Editorial
ਪ੍ਰੋਟੀਨ ਦਾ ਭਵਿੱਖ : ਜਦੋਂ ਖਾਣੇ ਦੀ ਥਾਲੀ ਬਦਲੇਗੀ, ਕੀ ਕਿਸਾਨ ਦੀ ਫ਼ਸਲ ਅਤੇ ਪਰਿਵਾਰ ਦਾ ਬਜਟ ਵੀ ਬਦਲੇਗਾ?
ਮਨੁੱਖੀ ਸਰੀਰ ਨੂੰ ਪ੍ਰੋਟੀਨ ਦੀ ਲੋੜ ਹੈ। ਇਹ ਗੱਲ ਬਦਲਣ ਵਾਲੀ ਨਹੀਂ। ਪ੍ਰੋਟੀਨ ਸਰੀਰ ਦੇ ਨਿਰਮਾਣ ਅਤੇ ਟੁੱਟ-ਫੁੱਟ ਦੀ ਮੁਰੰਮਤ, ਮਾਸਪੇਸ਼ੀਆਂ, ਹਾਰਮੋਨਾਂ, ਐਂਜ਼ਾਈਮਾਂ ਅਤੇ ਸਰੀਰ ਦੀਆਂ ਕਈ ਮਹੱਤਵਪੂਰਨ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ।
ਪੀੜ੍ਹੀਆਂ ਤੋਂ ਮਨੁੱਖ ਨੇ ਆਪਣੀ ਪ੍ਰੋਟੀਨ ਦੀ ਲੋੜ ਦੁੱਧ, ਦਹੀਂ, ਅੰਡਿਆਂ, ਮੱਛੀ, ਮਾਸ, ਦਾਲਾਂ, ਅਨਾਜ, ਗਿਰੀਦਾਰਾਂ, ਬੀਜਾਂ ਅਤੇ ਹੋਰ ਪੌਧਾ-ਆਧਾਰਿਤ ਸਰੋਤਾਂ ਰਾਹੀਂ ਪੂਰੀ ਕੀਤੀ ਹੈ। ਪਰ ਹੁਣ ਵਿਗਿਆਨ ਇੱਕ ਹੋਰ ਵੱਡਾ ਸਵਾਲ ਪੁੱਛ ਰਿਹਾ ਹੈ। ਜੇ ਮਨੁੱਖ ਨੂੰ ਪ੍ਰੋਟੀਨ ਚਾਹੀਦਾ ਹੈ ਤਾਂ ਕੀ ਉਹ ਪ੍ਰੋਟੀਨ ਲਾਜ਼ਮੀ ਤੌਰ ਤੇ ਪਸ਼ੂਆਂ ਤੋਂ ਹੀ ਆਉਣਾ ਚਾਹੀਦਾ ਹੈ?
ਇਹ ਸਿਰਫ਼ ਵਿਗਿਆਨ ਦਾ ਸਵਾਲ ਨਹੀਂ ਹੈ। ਇਹ ਖੇਤੀਬਾੜੀ ਦਾ ਸਵਾਲ ਹੈ। ਇਹ ਕਿਸਾਨ ਦਾ ਸਵਾਲ ਹੈ। ਇਹ ਉਦਯੋਗ ਦਾ ਸਵਾਲ ਹੈ। ਇਹ ਘਰ ਦੀ ਰਸੋਈ ਦਾ ਸਵਾਲ ਹੈ ਅਤੇ ਇਹ ਆਮ ਪਰਿਵਾਰ ਦੇ ਮਹੀਨਾਵਾਰ ਬਜਟ ਦਾ ਸਵਾਲ ਵੀ ਬਣ ਸਕਦਾ ਹੈ।
ਵਿਗਿਆਨ ਹੁਣ ਪ੍ਰੋਟੀਨ ਦਾ ਨਵਾਂ ਰਸਤਾ ਲੱਭ ਰਿਹਾ ਹੈ। ਦੁਨੀਆ ਭਰ ਵਿੱਚ ਵਿਗਿਆਨੀ ਅਜਿਹੇ ਪ੍ਰੋਟੀਨ ਸਰੋਤਾਂ ਉੱਤੇ ਕੰਮ ਕਰ ਰਹੇ ਹਨ ਜੋ ਰਵਾਇਤੀ ਪਸ਼ੂ ਪਾਲਣ ਤੋਂ ਬਿਨਾਂ ਤਿਆਰ ਕੀਤੇ ਜਾ ਸਕਣ। ਪੌਦਿਆਂ ਤੋਂ ਪ੍ਰੋਟੀਨ, ਸੂਖਮ ਜੀਵਾਂ ਰਾਹੀਂ ਪ੍ਰੋਟੀਨ, ਖਮੀਰਕਰਨ ਦੀਆਂ ਤਕਨੀਕਾਂ ਅਤੇ ਪਸ਼ੂਆਂ ਦੀਆਂ ਕੋਸ਼ਿਕਾਵਾਂ ਤੋਂ ਤਿਆਰ ਕੀਤੇ ਜਾਣ ਵਾਲੇ ਨਵੇਂ ਖਾਦ ਪਦਾਰਥ ਇਸ ਖੋਜ ਦਾ ਹਿੱਸਾ ਹਨ। ਭਾਰਤ ਵਿੱਚ ਵੀ ਜੈਵ-ਤਕਨਾਲੋਜੀ ਨਾਲ ਜੁੜੀਆਂ ਨਵੀਆਂ ਨੀਤੀਆਂ ਤਹਿਤ ਪੌਧਿਆਂ, ਦਾਲਾਂ, ਤੇਲ ਬੀਜਾਂ, ਮੋਟੇ ਅਨਾਜਾਂ, ਖੇਤੀਬਾੜੀ ਦੇ ਬਚੇ ਹੋਏ ਪਦਾਰਥਾਂ ਅਤੇ ਹੋਰ ਸਰੋਤਾਂ ਤੋਂ ਨਵੇਂ ਪ੍ਰੋਟੀਨ ਉਤਪਾਦ ਵਿਕਸਿਤ ਕਰਨ ਉੱਤੇ ਕੰਮ ਹੋ ਰਿਹਾ ਹੈ।
ਇਸਦਾ ਮਤਲਬ ਇਹ ਨਹੀਂ ਕਿ ਕੱਲ੍ਹ ਤੋਂ ਦੁੱਧ, ਅੰਡੇ ਜਾਂ ਮਾਸ ਖਤਮ ਹੋ ਜਾਣਗੇ। ਇਸਦਾ ਮਤਲਬ ਹੈ ਕਿ ਭਵਿੱਖ ਦੀ ਖੁਰਾਕ ਵਿੱਚ ਪ੍ਰੋਟੀਨ ਦੇ ਹੋਰ ਸਰੋਤ ਸ਼ਾਮਲ ਹੋ ਸਕਦੇ ਹਨ।
ਇੱਥੋਂ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਮਨੁੱਖ ਸਿਰਫ਼ ਖਾਣਾ ਨਹੀਂ ਖਾਂਦਾ-ਉਹ ਆਪਣੀ ਸੰਸਕ੍ਰਿਤੀ ਖਾਂਦਾ ਹੈ। ਇੱਕ ਮਨੋਵਿਗਿਆਨੀ ਵਜੋਂ ਇਹ ਪੱਖ ਬਹੁਤ ਮਹੱਤਵਪੂਰਨ ਹੈ। ਮਨੁੱਖ ਭੋਜਨ ਸਿਰਫ਼ ਭੁੱਖ ਮਿਟਾਉਣ ਲਈ ਨਹੀਂ ਖਾਂਦਾ। ਭੋਜਨ ਨਾਲ ਯਾਦਾਂ ਜੁੜੀਆਂ ਹੁੰਦੀਆਂ ਹਨ। ਪਰਿਵਾਰ ਜੁੜਿਆ ਹੁੰਦਾ ਹੈ। ਧਰਮ, ਰਿਵਾਜ, ਤਿਉਹਾਰ, ਪਿੰਡ, ਖੇਤ, ਮਾਂ ਦੀ ਰਸੋਈ ਅਤੇ ਬਚਪਨ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ।
ਇਸ ਲਈ ਜੇ ਵਿਗਿਆਨ ਕਹੇ ਕਿ ਕੋਈ ਨਵਾਂ ਪ੍ਰੋਟੀਨ ਸਿਹਤਮੰਦ ਹੈ, ਸੁਰੱਖਿਅਤ ਹੈ ਅਤੇ ਵਾਤਾਵਰਣ ਲਈ ਵਧੀਆ ਹੈ, ਤਾਂ ਵੀ ਹਰ ਮਨੁੱਖ ਉਸਨੂੰ ਤੁਰੰਤ ਸਵੀਕਾਰ ਨਹੀਂ ਕਰੇਗਾ। ਉਹ ਪੁੱਛੇਗਾ ਕਿ ਇਹ ਬਣਿਆ ਕਿੱਥੋਂ ਹੈ? ਕੀ ਇਹ ਸੁਰੱਖਿਅਤ ਹੈ? ਇਸ ਵਿੱਚ ਕੀ ਪਾਇਆ ਗਿਆ ਹੈ? ਕੀ ਇਹ ਕੁਦਰਤੀ ਹੈ? ਕੀ ਉਹ ਆਪਣੇ ਬੱਚਿਆਂ ਨੂੰ ਇਹ ਦੇ ਸਕਦਾ ਹੈ?
ਇਸ ਲਈ ਭਵਿੱਖ ਦੀ ਖੁਰਾਕ ਦੀ ਕ੍ਰਾਂਤੀ ਸਿਰਫ਼ ਪ੍ਰਯੋਗਸ਼ਾਲਾ ਵਿੱਚ ਨਹੀਂ ਹੋਵੇਗੀ। ਇਹ ਮਨੁੱਖ ਦੇ ਮਨ ਵਿੱਚ ਵੀ ਹੋਵੇਗੀ। ਨਵੀਂ ਖੁਰਾਕ ਨੂੰ ਸਵੀਕਾਰ ਕਰਨ ਵਿੱਚ ਭਰੋਸਾ, ਕੀਮਤ, ਸਵਾਦ, ਜਾਣ-ਪਛਾਣ, ਸੰਸਕ੍ਰਿਤੀ ਅਤੇ ਸੁਰੱਖਿਆ ਦੀ ਭਾਵਨਾ ਵੱਡੀ ਭੂਮਿਕਾ ਨਿਭਾਉਂਦੀ ਹੈ। ਨਵੀਂ ਖੋਜ ਵੀ ਇਹ ਦਰਸਾਉਂਦੀ ਹੈ ਕਿ ਤਕਨੀਕ ਉਪਲਬਧ ਹੋਣਾ ਹੀ ਕਾਫ਼ੀ ਨਹੀਂ ਹੈ ਬਲਕਿ ਲੋਕਾਂ ਦਾ ਭਰੋਸਾ ਜਿੱਤਣਾ ਵੀ ਜ਼ਰੂਰੀ ਹੈ।
ਪਰ ਸਵਾਲ ਇਹ ਹੈ ਕਿ ਇਸ ਕਹਾਣੀ ਵਿੱਚ ਕਿਸਾਨ ਕਿੱਥੇ ਹੈ? ਜੇ ਆਉਣ ਵਾਲੇ ਦਹਾਕਿਆਂ ਵਿੱਚ ਮਨੁੱਖੀ ਖੁਰਾਕ ਵਿੱਚ ਨਵੇਂ ਪ੍ਰੋਟੀਨ ਸਰੋਤਾਂ ਦੀ ਹਿੱਸੇਦਾਰੀ ਵਧਦੀ ਹੈ ਤਾਂ ਖੇਤੀਬਾੜੀ ਉੱਤੇ ਇਸਦਾ ਕੀ ਪ੍ਰਭਾਵ ਪਵੇਗਾ? ਅੱਜ ਪਸ਼ੂ ਪਾਲਣ ਅਤੇ ਖੇਤੀਬਾੜੀ ਇੱਕ-ਦੂਜੇ ਨਾਲ ਡੂੰਘੇ ਤੌਰ ਤੇ ਜੁੜੇ ਹੋਏ ਹਨ। ਪਸ਼ੂਆਂ ਲਈ ਚਾਰਾ ਚਾਹੀਦਾ ਹੈ। ਚਾਰੇ ਲਈ ਫ਼ਸਲਾਂ ਚਾਹੀਦੀਆਂ ਹਨ। ਮੱਕੀ, ਸੋਇਆਬੀਨ ਅਤੇ ਹੋਰ ਫ਼ਸਲਾਂ ਪਸ਼ੂ ਪਾਲਣ ਦੀ ਅਰਥਵਿਵਸਥਾ ਨਾਲ ਜੁੜੀਆਂ ਹੋਈਆਂ ਹਨ। ਜੇ ਭਵਿੱਖ ਵਿੱਚ ਪਸ਼ੂ-ਆਧਾਰਿਤ ਪ੍ਰੋਟੀਨ ਦੀ ਮੰਗ ਵਿੱਚ ਵੱਡਾ ਬਦਲਾਅ ਆਇਆ ਤਾਂ ਚਾਰੇ ਦੀ ਮੰਗ ਵੀ ਬਦਲ ਸਕਦੀ ਹੈ।
ਇਹ ਖ਼ਤਰਾ ਹੀ ਨਹੀਂ, ਇੱਕ ਵੱਡਾ ਮੌਕਾ ਵੀ ਹੋ ਸਕਦਾ ਹੈ। ਜੇ ਭਵਿੱਖ ਵਿੱਚ ਦਾਲਾਂ, ਫਲੀਆਂ, ਤੇਲਬੀਜਾਂ, ਮੋਟੇ ਅਨਾਜਾਂ ਅਤੇ ਹੋਰ ਪ੍ਰੋਟੀਨ-ਭਰਪੂਰ ਫ਼ਸਲਾਂ ਦੀ ਮੰਗ ਵਧਦੀ ਹੈ ਤਾਂ ਕਿਸਾਨ ਲਈ ਨਵੇਂ ਬਾਜ਼ਾਰ ਪੈਦਾ ਹੋ ਸਕਦੇ ਹਨ।
ਭਾਰਤ ਦੀ ਮੌਜੂਦਾ ਜੈਵ-ਤਕਨਾਲੋਜੀ ਨੀਤੀ ਵਿੱਚ ਵੀ ਦਾਲਾਂ, ਤੇਲਬੀਜਾਂ, ਮੋਟੇ ਅਨਾਜਾਂ ਅਤੇ ਖੇਤੀਬਾੜੀ ਦੇ ਬਚੇ ਹੋਏ ਪਦਾਰਥਾਂ ਤੋਂ ਪ੍ਰੋਟੀਨ ਤਿਆਰ ਕਰਨ ਨੂੰ ਖੋਜ ਦੇ ਖੇਤਰ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਵਾਲ ਇਹ ਹੈ ਕਿ ਵਗਿਆਨ ਆਉਣ ਨਾਲ ਕਿਸਾਨ ਦੀ ਆਮਦਨ ਕਿਵੇਂ ਵਧੇਗੀ? ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਕਿਸਾਨ ਕੱਚਾ ਮਾਲ ਦੇਵੇ ਅਤੇ ਮੁਨਾਫ਼ਾ ਕੋਈ ਹੋਰ ਲੈ ਜਾਵੇ
ਇਤਿਹਾਸ ਸਾਨੂੰ ਇਹ ਸਬਕ ਦਿੰਦਾ ਹੈ ਕਿ ਜਦੋਂ ਨਵੀਂ ਤਕਨਾਲੋਜੀ ਆਉਂਦੀ ਹੈ ਤਾਂ ਮੁੱਲ ਦੀ ਲੜੀ ਬਦਲਦੀ ਹੈ। ਕਿਸਾਨ ਫ਼ਸਲ ਪੈਦਾ ਕਰਦਾ ਹੈ, ਉਦਯੋਗ ਉਸ ਤੋਂ ਉਤਪਾਦ ਬਣਾਉਂਦਾ ਹੈ, ਕੰਪਨੀ ਉਸ ਦੀ ਪੈਕਿੰਗ ਅਤੇ ਵਿਕਰੀ ਕਰਦੀ ਹੈ, ਖਪਤਕਾਰ ਉਸਨੂੰ ਖਰੀਦਦਾ ਹੈ, ਪਰ ਸਭ ਤੋਂ ਵੱਡਾ ਮੁਨਾਫ਼ਾ ਕਿਸ ਦੇ ਹਿੱਸੇ ਆਉਂਦਾ ਹੈ?
ਇਹ ਸਵਾਲ ਭਵਿੱਖ ਦੀ ਪ੍ਰੋਟੀਨ ਅਰਥਵਿਵਸਥਾ ਵਿੱਚ ਬਹੁਤ ਮਹੱਤਵਪੂਰਨ ਹੋਵੇਗਾ। ਜੇ ਸਰਕਾਰ ਨਵੀਂ ਖੁਰਾਕੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਕਿਸਾਨ ਨੂੰ ਸਿਰਫ਼ ਫ਼ਸਲ ਬਦਲੋ ਕਹਿਣਾ ਕਾਫ਼ੀ ਨਹੀਂ ਹੋਵੇਗਾ। ਉਸਨੂੰ ਬੀਜ ਚਾਹੀਦੇ ਹਨ, ਤਕਨੀਕ ਚਾਹੀਦੀ ਹੈ, ਬਾਜ਼ਾਰ ਚਾਹੀਦਾ ਹੈ, ਉਚਿਤ ਕੀਮਤ ਚਾਹੀਦੀ ਹੈ, ਭਰੋਸੇਯੋਗ ਖਰੀਦ ਪ੍ਰਣਾਲੀ ਚਾਹੀਦੀ ਹੈ ਅਤੇ ਸਭ ਤੋਂ ਵੱਧ-ਭਵਿੱਖ ਬਾਰੇ ਯਕੀਨ ਚਾਹੀਦਾ ਹੈ। ਹਾਲ ਹੀ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਬਦਲਵੀਆਂ ਫ਼ਸਲਾਂ ਲਈ ਸਰਕਾਰੀ ਖਰੀਦ ਦੀ ਗਾਰੰਟੀ ਅਤੇ ਖੇਤੀ ਵਖਰੇਵੇਂ ਨਾਲ ਜੁੜੀਆਂ ਮੰਗਾਂ ਉਠਾਈਆਂ ਗਈਆਂ ਹਨ।
ਹੁਣ ਘਰ ਦੀ ਰਸੋਈ ਵੱਲ ਆਓ। ਨੀਤੀਆਂ ਕਾਗਜ਼ ਉੱਤੇ ਬਣਦੀਆਂ ਹਨ, ਪਰ ਉਨ੍ਹਾਂ ਦਾ ਅਸਲ ਪ੍ਰਭਾਵ ਰਸੋਈ ਵਿੱਚ ਦਿਖਾਈ ਦਿੰਦਾ ਹੈ।
ਪਰਿਵਾਰ ਲਈ ਸਵਾਲ ਬਹੁਤ ਸਧਾਰਨ ਹੁੰਦਾ ਹੈ ਕਿ ਅਗਲੇ ਮਹੀਨੇ ਖਰਚਾ ਕਿੰਨਾ ਵਧੇਗਾ? ਦੁੱਧ, ਦਾਲ, ਅੰਡੇ, ਸਬਜ਼ੀਆਂ, ਤੇਲ, ਮਾਸ, ਬਿਜਲੀ, ਸਕੂਲ ਦੀ ਫੀਸ, ਦਵਾਈਆਂ, ਆਵਾਜਾਈ, ਕਿਰਾਇਆ ਜਾਂ ਕਰਜ਼ੇ ਦੀ ਕਿਸ਼ਤ। ਇਹ ਸਾਰੀਆਂ ਚੀਜ਼ਾਂ ਇੱਕੋ ਮਹੀਨਾਵਾਰ ਆਮਦਨ ਵਿੱਚੋਂ ਪੂਰੀਆਂ ਹੋਣੀਆਂ ਹਨ। ਜੇ ਖੁਰਾਕੀ ਨੀਤੀਆਂ, ਖੇਤੀਬਾੜੀ ਦੀਆਂ ਕੀਮਤਾਂ, ਟੈਕਸ, ਆਯਾਤ-ਨਿਰਯਾਤ ਨਿਯਮਾਂ, ਸਬਸਿਡੀਆਂ ਜਾਂ ਉਤਪਾਦਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਆਉਂਦੇ ਹਨ ਤਾਂ ਉਨ੍ਹਾਂ ਦਾ ਪ੍ਰਭਾਵ ਆਖ਼ਿਰਕਾਰ ਪਰਿਵਾਰ ਦੀ ਖਰੀਦ ਸਮਰੱਥਾ ਉੱਤੇ ਪੈਂਦਾ ਹੈ।
ਇੱਥੇ ਇੱਕ ਹੋਰ ਮਨੋਵਿਗਿਆਨਕ ਗੱਲ ਸਮਝਣੀ ਪਵੇਗੀ ਕਿ ਪਰਿਵਾਰ ਸਿਰਫ਼ ਮਹਿੰਗਾਈ ਤੋਂ ਨਹੀਂ ਡਰਦਾ ਬਲਕਿ ਬੇਯਕੀਨੀ ਤੋਂ ਡਰਦਾ ਹੈ। ਜੇ ਇਹ ਪਤਾ ਨਾ ਹੋਵੇ ਕਿ ਹਰ ਮਹੀਨੇ ਕਿਹੜੀ ਚੀਜ਼ ਕਿੰਨੀ ਮਹਿੰਗੀ ਹੋਵੇਗੀ, ਤਾਂ ਆਮਦਨ ਉਹੀ ਰਹਿੰਦੇ ਹੋਏ ਵੀ ਮਨ ਵਿੱਚ ਅਸੁਰੱਖਿਆ ਵਧਦੀ ਹੈ। ਇਹ ਅਸੁਰੱਖਿਆ ਚਿੰਤਾ ਪੈਦਾ ਕਰ ਸਕਦੀ ਹੈ। ਘਰ ਵਿੱਚ ਤਣਾਅ ਵਧਾ ਸਕਦੀ ਹੈ, ਖਪਤ ਘਟਾ ਸਕਦੀ ਹੈ ਅਤੇ ਲੋਕਾਂ ਦਾ ਪ੍ਰਣਾਲੀ ਉੱਤੇ ਭਰੋਸਾ ਵੀ ਪ੍ਰਭਾਵਿਤ ਕਰ ਸਕਦੀ ਹੈ।
ਇਸ ਲਈ ਕਿਸੇ ਵੀ ਵੱਡੀ ਖੁਰਾਕੀ ਜਾਂ ਖੇਤੀਬਾੜੀ ਨੀਤੀ ਤੋਂ ਪਹਿਲਾਂ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਪੋਸ਼ਟਿਕ ਭੋਜਨ ਸਸਤਾ ਜਾਂ ਮਹਿੰਗਾ ਹੋਵੇਗਾ, ਕੀ ਛੋਟਾ ਕਿਸਾਨ ਲਾਭ ਵਿੱਚ ਰਹੇਗਾ, ਕੀ ਕਿਸਾਨ ਨੂੰ ਨਵੀਆਂ ਫ਼ਸਲਾਂ ਲਈ ਪੱਕਾ ਬਾਜ਼ਾਰ ਮਿਲੇਗਾ, ਕੀ ਰਵਾਇਤੀ ਪਸ਼ੂ ਪਾਲਕਾਂ ਲਈ ਬਦਲਾਅ ਦਾ ਰਸਤਾ ਹੋਵੇਗਾ, ਕੀ ਨਵੇਂ ਪ੍ਰੋਟੀਨ ਉਤਪਾਦਾਂ ਦੀ ਸੁਰੱਖਿਆ ਅਤੇ ਪੋਸ਼ਣ ਬਾਰੇ ਸਪਸ਼ਟ ਜਾਣਕਾਰੀ ਹੋਵੇਗੀ, ਕੀ ਆਮ ਪਰਿਵਾਰ ਉਨ੍ਹਾਂ ਨੂੰ ਖਰੀਦ ਸਕੇਗਾ, ਕੀ ਬੱਚਿਆਂ ਅਤੇ ਕਮਜ਼ੋਰ ਵਰਗਾਂ ਨੂੰ ਪੂਰਾ ਪੋਸ਼ਣ ਮਿਲੇਗਾ ਅਤੇ ਇਸ ਬਦਲਾਅ ਦੀ ਕੀਮਤ ਆਖ਼ਿਰਕਾਰ ਕੌਣ ਚੁਕਾਏਗਾ?
ਸਾਨੂੰ ਭਵਿੱਖ ਦੀ ਚਰਚਾ ਨੂੰ ਗਲਤ ਲੜਾਈ ਵਿੱਚ ਨਹੀਂ ਬਦਲਣਾ ਚਾਹੀਦਾ। ਵਿਗਿਆਨੀ ਭਵਿੱਖ ਦਾ ਨਵਾਂ ਪ੍ਰੋਟੀਨ ਤਿਆਰ ਕਰ ਸਕਦਾ ਹੈ। ਕਿਸਾਨ ਉਸ ਪ੍ਰੋਟੀਨ ਲਈ ਲੋੜੀਂਦੀ ਫ਼ਸਲ ਪੈਦਾ ਕਰ ਸਕਦਾ ਹੈ। ਉਦਯੋਗ ਉਸਨੂੰ ਉਤਪਾਦ ਵਿੱਚ ਬਦਲ ਸਕਦਾ ਹੈ। ਸਰਕਾਰ ਉਸਨੂੰ ਨਿਯਮਬੱਧ ਕਰ ਸਕਦੀ ਹੈ। ਪਰ ਆਖ਼ਿਰਕਾਰ ਪਰਿਵਾਰ ਹੀ ਉਸਨੂੰ ਖਰੀਦੇਗਾ।
ਇਹ ਚਾਰੇ ਹਿੱਸੇ ਇਕੱਠੇ ਚੱਲਣਗੇ ਤਾਂ ਹੀ ਪ੍ਰੋਟੀਨ ਦੀ ਨਵੀਂ ਅਰਥਵਿਵਸਥਾ ਸਫ਼ਲ ਹੋ ਸਕਦੀ ਹੈ, ਨਹੀਂ ਤਾਂ ਵਿਗਿਆਨ ਦੀ ਤਰੱਕੀ ਆਰਥਿਕ ਅਸਮਾਨਤਾ ਨੂੰ ਹੋਰ ਵਧਾ ਸਕਦੀ ਹੈ। ਇਸ ਲਈ ਭਾਰਤ ਨੂੰ ਹੁਣ ਤੋਂ ਹੀ ਪ੍ਰੋਟੀਨ ਬਦਲਾਅ ਨੀਤੀ ਬਾਰੇ ਸੋਚਣਾ ਚਾਹੀਦਾ ਹੈ। ਜੇ ਆਉਣ ਵਾਲੇ ਸਾਲਾਂ ਵਿੱਚ ਨਵੇਂ ਪ੍ਰੋਟੀਨ ਸਰੋਤ ਸਾਡੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਬਣਦੇ ਹਨ ਤਾਂ ਸਾਨੂੰ ਅੱਜ ਤੋਂ ਤਿਆਰੀ ਕਰਨੀ ਚਾਹੀਦੀ ਹੈ।
ਨੀਤੀ ਵਿੱਚ ਇਹ ਸਾਰੇ ਹਿੱਸੇ ਇਕੱਠੇ ਹੋਣੇ ਚਾਹੀਦੇ ਹਨ। ਵਿਗਿਆਨ + ਕਿਸਾਨ + ਉਦਯੋਗ + ਖਪਤਕਾਰ + ਪੋਸ਼ਣ + ਕਿਫ਼ਾਇਤ। ਕਿਸਾਨਾਂ ਨੂੰ ਨਵੀਆਂ ਫ਼ਸਲਾਂ ਵੱਲ ਜਾਣ ਲਈ ਆਰਥਿਕ ਸੁਰੱਖਿਆ ਮਿਲੇ, ਪ੍ਰੋਟੀਨ-ਭਰਪੂਰ ਫ਼ਸਲਾਂ ਲਈ ਪੱਕੇ ਬਾਜ਼ਾਰ ਬਣਨ, ਖੇਤੀ ਅਤੇ ਵਿਗਿਆਨ ਦੀ ਖੋਜ ਇੱਕ-ਦੂਜੇ ਨਾਲ ਜੁੜੇ, ਖਪਤਕਾਰ ਨੂੰ ਸਾਫ਼ ਅਤੇ ਸੱਚੀ ਜਾਣਕਾਰੀ ਮਿਲੇ, ਖੁਰਾਕ ਦੀ ਸੁਰੱਖਿਆ ਅਤੇ ਪੋਸ਼ਣ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਸਭ ਤੋਂ ਮਹੱਤਵਪੂਰਨ ਇਹ ਕਿ ਨਵੀਂ ਖੁਰਾਕੀ ਕ੍ਰਾਂਤੀ ਆਮ ਪਰਿਵਾਰ ਦੀ ਥਾਲੀ ਨੂੰ ਮਹਿੰਗਾ ਨਾ ਕਰੇ।
ਸ਼ਾਇਦ ਅਸੀਂ ਇੱਕ ਵੱਡੇ ਬਦਲਾਅ ਦੇ ਸ਼ੁਰੂਆਤੀ ਦੌਰ ਵਿੱਚ ਖੜ੍ਹੇ ਹਾਂ। ਪਹਿਲਾਂ ਸਵਾਲ ਸੀ ਕਿ ਕੀ ਅਸੀਂ ਸਾਰਿਆਂ ਲਈ ਕਾਫ਼ੀ ਭੋਜਨ ਪੈਦਾ ਕਰ ਸਕਦੇ ਹਾਂ? ਅੱਜ ਸਵਾਲ ਹੈ ਕਿ ਕੀ ਅਸੀਂ ਪੋਸ਼ਟਿਕ ਅਤੇ ਟਿਕਾਊ ਭੋਜਨ ਪੈਦਾ ਕਰ ਸਕਦੇ ਹਾਂ ਅਤੇ ਕੱਲ੍ਹ ਸਵਾਲ ਹੋ ਸਕਦਾ ਹੈ ਕਿ ਪ੍ਰੋਟੀਨ ਦੀ ਸਪਲਾਈ ਨੂੰ ਕੌਣ ਨਿਯੰਤਰਿਤ ਕਰੇਗਾ ਅਤੇ ਇਸ ਤੋਂ ਲਾਭ ਕਿਸਨੂੰ ਮਿਲੇਗਾ?
ਇਸ ਸਵਾਲ ਉੱਤੇ ਅੱਜ ਹੀ ਜਨਤਕ ਚਰਚਾ ਦੀ ਲੋੜ ਹੈ। ਕਿਉਂਕਿ ਜੇ ਵਿਗਿਆਨ ਸਾਡੇ ਪ੍ਰੋਟੀਨ ਦਾ ਸਰੋਤ ਬਦਲਦਾ ਹੈ ਤਾਂ ਇਹ ਸਿਰਫ਼ ਸਾਡੀ ਖੁਰਾਕ ਨਹੀਂ ਬਦਲੇਗਾ। ਇਹ ਸਾਡੀਆਂ ਫ਼ਸਲਾਂ ਬਦਲ ਸਕਦਾ ਹੈ। ਕਿਸਾਨ ਦੀ ਆਮਦਨ ਬਦਲ ਸਕਦਾ ਹੈ। ਖੇਤੀਬਾੜੀ ਦੀ ਦਿਸ਼ਾ ਬਦਲ ਸਕਦਾ ਹੈ। ਖੁਰਾਕ ਉਦਯੋਗ ਬਦਲ ਸਕਦਾ ਹੈ ਅਤੇ ਸਾਡੇ ਘਰ ਦਾ ਮਹੀਨਾਵਾਰ ਬਜਟ ਵੀ ਬਦਲ ਸਕਦਾ ਹੈ।
ਇਸ ਲਈ ਭਵਿੱਖ ਦੀ ਖੁਰਾਕ ਸਿਰਫ਼ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਨਹੀਂ ਹੋਣੀ ਚਾਹੀਦੀ। ਉਸਦਾ ਭਵਿੱਖ ਖੇਤ ਵਿੱਚ, ਮੰਡੀ ਵਿੱਚ, ਬਾਜ਼ਾਰ ਵਿੱਚ ਅਤੇ ਪਰਿਵਾਰ ਦੀ ਰਸੋਈ ਵਿੱਚ ਵੀ ਤੈਅ ਹੋਣਾ ਚਾਹੀਦਾ ਹੈ। ਕਿਉਂਕਿ ਖੁਰਾਕ ਦੀ ਅਸਲ ਕ੍ਰਾਂਤੀ ਉਹੀ ਹੈ ਜਿਸ ਵਿੱਚ ਵਿਗਿਆਨ ਅੱਗੇ ਵਧੇ, ਕਿਸਾਨ ਮਜ਼ਬੂਤ ਹੋਵੇ ਅਤੇ ਆਮ ਪਰਿਵਾਰ ਇੱਜ਼ਤ ਨਾਲ ਪੋਸ਼ਟਿਕ ਭੋਜਨ ਖਰੀਦ ਸਕੇ।
ਡਾ.ਹਰਜਿੰਦਰ ਸਿੰਘ ਹੈਰੀ
ਸੀਨੀਅਰ ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ
Editorial
ਬੇਰੁਜਗਾਰੀ ਤੇ ਕਾਬੂ ਕਰਨ ਲਈ ਨੌਜਵਾਨਾਂ ਨੂੰ ਸਵੈਰੁਜਗਾਰ ਲਈ ਸਾਧਨ ਮੁਹਈਆ ਕਰਵਾਏ ਸਰਕਾਰ
ਸਾਡੇ ਦੇਸ਼ ਵਿੱਚ ਬੇਰੁਜਗਾਰ ਨੌਜਵਾਨਾਂ ਦੀ ਕਤਾਰ ਪਿਛਲੇ ਸਾਲਾਂ ਦੌਰਾਨ ਲਗਾਤਾਰ ਲੰਬੀ ਹੁੰਦੀ ਰਹੀ ਹੈ ਅਤੇ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਨੌਜਵਾਨ ਬੇਰੁਜਗਾਰ ਹਨ। ਮੌਜੂਦਾ ਹਾਲਾਤ ਇਹ ਹਨ ਕਿ ਦੇਸ਼ ਵਿੱਚ ਬੇਰੁਜਗਾਰੀ ਦਾ ਅੰਕੜਾ ਆਪਣੇ ਸ਼ਿਖਰ ਤੇ ਪਹੁੰਚ ਚੁੱਕਿਆ ਹੈ। ਇਸ ਦੌਰਾਨ ਆਪਣੇ ਤੀਜੇ ਕਾਰਜਕਾਲ ਦਾ ਅੱਧਾ ਕਾਰਜਕਾਲ ਲੰਘਾ ਚੁੱਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਬੇਰੁਜਗਾਰ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਰੁਜਗਾਰ ਮੁਹਈਆ ਕਰਵਾਏ ਜਾਂਦੇ ਰਹੇ ਹਨ ਪਰੰਤੂ ਇਹ ਨੌਕਰੀਆਂ ਕਦੋਂ, ਕਿੱਥੇ ਅਤੇ ਕਿਸ ਨੂੰ ਮਿਲਦੀਆਂ ਰਹੀਆਂ ਹਨ, ਇਸਦੀ ਜਾਣਕਾਰੀ ਸ਼ਾਇਦ ਖੁਦ ਕੇਂਦਰ ਸਰਕਾਰ ਕੋਲ ਵੀ ਨਹੀਂ ਹੈ।
ਅਸਲੀਅਤ ਇਹੀ ਹੈ ਕਿ ਖੁਦ ਸਰਕਾਰਾਂ ਵਲੋਂ ਦਿੱਤੇ ਜਾਣ ਵਾਲੇ ਰੁਜਗਾਰ (ਸਰਕਾਰੀ ਨੌਕਰੀਆਂ) ਵਿੱਚ ਵੀ ਪਿਛਲੇ ਸਾਲਾਂ ਦੌਰਾਨ ਵੱਡੀ ਕਟੌਤੀ ਕੀਤੀ ਜਾਂਦੀ ਰਹੀ ਹੈ ਅਤੇ ਸਰਕਾਰ ਵੀ ਮੰਨਦੀ ਹੈ ਕਿ ਪਿਛਲੇ ਸਾਲਾਂ ਦੌਰਾਨ ਕੇਂਦਰ ਸਰਕਾਰ ਵਲੋਂ ਭਰੇ ਜਾਣ ਵਾਲੇ ਅਹੁਦਿਆਂ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਅਹੁਦੇ ਖਤਮ ਕੀਤੇ ਜਾ ਚੁੱਕੇ ਹਨ। ਇਸਤੋਂ ਪਹਿਲਾਂ ਦੇਸ਼ ਦੀ ਸੱਤਾ ਤੇ ਕਾਬਜ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਨੋਟਬੰਦੀ ਅਤੇ ਜੀ ਐਸ ਟੀ ਦੇ ਫੈਸਲਿਆਂ ਦਾ ਵੀ ਅਰਥਵਿਵਸਥਾ ਤੇ ਬਹੁਤ ਮਾੜਾ ਅਸਰ ਪਿਆ ਸੀ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਦਾ ਰੁਜਗਾਰ ਜਾਂਦਾ ਰਿਹਾ ਅਤੇ ਬਾਕੀ ਦੀ ਕਸਰ ਕੋਰੋਨਾ ਦੀ ਮਹਾਮਾਰੀ ਕਾਰਨ ਆਈ ਭਾਰੀ ਆਰਥਿਕ ਤਬਾਹੀ ਨਾਲ ਪੂਰੀ ਹੋ ਗਈ ਸੀ।
ਇਸ ਦੌਰਾਨ ਦੇਸ਼ ਦੇ ਨਿੱਜੀ ਖੇਤਰ ਵਿੱਚ ਹਾਲਾਤ ਵੀ ਚੰਗੇ ਨਹੀਂ ਹਨ ਅਤੇ ਦੇਸ਼ ਦੀਆਂ ਜਿਆਦਾਤਰ ਵੱਡੀਆਂ ਕੰਪਨੀਆਂ ਵੀ ਨਵੀਂ ਭਰਤੀ ਕਰਨ ਦੀ ਥਾਂ ਉਲਟਾ ਪੁਰਾਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਨਿੱਜੀ ਖੇਤਰ ਦੀਆਂ ਨੌਕਰੀਆਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਾਰ ਵੀ ਪੈਣ ਲੱਗ ਗਈ ਹੈ ਅਤੇ ਕਈ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਰਾਹ ਤੁਰ ਪਈਆਂ ਹਨ। ਇਸ ਦੌਰਾਨ ਜਿਹਨਾਂ ਲੋਕਾਂ ਦਾ ਰੁਜਗਾਰ ਬਚਿਆ ਹੈ ਉਹਨਾਂ ਨੂੰ ਵੀ ਪਹਿਲਾਂ ਦੇ ਮੁਕਾਬਲੇ ਘੱਟ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਹੈ।
ਕੇਂਦਰ ਸਰਕਾਰ ਵਲੋਂ ਲਗਾਤਾਰ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਉਸ ਵਲੋਂ ਮੁਦਰਾ ਅਤੇ ਸਟਾਰਟਅਪ ਇੰਡੀਆ ਯੋਜਨਾ ਰਾਂਹੀ ਨੌਜਵਾਨਾਂ ਨੂੰ ਅਜਿਹੇ ਮੌਕੇ ਮੁਹਈਆ ਕਰਵਾਏ ਜਾ ਰਹੇ ਹਨ, ਪਰੰਤੂ ਸਰਕਾਰ ਦੇ ਇਹਨਾਂ ਦਾਅਵਿਆਂ ਅਤੇ ਜਮੀਨੀ ਹਕੀਕਤ ਵਿੱਚ ਵੱਡਾ ਫਰਕ ਹੈ। ਅਸਲੀਅਤ ਇਹੀ ਹੈ ਕਿ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਦੇਸ਼ ਵਿੱਚ ਬੇਰੁਜਗਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਖੁਦ ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਬੇਰੁਜਗਾਰੀ ਦਰ ਦਾ ਅੰਕੜਾ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜਣ ਵੱਲ ਵੱਧ ਰਿਹਾ ਹੈ ਅਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਦੇਸ਼ ਵਿੱਚੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਵਿਸ਼ਵ ਦੇ ਹੋਰਨਾਂ ਦੇਸ਼ਾਂ ਵੱਲ ਪ੍ਰਵਾਸ ਕਰਨ ਲਈ ਮਜਬੂਰ ਹੁੰਦੇ ਹਨ।
ਦੇਸ਼ ਵਿੱਚ ਲਗਾਤਾਰ ਵੱਧਦੀ ਬੇਰੁਜਗਾਰੀ ਦੀ ਇਹ ਸਮਸਿਆ ਕਈ ਹੋਰ ਸਮਾਜਿਕ ਆਰਥਿਕ ਸਮੱਸਿਆਵਾਂ ਦਾ ਵੀ ਕਾਰਨ ਬਣ ਰਹੀ ਹੈ ਜਿਸ ਨਾਲ ਸਮਾਜ ਦਾ ਹਰ ਤਬਕਾ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਸਮੱਸਿਆ ਨੂੰ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਸਿਰਜਣ ਨਾਲ ਹੀ ਹਲ ਕੀਤਾ ਜਾ ਸਕਦਾ ਹੈ। ਇਸ ਵਾਸਤੇ ਜਿੱਥੇ ਦੇਸ਼ ਦੇ ਨੌਜਵਾਨਾਂ ਨੂੰ ਸਵੈਰੁਜਗਾਰ ਵਾਸਤੇ ਉਤਸ਼ਾਹਿਤ ਕਰਕੇ ਅਤੇ ਉਹਨਾਂ ਵਾਸਤੇ ਲੋੜੀਂਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਉਹਨਾਂ ਨੂੰ ਲੋੜੀਂਦੀ ਪੂੰਜੀ ਅਤੇ ਹੋਰ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣਾ ਖੁਦ ਦਾ ਕੋਈ ਕੰਮ ਧੰਧਾ ਆਰੰਭ ਕਰਕੇ ਆਪਣਾ ਖੁਦ ਵਾਸਤੇ ਰੁਜਗਾਰ ਪੈਦਾ ਕਰਨ ਦੇ ਨਾਲ ਨਾਲ ਹੋਰਨਾਂ ਲੋਕਾਂ ਨੂੰ ਰੁਜਗਾਰ ਦੇਣ ਦੇ ਵੀ ਸਮਰਥ ਹੋਣ।
ਇਸ ਸੰਬੰਧੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਨੌਜਵਾਨਾਂ ਨੂੰ ਰੁਜਗਾਰ ਦੇ ਬਿਹਤਰ ਮੌਕੇ ਮੁਹਈਆ ਕਰਵਾਉਣ ਲਈ ਲੋੜੀਂਦੇ ਕਦਮ ਚੁੱਕਣ ਅਤੇ ਉਹਨਾਂ ਨੂੰ ਸਵੈ ਰੁਜਗਾਰ ਲਈ ਹੱਲਾਸ਼ੇਰੀ ਦੇਣ। ਇਸ ਵਾਸਤੇ ਜਿੱਥੇ ਨਵਾਂ ਕੰਮ ਆਰੰਭ ਕਰਨ ਵਾਲਿਆਂ ਨੂੰ ਵਿਸ਼ੇਸ਼ ਸਹੂਲਤਾਂ ਅਤੇ ਛੋਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਉੱਥੇ ਉਹਨਾਂ ਵਾਸਤੇ ਲੋੜੀਂਦੀ ਪੂੰਜੀ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਆਸ ਛੱਡ ਕੇ ਆਪਣਾ ਖੁਦ ਦਾ ਕੰਮ ਕਰਨ ਅਤੇ ਆਪਣੇ ਨਾਲ ਹੋਰਨਾਂ ਲਈ ਵੀ ਰੁਜਗਾਰ ਪੈਦਾ ਕਰਕੇ ਬੇਰੁਜਗਾਰੀ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਮਦਦਗਾਰ ਹੋਣ।
Editorial
ਮਾਸਟਰ ਦੇ ਮੁੰਡੇ ਨੂੰ ਮਾਸਟਰ ਦੇ ਮੁੰਡੇ ਦਾ ਖੁੱਲਾ ਖ਼ਤ…
ਸਤਿਕਾਰਯੋਗ ਭਗਵੰਤ ਮਾਨ ਜਿਓ
ਭਗਵੰਤ ਮਾਨ ਜਿਓ ਤੁਹਾਡੇ ਵਾਂਗ ਮੈਂ ਵੀ ਮਾਸਟਰ ਦਾ ਮੁੰਡਾ ਹਾਂ, ਮੇਰੇ ਪਿਤਾ ਸਵਰਗੀ ਰਿਪੁਦਮਨ ਸਿੰਘ ਰੂਪ ਨੇ ਚਾਰ ਦਹਾਕਿਆਂ ਦੇ ਕਰੀਬ ਮਾਸਟਰੀ ਕਰਨ ਮਗਰੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵਕਾਲਤ ਕੀਤੀ। ਨੌਕਰੀ ਅਤੇ ਵਕਾਲਤ ਕਰਦਿਆ ਮੁਲਾਜ਼ਮ ਸੰਘਰਸ਼ਾਂ, ਸਾਹਿਤ ਅਤੇ ਸਮਾਜਿਕ ਖੇਤਰ ਵਿਚ ਵੀ ਸਰਗਰਮ ਰਹੇ। ਜਿਵੇਂ ਤਹਾਨੂੰ ਮਾਸਟਰ ਦਾ ਮੁੰਡਾ ਹੋਣ ਤੇ ਮਾਣ ਹੈ, ਉਵੇਂ ਹੀ ਮੈਨੂੰ ਹੈ। ਸੋ ਇਹ ਖੁੱਲਾ ਖ਼ਤ ਇਕ ਮਾਸਟਰ ਦਾ ਮੁੰਡਾ ਦੂਜੇ ਮਾਸਟਰ ਦੇ ਮੁੰਡੇ ਨੂੰ ਲਿਖ ਰਿਹਾ ਹੈ।
ਤੁਸੀਂ ਸ਼ਾਇਦ ਸੂਬੇ ਦੇ ਪਹਿਲੇ ਕਲਾਕਾਰ ਮੁੱਖ-ਮੰਤਰੀ ਹੋ ਜਿਨਾਂ ਆਪਣੇ ਰਾਜਨੀਤਿਕ ਰੁਝੇਵਿਆਂ ਵਿੱਚੋਂ ਵਕਤ ਕੱਢਕੇ ਪੰਜਾਬੀ ਦੇ ਸਿਰਮੌਰ ਅਤੇ ਸੂਖ਼ਮ ਸ਼ਾਇਰ ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ ਦੇ ਕੇ, ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਕੇ ਅਤੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਨੂੰ ਸਾਹਿਤ ਦੇ ਵਿਦਿਆਰਥੀ ਦੇ ਤੌਰ ਤੇ ਭਾਵੁਕ ਅਤੇ ਕਾਵਿਕ ਸ਼ਬਦਾਂ ਵਿਚ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਸਿੱਧ ਕੀਤਾ ਸੀ ਕਿ ਤੁਸੀਂ ਇਕ ਸੰਵੇਦਨਸ਼ੀਲ ਕਲਾਕਾਰ ਅਤੇ ਇਨਸਾਨ ਪਹਿਲਾਂ ਹੋ ਅਤੇ ਰਾਜਨੀਤੀ ਬਾਅਦ ਵਿੱਚ ਹੈ।
ਇਸੇ ਤਰਾਂ ਲਛਮਣ ਸਿੰਘ ਗਿੱਲ ਨੇ 272 ਦਿਨਾਂ ਦੇ ਮੁੱਖ ਮੰਤਰੀ ਦੇ ਤੌਰ ਤੇ ਸੀਮਤ ਜਿਹੇ ਕਾਰਜ ਕਾਲ ਦੌਰਾਨ ਪੰਜਾਬੀ ਭਾਸ਼ਾ ਐਕਟ 1960 ਬਣਾ ਕੇ ਪੰਜਾਬੀਆਂ ਦੇ ਦਿਲਾਂ ਵਿੱਚ ਸਦਾ ਲਈ ਖ਼ਾਸ ਸਤਿਕਾਰ ਅਤੇ ਥਾਂ ਬਣਾ ਲਈ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਹਾਕਿਮਾਂ ਦੀ ਅਣਗਹਿਲੀ ਅਤੇ ਅਫ਼ਸਰਸ਼ਾਹੀ ਦੇ ਦਬਾਅ ਅਤੇ ਨਾਂਹ-ਪੱਖੀ ਸੋਚ ਕਾਰਣ ਹਾਲੇ ਤੱਕ ਵੀ ਇਹ ਐਕਟ ਲਟਕ ਬਸਤੇ ਵਿਚ ਹੈ।
ਮਾਲਵਾ ਖਿਤੇ ਦੇ ਪਿਛੜੇ ਇਲਾਕੇ ਅਤੇ ਸਧਾਰਣ ਮਾਸਟਰ ਦੇ ਮੁੰਡੇ ਨੇ ਚੜਦੀ ਉਮਰੇ ਹਾਸ-ਵਿਅੰਗ ਦੇ ਪਿੜ ਵਿੱਚ ਨਿਤਰਕੇ ਆਪਣੇ ਦੋ-ਢਾਈ ਦਹਾਕਿਆਂ ਦੇ ਸਫ਼ਰ ਦੌਰਾਨ ਕਲਾਮਈ ਤਰੀਕੇ ਨਾਲ ਕਟਾਖਸ਼ ਕਰਕੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਉਣਤਾਈਆਂ ਤੇ ਬਖੀਏ ਉਧੇੜਕੇ ਪੰਜਾਬੀ ਹਾਸ ਵਿਅੰਗ ਨੂੰ ਇਕ ਖਾਸ ਮੁਕਾਮ ਤੇ ਪਹੁੰਚਾਇਆ। ਉਸਨੇ ਆਡੀਓ, ਵੀਡੀਓ ਕੈਸਟਾਂ ਅਤੇ ਟੀ. ਵੀ. ਸ਼ੋਆਂ ਰਾਹੀਂ ਸ਼ੋਹਰਤ ਵੀ ਕਮਾਈ, ਨਾਮ ਵੀ ਕਮਾਇਆ ਤੇ ਨਾਮ ਵੀ। ਤੁਸੀਂ ਸਿਆਸਤ ਦੇ ਖੇਤਰ ਵਿੱਚ ਵੀ ਅਣ-ਕਿਆਸੇ ਮੁਕਾਮ ਹਾਸਿਲ ਕੀਤੇ। ਤੁਸੀਂ ਪੰਜਾਬ ਦੇ ਦੂਜੇ ਕਲਮਕਾਰ ਅਤੇ ਕਲਾਕਾਰ ਮੁੱਖ-ਮੰਤਰੀ ਵੱਜੋਂ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿਚ ਆਪਣਾ ਨਾਂ ਸ਼ੁਮਾਰ ਕਰਵਾਇਆ। ਬੇਸ਼ਕ ਪੰਜ ਮਹੀਨਿਆ ਲਈ ਸਹੀ ਪਰ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਸਨ।
ਤੁਹਾਡੇ ਰਾਜਨੀਤਿਕ ਸਫਰ ਦੀ ਸ਼ੁਰੂਆਤ ਮਨਪ੍ਰੀਤ ਸਿੰਘ ਬਾਦਲ ਦੀ ਨਵਗਠਿਤ ਰਾਜਨੀਤਿਕ ਪਾਰਟੀ ਪੀ. ਪੀ. ਪੀ. ਤੋਂ ਹੋਈ ਸੀ। ਇਹ ਪਾਰਟੀ ਉਨ੍ਹੀ ਦਿਨੀਂ ਖਾਸੀ ਚਰਚਾ ਵਿੱਚ ਸੀ। ਬਾਦਲ ਸਾਹਿਬ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਦੇਖਕੇ ਲੱਗਦਾ ਸੀ ਜਿਵੇਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਮਨਪ੍ਰੀਤ ਬਾਦਲ ਹੀ ਹੋਊ। ਤੁਸੀਂ ਮਨਪ੍ਰੀਤ ਬਾਦਲ ਦੇ ਸੁਪਨੇ ਅਤੇ ਇਰਾਦੇ ਨੂੰ ਮੁਕੰਮਲ ਕਰਨ ਅਤੇ ਮੰਜ਼ਿਲ ਨੂੰ ਸਰ ਕਰਨ ਲਈ ਹਿੱਕ-ਢਾਹ ਕੇ, ਨਫ਼ੇ-ਨੁਕਸਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਸ ਦਾ ਸਾਥ ਦੇਣ ਦਾ ਫੈਸਲਾ ਕੀਤਾ।
ਪਰੰਤੂ ਬਾਅਦ ਵਿੱਚ ਇਕੋ ਸੋਚ, ਇਕੋ ਵਿਚਾਰ, ਇਕੋ ਮੰਜ਼ਿਲ, ਇਕੋ ਰਸਤਾ, ਇਕੋ ਸੰਕਲਪ, ਇਕੋ ਤੜਫ਼ ਦੇ ਬਾਵਜੂਦ ਇਕੋ ਪੰਧ ਦੇ ਦੋਵਾਂ ਪਾਧੀਆਂ ਦਾ ਰਾਹ (ਰਾਜਨੀਤਿਕ ਮਜਬੂਰੀਆਂ ਜਾਂ ਲੋੜਾਂ ਕਾਰਣ) ਵੱਖੋ-ਵੱਖ ਹੋ ਗਿਆ। ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ। ਤੁਸੀਂ ਪਹਿਲੀ ਵਾਰ ਦਿਗਜ਼ ਰਾਜਨੀਤਕ ਪਾਰਟੀ ਦੇ ਦਿਗਜ਼ ਆਗੂ ਨੂੰ ਹਰਾ ਕੇ ਲੋਕ ਸਭਾ ਮੈਂਬਰ ਬਣੇ। ਇਕ ਕਲਾਕਾਰ ਦਾ ਲੋਕ ਸਭਾ ਦੀਆਂ ਪੋੜੀਆਂ ਚੜਣਾ ਚੰਗਾ ਲੱਗਿਆ। ਆਸ,ਉਮੀਦ ਬੱਝੀ। ਹੁਣ ਕੋਈ ਤਾਂ ਹੈ ਜਿਹੜਾ ਕਲਮਾਕਾਰਾਂ, ਕਲਾਕਾਰਾਂ ਅਤੇ ਲੋਕਾਈ ਦੀ ਅਵਾਜ਼ ਬਣੂੰ।
ਮੈਂ ਪਿਛਲੇ ਤਕਰੀਬਨ ਸਾਢੇ ਚਾਰ ਦਹਾਕਿਆਂ ਤੋਂ ਰੰਗਮੰਚ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ ਸਰਗਰਮ ਹਾਂ। ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਦੋ ਦਰਜਨ ਦੇ ਕਰੀਬ ਨਾਟਕ ਲਿਖਕੇ ਦੇਸ-ਵਿਦੇਸ ਵਿੱਚ ਅਨੇਕਾਂ ਵਾਰ ਮੰਚਣ ਕਰਨ ਤੋਂ ਇਲਾਵਾ ਮੈਂ ਇਪਟਾ ਕਾਰਕੁਨ ਵੱਜੋਂ ਤਕਰੀਬਨ ਢਾਈ ਦਹਾਕਿਆਂ ਤੋਂ ‘ਸਭਿਆਚਾਰਕ ਪ੍ਰਦੁਸ਼ਣ’ ਖ਼ਿਲਾਫ ਲਗਾਤਾਰ ਅਵਾਜ਼ ਬੁਲੰਦ ਕਰ ਰਿਹਾ ਹਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਤਿੰਨ ਕਾਲੇ ਕਾਨੂੰਨਾਂ’ ਖਿਲਾਫ਼ ਆਰੰਭੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਕੇ ਕਲਮ ਤੇ ਕਲਾ ਰਾਹੀਂ ਡੱਟਵੀਂ ਹਮਾਇਤ ਕੀਤੀ ਸੀ।
ਹਾਲਾਂਕਿ ਸਿਆਸਤ ਮੇਰਾ ਖੇਤਰ ਨਹੀਂ ਹੈ, ਮੇਰਾ ਕਾਰਜ ਖੇਤਰ ਰੰਗਮੰਚ, ਸਭਿਆਚਾਰ ਤੇ ਸਾਹਿਤ ਹੈ ਪਰ ਇਥੇ ਮੈਂ ਸਭਿਆਚਾਰਕ ਪ੍ਰਦੂਸ਼ਣ ਦਾ ਰੋਣਾ ਨਹੀਂ ਰੋਣਾ, ਇਹ ਵੀ ਸ਼ਿਕਵਾ ਨਹੀਂ ਕਰਨਾ ਕਿ ਲਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਠੱਲ ਪਾਉਂਣ ਲਈ ਪਹਿਲੀਆਂ ਸਰਕਾਰਾਂ ਵਾਂਗ ਤੁਹਾਡਾ ਰੱਵਈਆ ਵੀ ਉਦਾਸੀਨ ਹੀ ਰਿਹਾ। ਇਸ ਕਿਸਮ ਦੀ ਘਾਤਕ ਅਤੇ ਬੇਸਿਰ-ਪੈਰ ਗਾਇਕੀ ਸਮਾਜ ਅਤੇ ਨੋਜੁਆਨੀ ਤੇ ਤਾਂ ਮਾੜਾ ਅਸਰ ਪਾ ਹੀ ਰਹੀ ਸੀ, ਹੁਣ ਤਾਂ ਅਜਿਹੇ ਗੀਤ ਗਾਉਂਣ ਵਾਲੇ ਗਾਇਕ ਖੁਦ ਵੀ ਇਸ ਦਾ ਸ਼ਿਕਾਰ ਹੋਣ ਲੱਗ ਗਏ ਹਨ।
ਮੁੱਖ ਮੰਤਰੀ ਜੀ, ਸਿਆਸੀ ਸ਼ਰੀਕ ਤਾਂ ਊਂਅ ਮਾਣ ਨੀ ਹੁੰਦੇ, ਜੇ ਮੌਕਾ ਮਿਲ ਜੇ ਫੇਰ ਤਾਂ ਉਨਾਂ ਨੇ ਅਸਮਾਨ ਸਿਰ ਤੇ ਚੱਕਣਾ ਹੀ ਹੈ। ਪਰ ਤੁਸੀਂ ਮੌਕਾ ਨਹੀਂ, ਮੌਕਿਆਂ ਤੇ ਮੌਕੇ ਦੇ ਰਹੇ ਹੋ। ਲੰਮੇ ਸਿਆਸੀ ਤਜ਼ਰਬੇ ਤੋਂ ਬਾਅਦ ਤਹਾਨੂੰ ਸ਼ਾਇਦ ਇਹ ਅਹਿਸਾਸ ਹੋ ਹੀ ਗਿਆ ਹੋਵੇਗਾ ਕਿ ਸਿਆਸਤ ਦੇ ਰਾਹ ਤਿਲਕਵੇਂ ਅਤੇ ਉਬੜ-ਖਾਬੜ ਹੁੰਦੇ ਹਨ ਪਰ ਤੁਹਾਨੂੰ ਸ਼ਾਇਦ ਇਹ ਇਲਮ ਨਹੀਂ ਹੋਵੇਗਾ ਕਿ ਕਾਮੇਡੀ ਦੇ ਖੇਤਰ ਵਿਚ ਕੁਲਫ਼ੀਆਂ ਗਰਮ ਤੇ ਮਿਰਚਾਂ ਮਿੱਠੀਆਂ ਤਾਂ ਹੋ ਸਕਦੀਆਂ ਹਨ ਪਰ ਸਿਆਸਤ ਵਿਚ ਕੁਲਫ਼ੀਆਂ ਠੰਡੀਆਂ ਤੇ ਮਿਰਚਾਂ ਕੋੜੀਆਂ ਹੀ ਹੁੰਦੀਆਂ ਹਨ।
ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕੁੱਝ ਸਮਾਂ ਬਾਅਦ ਆਪ ਵੱਲੋਂ ਗੰਨ ਕਲਚਰ ਤੇ ਗੈਂਗਸਟਰਾਂ ਬਾਰੇ ਗੀਤਾਂ ਉਪਰ ਸਖ਼ਤੀ ਕਰਨ ਦੀ ਗੱਲ ਕੀਤੀ ਸੀ। ਤੁਹਾਡੀ ਇਸ ਸੋਚ ਤੋਂ ਉਤਸ਼ਾਹਿਤ ਹੋ ਕੇ ਮੈਂ ਇਸ ਗੰਭੀਰ ਮਸਲੇ ਬਾਰੇ ਵਿਸਥਾਰ ਨਾਲ ਗੱਲ ਕਰਨ ਲਈ ਇਪਟਾ ਦੇ ਵਫਦ ਲਈ ਆਪ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਸੀ, ਪਰ ਅਫਸੋਸ ਆਪ ਦੇ ਦਫਤਰ ਨੇ ਮੁਲਾਕਾਤ ਲਈ ਸਮਾਂ ਦੇਣ ਦੀ ਥਾਂ ਟਾਲ-ਮਟੋਲ ਦੀ ਨੀਤੀ ਅਪਣਾਉਣਾ ਬੇਹਤਰ ਸਮਝਿਆ।
ਹੁਣ ਮੈਂ ਤੁਹਾਡਾ ਧਿਆਨ ਉਚੇਰੀ ਸਿਖਿਆ ਅਤੇ ਭਾਸ਼ਾਵਾਂ ਵਿਭਾਗ ਦੀ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਵੱਲੋਂ ਉਘੇ ਸ਼ਾਇਰ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਵੱਲ ਦਵਾਉਣਾ ਵੀ ਲਾਜ਼ਮੀ ਸਮਝਦਾ ਹਾਂ। ਤੁਸੀਂ ਜੂਨ 2024 ਵਿੱਚ ਸ੍ਰੀ ਜ਼ਫ਼ਰ ਦੇ ਸਾਹਿਤਕ ਯੋਦਗਾਨ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਸਾਰ ਪ੍ਰਤੀ ਪ੍ਰਤੀਬੱਧਤਾ ਅਤੇ ਪ੍ਰਸ਼ਾਸ਼ਾਕੀ ਕੁੱਸ਼ਲਤਾ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਦੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਜੋਂ ਵਿਸ਼ੇਸ਼ ਪ੍ਰਸਥਿਤੀਆਂ ਅਧੀਨ ਮਨੋਨੀਤ ਨਿਯੁਕਤੀ ਕੀਤੀ ਸੀ, ਜਿਸਦਾ ਕਿ ਦੇਸ਼-ਵਿਦੇਸ਼ਾਂ ਵਿਚ ਬੈਠੇ ਸਮੂਹ ਪੰਜਾਬੀਆਂ ਨੇ ਸਵਾਗਤ ਕੀਤਾ ਸੀ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜ਼ਫਰ ਹੋਰਾਂ ਸੀਮਤ ਵਿੱਤੀ ਸਾਧਨਾ ਦੇ ਬਾਵਜੂਦ ਵਿਭਾਗ ਦੀਆਂ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਪਿਛਲੇ ਲੰਮੇ ਸਮੇਂ ਦੀ ਖੜੋਤ ਨੂੰ ਤੋੜਿਆ।
ਉਚੇਰੀ ਸਿਖਿਆ ਅਤੇ ਭਾਸ਼ਾ ਵਿਭਾਗ ਦੇ ਪ੍ਰਬੰਧਕੀ ਸਕੱਤਰ ਵੱਲੋਂ ਜ਼ਫ਼ਰ ਨੂੰ 26 ਅਗਸਤ 2026 ਨੂੰ ਜਾਰੀ ਕੀਤੇ ਗਏ ਕਾਰਣ ਦੱਸੋ ਨੋਟਿਸ ਦਾ ਆਧਾਰ ਖੋਜ ਸਹਾਇਕਾਂ ਦੀ ਭਰਤੀ ਸਬੰਧੀ ਰੋਸਟਰ ਰਜਿਸਟਰ ਵਿਚ ਤਰੁੱਟੀ ਦੱਸਿਆ ਗਿਆ ਹੈ, ਜੋ ਕਿ ਨਿਰਮੂਲ ਅਤੇ ਅਤੇ ਗ਼ੈਰ ਵਾਜ਼ਿਬ ਹੈ ਕਿਉਂਕਿ ਸ੍ਰੀ ਜ਼ਫ਼ਰ ਅਨੁਸਾਰ ਭਰਤੀ ਦੀ ਪ੍ਰੀਕਿਰਆ ਅਧੀਨ ਸੇਵਾਵਾਂ ਬੋਰਡ ਵੱਲੋਂ ਮੁੰਕਮਲ ਕੀਤੀ ਗਈ ਹੈ ਅਤੇ ਇਸ ਪ੍ਰੀਕਿਰਿਆ ਦਾ ਆਰੰਭ ਉਨਾਂ ਦੀ ਨਿਯੁਕਤੀ ਤੋਂ ਪਹਿਲਾਂ ਹੀ ਹੋ ਚੁੱਕਾ ਸੀ।
ਜਸਵੰਤ ਜ਼ਫ਼ਰ ਦੀ ਨਿਯੁਕਤੀ ਕਿਉਂਕਿ ਆਪ ਦੇ ਹੁਕਮਾਂ ਨਾਲ ਹੋਈ ਸੀ ਇਸ ਲਈ ਬਣਦਾ ਤਾਂ ਇਹ ਸੀ ਕਿ ਆਪ ਨਿੱਜੀ ਦਖਲ ਦੇ ਕੇ ਇਸ ਮਸਲੇ ਦਾ ਹੱਲ ਕਰਦੇ ਤਾਂ ਜੋ ਪੰਜਾਬੀ ਵਿਰੋਧੀ ਸੋਚ ਵਾਲੇ ਅਫ਼ਸਰਾਂ ਦੀ ਜੁੰਡਲੀ ਵੱਲੋਂ ਭਾਸ਼ਾ ਵਿਭਾਗ ਨੂੰ ਕਮਜ਼ੋਰ ਕਰਕੇ ਬੰਦ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋਣ। ਪਰ ਤੁਸੀਂ ਇਹ ਕਹਿਕੇ ਕਿ ਇਹ ਦੋਵੇਂ ਆਪਣਾ ਮਸਲਾ ਆਪ ਨਿਬੇੜਣ, ਭਾਸ਼ਾ ਅਤੇ ਸਾਹਿਤ ਵਰਗੇ ਸੰਦੇਵਨਸ਼ੀਲ ਅਤੇ ਮਹੱਤਵਪੂਰਣ ਮਸਲੇ ਤੋਂ ਸਮਝੋ ਪਲਾ ਹੀ ਝਾੜ ਲਿਆ।
ਮਾਨ ਸਾਹਿਬ! ਪੰਜਾਬੀ ਭਾਸ਼ਾ ਤੇ ਸਾਹਿਤ ਦੀ ਬੇਹਤਰੀ ਲਈ ਹੋਂਦ ਵਿਚ ਆਏ ਭਾਸ਼ਾ ਵਿਭਾਗ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਚਾਹੇ ਭਾਸ਼ਾ ਵਿਭਾਗ ਲਈ ਬਜਟ ਦਾ ਮਸਲਾ ਹੋਵੇ ਜਾਂ ਖਾਲੀ ਅਸਾਮੀਆਂ ਅਤੇ ਤਰੱਕੀਆਂ ਦਾ, ਚਾਹੇ ਪੁਰਸਕਾਰ ਹਰ ਸਾਲ ਦੇਣ ਦਾ ਮਸਲਾ ਹੋਵੇ, ਭਾਸ਼ਾ ਵਿਭਾਗ ਦੇ ਆਪਣੇ ਐਲਾਨੇ ਉਦੇਸ਼ਾਂ ਵਿੱਚ ਪੰਜਾਬੀ ਨੂੰ ਸਰਕਾਰੀ ਦਫ਼ਤਰਾਂ, ਕਚਹਿਰੀਆਂ, ਸਿੱਖਿਆ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਜਾਂ ਪੰਜਾਬੀ ਵਿਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਵਾਲੀਆਂ ਜ਼ਿਲਾ ਕਮੇਟੀਆਂ ਦੇ ਅਧਿਕਾਰ ਖੇਤਰ ਦਾ ਮਸਲਾ ਹੋਵੇ। ਹਰ ਸਰਕਾਰ ਨੇ ਡੰਗ ਟਪਾਊ ਨੀਤੀ ਹੀ ਅਖਤਿਆਰ ਕੀਤੀ। ਤੁਹਾਡੇ ਤੋਂ ਇਹ ਆਸਾਂ ਸਨ ਪਰ ਉਹ ਵੀ ਪੂਰੀਆਂ ਨਹੀਂ ਹੋਈਆਂ।
ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਰੰਗਮੰਚ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਕੀਤੀ ਨਾ ਸਮਾਜਿਕ ਮਸਲਿਆਂ, ਨਸ਼ਿਆਂ ਦੀ ਸਮੱਸਿਆ, ਸਿਖਿਆ, ਸਿਹਤ, ਰੁਜ਼ਗਾਰ ਦੀ ਗੱਲ ਕੀਤੀ। ਰਕਾਰਾਂ ਨੇ ਮੁਲਾਜ਼ਮਾਂ ਦੇ ਹੱਕੀ ਅਤੇ ਜ਼ਾਇਜ਼ ਮਸਲਿਆਂ ਦਾ ਹਲ ਕਰਨ, ਸੁਰਖਿਅਤ ਅਤੇ ਭੈਅ ਰਾਹਿਤ ਮਾਹੌਲ ਮੁਹਈਆ ਕਰਵਾਉਣ ਅਤੇ ਰੇਤ, ਜਮੀਨ, ਸ਼ਰਾਬ ਅਤੇ ਡਰੱਗ ਮਾਫੀਆਂ ਦਾ ਮਸਲਾ ਹਲ ਕਰਨ ਲੲ. ਵੀ ਕੁੱਝ ਨਹੀਂ ਕੀਤਾ।
ਹਰ ਰਾਜਨੀਕਿਤ ਧਿਰ ਵੱਲੋਂ ਸੱਤਾ ਲੈਣ ਲਈ ਸਾਰੇ ਮਸਲੇ ਹੱਲ ਕਰਨ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਅਫਸੋਸ ਸੱਤਾ ਮਿਲਣ ਮਗਰੋਂ ਵਾਅਦੇ ਵਫ਼ਾ ਕਦੇ ਨਹੀਂ ਹੋਏ। ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ (ਤੁਹਾਡੇ ਸਮੇਤ), ਸਾਰੇ ਮਸਲਿਆ ਦਾ ਹੱਲ ਮੁਫ਼ਤ ਦੀਆਂ ਰੇਓੜੀਆਂ ਸਮਝਦੀਆਂ ਰਹੀਆਂ ਹਨ। ਮੁਫ਼ਤ ਬਿਜਲੀ, ਮੁਫ਼ਤ ਧਾਰਮਿਕ ਯਾਤਰਵਾਂ, ਬੀਬੀਆਂ ਨੂੰ ਹਜ਼ਾਰ/ਪੰਦਰਾ ਸੌ ਰੁਪਏ, ਮੁਫ਼ਤ ਆਟਾ ਦਾਲ ਅਤੇ ਹੋਰ ਨਿਕ-ਸੁੱਕ, ਸਾਰਾ ਕੁੱਝ ਮੁਫ਼ਤ, ਮੁਫ਼ਤ, ਮੁਫ਼ਤ…।
ਸਿਆਸਤ ਅਤੇ ਸਿਆਸੀ ਲੋਕਾਂ ਨੇ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਨੂੰ ਰੋਲ ਕੇ ਰੱਖ ਦਿੱਤਾ ਹੈ ਅਤੇ ਸਾਨੂੰ ਪੰਜਾਬੀਆਂ ਨੂੰ ਖ਼ੈਰਾਤ ਦੇਣ ਵਾਲਿਆਂ ਤੋਂ ਖ਼ੈਰਾਤ ਲੈਣ ਵਾਲੇ ਬਣਾ ਦਿੱਤਾ ਹੈ। ਸਾਨੂੰ ਪੰਜਾਬੀਆਂ ਨੂੰ ਕੁੱਝ ਵੀ ਮੁਫ਼ਤ ਨਹੀ ਚਾਹੀਦਾ, ਨਾ ਹੀ ਅਸੀਂ ਕਦੇ ਮੁਫ਼ਤ ਮੰਗਿਆ ਹੈ। ਪੰਜਾਬੀਆਂ ਨੂੰ ਪ੍ਰਾਪਤ ਰੁਜ਼ਗਾਰ ਤੋਂ ਇੰਨੀ ਆਮਦਨ ਹੋਵੇ ਕਿ ਉਹ ਬਿਜਲੀ ਵੀ ਖਰੀਦ ਸਕਣ, ਆਟਾ ਵੀ, ਦਾਲ ਵੀ ਅਤੇ ਧਾਰਮਿਕ ਯਾਤਰਾ ਆਪ ਕਰਨ। ਆਪਣੀ ਗੱਲ ਸਮਾਪਤ ਇਕ ਚੀਨੀ ਦਾਰਸ਼ਨਿਕ ਦੇ ਪ੍ਰਚਲਤ ਕਥਨ ਨਾਲ ਕਰਨਾ ਚਾਹੁੰਦਾ ਹਾਂ ਉਸਨੇ ਕਿਹਾ ਹੈ, ਆਪਣੇ ਲੋਕਾ ਨੂੰ ਮੱਛੀ ਨਾ ਦੇਵੋ, ਮੱਛੀ ਫੜਨਾ ਸਿਖਾਓ।
ਸੰਜੀਵਨ ਸਿੰਘ
94174-60656
Editorial
ਪੰਜਾਬੀ ਗਾਇਕ ਅਤੇ ਉਤਰਾਖੰਡ ਦੇ ਕੈਬਨਿਟ ਮੰਤਰੀ ਵਿਚਾਲੇ ਵਿਵਾਦ ਮੰਦਭਾਗਾ
ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵਿਚਾਲੇ ਹੋਇਆ ਵਿਵਾਦ ਇਸ ਸਮੇਂ ਚਰਚਾ ਵਿੱਚ ਹੈ। ਜਿਸ ਦਿਨ ਇਹ ਘਟਨਾ ਵਾਪਰੀ, ਉਸ ਤੋਂ ਬਾਅਦ ਹੁਣ ਤੱਕ ਇਸ ਮਾਮਲੇ ਵਿੱਚ ਨਿੱਤ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਵਿਵਾਦ ਤੋਂ ਬਾਅਦ ਦਲੇਰ ਮਹਿੰਦੀ ਦੇ ਸਕੇ ਭਰਾ ਗਾਇਕ ਮੀਕਾ ਸਿੰਘ ਦੀ ਟੀਮ ਨੇ ਦਾਅਵਾ ਕੀਤਾ ਸੀ ਕਿ ਮੰਤਰੀ ਨੇ ਫ਼ੋਨ ਤੇ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗ ਲਈ ਹੈ, ਪਰੰਤੂ ਪਿਛਲੇ ਦਿਨੀਂ ਸਾਹਮਣੇ ਆਈ ਰਿਪੋਰਟ ਮੁਤਾਬਕ ਮੰਤਰੀ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਹ ਵਿਵਾਦ 18 ਅਕਤੂਬਰ ਨੂੰ ਉੱਤਰਾਖੰਡ ਦੇ ਟੀਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਕੁੰਜਾਪੁਰੀ ਮੇਲੇ ਦੌਰਾਨ ਸ਼ੁਰੂ ਹੋਇਆ ਸੀ। ਉਸ ਵੇਲੇ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ, ਜਦੋਂ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਦੀ ਪੇਸ਼ਕਾਰੀ ਵਿਚਾਲੇ ਰੋਕ ਦਿੱਤੀ ਸੀ। ਮੰਤਰੀ ਨੇ ਗਾਇਕ ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਅਤੇ ਗੀਤ ਗਾਉਣ ਦੀ ਬਜਾਏ ਸਿਰਫ਼ ਬੁੱਲ੍ਹ ਹਿਲਾਉਣ ਦੇ ਦੋਸ਼ ਲਾਏ ਸਨ।
ਕਿਸੇ ਕਲਾਕਾਰ ਨਾਲ ਪੇਸ਼ਕਾਰੀ ਦੌਰਾਨ ਜਾਂ ਪ੍ਰੋਗਰਾਮ ਦੌਰਾਨ ਵਿਵਾਦ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕਲਾਕਾਰਾਂ ਨਾਲ ਅਜਿਹੇ ਮੰਦਭਾਗੇ ਵਿਵਾਦ ਹੋ ਚੁੱਕੇ ਹਨ। ਅਨੇਕਾਂ ਕਲਾਕਾਰਾਂ ਨੂੰ ਅਕਸਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕਿਸੇ ਸਮਾਗਮ ਦੇ ਪ੍ਰਬੰਧਕਾਂ ਅਤੇ ਕਲਾਕਾਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਅਤੇ ਮਾਮਲਾ ਸੁਰਖੀਆਂ ਵਿੱਚ ਆ ਜਾਂਦਾ ਹੈ। ਕਲਾਕਾਰਾਂ ਨੂੰ ਅਕਸਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾਂਦੀ ਬਦਸਲੂਕੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕਲਾਕਾਰਾਂ ਨੂੰ ਚਲਦੇ ਸ਼ੋਅ ਦੌਰਾਨ ਵੀ ਬਦਸਲੂਕੀ ਹੋਣ ਕਾਰਨ ਆਪਣਾ ਸ਼ੋਅ ਅੱਧ ਵਿਚਾਲੇ ਛੱਡ ਕੇ ਜਾਣਾ ਪੈ ਜਾਂਦਾ ਹੈ। ਕਈ ਵਾਰ ਤਾਂ ਕਿਸੇ ਸਮਾਗਮ ਤੋਂ ਪਹਿਲਾਂ ਹੀ ਕਿਸੇ ਕਲਾਕਾਰ ਅਤੇ ਪ੍ਰਬੰਧਕਾਂ ਵਿਚਾਲੇ ਬਹਿਸ ਹੋ ਜਾਂਦੀ ਹੈ।
ਦਲੇਰ ਮਹਿੰਦੀ ਕਰੀਬ ਤਿੰਨ ਦਹਾਕਿਆਂ ਤੋਂ ਗਾਇਕੀ ਦੇ ਖੇਤਰ ਵਿੱਚ ਚਰਚਿਤ ਚਿਹਰਾ ਹਨ। ਉਹਨਾਂ ਦੇ ਕਈ ਗਾਣੇ ਹਿੱਟ ਹੋ ਚੁੱਕੇ ਹਨ। ਉਹਨਾਂ ਦੇ ਪ੍ਰਸੰਸ਼ਕਾਂ ਦਾ ਘੇਰਾ ਬਹੁਤ ਵੱਡਾ ਹੈ। ਦੂਜੇ ਪਾਸੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਕਹਿੰਦੇ ਹਨ ਕਿ ਜੇ ਦਲੇਰ ਮਹਿੰਦੀ ਦੀ ਤਬੀਅਤ ਠੀਕ ਨਹੀਂ ਸੀ ਤਾਂ ਇਸ ਦੀ ਜਾਣਕਾਰੀ ਪਹਿਲਾਂ ਹੀ ਪ੍ਰਬੰਧਕਾਂ ਨੂੰ ਦੇਣੀ ਚਾਹੀਦੀ ਸੀ ਅਤੇ ਉਸ ਨੂੰ ਸਮਾਗਮ ਵਿੱਚ ਸ਼ਾਮਲ ਨਹੀਂ ਸੀ ਹੋਣਾ ਚਾਹੀਦਾ। ਜਿਸ ਤਰੀਕੇ ਨਾਲ ਗਾਇਕ ਅਤੇ ਕੈਬਨਿਟ ਮੰਤਰੀ ਵਿਚਾਲੇ ਵਿਵਾਦ ਖਤਮ ਹੋਣ ਦੀ ਥਾਂ ਗਹਿਰਾਉਂਦਾ ਜਾ ਰਿਹਾ ਹੈ, ਉਹ ਮੰਦਭਾਗਾ ਹੈ।
ਭਾਰਤ ਵਿੱਚ ਅਕਸਰ ਕਲਾਕਾਰਾਂ ਨੂੰ ਬਹੁਤ ਪ੍ਰੇਮ ਪਿਆਰ ਮਿਲਦਾ ਹੈ ਅਤੇ ਵੱਡੀ ਗਿਣਤੀ ਭਾਰਤ ਵਾਸੀ ਕਲਾਕਾਰਾਂ ਨੂੰ ਬਹੁਤ ਮਾਣ ਸਨਮਾਨ ਦਿੰਦੇ ਹਨ। ਇਹੋ ਕਾਰਨ ਹੈ ਕਿ ਕਈ ਕਲਾਕਾਰ ਰਾਜਨੀਤੀ ਵਿੱਚ ਆ ਕੇ ਵੀ ਸਫਲ ਹੋ ਚੁੱਕੇ ਹਨ ਕਿਉਂਕਿ ਕਲਾਕਾਰ ਹੋਣ ਮੌਕੇ ਉਹਨਾਂ ਦੀ ਆਮ ਲੋਕਾਂ ਵਿੱਚ ਚੰਗੀ ਪਹਿਚਾਣ ਬਣੀ ਹੁੰਦੀ ਹੈ। ਅਕਸਰ ਆਮ ਲੋਕ ਆਪਣੇ ਮਨ ਪਸੰਦ ਦੇ ਕਲਾਕਾਰਾਂ ਨਾਲ ਤਸਵੀਰਾਂ ਵੀ ਖਿਚਵਾਉਂਦੇ ਹਨ ਅਤੇ ਉਹਨਾਂ ਦੇ ਆਟੋ ਗ੍ਰਾਫ਼ ਵੀ ਲੈਂਦੇ ਹਨ। ਪਰ ਜਦੋਂ ਕਿਸੇ ਕਲਾਕਾਰ ਨਾਲ ਕੋਈ ਵਿਵਾਦ ਹੋ ਜਾਂਦਾ ਹੈ ਤਾਂ ਇਸ ਦਾ ਉਸ ਦੇ ਪ੍ਰਸੰਸਕਾਂ ਤੇ ਵੀ ਪ੍ਰਭਾਵ ਪੈਂਦਾ ਹੈ। ਇਸੇ ਕਰਕੇ ਵੱਡੀ ਗਿਣਤੀ ਕਲਾਕਾਰ ਹਰ ਕਿਸਮ ਦੇ ਵਿਵਾਦਾਂ ਤੋਂ ਦੂਰ ਰਹਿਣ ਦਾ ਯਤਨ ਕਰਦੇ ਹਨ। ਗਾਇਕ ਦਲੇਰ ਮਹਿੰਦੀ ਅਤੇ ਕੈਬਨਿਟ ਮੰਤਰੀ ਵਿਚਾਲੇ ਚਲ ਰਿਹਾ ਵਿਵਾਦ ਮੰਦਭਾਗਾ ਹੈ ਇਸਨੂੰ ਖਤਮ ਕਰਨ ਲਈ ਸੂਝਵਾਨ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਬਿਊਰੋ
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
International2 months ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
