Editorial
ਜਦੋਂ ਮਾਪੇ ਏ.ਟੀ.ਐਮ. ਬਣ ਜਾਣ ਅਤੇ ਬੱਚੇ ਸਿਰਫ਼ ਉਮੀਦਾਂ
ਇੱਕ ਸਮਾਂ ਸੀ ਜਦੋਂ ਬੱਚਾ, ਮਾਪਿਆਂ ਕੋਲ ਆਪਣੀ ਹਰ ਲੋੜ ਲਈ ਹੀ ਨਹੀਂ, ਬਲਕਿ ਆਪਣਾ ਦੁੱਖ ਸਾਂਝਾ ਕਰਨ ਲਈ ਜਾਂਦਾ ਸੀ। ਮਾਪਿਆਂ ਦੀ ਗੋਦ ਉਸ ਲਈ ਸੁਰੱਖਿਆ ਸੀ, ਉਨ੍ਹਾਂ ਦੀ ਗੱਲ ਹੌਸਲਾ ਸੀ ਅਤੇ ਉਨ੍ਹਾਂ ਦਾ ਘਰ ਉਸ ਲਈ ਉਹ ਥਾਂ ਸੀ ਜਿੱਥੇ ਦੁਨੀਆ ਦੀਆਂ ਮੁਸ਼ਕਲਾਂ ਕੁਝ ਸਮੇਂ ਲਈ ਛੋਟੀਆਂ ਲੱਗਦੀਆਂ ਸਨ। ਹਾਲਾਂਕਿ ਅਜਿਹੇ ਪਰਿਵਾਰ ਅੱਜ ਵੀ ਮੌਜੂਦ ਹਨ। ਪਰ ਬਦਲਦੇ ਸਮਾਜ ਵਿੱਚ ਹੌਲੀ-ਹੌਲੀ ਸਾਡੇ ਘਰਾਂ ਵਿੱਚ ਇੱਕ ਨਵਾਂ ਰੁਝਾਨ ਦਾਖ਼ਲ ਹੋ ਰਿਹਾ ਹੈ।
ਬੱਚੇ ਦੀ ਪੜ੍ਹਾਈ ਤੋਂ ਲੈ ਕੇ ਉਸਦੀ ਹਰ ਛੋਟੀ ਵੱਡੀ ਲੋੜ ਅਤੇ ਕਈ ਵਾਰ ਬੱਚੇ ਦੀਆਂ ਗਲਤੀਆਂ ਦੀ ਕੀਮਤ ਵੀ ਮਾਪੇ ਹੀ ਤਾਰਦੇ ਹਨ। ਮਾਪੇ ਦਿੰਦੇ ਰਹਿੰਦੇ ਹਨ ਅਤੇ ਬੱਚੇ ਲੈਂਦੇ ਰਹਿੰਦੇ ਹਨ। ਫਿਰ ਇੱਕ ਦਿਨ ਅਜਿਹਾ ਆ ਜਾਂਦਾ ਹੈ ਜਦੋਂ ਬੱਚੇ ਨੂੰ ਲੱਗਦਾ ਹੈ ਕਿ ਮਾਪਿਆਂ ਦਾ ਹੋਣਾ ਹੀ ਉਸ ਦੀ ਹਰ ਲੋੜ ਪੂਰੀ ਹੋਣ ਦੀ ਗਾਰੰਟੀ ਹੈ। ਇੱਥੇ ਸਮੱਸਿਆ ਪੈਸੇ ਦੀ ਨਹੀਂ ਹੈ ਬਲਕਿ ਰਿਸ਼ਤੇ ਦੀ ਮਨੋਵਿਗਿਆਨਕ ਬਣਤਰ ਬਦਲ ਜਾਣ ਦੀ ਹੈ।
ਜਦੋਂ ਮਦਦ ਹੱਕ ਬਣ ਜਾਂਦੀ ਹੈ, ਹੱਕ ਉਮੀਦ ਬਣ ਜਾਂਦਾ ਹੈ ਅਤੇ ਉਮੀਦ ਫਰਜ਼ ਸਮਝੀ ਜਾਣ ਲੱਗਦੀ ਹੈ, ਤਾਂ ਪਿਆਰ ਦੇ ਅੰਦਰ ਇੱਕ ਅਦਿੱਖ ਹਿਸਾਬ ਪੈਦਾ ਹੋ ਜਾਂਦਾ ਹੈ। ਮਾਪੇ ਕਹਿੰਦੇ ਹਨ, ਅਸੀਂ ਤੇਰੇ ਲਈ ਇੰਨਾ ਕੁਝ ਕੀਤਾ। ਬੱਚਾ ਸੋਚਦਾ ਹੈ, ਇਹ ਤਾਂ ਮਾਪਿਆਂ ਦਾ ਫਰਜ਼ ਸੀ। ਦੋਵੇਂ ਆਪਣੀ ਥਾਂ ਕੁਝ ਹੱਦ ਤੱਕ ਸਹੀ ਹੋ ਸਕਦੇ ਹਨ, ਪਰ ਇਨ੍ਹਾਂ ਦੋਹਾਂ ਸੋਚਾਂ ਦੇ ਵਿਚਕਾਰ ਜਿਹੜੀ ਇੱਕ ਬਹੁਤ ਕੀਮਤੀ ਚੀਜ਼ ਗੁੰਮ ਹੋ ਜਾਂਦੀ ਹੈ, ਉਹ ਹੈ ਇੱਕ ਦੂਜੇ ਦੀ ਕਦਰ।
ਇੱਥੇ ਸਾਨੂੰ ਬੱਚਿਆਂ ਨੂੰ ਦੋਸ਼ੀ ਬਣਾਉਣ ਤੋਂ ਪਹਿਲਾਂ ਮਾਪਿਆਂ ਦੀ ਭੂਮਿਕਾ ਵੀ ਸਮਝਣੀ ਪਵੇਗੀ। ਕਈ ਮਾਪੇ ਆਪਣੇ ਬੱਚਿਆਂ ਨੂੰ ਇੰਨਾ ਜ਼ਿਆਦਾ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਕਿ ਉਹ ਬੱਚੇ ਨੂੰ ਜੀਵਨ ਦੀਆਂ ਛੋਟੀਆਂ ਮੁਸ਼ਕਲਾਂ ਨਾਲ ਵੀ ਖੁਦ ਨਜਿੱਠਣ ਦਾ ਮੌਕਾ ਨਹੀਂ ਦਿੰਦੇ। ਬੱਚੇ ਦੇ ਡਿੱਗਣ ਤੋਂ ਪਹਿਲਾਂ ਮਾਪੇ ਉਸਨੂੰ ਫੜ ਲੈਂਦੇ ਹਨ। ਬੱਚੇ ਦੇ ਹਾਰਨ ਤੋਂ ਪਹਿਲਾਂ ਮਾਪੇ ਉਸ ਦੀ ਸਮੱਸਿਆ ਹੱਲ ਕਰ ਦਿੰਦੇ ਹਨ। ਬੱਚੇ ਨੂੰ ਪੈਸੇ ਦੀ ਕਮੀ ਮਹਿਸੂਸ ਹੋਵੇ, ਉਸ ਤੋਂ ਪਹਿਲਾਂ ਮਾਪੇ ਆਪਣੀ ਜੇਬ ਖੋਲ੍ਹ ਦਿੰਦੇ ਹਨ।
ਮਾਪਿਆਂ ਦਾ ਇਰਾਦਾ ਪਿਆਰ ਹੁੰਦਾ ਹੈ। ਪਰ ਹਰ ਪਿਆਰ ਭਰੀ ਕੋਸ਼ਿਸ਼ ਬੱਚੇ ਦੇ ਹਿੱਤ ਵਿੱਚ ਨਹੀਂ ਹੁੰਦੀ। ਕਈ ਵਾਰ ਬੱਚੇ ਨੂੰ ਮੁਸ਼ਕਲ ਤੋਂ ਬਚਾਉਂਦੇ ਬਚਾਉਂਦੇ ਅਸੀਂ ਉਸਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਹੀ ਨਹੀਂ ਸਿੱਖਣ ਦਿੰਦੇ। ਉਹ ਵੱਡਾ ਤਾਂ ਹੋ ਜਾਂਦਾ ਹੈ, ਪਰ ਜ਼ਿੰਮੇਵਾਰ ਨਹੀਂ ਬਣਦਾ।
ਇਹੀ ਉਹ ਥਾਂ ਹੈ ਜਿੱਥੇ ਮਾਪਿਆਂ ਨੂੰ ਇੱਕ ਔਖਾ ਪਰ ਜ਼ਰੂਰੀ ਸ਼ਬਦ (ਨਹੀਂ) ਸਿੱਖਣਾ ਪਵੇਗਾ, ਉਸਨੂੰ ਕਹਿਣਾ ਪਵੇਗਾ ਕਿ ਇਸ ਵਾਰ ਤੂੰ ਆਪ ਕਰ, ਇਹ ਤੇਰੀ ਜ਼ਿੰਮੇਵਾਰੀ ਹੈ। ਅਸੀਂ ਤੇਰੇ ਨਾਲ ਹਾਂ, ਪਰ ਤੇਰੀ ਥਾਂ ਤੇਰੀ ਜ਼ਿੰਦਗੀ ਨਹੀਂ ਜੀ ਸਕਦੇ।
ਇਹ ਵਾਕ ਬੱਚੇ ਨੂੰ ਠੁਕਰਾਉਂਦੇ ਨਹੀਂ। ਇਹ ਉਸਨੂੰ ਜੀਵਨ ਲਈ ਤਿਆਰ ਕਰਦੇ ਹਨ। ਇੱਕ ਬੱਚੇ ਨੂੰ ਹਰ ਚੀਜ਼ ਦੇ ਦੇਣਾ ਉਸਨੂੰ ਖੁਸ਼ ਕਰ ਸਕਦਾ ਹੈ, ਪਰ ਹਰ ਚੀਜ਼ ਆਪਣੇ ਆਪ ਹਾਸਲ ਕਰਨ ਦੀ ਸਮਰੱਥਾ ਦੇਣਾ ਉਸਨੂੰ ਮਜ਼ਬੂਤ ਬਣਾਉਂਦਾ ਹੈ।
ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਹਰ ਬੱਚਾ ਜੋ ਮਾਪਿਆਂ ਤੋਂ ਆਰਥਿਕ ਸਹਾਇਤਾ ਲੈਂਦਾ ਹੈ, ਸੁਆਰਥੀ ਨਹੀਂ ਹੁੰਦਾ। ਅੱਜ ਦੇ ਨੌਜਵਾਨਾਂ ਸਾਹਮਣੇ ਰੋਜ਼ਗਾਰ, ਪੜ੍ਹਾਈ, ਘਰ, ਮਹਿੰਗਾਈ ਅਤੇ ਜੀਵਨ ਦੀ ਅਨਿਸ਼ਚਿਤਤਾ ਵਰਗੀਆਂ ਅਸਲ ਚੁਣੌਤੀਆਂ ਹਨ। ਕਈ ਵਾਰ ਮਾਪਿਆਂ ਦੀ ਮਦਦ ਬੱਚੇ ਦੀ ਕਮਜ਼ੋਰੀ ਨਹੀਂ, ਸਗੋਂ ਪਰਿਵਾਰਕ ਸਹਿਯੋਗ ਹੁੰਦੀ ਹੈ। ਪਰ ਸਹਿਯੋਗ ਅਤੇ ਨਿਰਭਰਤਾ ਵਿੱਚ ਫ਼ਰਕ ਹੈ। ਮਦਦ ਅਤੇ ਆਦਤ ਵਿੱਚ ਫ਼ਰਕ ਹੈ। ਸਹਾਰਾ ਅਤੇ ਸਹੂਲਤ ਵਿੱਚ ਫ਼ਰਕ ਹੈ। ਜੇ ਬੱਚਾ ਮੁਸ਼ਕਲ ਸਮੇਂ ਵਿੱਚ ਮਾਪਿਆਂ ਕੋਲ ਆਉਂਦਾ ਹੈ, ਇਹ ਪਰਿਵਾਰ ਦੀ ਤਾਕਤ ਹੈ। ਪਰ ਜੇ ਬੱਚਾ ਆਪਣੀ ਸਮਰੱਥਾ ਹੋਣ ਦੇ ਬਾਵਜੂਦ ਹਰ ਜ਼ਿੰਮੇਵਾਰੀ ਮਾਪਿਆਂ ਦੇ ਮੱਥੇ ਪਾ ਦਿੰਦਾ ਹੈ, ਤਾਂ ਇਹ ਪਰਿਵਾਰਕ ਪਿਆਰ ਦਾ ਸਿਹਤਮੰਦ ਰੂਪ ਨਹੀਂ ਰਹਿੰਦਾ।
ਅਤੇ ਸਭ ਤੋਂ ਵੱਡੀ ਗੱਲ-ਮਾਪੇ ਸਿਰਫ਼ ਪੈਸਾ ਦੇਣ ਵਾਲੇ ਮਨੁੱਖ ਨਹੀਂ ਹਨ। ਉਨ੍ਹਾਂ ਦੀਆਂ ਆਪਣੀਆਂ ਇੱਛਾਵਾਂ ਹਨ। ਉਨ੍ਹਾਂ ਦੀਆਂ ਆਪਣੀਆਂ ਥਕਾਵਟਾਂ ਹਨ। ਉਨ੍ਹਾਂ ਦੇ ਆਪਣੇ ਅਧੂਰੇ ਸੁਪਨੇ ਹਨ। ਉਨ੍ਹਾਂ ਦੀ ਆਪਣੀ ਇੱਜ਼ਤ ਹੈ ਅਤੇ ਸਭਤੋਂ ਵੱਧ ਉਨ੍ਹਾਂ ਦੀ ਆਪਣੀ ਜ਼ਿੰਦਗੀ ਹੈ।
ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਜਿਹੜੇ ਮਾਪੇ ਬੱਚਿਆਂ ਦੀ ਜਵਾਨੀ ਬਣਾਉਣ ਵਿੱਚ ਆਪਣੀ ਜਵਾਨੀ ਲਗਾ ਦਿੰਦੇ ਹਨ, ਇੱਕ ਦਿਨ ਉਹੀ ਮਾਪੇ ਬੁਢਾਪੇ ਵਿੱਚ ਦਾਖ਼ਲ ਹੁੰਦੇ ਹਨ, ਉਸ ਵੇਲੇ ਉਨ੍ਹਾਂ ਨੂੰ ਨਵੀਂ ਗੱਡੀ ਤੋਂ ਵੱਧ ਸਾਥ ਚਾਹੀਦਾ ਹੈ। ਵੱਡੇ ਘਰ ਤੋਂ ਵੱਧ ਗੱਲਬਾਤ ਚਾਹੀਦੀ ਹੈ। ਮਹਿੰਗੇ ਤੋਹਫ਼ੇ ਤੋਂ ਵੱਧ ਆਪਣੇ ਬੱਚੇ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਅਤੇ ਪੈਸੇ ਤੋਂ ਵੱਧ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਅਜੇ ਵੀ ਆਪਣੇ ਬੱਚਿਆਂ ਲਈ ਮਹੱਤਵ ਰੱਖਦੇ ਹਨ।
ਇਹੀ ਕਾਰਨ ਹੈ ਕਿ ਬੁਢਾਪੇ ਵਿੱਚ ਮਾਪਿਆਂ ਦੀ ਸਭ ਤੋਂ ਵੱਡੀ ਲੋੜ ਕਈ ਵਾਰ ਆਰਥਿਕ ਨਹੀਂ, ਭਾਵਨਾਤਮਕ ਹੁੰਦੀ ਹੈ। ਬੱਚਾ ਦੂਰ ਹੋ ਸਕਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਰੁੱਝਿਆ ਹੋ ਸਕਦਾ ਹੈ। ਉਹ ਕਿਸੇ ਹੋਰ ਸ਼ਹਿਰ ਜਾਂ ਦੇਸ਼ ਵਿੱਚ ਰਹਿ ਸਕਦਾ ਹੈ। ਪਰ ਦੂਰੀ ਰਿਸ਼ਤੇ ਦੀ ਸਮਾਪਤੀ ਨਹੀਂ ਹੋਣੀ ਚਾਹੀਦੀ। ਇੱਕ ਫ਼ੋਨ, ਇੱਕ ਪੁੱਛਿਆ ਹੋਇਆ ਸਵਾਲ, ਕੁਝ ਸਮਾਂ ਬੈਠ ਕੇ ਗੱਲ ਕਰ ਲੈਣਾ,ਕਈ ਵਾਰ ਇਹ ਉਹ ਦੌਲਤ ਹੁੰਦੀ ਹੈ ਜਿਸ ਦੀ ਕੀਮਤ ਨਹੀਂ ਲਗਾਈ ਜਾ ਸਕਦੀ।
ਸਾਨੂੰ ਖੁਦ ਤੋਂ ਇਹ ਵੀ ਪੁੱਛਣਾ ਪਵੇਗਾ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਕਮਾਉਣ ਅਤੇ ਅੱਗੇ ਵਧਣ ਦੀ ਸਿੱਖਿਆ ਦੇ ਰਹੇ ਹਾਂ, ਜਾਂ ਰਿਸ਼ਤੇ ਨਿਭਾਉਣ ਦੀ ਵੀ? ਕਿਉਂਕਿ ਜੇ ਬੱਚਾ ਦੁਨੀਆ ਜਿੱਤ ਲਵੇ, ਪਰ ਆਪਣੇ ਘਰ ਦੇ ਦੋ ਬੁੱਢੇ ਮਨੁੱਖਾਂ ਦੀ ਇਕੱਲਤਾ ਨਾ ਸਮਝ ਸਕੇ, ਤਾਂ ਸਾਨੂੰ ਸਫਲਤਾ ਦੀ ਪਰਿਭਾਸ਼ਾ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਬੱਚਿਆਂ ਨੂੰ ਮਾਪਿਆਂ ਤੋਂ ਕੁਝ ਨਹੀਂ ਲੈਣਾ ਚਾਹੀਦਾ, ਪਰ ਮੈਂ ਇਹ ਕਿਹਾ ਜਾ ਸਕਦਾ ਹੈ ਕਿ ਬੱਚੇ ਨੂੰ ਸਹਾਇਤਾ ਮਿਲਣੀ ਚਾਹੀਦੀ ਹੈ, ਸਾਰੀ ਜ਼ਿੰਦਗੀ ਦੀ ਨਿਰਭਰਤਾ ਨਹੀਂ। ਮਾਪਿਆਂ ਨੂੰ ਬੱਚੇ ਲਈ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ ਹੈ, ਪਰ ਉਸ ਦੇ ਹਰ ਕਦਮ ਦੀ ਥਾਂ ਆਪਣੇ ਪੈਰ ਨਹੀਂ ਰੱਖਣੇ ਚਾਹੀਦੇ।
ਬੱਚਿਆਂ ਨੂੰ ਵੀ ਇਹ ਸਿੱਖਣਾ ਪਵੇਗਾ ਕਿ ਮਾਪਿਆਂ ਦਾ ਪਿਆਰ ਕੋਈ ਅਜਿਹਾ ਖਾਤਾ ਨਹੀਂ ਜਿਸ ਵਿੱਚੋਂ ਜਦੋਂ ਮਰਜ਼ੀ ਪੈਸਾ ਕੱਢਿਆ ਜਾ ਸਕੇ। ਮਾਪੇ ਏ. ਟੀ. ਐਮ. ਨਹੀਂ ਹੁੰਦੇ। ਮਾਪੇ ਉਹ ਹਨ ਜਿਨ੍ਹਾਂ ਨੇ ਕਦੇ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਤੁਹਾਡੇ ਲਈ ਦਿੱਤਾ ਸੀ।
ਆਪਣੇ ਆਪ ਤੋਂ ਇਹ ਸਵਾਲ ਪੁੱਛਣ, ਕਿ ਮਾਪਿਆਂ ਨੇ ਤੁਹਾਡੇ ਲਈ ਕੀ ਕੀਤਾ? ਤੋਂ ਪਹਿਲਾਂ ਖੁਦ ਨੂੰ ਇਹ ਪੁੱਛੋ ਕਿ ਤੁਸੀਂ ਮੈਂ ਆਪਣੇ ਮਾਪਿਆਂ ਲਈ ਕੀ ਕਰ ਰਹੇ ਹੋ? ਇਹ ਸਵਾਲ ਮਨੁੱਖ ਨੂੰ ਵੱਡਾ ਕਰਦਾ ਹੈ।
ਅਤੇ ਮਾਪਿਆਂ ਨੂੰ ਵੀ ਆਪਣੇ ਆਪ ਤੋਂ ਪੁੱਛਣਾ ਪਵੇਗਾ ਕਿ ਕੀ ਉਹ ਆਪਣੇ ਬੱਚੇ ਨੂੰ ਸਿਰਫ਼ ਸਹੂਲਤ ਦੇ ਰਹੇ ਹਨ ਜਾਂ ਜ਼ਿੰਦਗੀ ਜੀਣ ਦੀ ਸਮਰੱਥਾ ਵੀ? ਬੱਚੇ ਨੂੰ ਵਿਰਾਸਤ ਵਿੱਚ ਸਿਰਫ਼ ਘਰ, ਜ਼ਮੀਨ ਜਾਂ ਪੈਸਾ ਦੇਣਾ ਹੀ ਕਾਫ਼ੀ ਨਹੀਂ ਹੈ। ਉਸਨੂੰ ਜ਼ਿੰਮੇਵਾਰੀ, ਸਬਰ, ਮਿਹਨਤ, ਸੰਵੇਦਨਾ, ਕਦਰ ਅਤੇ ਆਤਮਨਿਰਭਰਤਾ ਵੀ ਦੇਣੀ ਪਵੇਗੀ।
ਪਰਿਵਾਰ ਦਾ ਮਤਲਬ ਇਹ ਨਹੀਂ ਕਿ ਇੱਕ ਪਾਸਾ ਸਦਾ ਦਿੰਦਾ ਰਹੇ ਅਤੇ ਦੂਜਾ ਸਦਾ ਲੈਂਦਾ ਰਹੇ। ਪਰਿਵਾਰ ਦਾ ਮਤਲਬ ਹੈ, ਜਦੋਂ ਇੱਕ ਥੱਕੇ, ਦੂਜਾ ਸਹਾਰਾ ਬਣੇ। ਜਦੋਂ ਇੱਕ ਡਿੱਗੇ, ਦੂਜਾ ਹੱਥ ਫੜੇ। ਜਦੋਂ ਇੱਕ ਕਮਜ਼ੋਰ ਹੋਵੇ, ਦੂਜਾ ਉਸਦੀ ਇੱਜ਼ਤ ਬਚਾਏ। ਜਦੋਂ ਮਾਪਿਆਂ ਦੀ ਵਾਰੀ ਆਵੇ, ਬੱਚੇ ਇਹ ਨਾ ਸੋਚਣ ਕਿ ਹੁਣ ਮੇਰੇ ਉੱਤੇ ਕੀ ਆ ਗਿਆ, ਬਲਕਿ ਇਹ ਮਹਿਸੂਸ ਕਰਨ ਕਿ ਹੁਣ ਮੇਰੀ ਵਾਰੀ ਹੈ।
ਪਰਿਵਾਰ ਦਾ ਸਭ ਤੋਂ ਵੱਡਾ ਸੰਕਟ ਇਹ ਨਹੀਂ ਹੈ ਕਿ ਬੱਚੇ ਮਾਪਿਆਂ ਤੋਂ ਪੈਸਾ ਲੈ ਰਹੇ ਹਨ। ਸਭ ਤੋਂ ਵੱਡਾ ਸੰਕਟ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਪੈਸਾ ਰਿਸ਼ਤੇ ਦੀ ਥਾਂ ਲੈ ਲੈਂਦਾ ਹੈ ਅਤੇ ਮਾਪਿਆਂ ਦੀ ਕੁਰਬਾਨੀ ਬੱਚਿਆਂ ਦੀ ਉਮੀਦ ਬਣ ਜਾਂਦੀ ਹੈ।
ਮਾਪਿਆਂ ਦਾ ਕੰਮ ਬੱਚਿਆਂ ਨੂੰ ਸਾਰੀ ਉਮਰ ਆਪਣੇ ਮੋਢਿਆਂ ਉੱਤੇ ਚੁੱਕ ਕੇ ਰੱਖਣਾ ਨਹੀਂ। ਉਨ੍ਹਾਂ ਦਾ ਕੰਮ ਬੱਚਿਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਹੈ। ਅਤੇ ਬੱਚਿਆਂ ਦਾ ਫਰਜ਼ ਸਿਰਫ਼ ਮਾਪਿਆਂ ਤੋਂ ਜੀਵਨ ਲੈਣਾ ਨਹੀਂ। ਉਨ੍ਹਾਂ ਦਾ ਫਰਜ਼ ਇੱਕ ਦਿਨ ਉਸ ਜੀਵਨ ਦੀ ਕਦਰ ਕਰਨੀ ਵੀ ਹੈ।
ਕਿਉਂਕਿ ਜਿਸ ਘਰ ਵਿੱਚ ਮਾਪੇ ਸਿਰਫ਼ ਦੇਣ ਵਾਲੇ ਅਤੇ ਬੱਚੇ ਸਿਰਫ਼ ਲੈਣ ਵਾਲੇ ਬਣ ਜਾਣ, ਉੱਥੇ ਘਰ ਤਾਂ ਰਹਿ ਸਕਦਾ ਹੈ, ਪਰ ਪਰਿਵਾਰ ਹੌਲੀ-ਹੌਲੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਾਨੂੰ ਪਰਿਵਾਰ ਨੂੰ ਬਚਾਉਣ ਲਈ ਪੈਸੇ ਨਾਲੋਂ ਪਹਿਲਾਂ ਰਿਸ਼ਤੇ ਦੀ ਭਾਸ਼ਾ ਵਾਪਸ ਲਿਆਉਣੀ ਪਵੇਗੀ।
ਡਾ.ਹਰਜਿੰਦਰ ਸਿੰਘ ਹੈਰੀ
ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ
Editorial
ਫੋਕੇ ਦਾਅਵਿਆਂ ਅਤੇ ਇਸ਼ਤਿਹਰਬਾਜੀ ਨਾਲ ਹਲ ਨਹੀਂ ਹੁੰਦੇ ਲੋਕਾਂ ਦੇ ਮਸਲੇ
ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਅਤੇ ਪੌਣੇ ਪੰਜ ਸਾਲ ਪਹਿਲਾਂ ਸੂਬੇ ਦੀ ਸੱਤਾ ਸੰਭਾਲਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਭਾਵੇਂ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰੰਤੂ ਸੂਬੇ ਦੇ ਵਸਨੀਕ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਕਾਫੀ ਹੱਦ ਤਕ ਅਸੰਤੁਸ਼ਟ ਦਿਖਦੇ ਹਨ ਅਤੇ ਆਮ ਲੋਕਾਂ ਨੂੰ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਨਜਰ ਨਹੀਂ ਆਉਂਦਾ। ਇਹ ਗੱਲ ਹੋਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਪੰਜਾਬ ਭਰ ਵਿੱਚ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਵੱਡੇ ਹੋਰਡਿੰਗ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਦੇ ਸੋਹਲੇ ਜਰੂਰ ਗਾਏ ਜਾਂਦੇ ਰਹੇ ਹਨ। ਪਰੰਤੂ ਇਸ ਸੰਬੰਧੀ ਆਮ ਲੋਕਾਂ ਦੀ ਮੰਨੀਏ ਤਾਂ ਉਹਨਾਂ ਨੂੰ ਸਰਕਾਰ ਦੇ ਇਹ ਤਮਾਮ ਐਲਾਨ ਪੂਰੀ ਤਰ੍ਹਾਂ ਖੋਖਲੇ ਲੱਗਦੇ ਹਨ ਅਤੇ ਵਿਰੋਧੀ ਪਾਰਟੀਆਂ ਵਲੋਂ ਤਾਂ ਪਹਿਲਾਂ ਹੀ ਇਸ ਸਰਕਾਰ ਨੂੰ ਐਲਾਨਵੰਤ ਸਰਕਾਰ ਦਾ ਦਰਜਾ ਦਿੱਤਾ ਜਾ ਚੁੱਕਿਆ ਰਿਹਾ ਹੈ।
ਇੰਨਾ ਜਰੂਰ ਹੈ ਕਿ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਇਸ਼ਤਿਹਾਰਬਾਜੀ ਜਰੂਰ ਕੀਤੀ ਜਾਂਦੀ ਰਹੀ ਹੈ ਅਤੇ ਅਤੇ ਸਰਕਾਰ ਦਾ ਲੋਕ ਸੰਪਰਕ ਵਿਭਾਗ ਇਸੇ ਕੰਮ ਵਿੱਚ ਰੁੱਝਿਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਤਾਂ ਇਹ ਹਾਲ ਹੈ ਕਿ ਉਹਨਾਂ ਵਲੋਂ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਵੱਡੇ ਵੱਡੇ ਬੋਰਡ ਲਗਾ ਕੇ ਰੱਖੇ ਗਏ ਹਨ। ਇਸ ਸੰਬੰਧੀ ਵਿਰੋਧੀ ਪਾਰਟੀਆਂ ਦੇ ਆਗੂ ਦੋਸ਼ ਲਗਾਉਂਦੇ ਹਨ ਸੱਤਾਧਾਰੀ ਆਗੂਆਂ ਨੂੰ ਆਮ ਲੋਕਾਂ ਦੇ ਮਸਲੇ ਨਜਰ ਨਹੀਂ ਆਉਂਦੇ ਬਲਕਿ ਉਹ ਤਾਂ ਸਿਰਫ ਵੱਡੇ ਵੱਡੇ ਬੋਰਡ ਅਤੇ ਬੈਨਰ ਲਗਾਉਣ ਵਿਚ ਹੀ ਰੁੱਝੇ ਹੋਏ ਹਨ, ਜਿਹਨਾਂ ਵਿੱਚ ਉਹ ਮੁੱਖ ਮੰਤਰੀ ਦੇ ਵੱਡੇ ਚਿਹਰੇ ਦੇ ਨਾਲ ਆਪਣੀਆਂ ਫੋਟੋਆਂ ਵੀ ਛਾਪ ਲੈਂਦੇ ਹਨ।
ਹਾਲਾਂਕਿ ਸਰਕਾਰਾਂ ਵਲੋਂ ਮੁੱਖ ਮੰਤਰੀ ਦੀ ਫੋਟੋ ਨਾਲ ਪ੍ਰਚਾਰ ਕਰਨ ਦਾ ਇਹ ਰੁਝਾਨ ਬਹੁਤ ਪੁਰਾਣਾ ਅਤੇ ਹਾਲਾਂਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਇਸੇ ਤਰ੍ਹਾਂ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡ ਅਤੇ ਇਸ਼ਤਿਹਾਰ ਲੱਗਦੇ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੱਤਾ ਤੇ ਕਾਬਜ ਸਾਰੀਆਂ ਹੀ ਪਾਰਟੀਆਂ ਵਲੋਂ ਸਰਕਾਰੀ ਪੈਸੇ ਦੇ ਜੋਰ ਤੇ ਆਪਣਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਦਲਾਅ ਦੇ ਨਾਹਰੇ ਅਤੇ ਲੋਕਾਂ ਦੇ ਮਸਲੇ ਹਲ ਕਰਨ ਦੇ ਵਾਇਦਿਆਂ ਨਾਲ ਸੱਤਾ ਵਿੱਚ ਆਈ ਸੀ ਅਤੇ ਲੋਕਾਂ ਨੇ ਉਸਦੇ ਦਾਅਵਿਆਂ ਅਤੇ ਵਾਇਦਿਆਂ ਤੇ ਭਰੋਸਾ ਕਰਕੇ ਹੀ ਉਸਨੂੰ ਸੱਤਾ ਸੰਭਾਲੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਵਗੰਤ ਸਿੰਘ ਮਾਨ, ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਲੋਂ ਇਸ ਤਰੀਕੇ ਨਾਲ ਕੀਤੇ ਜਾਂਦੇ ਮੁੱਖ ਮੰਤਰੀ ਦੀਆਂ ਫੋਟੋਆਂ ਰਾਂਹੀ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਆਮ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਹਾ ਕਰਦੇ ਸੀ, ਇਸ਼ਤਿਹਾਰਬਾਜੀ ਦੀ ਇਸ ਹੋੜ ਵਿੱਚ ਹੋਰਨਾਂ ਪਾਰਟੀਆਂ ਨੂੰ ਬਹੁਤ ਪਿੱਛੇ ਛੱਡ ਗਏ ਹਨ।
ਆਮ ਲੋਕ ਅਕਸਰ ਸਵਾਲ ਕਰਦੇ ਹਨ ਕਿ ਬਦਲਾਅ ਦਾ ਨਾਹਰਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਮਸਲੇ ਹਲ ਕਰਨ ਲਈ ਕੰਮ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਪ੍ਰਚਾਰ ਦੇ ਰਾਹ ਕਿਉਂ ਪੈ ਗਈ ਹੈ। ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਲਗਾਤਾਰ ਮਹਿੰਗੀ ਹੁੰਦੀ ਸਿਖਿਆ ਅਤੇ ਮਹਿੰਗਾ ਇਲਾਜ ਪੰਜਾਬੀਆਂ ਦੇ ਮੁੱਖ ਮਸਲੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸਰਕਾਰ ਵਲੋਂ ਭਾਵੇਂ ਥਾਂ ਥਾਂ ਤੇ ਵੱਡੇ ਬੈਨਰ ਅਤੇ ਹੋਰਡਿੰਗ ਲਗਾ ਕੇ ਵੱਡੇ ਵੱਡੇ ਐਲਾਨ (ਅਤੇ ਦਾਅਵੇ) ਕੀਤੇ ਜਾ ਰਹੇ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਆਮ ਲੋਕਾਂ ਦੇ ਉਪਰੋਕਤ ਵੱਡੇ ਮਸਲੇ ਉਸੇ ਤਰ੍ਹਾਂ ਲਮਕ ਰਹੇ ਹਨ।
ਮੌਜੂਦਾ ਸਰਕਾਰ ਦੀ ਕਾਰਗੁਜਾਰੀ ਵਿੱਚ ਇੰਨਾ ਫਰਕ ਜਰੂਰ ਹੈ ਕਿ ਇਸਨੇ ਆਪਣੇ ਦਾਅਵਿਆਂ ਵਿੱਚ ਇਹ ਸਾਰੇ ਮਸਲੇ ਹਲ ਕਰ ਦਿੱਤੇ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਸਰਕਾਰ ਦੇ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਹਨ ਅਤੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਹਲ ਲਈ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਜੇਕਰ ਸੱਤਾਧਾਰੀ ਆਗੂ ਇਹ ਸਮਝਦੇ ਹਨ ਕਿ ਉਹ ਆਪਣੇ ਇਹਨਾਂ ਫੋਕੇ ਦਾਅਵਿਆਂ ਅਤੇ ਝੂਠੇ ਐਲਾਨਾਂ ਦਾ ਪ੍ਰਚਾਰ ਕਰਕੇ ਜਨਤਾ ਨੂੰ ਗੁੰਮਰਾਹ ਕਰ ਸਕਦੇ ਹਨ ਤਾਂ ਇਹ ਉਹਨਾਂ ਦੀ ਗਲਤਫਹਿਮੀ ਹੈ ਅਤੇ ਅਜਿਹੇ ਦਾਅਵਿਆਂ ਨਾਲ ਉਹ ਆਮ ਜਨਤਾ ਨੂੰ ਧੋਖਾ ਨਹੀਂ ਦੇ ਸਕਦੇ। ਅਜਿਹੇ ਵੱਡੇ ਬੋਰਡਾਂ ਅਤੇ ਬੈਨਰਾਂ ਤੇ ਆਪਣੀ ਫੋਟੋ ਲਗਾ ਕੇ ਮੁੱਖ ਮੰਤਰੀ ਖੁਦ ਨੂੰ ਤਾਂ ਖੁਸ਼ ਕਰ ਸਕਦੇ ਹਨ ਪਰੰਤੂ ਜਨਤਾ ਉਹਨਾਂ ਦੇ ਕੰਮ ਤੋਂ ਕਿੰਨੀ ਕੁ ਸਤੁਸ਼ਟ ਹੈ ਇਸਦਾ ਪਤਾ ਆਉਣ ਵਾਲੀਆਂ ਚੋਣਾਂ ਦੌਰਾਨ ਉਹਨਾਂ ਦੀ ਪਾਰਟੀ ਨੂੰ ਮਿਲੀਆਂ ਸੀਟਾਂ ਨਾਲ ਜਾਹਿਰ ਹੋ ਜਾਣਾ ਹੈ।
Editorial
ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ ਅਮਨ ਕਾਨੂੰਨ ਦਾ ਮਸਲਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਅਮਨ ਕਾਨੂੰਨ ਦੀ ਗੰਭੀਰ ਹੋ ਰਹੀ ਸਥਿਤੀ ਦਾ ਮੁੱਦਾ ਉਠਾਇਆ ਹੈ। ਰਾਜਪਾਲ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਧ ਰਿਹਾ ਗੰਨ ਕਲਚਰ ਚਿੰਤਾ ਦਾ ਵਿਸ਼ਾ ਹੈ। ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਪਟਾਕਿਆਂ ਵਾਂਗ ਹੀ ਗੋਲੀਆਂ ਚੱਲ ਰਹੀਆਂ ਹਨ। ਪੰਜਾਬ ਵਿੱਚ ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਵਿੱਚ ਹਥਿਆਰਾਂ ਪ੍ਰਤੀ ਵਧ ਰਹੀ ਖਿੱਚ ਨੇ ਸੂਬੇ ਦੇ ਭਵਿੱਖ ਬਾਰੇ ਚਿੰਤਾਵਾਂ ਵਧਾਈਆਂ ਹਨ।
ਪੰਜਾਬ ਦੇ ਰਾਜਪਾਲ ਵੱਲੋਂ ਗੰਨ ਕਲਚਰ ਪ੍ਰਤੀ ਕੀਤੀ ਗਈ ਵੱਡੀ ਟਿੱਪਣੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਇਹਨਾਂ ਚੋਣਾਂ ਸਬੰਧੀ ਚੋਣ ਕਮਿਸ਼ਨ ਤੋਂ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦਿਨੋਂ ਦਿਨ ਵੱਖ ਵੱਖ ਕਾਰਨਾਂ ਕਰਕੇ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਰਿਹਾ ਹੈ। ਹਰ ਸਿਆਸੀ ਪਾਰਟੀ ਇਹ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋ ਗਈ ਹੈ। ਹਰ ਸਿਆਸੀ ਪਾਰਟੀ ਵੱਲੋਂ ਹੀ ਚੋਣਾਂ ਜਿੱਤਣ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅਨੇਕਾਂ ਮੁੱਦੇ ਉਠਾਏ ਜਾ ਰਹੇ ਹਨ।
ਇੱਕ ਪਾਸੇ ਪੰਜਾਬ ਵਿੱਚ ਕੁਝ ਸਿਆਸੀ ਪਾਰਟੀਆਂ ਵੱਲੋਂ ਨਸ਼ੇ ਦਾ ਮੁੱਦਾ ਉਠਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਰਾਜਪਾਲ ਵੱਲੋਂ ਗੰਨ ਕਲਚਰ ਸਬੰਧੀ ਕੀਤੀ ਗਈ ਵੱਡੀ ਟਿੱਪਣੀ ਤੋਂ ਬਾਅਦ ਪੰਜਾਬ ਦੀ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਅਤੇ ਗੰਨ ਕਲਚਰ ਨੂੰ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣਾਏ ਜਾਣ ਦੇ ਆਸਾਰ ਬਣ ਗਏ ਹਨ। ਆਮ ਲੋਕ ਉਸ ਸਮੇਂ ਹੈਰਾਨ ਹੋ ਜਾਂਦੇ ਹਨ ਜਦੋਂ ਅਨੇਕਾਂ ਸੁਰੱਖਿਆ ਗਾਰਡਾਂ ਵਿੱਚ ਘਿਰੇ ਕਿਸੇ ਸਿਆਸੀ ਆਗੂ ਵੱਲੋਂ ਆਮ ਲੋਕਾਂ ਨੂੰ ਗੰਨ ਕਲਚਰ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਫੈਲ ਰਹੇ ਗੰਨ ਕਲਚਰ ਨੂੰ ਘਟਾਉਣ ਲਈ ਆਮ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ।
ਆਮ ਲੋਕ ਉਸ ਸਮੇਂ ਇਹ ਵੀ ਸੋਚਦੇ ਹਨ ਕਿ ਅਜਿਹੇ ਸਿਆਸੀ ਆਗੂਆਂ ਦੇ ਆਲੇ ਦੁਆਲੇ ਹਰ ਸਮੇਂ ਹਥਿਆਰਬੰਦ ਸੁਰੱਖਿਆ ਮੁਲਾਜਮ ਰਹਿੰਦੇ ਹਨ ਤਾਂ ਫਿਰ ਉਹ ਆਮ ਲੋਕਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਦਾ ਸੁਨੇਹਾ ਕਿਸ ਆਧਾਰ ਤੇ ਦੇ ਰਹੇ ਹਨ। ਅਸਲ ਵਿੱਚ ਆਮ ਲੋਕ ਸਿਆਸੀ ਆਗੂਆਂ ਨੂੰ ਮਿਲੇ ਸੁਰੱਖਿਆ ਮੁਲਾਜਮਾਂ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੁੰਦੇ ਹਨ ਅਤੇ ਉਹਨਾਂ ਵਿੱਚ ਵੀ ਸਿਆਸੀ ਆਗੂਆਂ ਵਾਂਗ ਆਪਣੇ ਨਾਲ ਹਥਿਆਰਬੰਦ ਬਾਡੀਗਾਰਡ ਰੱਖਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਸਿਆਸੀ ਆਗੂਆਂ ਦੀਆਂ ਵੀ ਖ਼ਬਰਾਂ ਆਈਆਂ ਜਿਹਨਾਂ ਨੇ ਸਰਕਾਰੀ ਸੁਰੱਖਿਆ ਛਤਰੀ ਲੈਣ ਲਈ ਆਪਣੇ ਉਪਰ ਖੁਦ ਹੀ ਆਪਣੇ ਬੰਦਿਆਂ ਤੋਂ ਨਕਲੀ ਹਮਲੇ ਕਰਵਾਏ ਸਨ।
ਪੰਜਾਬੀ ਨੌਜਵਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਹਥਿਆਰ ਬਹੁਤ ਪਸੰਦ ਹਨ। ਪੰਜਾਬ ਵਿੱਚ ਕਈ ਦਹਾਕਿਆਂ ਤੱਕ ਅਨੇਕਾਂ ਹਥਿਆਰਬੰਦ ਲਹਿਰਾਂ ਚੱਲੀਆਂ, ਜਿਹਨਾਂ ਨੂੰ ਭਾਵੇਂ ਪੁਲੀਸ ਸ਼ਕਤੀ ਨਾਲ ਦਬਾ ਦਿੱਤਾ ਗਿਆ ਹੈ ਪਰ ਇਹਨਾਂ ਲਹਿਰਾਂ ਵਿੱਚ ਵੱਡੀ ਗਿਣਤੀ ਨੌਜਵਾਨ ਸਿਰਫ਼ ਹਥਿਆਰਾਂ ਦੇ ਮੋਹ ਕਾਰਨ ਹੀ ਸ਼ਾਮਲ ਹੋਏ ਸਨ। ਪੰਜਾਬ ਵਿੱਚ ਹਥਿਆਰਾਂ ਦਾ ਲਾਇਸੈਂਸ ਲੈਣਾ ਬਹੁਤ ਔਖਾ ਹੈ ਪਰ ਹਥਿਆਰਾਂ ਦੇ ਇੱਕ ਲਾਇਸੈਂਸ ਤੇ ਕੋਈ ਵੀ ਵਿਅਕਤੀ ਦੋ ਹਥਿਆਰ ਰੱਖ ਸਕਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਦੇ ਕਈ ਵਿਅਕਤੀਆਂ ਕੋਲ ਦੋ ਦੋ ਹਥਿਆਰ ਹੁੰਦੇ ਹਨ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਵਿੱਚ ਅਨੇਕਾਂ ਲੋਕਾਂ ਕੋਲ ਗ਼ੈਰ ਕਾਨੂੰਨੀ ਹਥਿਆਰ ਵੀ ਹਨ, ਜਿਸ ਕਾਰਨ ਪੰਜਾਬ ਵਿੱਚ ਹਥਿਆਰਾਂ ਦੀ ਗਿਣਤੀ ਕਿੰਨੀ ਹੈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਗ਼ੈਰ ਕਾਨੂੰਨੀ ਹਥਿਆਰ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ।
ਪੰਜਾਬ ਵਿੱਚ ਜਿਸ ਤਰੀਕੇ ਨਾਲ ਗੰਨ ਕਲਚਰ ਵਧ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਮੁੱਦਾ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਬਿਊਰੋ
Editorial
ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਪੂਰੇ ਹੁੰਦੇ ਹਨ ਸੁਨਹਿਰੀ ਸੁਪਨੇ
ਜਦੋਂ ਅਸੀਂ ਮਹਾਨ ਅਤੇ ਵਿਸ਼ਵ ਜੇਤੂ ਵਿਅਕਤੀਆਂ ਦੀਆਂ ਸਵੈ -ਜੀਵਨੀਆਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਨੇ ਵਿਸ਼ਵ ਜੇਤੂ ਬਣਨ ਦਾ ਸੁਪਨਾ ਆਪਣੇ ਬਚਪਣ ਵਿੱਚ ਹੀ ਵੇਖਿਆ ਸੀ। ਪ੍ਰਸਿੱਧ ਖਿਡਾਰੀਆਂ ਵੱਲੋਂ ਵੀ ਬਚਪਣ ਵਿੱਚ ਆਪਣੇ ਨਿੱਕੇ ਨਿੱਕੇ ਕੋਮਲ ਹੱਥਾਂ ਵਿੱਚ ਟੈਨਿਸ, ਬੈਡਮਿੰਟਨ ਦਾ ਰੈਕਟ, ਕ੍ਰਿਕਟ ਦਾ ਬੈਟ ਅਤੇ ਹਾਕੀ ਫੜਕੇ ਲਿਆ ਗਿਆ ਵਿਸ਼ਵ ਜੇਤੂ ਬਣਨ ਦਾ ਸੁਪਨਾ ਪੂਰੀ ਦੁਨੀਆ ਨੇ ਇੱਕ ਦਿਨ ਪੂਰਾ ਹੁੰਦਾ ਜਰੂਰ ਵੇਖਿਆ ਹੁੰਦਾ ਹੈ।
ਇਹਨਾਂ ਸੁਪਨਿਆਂ ਨੂੰ ਸੱਚ ਵਿੱਚ ਤਬਦੀਲ ਕਰਨ ਲਈ ਚੰਗੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ ਅਤੇ ਜੇਕਰ ਜ਼ਿੰਦਗੀ ਦੀ ਡੋਰ ਬਚਪਣ ਵਿੱਚ ਹੀ ਸਹੀ ਹੱਥਾਂ ਵਿੱਚ ਚਲੀ ਜਾਵੇ ਤਾਂ ਹਰ ਬੱਚੇ ਦੀ ਜ਼ਿੰਦਗੀ ਬਣ ਜਾਂਦੀ ਹੈ। ਜ਼ਿੰਦਗੀ ਦੀ ਡੋਰ ਫੜਨ ਵਾਲੇ ਵਿਅਕਤੀ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਬੱਚੇ ਦੀ ਜ਼ਿੰਦਗੀ ਰੂਪੀ ਡੋਰ ਨੂੰ ਕਦੋਂ ਢਿੱਲ ਦੇਣੀ ਹੈ ਅਤੇ ਕਦੋਂ ਖਿੱਚਣੀ ਹੈ। ਇਸ ਡੋਰ ਵਿੱਚ ਲਚਕੀਲਾਪਣ ਹੋਣਾ ਜ਼ਰੂਰੀ ਹੁੰਦਾ ਹੈ। ਵਧੇਰੇ ਢਿੱਲੀ ਡੋਰ ਵੀ ਕਿਸੇ ਕੰਮ ਦੀ ਨਹੀਂ ਹੁੰਦੀ ਅਤੇ ਖਿੱਚ ਮਾਰਨ ਨਾਲ ਡੋਰ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਉੱਪਰ ਪੜਾਈ ਦਾ ਓਨਾ ਕੁ ਭਾਰ ਪਾਓ, ਜਿੰਨਾ ਕੁ ਉਹ ਸਹਿਜੇ ਹੀ ਚੁੱਕ ਸਕਣ। ਜਿਹੜੇ ਬੱਚੇ ਬਚਪਣ ਅਤੇ ਅੱਲ੍ਹੜ ਉਮਰ ਵਿੱਚ ਸਖ਼ਤ ਮਿਹਨਤ ਕਰ ਲੈਂਦੇ ਹਨ, ਉਹ ਜ਼ਿੰਦਗੀ ਭਰ ਚੰਗਾ ਜੀਵਨ ਬਤੀਤ ਕਰਦੇ ਹਨ। ਦੂਜੇ ਪਾਸੇ ਜਿਹੜੇ ਬੱਚੇ ਬਚਪਣ ਵਿੱਚ ਆਪਣੀ ਜ਼ਿੰਦਗੀ ਪ੍ਰਤੀ ਅਵੇਸਲੇ ਰਹਿੰਦੇ ਹਨ ਉਹ ਜ਼ਿੰਦਗੀ ਦੇ ਰਾਹ ਵਿੱਚ ਵਿਖਰ ਜਾਂਦੇ ਹਨ। ਕਈ ਬੱਚੇ ਬਚਪਣ ਵਿੱਚ ਹੀ ਬਿਖੜੇ ਪੈਂਡਿਆਂ ਦੇ ਰਾਹੀ ਬਣ ਜਾਂਦੇ ਹਨ। ਕੋਈ ਬੱਚਾ ਬਚਪਣ ਵਿੱਚ ਪੁਲਾੜ ਵਿਗਿਆਨੀ ਬਣਨ ਦਾ ਸੁਪਨਾ ਲੈਂਦਾ ਹੈ। ਕੋਈ ਬੱਚਾ ਬਚਪਣ ਵਿੱਚ ਹੀ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਜਾਣ ਦਾ ਸੁਪਨਾ ਲੈਂਦਾ ਹੈ। ਵੱਡੀ ਗਿਣਤੀ ਬੱਚੇ ਵੱਡੇ ਹੋ ਕੇ ਕੁਝ ਵੱਡਾ ਕਰਨ ਦਾ ਸੁਪਨਾ ਜ਼ਰੂਰ ਵੇਖਦੇ ਹਨ, ਲੋੜ ਤਾਂ ਇਹਨਾਂ ਸੁਪਨਿਆਂ ਨੂੰ ਪੂੁਰਾ ਕਰਨ ਲਈ ਉਚਿੱਤ ਮਾਹੌਲ ਦੇਣ ਦੀ ਹੈ।
ਸੁਪਨਿਆਂ ਦੀ ਉਡਾਣ ਮਨੁੱਖ ਨੂੰ ਉਸ ਉਚਾਈ ਤੇ ਪਹੁੰਚਣ ਲਈ ਦਿਨ-ਰਾਤ ਪ੍ਰੇਰਿਤ ਕਰਦੀ ਹੈ ਜਿਸਨੂੰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਵਾਰ-ਵਾਰ ਕਰਨਾ ਪੈਂਦਾ ਹੈ ਪਰ ਅਸਲ ਵਿੱਚ ਜਿੱਤ ਦਾ ਤਾਜ ਵੀ ਉਸ ਦੇ ਸਿਰ ਹੀ ਸਜਦਾ ਹੈ ਜੋ ਮੁਸ਼ਕਿਲਾਂ ਤੋਂ ਘਬਰਾਉਂਦਾ ਨਹੀਂ ਬਲਕਿ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇੱਕ ਹੋਰ ਮੌਕੇ ਦੀ ਭਾਲ ਦੇ ਰੂਪ ਵਿੱਚ ਹੀ ਦੇਖਦਾ ਹੈ। ਕਹਿੰਦੇ ਹਨ ਇੱਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸ ਨੂੰ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ 10,000 ਵਾਰ ਅਸਫਲ ਰਹਿਣ ਤੋਂ ਬਾਅਦ ਬਲਬ ਬਣਾ ਸਕਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਬਲਕਿ ਮੈਨੂੰ ਇਹ ਪਤਾ ਲੱਗਿਆ ਕਿ 10,000 ਤਰੀਕੇ ਅਜਿਹੇ ਹਨ ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਹਨਾਂ ਦਾ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੀ ਉਹਨਾਂ ਨੂੰ ਸਫਲ ਬਣਾ ਸਕੀ।
ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਨਹੀਂ ਲੈ ਸਕੇਗਾ। ਹਰ ਹਨੇਰੀ ਰਾਤ ਤੋਂ ਬਾਅਦ ਦਿਨ ਦਾ ਉਜਾਲਾ ਵੀ ਆਉਂਦਾ ਹੈ। ਇਸ ਲਈ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਿਲੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਪਹਿਲਾਂ ਨਾਲੋਂ ਵੀ ਵਧੇਰੇ ਮਿਹਨਤ ਕਰਨੀ ਚਾਹੀਦੀ ਹੈ।
ਬਿਊਰੋ
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
