Connect with us

Editorial

ਕੀ ਭਾਰਤ ਦੇ ਵਿਕਾਸ ਦਾ ਅਗਲੇ ਪੈਮਾਨੇ ਵਿੱਚ ਮਾਨਸਿਕ ਸੁਖ-ਸਲਾਮਤੀ ਵੀ ਸ਼ਾਮਲ ਹੋਵੇਗੀ?

Published

on

ਸਾਡੇ ਦੇਸ਼ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਨੂੰ ਨਾਪਣ ਲਈ ਜਨਤਾ ਦੀ ਆਮਦਨ, ਰੁਜ਼ਗਾਰ, ਸਿੱਖਿਆ, ਸਿਹਤ, ਸੜਕਾਂ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਆਰਥਿਕਤਾ ਦੀ ਮਜਬੂਤੀ ਵਰਗੇ ਮਾਪਦੰਡਾਂ ਨੂੰ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਇਹ ਸਾਰੇ ਮਾਪਦੰਡ ਜ਼ਰੂਰੀ ਵੀ ਹਨ, ਪਰ ਹੁਣ ਸਾਨੂੰ ਇੱਕ ਹੋਰ ਬੁਨਿਆਦੀ ਸਵਾਲ ਪੁੱਛਣ ਦੀ ਲੋੜ ਹੈ ਕਿ ਵਿਕਾਸ ਦੇ ਨਾਲ ਨਾਲ ਲੋਕ ਅਸਲ ਵਿੱਚ ਜੀਵਨ ਨੂੰ ਕਿਵੇਂ ਮਹਿਸੂਸ ਕਰ ਰਹੇ ਹਨ?

ਇੱਕ ਦੇਸ਼ ਚੌੜੀਆਂ ਸੜਕਾਂ ਬਣਾ ਸਕਦਾ ਹੈ, ਉੱਚੀਆਂ ਇਮਾਰਤਾਂ ਖੜ੍ਹੀਆਂ ਕਰ ਸਕਦਾ ਹੈ, ਡਿਜ਼ੀਟਲ ਤਕਨਾਲੋਜੀ ਵਿੱਚ ਅੱਗੇ ਵੱਧ ਸਕਦਾ ਹੈ ਅਤੇ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਦਾ ਹੈ। ਪਰ ਇਸ ਦੇ ਨਾਲ ਇਹ ਵੀ ਸੰਭਵ ਹੈ ਕਿ ਉਸ ਦੇ ਵਸਨੀਕ ਵੱਧਦੀ ਇਕੱਲਤਾ, ਤਣਾਅ, ਥਕਾਵਟ, ਭਵਿੱਖ ਬਾਰੇ ਚਿੰਤਾ ਅਤੇ ਸਮਾਜਿਕ ਦੂਰੀ ਮਹਿਸੂਸ ਕਰ ਰਹੇ ਹੋਣ। ਜੇਕਰ ਅਜਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਕਾਸ ਅਸਫਲ ਹੋ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਸ਼ਾਇਦ ਸਾਡੀ ਵਿਕਾਸ ਦੀ ਪਰਿਭਾਸ਼ਾ ਅਜੇ ਅਧੂਰੀ ਹੈ।

ਭਾਰਤ ਨੂੰ ਹੁਣ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਸਿਰਫ਼ ਇਹ ਨਾ ਮਾਪੀਏ ਕਿ ਦੇਸ਼ ਨੇ ਕੀ ਬਣਾਇਆ ਹੈ, ਬਲਕਿ ਇਹ ਵੀ ਮਾਪੀਏ ਕਿ ਇਸ ਵਿਕਾਸ ਦੇ ਦੌਰਾਨ ਲੋਕਾਂ ਦੇ ਮਨਾਂ ਵਿੱਚ ਕੀ ਹੋ ਰਿਹਾ ਹੈ। ਮਨੋਵਿਗਿਆਨਕ ਨਜਰੀਏ ਨਾਲ ਵੇਖੀਏ ਤਾਂ ਸਾਨੂੰ ਇੱਕ ਰਾਸ਼ਟਰੀ ਮਾਨਸਿਕ ਸੁਖ-ਸਲਾਮਤੀ ਵਿਕਾਸ ਮਾਪਦੰਡ” ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਜੀ ਡੀਪੀ ਸਾਨੂੰ ਦੱਸ ਸਕਦੀ ਹੈ ਕਿ ਅਰਥਵਿਵਸਥਾ ਕਿੰਨਾ ਉਤਪਾਦਨ ਕਰ ਰਹੀ ਹੈ। ਬੁਨਿਆਦੀ ਢਾਂਚੇ ਦੇ ਅੰਕੜੇ ਦੱਸ ਸਕਦੇ ਹਨ ਕਿ ਅਸੀਂ ਕੀ ਬਣਾਇਆ ਹੈ। ਰੁਜ਼ਗਾਰ ਦੇ ਅੰਕੜੇ ਦੱਸ ਸਕਦੇ ਹਨ ਕਿ ਕਿੰਨੇ ਲੋਕ ਆਰਥਿਕ ਗਤੀਵਿਧੀਆਂ ਨਾਲ ਜੁੜੇ ਹਨ। ਪਰ ਇਹਨਾਂ ਵਿੱਚੋਂ ਕੋਈ ਵੀ ਇਕੱਲਾ ਮਾਪਦੰਡ ਸਾਨੂੰ ਇਹ ਨਹੀਂ ਦੱਸਦਾ ਕਿ ਲੋਕ ਆਪਣੇ ਜੀਵਨ ਤੋਂ ਕਿੰਨੇ ਸੰਤੁਸ਼ਟ ਹਨ, ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਕਿੰਨੇ ਆਸਵੰਦ ਹਨ, ਬਜ਼ੁਰਗ ਆਪਣੇ ਆਪ ਨੂੰ ਕਿੰਨਾ ਮਹੱਤਵਪੂਰਨ ਮਹਿਸੂਸ ਕਰਦੇ ਹਨ ਜਾਂ ਕੰਮਕਾਜੀ ਲੋਕ ਮਾਨਸਿਕ ਤੌਰ ਤੇ ਕਿੰਨੇ ਥੱਕ ਚੁੱਕੇ ਹਨ।

ਵਿਕਾਸ ਸਿਰਫ਼ ਇਮਾਰਤਾਂ ਅਤੇ ਸੜਕਾਂ ਦੀ ਲੰਬਾਈ ਵਧਾਉਣਾ ਨਹੀਂ ਹੋਣਾ ਚਾਹੀਦਾ। ਵਿਕਾਸ ਦਾ ਅਸਲ ਮਕਸਦ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੋਣਾ ਚਾਹੀਦਾ ਹੈ। ਮਾਨਸਿਕ ਸੁਖ-ਸਲਾਮਤੀ ਮਾਪਦੰਡ ਵਿੱਚ ਤਣਾਅ ਦਾ ਪੱਧਰ, ਜੀਵਨ ਨਾਲ ਸੰਤੁਸ਼ਟੀ, ਭਾਵਨਾਤਮਕ ਸੰਤੁਲਨ, ਮੁਸ਼ਕਲ ਹਾਲਾਤਾਂ ਨਾਲ ਨਜਿੱਠਣ ਦੀ ਸਮਰੱਥਾ ਅਤੇ ਮਨੋਵਿਗਿਆਨਕ ਲਚਕਤਾ ਵਰਗੇ ਕਈ ਪੱਖ ਸ਼ਾਮਲ ਕੀਤੇ ਜਾ ਸਕਦੇ ਹਨ।

ਦੂਜਾ ਪੱਖ ਸਮਾਜਿਕ ਜੁੜਾਅ ਹੋ ਸਕਦਾ ਹੈ। ਕੀ ਲੋਕਾਂ ਕੋਲ ਅਰਥਪੂਰਨ ਰਿਸ਼ਤੇ ਹਨ? ਕੀ ਬਜ਼ੁਰਗਾਂ ਨਾਲ ਪਰਿਵਾਰ ਅਤੇ ਸਮਾਜ ਦਾ ਨਿਯਮਿਤ ਸੰਪਰਕ ਹੈ? ਕੀ ਨੌਜਵਾਨ ਆਪਣੇ ਪਰਿਵਾਰ ਅਤੇ ਸਮਾਜ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ? ਕੀ ਸਾਡੇ ਮੁਹੱਲੇ ਸਿਰਫ਼ ਘਰਾਂ ਦਾ ਸਮੂਹ ਬਣ ਰਹੇ ਹਨ ਜਾਂ ਅਸਲ ਵਿੱਚ ਭਾਈਚਾਰੇ ਵੀ ਹਨ?

ਤੀਜਾ ਪੱਖ ਕੰਮਕਾਜੀ ਜੀਵਨ ਦੀ ਮਾਨਸਿਕ ਸਿਹਤ ਹੋ ਸਕਦਾ ਹੈ। ਕਿਸੇ ਵੀ ਆਰਥਿਕ ਵਿਕਾਸ ਨੂੰ ਪੂਰੀ ਤਰ੍ਹਾਂ ਸਫਲ ਨਹੀਂ ਕਿਹਾ ਜਾ ਸਕਦਾ ਜੇ ਉਤਪਾਦਕਤਾ ਵਧ ਰਹੀ ਹੋਵੇ ਪਰ ਮਾਨਸਿਕ ਥਕਾਵਟ ਨੂੰ ਆਮ ਜੀਵਨ ਦਾ ਹਿੱਸਾ ਮੰਨ ਲਿਆ ਜਾਵੇ।

ਚੌਥਾ ਪੱਖ ਨੌਜਵਾਨਾਂ ਦੀ ਮਾਨਸਿਕ ਸੁਖ-ਸਲਾਮਤੀ ਹੋਣਾ ਚਾਹੀਦਾ ਹੈ। ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਨੌਜਵਾਨ ਆਬਾਦੀ ਹੈ। ਪਰ ਨੌਜਵਾਨ ਆਬਾਦੀ ਤਾਂ ਹੀ ਤਾਕਤ ਬਣਦੀ ਹੈ ਜਦੋਂ ਨੌਜਵਾਨਾਂ ਕੋਲ ਮੌਕੇ ਦੇ ਨਾਲ ਉਦੇਸ਼, ਆਸ, ਸਮਾਜਿਕ ਜੁੜਾਅ ਅਤੇ ਮਾਨਸਿਕ ਮਜ਼ਬੂਤੀ ਵੀ ਹੋਵੇ। ਸਾਨੂੰ ਸਿਰਫ਼ ਇਹ ਨਹੀਂ ਮਾਪਣਾ ਚਾਹੀਦਾ ਕਿ ਕਿੰਨੇ ਨੌਜਵਾਨ ਪੜ੍ਹੇ-ਲਿਖੇ ਜਾਂ ਰੋਜ਼ਗਾਰਸ਼ੁਦਾ ਹਨ ਬਲਕਿ ਪੈਮਾਨਾ ਇਹ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਭਵਿੱਖ ਬਾਰੇ ਕੀ ਮਹਿਸੂਸ ਕਰਦੇ ਹਨ?

ਪੰਜਵਾਂ ਪੱਖ ਸਾਡੇ ਬਜ਼ੁਰਗਾਂ ਦੀ ਮਾਨਸਿਕ ਅਤੇ ਸਮਾਜਿਕ ਸਥਿਤੀ ਹੋਣਾ ਚਾਹੀਦਾ ਹੈ। ਜਿਨ੍ਹਾਂ ਪੀੜ੍ਹੀਆਂ ਨੇ ਅੱਜ ਦੇ ਭਾਰਤ ਦੀ ਨੀਂਹ ਰੱਖੀ, ਜੇ ਉਹੀ ਪੀੜ੍ਹੀ ਆਧੁਨਿਕਤਾ, ਤਕਨਾਲੋਜੀ, ਪਰਿਵਾਰਕ ਬਦਲਾਅ ਅਤੇ ਪਰਵਾਸ ਦੇ ਕਾਰਨ ਇਕੱਲੀ ਮਹਿਸੂਸ ਕਰਨ ਲੱਗੇ ਤਾਂ ਸਾਨੂੰ ਇਸ ਨੂੰ ਵੀ ਵਿਕਾਸ ਦੀ ਚਰਚਾ ਦਾ ਹਿੱਸਾ ਬਣਾਉਣਾ ਪਵੇਗਾ। ਇੱਕ ਵਿਕਸਤ ਸਮਾਜ ਸਿਰਫ਼ ਇਹ ਨਹੀਂ ਦੇਖਦਾ ਕਿ ਉਸ ਦੇ ਬਜ਼ੁਰਗ ਆਰਥਿਕ ਤੌਰ ਤੇ ਸੁਰੱਖਿਅਤ ਹਨ ਜਾਂ ਨਹੀਂ। ਉਹ ਇਹ ਵੀ ਦੇਖਦਾ ਹੈ ਕਿ ਕੀ ਉਹ ਸਨਮਾਨਿਤ, ਸ਼ਾਮਲ ਅਤੇ ਮਾਨਸਿਕ ਤੌਰ ‘ਤੇ ਜੁੜੇ ਹੋਏ ਹਨ।

ਛੇਵਾਂ ਪੱਖ ਭਾਈਚਾਰਕ ਸੁਖ-ਸਲਾਮਤੀ ਹੋ ਸਕਦਾ ਹੈ। ਕੀ ਲੋਕ ਆਪਣੇ ਮੁਹੱਲੇ ਵਿੱਚ ਸੁਰੱਖਿਅਤ ਅਤੇ ਜੁੜੇ ਹੋਏ ਮਹਿਸੂਸ ਕਰਦੇ ਹਨ? ਕੀ ਲੋਕ ਸਥਾਨਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ? ਕੀ ਉਹ ਸਰਕਾਰੀ ਸੰਸਥਾਵਾਂ ਤੇ ਭਰੋਸਾ ਕਰਦੇ ਹਨ? ਕੀ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ?

ਇਹ ਸਾਰੇ ਮਾਪਦੰਡ ਸ਼ਾਇਦ ਪਹਿਲੀ ਨਜ਼ਰ ਵਿੱਚ ਗੈਰਜਰੂਰੀ ਲੱਗ ਸਕਦੇ ਹਨ। ਪਰ ਇਹ ਗੈਰਜਰੂਰੀ ਨਹੀਂ ਹਨ। ਇਹ ਉਤਪਾਦਕਤਾ, ਪਰਿਵਾਰਕ ਰਿਸ਼ਤਿਆਂ, ਸਿੱਖਿਆ, ਸਿਹਤ ਸੇਵਾਵਾਂ ਦੀ ਵਰਤੋਂ, ਸਮਾਜਿਕ ਸਥਿਰਤਾ ਅਤੇ ਸਮੁੱਚੇ ਤੌਰ ‘ਤੇ ਸਮਾਜ ਦੇ ਕੰਮ ਕਰਨ ਦੇ ਢੰਗ ਨੂੰ ਪ੍ਰਭਾਵਿਤ ਕਰਦੇ ਹਨ।

ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਹੈ। ਮਾਨਸਿਕ ਸੁਖ-ਸਲਾਮਤੀ ਨੂੰ ਸਿਰਫ਼ ਸਰਕਾਰੀ ਅੰਕੜਾ ਬਣਾਉਣਾ ਕਾਫ਼ੀ ਨਹੀਂ ਹੋਵੇਗਾ ਬਲਕਿ ਇਸ ਨੂੰ ਵਿਕਾਸ ਨੂੰ ਮਾਪਣ ਦਾ ਇੱਕ ਨਵਾਂ ਨਜ਼ਰੀਆ ਬਣਾਉਣਾ ਪਵੇਗਾ। ਕਲਪਨਾ ਕਰੋ ਕਿ ਕਿਸੇ ਜ਼ਿਲ੍ਹੇ ਵਿੱਚ ਸੜਕਾਂ ਬਹੁਤ ਵਧੀਆ ਹਨ, ਵਪਾਰਕ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਆਮਦਨ ਵੀ ਵਧ ਰਹੀ ਹੈ, ਪਰ ਇਸ ਦੇ ਨਾਲ ਨੌਜਵਾਨਾਂ ਵਿੱਚ ਤਣਾਅ, ਬਜ਼ੁਰਗਾਂ ਵਿੱਚ ਇਕੱਲਾਪਣ ਅਤੇ ਲੋਕਾਂ ਵਿੱਚ ਸਮਾਜਿਕ ਦੂਰੀ ਵਧ ਰਹੀ ਹੈ। ਫਿਰ ਕੀ ਅਸੀਂ ਉਸ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਵਿਕਸਤ ਕਹਾਂਗੇ? ਸ਼ਾਇਦ ਨਹੀਂ। ਇਸ ਲਈ ਸਰਕਾਰ ਨੂੰ ਭਵਿੱਖ ਵਿੱਚ ਵਿਕਾਸ ਦੀ ਯੋਜਨਾ ਬਣਾਉਂਦੇ ਸਮੇਂ ਇੱਕ ਹੋਰ ਸਵਾਲ ਸ਼ਾਮਲ ਕਰਨਾ ਚਾਹੀਦਾ ਹੈ ਕਿ ਸਾਡੀਆਂ ਨੀਤੀਆਂ ਲੋਕਾਂ ਦੀ ਜ਼ਿੰਦਗੀ ਨੂੰ ਕਿੰਨਾ ਬਿਹਤਰ ਬਣਾ ਰਹੀਆਂ ਹਨ।

ਮਾਨਸਿਕ ਸੁਖ-ਸਲਾਮਤੀ ਦਾ ਇਹ ਮਾਪਦੰਡ ਕਿਸੇ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਸਿਹਤਮੰਦ ਜਾਂ ਗੈਰ-ਸਿਹਤਮੰਦ ਘੋਸ਼ਿਤ ਕਰਨ ਲਈ ਨਹੀਂ ਹੋਣਾ ਚਾਹੀਦਾ। ਇਹ ਲੋਕਾਂ ਦੇ ਨਿੱਜੀ ਜੀਵਨ ਦਾ ਮੁਲਾਂਕਣ ਨਹੀਂ, ਬਲਕਿ ਸਮਾਜਿਕ ਅਤੇ ਪ੍ਰਸ਼ਾਸਨਿਕ ਹਾਲਾਤਾਂ ਦਾ ਮੁਲਾਂਕਣ ਹੋਣਾ ਚਾਹੀਦਾ ਹੈ। ਇਸ ਨੂੰ ਵਿਗਿਆਨਕ, ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ, ਪਾਰਦਰਸ਼ੀ ਅਤੇ ਰਾਜਨੀਤਿਕ ਦੁਰਵਰਤੋਂ ਤੋਂ ਸੁਰੱਖਿਅਤ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ।

ਭਾਰਤ ਹੁਣ ਏ ਆਈ, ਆਟੋਮੇਸ਼ਨ, ਸ਼ਹਿਰੀਕਰਨ, ਮਾਈਗ੍ਰੇਸ਼ਨ ਅਤੇ ਬਦਲ ਰਹੇ ਪਰਿਵਾਰਕ ਢਾਂਚਿਆਂ ਦੇ ਇੱਕ ਨਵੇਂ ਯੁੱਗ ਵਿੱਚ ਦਾਖ਼ਲ ਹੋ ਰਿਹਾ ਹੈ। ਭਵਿੱਖ ਦੀ ਚੁਣੌਤੀ ਸਿਰਫ਼ ਇਹ ਨਹੀਂ ਹੋਵੇਗੀ ਕਿ ਮਨੁੱਖ ਤਕਨਾਲੋਜੀ ਨਾਲ ਕਿੰਨੀ ਤੇਜ਼ੀ ਨਾਲ ਕੰਮ ਕਰ ਸਕਦਾ ਹੈ। ਅਸਲ ਚੁਣੌਤੀ ਇਹ ਵੀ ਹੋਵੇਗੀ ਕਿ ਤਕਨਾਲੋਜੀ ਅਤੇ ਸਮਾਜ ਦੇ ਤੇਜ਼ ਬਦਲਾਅ ਦੇ ਵਿਚਕਾਰ ਅਸੀਂ ਮਨੁੱਖੀ ਮਨ ਨੂੰ ਕਿੰਨੀ ਸਮਝਦਾਰੀ ਨਾਲ ਸੁਰੱਖਿਅਤ ਰੱਖ ਸਕਦੇ ਹਾਂ।

ਇਸ ਲਈ ਭਾਰਤ ਨੂੰ ਵਿਕਾਸ ਬਾਰੇ ਤਿੰਨ ਸਵਾਲ ਪੁੱਛਣੇ ਚਾਹੀਦੇ ਹਨ। ਕੀ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਹੋ ਰਹੇ ਹਾਂ, ਕੀ ਅਸੀਂ ਸਮਾਜਿਕ ਤੌਰ ਤੇ ਮਜ਼ਬੂਤ ਹੋ ਰਹੇ ਹਾਂ ਅਤੇ ਕੀ ਅਸੀਂ ਮਾਨਸਿਕ ਤੌਰ ਤੇ ਸਿਹਤਮੰਦ ਅਤੇ ਸੰਤੁਲਿਤ ਹੋ ਰਹੇ ਹਾਂ? ਪਹਿਲੇ ਦੋ ਸਵਾਲ ਸਾਡੀ ਰਾਸ਼ਟਰੀ ਚਰਚਾ ਦਾ ਹਿੱਸਾ ਹਨ ਅਤੇ ਹੁਣ ਤੀਜੇ ਸਵਾਲ ਨੂੰ ਵੀ ਉਹੀ ਗੰਭੀਰਤਾ ਦੇਣ ਦਾ ਸਮਾਂ ਆ ਗਿਆ ਹੈ।

ਭਾਰਤ ਦੇ ਵਿਕਾਸ ਦਾ ਅਗਲਾ ਪੈਮਾਨਾ ਸਿਰਫ਼ ਇਹ ਨਹੀਂ ਹੋਣਾ ਚਾਹੀਦਾ ਕਿ ਦੇਸ਼ ਕੋਲ ਕੀ ਹੈ। ਇਹ ਵੇਖਣਾ ਵੀ ਜਰੂਰੀ ਹੈ ਿਕ ਦੇਸ਼ ਦੇ ਲੋਕ ਕਿਵੇਂ ਜੀ ਰਹੇ ਹਨ, ਕਿਵੇਂ ਜੁੜ ਰਹੇ ਹਨ, ਕਿਵੇਂ ਮੁਸ਼ਕਲਾਂ ਨਾਲ ਨਜਿੱਠ ਰਹੇ ਹਨ ਅਤੇ ਕਿੰਨਾ ਸੰਤੁਸ਼ਟ ਅਤੇ ਸੰਤੁਲਿਤ ਜੀਵਨ ਜੀ ਰਹੇ ਹਨ। ਕਿਉਂਕਿ ਆਖ਼ਰਕਾਰ ਵਿਕਾਸ ਦਾ ਮਕਸਦ ਮਨੁੱਖ ਦੇ ਆਲੇ-ਦੁਆਲੇ ਇੱਕ ਵੱਡਾ ਅਤੇ ਅਮੀਰ ਸਿਸਟਮ ਬਣਾਉਣਾ ਨਹੀਂ ਬਲਕਿ ਵਿਕਾਸ ਦਾ ਮਕਸਦ ਮਨੁੱਖ ਲਈ ਇੱਕ ਬਿਹਤਰ ਜੀਵਨ ਬਣਾਉਣਾ ਹੈ। ਭਾਰਤ ਨੇ ਦਹਾਕਿਆਂ ਤੱਕ ਵਿਕਾਸ ਨੂੰ ਮਾਪਿਆ ਹੈ ਅਤੇ ਹੁਣ ਸਮਾਂ ਹੈ ਕਿ ਅਸੀਂ ਵਿਕਾਸ ਦੇ ਅੰਦਰ ਮੌਜੂਦ ਮਨੁੱਖੀ ਮਨ ਨੂੰ ਵੀ ਮਾਪਣਾ ਸ਼ੁਰੂ ਕਰੀਏ।

ਡਾ. ਹਰਜਿੰਦਰ ਸਿੰਘ ਹੈਰੀ

ਸੀਨੀਅਰ ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ

Continue Reading

Editorial

ਨਸ਼ਿਆਂ ਦੇ ਕਾਲੇ ਕਾਰੋਬਾਰ ਤੇ ਸਖਤੀ ਨਾਲ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ

Published

on

By

ਪਿਛਲੀ ਵਾਰ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਸਮੇਂ ਪੰਜਾਬ ਦੀ ਜਨਤਾ ਨਾਲ ਨਸ਼ਿਆਂ ਦੇ ਕਾਲੇ ਕਾਰੋਬਾਰ ਦਾ ਮੁਕੰਮਲ ਖਾਤਮਾ ਕਰਨ ਦਾ ਵਾਇਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਅਤੇ ਆਪਣੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰੋਬਾਰ ਦੌਰਾਨ ਭਾਵੇਂ ਇਸ ਸਰਕਾਰ ਵਲੋਂ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਤੇ ਕਾਬੂ ਕਰਨ ਲਈ ਲਗਾਤਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਆਏ ਦਿਨ ਕਿਤੇ ਨਾ ਕਿਤੇ ਨਸ਼ਿਆਂ ਦੇ ਛੋਟੇ ਵੱਡੇ ਸਪਲਾਇਰਾਂ ਨੂੰ ਕਾਬੂ ਕੀਤੇ ਜਾਣ ਦੀ ਗੱਲ ਵੀ ਸਾਮ੍ਹਣੇ ਆਉਂਦੀ ਹੈ ਪਰੰਤੂ ਨਸ਼ਿਆਂ ਦਾ ਇਹ ਕਾਰੋਬਾਰ ਕਾਬੂ ਹੁੰਦਾ ਨਜਰ ਨਹੀਂ ਆਉਂਦਾ। ਇਸ ਦੌਰਾਨ ਪੁਲੀਸ ਵਲੋਂ ਆਏ ਦਿਨ ਨਸ਼ਾ ਸਪਲਾਇਰਾਂ ਨੂੰ ਕਾਬੂ ਕੀਤੇ ਜਾਣ ਨਾਲ ਹੀ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਸੂਬੇ ਵਿੱਚ ਨਸ਼ਿਆਂ ਦਾ ਇਹ ਕਾਲਾ ਕਾਰੋਬਾਰ ਜੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ।

ਪੰਜਾਬ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਸੂਬੇ ਵਿੱਚ ਨਸ਼ਿਆਂ ਦੀ ਲਗਾਤਰ ਵੱਧਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਇਸਦਾ ਇੱਕ ਸਰਹੱਦੀ ਸੂਬਾ ਹੋਣਾ ਵੀ ਹੈ ਅਤੇ ਦੂਜੇ ਦੇਸ਼ ਦੇ ਨਸ਼ਾ ਤਸਕਰਾਂ ਵਲੋਂ ਸਮੇਂ ਸਮੇਂ ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਵੱਡੀ ਖੇਪ ਪੰਜਾਬ ਭੇਜੀ ਜਾਂਦੀ ਹੈ, ਜਿਹੜੀ ਇੱਥੋਂ ਹੋਰਨਾਂ ਥਾਵਾਂ ਤੇ ਸਪਲਾਈ ਕੀਤੀ ਜਾਣੀ ਹੁੰਦੀ ਹੈ। ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਇਹ ਸਪਲਾਈ ਸੂਬੇ ਵਾਸਤੇ ਇਕ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਇਸਦੀ ਸਾਨੂੰ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ। ਇਹਨਾਂ ਨਸ਼ਾ ਤਸਕਰਾਂ ਦੇ ਤਾਰ ਅੰਤਰਰਾਸ਼ਟਰੀ ਪੱਧਰ ਤੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਨਸ਼ੇ ਦਾ ਇਹ ਵਪਾਰ ਪੂਰੀ ਤਰ੍ਹਾਂ ਯੋਜਨਬੱਧ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ।

ਇਹਨਾਂ ਨਸ਼ਾ ਤਸਕਰਾਂ ਵਲੋਂ ਪੰਜਾਬ ਦੇ ਰਾਹ ਅੱਗੇ ਭੇਜੀ ਜਾਣ ਵਾਲੀ ਨਸ਼ਿਆਂ ਦੀ ਖੇਪ ਦਾ ਇੱਕ ਹਿੱਸਾ ਪੰਜਾਬ ਵਿੱਚ ਹੀ ਖਪਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ। ਇਸ ਸੰਬੰਧੀ ਪੰਜਾਬ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਵੱਡੇ ਅਫਸਰਸ਼ਾਹਾਂ ਉੱਪਰ ਨਸ਼ਿਆਂ ਦੇ ਇਸ ਕਾਰੋਬਾਰ ਦੀ ਪੁਸ਼ਤਪਨਾਹੀ ਦੇ ਇਲਜਾਮ ਵੀ ਲੱਗਦੇ ਰਹੇ ਹਨ ਅਤੇ ਲੋਕਾਂ ਵਲੋਂ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਨਸ਼ਿਆਂ ਦਾ ਇਹ ਕਾਰੋਬਾਰ ਇਹਨਾਂ ਸਿਆਸੀ ਆਗੂਆਂ ਅਤੇ ਵੱਡੇ ਅਫਸਰਾਂ ਦੀ ਸਰਪਰਸਤੀ ਵਿੱਚ ਹੀ ਚਲਾਇਆ ਜਾਂਦਾ ਹੈ। ਹਾਲਾਂਕਿ ਇਹ ਤਮਾਮ ਆਗੂ ਅਤੇ ਅਫਸਰ ਭਾਵੇਂ ਇਸ ਸਾਰੇ ਕੁੱਝ ਤੋਂ ਸਾਫ ਇਨਕਾਰ ਕਰਦੇ ਹਨ ਪਰੰਤੂ ਪੰਜਾਬ ਵਿੱਚ ਜਿਸ ਤਰੀਕੇ ਨਾਲ ਹਰ ਪਾਸੇ ਨਸ਼ਿਆਂ ਦੀ ਸਪਲਾਈ ਹੁੰਦੀ ਹੈ ਉਸ ਨਾਲ ਜਾਹਿਰ ਹੁੰਦਾ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਅਜਿਹੇ ਵੱਡੇ ਲੋਕਾਂ ਦੀ ਸਰਪਰਸਤੀ ਹਾਸਲ ਹੈ।

ਪੰਜਾਬੀਆਂ ਬਾਰੇ ਤਾਂ ਵੈਸੇ ਵੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਬਚਪਣ ਵਿੱਚ ਹੀ ਨਸ਼ੇ ਨਾਲ ਵਾਹ ਪੈ ਜਾਂਦਾ ਹੈ। ਪੰਜਾਬ ਵਿੱਚ ਅਜਿਹੇ ਵੱਡੀ ਗਿਣਤੀ ਪਰਿਵਾਰ ਹਨ ਜਿਹਨਾਂ ਦੀਆਂ ਔਰਤਾਂ ਆਪਣੇ ਘਰ ਵਿੱਚ ਥੋੜ੍ਹੀ ਬਹੁਤ ਅਫੀਮ ਜਰੂਰ ਰਖਦੀਆਂ ਹਨ। ਇਹ ਔਰਤਾਂ ਭਾਵੇਂ ਖੁਦ ਨਸ਼ਾ ਨਹੀਂ ਕਰਦੀਆਂ ਪਰ ਜਦੋਂ ਇਹਨਾਂ ਦੇ ਘਰ ਵਿੱਚ ਕੋਈ ਬੱਚਾ ਬਿਮਾਰ ਹੁੰਦਾ ਹੈ, ਕਿਸੇ ਦਾ ਪੇਟ ਦਰਦ ਹੁੰਦਾ ਹੈ, ਜਾਂ ਕੋਈ ਬੱਚਾ ਸੋਣ ਦੀ ਥਾਂ ਲਗਾਤਾਰ ਰੋਂਦਾ ਰਹਿੰਦਾ ਹੈ ਤਾਂ ਇਹ ਉਸਨੂੰ ਥੋੜ੍ਹੀ ਜਿਹੀ ਅਫੀਮ ਦੇ ਦਿੰਦੀਆਂ ਹਨ। ਬੱਚਾ ਜਦੋਂ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਚਾਚੇ ਜਾਂ ਦਾਦੇ ਕੋਲ ਬੈਠ ਕੇ ਦੋ ਘੁੱਟ ਸ਼ਰਾਬ ਦਾ ਸਵਾਦ ਵੀ ਲੈ ਲੈਂਦਾ ਹੈ ਅਤੇ ਉਸਨੂੰ ਬਚਪਨ ਤੋਂ ਹੀ ਨਸ਼ੇ ਦਾ ਜਿਹੜਾ ਸਵਾਦ ਲੱਗਦਾ ਹੈ ਉਹ ਵੱਡਾ ਹੋਣ ਤੇ ਉਸਨੂੰ ਨਸ਼ੇੜੀ ਬਣਾਉਣ ਦੇ ਰਾਹ ਪਾ ਦਿੰਦਾ ਹੈ।

ਇਸ ਵੇਲੇ ਹਾਲਾਤ ਇਹ ਹੋ ਗਏ ਹਨ ਕਿ ਸਾਡੇ ਵੱਡੀ ਗਿਣਤੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਉਹਨਾਂ ਦੇ ਸ਼ਰੀਰ ਅੰਦਰ ਹੀ ਅੰਦਰ ਖੋਖਲੇ ਹੁੰਦੇ ਜਾ ਰਹੇ ਹਨ। ਹੁਣ ਤਾਂ ਪੰਜਾਬ ਦੀਆਂ ਜਵਾਨ ਕੁੜੀਆਂ ਅਤੇ ਸਕੂਲੀ ਬੱਚੇ ਵੀ ਨਸ਼ੇ ਦੀ ਲਪੇਟ ਵਿੱਚ ਹਨ ਅਤੇ ਵੱਡੇ ਸ਼ਹਿਰਾਂ ਵਿਚ ਅਕਸਰ ਅੱਧੀ ਰਾਤ ਤਕ ਨੌਜਵਾਨ ਮੁੰਡੇ ਕੁੜੀਆਂ ਵਾਹਨਾਂ ਵਿੱਚ ਬੈਠ ਕੇ ਮਹਿੰਗੀਆਂ ਨਸ਼ੀਲੀਆਂ ਸਿਗਰਟਾਂ ਅਤੇ ਹੋਰ ਨਸ਼ੇ ਕਰਦੇ ਆਮ ਦਿਖ ਜਾਂਦੇ ਹਨ। ਪੰਜਾਬ ਵਿੱਚ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋਣ ਦੀਆਂ ਖਬਰਾਂ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਭੇਜਣ ਵਿੱਚ ਆਪਣੀ ਭਲਾਈ ਸਮਝਦੇ ਹਨ।

ਸੂਬਾ ਸਰਕਾਰ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਉਹ ਨਸ਼ਿਆਂ ਦੇ ਇਸ ਕਾਰੋਬਾਰ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰੇ। ਇਸ ਸੰਬੰਧੀ ਪੁਲੀਸ ਵਲੋਂ ਕੁਝ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ, ਪਰੰਤੂ ਇਹ ਸਾਰੇ ਇਸ ਕਾਰੋਬਾਰ ਦੇ ਛੋਟੇ ਮੋਹਰੇ ਹਨ ਅਤੇ ਵੱਡੀਆਂ ਮੱਛੀਆਂ ਹੁਣੇ ਵੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਜਾਹਿਰ ਹੈ ਕਿ ਜਦੋਂ ਤਕ ਨਸ਼ੇ ਦੇ ਕਾਰੋਬਾਰ ਦੀਆਂ ਇਹਨਾਂ ਵੱਡੀਆਂ ਮੱਛੀਆਂ ਨੂੰ ਨੱਥ ਨਹੀਂ ਪਾਈ ਜਾਵੇਗੀ ਨਸ਼ਿਆਂ ਦੇ ਇਸ ਕਾਰੋਬਾਰ ਤੇ ਰੋਕ ਨਹੀਂ ਲੱਗ ਸਕਦੀ। ਇਸ ਲਈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।

Continue Reading

Editorial

ਖੇਡਾਂ ਦੇ ਖੇਤਰ ਵਿੱਚ ਭਾਰਤੀ ਟੀਮਾਂ ਦੀ ਸ਼ਾਨਦਾਰ ਕਾਰਗੁਜਾਰੀ

Published

on

By

ਪਿਛਲੇ ਦਿਨੀਂ ਆਈਆਂ ਤਿੰਨ ਮੁੱਖ ਖ਼ਬਰਾਂ ਕਾਰਨ ਭਾਰਤ ਦੇ ਖੇਡ ਜਗਤ ਵਿੱਚ ਖੁਸ਼ੀ ਵਾਲਾ ਮਾਹੌਲ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਨੇ ਜੂਨੀਅਰ ਵੂਮੈਨਜ਼ ਏਸ਼ੀਆ ਕੱਪ ਦਾ ਖ਼ਿਤਾਬ ਜਿੱਤ ਲਿਆ ਹੈ। ਇਸੇ ਤਰ੍ਹਾਂ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਕੱਪ ਰਿਕਾਰਡ ਛੇਵੀਂ ਵਾਰ ਜਿੱਤ ਲਿਆ ਹੈ। ਇਸੇ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਵਿਮੈਨ ਏਸ਼ੀਆ ਕੱਪ ਜਿੱਤ ਲਿਆ ਹੈ।

ਭਾਰਤ ਦੇ ਖਿਡਾਰੀਆਂ ਅਤੇ ਖਿਡਾਰਨਾਂ ਵੱਲੋਂ ਕੀਤੀਆਂ ਗਈਆਂ ਇਹਨਾਂ ਮਹੱਤਵਪੂਰਨ ਪ੍ਰਾਪਤੀਆਂ ਨਾਲ ਭਾਰਤ ਦੇ ਖੇਡ ਪ੍ਰਬੰਧਕਾਂ ਤੋਂ ਲੈ ਕੇ ਆਮ ਖੇਡ ਪ੍ਰੇਮੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਭਾਰਤ ਦੀਆਂ ਜੂਨੀਅਰ ਟੀਮਾਂ ਵੱਲੋਂ ਏਸ਼ੀਆ ਕੱਪ ਜਿੱਤਣਾ ਕੋਈ ਆਮ ਗੱਲ ਨਹੀਂ ਬਲਕਿ ਇਹ ਇਸ ਗੱਲ ਦਾ ਸੂਚਕ ਹੈ ਕਿ ਭਾਰਤ ਵਿੱਚ ਜੂਨੀਅਰ ਖਿਡਾਰੀਆਂ ਦੀ ਤਜਰਬੇਕਾਰ ਫ਼ੌਜ ਤਿਆਰ ਹੋ ਰਹੀ ਹੈ, ਜੋ ਕਿ ਜਵਾਨ ਹੋ ਕੇ ਭਾਰਤ ਲਈ ਵੱਡੇ ਮੁਕਾਬਲੇ ਜਿੱਤੇਗੀ।

ਜਦੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵਿਮੈਨ ਏਸ਼ੀਆ ਕੱਪ ਜਿੱਤਿਆ ਤਾਂ ਇਹ ਟੀਮ ਪੂਰੇ ਭਾਰਤੀ ਮੀਡੀਆ ਵਿੱਚ ਛਾ ਗਈ। ਇਸ ਟੀਮ ਨੂੰ ਸਰਕਾਰ ਵੱਲੋਂ ਮੋਟੇ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਟੀਮ ਨੂੰ ਪ੍ਰਿੰਟ ਮੀਡੀਆ ਵਿੱਚ ਵੀ ਚੰਗੀ ਕਵਰੇਜ ਦਿੱਤੀ ਗਈ। ਦੂਜੇ ਪਾਸੇ ਭਾਰਤ ਦੀਆਂ ਦੋਵੇਂ ਜੂਨੀਅਰ ਹਾਕੀ ਟੀਮਾਂ ਮਹਿਲਾ ਅਤੇ ਪੁਰਸ਼ ਵੱਲੋਂ ਜੂਨੀਅਰ ਹਾਕੀ ਏਸ਼ੀਆ ਕੱਪ ਜਿੱਤਣ ਦੇ ਬਾਵਜੂਦ ਇਹਨਾਂ ਦੋਵੇਂ ਹਾਕੀ ਟੀਮਾਂ ਨੂੰ ਕ੍ਰਿਕਟ ਟੀਮ ਵਰਗੀ ਮੀਡੀਆ ਕਵਰੇਜ ਨਹੀਂ ਮਿਲੀ ਤੇ ਨਾ ਹੀ ਭਾਰਤ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਨੂੰ ਕ੍ਰਿਕਟ ਖਿਡਾਰਨਾਂ ਵਾਂਗ ਵੱਡੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ।

ਇੱਥੇ ਹਿੰਦੀ ਫ਼ਿਲਮ ‘ਚੱਕ ਦੇ ਇੰਡੀਆ’ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਭਾਰਤੀ ਮਹਿਲਾ ਹਾਕੀ ਟੀਮ ਬਾਰੇ ਬਣਾਈ ਗਈ ਫਿਲਮ ਦੇ ਨਿਰਮਾਤਾ ਨੇ ਕਿਹਾ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ ਕੋਈ ਅੰਤਰਾਸ਼ਟਰੀ ਮੁਕਾਬਲਾ ਜਿੱਤ ਗਈ ਸੀ ਪਰ ਉਸ ਦੀ ਖਬਰ ਮੀਡੀਆ ਵਿੱਚ ਅੰਦਰਲੇ ਸਫ਼ੇ ਤੇ ‘ਮੰਡੀਆਂ ਦੇ ਭਾਅ’ ਹੇਠਾਂ ਲੱਗੀ ਹੋਈ ਸੀ। ਉਸ ਨਿਰਮਾਤਾ ਦਾ ਕਹਿਣਾ ਸੀ ਕਿ ਹਾਕੀ ਟੀਮ ਦੀ ਜਿੱਤ ਨੂੰ ਮੀਡੀਆ ਵੱਲੋਂ ਅਣਗੌਲਿਆ ਕੀਤਾ ਗਿਆ ਅਤੇ ਸਹੀ ਕਵਰੇਜ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਦੇ ਮਨ ਵਿੱਚ ਹਾਕੀ ਦੇ ਉਭਾਰ ਲਈ ਫਿਲਮ ਬਣਾਉਣ ਦਾ ਵਿਚਾਰ ਆਇਆ। ਇਹ ਫਿਲਮ ਖੇਡ ਪ੍ਰੇਮੀਆਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ।

ਭਾਰਤ ਦੀਆਂ ਜੂਨੀਅਰ ਟੀਮਾਂ ਨੇ ਆਲਮੀ ਮੁਕਾਬਲੇ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ ਅਤੇ ਵਿਸ਼ਵ ਪੱਧਰ ਤੇ ਭਾਰਤ ਦਾ ਨਾਮ ਚਮਕਾਉਣ ਲਈ ਬਿਲਕੁਲ ਤਿਆਰ ਹਨ। ਭਾਰਤ ਸਰਕਾਰ ਵੱਲੋਂ ਵੀ ਜੂਨੀਅਰ ਟੀਮਾਂ ਨੂੰ ਚੰਗੀ ਟ੍ਰੇਨਿੰਗ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਚੰਗੇ ਖਿਡਾਰੀ ਤਰਾਸ਼ ਕੇ ਉਭਰਨ ਲੱਗੇ ਹਨ। ਭਾਰਤ ਵਿੱਚ ਖਿਡਾਰੀਆਂ ਤੇ ਖਿਡਾਰਨਾਂ ਦੀ ਕੋਈ ਕਮੀ ਹੈ। ਲੋੜ ਤਾਂ ਇਹਨਾਂ ਉਭਰਦੇ ਖਿਡਾਰੀਆਂ ਨੂੰ ਯੋਗ ਟ੍ਰੇਨਿੰਗ ਦੇ ਕੇ ਉਭਾਰਨ ਦੀ ਹੈ।

ਆਉਣ ਵਾਲੇ ਸਮੇਂ ਵਿੱਚ ਉਲੰਪਿਕ ਖੇਡਾਂ ਦੇ ਨਾਲ ਹੋਰ ਵੀ ਕਈ ਮਹੱਤਵਪੂਰਨ ਵਿਸ਼ਵ ਪੱਧਰੀ ਮੁਕਾਬਲੇ ਹੋਣੇ ਹਨ। ਜਿਹਨਾਂ ਲਈ ਭਾਰਤੀ ਖਿਡਾਰੀਆਂ ਨੂੰ ਚੰਗੀ ਤਿਆਰੀ ਕਰਨ ਦੀ ਲੋੜ ਹੈ। ਭਾਰਤ ਦੀਆਂ ਜੂਨੀਅਰ ਟੀਮਾਂ ਨੂੰ ਏਸ਼ੀਆ ਕੱਪ ਜਿੱਤ ਕੇ ਅਵੇਸਲੇ ਨਹੀਂ ਹੋਣਾ ਚਾਹੀਦਾ ਬਲਕਿ ਆਉਣ ਵਾਲੇ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਹੁਣੇ ਤੋਂ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਭਾਰਤੀ ਖਿਡਾਰੀਆਂ ਵਿੱਚ ਯੋਗਤਾ ਦੀ ਕੋਈ ਕਮੀ ਨਹੀਂ ਹੈ। ਭਾਰਤ ਦੇ ਹਰ ਇਲਾਕੇ ਵਿੱਚ ਚੰਗੇ ਖਿਡਾਰੀ ਉਭਰ ਰਹੇ ਹਨ। ਲੋੜ ਤਾਂ ਇਸ ਗੱਲ ਦੀ ਹੈ ਕਿ ਭਾਰਤ ਦੀਆਂ ਸੀਨੀਅਰ ਖੇਡ ਟੀਮਾਂ ਦੇ ਨਾਲ ਜੂਨੀਅਰ ਟੀਮਾਂ ਨੂੰ ਵੀ ਚੰਗੇ ਕੋਚਾਂ ਤੋਂ ਟ੍ਰੇਨਿੰਗ ਦਿਵਾਈ ਜਾਵੇ, ਜਿਸ ਨਾਲ ਇਹ ਟੀਮਾਂ ਹੋਰ ਵੀ ਅੰਤਰਰਾਸ਼ਟਰੀ ਮਹੱਤਵਪੂਰਨ ਖੇਡ ਮੁਕਾਬਲੇ ਜਿੱਤ ਸਕਣ।

ਬਿਊਰੋ

Continue Reading

Editorial

ਚੰਗਾ ਅਕਸ ਕੰਮ ਆਉਂਦਾ ਹੈ

Published

on

By

ਇਹ ਗੱਲ ਸਾਲ 2015 ਦੀ ਹੈ, ਜਦੋਂ ਮੈਂ ਡੀ. ਪੀ. ਆਈ. (ਸਕੂਲਜ਼), ਪੰਜਾਬ ਵਜੋਂ ਸੇਵਾ ਨਿਭਾ ਰਿਹਾ ਸੀ। ਹਮੇਸ਼ਾ ਵਾਂਗ, ਮੈਂ ਆਪਣੇ ਦਫ਼ਤਰ ਵਿੱਚ ਬੈਠਾ ਕੁਝ ਆਏ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਸੀ। ਇਸੇ ਦੌਰਾਨ, ਇੱਕ ਬੀਬੀ ਅੰਦਰ ਆਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਵਿਧਾਇਕਾ ਦੱਸਿਆ। ਮੈਂ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਇੱਕ ਪਾਸੇ ਪਏ ਸੋਫ਼ੇ ਤੇ ਬੈਠਣ ਦਾ ਇਸ਼ਾਰਾ ਕੀਤਾ। ਉਨ੍ਹਾਂ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸਦੇ ਹੱਥ ਵਿੱਚ ਡਾਇਰੀ ਸੀ, ਜਿਸਨੂੰ ਮੈਂ ਉਨ੍ਹਾਂ ਦਾ ਪੀ. ਏ. ਸਮਝਿਆ।

ਮੈਂ ਉਨ੍ਹਾਂ ਲਈ ਪਾਣੀ ਮੰਗਵਾਉਣ ਵਾਸਤੇ ਘੰਟੀ ਵਜਾਈ ਅਤੇ ਸਾਹਮਣੇ ਬੈਠੇ ਲੋਕਾਂ ਦੀ ਸੁਣਵਾਈ ਫਟਾਫਟ ਖਤਮ ਕੀਤੀ ਤਾਂ ਜੋ ਸੋਫ਼ੇ ਕੋਲ ਜਾ ਕੇ ਵਿਧਾਇਕ ਸਾਹਿਬਾ ਨਾਲ ਗੱਲ ਕਰ ਸਕਾਂ। ਮੈਂ ਸਮਝਿਆ ਕਿ ਮੈਡਮ ਲੋਕਾਂ ਦੇ ਨੁਮਾਇੰਦੇ ਹਨ ਅਤੇ ਮੇਰੀ ਇਸ ਕਾਰਗੁਜਾਰੀ ਤੋਂ ਖੁਸ਼ ਹੋਣਗੇ। ਇਸ ਤਰ੍ਹਾਂ ਮੇਰੀ ਮੇਜ਼ ਦੇ ਬਿਲਕੁਲ ਸਾਹਮਣੇ ਵਾਲੀਆਂ ਕੁਰਸੀਆਂ ਖਾਲੀ ਹੋ ਗਈਆਂ। ਜਿਵੇਂ ਹੀ ਉਹ ਖੜ੍ਹੇ ਹੋ ਕੇ ਮੇਰੀ ਮੇਜ਼ ਦੇ ਸਾਹਮਣੇ ਆ ਕੇ ਬੈਠਣ ਲੱਗੇ, ਮੈਂ ਉਨ੍ਹਾਂ ਨੂੰ ਸੋਫ਼ੇ ਤੇ ਹੀ ਬੈਠੇ ਰਹਿਣ ਦੀ ਬੇਨਤੀ ਕੀਤੀ ਅਤੇ ਆਪ ਉਨ੍ਹਾਂ ਵੱਲ ਵਧਣ ਲੱਗਾ।

ਇਸਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਉਨ੍ਹਾਂ ਨੇ ਮੇਰੀ ਮੇਜ਼ ਦੇ ਸਾਹਮਣੇ ਵਾਲੀਆਂ ਕੁਰਸੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ, ”ਇੱਕ ਐਮ. ਐਲ. ਏ. ਇੱਥੇ ਕਿਉਂ ਨਹੀਂ ਬੈਠ ਸਕਦਾ? ਇਹ ਕੁਰਸੀਆਂ ਕਿਸ ਲਈ ਹਨ?” ਮੈਂ ਨਿਮਰਤਾ ਨਾਲ ਜਵਾਬ ਦਿੱਤਾ, ”ਮੈਡਮ, ਇਹ ਤੁਹਾਡੇਲਈ ਨਹੀਂ ਹਨ ਕਿਉਂਕਿ ਤੁਹਾਡਾ ਅਹੁਦਾ ਬਹੁਤ ਉੱਚਾ ਹੈ। ਮੈਂ ਤੁਹਾਨੂੰ ਇਸ ਤਰ੍ਹਾਂ ਆਪਣੇ ਬਿਲਕੁਲ ਸਾਹਮਣੇ ਨਹੀਂ ਬਿਠਾ ਸਕਦਾ, ਆਓ ਸੋਫ਼ੇ ਤੇ ਬੈਠਕੇਗੱਲ ਕਰਦੇ ਹਾਂ।” ਇਸੇ ਦੌਰਾਨ ਉਨ੍ਹਾਂ ਦੇ ਨਾਲ ਆਇਆ ਵਿਅਕਤੀ ਬੋਲਣ ਲੱਗ ਪਿਆ। ਮੈਂ ਵਿਚਾਲੇ ਟੋਕਦਿਆਂ ਕਿਹਾ, ”ਜਨਾਬ, ਤੁਸੀਂ ਇਸ ਮਾਮਲੇ ਵਿੱਚ ਨਾ ਬੋਲੋ।” ”ਇਹ ਕਿਉਂ ਨਾ ਬੋਲਣ, ਇਹ ਮੇਰੇ ਪਤੀ ਹਨ,” ਐਮ. ਐਲ. ਏ. ਸਾਹਿਬਾ ਨੇ ਤੁਰੰਤ ਕਿਹਾ। ”ਅੱਛਾ, ਫਿਰ ਠੀਕ ਹੈ” ਮੈਂ ਗੱਲ ਮੁਕਾਣੀ ਚਾਹੀ।

ਮੈਂ ਉਨ੍ਹਾਂ ਨੂੰ ਫਿਰ ਤੋਂ ਸੋਫ਼ੇ ਤੇ ਬੈਠਣ ਲਈ ਕਿਹਾ, ਪਰ ਉਹ ਮੇਰੀ ਮੇਜ਼ ਦੇ ਸਾਹਮਣੇ ਵਾਲੀਆਂ ਕੁਰਸੀਆਂ ਤੇ ਹੀ ਬੈਠ ਗਏ। ਸ਼ਾਇਦ ਉਨ੍ਹਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਮੈਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਕਮਰੇ ਵਿੱਚ ਮੌਜੂਦ ਲੋਕਾਂ ਨੂੰ ਸੁਣਨਾ ਜਾਰੀ ਰੱਖਿਆ। ਉਹ ਲੋਕ ਦੂਰ-ਦੁਰਾਡੇ ਤੋਂ ਆਏ ਹੋਏ ਸਨ ਅਤੇ ਡਰ ਸੀ ਕਿ ਕਿਤੇ ਉਨ੍ਹਾਂ ਦੀ ਵਾਪਸੀ ਦੀ ਆਖਰੀ ਬੱਸ ਨਾ ਛੁੱਟ ਜਾਵੇ। ਮੈਂ ਕਦੇ ਵੀ ਕਿਸੇ ਨੂੰ ਬਿਨਾਂ ਵਜ੍ਹਾ ਉਡੀਕ ਨਹੀਂ ਕਰਵਾਉਂਦਾ ਸੀ। ਆਮ ਤੌਰ ਤੇ ਸਰਕਾਰੀ ਦਫ਼ਤਰਾਂ ਵਿੱਚ ਜਨਤਾ ਨੂੰ ਮਿਲਣ ਲਈ ਖਾਸ ਦਿਨ/ਸਮਾਂ ਨਿਸ਼ਚਿਤ ਹੁੰਦੇ ਹਨ, ਪਰ ਮੇਰਾ ਅਸੂਲ ਸੀ ਕਿ ਜੇ ਮੈਂ ਦਫਤਰ ਹਾਂ ਤਾਂ ਜਦੋਂ ਮਰਜੀ ਮਿਲ ਲੈਣ।

ਜਦੋਂ ਮੈਂ ਉਨ੍ਹਾਂ ਦੇ ਕੰਮ ਬਾਰੇ ਪੁੱਛਿਆ, ਤਾਂ ਉਹ ਤਲਖ਼ੀ ਨਾਲ ਬੋਲੇ, ”ਹੁਣ ਮੈਂ ਇਹ ਕੰਮ ਇੱਥੋਂ ਨਹੀਂ, ਸਿੱਧਾ ਮੁੱਖ ਮੰਤਰੀ ਤੋਂ ਕਰਵਾਵਾਂਗੀ।” ਆਪਣੇ ਸੁਭਾਅ ਮੁਤਾਬਕ ਨਿਮਰਤਾ ਨਾਲ ਉਨ੍ਹਾਂ ਨੂੰ ਸਮਝਾਉਣ/ਠੰਡਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਮੈਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਦੋਂ ਕਮਰੇ ਵਿੱਚ ਸਿਰਫ਼ ਉਹ ਦੋਵੇਂ ਅਤੇ ਮੈਂ ਹੀ ਸੀ। ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, ”ਜੇਕਰ ਤੁਸੀਂ ਚੰਗੇ ਮੂਡ ਨਾਲ ਇਸ ਕਮਰੇ ਤੋਂ ਬਾਹਰ ਜਾਓਗੇ, ਤਾਂ ਮੈਂ ਆਪ ਸਤਿਕਾਰ ਵਜੋਂ ਤੁਹਾਨੂੰ ਲਿਫ਼ਟ ਤੱਕ ਛੱਡਣ ਜਾਵਾਂਗਾ। ਪਰ ਜੇਕਰ ਤੁਹਾਡਾ ਮੂਡ ਖਰਾਬ ਹੀ ਰਹਿੰਦਾ ਹੈ, ਤਾਂ ਮੈਂ ਤੁਹਾਨੂੰ ਬਾਹਰ ਛੱਡਣ ਨਹੀਂ ਜਾ ਸਕਾਂਗਾ, ਕਿਉਂਕਿ ਜੇਕਰ ਤੁਸੀਂ ਮੇਰੇ ਸਟਾਫ਼ ਦੇ ਸਾਹਮਣੇ ਕੋਈ ਅਣਉਚਿਤ ਗੱਲ ਕਹੀ, ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ।”

ਉਹ ਕਮਰੇ ਵਿੱਚੋਂ ਚਲੇ ਗਏ ਅਤੇ ਮੈਂ ਆਪਣੀ ਕੁਰਸੀ ਤੇਬੈਠ ਗਿਆ। ਉਸ ਵੇਲੇ ਦੁਪਹਿਰ ਦੇ ਲਗਭਗ 1 ਵਜੇ ਦਾ ਸਮਾਂ ਸੀ। ਕੁਝ ਹੀ ਦੇਰ ਬਾਅਦ ਮੈਂ ਦੁਪਹਿਰ ਦੇ ਖਾਣੇ ਲਈ ਘਰ ਚਲਾ ਗਿਆ, ਕਿਉਂਕਿ ਮੇਰੀ ਰਿਹਾਇਸ਼ ਡੀ. ਪੀ. ਆਈ. ਦਫ਼ਤਰ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ਤੇ ਸੀ।

ਜਿਵੇਂ ਹੀ ਮੈਂ ਘਰ ਪਹੁੰਚਿਆ, ਮੈਨੂੰ ਮੁੱਖ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਕਿ 3 ਵਜੇਤੱਕ ਮੁੱਖ ਮੰਤਰੀ ਜੀ ਦੇ ਰਹਾਇਸ਼ੀ ਦਫਤਰ ਪਹੁੰਚੋ। ਮੈਂ ਜਿਵੇਂ ਕਿਵੇਂ ਖਾਣਾ ਖਾਧਾ ਅਤੇ 2.30 ਵਜੇ ਤੱਕ ਉੱਥੇ ਪਹੁੰਚ ਗਿਆ। ਮੈਨੂੰ ਸ਼੍ਰੀ ਅਜੋਏ ਸ਼ਰਮਾ, ਆਈ.ਏ.ਐਸ., ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਵੱਲੋਂ ਫ਼ੋਨ ਆਇਆ ਸੀ, ਇਸ ਲਈ ਮੈਂ ਸਿੱਧਾ ਉਨ੍ਹਾਂ ਦੇ ਦਫ਼ਤਰੀ ਕਮਰੇ ਵਿੱਚ ਗਿਆ।

ਐਮ. ਐਲ. ਏ. ਸਾਹਿਬਾ ਅਤੇ ਉਨ੍ਹਾਂ ਦੇ ਪਤੀ ਦੂਜੇ ਕਮਰੇ ਵਿੱਚ ਬੈਠੇ ਸਨ। ਮੈਂ ਸ਼ਰਮਾ ਜੀ ਨੂੰ ਪੂਰੀ ਗੱਲ ਦੱਸੀ ਤਾਂ ਜੋ ਮਾਮਲੇ ਨੂੰ ਬਿਨਾਂ ਵਜ੍ਹਾ ਵਧਾ ਚੜ੍ਹਾ ਕੇ ਪੇਸ਼ ਨਾ ਕੀਤਾ ਗਿਆ ਹੋਵੇ। ਚੰਡੀਗੜ੍ਹ ਪ੍ਰਸ਼ਾਸਨ ਵਿੱਚ ਆਪਣੇ ਕਾਰਜਕਾਲ ਦੌਰਾਨ ਸ਼ਰਮਾ ਜੀ ਦੇਅਧੀਨ ਕੰਮ ਕਰਨ ਕਰਕੇ, ਉਨ੍ਹਾਂ ਨਾਲ ਮੇਰਾ ਇੱਕ ਪੇਸ਼ੇਵਰ ਰਿਸ਼ਤਾ ਅਤੇ ਸਾਖ਼ ਬਣੀ ਹੋਈ ਸੀ। ਇਸ ਲਈ, ਮੈਨੂੰ ਬਹੁਤੀਆਂ ਸਫ਼ਾਈਆਂ ਦੇਣ ਦੀ ਲੋੜ ਨਹੀਂ ਪਈ। ਉਨ੍ਹਾਂ ਨੇ ਆਪ ਹੀ ਕਿਹਾ, ”ਮੈਂ ਐਮ. ਐਲ. ਏ. ਮੈਡਮ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਢੋਲ ਜੀ ਇੱਕ ਬਹੁਤ ਹੀ ਵਧੀਆ ਅਧਿਕਾਰੀ ਹਨ ਅਤੇ ਉਹ ਕਦੇ ਵੀ ਅਜਿਹਾ ਵਿਵਹਾਰ ਨਹੀਂ ਕਰ ਸਕਦੇ।” ਮੁੱਖ ਮੰਤਰੀ ਸਾਹਿਬ ਵੀ ਮੇਰੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਸਨ। ਅਸਲ ਵਿੱਚ ਸ਼੍ਰੀ ਅਜੋਏ ਸ਼ਰਮਾ ਪਹਿਲਾਂ ਹੀ ਉਨ੍ਹਾਂ ਨਾਲ ਗੱਲ ਸਾਂਝੀ ਕਰ ਚੁੱਕੇ ਸਨ।

ਮੁੱਖ ਮੰਤਰੀ ਸਾਹਿਬ ਵੱਲੋਂ ਸ਼੍ਰੀ ਸ਼ਰਮਾ ਜੀ ਨੂੰ ਇਸ ਮਾਮਲੇ ਨੂੰ ਆਪਣੇ ਪੱਧਰ ਤੇ ਹੀ ਨਿਬੇੜਨ ਦੀ ਹਦਾਇਤ ਕੀਤੀ ਗਈ ਸੀ। ਮੁੱਖ ਮੰਤਰੀ ਜੀ ਨਾਲ ਮੁਲਾਕਾਤ ਸਿਰਫ਼ ਜ਼ਰੂਰਤ ਪੈਣ ਤੇ ਹੀ ਕਰਵਾਉਣ ਲਈ ਕਿਹਾ ਗਿਆ ਸੀ। ਸ਼ਰਮਾ ਜੀ ਨੇ ਮੈਨੂੰ ਆਪਣੇ ਦਫ਼ਤਰ ਤੋਂ ਬਾਹਰ ਭੇਜ ਦਿੱਤਾ ਅਤੇ ਐਮ. ਐਲ. ਏ. ਸਾਹਿਬਾ ਨੂੰ ਅੰਦਰ ਬੁਲਾ ਲਿਆ। ਮੈਨੂੰ ਨਹੀਂ ਪਤਾ ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ, ਫਿਰ ਮੈਨੂੰ ਵੀ ਕਮਰੇ ਵਿੱਚ ਬੁਲਾਲਿਆ ਗਿਆ। ਸ਼ਿਕਾਇਤ ਨੂੰ ਅੱਗੇਵਧਾਉਣ ਦੀ ਬਜਾਏ, ਐਮ. ਐਲ. ਏ.ਦੇ ਸੁਰ ਪੂਰੀ ਤਰ੍ਹਾਂ ਬਦਲ ਚੁੱਕੇ ਸਨ। ਉਨ੍ਹਾਂ ਕਿਹਾ, ”ਡੀ ਪੀ ਆਈ ਸਾਹਿਬ, ਐਵੇਂ ਗ਼ਲਤ ਫ਼ਹਿਮੀ ਹੋ ਗਈ ਸਾਡੇ ਹੋਣ ਵਾਲੇ ਕੰਮ, ਜੋ ਤੁਹਾਡੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਤੁਸੀਂ ਹੀ ਕਰਨੇ ਹਨ।”

ਲਗਦਾ ਮੁੱਖ ਮੰਤਰੀ ਦਫਤਰ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ। ਮੈਨੂੰ ਵੀ ਮਹਿਸੂਸ ਹੋਇਆ ਕਿ ਮੁੱਖ ਮੰਤਰੀ ਦਫਤਰ ਵਿਖੇ ਮੇਰੇ ਅਕਸ ਨੇ ਉਸ ਦਿਨ ਮੈਨੂੰ ਬਚਾ ਲਿਆ ਵਰਨਾ ਵਿਧਾਇਕਾ ਦੀ ਸ਼ਿਕਾਇਤ ਉਤੇ ਮੇਰੇ ਵਿਰੁੱਧ ਕੋਈ ਵੀ ਕਾਰਵਾਈ ਹੋ ਸਕਦੀ ਸੀ।

ਬਲਬੀਰ ਸਿੰਘ ਢੋਲ

94171 53819

Continue Reading

Latest News

Trending