Connect with us

Mohali

ਵਪਾਰੀਆਂ ਵੱਲੋਂ ਉਠਾਈਆਂ ਮੰਗਾਂ ਅਤੇ ਸ਼ਿਕਾਇਤਾਂ ਦਾ ਜਲਦ ਕੀਤਾ ਜਾਵੇਗਾ ਨਿਪਟਾਰਾ : ਡਾ. ਅੰਕਿਤਾ ਕਾਂਸਲ

Published

on

ਐਸ ਏ ਐਸ ਨਗਰ, 18 ਅਗਸਤ (ਸ.ਬ.) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ (ਜ) ਡਾ.ਅੰਕਿਤਾ ਕਾਂਸਲ ਅਤੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ ਦੀ ਅਗਵਾਈ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਾਜ਼ਾਰਾਂ ਅਤੇ ਵਪਾਰਕ ਸੰਸਥਾਵਾਂ ਨਾਲ ਸਬੰਧਤ ਨੁਮਾਇੰਦਿਆਂ ਵੱਲੋਂ ਕਮਿਸ਼ਨ ਦੀਆਂ ਮੀਟਿੰਗਾਂ ਦੌਰਾਨ ਧਿਆਨ ਵਿੱਚ ਲਿਆਂਦੀਆਂ ਮੰਗਾਂ ਅਤੇ ਸ਼ਿਕਾਇਤਾਂ ਦੇ ਵਿਭਾਗ ਵਾਰ ਨਿਪਟਾਰੇ ਬਾਰੇ ਜਾਇਜ਼ਾ ਲਿਆ ਗਿਆ।

ਡਾ. ਅੰਕਿਤਾ ਕਾਂਸਲ ਨੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਪਾਵਰਕਾਮ, ਪੁਲੀਸ ਵਿਭਾਗ, ਨਗਰ ਨਿਗਮ, ਸਥਾਨਕ ਸਰਕਾਰਾਂ ਵਿਭਾਗ, ਡਰੇਨੇਜ ਵਿਭਾਗ, ਗਮਾਡਾ, ਪੀ.ਡਬਲਿਊ.ਡੀ., ਸਨਅਤ ਵਿਭਾਗ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਪੈਡਿੰਗ ਕੰਮਾਂ ਦੀ ਸਮੀਖਿਆ ਕਰਦਿਆਂ ਵਿਭਾਗਾਂ ਨੂੰ ਸਬੰਧਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਪਾਰੀਆਂ ਦੇ ਲੰਬੇ ਸਮੇਂ ਤੋਂ ਲੰਬਿਤ ਪਏ ਕੰਮਾਂ ਦਾ ਤੁਰੰਤ ਨਿਪਟਾਰਾ ਕਰਕੇ ਪੋਰਟਲ ਤੇ ਅਪਲੋਡ ਕੀਤਾ ਜਾਵੇ।

ਉਨ੍ਹਾਂ ਪਾਵਰਕਾਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਉਨ੍ਹਾਂ ਪਾਸ ਜੋ ਵੀ ਬਿਜਲੀ ਦੀਆਂ ਲਟਕਦੀਆਂ ਤਾਰਾਂ ਆਦਿ ਦੀ ਰਿਪੇਅਰ ਸਬੰਧੀ ਸ਼ਿਕਾਇਤਾਂ ਪੈਡਿੰਗ ਹਨ, ਉਹਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਂਵੀ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਵਿਭਾਗ ਨੂੰ ਉਨ੍ਹਾਂ ਪਾਸ ਲੰਬਿਤ ਪਈਆਂ ਸ਼ਿਕਾਇਤਾਂ ਦਾ ਤੁਰੰਤ ਗੰਭੀਰਤਾ ਨਾਲ ਹੱਲ ਕਰਨ ਲਈ ਕਿਹਾ।

ਵਪਾਰੀਆਂ ਵੱਲੋਂ ਬਾਜ਼ਾਰਾਂ ਵਿੱਚ ਲਗਦੀਆਂ ਅਣਅਧਿਕਾਰਤ ਰੇਹੜ੍ਹੀਆਂ ਫੜੀਆਂ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ, ਤਾਂ ਜੋ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਇਆ ਜਾ ਸਕੇ। ਵਪਾਰੀਆਂ ਵੱਲੋਂ ਸਫ਼ਾਈ, ਟ੍ਰੈਫਿਕ ਪ੍ਰਬੰਧਨ, ਪਾਰਕਿੰਗ, ਸਟਰੀਟ ਲਾਈਟਾਂ, ਸੀਵਰੇਜ, ਗੈਰ-ਕਾਨੂੰਨੀ ਕਬਜ਼ਿਆਂ, ਨਜਾਇਜ਼ ਵੈਂਡਿੰਗ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮੁੱਦੇ ਉਠਾਏ ਗਏ। ਸ੍ਰੀਮਤੀ ਅੰਕਿਤਾ ਕਾਂਸਲ ਨੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਏ ਗਏ ਹਰੇਕ ਮੁੱਦੇ ਨੂੰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

ਇਸ ਮੌਕੇ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਨ, ਮੁਹਾਲੀ ਦੇ ਵਿਧਾਨ ਸਭਾ ਹਲਕਾ ਪੱਧਰੀ ਚੇਅਰਮੈਨ ਸ. ਅਕਵਿੰਦਰ ਸਿੰਘ ਗੋਸਲ, ਖਰੜ ਦੇ ਹਲਕਾ ਚੇਅਰਮੈਨ ਯਸ਼ਪਾਲ ਬਾਂਸਲ, ਸਹਾਇਕ ਕਮਿਸ਼ਨਰ ਨਗਰ ਨਿਗਮ ਮੋਹਾਲੀ ਸ੍ਰੀ ਮਨਪ੍ਰੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।

Continue Reading

Mohali

ਗਮਾਡਾ ਨੇ ਪਿੰਡ ਰਾਏਪੁਰ ਵਿੱਚ ਬਾਗ਼ ਦੀ ਜ਼ਮੀਨ ਤੇ ਨਾਜਾਇਜ਼ ਕਲੋਨੀ ਕੱਟਣ ਵਾਲਿਆਂ ਖਿਲਾਫ ਕੀਤੀ ਕਾਰਵਾਈ

Published

on

By

ਬੁਲਡੋਜ਼ਰ ਚਲਾ ਕੇ ਚਾਰਦੀਵਾਰੀ ਢਾਹੀ, ਸੀਵਰੇਜ ਦੀਆਂ ਲਾਈਨਾਂ ਪੁੱਟੀਆਂ

ਐਸ ਏ ਐਸ ਨਗਰ, 29 ਅਕਤੂਬਰ (ਪਵਨ ਰਾਵਤ) ਪਿੰਡ ਰਾਏਪੁਰ ਵਿੱਚ ਬਾਗ਼ ਦੀ ਜ਼ਮੀਨ ਤੇ ਕਥਿਤ ਤੌਰ ਤੇ ਨਾਜਾਇਜ਼ ਕਲੋਨੀ ਕੱਟਣ ਅਤੇ ਹਰੇ-ਭਰੇ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਗਮਾਡਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੌਕੇ ਤੇ ਬੁਲਡੋਜ਼ਰ ਚਲਾ ਕੇ ਚਾਰਦੀਵਾਰੀ ਢਾਹ ਦਿੱਤੀ ਗਈ ਅਤੇ ਸੀਵਰੇਜ ਦੀਆਂ ਲਾਈਨਾਂ ਪੁੱਟ ਦਿੱਤੀਆਂ ਗਈਆਂ।

ਗਮਾਡਾ ਦੀ ਰੈਗੁਲੇਟਰੀ ਬ੍ਰਾਂਚ ਦੇ ਐਸ ਡੀ ਓ ਸz. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਨਾਲ ਨਾਜਾਇਜ਼ ਤੌਰ ਤੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਕੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਨੇ ਲੋੜੀਂਦੀਆਂ ਮਨਜ਼ੂਰੀਆਂ ਲਏ ਬਿਨਾਂ ਉਸਾਰੀ ਕੀਤੀ ਹੈ, ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ ਕਿ ਮਕਾਨ ਬਣ ਜਾਣ ਤੋਂ ਬਾਅਦ ਗਮਾਡਾ ਕੋਈ ਕਾਰਵਾਈ ਨਹੀਂ ਕਰ ਸਕਦਾ। ਜੇਕਰ ਕਿਸੇ ਨੇ ਬਿਨਾਂ ਮਨਜ਼ੂਰੀ ਮਕਾਨ ਬਣਾਇਆ ਹੈ, ਤਾਂ ਗਮਾਡਾ ਵੱਲੋਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Continue Reading

Mohali

ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਰੋਸ ਧਰਨਾ

Published

on

By

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਮੰਗਵਾਉਣ ਲਈ ਸz. ਲਛਮਣ ਸਿੰਘ ਗਰੇਵਾਲ ਅਤੇ ਰਾਜਵਿੰਦਰ ਸਿੰਘ ਤਰਸਿੱਕਾ ਦੀ ਅਗਵਾਈ ਵਿੱਚ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ (ਵਿਕਾਸ ਭਵਨ ਮੁਹਾਲੀ) ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਅਤੇ ਵਿਭਾਗ ਉਨ੍ਹਾਂ ਨਾਲ ਮਤਰੇਈ ਮਾਂ ਜਿਹਾ ਸਲੂਕ ਕਰ ਰਿਹਾ ਹੈ। ਪੇ-ਕਮਿਸ਼ਨ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ, ਬੁਢਾਪਾ ਭੱਤਾ ਪੂਰਾ ਨਹੀਂ ਦਿੱਤਾ ਜਾ ਰਿਹਾ, ਐਲ. ਟੀ. ਸੀ. ਦੀ ਸਹੂਲਤ ਲਾਗੂ ਨਹੀਂ ਕੀਤੀ ਜਾ ਰਹੀ, ਪੈਨਸ਼ਨ ਲਾਉਣ ਲਈ ਕੋਈ ਸਮਾਂ ਸੀਮਾਂ ਨਹੀਂ, ਪੈਨਸ਼ਨ ਸਮੇਂ ਸਿਰ ਨਹੀਂ ਦਿੱਤੀ ਜਾਂਦੀ, ਅਦਾਲਤੀ ਫੈਸਲਿਆਂ ਨੂੰ ਅਪੀਲਾਂ ਰਾਹੀਂ ਲਟਕਾਇਆ ਜਾ ਰਿਹਾ ਹੈ ਅਤੇ ਪੈਨਸ਼ਨ ਸੈਲ ਨੂੰ ਸੂਚਾਰੂ ਬਣਾਉਣ ਲਈ ਯਤਨ ਨਹੀਂ ਕੀਤੇ ਜਾਂਦੇ।

ਉਨ੍ਹਾਂ ਕਿਹਾ ਕਿ ਜੇ ਇਸ ਧਰਨੇ ਉਪਰੰਤ ਵੀ ਕਾਰਗਰ ਕਦਮ ਨਾ ਚੁੱਕੇ ਗਏ ਤਾਂ 25 ਨਵੰਬਰ ਨੂੰ ਮੁੜ ਧਰਨਾ ਲਗਾਇਆ ਜਾਵੇਗਾ। ਧਰਨੇ ਨੂੰ ਪੈਨਸ਼ਨਰ ਆਗੂਆਂ ਲਛਮਣ ਸਿੰਘ ਗਰੇਵਾਲ, ਰਾਜਵਿੰਦਰ ਸਿੰਘ ਤਰਸਿੱਕਾ, ਕੁਲਵੰਤ ਕੌਰ ਬਾਠ, ਗੁਰਮੀਤ ਸਿੰਘ ਭਾਂਖਰਪੁਰ, ਸੁਰਿੰਦਰ ਹਾਟਾ, ਸ਼ੇਰ ਮੁਹੰਮਦ, ਲਖਵਿੰਦਰ ਸਿੰਘ, ਰਾਜਵੰਤ ਸਿੰਘ, ਦਰਸ਼ਨ ਸਿੰਘ, ਮਾਨ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ ਭੰਗੂ, ਭਗਵਾਨ ਸਿੰਘ ਤੇ ਜਾਗੀਰ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ।

Continue Reading

Mohali

ਝੋਨੇ ਦੇ ਖਰੀਦ ਜਾਰੀ ਰੱਖਣ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸਕੱਤਰ ਫੂਡ ਸਪਲਾਈ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ

Published

on

By

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਕੱਤਰ ਫੂਡ ਸਪਲਾਈ ਪੰਜਾਬ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਮੰਗ ਪੱਤਰ ਦੇ ਕੇ ਝੋਨੇ ਦੇ ਖਰੀਦ ਜਾਰੀ ਰੱਖਣ ਸਬੰਧੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਖਰੀਦ ਦਾ ਟੀਚਾ ਪੂਰਾ ਹੋ ਜਾਣ ਕਾਰਨ ਸਰਕਾਰ ਵੱਲੋਂ ਖਰੀਦ ਬੰਦ ਕਰ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਕੁਝ ਮੰਡੀਆਂ ਵਿੱਚ ਬਾਰਦਾਨਾ ਮੁਹਈਆ ਨਹੀਂ ਕਰਵਾਇਆ ਜਾ ਰਿਹਾ ਅਤੇ ਕੁਝ ਮੰਡੀਆਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਦੱਸ ਕੇ ਕਈ-ਕਈ ਦਿਨਾਂ ਤੋਂ ਖਰੀਦ ਨਹੀਂ ਕੀਤੀ ਜਾ ਰਹੀ। ਉਹਨਾਂ ਲਿਖਿਆ ਹੈ ਕਿ ਸੀਜਨ ਦੇ ਪਹਿਲੇ ਦਿਨ ਤੋਂ ਹੀ ਸਰਕਾਰ ਕਹਿ ਰਹੀ ਹੈ ਕਿ ਝੋਨਾ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ, ਇਸ ਕਰਕੇ ਖਰੀਦ ਬੰਦ ਨਹੀਂ ਕਰਨੀ ਚਾਹੀਦੀ।

ਉਹਨਾਂ ਲਿਖਿਆ ਹੈ ਕਿ ਖੇਤੀਬਾੜੀ ਵਿਭਾਗ ਦੇ ਸਰਵੇ ਅਨੁਸਾਰ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਸੀਜਨਾਂ ਦੇ ਝਾੜ ਮੁਤਾਬਕ ਖਰੀਦ ਕੀਤੀ ਜਾਵੇਗੀ ਜਦ ਕਿ ਇਸ ਸਾਲ ਝਾੜ ਜਿਆਦਾ ਹੈ। ਪਿਛਲੇ ਸੀਜ਼ਨ ਵਿੱਚ ਤਾਂ ਹੜ੍ਹਾਂ ਅਤੇ ਬਿਮਾਰੀਆਂ ਕਾਰਨ ਫਸਲ ਘੱਟ ਹੁੰਦੀ ਰਹੀ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਿਰਵਿਘਨ ਖਰੀਦ ਕੀਤੀ ਜਾਵੇ ਕਿਉਂਕਿ ਜੇਕਰ ਕਿਸਾਨ ਨੂੰ ਮੰਡੀਆਂ ਵਿੱਚ ਵਾਧੂ ਟਾਈਮ ਲੱਗੇਗਾ ਤਾਂ ਕਣਕ ਦੀ ਬਿਜਾਈ ਵੀ ਲੇਟ ਹੋਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਅਤੇ ਹੋਰ ਖਾਦਾਂ ਦਾ ਪ੍ਰਬੰਧ ਕਰਨ ਲਈ ਵਾਧੂ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉਪਰੋਕਤ ਮੰਗਾਂ ਤੇ ਤੁਰੰਤ ਧਿਆਨ ਦਿੱਤਾ ਜਾਵੇ ਕਿਸੇ ਵੀ ਦਾਣਾ ਮੰਡੀ ਵਿੱਚ ਖਰੀਦ ਬੰਦ ਨਾ ਕੀਤੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਹਰ ਸਿੰਘ ਥੇੜੀ ਪ੍ਰੈਸ ਸਕੱਤਰ ਪੰਜਾਬ, ਹਕੀਕਤ ਸਿੰਘ ਘੜੂੰਆਂ ਜ਼ਿਲ੍ਹਾ ਪ੍ਰੈਸ ਸਕੱਤਰ, ਬਹਾਦਰ ਸਿੰਘ ਨਿਆਮੀਆਂ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਜਲਾਲਪੁਰ ਬਲਾਕ ਡੇਰਾਬੱਸੀ, ਜਰਨੈਲ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਡੇਰਾਬੱਸੀ, ਬਲਵਿੰਦਰ ਸਿੰਘ ਮਲਕਪੁਰ ਡੇਰਾਬੱਸੀ, ਪ੍ਰੇਮ ਸਿੰਘ ਮੀਰਪੁਰ ਡੇਰਾਬੱਸੀ, ਤਲਵਿੰਦਰ ਸਿੰਘ ਡੇਰਾਬੱਸੀ ਹਾਜ਼ਰ ਸਨ।

Continue Reading

Latest News

Trending