿ ਜੇਠ ਮਹੀਨੇ ਦੀ ਦੁਪਹਿਰ ਵੇਲੇ ਸਿਵਿਆਂ ਵਿੱਚ ਭੂਤ -ਪ੍ਰੇਤ ਵਿਚਰਦੇ ਹਨ। ਇਸ ਤੋਂ ਇਲਾਵਾ ਲੋਕ ਜੇਠ ਮਹੀਨੇ ਦੀ ਤਿੱਖੀ ਤੇ ਤਪਦੀ ਦੁਪਹਿਰ ਨੂੰ ਸੈਂਟ ਜਾਂ ਇਤਰ ਫੁਲੇਲ ਲਗਾ ਕੇ ਬਾਹਰ ਨਹੀਂ ਨਿਕਲਦੇ, ਲੋਕਾਂ ਦਾ ਵਿਸ਼ਵਾਸ ਹੈ ਕਿ ਜੇਠ ਮਹੀਨੇ ਦੀ ਦੁਪਹਿਰ ਨੂੰ ਸਰੀਰ ਉਪਰ ਇਤਰ, ਸੈਂਟ ਆਦਿ ਲਗਾ ਕੇ ਘਰ ਤੋਂ ਬਾਹਰ ਨਿਕਲਣ ਦੌਰਾਨ ਭੂਤ ਪ੍ਰੇਤ ਚੁੰਬੜ ਜਾਂਦੇ ਹਨ।
ਜੇਠ ਮਹੀਨੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਗੁਣਕਾਰੀ ਸਮਝਿਆ ਜਾਂਦਾ ਹੈ, ਪਰ ਘੜੇ ਦੀ ਸਾਫ ਸਫਾਈ ਦਾ ਪੂਰਾ ਧਿਆਨ ਰਖਣਾ ਚਾਹੀਦਾ ਹੈ। ਜੇਠ ਮਹੀਨੇ ਗਰਮੀ ਦਾ ਤੇਜ਼ ਘੱਟ ਕਰਨ ਲਈ ਮਨੁੱਖ ਨੂੰ ਕੁਦਰਤ ਨਾਲ ਕੀਤੀ ਜਾਂਦੀ ਛੇੜ-ਛਾੜ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਆਲਾ ਦੁਆਲਾ ਹਰਿਆ ਭਰਿਆ ਰਹੇ ਅਤੇ ਆਉਂਦੇ ਜਾਂਦੇ ਰਾਹੀ ਜੇਠ ਦੀ ਸਿਖਰ ਦੁਪਹਿਰੇ ਰੁੱਖਾਂ ਦੀ ਠੰਡੀ ਛਾਂ ਦਾ ਆਨੰਦ ਮਾਣ ਸਕਣ।
ਜੇਠ ਮਹੀਨੇ ਦੀ ਸ਼ੁਰੂਆਤ ਮੌਕੇ ਹਰ ਇਨਸਾਨ ਨੂੰ ਇਹ ਸੋਚ ਅਪਨਾਅ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਆਲ਼ੇ ਦੁਆਲ਼ੇ ਵਾਤਾਵਰਣ ਹਰਿਆ ਭਰਿਆ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਵਿੱਚ ਆਪਣਾ ਯੋਗਦਾਨ ਪਾਵੇਗਾ ਤਾਂ ਕਿ ਜੇਠ ਮਹੀਨੇ ਤਪਦੀਆਂ ਦੁਪਹਿਰਾਂ ਨੂੰ ਚਲਦੀਆਂ ਤੇਜ਼ ਲੂੰਆਂ ਤੋਂ ਬਚਾਉਣ ਵਿੱਚ ਰੁੱਖਾਂ ਦੀ ਠੰਡੀ ਛਾਂ ਆਪਣਾ ਯੋਗਦਾਨ ਪਾ ਸਕੇ ਅਤੇ ਲੋਕਾਈ ਦੇ ਦਿਲਾਂ ਨੂੰ ਠਾਰ ਸਕੇ।
ਜਗਮੋਹਨ ਸਿੰਘ ਲੱਕੀ
ਮੋਬਾਇਲ : 9463819174
Editorial
ਲੋਕਾਂ ਨੂੰ ਵਹਿਮਜਾਲ ਵਿੱਚ ਫਸਾ ਕੇ ਠੱਗਦੇ ਜੋਤਸ਼ੀਆਂ ਵਿਰੁੱਧ ਹੋਵੇ ਸਖਤ ਕਾਰਵਾਈ
ਮਨੁੱਖਾਂ ਵਿੱਚ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਚਾਹਤ ਪੁਰਾਣੇ ਸਮਿਆਂ ਤੋਂ ਹੀ ਰਹੀ ਹੈ। ਰਾਜਾ ਹੋਵੇ ਜਾਂ ਰੰਕ, ਹਰ ਕੋਈ ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦਾ ਚਾਹਵਾਨ ਹੁੰਦਾ ਹੈ ਅਤੇ ਸਦੀਆਂ ਤੋਂ ਲੋਕ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਲਈ ਜੋਤਸ਼ੀਆਂ ਦੀ ਸਲਾਹ ਲੈਂਦੇ ਆ ਰਹੇ ਹਨ। ਪਿਛਲੇ ਸਮੇਂ ਦੌਰਾਨ ਭਾਵੇਂ ਵਿਗਿਆਨ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ ਅਤੇ ਇਨਸਾਨ ਪੁਲਾੜ ਦੇ ਅਣਸੁਲਝੇ ਰਹੱਸਾਂ ਨੂੰ ਸਮਝਣ ਵਿੱਚ ਵੀ ਕਾਮਯਾਬ ਹੋ ਚੁੱਕਿਆ ਹੈ। ਪਰੰਤੂ ਇਸਦੇ ਬਾਵਜੂਦ ਅੱਜ ਦਾ ਆਧੁਨਿਕ ਵਿਗਿਆਨ, ਇਨਸਾਨ ਦੀ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਜਿਗਿਆਸਾ ਦਾ ਹਲ ਨਹੀਂ ਕਰ ਪਾਇਆ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਦਾ ਆਧੁਨਿਕ ਮਨੁੱਖ ਹੁਣੇ ਵੀ ਲੋਕਾਂ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਨਜੂਮੀਆਂ (ਜੋਤਸ਼ੀਆਂ) ਦੇ ਚੱਕਰ ਵਿੱਚ ਉਲਝਿਆ ਨਜਰ ਆਉਂਦਾ ਹੈ।
ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਇਹ ਚਾਹਤ ਮਨੁੱਖਾਂ ਦੇ ਦਿਲੋ ਦਿਮਾਗ ਤੇ ਹਮੇਸ਼ਾ ਤੋਂ ਹਾਵੀ ਰਹੀ ਹੈ ਅਤੇ ਇਸ ਜਾਣਕਾਰੀ ਨੂੰ ਹਾਸਿਲ ਕਰਨ ਲਈ ਮਨੁੱਖ ਉਹ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਵੀ ਰਹਿੰਦਾ ਹੈ। ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਇਹ ਜਿਗਿਆਸਾ ਲੋਕਾਂ ਨੂੰ ਉਹਨਾਂ ਜੋਤਸ਼ੀਆਂ ਦੇ ਚੱਕਰ ਵਿੱਚ ਫਸਾ ਦਿੰਦੀ ਹੈ ਜਿਹੜੇ ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਚੁੱਕਦੇ ਹਨ। ਲੋਕਾਂ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਇਹ ਜੋਤਸ਼ੀ ਭਾਵੇਂ ਆਪਣੇ ਖੁਦ ਦੇ ਭਵਿੱਖ ਬਾਰੇ ਕੁੱਝ ਨਾ ਜਾਣਦੇ ਹੋਣ ਪਰੰਤੂ ਉਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਨਾ ਸਿਰਫ ਕਿਸੇ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਆਪਣੇ ਕੋਲ ਆਉਣ ਵਾਲੇ ਲੋਕਾਂ ਦੀਆਂ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹਲ ਵੀ ਕਰ ਸਕਦੇ ਹਨ। ਇਹ ਜੋਤਸ਼ੀ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ (ਉਪਾਅ) ਦੱਸਦੇ ਹਨ ਜਿਹੜੇ ਅਸਲ ਵਿੱਚ ਲੋਕਾਂ ਵਿੱਚ ਵਹਿਮ, ਭਰਮ ਅਤੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਹੁੰਦੇ ਹਨ ਅਤੇ ਇਹਨਾਂ ਜੋਤਸ਼ੀਆਂ ਵਲੋਂ ਇਸੇ ਬਹਾਨੇ ਆਪਣੇ ਕੋਲ ਆਉਣ ਵਾਲਿਆਂ ਨੂੰ ਠੱਗਿਆ ਜਾਂਦਾ ਹੈ।
ਇਹਨਾਂ ਜੋਤਸ਼ੀਆਂ ਵਲੋਂ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ ਦੇ ਸਹਾਰੇ ਕੀਤੀ ਜਾਣ ਵਾਲੀ ਠੱਗੀ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ। ਪਹਿਲਾਂ ਇਹ ਜੋਤਸ਼ੀ ਸੰਚਾਰ ਮਾਧਿਅਮਾਂ ਵਿੱਚ ਬਾਕਾਇਦਾ ਵੱਡੇ ਇਸ਼ਤਿਹਾਰ ਦਿੰਦੇ ਹਨ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾਣ ਵਾਲੀ ਇਸ ਇਸ਼ਤਿਹਾਰਬਾਜੀ ਵਿੱਚ ਤੰਤਰ ਮੰਤਰ ਦੀ ਮਦਦ ਨਾਲ ਕਈ ਤਰ੍ਹਾਂ ਦੇ ਚਮਤਕਾਰ ਕਰਨ ਦੇ ਦਾਅਵੇ ਵੀ ਕੀਤੇ ਜਾਂਦੇ ਹਨ। ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਸਿੱਧੀ ਠੱਗੀ ਮਾਰਨ ਵਾਲੇ ਇਹ ਜੋਤਸ਼ੀ ਕਈ ਤਰ੍ਹਾਂ ਦੇ ਆਡੰਬਰ ਰਚਦੇ ਹਨ ਅਤੇ ਅੰਧਵਿਸ਼ਵਾਸ਼ ਫੈਲਾ ਕੇ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਕਾਲੇ ਜਾਦੂ ਅਤੇ ਤੰਤਰ ਮੰਤਰ ਦੀ ਮਦਦ ਨਾਲ ਆਪਣੀ ਸ਼ਰਣ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕੰਮ ਕਰਵਾ ਦੇਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਵਿੱਚ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ।
ਹਾਲਾਂਕਿ ਇਹਨਾਂ ਜੋਤਸ਼ੀਆਂ ਦੀ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਠੱਗੀ ਦੀਆਂ ਇਹ ਦੁਕਾਨਾਂ ਬੇਰੋਕਟੋਕ ਚਲਦੀਆਂ ਹਨ। ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਤੇ ਤਾਂਤਰਿਕ ਅਜਿਹਾ ਕੋਈ ਚਮਤਕਾਰ ਨਹੀਂ ਕਰ ਸਕਦੇ (ਜਿਸਦਾ ਦਾਅਵਾ ਉਹ ਆਪਣੇ ਪ੍ਰਚਾਰ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਕਰਦੇ ਹਨ) ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਦਰਜ ਕਿਉਂ ਨਹੀਂ ਕੀਤੇ ਜਾਂਦੇ ਅਤੇ ਜੋਤਿਸ਼ ਅਤੇ ਤੰਤਰ ਮੰਤਰ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ। ਇਸ ਸੰਬੰਧੀ ਤਰਕਸ਼ੀਲਾਂ ਦੀ ਸੰਸਥਾ ਵਲੋਂ ਸਮੇਂ ਸਮੇਂ ਤੇ ਆਮ ਲੋਕਾਂ ਨੂੰ ਠੱਗਦੇ ਇਹਨਾਂ ਜੋਤਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਇਸਤੋਂ ਟਾਲਾ ਵੱਟਿਆ ਜਾਂਦਾ ਹੈ।
ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਉਲਝਾ ਕੇ ਉਹਨਾਂ ਦੀ ਲੁੱਟ ਕਰਨ ਦੀ ਇਸ ਕਾਰਵਾਈ ਤੇ ਰੋਕ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਆਮ ਲੋਕਾਂ ਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲੱਗੇ।
Editorial
ਕੀ ਹੁਣ ਪੰਜਾਬ ਵਿੱਚ ਉਭਰੇਗਾ ਚੌਥਾ ਸਿਆਸੀ ਬਦਲ?
ਪੰਜਾਬ ਵਿੱਚ ਲੰਬਾਂ ਸਮਾਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਰਾਜ ਰਿਹਾ ਹੈ। ਅਕਾਲੀ ਦਲ ਨਾਲ ਕਈ ਵਾਰ ਭਾਜਪਾ ਦਾ ਗਠਜੋੜ ਵੀ ਰਿਹਾ ਹੋਣ ਕਰਕੇ ਭਾਜਪਾ ਵੀ ਪੰਜਾਬ ਵਿੱਚ ਸੱਤਾ ਦਾ ਸੁੱਖ ਮਾਣਦੀ ਰਹੀ ਹੈ। ਪੰਜਾਬ ਵਿੱਚ ਲੰਬਾ ਸਮਾਂ ਅਜਿਹਾ ਹੁੰਦਾ ਰਿਹਾ ਕਿ ਇੱਕ ਵਾਰ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ ਅਤੇ ਦੁੂਜੀ ਵਾਰ ਅਕਾਲੀ ਦਲ ਦੀ। ਦੋਵੇਂ ਸਿਆਸੀ ਪਾਰਟੀਆਂ ਵਾਰੋ ਵਾਰੀ ਪੰਜਾਬ ਤੇ ਰਾਜ ਕਰਦੀਆਂ ਆ ਰਹੀਆਂ ਸਨ।
ਦੋਵੇਂ ਹੀ ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਕਈ ਵਾਰ ਯਤਨ ਕੀਤੇ ਕਿ ਪੰਜਾਬ ਵਿੱਚ ਤੀਜਾ ਸਿਆਸੀ ਬਦਲ ਲਿਆਂਦਾ ਜਾਵੇ। ਇਸ ਲਈ ਪੰਜਾਬੀਆਂ ਵੱਲੋਂ ਪਹਿਲਾਂ ਸਾਲ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਥਾਂ ਅਕਾਲੀ ਦਲ ਮਾਨ ਨੂੰ ਭਰਪੂਰ ਹੁੰਗਾਰਾ ਭਰਿਆ ਗਿਆ ਅਤੇ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਵੱਡੀ ਗਿਣਤੀ ਆਗੂ ਲੋਕ ਸਭਾ ਚੋਣ ਜਿੱਤ ਗਏ ਪਰ ਇਹ ਪਾਰਟੀ ਵੀ ਪੰਜਾਬੀਆਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ।
ਉਸ ਤੋਂ ਬਾਅਦ ਪੰਜਾਬ ਵਿੱਚ ਪੰਜਾਬੀਆਂ ਨੇ ਹੋਰ ਵੀ ਕਈ ਸਿਆਸੀ ਪਾਰਟੀਆਂ ਨੂੰ ਹਮਾਇਤ ਦੇ ਕੇ ਦੋ ਰਵਾਇਤੀ ਸਿਆਸੀ ਪਾਰਟੀਆਂ ਤੋਂ ਦੂਰ ਹੋਣ ਦਾ ਯਤਨ ਕੀਤਾ ਪਰ ਇਸ ਵਿੱਚ ਪੰਜਾਬੀ ਸਫਲ ਨਹੀਂ ਸੀ ਹੋਏ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀਆਂ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਵੱਲੋਂ ਵਾਰੋ ਵਾਰੀ ਪੰਜਾਬ ਵਿੱਚ ਰਾਜ ਕਰਨ ਅਤੇ ਪੰਜਾਬ ਦੇ ਮੁੱਖ ਮਸਲੇ ਹੱਲ ਨਾ ਕਰਨ ਤੋਂ ਅੱਕਦਿਆਂ ਤੀਜੇ ਸਿਆਸੀ ਬਦਲ ਦੀ ਚੋਣ ਕਰਦਿਆਂ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਣ ਦਿੱਤਾ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਇਹਨਾਂ ਚੋਣਾਂ ਵਿੱਚ ਹੁੰਝਾ ਫੇਰੂ ਜਿੱਤ ਹੋਈ ਅਤੇ ਉਸ ਦੇ 92 ਉਮੀਦਵਾਰ ਚੋਣ ਜਿੱਤ ਗਏ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਇਸ ਸਮੇਂ ਰਾਜ ਕਰ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਚੋਣਾਂ ਲਈ ਹੁਣੇ ਤੋਂ ਚੋਣ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਨੂੰ ਭਰਪੂਰ ਸਮਰਥਣ ਮਿਲ ਰਿਹਾ ਹੈ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਉਹਨਾਂ ਦੀ ਹੀ ਪਾਰਟੀ ਦੀ ਬਣੇਗੀ। ਦੂਜੇ ਪਾਸੇ ਪੰਜਾਬ ਵਿੱਚ ਅਜੇ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਕੋਈ ਲਹਿਰ ਨਹੀਂ ਚੱਲੀ ਹੈ।
ਜਦੋਂ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਅਤੇ ਸਿਆਸੀ ਪਾਰਟੀਆਂ ਨੂੰ ਸਮਰਥਣ ਦੇਣ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਵੱਡੀ ਗਿਣਤੀ ਪੰਜਾਬੀ ਕਹਿੰਦੇ ਹਨ ਕਿ ਜਿਥੇ ਉਹ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਤੋਂ ਅੱਕ ਚੁੱਕੇ ਹਨ ਉਥੇ ਹੁਣ ਉਹ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨਾਲ ਵੀ ਸਹਿਮਤ ਨਹੀਂ ਹਨ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਸਰਕਾਰ ਨੇ ਸਿੱਖ ਮੁੱਦਿਆਂ ਤੋਂ ਦੂਰੀ ਬਣਾ ਲਈ ਹੈ, ਜਿਸ ਕਾਰਨ ਆਮ ਸਿੱਖ ਇਸ ਸਰਕਾਰ ਤੋਂ ਨਿਰਾਸ਼ ਹਨ, ਜਿਸ ਦਾ ਫਾਇਦਾ ਉਠਾਉਣ ਦਾ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੇ ਲੋਕ ਇਸ ਸਮੇਂ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਨਹੀਂ ਬੋਲ ਰਹੇ, ਜਿਸ ਕਾਰਨ ਪੰਜਾਬ ਵਿੱਚ ਸਿਆਸੀ ਖਲਾਅ ਵਾਲੀ ਸਥਿਤੀ ਬਣਦੀ ਜਾ ਰਹੀ ਹੈ।
ਪੰਜਾਬੀਆਂ ਦਾ ਰੁੱਖ ਵੇਖ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਉਹ ਹੁਣ ਕਿਸੇ ਚੌਥੇ ਸਿਆਸੀ ਬਦਲ ਦੀ ਭਾਲ ਵਿੱਚ ਹੋਣ। ਇਸ ਗੱਲ ਨੂੰ ਪਿਛਲੀ ਵਾਰ ਹੋਈਆਂ ਆਂ ਲੋਕ ਸਭਾ ਚੋਣਾਂ ਵੇਲੇ ਵੀ ਹੁੰਗਾਰਾ ਵੇਖਣ ਨੂੰ ਮਿਲਿਆ ਸੀ ਜਦੋਂ ਨਵੀਂ ਸਿਆਸੀ ਪਾਰਟੀ ਵਾਰਿਸ ਪੰਜਾਬ ਦੇ ਨਾਲ ਸਬੰਧਿਤ ਦੋ ਉਮੀਦਵਾਰ ਲੋਕ ਸਭਾ ਚੋਣ ਜਿੱਤ ਕੇ ਸਾਂਸਦ ਬਣ ਗਏ ਸਨ ਅਤੇ ਇਸ ਸਮੇਂ ਵੀ ਇਹ ਦੋਵੇਂ ਸਾਂਸਦ ਹਨ। ਭਾਵੇਂ ਕਿ ਇਹਨਾਂ ਵਿਚੋਂ ਇੱਕ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਅਜੇ ਜੇਲ੍ਹ ਵਿੱਚ ਹੀ ਬੰਦ ਹਨ ਪਰ ਇਸ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਵਜੋਂ ਚੋਣ ਲੜਾਉਂਣਗੇ।
ਜਿਸ ਤਰੀਕੇ ਨਾਲ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵਾਰਿਸ ਪੰਜਾਬ ਦੇ ਪਾਰਟੀ ਦੇ ਦੋ ਉਮੀਦਵਾਰ ਚੋਣ ਜਿੱਤੇ ਸਨ ਤਾਂ ਇਹ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਪੰਜਾਬੀਆਂ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਵੀ ਨਿਰਾਸ਼ ਹੋ ਕੇ ਚੌਥੀ ਸਿਆਸੀ ਪਾਰਟੀ ਨੂੰ ਹੁੰਗਾਰਾ ਭਰਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿੱਚ ਆਉਣ ਵਾਲੇ ਦਿਨ ਸਿਆਸੀ ਤੌਰ ਤੇ ਕਾਫੀ ਮਹੱਤਵਪੂਰਨ ਹਨ। ਇਹਨਾਂ ਦਿਨਾਂ ਦੌਰਾਨ ਹੀ ਇਹ ਗੱਲ ਉਭਰ ਕੇ ਸਾਹਮਣੇ ਆਵੇਗੀ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚੋਂ ਹੀ ਕਿਸੇ ਸਿਆਸੀ ਪਾਰਟੀ ਦਾ ਸਮਰਥਣ ਕਰਦੇ ਹਨ ਜਾਂ ਫਿਰ ਉਹਨਾਂ ਦਾ ਸਮਰਥਨ ਕਿਸੇ ਚੌਥੇ ਸਿਆਸੀ ਬਦਲ ਨੂੰ ਹਾਸਿਲ ਹੁੰਦਾ ਹੈ।
ਬਿਊਰੋ
Editorial
ਉਭਰ ਕੇ ਸਾਮ੍ਹਣੇ ਆ ਰਹੀਆਂ ਹਨ ਸ਼ਹਿਰਾਂ ਦੁਆਲੇ ਬਣੀਆਂ ਕਾਲੋਨੀਆਂ ਦੀਆਂ ਸਮੱਸਿਆਵਾਂ
ਬਰਸਾਤ ਵਿੱਚ ਰੁੜ੍ਹ ਗਏ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ
ਪੰਜਾਬ ਦੇ ਵੱਡੀ ਗਿਣਤੀ ਸ਼ਹਿਰਾਂ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਬਣੀਆਂ ਕਾਲੋਨੀਆਂ ਦੀਆਂ ਮੁੱਖ ਸਮੱਸਿਆਵਾਂ ਉਭਰ ਕੇ ਸਾਹਮਣੇ ਆ ਗਈਆਂ ਹਨ। ਇਹਨਾਂ ਕਾਲੋਨੀਆਂ ਨੂੰ ਬਣਾਉਣ ਵਾਲਿਆਂ ਵੱਲੋਂ ਇੱਥੇ ਆਲੀਸ਼ਾਨ ਫਲੈਟ ਅਤੇ ਕੋਠੀਆਂ ਬਣਾਉਣ ਦੇ ਦਾਅਵੇ ਕਰਦਿਆਂ ਵਸਨੀਕਾਂ ਨੂੰ ਪੂਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ ਸਨ ਜਿਹੜੇ ਹਵਾ ਵਿੱਚ ਉਡ ਪੁੱਡ ਗਏ ਹਨ।
ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਇਹਨਾਂ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧ ਵੀ ਇਸ ਪਾਣੀ ਵਿੱਚ ਰੁੜ ਜਾਂਦੇ ਹਨ। ਅਸਲੀਅਤ ਤਾਂ ਇਹ ਹੈ ਕਿ ਵੱਡੀ ਗਿਣਤੀ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ। ਜਿਸ ਕਾਰਨ ਹਰ ਬਰਸਾਤ ਸਮੇਂ ਇਹ ਬਰਸਾਤੀ ਪਾਣੀ ਕਈ ਕਈ ਦਿਨ ਇਹਨਾਂ ਕਾਲੋਨੀਆਂ ਵਿੱਚ ਖੜਾ ਰਹਿੰਦਾ ਹੈ, ਜੋ ਕਿ ਇਥੋਂ ਦੇ ਵਸਨੀਕਾਂ ਲਈ ਵੱਡੀ ਸਮੱਸਿਆ ਬਣਦਾ ਹੈ।
ਮੁਹਾਲੀ, ਖਰੜ ਅਤੇ ਹੋਰ ਸ਼ਹਿਰਾਂ ਦੇ ਆਲੇ ਦੁਆਲੇ ਬਣੀਆਂ ਕਾਲੋਨੀਆਂ ਵਿੱਚ ਹਰ ਬਰਸਾਤ ਤੋਂ ਬਾਅਦ ਹਰ ਪਾਸੇ ਬਰਸਾਤੀ ਅਤੇ ਗੰਦਾ ਪਾਣੀ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਲਾਂਡਰਾ ਖਰੜ ਰੋਡ ਤੇ ਬਰਸਾਤੀ ਤੇ ਗੰਦਾ ਪਾਣੀ ਲਗਾਤਾਰ ਖੜਾ ਰਹਿੰਦਾ ਹੈ। ਲਾਂਡਰਾ ਖਰੜ ਰੋਡ ਅਤੇ ਇਸ ਰੋਡ ਦੇ ਦੋਵੇਂ ਪਾਸੇ ਬਣੀਆਂ ਕਾਲੋਨੀਆਂ ਵਿੱਚ ਖੜੇ ਗੰਦੇ ਪਾਣੀ ਵਿਚੋਂ ਲੰਘਣ ਵੇਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ ਵੱਡੀ ਗਿਣਤੀ ਹਿੱਸੇ ਵਿੱਚ ਵੱਡੇ ਵੱਡੇ ਟੋਏ ਹਨ ਜਿਹੜੇ ਬਰਸਾਤੀ ਪਾਣੀ ਖੜਾ ਹੋਣ ਕਾਰਨ ਦਿਖਾਈ ਨਹੀਂ ਦਿੰਦੇ ਅਤੇ ਜਦੋਂ ਵਾਹਨਾਂ ਦੇ ਟਾਇਰ ਇਹਨਾਂ ਟੋਇਆਂ ਵਿੱਚ ਪੈਂਦੇ ਹਨ ਤਾਂ ਵਾਹਨਾਂ ਦੇ ਪਲਟਣ ਦਾ ਖਤਰਾ ਬਣ ਜਾਂਦਾ ਹੈ। ਬਰਸਾਤੀ ਪਾਣੀ ਵਾਹਨਾਂ ਦੇ ਇੰਜਣਾਂ ਵਿੱਚ ਚਲੇ ਜਾਣ ਕਾਰਨ ਵਾਹਨ ਖਰਾਬ ਵੀ ਹੋ ਜਾਂਦੇ ਹਨ।
ਇਹੀ ਹਾਲ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਆਲੇ ਦੁਆਲੇ ਬਣੀਆਂ ਕਾਲੋਨੀਆਂ ਦਾ ਹੈ। ਇਹਨਾਂ ਕਾਲੋਨੀਆਂ ਵਿੱਚ ਬਿਲਡਰਾਂ ਤੇ ਕਾਲੋਨਾਈਜਰਾਂ ਵੱਲੋਂ ਵੱਡੀ ਗਿਣਤੀ ਫਲੈਟ ਅਤੇ ਪਲਾਟ ਵੇਚੇ ਗਏ ਹਨ, ਇਹਨਾਂ ਪਲਾਟਾਂ ਵਿੱਚ ਆਲੀਸ਼ਾਨ ਕੋਠੀਆਂ ਬਣ ਗਈਆਂ ਹਨ। ਇਹ ਫਲੈਟ ਅਤੇ ਪਲਾਟ ਵੇਚਣ ਵੇਲੇ ਕਾਲੋਨਾਈਜਰਾਂ ਅਤੇ ਬਿਲਡਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਇਹਨਾਂ ਕਾਲੋਨੀਆਂ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ।
ਕਈ ਕਾਲੋਨੀਆਂ ਤਾਂ ਅਜਿਹੀਆਂ ਹਨ, ਜੋ ਕਿ ਬਰਸਾਤੀ ਨਾਲਿਆਂ ਅਤੇ ਬਰਸਾਤੀ ਨਦੀਆਂ ਦੇ ਰਸਤੇ ਵਿੱਚ ਹੀ ਬਣਾ ਦਿਤੀਆਂ ਗਈਆਂ ਹਨ। ਅਜਿਹੀਆਂ ਕਾਲੋਨੀਆਂ ਦੇ ਨਕਸ਼ੇ ਕਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਪਾਸ ਕੀਤੇ ਗਏ, ਇਹ ਵੀ ਭੇਦ ਵਾਲੀ ਗੱਲ ਬਣੀ ਹੋਈ ਹੈ। ਬਰਸਾਤ ਤੋਂ ਬਾਅਦ ਲਗਾਤਾਰ ਕਈ ਦਿਨ ਜਦੋਂ ਬਰਸਾਤੀ ਪਾਣੀ ਦੀ ਇਹਨਾਂ ਕਾਲੋਨੀਆਂ ਵਿੱਚ ਕਿਸੇ ਪਾਸੇ ਨਿਕਾਸੀ ਨਹੀਂ ਹੁੰਦੀ ਤਾਂ ਇਹਨਾਂ ਕਾਲੋਨੀਆਂ ਵਿੱਚ ਫਲੈਟ ਅਤੇ ਪਲਾਟ ਲੈ ਕੇ ਕੋਠੀਆਂ ਬਣਾਉਣ ਵਾਲੇ ਪਛਤਾਉਂਦੇ ਹਨ। ਕਾਲੋਨੀਆਂ ਦੇ ਮਾਲਕ ਇਹਨਾਂ ਕਾਲੋਨੀਆਂ ਦੇ ਵਸਨੀਕਾਂ ਦੀਆਂ ਗੱਲਾਂ ਸੁਣਨ ਨੂੰ ਤਿਆਰ ਨਹੀਂ ਹੁੰਦੇ। ਜਿਸ ਕਾਰਨ ਹਰ ਬਰਸਾਤ ਸਮੇਂ ਸ਼ਹਿਰਾਂ ਦੁਆਲੇ ਬਣੀਆਂ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।
ਬਰਸਾਤੀ ਪਾਣੀ ਦੀ ਕਈ ਦਿਨਾਂ ਤਕ ਨਿਕਾਸੀ ਨਾ ਹੋਣ ਕਾਰਨ ਇਹਨਾਂ ਕਾਲੋਨੀਆਂ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੁਰ ਹਨ। ਵੱਖ ਵੱਖ ਕਾਲੋਨੀਆਂ ਦੇ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਲਈ ਕਾਲੋਨਾਈਜਰਾਂ ਨੂੰ ਮਜਬੂਰ ਕੀਤਾ ਜਾਵੇ ਅਤੇ ਅਜਿਹਾ ਪ੍ਰਬੰਧ ਨਾ ਕਰਨ ਵਾਲੇ ਕਾਲੋਨਾਈਜਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਬਿਊਰੋ
-
Chandigarh2 months agoਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਦੀਆਂ ਚੋਣਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ
-
Mohali1 month ago
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 18 ਜੂਨ ਤਕ ਚਲੇਗਾ 18 ਰੋਜ਼ਾ ਗੁਰਮਤਿ ਅਤੇ ਗੱਤਕਾ ਕੈਂਪ
-
International1 month ago
ਅਫ਼ਗਾਨਿਸਤਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
Mohali2 months agoਕੌਮੀ ਇਨਸਾਫ਼ ਮੋਰਚੇ ਵਿੱਚ ਪੁੱਜੇ ਨਵਜੋਤ ਕੌਰ ਸਿੱਧੂ
-
National1 month agoਸ਼ਾਰਟ ਸਰਕਟ ਕਾਰਨ ਫਲੈਟ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
International1 month agoਰੂਸ ਵੱਲੋਂ ਯੂਕ੍ਰੇਨ ਤੇ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਨਾਲ ਹਮਲਾ, 11 ਵਿਅਕਤੀਆਂ ਦੀ ਮੌਤ, ਕਈ ਗੰਭੀਰ ਜ਼ਖਮੀ
-
Mohali1 month ago
ਨਗਰ ਨਿਗਮ ਦੇ 26 ਸਾਬਕਾ ਕੌਂਸਲਰ ਚੋਣ ਜਿੱਤ ਕੇ ਮੁੜ ਬਣੇ ਕੌਂਸਲਰ
-
Editorial2 months agoਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ…………
