Editorial
ਪੰਜਾਬ ਵਿੱਚ ਸਰਕਾਰ ਅਤੇ ਲੋਕਾਂ ਵਿਚਕਾਰ ਭਰੋਸੇ ਦੀ ਵੱਧਦੀ ਦੂਰੀ
ਲੋਕਤੰਤਰ ਵਿੱਚ ਸਰਕਾਰ ਅਤੇ ਲੋਕਾਂ ਦਾ ਰਿਸ਼ਤਾ ਸਿਰਫ਼ ਵੋਟ ਦਾ ਰਿਸ਼ਤਾ ਨਹੀਂ ਹੁੰਦਾ ਬਲਕਿ ਇਹ ਭਰੋਸੇ ਦਾ ਰਿਸ਼ਤਾ ਹੁੰਦਾ ਹੈ| ਲੋਕ ਸਰਕਾਰ ਨੂੰ ਸਿਰਫ਼ ਇਸ ਲਈ ਨਹੀਂ ਚੁਣਦੇ ਕਿ ਉਹ ਸੜਕਾਂ ਬਣਾਏਗੀ, ਯੋਜਨਾਵਾਂ ਲਿਆਏਗੀ ਜਾਂ ਸਰਕਾਰੀ ਦਫ਼ਤਰ ਚਲਾਏਗੀ| ਉਹ ਇਹ ਭਰੋਸਾ ਵੀ ਕਰਦੇ ਹਨ ਕਿ ਮੁਸ਼ਕਲ ਸਮੇਂ ਵਿੱਚ ਪ੍ਰਬੰਧ ਉਨ੍ਹਾਂ ਦੀ ਗੱਲ ਸੁਣੇਗਾ, ਉਨ੍ਹਾਂ ਦੀ ਇੱਜ਼ਤ ਕਰੇਗਾ ਅਤੇ ਉਨ੍ਹਾਂ ਨਾਲ ਨਿਆਂਪੂਰਨ ਵਿਹਾਰ ਕਰੇਗਾ|
ਪਰ ਅੱਜ ਪੰਜਾਬ ਸਾਹਮਣੇ ਇੱਕ ਗੰਭੀਰ ਸਵਾਲ ਹੈ| ਕੀ ਸਰਕਾਰ ਅਤੇ ਆਮ ਲੋਕਾਂ ਵਿਚਕਾਰ ਭਰੋਸੇ ਦੀ ਦੂਰੀ ਵੱਧ ਰਹੀ ਹੈ?
ਇਹ ਸਵਾਲ ਕਿਸੇ ਇੱਕ ਸਰਕਾਰ ਜਾਂ ਇੱਕ ਰਾਜਨੀਤਿਕ ਧਿਰ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ ਹੈ ਬਲਕਿ ਇਹ ਉਸ ਮਨੋਵਿਗਿਆਨਕ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਹੈ ਜਿਸ ਰਾਹੀਂ ਇੱਕ ਨਾਗਰਿਕ ਹੌਲੀ ਹੌਲੀ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਉਸਦੀ ਗੱਲ ਸ਼ਾਇਦ ਸੁਣੀ ਨਹੀਂ ਜਾਣੀ|
ਇੱਥੋਂ ਭਰੋਸੇ ਦਾ ਘਾਟਾ ਸ਼ੁਰੂ ਹੁੰਦਾ ਹੈ| ਇਹ ਭਰੋਸਾ ਇੱਕ ਦਿਨ ਵਿੱਚ ਨਹੀਂ ਟੁੱਟਦਾ ਅਤੇ ਆਮ ਤੌਰ ਤੇ ਕਿਸੇ ਇੱਕ ਵੱਡੀ ਘਟਨਾ ਨਾਲ ਵੀ ਨਹੀਂ ਟੁੱਟਦਾ| ਇਹ ਛੋਟੀਆਂ-ਛੋਟੀਆਂ ਨਿਰਾਸ਼ਾਵਾਂ ਨਾਲ ਹੌਲੀ-ਹੌਲੀ ਕਮਜ਼ੋਰ ਹੁੰਦਾ ਹੈ|
ਇੱਕ ਕੰਮ ਲਈ ਵਾਰ-ਵਾਰ ਦਫ਼ਤਰ ਜਾਣਾ, ਇੱਕ ਅਰਜ਼ੀ ਦਾ ਜਵਾਬ ਨਾ ਮਿਲਣਾ, ਇੱਕ ਸ਼ਿਕਾਇਤ ਦਰਜ ਹੋ ਕੇ ਵੀ ਉਸਦੀ ਸਥਿਤੀ ਦਾ ਪਤਾ ਨਾ ਲੱਗਣਾ, ਕੋਈ ਵਾਅਦਾ ਪੂਰਾ ਨਾ ਹੋਣਾ, ਕਿਸੇ ਸਰਕਾਰੀ ਫ਼ੈਸਲੇ ਦੀ ਸਪਸ਼ਟ ਜਾਣਕਾਰੀ ਲੋਕਾਂ ਤੱਕ ਨਾ ਪਹੁੰਚਣਾ, ਇੱਕੋ ਕੰਮ ਲਈ ਕਈ ਦਫ਼ਤਰਾਂ ਦੇ ਚੱਕਰ ਲਾਉਣੇ| ਆਮ ਨਾਗਰਿਕ ਲਈ ਇਹ ਸਿਰਫ਼ ਪ੍ਰਬੰਧਕੀ ਮੁਸ਼ਕਲਾਂ ਨਹੀਂ ਹੁੰਦੀਆਂ| ਇਹ ਉਸਦੇ ਮਨ ਵਿੱਚ ਇੱਕ ਅਨੁਭਵ ਪੈਦਾ ਕਰਦੀਆਂ ਹਨ ਕਿ ਉਸਦੀ ਮੇਰੀ ਕੋਈ ਪਹੁੰਚ ਨਹੀਂ ਹੈ|
ਜਦੋਂ ਇਹ ਅਨੁਭਵ ਵਾਰ ਵਾਰ ਦੁਹਰਾਇਆ ਜਾਂਦਾ ਹੈ ਤਾਂ ਮਨੁੱਖ ਸਿਰਫ਼ ਪ੍ਰਬੰਧ ਤੋਂ ਨਿਰਾਸ਼ ਨਹੀਂ ਹੁੰਦਾ; ਉਹ ਆਪਣੀ ਪ੍ਰਭਾਵਸ਼ੀਲਤਾ ਉੱਤੇ ਵੀ ਸ਼ੱਕ ਕਰਨ ਲੱਗਦਾ ਹੈ| ਉਹ ਸੋਚਦਾ ਹੈ ਕਿ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਕੀ ਬਦਲੇਗਾ?
ਇਹ ਹਾਲਤ ਬਹੁਤ ਗੰਭੀਰ ਹੈ, ਕਿਉਂਕਿ ਇੱਥੇ ਨਾਗਰਿਕ ਸਿਰਫ਼ ਸਰਕਾਰ ਤੋਂ ਦੂਰ ਨਹੀਂ ਹੁੰਦਾ, ਉਹ ਪ੍ਰਬੰਧ ਵਿੱਚ ਆਪਣੀ ਭੂਮਿਕਾ ਤੋਂ ਵੀ ਦੂਰ ਹੋਣ ਲੱਗਦਾ ਹੈ|
ਮਨੁੱਖ ਨੂੰ ਸਭ ਤੋਂ ਵੱਧ ਤਣਾਅ ਸਿਰਫ਼ ਮੁਸ਼ਕਲ ਨਾਲ ਨਹੀਂ ਹੁੰਦਾ,ਉਸਦੇ ਬੇਕਾਬੂ ਹੋਣ ਦੀ ਭਾਵਨਾ ਤੋਂ ਹੁੰਦਾ ਹੈ| ਜੇ ਕਿਸੇ ਨਾਗਰਿਕ ਨੂੰ ਪਤਾ ਹੋਵੇ ਕਿ ਉਸਦਾ ਕੰਮ ਕਦੋਂ ਹੋਵੇਗਾ, ਕਿੱਥੇ ਹੋਵੇਗਾ ਅਤੇ ਦੇਰੀ ਹੋਣ ਤੇਉਸਨੇ ਕਿਸ ਕੋਲ ਜਾਣਾ ਹੈ, ਤਾਂ ਉਹ ਮੁਸ਼ਕਲ ਨੂੰ ਵੀ ਸਹਿ ਸਕਦਾ ਹੈ|
ਪਰ ਜਦੋਂ ਉਸਨੂੰ ਕੋਈ ਸਪਸ਼ਟਤਾ ਨਾ ਹੋਵੇ ਤਾਂ ਅਨਿਸ਼ਚਿਤਤਾ ਤਣਾਅ ਪੈਦਾ ਕਰਦੀ ਹੈ| ਅਨਿਸ਼ਚਿਤਤਾ ਤੋਂ ਚਿੰਤਾ, ਚਿੰਤਾ ਤੋਂ ਨਿਰਾਸ਼ਾ, ਨਿਰਾਸ਼ਾ ਤੋਂ ਗੁੱਸਾ ਅਤੇ ਅਤੇ ਲਗਾਤਾਰ ਗੁੱਸੇ ਤੋਂ ਪ੍ਰਬੰਧ ਪ੍ਰਤੀ ਬੇਭਰੋਸਾ|
ਇਸ ਲਈ ਇੱਕ ਸਰਕਾਰੀ ਦਫ਼ਤਰ ਵਿੱਚ ਦੇਰੀ ਸਿਰਫ਼ ਇੱਕ ਫ਼ਾਈਲ ਦੀ ਦੇਰੀ ਨਹੀਂ ਹੁੰਦੀ| ਕਈ ਵਾਰ ਉਹ ਇੱਕ ਮਨੁੱਖ ਦੇ ਮਨ ਵਿੱਚ ਬੇਬਸੀ ਪੈਦਾ ਕਰ ਰਹੀ ਹੁੰਦੀ ਹੈ|
ਸਭ ਤੋਂ ਖ਼ਤਰਨਾਕ ਪਲ ਉਹ ਹੁੰਦਾ ਹੈ ਜਦੋਂ ਲੋਕ ਇਹ ਮੰਨ ਲੈਣ ਕਿ ਕਹਿਣ ਨਾਲ ਕੁਝ ਨਹੀਂ ਬਦਲਣਾ| ਜਦੋਂ ਨਾਗਰਿਕ ਸ਼ਿਕਾਇਤ ਕਰਨੀ ਛੱਡ ਦਿੰਦਾ ਹੈ, ਸਵਾਲ ਪੁੱਛਣੇ ਛੱਡ ਦਿੰਦਾ ਹੈ ਅਤੇ ਪ੍ਰਬੰਧ ਤੋਂ ਉਮੀਦ ਛੱਡ ਦਿੰਦਾ ਹੈ, ਤਾਂ ਬਾਹਰੋਂ ਸ਼ਾਂਤੀ ਦਿਖਾਈ ਦੇ ਸਕਦੀ ਹੈ| ਪਰ ਅੰਦਰੋਂ ਲੋਕਤੰਤਰਕ ਭਰੋਸਾ ਕਮਜ਼ੋਰ ਹੋ ਰਿਹਾ ਹੁੰਦਾ ਹੈ| ਇਸ ਲਈ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਸੰਕੇਤ ਸਿਰਫ਼ ਵਿਰੋਧ ਜਾਂ ਧਰਨੇ ਨਹੀਂ ਹਨ| ਕਈ ਵਾਰ ਲੋਕਾਂ ਦੀ ਚੁੱਪ ਵੀ ਇੱਕ ਸੰਕੇਤ ਹੁੰਦੀ ਹੈ|
ਪੰਜਾਬ ਸਰਕਾਰ ਦੇ ਕਈ ਅਧਿਕਾਰੀ ਅਤੇ ਕਰਮਚਾਰੀਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਚੰਗੀ ਨੀਅਤ ਨਾਲ ਨਿਭਾ ਰਹੇ ਹਨ| ਰਾਜ ਵਿੱਚ ਨਾਗਰਿਕ ਸੇਵਾਵਾਂ ਨੂੰ ਘਰ ਤੱਕ ਪਹੁੰਚਾਉਣ ਅਤੇ ਤਕਨਾਲੋਜੀ ਰਾਹੀਂ ਪ੍ਰਬੰਧ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਦੇ ਯਤਨ ਵੀ ਹੋ ਰਹੇ ਹਨ| ਸਰਕਾਰ ਨੇ ਨਾਗਰਿਕ ਸੇਵਾਵਾਂ ਦੀ ਸਹੂਲਤ ਲਈ ਕਈ ਡਿਜ਼ੀਟਲ ਪ੍ਰਬੰਧਾਂ ਨੂੰ ਅੱਗੇ ਵਧਾਇਆ ਹੈ| ਪਰ ਇੱਥੇ ਇੱਕ ਮਹੱਤਵਪੂਰਨ ਫ਼ਰਕ ਸਮਝਣਾ ਪਵੇਗਾ, ਸਰਕਾਰ ਦੀ ਨੀਅਤ ਅਤੇ ਨਾਗਰਿਕ ਦਾ ਅਨੁਭਵ ਇੱਕੋ ਗੱਲ ਨਹੀਂ ਹਨ| ਸਰਕਾਰ ਕਹਿ ਸਕਦੀ ਹੈ ਕਿ ਪ੍ਰਬੰਧ ਸੁਧਾਰਿਆ ਜਾ ਰਿਹਾ ਹੈ| ਪਰ ਨਾਗਰਿਕ ਪੁੱਛਦਾ ਹੈ ਕਿ ਉਸਦਾ ਕੰਮ ਹੋਇਆ ਜਾਂ ਨਹੀਂ? ਉਸਨੂੰ ਜਵਾਬ ਮਿਲਿਆ ਜਾਂ ਨਹੀਂ? ਉਸ ਨਾਲ ਸਨਮਾਨ ਨਾਲ ਗੱਲ ਹੋਈ ਜਾਂ ਨਹੀਂ? ਕੀ ਉਸਨੂੰ ਆਪਣਾ ਕੰਮ ਕਰਵਾਉਣ ਲਈ ਕਿਸੇ ਸਿਫ਼ਾਰਸ਼ ਦੀ ਲੋੜ ਪਈ? ਨਾਗਰਿਕ ਸਰਕਾਰ ਦੀ ਨੀਅਤ ਨਹੀਂ, ਆਪਣਾ ਅਨੁਭਵ ਯਾਦ ਰੱਖਦਾ ਹੈ|
ਪੰਜਾਬ ਵਿੱਚ ਹਾਲੀਆ ਸਮੇਂ ਦੌਰਾਨ ਸਰਕਾਰੀ ਕਰਮਚਾਰੀਆਂ ਦੇ ਅੰਦੋਲਨਾਂ ਕਾਰਨ ਕਈ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਈਆਂ| ਅਗਸਤ ਵਿੱਚ ਤਿੰਨ ਲੱਖ ਤੋਂ ਵੱਧ ਕਰਮਚਾਰੀਆਂ ਦੀ ਸੂਬਾ-ਪੱਧਰੀ ਹੜਤਾਲ ਦੌਰਾਨ ਸਰਕਾਰੀ ਦਫ਼ਤਰਾਂ ਅਤੇ ਕੁਝ ਸਰਕਾਰੀ ਸਿਹਤ ਸੇਵਾਵਾਂ ਤੇ ਅਸਰ ਪਿਆ| ਬਾਅਦ ਵਿੱਚ ਸਰਕਾਰ ਅਤੇ ਕਰਮਚਾਰੀ ਜਥੇਬੰਦੀਆਂ ਵਿਚਕਾਰ ਗੱਲਬਾਤ ਰਾਹੀਂ ਟਕਰਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ|
ਕਰਮਚਾਰੀਆਂ ਦੀਆਂ ਮੰਗਾਂ ਹੋ ਸਕਦੀਆਂ ਹਨ ਅਤੇ ਲੋਕਤੰਤਰ ਵਿੱਚ ਮੰਗਾਂ ਰੱਖਣਾ ਉਨ੍ਹਾਂ ਦਾ ਅਧਿਕਾਰ ਹੈ| ਪਰ ਮਨੋਵਿਗਿਆਨਕ ਪੱਖੋਂ ਇੱਕ ਹੋਰ ਸਵਾਲ ਵੀ ਹੈ ਕਿ ਜਦੋਂ ਪ੍ਰਬੰਧ ਦੇ ਅੰਦਰਲੇ ਹਿੱਸੇ ਆਪਸ ਵਿੱਚ ਟਕਰਾਉਂਦੇ ਹਨ ਤਾਂ ਬਾਹਰ ਖੜ੍ਹੇ ਆਮ ਨਾਗਰਿਕ ਦੇ ਮਨ ਵਿੱਚ ਕੀ ਪੈਦਾ ਹੁੰਦਾ ਹੈ? ਜਿਸ ਕਿਸਾਨ ਨੇ ਇੱਕ ਦਿਨ ਦਾ ਕੰਮ ਛੱਡ ਕੇ ਦਫ਼ਤਰ ਆਉਣਾ ਹੈ, ਜਿਸ ਬਜ਼ੁਰਗ ਨੇ ਕਿਸੇ ਪ੍ਰਮਾਣ-ਪੱਤਰ ਲਈ ਦੂਰੋਂ ਸਫ਼ਰ ਕਰਨਾ ਹੈ, ਜਿਸ ਪਰਿਵਾਰ ਨੂੰ ਸਰਕਾਰੀ ਹਸਪਤਾਲ ਦੀ ਸੇਵਾ ਦੀ ਲੋੜ ਹੈ, ਉਸ ਲਈ ਪ੍ਰਬੰਧ ਦਾ ਰੁਕਣਾ ਸਿਰਫ਼ ਇੱਕ ਪ੍ਰਸ਼ਾਸਨਿਕ ਘਟਨਾ ਨਹੀਂ ਬਲਕਿ ਇਹ ਉਸਦੇ ਸਮੇਂ, ਪੈਸੇ ਅਤੇ ਭਰੋਸੇ ਦਾ ਨੁਕਸਾਨ ਹੈ|
ਨੀਤੀ-ਨਿਰਮਾਤਾਵਾਂ ਨੂੰ ਇਹ ਸਵਾਲ ਵੀ ਪੁੱਛਣਾ ਚਾਹੀਦਾ ਹੈ ਕਿ ਮਨੁੱਖ ਨੂੰ ਸਹੂਲਤ ਜਾਂ ਸਨਮਾਨ ਵਿੱਚੋਂ ਸਭ ਤੋਂ ਵੱਧ ਕੀ ਚਾਹੀਦਾ ਹੈ?ਕਿਸੇ ਸਰਕਾਰੀ ਸੇਵਾ ਨੂੰ ਤਕਨੀਕੀ ਤੌਰ ਤੇ ਤੇਜ਼ ਕਰ ਦੇਣਾ ਚੰਗੀ ਗੱਲ ਹੈ| ਪਰ ਜੇ ਇੱਕ ਬਜ਼ੁਰਗ ਉਸ ਤਕਨੀਕ ਨੂੰ ਸਮਝ ਨਹੀਂ ਸਕਦਾ ਤਾਂ ਉਸ ਲਈ ਸਹੂਲਤ ਕਿੱਥੇ ਹੈ? ਜੇ ਇੱਕ ਪਿੰਡ ਦਾ ਮਨੁੱਖ ਅਰਜ਼ੀ ਦੇਣ ਲਈ ਤਕਨੀਕੀ ਸਹਾਇਤਾ ਤੋਂ ਵਾਂਝਾ ਹੈ ਤਾਂ ਉਸ ਲਈ ਆਨਲਾਈਨ ਸੇਵਾ ਤੇ ਮਾਇਨੇ ਕੀ ਹਨ|
ਮਨੁੱਖ ਨੂੰ ਸਿਰਫ਼ ਸੇਵਾ ਨਹੀਂ ਚਾਹੀਦੀ ਬਲਕਿ ਉਸਨੂੰ ਸਨਮਾਨ ਨਾਲ ਸੇਵਾ ਚਾਹੀਦੀ ਹੈ| ਇਹ ਮਨੋਵਿਗਿਆਨ ਦਾ ਬਹੁਤ ਮਹੱਤਵਪੂਰਨ ਸਿਧਾਂਤ ਹੈ| ਜਦੋਂ ਮਨੁੱਖ ਮਹਿਸੂਸ ਕਰਦਾ ਹੈ ਕਿ ਉਸਨੂੰ ਸੁਣਿਆ ਗਿਆ, ਉਸਦੀ ਇੱਜ਼ਤ ਕੀਤੀ ਗਈ ਅਤੇ ਉਸ ਨਾਲ ਨਿਆਂਪੂਰਨ ਵਿਹਾਰ ਹੋਇਆ, ਤਾਂ ਉਹ ਮੁਸ਼ਕਲ ਫ਼ੈਸਲੇ ਨੂੰ ਵੀ ਸਵੀਕਾਰ ਕਰ ਸਕਦਾ ਹੈ| ਪਰ ਜਦੋਂ ਉਸਨੂੰ ਅਪਮਾਨ, ਅਣਗਹਿਲੀ ਜਾਂ ਪੱਖਪਾਤ ਮਹਿਸੂਸ ਹੋਵੇ ਤਾਂ ਛੋਟੀ ਪ੍ਰਸ਼ਾਸਨਿਕ ਸਮੱਸਿਆ ਵੀ ਵੱਡੇ ਗੁੱਸੇ ਵਿੱਚ ਬਦਲ ਸਕਦੀ ਹੈ|
ਮਨੁੱਖੀ ਮਨ ਅਨਿਸ਼ਚਿਤਤਾ ਨੂੰ ਪਸੰਦ ਨਹੀਂ ਕਰਦਾ| ਜਦੋਂ ਉਸਨੂੰ ਪੂਰੀ ਜਾਣਕਾਰੀ ਨਹੀਂ ਮਿਲਦੀ ਤਾਂ ਉਹ ਆਪਣੇ ਅਨੁਭਵਾਂ, ਡਰਾਂ ਅਤੇ ਦੂਜਿਆਂ ਦੀਆਂ ਗੱਲਾਂ ਤੋਂ ਆਪਣੀ ਕਹਾਣੀ ਬਣਾਉਣ ਲੱਗਦਾ ਹੈ| ਇਸੇ ਲਈ ਕਿਸੇ ਸਰਕਾਰੀ ਫ਼ੈਸਲੇ ਬਾਰੇ ਅਧੂਰੀ ਜਾਣਕਾਰੀ ਕਈ ਵਾਰ ਪੂਰੀ ਨੀਤੀ ਨਾਲੋਂ ਵੱਧ ਨੁਕਸਾਨ ਕਰ ਸਕਦੀ ਹੈ| ਅੱਜ ਸਮਾਜਿਕ ਮਾਧਿਅਮਾਂ ਨੇ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ| ਇੱਕ ਅਧੂਰੀ ਜਾਣਕਾਰੀ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ| ਇੱਕ ਗਲਤ ਧਾਰਨਾ ਵਾਰ-ਵਾਰ ਦੁਹਰਾਈ ਜਾਵੇ ਤਾਂ ਕੁਝ ਲੋਕਾਂ ਨੂੰ ਉਹ ਸੱਚ ਲੱਗਣ ਲੱਗਦੀ ਹੈ| ਇਸ ਲਈ ਪਾਰਦਰਸ਼ਤਾ ਸਿਰਫ਼ ਪ੍ਰਸ਼ਾਸਨਿਕ ਗੁਣ ਨਹੀਂ, ਇਹ ਮਨੋਵਿਗਿਆਨਕ ਸੁਰੱਖਿਆ ਦਾ ਸਾਧਨ ਵੀ ਹੈ|
ਸਰਕਾਰ ਦੀ ਸਭ ਤੋਂ ਵੱਡੀ ਪੂੰਜੀ ਭਰੋਸਾ ਹੈ| ਭਰੋਸਾ ਹੋਵੇ ਤਾਂ ਲੋਕ ਮੁਸ਼ਕਲ ਫ਼ੈਸਲਿਆਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਨ| ਭਰੋਸਾ ਨਾ ਹੋਵੇ ਤਾਂ ਚੰਗਾ ਫ਼ੈਸਲਾ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਸਕਦਾ ਹੈ| ਇਸ ਲਈ ਕਿਸੇ ਵੀ ਸਰਕਾਰ ਲਈ ਭਰੋਸਾ ਇੱਕ ਅਦਿੱਖ ਪੂੰਜੀ ਹੈ| ਇਹ ਬਣਾਉਣ ਵਿੱਚ ਸਾਲ ਲੱਗਦੇ ਹਨ ਅਤੇ ਗੁਆਉਣ ਵਿੱਚ ਕੁਝ ਘਟਨਾਵਾਂ ਹੀ ਕਾਫ਼ੀ ਹੁੰਦੀਆਂ ਹਨ|
ਪਰ ਭਰੋਸਾ ਸਿਰਫ਼ ਵੱਡੇ ਐਲਾਨਾਂ ਨਾਲ ਵਾਪਸ ਨਹੀਂ ਆਉਂਦਾ| ਪਹਿਲਾਂ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਉਨ੍ਹਾਂ ਦੀ ਗੱਲ ਨੀਤੀ ਬਣਨ ਤੋਂ ਪਹਿਲਾਂ ਵੀ ਸੁਣੀ ਜਾਂਦੀ ਹੈ| ਸਰਕਾਰੀ ਫ਼ੈਸਲੇ ਸਧਾਰਨ ਭਾਸ਼ਾ ਵਿੱਚ ਸਮਝਾਏ ਜਾਣ| ਸਭ ਲਈ ਇੱਕੋ ਨਿਯਮ ਇੱਕੋ ਤਰ੍ਹਾਂ ਲਾਗੂ ਹੋਵੇ ਅਤੇ ਜਵਾਬਦੇਹੀ ਹੋਵੇ, ਗਲਤੀ ਹੋਵੇ ਤਾਂ ਉਸਨੂੰ ਮੰਨਣ ਦੀ ਹਿੰਮਤ ਹੋਵੇ ਅੇਤ ਕੰਮ ਸਮਾਬੱਧ ਤਰੀਕੇ ਨਾਲ ਹੋਵੇ|
ਨਾਗਰਿਕ ਦਾ ਸਨਮਾਨ ਜਰੂਰੀ ਹੈ| ਸਰਕਾਰੀ ਦਫ਼ਤਰ ਵਿੱਚ ਆਇਆ ਮਨੁੱਖ ਸਿਰਫ ਅਰਜ਼ੀ ਨੰਬਰ ਨਹੀਂ ਬਲਕਿ ਇੱਕ ਮਨੁੱਖ ਹੈ| ਲਗਾਤਾਰ ਸੰਵਾਦ ਵੀ ਜਰੂਰੀ ਹੈ| ਲੋਕਾਂ ਨਾਲ ਸਿਰਫ਼ ਚੋਣਾਂ ਤੋਂ ਪਹਿਲਾਂ ਨਹੀਂ, ਨੀਤੀ ਬਣਾਉਣ ਤੋਂ ਪਹਿਲਾਂ ਅਤੇ ਨੀਤੀ ਲਾਗੂ ਹੋਣ ਤੋਂ ਬਾਅਦ ਵੀ ਗੱਲ ਹੋਵੇ|
ਪੰਜਾਬ ਨੂੰ ਸਰਕਾਰ ਅਤੇ ਲੋਕਾਂ ਦੇ ਨਾਲ ਚੱਲਣਾ ਪਵੇਗਾ| ਸਰਕਾਰ ਅਤੇ ਲੋਕ ਵਿਰੋਧੀ ਧਿਰਾਂ ਨਹੀਂ ਹਨ| ਸਰਕਾਰੀ ਕਰਮਚਾਰੀ ਵੀ ਲੋਕਾਂ ਵਿੱਚੋਂ ਹਨ| ਕਿਸਾਨ, ਵਪਾਰੀ, ਅਧਿਆਪਕ, ਨੌਜਵਾਨ ਅਤੇ ਬਜ਼ੁਰਗ ਵੀ ਲੋਕ ਹਨ|
ਜਦੋਂ ਪ੍ਰਬੰਧ ਅਤੇ ਲੋਕ ਆਮਨੇ-ਸਾਮਨੇ ਖੜ੍ਹੇ ਹੁੰਦੇ ਹਨ ਤਾਂ ਅਸਲ ਵਿੱਚ ਪੰਜਾਬ ਕਮਜ਼ੋਰ ਹੁੰਦਾ ਹੈ| ਹਾਲੀਆ ਘਟਨਾਵਾਂ ਇਹ ਵੀ ਦੱਸਦੀਆਂ ਹਨ ਕਿ ਵਿਰੋਧ ਲੋਕਤੰਤਰ ਦਾ ਹਿੱਸਾ ਹੈ, ਪਰ ਸਰਕਾਰ ਅਤੇ ਨਾਗਰਿਕ ਦੋਵਾਂ ਲਈ ਸੰਵਾਦ ਅਤੇ ਸ਼ਾਂਤੀਪੂਰਨ ਹੱਲ ਦੀ ਮਹੱਤਤਾ ਬਣੀ ਰਹਿੰਦੀ ਹੈ|
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਨੂੰ ਮੰਨਦੇ ਹੋਏ ਜਨਤਕ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਉੱਤੇ ਜ਼ੋਰ ਦਿੱਤਾ ਹੈ|
ਸਭ ਤੋਂ ਵੱਡੀ ਚਿੰਤਾ ਉਸ ਦਿਨ ਦੀ ਹੈ ਜਦੋਂ ਇੱਕ ਆਮ ਨਾਗਰਿਕ ਸਰਕਾਰੀ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਹੀ ਮਨ ਵਿੱਚ ਸੋਚ ਲਵੇ ਕਿ ਉਸਦਾ ਕੰਮ ਤਾਂ ਹੋਣਾ ਹੀ ਨਹੀਂ| ਇਹ ਇੱਕ ਵਾਕ ਹੈ, ਪਰ ਇਸਦੇ ਪਿੱਛੇ ਬਹੁਤ ਵੱਡਾ ਮਨੋਵਿਗਿਆਨ ਹੈ| ਇਸ ਵਿੱਚ ਨਿਰਾਸ਼ਾ ਹੈ, ਇਸ ਵਿੱਚ ਪਿਛਲੇ ਅਨੁਭਵ ਹਨ, ਇਸ ਵਿੱਚ ਬੇਬਸੀ ਹੈ, ਇਸ ਵਿੱਚ ਪ੍ਰਬੰਧ ਤੋਂ ਦੂਰੀ ਹੈ ਅਤੇ ਸਭ ਤੋਂ ਵੱਧ-ਇਸ ਵਿੱਚ ਭਵਿੱਖ ਬਾਰੇ ਘਟਦਾ ਭਰੋਸਾ ਹੈ|
ਇਸ ਲਈ ਸਰਕਾਰ ਨੂੰ ਸਿਰਫ਼ ਇਹ ਨਹੀਂ ਦੇਖਣਾ ਚਾਹੀਦਾ ਕਿ ਕਿੰਨੇ ਕੰਮ ਹੋਏ| ਇਹ ਵੀ ਦੇਖਣਾ ਪਵੇਗਾ ਕਿ ਕਿੰਨੇ ਲੋਕ ਕੰਮ ਹੋਣ ਤੋਂ ਬਾਅਦ ਪ੍ਰਬੰਧ ਉੱਤੇ ਪਹਿਲਾਂ ਨਾਲੋਂ ਵੱਧ ਭਰੋਸਾ ਕਰਦੇ ਹਨ| ਇਹੀ ਅਸਲ ਲੋਕਕੇਂਦਰਿਤ ਸ਼ਾਸਨ ਦੀ ਪਰਖ ਹੈ|
ਪੰਜਾਬ ਨੂੰ ਅੱਜ ਸਿਰਫ਼ ਨਵੀਆਂ ਯੋਜਨਾਵਾਂ ਦੀ ਲੋੜ ਨਹੀਂ ਹੈ ਬਲਕਿ ਉਸਨੂੰ ਨਵਾਂ ਭਰੋਸਾ ਚਾਹੀਦਾ ਹੈ| ਅਜਿਹਾ ਭਰੋਸਾ ਜੋ ਇਸ਼ਤਿਹਾਰਾਂ ਨਾਲ ਨਹੀਂ, ਲੋਕਾਂ ਦੇ ਰੋਜ਼ਾਨਾ ਅਨੁਭਵ ਨਾਲ ਬਣੇ| ਜਦੋਂ ਇੱਕ ਬਜ਼ੁਰਗ ਆਪਣਾ ਕੰਮ ਕਰਵਾ ਕੇ ਸੰਤੁਸ਼ਟ ਵਾਪਸ ਆਵੇ| ਜਦੋਂ ਕਿਸਾਨ ਨੂੰ ਆਪਣੀ ਗੱਲ ਸੜਕ ਤੇ ਆਉਣ ਤੋਂ ਪਹਿਲਾਂ ਸੁਣਵਾਈ ਮਿਲੇ| ਜਦੋਂ ਨੌਜਵਾਨ ਨੂੰ ਆਪਣੀ ਯੋਗਤਾ ਅਨੁਸਾਰ ਮੌਕਾ ਮਿਲੇ| ਜਦੋਂ ਸਰਕਾਰੀ ਕਰਮਚਾਰੀ ਨੂੰ ਆਪਣੀ ਮੰਗ ਲਈ ਪ੍ਰਭਾਵਸ਼ਾਲੀ ਸੰਵਾਦ ਦਾ ਮੰਚ ਮਿਲੇ| ਅਤੇ ਜਦੋਂ ਸਰਕਾਰ ਇਹ ਸਮਝੇ ਕਿ ਜਵਾਬਦੇਹੀ ਕਮਜ਼ੋਰੀ ਨਹੀਂ-ਲੋਕਤੰਤਰ ਦੀ ਤਾਕਤ ਹੈ|
ਉਦੋਂ ਭਰੋਸਾ ਵਾਪਸ ਆਵੇਗਾ| ਕਿਉਂਕਿ ਸਰਕਾਰ ਦਾ ਅਸਲ ਚਿਹਰਾ ਇਸ਼ਤਿਹਾਰਾਂ ਵਿੱਚ ਨਹੀਂ ਦਿਖਾਈ ਦਿੰਦਾ| ਸਰਕਾਰ ਦਾ ਅਸਲ ਚਿਹਰਾ ਉਸ ਪਲ ਦਿਖਾਈ ਦਿੰਦਾ ਹੈ, ਜਦੋਂ ਇੱਕ ਆਮ ਮਨੁੱਖ ਆਪਣਾ ਕੰਮ ਲੈ ਕੇ ਉਸਦੇ ਦਰਵਾਜ਼ੇ ਤੇ ਪਹੁੰਚਦਾ ਹੈ| ਅਤੇ ਜੇ ਉਸ ਵਕਤ ਨਾਗਰਿਕ ਦੇ ਮਨ ਵਿੱਚ ਇਹ ਭਰੋਸਾ ਜਾਗ ਪਏ ਕਿ ਉਸਦੀ ਗੱਲ ਸੁਣੀ ਜਾਵੇਗੀ| ਤਾਂ ਸਮਝੋ ਲੋਕਤੰਤਰ ਸਿਰਫ਼ ਚੱਲ ਨਹੀਂ ਰਿਹਾ ਬਲਕਿ ਉਹ ਲੋਕਾਂ ਦੇ ਮਨ ਵਿੱਚ ਜੀ ਰਿਹਾ ਹੈ|
ਡਾ. ਹਰਜਿੰਦਰ ਸਿੰਘ ਹੈਰੀ
ਸੀਨੀਅਰ ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ
Editorial
ਫੋਕੇ ਦਾਅਵਿਆਂ ਅਤੇ ਇਸ਼ਤਿਹਰਬਾਜੀ ਨਾਲ ਹਲ ਨਹੀਂ ਹੁੰਦੇ ਲੋਕਾਂ ਦੇ ਮਸਲੇ
ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਅਤੇ ਪੌਣੇ ਪੰਜ ਸਾਲ ਪਹਿਲਾਂ ਸੂਬੇ ਦੀ ਸੱਤਾ ਸੰਭਾਲਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਭਾਵੇਂ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰੰਤੂ ਸੂਬੇ ਦੇ ਵਸਨੀਕ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਕਾਫੀ ਹੱਦ ਤਕ ਅਸੰਤੁਸ਼ਟ ਦਿਖਦੇ ਹਨ ਅਤੇ ਆਮ ਲੋਕਾਂ ਨੂੰ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਨਜਰ ਨਹੀਂ ਆਉਂਦਾ। ਇਹ ਗੱਲ ਹੋਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਪੰਜਾਬ ਭਰ ਵਿੱਚ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਵੱਡੇ ਹੋਰਡਿੰਗ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਦੇ ਸੋਹਲੇ ਜਰੂਰ ਗਾਏ ਜਾਂਦੇ ਰਹੇ ਹਨ। ਪਰੰਤੂ ਇਸ ਸੰਬੰਧੀ ਆਮ ਲੋਕਾਂ ਦੀ ਮੰਨੀਏ ਤਾਂ ਉਹਨਾਂ ਨੂੰ ਸਰਕਾਰ ਦੇ ਇਹ ਤਮਾਮ ਐਲਾਨ ਪੂਰੀ ਤਰ੍ਹਾਂ ਖੋਖਲੇ ਲੱਗਦੇ ਹਨ ਅਤੇ ਵਿਰੋਧੀ ਪਾਰਟੀਆਂ ਵਲੋਂ ਤਾਂ ਪਹਿਲਾਂ ਹੀ ਇਸ ਸਰਕਾਰ ਨੂੰ ਐਲਾਨਵੰਤ ਸਰਕਾਰ ਦਾ ਦਰਜਾ ਦਿੱਤਾ ਜਾ ਚੁੱਕਿਆ ਰਿਹਾ ਹੈ।
ਇੰਨਾ ਜਰੂਰ ਹੈ ਕਿ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਇਸ਼ਤਿਹਾਰਬਾਜੀ ਜਰੂਰ ਕੀਤੀ ਜਾਂਦੀ ਰਹੀ ਹੈ ਅਤੇ ਅਤੇ ਸਰਕਾਰ ਦਾ ਲੋਕ ਸੰਪਰਕ ਵਿਭਾਗ ਇਸੇ ਕੰਮ ਵਿੱਚ ਰੁੱਝਿਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਤਾਂ ਇਹ ਹਾਲ ਹੈ ਕਿ ਉਹਨਾਂ ਵਲੋਂ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਵੱਡੇ ਵੱਡੇ ਬੋਰਡ ਲਗਾ ਕੇ ਰੱਖੇ ਗਏ ਹਨ। ਇਸ ਸੰਬੰਧੀ ਵਿਰੋਧੀ ਪਾਰਟੀਆਂ ਦੇ ਆਗੂ ਦੋਸ਼ ਲਗਾਉਂਦੇ ਹਨ ਸੱਤਾਧਾਰੀ ਆਗੂਆਂ ਨੂੰ ਆਮ ਲੋਕਾਂ ਦੇ ਮਸਲੇ ਨਜਰ ਨਹੀਂ ਆਉਂਦੇ ਬਲਕਿ ਉਹ ਤਾਂ ਸਿਰਫ ਵੱਡੇ ਵੱਡੇ ਬੋਰਡ ਅਤੇ ਬੈਨਰ ਲਗਾਉਣ ਵਿਚ ਹੀ ਰੁੱਝੇ ਹੋਏ ਹਨ, ਜਿਹਨਾਂ ਵਿੱਚ ਉਹ ਮੁੱਖ ਮੰਤਰੀ ਦੇ ਵੱਡੇ ਚਿਹਰੇ ਦੇ ਨਾਲ ਆਪਣੀਆਂ ਫੋਟੋਆਂ ਵੀ ਛਾਪ ਲੈਂਦੇ ਹਨ।
ਹਾਲਾਂਕਿ ਸਰਕਾਰਾਂ ਵਲੋਂ ਮੁੱਖ ਮੰਤਰੀ ਦੀ ਫੋਟੋ ਨਾਲ ਪ੍ਰਚਾਰ ਕਰਨ ਦਾ ਇਹ ਰੁਝਾਨ ਬਹੁਤ ਪੁਰਾਣਾ ਅਤੇ ਹਾਲਾਂਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਇਸੇ ਤਰ੍ਹਾਂ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡ ਅਤੇ ਇਸ਼ਤਿਹਾਰ ਲੱਗਦੇ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੱਤਾ ਤੇ ਕਾਬਜ ਸਾਰੀਆਂ ਹੀ ਪਾਰਟੀਆਂ ਵਲੋਂ ਸਰਕਾਰੀ ਪੈਸੇ ਦੇ ਜੋਰ ਤੇ ਆਪਣਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਦਲਾਅ ਦੇ ਨਾਹਰੇ ਅਤੇ ਲੋਕਾਂ ਦੇ ਮਸਲੇ ਹਲ ਕਰਨ ਦੇ ਵਾਇਦਿਆਂ ਨਾਲ ਸੱਤਾ ਵਿੱਚ ਆਈ ਸੀ ਅਤੇ ਲੋਕਾਂ ਨੇ ਉਸਦੇ ਦਾਅਵਿਆਂ ਅਤੇ ਵਾਇਦਿਆਂ ਤੇ ਭਰੋਸਾ ਕਰਕੇ ਹੀ ਉਸਨੂੰ ਸੱਤਾ ਸੰਭਾਲੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਵਗੰਤ ਸਿੰਘ ਮਾਨ, ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਲੋਂ ਇਸ ਤਰੀਕੇ ਨਾਲ ਕੀਤੇ ਜਾਂਦੇ ਮੁੱਖ ਮੰਤਰੀ ਦੀਆਂ ਫੋਟੋਆਂ ਰਾਂਹੀ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਆਮ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਹਾ ਕਰਦੇ ਸੀ, ਇਸ਼ਤਿਹਾਰਬਾਜੀ ਦੀ ਇਸ ਹੋੜ ਵਿੱਚ ਹੋਰਨਾਂ ਪਾਰਟੀਆਂ ਨੂੰ ਬਹੁਤ ਪਿੱਛੇ ਛੱਡ ਗਏ ਹਨ।
ਆਮ ਲੋਕ ਅਕਸਰ ਸਵਾਲ ਕਰਦੇ ਹਨ ਕਿ ਬਦਲਾਅ ਦਾ ਨਾਹਰਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਮਸਲੇ ਹਲ ਕਰਨ ਲਈ ਕੰਮ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਪ੍ਰਚਾਰ ਦੇ ਰਾਹ ਕਿਉਂ ਪੈ ਗਈ ਹੈ। ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਲਗਾਤਾਰ ਮਹਿੰਗੀ ਹੁੰਦੀ ਸਿਖਿਆ ਅਤੇ ਮਹਿੰਗਾ ਇਲਾਜ ਪੰਜਾਬੀਆਂ ਦੇ ਮੁੱਖ ਮਸਲੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸਰਕਾਰ ਵਲੋਂ ਭਾਵੇਂ ਥਾਂ ਥਾਂ ਤੇ ਵੱਡੇ ਬੈਨਰ ਅਤੇ ਹੋਰਡਿੰਗ ਲਗਾ ਕੇ ਵੱਡੇ ਵੱਡੇ ਐਲਾਨ (ਅਤੇ ਦਾਅਵੇ) ਕੀਤੇ ਜਾ ਰਹੇ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਆਮ ਲੋਕਾਂ ਦੇ ਉਪਰੋਕਤ ਵੱਡੇ ਮਸਲੇ ਉਸੇ ਤਰ੍ਹਾਂ ਲਮਕ ਰਹੇ ਹਨ।
ਮੌਜੂਦਾ ਸਰਕਾਰ ਦੀ ਕਾਰਗੁਜਾਰੀ ਵਿੱਚ ਇੰਨਾ ਫਰਕ ਜਰੂਰ ਹੈ ਕਿ ਇਸਨੇ ਆਪਣੇ ਦਾਅਵਿਆਂ ਵਿੱਚ ਇਹ ਸਾਰੇ ਮਸਲੇ ਹਲ ਕਰ ਦਿੱਤੇ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਸਰਕਾਰ ਦੇ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਹਨ ਅਤੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਹਲ ਲਈ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਜੇਕਰ ਸੱਤਾਧਾਰੀ ਆਗੂ ਇਹ ਸਮਝਦੇ ਹਨ ਕਿ ਉਹ ਆਪਣੇ ਇਹਨਾਂ ਫੋਕੇ ਦਾਅਵਿਆਂ ਅਤੇ ਝੂਠੇ ਐਲਾਨਾਂ ਦਾ ਪ੍ਰਚਾਰ ਕਰਕੇ ਜਨਤਾ ਨੂੰ ਗੁੰਮਰਾਹ ਕਰ ਸਕਦੇ ਹਨ ਤਾਂ ਇਹ ਉਹਨਾਂ ਦੀ ਗਲਤਫਹਿਮੀ ਹੈ ਅਤੇ ਅਜਿਹੇ ਦਾਅਵਿਆਂ ਨਾਲ ਉਹ ਆਮ ਜਨਤਾ ਨੂੰ ਧੋਖਾ ਨਹੀਂ ਦੇ ਸਕਦੇ। ਅਜਿਹੇ ਵੱਡੇ ਬੋਰਡਾਂ ਅਤੇ ਬੈਨਰਾਂ ਤੇ ਆਪਣੀ ਫੋਟੋ ਲਗਾ ਕੇ ਮੁੱਖ ਮੰਤਰੀ ਖੁਦ ਨੂੰ ਤਾਂ ਖੁਸ਼ ਕਰ ਸਕਦੇ ਹਨ ਪਰੰਤੂ ਜਨਤਾ ਉਹਨਾਂ ਦੇ ਕੰਮ ਤੋਂ ਕਿੰਨੀ ਕੁ ਸਤੁਸ਼ਟ ਹੈ ਇਸਦਾ ਪਤਾ ਆਉਣ ਵਾਲੀਆਂ ਚੋਣਾਂ ਦੌਰਾਨ ਉਹਨਾਂ ਦੀ ਪਾਰਟੀ ਨੂੰ ਮਿਲੀਆਂ ਸੀਟਾਂ ਨਾਲ ਜਾਹਿਰ ਹੋ ਜਾਣਾ ਹੈ।
Editorial
ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ ਅਮਨ ਕਾਨੂੰਨ ਦਾ ਮਸਲਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਅਮਨ ਕਾਨੂੰਨ ਦੀ ਗੰਭੀਰ ਹੋ ਰਹੀ ਸਥਿਤੀ ਦਾ ਮੁੱਦਾ ਉਠਾਇਆ ਹੈ। ਰਾਜਪਾਲ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਧ ਰਿਹਾ ਗੰਨ ਕਲਚਰ ਚਿੰਤਾ ਦਾ ਵਿਸ਼ਾ ਹੈ। ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਪਟਾਕਿਆਂ ਵਾਂਗ ਹੀ ਗੋਲੀਆਂ ਚੱਲ ਰਹੀਆਂ ਹਨ। ਪੰਜਾਬ ਵਿੱਚ ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਵਿੱਚ ਹਥਿਆਰਾਂ ਪ੍ਰਤੀ ਵਧ ਰਹੀ ਖਿੱਚ ਨੇ ਸੂਬੇ ਦੇ ਭਵਿੱਖ ਬਾਰੇ ਚਿੰਤਾਵਾਂ ਵਧਾਈਆਂ ਹਨ।
ਪੰਜਾਬ ਦੇ ਰਾਜਪਾਲ ਵੱਲੋਂ ਗੰਨ ਕਲਚਰ ਪ੍ਰਤੀ ਕੀਤੀ ਗਈ ਵੱਡੀ ਟਿੱਪਣੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਇਹਨਾਂ ਚੋਣਾਂ ਸਬੰਧੀ ਚੋਣ ਕਮਿਸ਼ਨ ਤੋਂ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦਿਨੋਂ ਦਿਨ ਵੱਖ ਵੱਖ ਕਾਰਨਾਂ ਕਰਕੇ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਰਿਹਾ ਹੈ। ਹਰ ਸਿਆਸੀ ਪਾਰਟੀ ਇਹ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋ ਗਈ ਹੈ। ਹਰ ਸਿਆਸੀ ਪਾਰਟੀ ਵੱਲੋਂ ਹੀ ਚੋਣਾਂ ਜਿੱਤਣ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅਨੇਕਾਂ ਮੁੱਦੇ ਉਠਾਏ ਜਾ ਰਹੇ ਹਨ।
ਇੱਕ ਪਾਸੇ ਪੰਜਾਬ ਵਿੱਚ ਕੁਝ ਸਿਆਸੀ ਪਾਰਟੀਆਂ ਵੱਲੋਂ ਨਸ਼ੇ ਦਾ ਮੁੱਦਾ ਉਠਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਰਾਜਪਾਲ ਵੱਲੋਂ ਗੰਨ ਕਲਚਰ ਸਬੰਧੀ ਕੀਤੀ ਗਈ ਵੱਡੀ ਟਿੱਪਣੀ ਤੋਂ ਬਾਅਦ ਪੰਜਾਬ ਦੀ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਅਤੇ ਗੰਨ ਕਲਚਰ ਨੂੰ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣਾਏ ਜਾਣ ਦੇ ਆਸਾਰ ਬਣ ਗਏ ਹਨ। ਆਮ ਲੋਕ ਉਸ ਸਮੇਂ ਹੈਰਾਨ ਹੋ ਜਾਂਦੇ ਹਨ ਜਦੋਂ ਅਨੇਕਾਂ ਸੁਰੱਖਿਆ ਗਾਰਡਾਂ ਵਿੱਚ ਘਿਰੇ ਕਿਸੇ ਸਿਆਸੀ ਆਗੂ ਵੱਲੋਂ ਆਮ ਲੋਕਾਂ ਨੂੰ ਗੰਨ ਕਲਚਰ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਫੈਲ ਰਹੇ ਗੰਨ ਕਲਚਰ ਨੂੰ ਘਟਾਉਣ ਲਈ ਆਮ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ।
ਆਮ ਲੋਕ ਉਸ ਸਮੇਂ ਇਹ ਵੀ ਸੋਚਦੇ ਹਨ ਕਿ ਅਜਿਹੇ ਸਿਆਸੀ ਆਗੂਆਂ ਦੇ ਆਲੇ ਦੁਆਲੇ ਹਰ ਸਮੇਂ ਹਥਿਆਰਬੰਦ ਸੁਰੱਖਿਆ ਮੁਲਾਜਮ ਰਹਿੰਦੇ ਹਨ ਤਾਂ ਫਿਰ ਉਹ ਆਮ ਲੋਕਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਦਾ ਸੁਨੇਹਾ ਕਿਸ ਆਧਾਰ ਤੇ ਦੇ ਰਹੇ ਹਨ। ਅਸਲ ਵਿੱਚ ਆਮ ਲੋਕ ਸਿਆਸੀ ਆਗੂਆਂ ਨੂੰ ਮਿਲੇ ਸੁਰੱਖਿਆ ਮੁਲਾਜਮਾਂ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੁੰਦੇ ਹਨ ਅਤੇ ਉਹਨਾਂ ਵਿੱਚ ਵੀ ਸਿਆਸੀ ਆਗੂਆਂ ਵਾਂਗ ਆਪਣੇ ਨਾਲ ਹਥਿਆਰਬੰਦ ਬਾਡੀਗਾਰਡ ਰੱਖਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਸਿਆਸੀ ਆਗੂਆਂ ਦੀਆਂ ਵੀ ਖ਼ਬਰਾਂ ਆਈਆਂ ਜਿਹਨਾਂ ਨੇ ਸਰਕਾਰੀ ਸੁਰੱਖਿਆ ਛਤਰੀ ਲੈਣ ਲਈ ਆਪਣੇ ਉਪਰ ਖੁਦ ਹੀ ਆਪਣੇ ਬੰਦਿਆਂ ਤੋਂ ਨਕਲੀ ਹਮਲੇ ਕਰਵਾਏ ਸਨ।
ਪੰਜਾਬੀ ਨੌਜਵਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਹਥਿਆਰ ਬਹੁਤ ਪਸੰਦ ਹਨ। ਪੰਜਾਬ ਵਿੱਚ ਕਈ ਦਹਾਕਿਆਂ ਤੱਕ ਅਨੇਕਾਂ ਹਥਿਆਰਬੰਦ ਲਹਿਰਾਂ ਚੱਲੀਆਂ, ਜਿਹਨਾਂ ਨੂੰ ਭਾਵੇਂ ਪੁਲੀਸ ਸ਼ਕਤੀ ਨਾਲ ਦਬਾ ਦਿੱਤਾ ਗਿਆ ਹੈ ਪਰ ਇਹਨਾਂ ਲਹਿਰਾਂ ਵਿੱਚ ਵੱਡੀ ਗਿਣਤੀ ਨੌਜਵਾਨ ਸਿਰਫ਼ ਹਥਿਆਰਾਂ ਦੇ ਮੋਹ ਕਾਰਨ ਹੀ ਸ਼ਾਮਲ ਹੋਏ ਸਨ। ਪੰਜਾਬ ਵਿੱਚ ਹਥਿਆਰਾਂ ਦਾ ਲਾਇਸੈਂਸ ਲੈਣਾ ਬਹੁਤ ਔਖਾ ਹੈ ਪਰ ਹਥਿਆਰਾਂ ਦੇ ਇੱਕ ਲਾਇਸੈਂਸ ਤੇ ਕੋਈ ਵੀ ਵਿਅਕਤੀ ਦੋ ਹਥਿਆਰ ਰੱਖ ਸਕਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਦੇ ਕਈ ਵਿਅਕਤੀਆਂ ਕੋਲ ਦੋ ਦੋ ਹਥਿਆਰ ਹੁੰਦੇ ਹਨ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਵਿੱਚ ਅਨੇਕਾਂ ਲੋਕਾਂ ਕੋਲ ਗ਼ੈਰ ਕਾਨੂੰਨੀ ਹਥਿਆਰ ਵੀ ਹਨ, ਜਿਸ ਕਾਰਨ ਪੰਜਾਬ ਵਿੱਚ ਹਥਿਆਰਾਂ ਦੀ ਗਿਣਤੀ ਕਿੰਨੀ ਹੈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਗ਼ੈਰ ਕਾਨੂੰਨੀ ਹਥਿਆਰ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ।
ਪੰਜਾਬ ਵਿੱਚ ਜਿਸ ਤਰੀਕੇ ਨਾਲ ਗੰਨ ਕਲਚਰ ਵਧ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਮੁੱਦਾ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਬਿਊਰੋ
Editorial
ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਪੂਰੇ ਹੁੰਦੇ ਹਨ ਸੁਨਹਿਰੀ ਸੁਪਨੇ
ਜਦੋਂ ਅਸੀਂ ਮਹਾਨ ਅਤੇ ਵਿਸ਼ਵ ਜੇਤੂ ਵਿਅਕਤੀਆਂ ਦੀਆਂ ਸਵੈ -ਜੀਵਨੀਆਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਨੇ ਵਿਸ਼ਵ ਜੇਤੂ ਬਣਨ ਦਾ ਸੁਪਨਾ ਆਪਣੇ ਬਚਪਣ ਵਿੱਚ ਹੀ ਵੇਖਿਆ ਸੀ। ਪ੍ਰਸਿੱਧ ਖਿਡਾਰੀਆਂ ਵੱਲੋਂ ਵੀ ਬਚਪਣ ਵਿੱਚ ਆਪਣੇ ਨਿੱਕੇ ਨਿੱਕੇ ਕੋਮਲ ਹੱਥਾਂ ਵਿੱਚ ਟੈਨਿਸ, ਬੈਡਮਿੰਟਨ ਦਾ ਰੈਕਟ, ਕ੍ਰਿਕਟ ਦਾ ਬੈਟ ਅਤੇ ਹਾਕੀ ਫੜਕੇ ਲਿਆ ਗਿਆ ਵਿਸ਼ਵ ਜੇਤੂ ਬਣਨ ਦਾ ਸੁਪਨਾ ਪੂਰੀ ਦੁਨੀਆ ਨੇ ਇੱਕ ਦਿਨ ਪੂਰਾ ਹੁੰਦਾ ਜਰੂਰ ਵੇਖਿਆ ਹੁੰਦਾ ਹੈ।
ਇਹਨਾਂ ਸੁਪਨਿਆਂ ਨੂੰ ਸੱਚ ਵਿੱਚ ਤਬਦੀਲ ਕਰਨ ਲਈ ਚੰਗੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ ਅਤੇ ਜੇਕਰ ਜ਼ਿੰਦਗੀ ਦੀ ਡੋਰ ਬਚਪਣ ਵਿੱਚ ਹੀ ਸਹੀ ਹੱਥਾਂ ਵਿੱਚ ਚਲੀ ਜਾਵੇ ਤਾਂ ਹਰ ਬੱਚੇ ਦੀ ਜ਼ਿੰਦਗੀ ਬਣ ਜਾਂਦੀ ਹੈ। ਜ਼ਿੰਦਗੀ ਦੀ ਡੋਰ ਫੜਨ ਵਾਲੇ ਵਿਅਕਤੀ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਬੱਚੇ ਦੀ ਜ਼ਿੰਦਗੀ ਰੂਪੀ ਡੋਰ ਨੂੰ ਕਦੋਂ ਢਿੱਲ ਦੇਣੀ ਹੈ ਅਤੇ ਕਦੋਂ ਖਿੱਚਣੀ ਹੈ। ਇਸ ਡੋਰ ਵਿੱਚ ਲਚਕੀਲਾਪਣ ਹੋਣਾ ਜ਼ਰੂਰੀ ਹੁੰਦਾ ਹੈ। ਵਧੇਰੇ ਢਿੱਲੀ ਡੋਰ ਵੀ ਕਿਸੇ ਕੰਮ ਦੀ ਨਹੀਂ ਹੁੰਦੀ ਅਤੇ ਖਿੱਚ ਮਾਰਨ ਨਾਲ ਡੋਰ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਉੱਪਰ ਪੜਾਈ ਦਾ ਓਨਾ ਕੁ ਭਾਰ ਪਾਓ, ਜਿੰਨਾ ਕੁ ਉਹ ਸਹਿਜੇ ਹੀ ਚੁੱਕ ਸਕਣ। ਜਿਹੜੇ ਬੱਚੇ ਬਚਪਣ ਅਤੇ ਅੱਲ੍ਹੜ ਉਮਰ ਵਿੱਚ ਸਖ਼ਤ ਮਿਹਨਤ ਕਰ ਲੈਂਦੇ ਹਨ, ਉਹ ਜ਼ਿੰਦਗੀ ਭਰ ਚੰਗਾ ਜੀਵਨ ਬਤੀਤ ਕਰਦੇ ਹਨ। ਦੂਜੇ ਪਾਸੇ ਜਿਹੜੇ ਬੱਚੇ ਬਚਪਣ ਵਿੱਚ ਆਪਣੀ ਜ਼ਿੰਦਗੀ ਪ੍ਰਤੀ ਅਵੇਸਲੇ ਰਹਿੰਦੇ ਹਨ ਉਹ ਜ਼ਿੰਦਗੀ ਦੇ ਰਾਹ ਵਿੱਚ ਵਿਖਰ ਜਾਂਦੇ ਹਨ। ਕਈ ਬੱਚੇ ਬਚਪਣ ਵਿੱਚ ਹੀ ਬਿਖੜੇ ਪੈਂਡਿਆਂ ਦੇ ਰਾਹੀ ਬਣ ਜਾਂਦੇ ਹਨ। ਕੋਈ ਬੱਚਾ ਬਚਪਣ ਵਿੱਚ ਪੁਲਾੜ ਵਿਗਿਆਨੀ ਬਣਨ ਦਾ ਸੁਪਨਾ ਲੈਂਦਾ ਹੈ। ਕੋਈ ਬੱਚਾ ਬਚਪਣ ਵਿੱਚ ਹੀ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਜਾਣ ਦਾ ਸੁਪਨਾ ਲੈਂਦਾ ਹੈ। ਵੱਡੀ ਗਿਣਤੀ ਬੱਚੇ ਵੱਡੇ ਹੋ ਕੇ ਕੁਝ ਵੱਡਾ ਕਰਨ ਦਾ ਸੁਪਨਾ ਜ਼ਰੂਰ ਵੇਖਦੇ ਹਨ, ਲੋੜ ਤਾਂ ਇਹਨਾਂ ਸੁਪਨਿਆਂ ਨੂੰ ਪੂੁਰਾ ਕਰਨ ਲਈ ਉਚਿੱਤ ਮਾਹੌਲ ਦੇਣ ਦੀ ਹੈ।
ਸੁਪਨਿਆਂ ਦੀ ਉਡਾਣ ਮਨੁੱਖ ਨੂੰ ਉਸ ਉਚਾਈ ਤੇ ਪਹੁੰਚਣ ਲਈ ਦਿਨ-ਰਾਤ ਪ੍ਰੇਰਿਤ ਕਰਦੀ ਹੈ ਜਿਸਨੂੰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਵਾਰ-ਵਾਰ ਕਰਨਾ ਪੈਂਦਾ ਹੈ ਪਰ ਅਸਲ ਵਿੱਚ ਜਿੱਤ ਦਾ ਤਾਜ ਵੀ ਉਸ ਦੇ ਸਿਰ ਹੀ ਸਜਦਾ ਹੈ ਜੋ ਮੁਸ਼ਕਿਲਾਂ ਤੋਂ ਘਬਰਾਉਂਦਾ ਨਹੀਂ ਬਲਕਿ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇੱਕ ਹੋਰ ਮੌਕੇ ਦੀ ਭਾਲ ਦੇ ਰੂਪ ਵਿੱਚ ਹੀ ਦੇਖਦਾ ਹੈ। ਕਹਿੰਦੇ ਹਨ ਇੱਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸ ਨੂੰ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ 10,000 ਵਾਰ ਅਸਫਲ ਰਹਿਣ ਤੋਂ ਬਾਅਦ ਬਲਬ ਬਣਾ ਸਕਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਬਲਕਿ ਮੈਨੂੰ ਇਹ ਪਤਾ ਲੱਗਿਆ ਕਿ 10,000 ਤਰੀਕੇ ਅਜਿਹੇ ਹਨ ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਹਨਾਂ ਦਾ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੀ ਉਹਨਾਂ ਨੂੰ ਸਫਲ ਬਣਾ ਸਕੀ।
ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਨਹੀਂ ਲੈ ਸਕੇਗਾ। ਹਰ ਹਨੇਰੀ ਰਾਤ ਤੋਂ ਬਾਅਦ ਦਿਨ ਦਾ ਉਜਾਲਾ ਵੀ ਆਉਂਦਾ ਹੈ। ਇਸ ਲਈ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਿਲੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਪਹਿਲਾਂ ਨਾਲੋਂ ਵੀ ਵਧੇਰੇ ਮਿਹਨਤ ਕਰਨੀ ਚਾਹੀਦੀ ਹੈ।
ਬਿਊਰੋ
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
