Connect with us

Editorial

ਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ

Published

on

ਬੀ. ਐਸ. ਐਫ਼. 50 ਕਿਲੋਮੀਟਰ ਦੇ ਘੇਰੇ ਵਿੱਚ ਨਸ਼ਾ ਰੋਕਣ ਵਿੱਚ ਨਾਕਾਮ, ਨਸ਼ਾ ਰੋਕਣ ਲਈ ਪੰਜਾਬ ਨੂੰ ਫ਼ੌਜ ਹਵਾਲੇ ਕਰਨ ਦੀ ਲੋੜ

ਨਸ਼ਿਆਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਅੱਤਵਾਦ ਤੋਂ ਵੀ ਵੱਧ ਖਤਰਨਾਕ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਸ਼ਾ ਰੋਕਣ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਅੱਜ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ, ਜਿਸ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਆਏ ਦਿਨ ਵੱਖ ਵੱਖ ਪਿੰਡਾਂ/ਸ਼ਹਿਰਾਂ ਵਿੱਚ ਚਿੱਟੀਆਂ ਚੁੰਨੀਆਂ ਵਾਲੀਆਂ ਔਰਤਾਂ ਨਸ਼ੇ ਕਾਰਨ ਮਰੇ ਕਿਸੇ ਨਾ ਕਿਸੇ ਨੌਜਵਾਨ ਦੀ ਮਕਾਨ ਜਾਂਦੀਆਂ ਦਿਖਾਈ ਦਿੰਦੀਆਂ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਨਸ਼ੇ ਦਾ ਦੈਂਤ ਪੰਜਾਬ ਦੇ ਨੌਜਵਾਨਾਂ ਨੂੰ ਸਬੂਤਾ ਨਿਗਲ ਰਿਹਾ ਹੈ।

ਸਿਆਸੀ ਪਾਰਟੀਆਂ ਲਈ ਨਸ਼ਾ ਸਿਰਫ਼ ਇੱਕ ਚੋਣ ਮੁੱਦਾ ਬਣ ਕੇ ਰਹਿ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਨਸ਼ੇ ਦਾ ਮੁੱਦਾ ਉਦੋਂ ਹੀ ਉਠਾਉਂਦੀਆਂ ਹਨ, ਜਦੋਂ ਚੋਣਾਂ ਨੇੜੇ ਆ ਜਾਂਦੀਆਂ ਹਨ। ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਝ ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ, ਜਿਸ ਕਾਰਨ ਵੱਖ ਵੱਖ ਸਿਆਸੀ ਪਾਰਟੀਆਂ ਨੇ ਨਸ਼ੇ ਨੂੰ ਮੁੜ ਵੱਡਾ ਸਿਆਸੀ ਮੁੱਦਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਨਸ਼ੇ ਕਾਰਨ ਮਰੇ ਨੌਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਅ ਰਹੇ ਹਨ। ਦੂਜੇ ਪਾਸੇ ਕੁਝ ਸੂਝਵਾਨ ਲੋਕ ਸਿਆਸੀ ਆਗੂਆਂ ਦੀ ਇਸ ਕਾਰਵਾਈ ਨੂੰ ‘ਲਾਸ਼ਾਂ ਤੇ ਰਾਜਨੀਤੀ’ ਗਰਦਾਨ ਰਹੇ ਹਨ। ਵਿਧਾਨ ਸਭਾ ਚੋਣਾਂ ਆਉਣ ਤੋਂ ਪਹਿਲਾਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਨਸ਼ੇ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਆਪਣੇ ਦਰਸ਼ਨ ਯਾਤਰਾ ਅਤੇ ਰੈਲੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਨਸ਼ਾ ਪੰਜਾਬ ਵਿੱਚ ਇੱਕ ਗੰਭੀਰ ਮਸਲਾ ਬਣ ਚੁੱਕਾ ਹੈ, ਖਾਸ ਕਰਕੇ ਚਿੱਟਾ ਅਤੇ ਹੋਰ ਨਵੇਂ ਆਏ ਨਸ਼ਿਆਂ ਨੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਘਰਾਂ ਦੇ ਵਿੱਚ ਸੱਥਰ ਵਿਛਾਏ ਹਨ। ਜੇਕਰ ਚਿੱਟੇ ਦੀ ਗੱਲ ਕਰੀਏ ਤਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਚਿੱਟੇ ਦਾ ਰੌਲਾ ਵੱਡੇ ਪੱਧਰ ਤੇ ਪਿਆ ਸੀ ਅਤੇ ਅਕਾਲੀ ਦਲ ਦੇ ਵੱਡੇ ਵੱਡੇ ਆਗੂਆਂ ਉੱਤੇ ਚਿੱਟੇ ਦੇ ਸੌਦਾਗਰ ਹੋਣ ਦੇ ਸ਼ਰੇਆਮ ਦੋਸ਼ ਲੱਗੇ ਸਨ।

ਉਸ ਵੇਲੇ ਚਿੱਟਾ ਇੰਨਾ ਮਸ਼ਹੂਰ ਨਹੀਂ ਸੀ। ਚਿੱਟੇ ਬਾਰੇ ਖਬਰਾਂ ਆਉਂਦੀਆਂ ਸਨ ਪਰ ਪਿੰਡਾਂ ਦੇ ਉਹ ਹਾਲਾਤ ਨਹੀਂ ਸਨ, ਜੋ ਅੱਜ ਹਨ। ਉਸ ਵੇਲੇ ਜੇ ਸਰਕਾਰਾਂ ਨੇ ਚਿੱਟੇ ਉਤੇ ਕਾਬੂ ਪਾਇਆ ਹੁੰਦਾ ਤਾਂ ਅੱਜ ਵਾਲੇ ਹਾਲਾਤ ਨਾ ਬਣਦੇ। ਅਕਾਲੀ -ਭਾਜਪਾ ਗੱਠਜੋੜ ਸਰਕਾਰ ਜਾਣ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਵਿੱਚ ਫੇਲ੍ਹ ਰਹੀ, ਬਲਕਿ ਨਸ਼ਾ ਬਹੁਤ ਵੱਡੇ ਪੱਧਰ ਉੱਤੇ ਵਧਿਆ। ਘਰ ਘਰ ਨਸ਼ੇ ਦੀ ਕੁਰਲਾਹਟ ਪਈ ਅਤੇ ਕਾਂਗਰਸ ਦੀ ਸਰਕਾਰ ਜਾਣ ਤੱਕ ਵੱਖ- ਵੱਖ ਥਾਵਾਂ ਤੇ ਨਸ਼ੇ ਦੀ ਓਵਰਡੋਜ ਨਾਲ ਪੰਜਾਬੀਆਂ ਦੇ ਮਰਨ ਦੀਆਂ ਖਬਰਾਂ ਕਾਫੀ ਵੱਡੇ ਪੱਧਰ ਤੇ ਆਉਣੀਆਂ ਸ਼ੁਰੂ ਹੋ ਗਈਆਂ ਸਨ।

ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ਨੂੰ ਬਹੁਤ ਚੁੱਕਿਆ ਸੀ ਅਤੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਚਿੱਟੇ ਦੀ ਰੋਕਥਾਮ ਕਰਨਗੇ ਅਤੇ ਚਿੱਟੇ ਦੇ ਸੌਦਾਗਰਾਂ ਨੂੰ ਜੇਲ੍ਹ ਵਿੱਚ ਡੱਕ ਕੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਦਿੱਤਾ ਜਾਵੇਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੇਲੇ ਚਿੱਟਾ ਅਕਾਲੀ ਭਾਜਪਾ ਸਰਕਾਰ ਨਾਲੋਂ ਤਿੰਨ ਚਾਰ ਗੁਣਾ ਵੱਧ ਵਿਕਣ ਲੱਗ ਗਿਆ ਹੈ। ਪਹਿਲਾਂ ਕਦੇ ਕਦਾਰ ਖਬਰ ਆਉਂਦੀ ਸੀ ਕਿ ਫਲਾਣੇ ਥਾਂ ਚਿੱਟੇ ਨਾਲ ਮੌਤ ਹੋ ਗਈ ਪਰੰਤੂ ਹੁਣ ਹਰ ਪਿੰਡ, ਹਰ ਮਹੱਲੇ ਦੇ ਵਿੱਚ ਦਰਜਨਾਂ ਦੇ ਹਿਸਾਬ ਵਿੱਚ ਇਹੋ ਜਿਹੇ ਘਰ ਹਨ ਜਿਨਾਂ ਦੇ ਨੌਜਵਾਨ ਬੱਚੇ ਨਸ਼ੇ ਦੀ ਭੇਟ ਚੜ ਚੁੱਕੇ ਹਨ।

ਭਾਵੇਂ ਆਮ ਆਦਮੀ ਪਾਰਟੀ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੋਵੇ ਜਾਂ ਭਾਜਪਾ ਨਸ਼ਿਆਂ ਦੇ ਉੱਤੇ ਆਪਣੀ ਰੈਲੀ ਕਰਨ ਯਾਤਰਾ ਦੀ ਗੱਲ ਕਰੇ ਅਤੇ ਭਾਵੇਂ ਕਾਂਗਰਸ ਪਾਰਟੀ ਦੇ ਆਗੂ ਨਸ਼ਿਆਂ ਦੇ ਮੁੱਦੇ ਤੇ ਗੱਲ ਕਰਨ, ਪਰੰਤੂ ਆਮ ਲੋਕਾਂ ਲਈ ਇਹਨਾਂ ਸਿਆਸੀ ਵਾਇਦਿਆਂ ਅਤੇ ਦਾਅਵਿਆਂ ਦਾ ਕੋਈ ਅਰਥ ਨਹੀਂ ਹੈ। ਜੇਕਰ ਪੰਜਾਬ ਦੇ ਸਿਆਸੀ ਆਗੂ ਪੰਜਾਬ ਦੇ ਹਿੱਤਾਂ ਵਾਸਤੇ ਸੰਜੀਦਾ ਹੁੰਦੇ ਤਾਂ ਨਸ਼ੇ ਉੱਤੇ ਰੋਕ ਲਗਾਉਣੀ ਮੁਸ਼ਕਿਲ ਨਹੀਂ ਸੀ। ਪੁਲੀਸ ਚਾਹੇ ਤਾਂ ਇੱਕ ਛੋਟੀ ਜਿਹੀ ਚੋਰੀ ਵਾਲਾ ਬੰਦਾ ਵੀ ਰਾਤੋ ਰਾਤ ਫੜ ਲੈਂਦੀ ਹੈ। ਕਿਸੇ ਨਾਮੀ ਗਰਾਮੀ ਬੰਦੇ ਦੀ ਚੀਜ਼ ਗਵਾਚ ਜਾਏ ਤਾਂ ਕੁਝ ਘੰਟਿਆਂ ਵਿੱਚ ਹੀ ਲੱਭ ਲਈ ਜਾਂਦੀ ਹੈ। ਚੋਰ ਪਕੜਿਆ ਜਾਂਦਾ ਹੈ। ਪਰ ਹੁਣ ਤਾਂ ਪਿੰਡਾਂ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਹਰ ਪਿੰਡ ਵਿੱਚ ਦੋ ਤਿੰਨ ਥਾਵਾਂ ਅਜਿਹੀਆਂ ਹਨ ਜਿੱਥੇ ਤੁਹਾਨੂੰ ਹਰ ਸਮੇਂ ਦਰਜਨਾਂ ਸਰਿੰਜਾਂ ਪਈਆਂ ਮਿਲ ਜਾਣਗੀਆਂ।

ਜੇਕਰ ਪੁਲੀਸ ਇੱਕ ਪਿੰਡ ਤੋਂ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰੇ ਤਾਂ ਇੱਕ ਜਾਂ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਵਿੱਚ ਗੁਪਤ ਰੂਪ ਦੇ ਵਿੱਚ ਉਥੋਂ ਦੇ ਸਾਰੇ ਸੁਦਾਗਰਾਂ ਨੂੰ ਪਕੜ ਸਕਦੀ ਹੈ। ਜਿਹੜੇ ਲੋਕ ਨਸ਼ਾ ਵੇਚਦੇ ਫੜੇ ਜਾਂਦੇ ਹਨ, ਉਹ ਜਦੋਂ ਜਮਾਨਤ ਤੇ ਬਾਹਰ ਆਉਂਦੇ ਹਨ, ਤਾਂ ਬਾਹਰ ਆ ਕੇ ਫਿਰ ਨਸ਼ਾ ਵੇਚਣ ਲੱਗ ਜਾਂਦੇ ਹਨ। ਉਹਨਾਂ ਦੇ ਹੌਸਲੇ ਬੁਲੰਦ ਹਨ।

ਜੇਕਰ ਨਸ਼ੇੜੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਰੱਖਿਆ ਜਾਵੇ ਅਤੇ ਉਨਾਂ ਨੂੰ ਜਲਦੀ ਉਨ੍ਹਾਂ ਦੇ ਘਰਾਂ ਵਿੱਚ ਨਾ ਭੇਜਿਆ ਜਾਵੇ ਤਾਂ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਸਕਦਾ ਹੈ। ਇਹਦੇ ਵਾਸਤੇ ਜਿੱਥੇ ਸਿਆਸੀ ਪਾਰਟੀਆਂ ਅਤੇ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ ਉਥੇ ਹੀ ਪੁਲੀਸ ਪ੍ਰਸ਼ਾਸਨ ਦੀ ਵੀ ਵੱਡੀ ਜਿੰਮੇਵਾਰੀ ਬਣਦੀ ਹੈ।

ਇਸ ਵੇਲੇ ਭਾਜਪਾ ਪੰਜਾਬ ਵਿੱਚ ਨਸ਼ਿਆਂ ਖਿਲਾਫ ਯਾਤਰਾ ਕੱਢ ਰਹੀ ਹੈ ਪਰੰਤੂ ਭਾਜਪਾ ਦੇ ਸਾਹਮਣੇ ਸਵਾਲ ਇਹ ਖੜਾ ਹੁੰਦਾ ਹੈ ਕਿ ਪਹਿਲਾਂ ਬਾਰਡਰ ਤੋਂ 16 ਕਿਲੋਮੀਟਰ ਤੱਕ ਦੇ ਖੇਤਰ ਦੀ ਜਿੰਮੇਵਾਰੀ ਬੀ. ਐਸ. ਐਫ. ਦੇ ਹਵਾਲੇ ਸੀ ਅਤੇ ਹੁਣ ਬਾਰਡਰ ਤੋਂ 50 ਕਿਲੋਮੀਟਰ ਤੱਕ ਬੀ. ਐਸ. ਐਫ਼ ਦਾ ਕੰਟਰੋਲ ਹੈ ਫਿਰ 50 ਕਿਲੋਮੀਟਰ ਦੇ ਖੇਤਰ ਵਿੱਚ ਨਸ਼ਾ ਕਿਸ ਤਰੀਕੇ ਵਿਕ ਰਿਹਾ ਹੈ। ਕੀ ਬੀ.ਐਸ. ਐਫ. ਵੀ ਫੇਲ੍ਹ ਹੋ ਚੁੱਕੀ ਹੈ?

ਜੇ ਉਹ ਫੇਲ੍ਹ ਹੋ ਚੁੱਕੀ ਹੈ ਤਾਂ ਫਿਰ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਜਾ ਸਕੇ। ਇਸ ਲਈ ਪੰਜਾਬ ਦੇ ਸੰਵੇਦਨਸ਼ੀਲ ਇਲਾਕਿਆਂ ਨੇ ਉਹਨਾਂ ਨੂੰ ਫੌਜ ਦੇ ਹਵਾਲੇ ਕੀਤਾ ਜਾਵੇ । ਨਸ਼ਾ ਵੇਚਣ ਵਾਲੇ ਅਤੇ ਵੱਡੇ ਵੱਡੇ ਸੁਦਾਗਰਾਂ ਨੂੰ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਨੱਥ ਪਾਈ ਜਾਵੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਬਾਕੀ ਨਸ਼ੇ ਖ਼ਿਲਾਫ਼ ਸਿਆਸੀ ਯਾਤਰਾਵਾਂ ਨਿਕਲਦੀਆਂ ਰਹਿਣਗੀਆਂ, ਰੈਲੀਆਂ ਹੁੰਦੀਆਂ ਰਹਿਣਗੀਆਂ, ਪ੍ਰਚਾਰ ਹੁੰਦੇ ਰਹਿਣਗੇ ਪਰ ਨਸ਼ਾ ਵਿਕਦਾ ਰਹੇਗਾ ਇਸੇ ਤਰ੍ਹਾਂ ਨੌਜਵਾਨ ਨਸ਼ੇ ਦੇ ਨਾਲ ਮਰਦੇ ਰਹਿਣਗੇ।

ਨਸ਼ੇ ਸਬੰਧੀ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਪੰਜਾਬ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲਿਆ। ਦੂਜੇ ਪਾਸੇ ਅਕਾਲੀ ਦਲ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਭਾਜਪਾ ਵੱਲੋਂ ਵੀ ਨਸ਼ੇ ਵਿਰੁੱਧ ਯਾਤਰਾ ਕਰਕੇ ਨਸ਼ੇ ਦਾ ਮੁੱਦਾ ਵੱਡੇ ਪੱਧਰ ਤੇ ਉਠਾਇਆ ਜਾ ਰਿਹਾ ਹੈ। ਕਾਂਗਰਸ ਦੇ ਆਗੂ ਵੀ ਆਪਣੀ ਸਰਕਾਰ ਆਉਣ ਤੇ ਪੰਜਾਬ ਵਿਚੋਂ ਨਸ਼ੇ ਦਾ ਸਫਾਇਆ ਕਰਨ ਦੇ ਵਾਅਦੇ ਕਰ ਰਹੇ ਹਨ। ਪਰ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸੱਤਾ ਵਿੱਚ ਸਨ ਤਾਂ ਉਦੋਂ ਉਹਨਾਂ ਵੱਲੋਂ ਨਸ਼ੇ ਦਾ ਖਾਤਮਾ ਕਿਉਂ ਨਹੀਂ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵੀ ਆਪਣੀ ਹੁਣ ਤੱਕ ਕਾਰਗੁਜਾਰੀ ਦੌਰਾਨ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਵਿੱਚ ਫੇਲ੍ਹ ਸਾਬਿਤ ਕਿਉਂ ਹੋਈ ਹੈ।

ਮੌਜੂਦਾ ਹਾਲਾਤ ਇਹ ਹਨ ਕਿ ਪੰਜਾਬੀ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜਾਰੀ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਇਹੀ ਕਾਰਨ ਹੈ ਕਿ ਪੰਜਾਬੀ ਹੁਣ ਤੱਕ ਕਿਸੇ ਵੀ ਸਿਆਸੀ ਪਾਰਟੀ ਨੂੰ ਹੁੰਗਾਰਾ ਨਹੀਂ ਭਰ ਰਹੇ। ਇਸ ਦੇ ਬਾਵਜੂਦ ਅਗਲੀਆਂ ਚੋਣਾਂ ਤੱਕ ਨਸ਼ਾ ਸਿਆਸੀ ਪਾਰਟੀਆਂ ਲਈ ਵੱਡਾ ਮੁੱਦਾ ਬਣ ਗਿਆ ਹੈ ਅਤੇ ਹਰ ਸਿਆਸੀ ਪਾਰਟੀ ਇਸ ਮੁੱਦੇ ਦਾ ਸਿਆਸੀਕਰਨ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ।

ਭਗਵੰਤ ਸਿੰਘ ਬੇਦੀ

Continue Reading

Editorial

ਸੂਬੇ ਦੀ ਪੁਲੀਸ ਫੋਰਸ ਦੀ ਕਾਰਗੁਜਾਰੀ ਵਿੱਚ ਸੁਧਾਰ ਲਈ ਕਦਮ ਚੁੱਕੇ ਜਾਣੇ ਜਰੂਰੀ

Published

on

By

ਪੰਜਾਬ ਦੀ ਸੱਤਾ ਤੇ ਕਾਬਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵੱਲ ਵੱਧ ਰਿਹਾ ਹੈ ਅਤੇ ਮੌਜੂਦਾ ਸਰਕਾਰ ਵਲੋਂ ਭਾਵੇਂ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਸੂਬੇ ਦੀ ਜਨਤਾ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰੰਤੂ ਸੂਬੇ ਦੀ ਜਨਤਾ ਸਰਕਾਰ ਦੇ ਦਾਅਵਿਆਂ ਨਾਲ ਸੰਤੁਸ਼ਟ ਨਹੀਂ ਦਿਖਦੀ। ਇਸ ਸੰਬੰਧੀ ਜੇਕਰ ਆਮ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਪੰਜਾਬ ਵਿੱਚ ਸੱਤਾ ਦੀ ਤਬਦੀਲੀ ਹੋਣ ਤੋਂ ਬਾਅਦ ਵੀ ਸਰਕਾਰ ਦੀ ਕਾਰਗੁਜਾਰੀ ਵਿੱਚ ਕੋਈ ਖਾਸ ਫਰਕ ਨਹੀਂ ਪਿਆ ਹੈ। ਇਸ ਦੌਰਾਨ ਜੇਕਰ ਸੂਬੇ ਦੀ ਪੁਲੀਸ ਫੋਰਸ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਲ ਆਮ ਆਖੀ ਜਾਂਦੀ ਹੈ ਸਰਕਾਰ ਭਾਵੇਂ ਕੁੱਝ ਵੀ ਦਾਅਵੇ ਕਰੇ ਪਰੰਤੂ ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸੂਬੇ ਦੀ ਜਨਤਾ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਅਤੇ ਧੱਕੇਸ਼ਾਹੀਆਂ ਦੀਆਂ ਸ਼ਿਕਾਇਤਾਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ ਅਤੇ ਸਰਕਾਰ ਵਲੋਂ ਪੁਲੀਸ ਫੋਰਸ ਨੂੰ ਜਵਾਬਦੇਹ ਬਣਾਉਣ ਦੀ ਥਾਂ ਉਲਟਾ ਮਨਮਰਜੀਆਂ ਕਰਨ ਦੀ ਛੂਟ ਦੀ ਦਿੱਤੀ ਗਈ ਹੈ।

ਲੋਕਾਂ ਦੀ ਇਹ ਸ਼ਿਕਾਇਤ ਵੀ ਪਹਿਲਾਂ ਵਾਂਗ ਹੀ ਚਲਦੀ ਆ ਰਹੀ ਹੈ ਕਿ ਪੁਲੀਸ ਫੋਰਸ ਵਲੋਂ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਦਿਆਂ ਮਨਮਰਜੀ ਨਾਲ ਕਾਰਵਾਈ ਕਰਨ ਵੇਲੇ ਖੁਦ ਹੀ ਕਾਨੂੰਨ ਦੀ ਉਲੰਘਣਾ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਇੰਨਾ ਕੁ ਫਰਕ ਜਰੂਰ ਪਿਆ ਹੈ ਕਿ ਪਿਛਲੀ ਸਰਕਾਰ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਪੁਲੀਸ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਦੀ ਸ਼ਿਕਾਇਤ ਕਰਦੇ ਦਿਖਦੇ ਸਨ, ਉੱਥੇ ਹੁਣ ਉਹਨਾਂ ਦੀ ਥਾਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਲੈ ਲਈ ਹੈ।

ਇਸ ਦੌਰਾਨ ਇਹ ਗੱਲ ਵੀ ਆਮ ਆਖੀ ਜਾਂਦੀ ਹੈ ਕਿ ਸੱਤਾ ਤੇ ਕਾਬਿਜ ਸਿਆਸੀ ਆਗੂਆਂ ਵਲੋਂ ਪੁਲੀਸ ਫੋਰਸ ਦੀ ਤਾਕਤ ਨੂੰ ਆਪਣੇ ਫਾਇਦੇ ਲਈ ਵਰਤਣ ਦੇ ਰੁਝਾਨ ਨੇ ਪੁਲੀਸ ਫੋਰਸ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ ਅਤੇ ਜਿਆਦਾਤਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਜਨਤਾ ਦਾ ਸੇਵਕ ਸਮਝਣ ਦੀ ਥਾਂ ਸ਼ਾਸ਼ਕ ਸਮਝਦੇ ਹਨ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਸਾਡੇ ਜਿਆਦਾਤਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਪਰ ਇਹ ਮਾਨਸਿਕਤਾ ਕਾਫੀ ਹੱਦ ਤਕ ਹਾਵੀ ਹੋ ਚੁੱਕੀ ਹੈ ਕਿ ਜਨਤਾ ਨੂੰ ਡੰਡੇ ਦੇ ਜੋਰ ਨਾਲ ਜਿੱਧਰ ਮਰਜੀ ਹੱਕਿਆ ਜਾ ਸਕਦਾ ਹੈ।

ਪੁਲੀਸ ਫੋਰਸ ਦਾ ਗਠਨ ਇਸ ਲਈ ਹੁੰਦਾ ਹੈ ਕਿ ਉਹ ਕਿਸੇ ਵੀ ਮੁਸੀਬਤ ਦੇ ਸਮੇਂ ਆਮ ਲੋਕਾਂ ਦੀ ਮਦਦ ਕਰਨ ਲਈ ਤਿਆਰ ਬਰ ਤਿਆਰ ਰਹੇ। ਪਰੰਤੂ ਜੇਕਰ ਖੁਦ ਪੁਲੀਸ ਫੋਰਸ ਹੀ ਆਮ ਲੋਕਾਂ ਲਈ ਮੁਸੀਬਤ ਬਣ ਜਾਏ ਤਾਂ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਪੂਰੀ ਪੁਲੀਸ ਫੋਰਸ ਦਾ ਰਵਈਆ ਅਜਿਹਾ ਹੀ ਹੈ ਅਤੇ ਪੁਲੀਸ ਫੋਰਸ ਵਿੱਚ ਚੰਗੇ ਅਤੇ ਇਮਾਨਦਾਰ ਅਫਸਰ ਅਤੇ ਮੁਲਾਜਮ ਵੀ ਮੌਜੂਦ ਹਨ ਅਤੇ ਆਮ ਜਨਤਾ ਪ੍ਰਤੀ ਉਹਨਾਂ ਦਾ ਰਵਈਆ ਵੀ ਬਹੁਤ ਵਧੀਆ ਹੁੰਦਾ ਹੈ। ਪਰੰਤੂ ਅਸਲੀਅਤ ਇਹੀ ਹੈ ਕਿ ਸਾਡੀ ਪੁਲੀਸ ਫੋਰਸ ਦੇ ਵੱਡੀ ਗਿਣਤੀ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਦੇ ਹਨ।

ਸਵਾਲ ਇਹ ਹੈ ਕਿ ਇਸ ਸਾਰੇ ਕੁੱਝ ਲਈ ਆਖਿਰ ਕਿਸਨੂੰ ਜਿੰਮੇਵਾਰ ਠਹਿਰਾਇਆ ਜਾਵੇ? ਕੀ ਇਹ ਕਿਹਾ ਜਾਵੇ ਕਿ ਪੁਲੀਸ ਦੀ ਮੁੱਢਲੀ ਟ੍ਰੇਨਿੰਗ ਵਿੱਚ ਹੀ ਅਜਿਹੀਆਂ ਖਾਮੀਆਂ ਹਨ ਜਿਸ ਕਾਰਨ ਕਈ ਵਾਰ ਸਾਡੇ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਆਮ ਲੋਕਾਂ ਦੇ ਰਾਖਿਆਂ ਦੀ ਥਾਂ ਉਲਟਾ ਜਾਲਮ ਦੀ ਭੂਮਿਕਾ ਵਿੱਚ ਆ ਜਾਂਦੇ ਹਨ ਜਾਂ ਫਿਰ ਇਹ ਕਿਹਾ ਜਾਵੇ ਕਿ ਆਪਣੇ ਫਾਇਦੇ ਲਈ ਪੁਲੀਸ ਫੋਰਸ ਦੀ ਵਰਤੋਂ ਕਰਨ ਵਾਲੇ ਸਾਡੇ ਸਿਆਸਤਦਾਨਾਂ ਵਲੋਂ ਪੁਲੀਸ ਫੋਰਸ ਦੀ ਮਾਨਸਿਕਤਾ ਨੂੰ ਹੀ ਗੰਧਲਾ ਕਰ ਦਿੱਤਾ ਗਿਆ ਹੈ। ਕਾਰਨ ਕੁੱਝ ਵੀ ਹੋਵੇ ਪਰੰਤੂ ਇਹਨਾਂ ਹਾਲਾਤਾਂ ਵਿੱਚ ਸੁਧਾਰ ਕੀਤਾ ਜਾਣਾ ਬਹੁਤ ਜਰੂਰੀ ਹੈ।

ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਪੁਲੀਸ ਫੋਰਸ ਦੀ ਆਪਣੇ ਆਪ ਨੂੰ ਸਾਰੇ ਕੁੱਝ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਪੁਲੀਸ ਫੋਰਸ ਨੂੰ ਆਮ ਲੋਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਾਇਆ ਜਾਵੇ। ਜਨਤਾ ਨੂੰ ਪੁਲੀਸ ਦੇ ਰੁਪ ਵਿੱਚ ਵਰਦੀ ਵਾਲੇ ਗੁੰਡਿਆਂ ਦੀ ਨਹੀਂ ਬਲਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੋੜ ਹੈ ਜਿਹੜੇ ਮੁਸੀਬਤ ਵੇਲੇ ਉਸਦੀ ਮਦਦ ਕਰਨ। ਇਸ ਲਈ ਜਰੂਰੀ ਹੈ ਕਿ ਪੁਲੀਸ ਫੋਰਸ ਵਿੱਚ ਮੌਜੂਦ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਰੁੱਖ ਅਪਣਾਇਆ ਜਾਵੇ ਜਿਹੜੇ ਆਪਣੀਆਂ ਕਾਰਵਾਈਆਂ ਨਾਲ ਪੂਰੀ ਪੁਲੀਸ ਫੋਰਸ ਦਾ ਸਿਰ ਝੁਕਾ ਦਿੰਦੇ ਹਨ। ਪੁਲੀਸ ਫੋਰਸ ਨੂੰ ਦੇਸ਼ ਅਤੇ ਸਮਾਜ ਦੇ ਪ੍ਰਤੀ ਜਵਾਬਦੇਹ ਬਣਾਇਆ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਜਨਤਾ ਨੂੰ ਇੱਕ ਬਿਹਤਰ, ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਅਤੇ ਪੁਲੀਸ ਹਾਸਿਲ ਹੋਵੇ।

Continue Reading

Editorial

ਪੰਜਾਬ ਦੀ ਰਾਜਨੀਤੀ ਵਿੱਚ ਗੱਠਜੋੜ ਸਿਆਸਤ ਦਾ ਮਹੱਤਵ

Published

on

By

ਪੰਜਾਬ ਦੀ ਸਿਆਸਤ ਵਿੱਚ ਗੱਠਜੋੜ ਰਣਨੀਤੀ ਦੀ ਵੱਡੀ ਮਹੱਤਤਾ ਹੈ। ਇਸ ਦਾ ਕਾਰਨ ਇਹ ਹੈ ਕਿ ਅਕਸਰ ਪੰਜਾਬ ਵਿੱਚ ਸਿਆਸੀ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਕਿਸੇ ਵੀ ਸਿਆਸੀ ਧਿਰ ਲਈ ਇੱਕਲਿਆਂ ਚੋਣਾਂ ਜਿੱਤਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਾਰਨ ਅਕਸਰ ਸਿਆਸੀ ਧਿਰਾਂ ਵੱਖੋ ਵੱਖਰੀਆਂ ਰਹਿਣ ਦੀ ਥਾਂ ਆਪਸ ਵਿੱਚ ਗਠਜੋੜ ਕਰਨ ਨੂੰ ਤਰਜੀਹ ਦਿੰਦੀਆਂ ਹਨ ਅਤੇ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਿਚਾਲੇ ਗੱਠਜੋੜ ਦੀ ਸਿਆਸਤ ਦਾ ਰੁਝਾਨ ਜੋਰ ਫੜ ਰਿਹਾ ਹੈ। ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਹੋਏ ਨਵੇਂ ਸਿਆਸੀ ਗੱਠਜੋੜ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ, ਅਕਾਲੀ ਦਲ ਪੁਨਰ ਸੁਰਜੀਤ ਅਤੇ ਬਸਪਾ ਵਿਚਾਲੇ ਗੱਠਜੋੜ ਦੀ ਚਰਚਾ ਹੋ ਰਹੀ ਹੈ। ਇਸੇ ਦੌਰਾਨ ਕਾਂਗਰਸ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਖੱਬੇ ਪੱਖੀ ਪਾਰਟੀਆਂ ਨਾਲ ਗੱਠਜੋੜ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਹਰ ਪਾਸੇ ਇਸ ਸਮੇਂ ਵੱਖ ਵੱਖ ਸਿਆਸੀ ਪਾਰਟੀਆਂ ਵਿਚਾਲੇ ਸਿਆਸੀ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਹਨ।

ਜਿਹੜੀਆਂ ਸਿਆਸੀ ਪਾਰਟੀਆਂ ਇਸ ਸਮੇਂ ਗੱਠਜੋੜ ਦੀ ਸਿਆਸਤ ਕਰ ਰਹੀਆਂ ਹਨ, ਉਹਨਾਂ ਵਿਚੋਂ ਅਕਾਲੀ ਦਲ ਬਾਦਲ ਅਤੇ ਭਾਜਪਾ ਗਠਜੋੜ ਸਭ ਤੋਂ ਵੱਧ ਧਿਆਨ ਖਿੱਚ ਰਿਹਾ ਹੈ। ਅਸਲੀਅਤ ਤਾਂ ਇਹ ਹੈ ਕਿ ਅਕਾਲੀ ਭਾਜਪਾ ਗਠਜੋੜ ਕਈ ਦਹਾਕਿਆਂ ਪੁਰਾਣਾ ਹੈ ਅਤੇ ਇਹ ਗੱਠਜੋੜ ਸਾਂਝੇ ਰੂਪ ਵਿੱਚ ਕਈ ਵਾਰ ਪੰਜਾਬ ਦੀ ਸੱਤਾ ਦੀ ਵਾਗਡੋਰ ਸੰਭਾਲ ਚੁੱਕਿਆ ਹੈ, ਪਰ 6 ਸਾਲ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਉਸ ਸਮੇਂ ਤੋਂ ਦੋਵੇਂ ਸਿਆਸੀ ਪਾਰਟੀਆਂ ਵੱਖਰੀਆਂ ਵੱਖਰੀਆਂ ਸਰਗਰਮ ਸਨ।

ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਹੀ ਸਿਆਸੀ ਪਾਰਟੀਆਂ ਵਿੱਚ ਨਿਘਾਰ ਆ ਰਿਹਾ ਸੀ ਅਤੇ ਭਾਜਪਾ ਭਾਵੇਂ ਕੇਂਦਰ ਸਰਕਾਰ ਅਤੇ ਹੋਰਨਾਂ ਸੂਬਿਆਂ ਵਿੱਚ ਕਾਮਯਾਬ ਹੋ ਕੇ ਛਾ ਗਈ ਪਰ ਪੰਜਾਬ ਵਿੱਚ ਭਾਜਪਾ ਦੀ ਜਿੱਤ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਸੀ। ਦੂਜੇ ਪਾਸੇ ਅਕਾਲੀ ਦਲ ਬਾਦਲ ਵੀ ਆਪਣੇ ਆਪ ਨੂੰ ਇਕੱਲਾ ਸਮਝ ਰਿਹਾ ਸੀ ਜਿਸ ਕਰਕੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਦੋਵਾਂ ਸਿਆਸੀ ਪਾਰਟੀਆਂ ਦੇ ਸਾਂਝੇ ਗੱਠਜੋੜ ਦਾ ਐਲਾਨ ਕਰ ਦਿੱਤਾ ਗਿਆ।

ਇਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਜਥੇਬੰਦੀ ‘ਵਾਰਿਸ ਪੰਜਾਬ ਦੇ’, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਚੋਣ ਗੱਠਜੋੜ ਦੀ ਗੱਲ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਿਰਾਂ ਅਤੇ ਨਿਰੀਖਕਾਂ ਅਨੁਸਾਰ, ਜੇਕਰ ਇਹ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਇਹ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਆਪ ਅਤੇ ਅਕਾਲੀ-ਭਾਜਪਾ ਗਠਜੋੜ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ।

ਇਸੇ ਦੌਰਾਨ ਕਾਂਗਰਸ ਅਤੇ ਖੱਬੇ ਪੱਖੀ ਸਿਆਸੀ ਪਾਰਟੀਆਂ ਵਿਚਾਲੇ ਸੰਭਾਵੀ ਗੱਠਜੋੜ ਨੇ ਪੰਜਾਬ ਦੀ ਸਿਆਸਤ ਵਿੱਚ ਹੋਰ ਤੇਜੀ ਲਿਆ ਦਿੱਤੀ ਹੈ। ਕਾਂਗਰਸ ਭਾਵੇਂ ਅੰਦਰੂਨੀ ਫੁੱਟ ਦੀ ਸ਼ਿਕਾਰ ਹੈ ਪਰ ਹਾਈਕਮਾਂਡ ਦੀ ਘੁਰਕੀ ਤੋਂ ਬਾਅਦ ਵੱਡੀ ਗਿਣਤੀ ਕਾਂਗਰਸੀ ਆਗੂ ਇੱਕ ਦੂਜੇ ਪ੍ਰਤੀ ਨਰਮ ਸੁਰ ਰੱਖਣ ਲੱਗ ਪਏ ਹਨ ਅਤੇ ਇਸ ਸਮੇਂ ਪੂਰਾ ਧਿਆਨ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਵੱਲ ਲਗਾ ਰਹੇ ਹਨ। ਪੰਜਾਬ ਵਿੱਚ ਕਾਂਗਰਸ ਦਾ ਆਪਣਾ ਆਧਾਰ ਵੀ ਹੈ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਦੀਆਂ ਪੱਕੀਆਂ ਵੋਟਾਂ ਅਜੇ ਵੀ ਮੌਜੂਦ ਹਨ। ਜੇ ਅਜਿਹੇ ਸਮੇਂ ਦੌਰਾਨ ਕਾਂਗਰਸ ਅਤੇ ਖੱਬੇ ਪੱਖੀ ਸਿਆਸੀ ਪਾਰਟੀਆਂ ਵਿਚਾਲੇ ਸਿਆਸੀ ਗੱਠਜੋੜ ਹੋ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਹੋਰ ਵੀ ਬਦਲ ਸਕਦੇ ਹਨ। ਵੇਖਣਾਂ ਇਹ ਹੋਵੇਗਾ ਕਿ ਪੰਜਾਬੀ ਸਿਆਸੀ ਗੱਠਜੋੜਾਂ ਦੀ ਇਸ ਰਾਜਨੀਤੀ ਨੂੰ ਕਿੰਨਾ ਕੁ ਹੁੰਗਾਰਾ ਭਰਦੇ ਹਨ।

ਬਿਊਰੋ

Continue Reading

Editorial

ਰੁਕ ਕਿਉਂ ਨਹੀਂ ਰਿਹਾ ਚਾਈਨਾ ਡੋਰ ਕਾਰਨ ਲੋਕਾਂ ਦੀਆਂ ਜਾਨਾਂ ਜਾਣ ਦਾ ਸਿਲਸਿਲਾ

Published

on

By

ਪਤੰਗ ਦੀ ਡੋਰ ਜਦੋਂ ਮੌਤ ਦਾ ਫੰਦਾ ਬਣ ਜਾਵੇ ਅਤੇ ਸੜਕਾਂ ਤੇ ਆਮ ਲੋਕਾਂ ਦੀ ਜਾਨ ਜਾਣ ਦਾ ਸਿਲਸਿਲਾ ਘਟਣ ਦਾ ਨਾਮ ਨਾ ਲਵੇ ਤਾਂ ਸਵਾਲ ਸਿਰਫ ਇੱਕ ਡੋਰ ਤੇ ਨਹੀਂ ਬਲਕਿ ਸਮੁੱਚੀ ਕਾਨੂੰਨ ਵਿਵਸਥਾ ਤੇ ਖੜ੍ਹਾ ਹੁੰਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬਾਰਾਪੁਲਾ ਦੇ ਕੋਲ ਦਿੱਲੀ ਮੁੰਬਈ ਐਕਸਪ੍ਰੈਸਵੇਅ ਤੇ ਹਾਲ ਹੀ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਤੰਗ ਦੀ ਡੋਰ ਨਾਲ ਗਲਾ ਵੱਢੇ ਜਾਣ ਕਾਰਨ ਹੋਈ ਮੌਤ ਵਿਵਸਥਾ ਦੀ ਇਸੇ ਨਾਕਾਮੀ ਨੂੰ ਦਰਸ਼ਾਉਂਦੀ ਹੈ।

ਇਹ ਸਿਰਫ ਇੱਕ ਪਰਿਵਾਰ ਦੀ ਤ੍ਰਾਸਦੀ ਨਹੀਂ ਬਲਕਿ ਜਨਤਕ ਸੁਰੱਖਿਆ ਦੇ ਦਾਅਵਿਆਂ ਤੇ ਲੱਗਿਆ ਗੰਭੀਰ ਸਵਾਲੀਆ ਨਿਸ਼ਾਨ ਹੈ। ਚਾਈਨਾ ਡੋਰ ਦੀ ਵਿਕਰੀ, ਭੰਡਾਰਨ ਅਤੇ ਇਸਤੇਮਾਲ ਤੇ ਪਾਬੰਦੀ ਦੇ ਬਾਵਜੂਦ ਇਸ ਦੀ ਉਪਲਬਧਤਾ ਅਤੇ ਖੁੱਲੇਆਮ ਇਸਤੇਮਾਲ ਦੱਸਦਾ ਹੈ ਕਿ ਸਖਤ ਨਿਯਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ, ਉਹਨਾਂ ਨੂੰ ਜਮੀਨ ਤੇ ਪ੍ਰਭਾਵਿਤ ਤਰੀਕੇ ਨਾਲ ਉਤਾਰਨ ਦੇ ਯਤਨ ਘੱਟ ਹੀ ਨਜ਼ਰ ਆਉਂਦੇ ਹਨ। ਅਜਿਹੇ ਵਿੱਚ ਜਰੂਰੀ ਹੈ ਕਿ ਸਰਕਾਰੀ ਤੰਤਰ ਵਿੱਚ ਹਰ ਪੱਧਰ ਤੇ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ ।

ਅਹਿਮ ਸਵਾਲ ਇਹ ਹੈ ਕਿ ਜਦੋਂ ਪਤੰਗ ਦੀ ਪਾਬੰਦੀਸ਼ੁਦਾ ਡੋਰ ਦੇ ਖਤਰੇ ਨੂੰ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਫਿਰ ਇਸ ਦੀ ਸਪਲਾਈ ਅਤੇ ਵਿਕਰੀ ਰੋਕਣ ਲਈ ਪ੍ਰਭਾਵੀ ਨਿਗਰਾਨੀ ਦੀ ਵਿਵਸਥਾ ਕਿਉਂ ਨਹੀਂ ਬਣਾਈ ਜਾਂਦੀ? ਦੁਕਾਨਾਂ ਦਾ ਨਿਯਮਿਤ ਤੌਰ ਤੇ ਨਿਰੀਖਣ ਕਿਉਂ ਨਹੀਂ ਕੀਤਾ ਜਾਂਦਾ? ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ, ਜੋ ਦੂਸਰਿਆਂ ਲਈ ਵੀ ਮਿਸਾਲ ਬਣੇ? ਕੀ ਪ੍ਰਸ਼ਾਸਨ ਦੀ ਨੀਂਦ ਕਿਸੇ ਦੀ ਜਾਨ ਜਾਣ ਤੋਂ ਬਾਅਦ ਹੀ ਖੁੱਲਦੀ ਹੈ।

ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਉਦੋਂ ਰੋਕ ਲੱਗ ਸਕੇਗੀ ਜਦੋਂ ਪਤੰਗਬਾਜੀ ਦੇ ਸੁਰੱਖਿਅਤ ਵਿਕਲਪਾਂ ਦੇ ਇਸਤੇਮਾਲ ਨੂੰ ਬੜਾਵਾ ਦੇਣ ਦੇ ਨਾਲ ਚੀਨੀ ਡੋਰ ਦੇ ਸਪਲਾਈ ਕਰਤਾਵਾਂ, ਵਿਕਰੇਤਾਵਾਂ ਅਤੇ ਇਸਤੇਮਾਲ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਸਰਕਾਰ ਨੇ ਇਸ ਡੋਰ ਤੇ ਪਾਬੰਦੀ ਤਾਂ ਲਗਾ ਦਿੱਤੀ ਹੈ ਪਰ ਇਹਨਾਂ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਯਕੀਨੀ ਕਰਾਉਣ ਦੀ ਜਰੂਰਤ ਮਹਿਸੂਸ ਨਹੀਂ ਕੀਤੀ ਜਾ ਰਹੀ। ਤ੍ਰਾਸਦੀ ਇਹ ਹੈ ਕਿ ਹਰ ਹਾਦਸੇ ਤੋਂ ਬਾਅਦ ਕੁਝ ਦਿਨਾਂ ਦੀ ਸਖਤੀ ਦਿਖਾਈ ਦਿੰਦੀ ਹੈ ਅਤੇ ਫਿਰ ਸਭ ਕੁਝ ਪਹਿਲਾਂ ਵਰਗਾ ਹੋ ਜਾਂਦਾ ਹੈ।

ਬਿਊਰੋ

Continue Reading

Latest News

Trending