Connect with us

Editorial

ਬਜ਼ੁਰਗ ਖਿਡਾਰੀਆਂ ਦੀ ਭਲਾਈ ਲਈ ਉਪਰਾਲੇ ਕਰਨ ਦੀ ਲੋੜ

Published

on

ਹਮੇਸ਼ਾ ਚੜ੍ਹਦੇ ਸੂਰਜ ਨੂੰ ਹੋਣ ਸਲਾਮਾਂ ਤੇ ਮੁੜ ਕੋਈ ਬਾਤ ਨਾ ਪੁੱਛੇ ਵਾਲੀ ਗੱਲ ਬਜ਼ੁਰਗ ਖਿਡਾਰੀਆਂ ਉੱਪਰ ਬਿਲਕੁਲ ਢੁੱਕਦੀ ਹੈ, ਜਿੰਦਗੀ ਦੀ ਢਲਦੀ ਸ਼ਾਮ ਦਾ ਸਾਹਮਣਾ ਕਰ ਰਹੇ ਬਜ਼ੁਰਗ ਖਿਡਾਰੀਆਂ (80 ਸਾਲ ਤੇ ਉਸ ਤੋਂ ਵੱਧ ਉਮਰ ਦੇ ਖਿਡਾਰੀ) ਦੀ ਤਾਂ ਕਿਸੇ ਨੇ ਸਾਰ ਕੀ ਲੈਣੀ ਸੀ, ਸਗੋਂ ਜਿੰਦਗੀ ਦੀ ਤਿੱਖੜ ਦੁਪਹਿਰ ਦਾ ਸਾਹਮਣਾ ਕਰ ਰਹੇ ਸਾਬਕਾ ਖਿਡਾਰੀਆਂ (45-50 ਸਾਲ ਤੇ ਉਸ ਤੋਂ ਵੱਧ ਉਮਰ ਦੇ ਖਿਡਾਰੀਆਂ) ਦੀ ਵੀ ਕੋਈ ਸਾਰ ਲੈਣ ਲਈ ਵੀ ਰਾਜ਼ੀ ਨਹੀਂ ਹੈ।

ਦੇਸ਼ ਲਈ ਖੇਡ ਮੈਦਾਨ ਨੂੰ ਇੱਕ ਜੰਗ ਸਮਝਣ ਵਾਲੇ ਇਹਨਾਂ ਬਜੁਰਗ ਖਿਡਾਰੀਆਂ ਨੂੰ ਚਿਤ ਚੇਤੇ ਵੀ ਨਹੀਂ ਹੁੰਦਾ ਕਿ ਬੁਢਾਪੇ ਵਿੱਚ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ। ਜਿਹੜੇ ਖਿਡਾਰੀ ਸਰਕਾਰੀ ਨੌਕਰੀ ਲੈ ਜਾਂਦੇ ਹਨ,ਉਹਨਾਂ ਦੀ ਤਾਂ ਫਿਰ ਵੀ ਸਾਰੀ ਉਮਰ ਦੀ ਰੋਟੀ ਦਾ ਪ੍ਰਬੰਧ ਹੋ ਜਾਂਦਾ ਹੈ, ਪਰ ਵੱਡੀ ਗਿਣਤੀ ਖਿਡਾਰੀ ਤਾਂ ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਪ੍ਰਾਈਵੇਟ ਨੌਕਰੀ ਜਾਂ ਫ਼ਿਰ ਮਾੜੀ ਮੋਟੀ ਦੁਕਾਨਦਾਰੀ ਕਰਨ ਲਈ ਮਜਬੂਰ ਹਨ।

ਉਹਨਾਂ ਨੂੰ ਪ੍ਰਾਈਵੇਟ ਨੌਕਰੀ ਤੋਂ ਵੀ ਕੁੱਝ ਸਾਲਾਂ ਬਾਅਦ ਜਵਾਬ ਹੀ ਮਿਲ ਜਾਂਦਾ ਹੈ ਅਤੇ ਦੁਕਾਨਾਂ ਕਰਦੇ ਖਿਡਾਰੀ ਅਜੇ ਚੰਗੀ ਤਰਾਂ ਬੁੱਢੇ ਵੀ ਨਹੀਂ ਹੋਏ ਹੁੰਦੇ ਕਿ ਉਹਨਾਂ ਦੇ ਆਪਣੇ ਹੀ ਜਾਏ ਪੁੱਤਰ ਉਹਨਾਂ ਤੋਂ ਦੁਕਾਨ ਹੀ ਇੱਕ ਤਰ੍ਹਾਂ ਖੋਹ ਜਿਹੀ ਲੈਂਦੇ ਹਨ। ਜੇ ਉਹ ਆਪਣੀ ਮਿਹਨਤ ਨਾਲ ਚਲਾਈ ਦੁਕਾਨ ਉੱਪਰ ਜਾਂਦੇ ਵੀ ਹਨ ਤਾਂ ਮੁੰਡੇ ਉਹਨਾਂ ਨੂੰ ਇੱਕ ਪਾਸੇ ਬੈਠਾ ਦਿੰਦੇ ਹਨ ਜਾਂ ਫ਼ਿਰ ਕਹਿ ਦਿੰਦੇ ਹਨ , ਡੈਡੀ, ਹੁਣ ਤੁਸੀਂ ਘਰ ਹੀ ਆਰਾਮ ਕਰੋ, ਦੁਕਾਨਦਾਰੀ ਤੁਹਾਡੇ ਵੱਸ ਦੀ ਨਹੀਂ ਰਹੀ।

ਘਰ ਵਿੱਚ ਨੂੰਹਾਂ ਦੇ ਹੋਣ ਕਾਰਨ ਇਹ ਬਜ਼ੁਰਗ ਖਿਡਾਰੀ ਘਰ ਵੀ ਨਹੀਂ ਬੈਠ ਸਕਦੇ, ਦੁਕਾਨਾਂ ਉੱਪਰ ਮੁੰਡੇ ਨੀ ਬੈਠਣ ਦਿੰਦੇ, ਸੱਥਾਂ ਦਾ ਤਾਂ ਕਈ ਥਾਂਵਾਂ ਉਪਰ ਵਜੂਦ ਜਿਹਾ ਹੀ ਖ਼ਤਮ ਹੋ ਗਿਆ ਹੈ ਤੇ ਵੱਡੀ ਗਿਣਤੀ ਲੋਕ ਹੁਣ ਆਪੋ ਆਪਣੇ ਘਰਾਂ ਵਿੱਚ ਹੀ ਰਹਿਣਾ ਪਸੰਦ ਕਰਨ ਲੱਗੇ ਹਨ, ਜਿਸ ਕਰਕੇ ਬਜ਼ੁਰਗ ਖਿਡਾਰੀ ਤਾਂ ਇਕਲੱਤਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੂੰ ਪਤਾ ਨੀ ਲੱਗਦਾ ਕਿ ਉਹ ਕਿਸ ਪਾਸੇ ਜਾਣ? ਜੇ ਉਹ ਕਿਸੇ ਡੇਰੇ ਜਾ ਵੜਦੇ ਹਨ ਤਾਂ ਕਈ ਡੇਰੇ ਵਿੱਚ ਹੀ ਰਹਿ ਜਾਂਦੇ ਹਨ ਤੇ ਪਰਿਵਾਰ ਵਿੱਚ ਵਾਪਸ ਜਾਣ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ।

ਜਵਾਨੀ ਵੇਲੇ ਹੱਦੋਂ ਵੱਧ ਲਾਇਆ ਜੋਰ ਵੀ ਗੋਡੇ ਜਿਹੇ ਵਿੰਗੇ ਕਰਕੇ ਬੁਢਾਪੇ ਵਿੱਚ ਕਈ ਤਰ੍ਹਾਂ ਦੇ ਦਰਦ ਪੈਦਾ ਕਰ ਦਿੰੰਦਾ ਹੈ। ਇਸ ਦਰਦ ਤੋਂ ਨਿਜਾਤ ਪਾਉਣ ਲਈ ਵੀ ਉਹਨਾਂ ਨੂੰ ਦਵਾਈ ਲੈਣ ਵਾਸਤੇ ਪੁੱਤਰਾਂ ਦੇ ਵੱਲ ਦੇਖਣਾ ਪੈਂਦਾ ਹੈ ਤੇ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਘਰ ਨੇੜਲਾ ਦੁਕਾਨਦਾਰ ਵੀ ਉਹਨਾਂ ਨੂੰ ਉਧਾਰ ਸਮਾਨ ਨਹੀਂ ਦਿੰਦੈ ਤੇ ਕਹਿ ਦਿੰਦੈ ਹਨ ਕਿ ਤੁਹਾਡੇ ਕਾਕੇ ਇਤਰਾਜ਼ ਕਰਦੇ ਨੇ ਕਿ ਸਾਡੇ ਭਾਪੇ ਨੂੰ ਫ਼ਾਲਤੂ ਸਮਾਨ ਨਾ ਦਿਆ ਕਰੋ। ਕਈ ਬਜ਼ੁਰਗ ਖਿਡਾਰੀ ਤਾਂ ਸਾਰਾ ਦਿਨ ਪੋਤੇ ਪੋਤਿਆਂ ਨੂੰ ਖਿਡਾਉਂਦੇ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਹੀ ਲੈਂਦੇ ਨੇ, ਪਰ ਆਪਣੇ ਆਪ ਨੂੰ ਬੇਗਾਨਾ ਜਿਹਾ ਸਮਝਦੇ ਹਨ।

ਇਹਨਾਂ ਬਜ਼ੁਰਗ ਖਿਡਾਰੀਆਂ ਦੀ ਕੋਈ ਵੀ ਸਰਕਾਰ ਸਾਰ ਨਹੀਂ ਲੈ ਰਹੀ। ਸਰਕਾਰ ਤੇ ਕਿਸੇ ਵੀ ਸੰਸਥਾ ਵੱਲੋਂ ਬਾਂਹ ਨਾ ਫ਼ੜਨ ਅਤੇ ਸਹਾਰਾ ਨਾ ਮਿਲਣ ਕਰਕੇ ਕਈ ਖਿਡਾਰੀ ਸਮੇਂ ਤੋਂ ਪਹਿਲਾਂ ਹੀ ਖੇਡਾਂ ਤੋਂ ਸਨਿਆਸ ਲੈ ਲੈਂਦੇ ਹਨ। ਹਾਲ ਤਾਂ ਉਹਨਾਂ ਖਿਡਾਰੀਆਂ ਦਾ ਬੁਰਾ ਹੁੰਦਾ ਹੈ, ਜੋ ਕਿ ਕਿਸੇ ਚੰਗੇ ਰੁਜ਼ਗਾਰ ਉਪਰ ਨਹੀਂ ਲੱਗੇ ਹੁੰਦੇ। ਬੁਢਾਪਾ ਉਹਨਾਂ ਲਈ ਇੱਕ ਸਜ਼ਾ ਬਣ ਜਾਂਦਾ ਹੈ। ਜਵਾਨੀ ਵੇਲੇ ਲਾਇਆ ਗਿਆ ਹੱਦੋਂ ਵੱਧ ਜੋਰ ਬੁਢਾਪੇ ਵਿੱਚ ਕਈ ਪ੍ਰੇਸ਼ਾਨੀਆਂ ਵੀ ਪੈਦਾ ਕਰ ਜਾਂਦਾ ਹੈ। ਜਿਹੜੇ ਖਿਡਾਰੀ ਜਵਾਨੀ ਵੇਲੇ ਲੱਕੜ ਵੀ ਚੱਬਕੇ ਹਜ਼ਮ ਕਰ ਜਾਂਦੇ ਸਨ, ਉਹੀ ਖਿਡਾਰੀ ਬੁਢਾਪੇ ਵਿੱਚ ਧਾਰਮਿਕ ਸਥਾਨਾਂ ਉੱਪਰ ਦੇਗ /ਪ੍ਰਸ਼ਾਦਿ ਮਿਲਣ ਸਮੇਂ ਵੱਧ ਪ੍ਰਸ਼ਾਦ ਮੰਗਦੇ ਦਿਖਦੇ ਹਨ।

ਜਦੋਂ ਕੋਈ ਬਜ਼ੁਰਗ ਖਿਡਾਰੀ ਕੋਈ ਮੁਕਾਬਲਾ ਜਿੱਤਦਾ ਹੈ ਤਾਂ ਸਾਰੇ ਹੀ ਅਖ਼ਬਾਰਾਂ ਵਿਚ ਸੁਰਖ਼ੀ ਹੁੰਦੀ ਹੈ ਕਿ 70 ਸਾਲ ਦੇ ਨੌਜਵਾਨ ਜਾਂ ਬਾਬੇ ਨੇ ਇਤਿਹਾਸ ਰਚਿਆ ਪਰ ਨਾਲ ਹੀ ਲੱਗੀ ਫ਼ੋਟੋ ਵਿਚ ਇਸ ਬਜ਼ੁਰਗ ਖਿਡਾਰੀ ਦਾ ਚਿਹਰਾ ਉਪਰੋਂ ਖੁਸ਼ੀ ਤੇ ਵਿਚੋਂ ਬੱਚਿਆਂ ਦੀ ਫ਼ੀਸਾਂ ਦੇ ਫ਼ਿਕਰ ਦੀ ਵੀ ਕਹਾਣੀ ਪਾ ਰਿਹੈ ਹੁੰਦੈ। ਹਾਲ ਇਹ ਹੈ ਕਿ ਜਵਾਨੀ ਵੇਲੇ ਜਿਹੜੇ ਖਿਡਾਰੀਆਂ ਲਈ ਦੁੱਧ, ਘਿਉ ਅਤੇ ਖੀਰ ਦੇ ਇੱਕ ਤਰਾਂ ਲੰਗਰ ਹੀ ਲੱਗੇ ਰਹਿੰਦੇ ਸਨ, ਉਹਨਾਂ ਵਿਚੋਂ ਵੱਡੀ ਗਿਣਤੀ ਖਿਡਾਰੀ ਹੁਣ ਬੁਢਾਪੇ ਵਿੱਚ ਦੋ ਡੰਗ ਦੀ ਰੋਟੀ ਲਈ ਵੀ ਤਰਸ ਰਹੇ ਹਨ।

ਇਹਨਾਂ ਬਜ਼ੁਰਗ ਖਿਡਾਰੀਆਂ ਵਿੱਚ ਜਦੋਂ ਜਵਾਨੀ ਵਾਲਾ ਜੋਸ਼ ਸੀ, ਤਾਂ ਇਹ ਆਪਣਾ ਸਾਰਾ ਧਿਆਨ ਖੇਡਾਂ ਵੱਲ ਹੀ ਲਾਈ ਰੱਖਦੇ, ਘਰ ਪਰਿਵਾਰ ਵੱਲ ਵੀ ਧਿਆਨ ਨਹੀਂ ਦਿੱਤਾ। ਕਈ ਵਿਚਾਰੇ ਤਾਂ ਛੜੇ ਹੀ ਰਹਿ ਗਏ ਕਿਉਂਕਿ ਜਦੋਂ ਵਿਆਹ ਦੀ ਉਮਰ ਸੀ, ਉਦੋਂ ਧਿਆਨ ਖੇਡਾਂ ਵੱਲ ਹੀ ਰਿਹਾ ਤੇ ਇਹ ਇੱਕ ਤਰਾਂ ਲੰਗੋਟਧਾਰੀ ਬਣੇ ਰਹੇ। ਜਦੋਂ ਇਹਨਾਂ ਖਿਡਾਰੀਆਂ ਦੀ ਉਮਰ 35 ਸਾਲ ਤੋਂ ਟੱਪ ਗਈ ਤਾਂ ਕਈਆਂ ਦੇ ਮਾਪੇ ਹੀ ਇਸ ਜਹਾਨ ਤੋਂ ਤੁਰ ਗਏ ਤੇ ਭਰਾਵਾਂ ਨੇ ਵੀ ਬੇਗਾਨਾਪਣ ਦਿਖਾਉਣਾ ਸ਼ੁਰੂ ਕਰ ਦਿੱਤਾ। ਖੇਡ ਮੈਦਾਨਾਂ ਵਿੱਚ ਨਵੇਂ ਜਵਾਨ ਹੋਏ ਖਿਡਾਰੀਆਂ ਨੇ ਇਹਨਾਂ ਨੂੰ ਹਰਾ ਦਿੱਤਾ ਤਾਂ ਇਹਨਾਂ ਨੂੰ ਹਰ ਸ਼ੈਅ ਹੀ ਪਰਾਈ ਹੋ ਗਈ ਜਾਪਦੀ ਹੈ।

ਖਿਡਾਰੀ ਭੋਲੇ ਭਾਲੇ ਹੁੰਦੇ ਹਨ ਇਸੇ ਕਾਰਨ ਸ਼ਰੀਕ ਵੀ ਇਹਨਾਂ ਦੇ ਸਾਕ ਸਿਰੇ ਨਹੀਂ ਚੜ੍ਹਨ ਦਿੰਦੇ , ਉਨ੍ਹਾਂ ਦੀ ਅੱਖ ਵੀ ਇਹਨਾਂ ਦੇ ਹਿੱਸੇ ਆਉਂਦੀ ਜ਼ਮੀਨ/ਜਾਇਦਾਦ ਉੱਪਰ ਹੁੰਦੀ ਹੈ। ਖੇਤਾਂ ਵਿੱਚ ਪਰਵਾਸੀ ਮਜ਼ਦੂਰਾਂ ਦੇ ਨਾਲ ਕਈ ਬਜ਼ੁਰਗ ਖਿਡਾਰੀ ਵੀ ਆਲੂ ਪੁੱਟਦੇ ਵੇਖੇ ਜਾਂਦੇ ਹਨ। ਇਹਨਾਂ ਨੂੰ ਹੁਣ ਆਪਣੇ ਉਹ ਦਿਨ ਯਾਦ ਆਉਂਦੇ ਨੇੇ, ਜਦੋਂ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਕਾਲਜ/ਯੂਨੀਵਰਸਿਟੀ ਦੇ ਸਾਲਾਨਾ ਸਮਾਗਮ ਵਿੱਚ ਇਹਨਾਂ ਨੂੰ ਸਟੇਜ ਉਪਰ ਬੁਲਾ ਕੇ ਸਪੈਸ਼ਲ ਸਨਮਾਨਿਤ ਕੀਤਾ ਜਾਂਦਾ ਤਾਂ ਇਹ ਵੀ ਆਪਣੇ ਆਪ ਨੂੰ ਇੱਕ ਤਰਾਂ ਪਰੀਆਂ ਦੇ ਦੇਸ਼ ਦਾ ਸ਼ਹਿਜ਼ਾਦਾ ਹੀ ਸਮਝਦੇ ਸਨ ਪਰ ਉਹਨਾਂ ਅੱਗੇ ਉਸ ਸਮੇਂ ਜਿੰਦਗੀ ਦੀ ਤਲਖ਼ ਹਕੀਕਤ ਆ ਜਾਂਦੀ ਹੈ, ਜਦੋਂ ਪੜਾਈ ਪੂਰੀ ਕਰਕੇ , ਜੋ ਕਿ ਕਈਆਂ ਦੀ ਪੜਾਈ ਤਾਂ ਅਧਵਾਟੇ ਹੀ ਛੁੱਟਣ ਕਰਕੇ ਰੁਜ਼ਗਾਰ ਦੀ ਭਾਲ ਵਿੱਚ ਨਿੱਤਰੇ ਤਾਂ ਕਈਆਂ ਨੂੰ ਤਾਂ ਸਰਕਾਰੀ ਨੌਕਰੀਆਂ ਮਿਲ ਗਈਆਂ ਜਦੋਂ ਕਿ ਵੱਡੀ ਗਿਣਤੀ ਖਿਡਾਰੀ ਹੱਥ ਮਲਦੇ ਰਹਿ ਗਏ। ਪ੍ਰਾਈਵੇਟ ਨੌਕਰੀਆਂ ਕਰਕੇ ਦਿਨ ਹੰਢਾਉਂਦੇ ਕਈ ਸਾਬਕਾ ਖਿਡਾਰੀ ਆਟੋ ਡਰਾਈਵਰ ਹੀ ਬਣ ਗਏ।

ਕਈ ਸਾਬਕਾ ਖਿਡਾਰੀ ਚੰਗੇ ਅਹੁਦਿਆਂ ਉਪਰ ਬਿਰਾਜਮਾਨ ਹਨ, ਮੇਰੇ ਕਈ ਸਾਥੀ ਖਿਡਾਰੀ ਸਾਥੀ ਪੰਜਾਬ ਐਂਡ ਸਿੰਧ ਬੈਂਕ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਕਰ ਰਹੇ ਹਨ, ਪਰ ਵੱੱਡੀ ਗਿਣਤੀ ਖਿਡਾਰੀ ਮੇਰੇ ਵਾਂਗ ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀ ਕਰਕੇ ਦਿਨ ਟਪਾ ਰਹੇ ਹਨ। ਉਹਨਾਂ ਬਾਰੇ ਕੀ ਲਿਖਿਆ ਜਾਵੇ, ਜਿਨ੍ਹਾਂ ਕੋਲ ਮੈਡਲ ਤੇ ਸਨਮਾਨਾਂ ਦਾ ਥੱਬਾ ਪਿਆ ਹੋਇਆ ਪਰ ਘਰ ਵਿੱਚ ਖਾਣ ਲਈ ਦਾਣੇ ਨਹੀਂ, ਪਾਉਣ ਲਈ ਚੰਗਾ ਕੱਪੜਾ ਨਹੀਂ। ਰਿਸ਼ਤੇਦਾਰ ਕੋਈ ਸਿਆਣਦਾ ਨਹੀਂ। ਜਵਾਨੀ ਵੇਲੇ ਜਿਹੜੇ ਪਿੰਡ ਦੇ ਸਰਪੰਚ ਪਿੰਡ ਦੇ ਸਾਂਝੇ ਸਮਾਗਮਾਂ ਵਿੱਚ ਇਹਨਾਂ ਖਿਡਾਰੀਆਂ ਨੂੰ ਆਪਣੇ ਨਾਲ ਸਟੇਜ ਉੱਪਰ ਬਿਠਾਉਂਦੇ ਸਨ ਹੁਣ ਅਧਖੜ ਉਮਰ ਅਤੇ ਬੁਢਾਪੇ ਵਿੱਚ ਜਦੋਂ ਇਹ ਸਰਪੰਚ ਕੋਲ ਕਿਸੇ ਕੰਮ ਜਾਂਦੇ ਹਨ ਤਾਂ ਸਰਪੰਚ ਦੇ ਘਰ ਹੁੰਦੇ ਵੀ ਘਰ ਦਾ ਨੌਕਰ ਆ ਕੇ ਇਹਨਾਂ ਸਾਬਕਾ ਖਿਡਾਰੀਆਂ ਨੂੰ ਕਹਿ ਦਿੰਦਾ ਹੈ ਕਿ ਸਰਪੰਚ ਸਾਹਿਬ ਘਰ ਨਹੀਂ ਹਨ।

ਕੇਂਦਰ ਸਰਕਾਰ ਵੱਲੋਂ ਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾ ਚਲਾਈ ਜਾ ਰਹੀ ਹੈ, ਜਿਸ ਲਈ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਖਿਡਾਰੀਆਂ ਲਈ ਵੀ ਕੇਂਦਰ ਸਰਕਾਰ ਦੇ ਨਾਲ ਹੀ ਰਾਜ ਸਰਕਾਰ ਵੀ ਕਾਫ਼ੀ ਉਪਰਾਲੇ ਕਰ ਰਹੀ ਹੈ ਪਰ ਬਜ਼ੁਰਗ ਖਿਡਾਰੀਆਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਹਰ ਪਿੰਡ ਵਿੱਚ ਹੀ ਖੇਡ ਕਲੱਬ ਅਤੇ ਨੌਜਵਾਨ ਸਭਾਵਾਂ ਹਨ, ਜਿਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡ ਤੇ ਇਲਾਕੇ ਦੇ ਸਾਬਕਾ ਅਤੇ ਬਜ਼ੁਰਗ ਖਿਡਾਰੀਆਂ ਦੀ ਵੀ ਸਾਰ ਲੈਣ। ਸਾਰੇ ਹੀ ਬਜ਼ੁਰਗ ਖਿਡਾਰੀਆਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਪੈਨਸ਼ਨ ਲਗਾਉਣੀ ਚਾਹੀਦੀ ਹੈ ਜੋ ਕਿ ਉਹਨਾਂ ਨੂੰ ਬੁਢਾਪਾ ਪੈਨਸ਼ਨ ਤੋਂ ਵੱਖਰੀ ਮਿਲੇ । ਬਾਲ ਖਿਡਾਰੀਆਂ ਨੂੰ ਵਧੀਆ ਸਹੁੂਲਤਾਂ ਦੇਣ ਦੇ ਨਾਲ ਹੀ ਬਜ਼ੁਰਗ ਖਿਡਾਰੀਆਂ ਦੀ ਵੀ ਸਰਕਾਰ ਵੱਲੋਂ ਸਾਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਬੁਢਾਪਾ ਸਹੀ ਤਰੀਕੇ ਨਾਲ ਗੁਜਾਰ ਸਕਣ।

ਜਗਮੋਹਨ ਸਿੰਘ ਲੱਕੀ

9463819174

Continue Reading

Editorial

ਮਸਾਲੇ ਵਾਲੇ ਫਲਾਂ ਅਤੇ ਕੈਮੀਕਲ ਵਾਲੀਆਂ ਸਬਜੀਆਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸਨ

Published

on

By

ਸਬਜੀਆਂ ਅਤੇ ਫਲ ਹਰ ਘਰ ਦੀ ਲੋੜ ਹਨ ਅਤੇ ਹਰ ਵਿਅਕਤੀ ਆਪਣੇ ਘਰ ਪਰਿਵਾਰ ਲਈ ਫਲਾਂ ਅਤੇ ਸਬਜੀਆਂ ਦੀ ਖਰੀਦ ਕਰਦਾ ਹੈ ਪਰੰਤੂ ਬਾਜਾਰ ਵਿੱਚ ਅੱਜਕੱਲ ਜਿਹੜੇ ਫਲ ਅਤੇ ਸਬਜੀਆਂ ਵਿਕ ਰਹੇ ਹਨ ਉਹਨਾਂ ਬਾਰੇ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਇਹਨਾਂ ਫਲਾਂ ਅਤੇ ਸਬਜੀਆਂ ਵਿੱਚੋਂ ਜਿਆਦਾਤਰ ਨੂੰ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਕੈਮੀਕਲਾਂ ਦੀ ਮਦਦ ਨਾਲ ਪਕਾਇਆ ਅਤੇ ਵੱਡਾ ਕੀਤਾ ਜਾਂਦਾ ਹੈ। ਅਜਿਹਾ ਆਮ ਕਿਹਾ ਜਾਂਦਾ ਹੈ ਕਿ ਕੱਦੂ ਦੀ ਵੇਲ ਅਤੇ ਹੋਰਨਾਂ ਸਬਜੀਆਂ ਦੀਆਂ ਜੜ੍ਹਾਂ ਵਿਚ ਮੱਝਾਂ ਨੂੰ ਧਾਰ ਚੋਣ ਵੇਲੇ ਲਗਾਇਆ ਜਾਣ ਵਾਲਾ ਹਾਰਮੋਨ ਦਾ ਟੀਕਾ ਲਗਾਇਆ ਜਾਂਦਾ ਹੈ ਜਿਸ ਨਾਲ ਇਹਨਾਂ ਸਬਜੀਆਂ ਦਾ ਆਕਾਰ ਰਾਤੋ ਰਾਤ ਬਹੁਤ ਵੱਡਾ ਹੋ ਜਾਂਦਾ ਹੈ।

ਬਾਜਾਰ ਵਿੱਚ ਵਿਕਦੇ ਫਲਾਂ ਨੂੰ ਵੀ ਵੱਖ ਵੱਖ ਕੈਮੀਕਲਾਂ ਦੀ ਵਰਤੋਂ ਕਰਕੇ ਪਕਾਉਣ ਅਤੇ ਚਮਕਦਾਰ ਬਣਾਉਣ ਦੀ ਗੱਲ ਅਕਸਰ ਸਾਮ੍ਹਣੇ ਆਉਂਦੀ ਹੈ। ਮਸਾਲਿਆਂ ਨਾਲ ਪਕਾ ਕੇ ਵੇਚੇ ਜਾ ਰਹੇ ਫਲ ਹੋਣ ਜਾਂ ਟੀਕੇ ਲਗਾ ਕੇ ਵੱਡੀਆਂ ਕੀਤੀਆਂ ਸਬਜੀਆਂ, ਇਹ ਸਾਰੇ ਹੀ ਇਹਨਾਂ ਕੈਮੀਕਲਾਂ ਦੇ ਅਸਰ ਕਾਰਨ ਜਹਿਰ ਵਰਗੀਆਂ ਹੀ ਹੋ ਜਾਂਦੀਆਂ ਹਨ। ਇਹਨਾਂ ਕਾਰਨ ਮਨੁੱਖੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਅਤੇ ਆਮ ਲੋਕ ਜਿਹੜੇ ਇਹਨਾਂ ਫਲਾਂ ਨੂੰ ਇਹ ਸੋਚ ਕੇ ਖਰੀਦਦੇ ਹਨ ਕਿ ਇਹ ਉਹਨਾਂ ਦੀ ਸਿਹਤ ਲਈ ਲਾਭਦਾਇਕ ਹਨ, ਉਹ ਉਲਟਾ ਆਪਣੇ ਅਤੇ ਆਪਣੇ ਪਰਿਵਾਰ ਲਈ ਹਲਕਾ ਜਹਿਰ ਖਰੀਦ ਰਹੇ ਹੁੰਦੇ ਹਨ।

ਕਿਸਾਨਾਂ ਵਲੋਂ ਸਬਜੀਆਂ ਅਤੇ ਫਲਾਂ ਉੱਪਰ ਕੀੜੇਮਾਰ ਦਵਾਈਆਂ ਦਾ ਭਾਰੀ ਛਿੜਕਾਅ ਕੀਤਾ ਜਾਂਦਾ ਹੈ ਜਿਸ ਕਾਰਨ ਇਹ ਸਬਜੀਆਂ ਅਤੇ ਫਲ ਪਹਿਲਾਂ ਹੀ ਕੀਟਨਾਸ਼ਕਾਂ ਦੇ ਜਹਿਰ ਦੇ ਅਸਰ ਹੇਠ ਆ ਜਾਂਦੇ ਹਨ ਅਤੇ ਬਾਕੀ ਦੀ ਕਸਰ ਇਹਨਾਂ ਸਬਜੀਆਂ ਅਤੇ ਫਲਾਂ ਦੇ ਵਪਾਰੀ (ਅਤੇ ਦੁਕਾਨਦਾਰ) ਪੂਰੀ ਕਰ ਦਿੰਦੇ ਹਨ, ਜੋ ਕੱਚੇ ਫਲਾਂ ਅਤੇ ਕੱਚੀਆਂ ਸਬਜੀਆਂ ਨੂੰ ਕੈਮੀਕਲਾਂ, ਰਸਾਇਣਾਂ, ਮਸਾਲਿਆਂ ਨਾਲ ਪਕਾ ਕੇ ਵੇਚਦੇ ਹਨ ਅਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਸਬਜੀਆਂ ਅਤੇ ਫਲ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਆਪਣੀਆਂ ਸਬਜੀਆਂ ਅਤੇ ਫਲਾਂ ਨੂੰ ਚਮਕਦਾਰ ਬਣਾਉਣ ਅਤੇ ਕੱਚੇ ਫਲਾਂ ਨੂੰ ਪਕਾਉਣ ਲਈ ਖੁੱਲੇਆਮ ਕਈ ਤਰ੍ਹਾਂ ਦੇ ਮਸਾਲਿਆਂ ਅਤੇ ਰਸਾਇਣਾਂ ਦੀ ਵਰਤੋ ਕੀਤੀ ਜਾਂਦੀ ਹੈ, ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ।

ਫਲ ਅਤੇ ਸਬਜੀਆਂ ਵੇਚਣ ਵਾਲੇ ਦੁਕਾਨਦਾਰ ਇਹ ਲੋਕ ਕੈਮੀਕਲਾਂ ਨਾਲ ਤਿਆਰ ਕੀਤੀਆਂ ਸਬਜੀਆਂ ਅਤੇ ਫਲਾਂ ਨੂੰ ਬਾਜਾਰ ਵਿੱਚ ਵੇਚ ਕੇ ਖੁਦ ਤਾਂ ਭਾਰੀ ਮੁਨਾਫਾ ਕਮਾਉਂਦੇ ਹਨ ਪਰੰਤੂ ਜਿਹੜੇ ਲੋਕ ਅਜਿਹੀਆਂ ਸਬਜੀਆਂ ਖਰੀਦ ਕੇ ਖਾਂਦੇ ਹਨ ਉਹਨਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਸੰਬੰਧੀ ਗੱਲ ਕਰਨ ਤੇ ਖੇਤੀ ਮਾਹਿਰ ਸਲਾਹ ਦਿੰਦੇ ਹਨ ਕਿ ਆਮ ਲੋਕਾਂ ਨੂੰ ਸਿਰਫ ਉਹ ਸਬਜੀ ਖਾਣੀ ਚਾਹੀਦੀ ਹੈ, ਜਿਸ ਨੂੰ ਕੀੜਾ ਲਗਿਆ ਹੋਵੇ, ਕਿਉਂਕਿ ਕੀੜਾ ਉਸੇ ਸਬਜੀ ਨੂੰ ਲੱਗਦਾ ਹੈ ਜਿਸਤੇ ਕੀਟ ਨਾਸ਼ਕਾਂ ਦਾ ਅਸਰ ਬਹੁਤ ਘੱਟ ਹੋਵੇ। ਉਹਨਾਂ ਦੇ ਕਹਿਣ ਦਾ ਭਾਵ ਇਹ ਹੁੰਦਾ ਹੈ ਕਿ ਜਿਸ ਸਬਜੀ ਨੂੰ ਕੀੜੇ ਖਾ ਸਕਦੇ ਹਨ, ਉਸਨੂੰ ਮਨੁੱਖ ਵੀ ਖਾ ਸਕਦਾ ਹੈ।

ਤਰਾਸਦੀ ਇਹ ਹੈ ਕਿ ਪ੍ਰਸ਼ਾਸ਼ਨ ਨੂੰ ਇਸ ਸਾਰੇ ਕੁੱਝ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ, ਟੀਕੇ ਲਗਾ ਕੇ ਤਿਆਰ ਕੀਤੀਆਂ ਸਬਜੀਆਂ ਬਾਜਾਰ ਵਿੱਚ ਸ਼ਰੇਆਮ ਵੇਚੀਆਂ ਜਾਂਦੀਆਂ ਹਨ ਪਰੰਤੂ ਖੁਰਾਕ ਸੁਰਖਿਆ ਵਿਭਾਗ (ਜਿਸ ਉੱਪਰ ਅਜਿਹੀਆਂ ਵਸਤਾਂ ਦੀ ਵਿਕਰੀ ਤੇ ਰੋਕ ਲਗਾਉਣ ਦੀ ਜਿੰਮੇਵਾਰੀ ਹੈ) ਵਲੋਂ ਅਜਿਹੀਆਂ ਸਬਜੀਆਂ ਦੀ ਵਿਕਰੀ ਤੇ ਰੋਕ ਲਗਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸੰਬੰਧੀ ਲੋਕਾਂ ਵਿੱਚ ਹੁੰਦੀ ਆਮ ਚਰਚਾ ਦੇ ਬਾਵਜੂਦ ਅਜਿਹੇ ਸਬਜੀ ੳਤਪਾਦਕਾਂ ਅਤੇ ਫਲ ਵੇਚਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਉਹ ਆਪਣੀਆਂ ਕਾਰਵਾਈਆਂ ਨੂੰ ਸ਼ਰੇਆਮ ਅੰਜਾਮ ਦਿੰਦੇ ਰਹਿੰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦਾ ਸਿਸਟਮ ਹੀ ਕੁੱਝ ਅਜਿਹਾ ਬਣ ਗਿਆ ਹੈ ਕਿ ਇੱਥੇ ਹਰ ਵਿਅਕਤੀ ਨੂੰ ਇਹ ਜਾਣਕਾਰੀ ਹੁੰਦੀ ਹੈ ਕਿ ਕੁੱਝ ਲੋਕਾਂ ਵਲੋਂ ਆਪਣੇ ਨਿੱਜੀ ਫਾਇਦੇ ਲਈ ਹੋਰਨਾਂ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਰੰਤੂ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਅੰਨਾ ਬੋਲਾ ਬਣਿਆ ਰਹਿੰਦਾ ਹੈ ਅਤੇ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿੰਦੀਆਂ ਹਨ।

ਸਥਾਨਕ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਲੋਕਾਂ ਨੂੰ ਫਲਾਂ ਅਤੇ ਸਬਜੀਆਂ ਦੇ ਰੂਪ ਵਿੱਚ ਵੇਚੇ ਜਾ ਰਹੇ ਇਸ ਜਹਿਰ ਦੀ ਵਿਕਰੀ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਬਾਜਾਰ ਵਿੱਚ ਮਸਾਲਿਆਂ, ਕੈਮੀਕਲਾਂ ਨਾਲ ਪਕਾਏ ਹੋਏ ਫਲਾਂ ਅਤੇ ਸਬਜੀਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਜਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਮੁਕੰਮਲ ਰੋਕ ਲੱਗੇ।

Continue Reading

Editorial

ਮੁੱਖ ਚੋਣ ਕਮਿਸ਼ਨਰ ਦੀ ਨਿਰਪੱਖਤਾ ਤੇ ਉਠਦੇ ਸਵਾਲ

Published

on

By

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਬਾਰੇ ਅੱਜ ਕੱਲ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਬਹੁਤ ਕੁਝ ਕਿਹਾ ਜਾ ਰਿਹਾ ਹੈ ਅਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਮੋਦੀ ਸਰਕਾਰ ਦੇ ਪੱਖ ਵਿੱਚ ਭੁਗਤ ਰਹੇ ਹਨ ਅਤੇ ਲਗਾਤਾਰ ਅਜਿਹੇ ਫੈਸਲੇ ਕਰ ਰਹੇ ਹਨ ਜਿਸ ਨਾਲ ਭਾਜਪਾ ਨੂੰ ਫਾਇਦਾ ਪਹੁੰਚਦਾ ਹੈ।

ਭਾਰਤ ਦੇ ਦੋ ਚੋਣ ਕਮਿਸ਼ਨਰਾਂ ਵੱਲੋਂ ਵੀ ਮੁੱਖ ਚੋਣ ਕਮਿਸ਼ਨਰ ਦੀ ਕਾਰਗੁਜਾਰੀ ਬਾਰੇ ਸਵਾਲ ਉਠਾਏ ਗਏ ਹਨ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਦਾ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ ਅਤੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਜਿਹੜੇ ਫੈਸਲੇ ਸਰਬਸੰਮਤੀ ਨਾਲ ਨਹੀਂ ਕੀਤੇ, ਉਹ ਫੈਸਲੇ ਰੱਦ ਕੀਤੇ ਜਾਣਗੇ।

ਭਾਰਤ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਅਤੇ ਇੰਡੀਆ ਗਠਜੋੜ ਦੇ ਹੋਰ ਮੁੱਖ ਆਗੂਆਂ ਵੱਲੋਂ ਮੁੱਖ ਚੋਣ ਕਮਿਸ਼ਨਰ ਦੀ ਕਾਰਗੁਜਾਰੀ ਤੇ ਸਵਾਲ ਉਠਾਏ ਜਾ ਰਹੇ ਹਨ। ਰਾਹੁਲ ਗਾਂਧੀ ਅਤੇ ਹੋਰ ਆਗੂ ਤਾਂ ਵਾਰ ਵਾਰ ਦੋਸ਼ ਲਗਾ ਰਹੇ ਹਨ ਕਿ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਸੁਧਾਈ ਦੇ ਬਹਾਨੇ ਲੱਖਾਂ ਵੋਟਰਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਕਈ ਆਗੂ ਤਾਂ ਇਹ ਵੀ ਦੋਸ਼ ਲਗਾਉਂਦੇ ਹਨ ਕਿ ਚੋਣ ਕਮਿਸ਼ਨ ਵੱਲੋਂ ਜਿਹੜੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ, ਉਹ ਭਾਜਪਾ ਵਿਰੋਧੀ ਪਾਰਟੀਆਂ ਨੂੰ ਵੋਟਾਂ ਪਾਉਂਦੇ ਸਨ, ਇਸ ਕਾਰਨ ਉਹਨਾਂ ਦੀਆਂ ਵੋਟਾਂ ਹੀ ਕੱਟ ਦਿਤੀਆਂ ਗਈਆਂ ਤਾਂ ਕਿ ਭਾਜਪਾ ਵਿਰੋਧੀ ਪਾਰਟੀਆਂ ਨੂੰ ਘੱਟ ਵੋਟਾਂ ਪੈਣ।

ਵਿਰੋਧੀ ਆਗੂ ਚੋਣ ਕਮਿਸ਼ਨ ਅਤੇ ਮੋਦੀ ਸਰਕਾਰ ਨੂੰ ਵੋਟ ਚੋਰ ਵੀ ਕਹਿ ਰਹੇ ਹਨ। ਇਸ ਤੋਂ ਇਲਾਵਾ ਵੋਟਿੰਗ ਮਸ਼ੀਨਾਂ ਬਾਰੇ ਵੀ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਲਗਾਤਾਰ ਸਵਾਲ ਉਠਾਏ ਜਾਂਦੇ ਰਹੇ ਹਨ ਅਤੇ ਮੰਗ ਕੀਤੀ ਜਾਂਦੀ ਹੈ ਕਿ ਭਾਰਤ ਵਿੱਚ ਚੋਣਾਂ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰਾਂ ਨਾਲ ਕਰਵਾਈਆਂ ਜਾਣ। ਵਿਰੋਧੀ ਆਗੂ ਤਰਕ ਦਿੰਦੇ ਹਨ ਕਿ ਵਿਸ਼ਵ ਦੇ ਵਿਕਸਤ ਦੇਸ਼ਾਂ ਨੇ ਵੀ ਵੋਟਿੰਗ ਮਸ਼ੀਨਾਂ ਨੂੰ ਰੱਦ ਕਰਕੇ ਬੈਲਟ ਪੇਪਰਾਂ ਰਾਹੀਂ ਵੋਟਿੰਗ ਕਰਵਾਉਂਦੇ ਹਨ। ਇਸ ਤਰ੍ਹਾਂ ਦਾ ਸਿਸਟਮ ਭਾਰਤ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ।

ਭਾਰਤ ਵਿੱਚ ਕੁਝ ਸਾਲ ਪਹਿਲਾਂ ਵੋਟਾਂ ਬੈਲਟ ਪੇਪਰ ਰਾਹੀਂ ਹੀ ਪੈਂਦੀਆਂ ਸਨ ਪਰ ਬਾਅਦ ਵਿੱਚ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਪਵਾਈਆਂ ਜਾਣ ਲੱਗੀਆਂ। ਅਕਸਰ ਵੋਟਿੰਗ ਮਸ਼ੀਨਾਂ ਦੀ ਕਾਰਗੁਜਾਰੀ ਤੇ ਸਵਾਲ ਉਠਾਏ ਜਾਂਦੇ ਹਨ। ਹੁਣ ਤਾਂ ਚੋਣ ਕਮਿਸ਼ਨ ਤੇ ਵੋਟ ਚੋਰੀ ਅਤੇ ਵਿਰੋਧੀ ਪਾਰਟੀਆਂ ਦੇ ਸਮਰਥਕ ਵੋਟਰਾਂ ਦੀਆਂ ਵੋਟਾਂ ਕੱਟਣ ਦਾ ਵੱਡਾ ਇਲਜ਼ਾਮ ਲਾਇਆ ਜਾ ਰਿਹਾ ਹੈ। ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।

ਲੋਕਤੰਤਰ ਵਿੱਚ ਵੋਟਾਂ ਦਾ ਕੰਮ ਸਹੀ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਜੇ ਚੋਣ ਕਮਿਸ਼ਨ ਹੀ ਸਰਕਾਰ ਦੇ ਪੱਖ ਵਿੱਚ ਭੁਗਤੇਗਾ ਤਾਂ ਨਿਰਪੱਖ ਚੋਣਾਂ ਹੋਣ ਦੀ ਆਸ ਮੱਧਮ ਹੋਵੇਗੀ। ਹਰ ਪਾਰਟੀ ਲਗਾਤਾਰ ਸੱਤਾ ਵਿੱਚ ਰਹਿਣ ਲਈ ਚੋਣ ਕਮਿਸ਼ਨ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀ ਹੈ ਪਰ ਵਿਰੋਧੀ ਆਗੂ ਕਹਿ ਰਹੇ ਹਨ ਕਿ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਆਪਣਾ ਮੋਹਰਾ ਬਣਾ ਕੇ ਲਗਾਤਾਰ ਸੱਤਾ ਪ੍ਰਾਪਤ ਕੀਤੀ ਜਾ ਰਹੀ ਹੈ।

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਅਕਸਰ ਦੋਸ਼ ਲਗਾਉਂਦੀ ਹੈ ਕਿ ਵੋਟਾਂ ਦੀ ਸੁਧਾਈ ਦੇ ਬਹਾਨੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਦੇ ਲੱਖਾਂ ਵੋਟਰਾਂ ਦੀਆਂ ਵੋਟਾਂ ਹੀ ਕੱਟ ਦਿੱਤੀਆਂ ਗਈਆਂ, ਜਿਸ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਜੇਤੂ ਹੋ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ। ਮਮਤਾ ਬੈਨਰਜੀ ਨੇ ਵੀ ਬਹੁਤ ਵਾਰ ਭਾਰਤ ਦੇ ਚੋਣ ਕਮਿਸ਼ਨ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਉਠਾਏ ਹਨ।

ਚਾਹੀਦਾ ਤਾਂ ਇਹ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਦੀ ਕਾਰਗੁਜਾਰੀ ਵਿੱਚ ਸੁਧਾਰ ਲਿਆਂਦਾ ਜਾਵੇ ਤੇ ਚੋਣ ਕਮਿਸ਼ਨ ਨਿਰਪੱਖ ਤਰੀਕੇ ਨਾਲ ਹਰ ਤਰ੍ਹਾਂ ਦੀਆਂ ਚੋਣਾਂ ਕਰਵਾਏ। ਲੋਕਤੰਤਰ ਨੂੰ ਕਾਇਮ ਰੱਖਣ ਲਈ ਭਾਰਤ ਦੇ ਚੋਣ ਕਮਿਸ਼ਨ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ।

ਬਿਊਰੋ

Continue Reading

Editorial

ਕਿਹੜੇ ਪਾਸੇ ਤੁਰ ਪਿਆ ਸਮਾਜ?

Published

on

By

ਪਿਛਲੇ ਦਿਨੀਂ ਬਰਨਾਲਾ ਸ਼ਹਿਰ ਵਿਖੇ ਪ੍ਰਸਿੱਧ ਗਾਇਕ ‘ਬੱਬੂ ਮਾਨ’ ਦੇ ਸ਼ੋਅ ਮੌਕੇ ਇਕੱਤਰ ਹੋਈ ਭੀੜ ਏਨੀ ਜਿਆਦਾ ਉਤੇਜਿਤ ਹੋ ਗਈ ਸੀ ਕਿ ਹਾਲਾਤ ਤੇ ਕਾਬੂ ਕਰਨ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ ਸੀ ਅਤੇ ਪੁਲੀਸ ਤੇ ਪ੍ਰਸ਼ਾਸਨ ਨੇ ਬਹੁਤ ਮੁਸ਼ਕਿਲ ਨਾਲ ਸਥਿਤੀ ਤੇ ਕਾਬੂ ਪਾਇਆ ਸੀ।

ਇਸ ਦੌਰਾਨ ਨੌਜਵਾਨਾਂ ਵਿੱਚ ਹੁੰਦੇ ਆਪਸੀ ਝਗੜਿਆਂ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਹਨ ਅਤੇ ਇਹਨਾਂ ਝਗੜਿਆਂ ਦੌਰਾਨ ਅਕਸਰ ਨੌਜਵਾਨ ਜਖਮੀ ਵੀ ਹੁੰਦੇ ਹਨ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਸੇ ਪਿੰਡਾਂ ਵਿਦਿਆ ਨਗਰ, ਪ੍ਰੋਫ਼ੈਸਰ ਕਾਲੋਨੀ ਅਤੇ ਕਰਹੇੜੀ ਵਿੱਚ ਨੌਜਵਾਨਾਂ ਦੇ ਆਪਸੀ ਝਗੜੇ ਦੀਆਂ ਘਟਨਾਵਾਂ ਆਮ ਦਿਨ ਵਾਪਰਦੀਆਂ ਹਨ ਅਤੇ ਇਹਨਾਂ ਝਗੜਿਆਂ ਵਿੱਚ ਅਕਸਰ ਨੌਜਵਾਨਾਂ ਵੱਲੋਂ ਕ੍ਰਿਪਾਨਾਂ, ਕਿਰਚਾਂ ਅਤੇ ਚਾਕੂਆਂ ਦੀ ਵਰਤੋ ਕੀਤੀ ਜਾਂਦੀ ਹੈ। ਝਗੜਾ ਕਰਨ ਵਾਲੇ ਇਹ ਹਥਿਆਰਬੰਦ ਨੌਜਵਾਨ ਪੁਲੀਸ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋ ਜਾਂਦੇ ਹਨ ਅਤੇ ਇਹਨਾਂ ਤੋਂ ਡਰਦਾ ਕੋਈ ਵੀ ਵਿਅਕਤੀ ਪੁਲੀਸ ਕੋਲ ਇਹਨਾਂ ਬਾਰੇ ਕੋਈ ਬਿਆਨ ਨਹੀਂ ਦਿੰਦਾ।

ਇਹਨਾਂ ਨੌਜਵਾਨਾਂ ਵਿੱਚ ਵੱਡੀ ਗਿਣਤੀ ਯੂਨੀਵਰਸਿਟੀ ਜਾਂ ਕਿਸੇ ਕਾਲਜ ਦੇ ਵਿਦਿਆਰਥੀ ਵੀ ਹੁੰਦੇ ਹਨ ਜੋ ਕਿ ਆਪਣਾ ਧਿਆਨ ਪੜਾਈ ਵਿੱਚ ਲਗਾਉਣ ਦੀ ਥਾਂ ਮਟਰਗਸ਼ਤੀ ਅਤੇ ਬਦਮਾਸ਼ੀ ਵਿੱਚ ਵਧੇਰੇ ਲਗਾਉਂਦੇ ਹਨ। ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਇਲਾਕੇ ਵਿੱਚ ਇੱਕ ਵਿਦਿਆਰਥੀ ਦਾ ਕਤਲ ਵੀ ਕਰ ਦਿੱਤਾ ਗਿਆ ਸੀ, ਜਿਸ ਤੋਂ ਪਤਾ ਚਲਦਾ ਹੈ ਕਿ ਇਸ ਇਲਾਕੇ ਵਿੱਚ ਹਾਲਾਤ ਕਿੰਨੇ ਚਿੰਤਾਜਨਕ ਹਨ।

ਅਕਸਰ ਹੀ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੇ ਵੱਖ ਵੱਖ ਧੜਿਆਂ ਵਿੱਚ ਲੜਾਈਆਂ ਤੇ ਝੜੱਪਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਝੜੱਪਾਂ ਵਿੱਚ ਅਕਸਰ ਕ੍ਰਿਪਾਨਾਂ, ਕਿਰਚਾਂ ਅਤੇ ਚਾਕੂਆਂ ਦੀ ਸ਼ਰੇਆਮ ਵਰਤੋ ਕੀਤੀ ਜਾਂਦੀ ਹੈ। ਕਈ ਵਾਰ ਤਾਂ ਕੁਝ ਵਿਦਿਆਰਥੀ ਪਿਸਤੋਲ ਤੇ ਰਿਵਾਲਵਰ ਨਾਲ ਵੀ ਫਾਇਰ ਕਰ ਦਿੰਦੇ ਹਨ, ਜਿਸ ਨਾਲ ਦਹਿਸ਼ਤ ਫੈਲ ਜਾਂਦੀ ਹੈ। ਵੱਖ ਵੱਖ ਸੜਕਾਂ ਤੇ ਜਾਂਦੇ ਵਾਹਨ ਜੇ ਆਪਸ ਵਿੱਚ ਖਹਿ ਜਾਣ ਤਾਂ ਵਾਹਨ ਸਵਾਰਾਂ ਦੀ ਅਕਸਰ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਦੋਵੇਂ ਇੱਕ ਦੂਜੇ ਦਾ ਕਤਲ ਤੱਕ ਕਰਨ ਤੱਕ ਜਾਂਦੇ ਹਨ।

ਅਜਿਹਾ ਕੁਝ ਵੇਖ ਕੇ ਵੱਖ ਵੱਖ ਬੁੱਧੀਜੀਵੀ ਸਵਾਲ ਕਰਦੇ ਹਨ ਕਿ ਸਮਾਜ ਹੁਣ ਕਿਹੜੇ ਪਾਸੇ ਤੁਰ ਪਿਆ ਹੈ? ਆਮ ਲੋਕਾਂ ਵਿੱਚ ਸ਼ਹਿਣਸ਼ਕਤੀ ਦੀ ਘਾਟ ਹੋ ਗਈ ਹੈ। ਕੁਝ ਵਿਦਵਾਨ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ਾ ਪ੍ਰਚਲਿਤ ਹੋਣ ਕਾਰਨ ਅਕਸਰ ਨਸ਼ੇੜੀ ਲੋਕ ਆਪਸ ਵਿੱਚ ਲੜ ਪੈਂਦੇ ਹਨ ਪਰ ਕਈ ਵਾਰ ਤਾਂ ਪੜੇ ਲਿਖੇ ਅਤੇ ਸਿਆਣੇ ਸਮਝੇ ਜਾਂਦੇ ਲੋਕਾਂ ਨੂੰ ਵੀ ਆਪਸ ਵਿੱਚ ਲੜਾਈ ਝਗੜੇ ਕਰਦਿਆਂ ਵੇਖਿਆ ਜਾਂਦਾ ਹੈ। ਕਈ ਵਾਰ ਤਾਂ ਗਲੀਆਂ ਵਿੱਚ ਖੇਡ ਰਹੇ ਬੱਚਿਆਂ ਦੀ ਮਾਮੂਲੀ ਲੜਾਈ ਉਹਨਾਂ ਦੇ ਮਾਪਿਆਂ ਲਈ ਸਿਰ ਪਾੜਨ ਤੇ ਲੱਤਾਂ ਬਾਹਾਂ ਤੋੜਨ ਵਾਲੀ ਲੜਾਈ ਤੱਕ ਪਹੁੰਚ ਜਾਂਦੀ ਹੈ।

ਸਮਾਜ ਦੇ ਮੋਹਰੀ ਆਗੂਆਂ ਅਤੇ ਵੱਖ ਵੱਖ ਸੰਤਾਂ ਮਹਾਂਪੁਰਸ਼ਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਨੂੰ ਸਹਿਣਸ਼ੀਲ ਰਹਿਣ ਦਾ ਉਪਦੇਸ਼ ਦੇਣ ਅਤੇ ਹਰ ਇੱਕ ਵਿਅਕਤੀ ਨੂੰ ਸ਼ਾਂਤੀ ਰੱਖਣ ਦਾ ਪ੍ਰਵਚਨ ਦਿੱਤਾ ਜਾਵੇ ਤਾਂ ਕਿ ਸਮਾਜ ਨੂੰ ਸਹੀ ਦਿਸ਼ਾ ਵਿੱਚ ਅੱਗੇ ਲਿਆਂਦਾ ਜਾ ਸਕੇ।

ਬਿਊਰੋ

Continue Reading

Latest News

Trending