Connect with us

Mohali

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਮੁਹਾਲੀ ਵਿੱਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਫੇਜ਼-11 ਤੋਂ ਫੇਜ਼-1 ਤੱਕ ਕੱਢੀ ਨਸ਼ਾ ਮੁਕਤ ਪੰਜਾਬ ਯਾਤਰਾ

Published

on

ਪੰਜਾਬ ਵਿੱਚ ਫਰਾਰੀ ਕੱਟਣ ਆਏ ਕੇਜਰੀਵਾਲ ਨੂੰ ਸਿਰਫ਼ ਆਪਣੀ ਐਸ਼ਪਰਸਤੀ ਨਾਲ ਮਤਲਬ: ਆਸ਼ੀਸ਼ ਸੂਦ

ਐਸ ਏ ਐਸ ਨਗਰ, 22 ਸਤੰਬਰ (ਭਗਵੰਤ ਸਿੰਘ ਬੇਦੀ) ਭਾਰਤੀ ਜਨਤਾ ਪਾਰਟੀ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਅੱਜ ਮੁਹਾਲੀ ਪਹੁੰਚਣ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਭਾਜਪਾ ਵਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਫੇਜ਼-11 ਅਤੇ ਫੇਜ਼-1 ਦੇ ਰਾਮਲੀਲਾ ਮੈਦਾਨ ਵਿੱਚ ਦੋ ਜਨਸਭਾਵਾਂ ਕਰਵਾਈਆਂ ਗਈਆਂ। ਇਹਨਾਂ ਦੋਵਾਂ ਜਨ ਸਭਾਵਾਂ ਵਿੱਚ ਪਾਰਟੀ ਵਰਕਰਾਂ ਅਤੇ ਲੋਕਾਂ ਦੀ ਵੱਡੀ ਗਿਣਤੀ ਨਜ਼ਰ ਆਈ। ਫੇਜ਼-11 ਵਿੱਚ ਪ੍ਰੋਗਰਾਮ ਤੋਂ ਬਾਅਦ ਇਹ ਯਾਤਰਾ ਵੱਡੇ ਰੱਥਨੁਮਾ ਵਾਹਨਾਂ ਨਾਲ ਫੇਜ਼-1 ਵੱਲ ਰਵਾਨਾ ਹੋਈ। ਇਸ ਮੌਕੇ ਦਿੱਲੀ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ, ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਮਹਿਲਾ ਮੋਰਚਾ ਦੇ ਮੀਤ ਪ੍ਰਧਾਨ ਸ੍ਰੀਮਤੀ ਆਭਾ ਬੰਸਲ, ਸਤਵਿੰਦਰ ਸੱਤੀ ਸਮੇਤ ਹੋਰ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।

ਇਸ ਮੌਕੇ ਖਚਾ ਖੱਚ ਭਰੇ ਪੰਡਾਲ ਵਿੱਚ ਜੁੜੇ ਪਾਰਟੀ ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਐਲਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਪਹਿਲਾ ਕੰਮ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਉਸ ਵੱਲੋਂ ਨਾ ਬਿਜਲੀ ਦਿੱਤੀ ਜਾ ਸਕੀ ਹੈ ਨਾ ਹੀ ਸੂਬੇ ਵਿੱਚ ਕਾਨੂੰਨ ਵਿਵਸਥਾ ਬਚੀ ਹੈ। ਸਰਕਾਰ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਣ ਵਿਚ ਵੀ ਫੇਲ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਵੀ ਵਾਇਦੇ ਕੀਤੇ ਸਨ ਉਹ ਪੂਰੇ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਉਲਟਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਤਰਸਯੋਗ ਪਹੁੰਚ ਗਈ ਹੈ। ਚੋਰੀਆਂ, ਲੁੱਟਾਂ, ਕਤਲ, ਗੈਂਗਸਟਰਵਾਦ ਅਤੇ ਨਸ਼ਾ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਆਸ਼ੀਸ਼ ਸੂਦ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਵਲੋਂ ਨਕਾਰਿਆ ਜਾ ਚੁੱਕਿਆ ਹੈ ਅਤੇ ਹੁਣ ਉਹ ਪੰਜਾਬ ਵਿੱਚ ‘ਫਰਾਰੀ ਕੱਟਣ’ ਆਏ ਹਨ। ਸੂਦ ਨੇ ਕਿਹਾ ਕਿ ਕੇਜਰੀਵਾਲ ਕੋਲ ਪੰਜਾਬ ਤੋਂ ਇਲਾਵਾ ਅਜਿਹੀ ਕੋਈ ਥਾਂ ਨਹੀਂ ਬਚੀ, ਜਿੱਥੇ ਉਹ ਆਪਣੀ ‘ਐਸ਼-ਪਰਸਤੀ’ ਕਰ ਸਕਣ। ਉਹਨਾਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਖੜ੍ਹੇ ਹੋਣ ਦਾ ਸੱਦਾ ਦਿੱਤਾ। ਆਸ਼ੀਸ਼ ਸੂਦ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਪਰ ਅੱਜ ਇੱਥੇ ਨਸ਼ਿਆਂ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮਾਜ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਪਵੇਗਾ। ਸੂਦ ਨੇ ਦੋਸ਼ ਲਾਇਆ ਕਿ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨੇ ਲੋਕਾਂ ਦੇ ਹਿੱਤਾਂ ਦੀ ਬਜਾਏ ਆਪਣੇ ਸਵਾਰਥਾਂ ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਨੈਟਵਰਕ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕੇ ਜਾਣਗੇ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੋਕਾਂ ਦੀ ਇਹ ਭਾਗੀਦਾਰੀ ਅੱਗੇ ਚੱਲ ਕੇ ਵੱਡੇ ਅੰਦੋਲਨ ਦਾ ਰੂਪ ਧਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ। ਉਹਨਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਵਿੱਚ ਲੋਕਾਂ ਦੀ ਭਾਗੀਦਾਰੀ ਇਸ ਗੱਲ ਦਾ ਸੰਕੇਤ ਹੈ ਕਿ ਸਮਾਜ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਫੇਜ਼-11 ਤੋਂ ਫੇਜ਼-1 ਤੱਕ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਲੋਕ ਸ਼ਾਮਲ ਹੋਏ ਹਨ ਅਤੇ ਇਹ ਮੁਹਿੰਮ ਅੱਗੇ ਹੋਰ ਵੱਡੇ ਪੱਧਰ ਤੇ ਪਹੁੰਚੇਗੀ।

ਯਾਤਰਾ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਸੁਭਾਸ਼ ਸ਼ਰਮਾ, ਸਤਿੰਦਰ ਸੱਤੀ, ਪਰਮਿੰਦਰ ਸਿੰਘ ਬਰਾੜ, ਸੁਖਵਿੰਦਰ ਸਿੰਘ ਗੋਲਡੀ, ਮੀਨੂੰ ਸੇਠੀ ਅਤੇ ਸੰਜੀਵ ਜੋਸ਼ੀ ਨੇ ਪਾਰਟੀ ਵਰਕਰਾਂ ਨੂੰ ਨਸ਼ਿਆਂ ਖਿਲਾਫ ਆਰ ਪਾਰ ਦੀ ਲੜਾਈ ਵਿੱਢਣ ਲਈ ਤਿਆਰ ਰਹਿਣੀ ਦੀ ਅਪੀਲ ਕੀਤੀ।

Continue Reading

Mohali

ਏਰੋਟ੍ਰੋਪੋਲਿਸ ਦੇ ਜ਼ਮੀਨ ਮਾਲਕਾਂ ਵਲੋਂ ਐਲ ਓ ਆਈ ਤਬਦੀਲੀ ਦੀ ਸਮੱਸਿਆ ਹੱਲ ਕਰਨ ਦੀ ਮੰਗ ਨੂੰ ਲੈ ਕੇ ਧਰਨਾ 23 ਨੂੰ

Published

on

By

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਏਰੋਟ੍ਰੋਪੋਲਿਸ ਬਲਾਕ ਈ, ਐਫ, ਜੀ, ਐਚ, ਆਈ ਅਤੇ ਜੇ ਦੇ ਜ਼ਮੀਨ ਮਾਲਕਾਂ ਨੂੰ ਮਿਲੀਆਂ ਐਲ ਓ ਆਈ ਦੀ ਤਬਦੀਲੀ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਣ ਤੇ ਹੁਣ ਜਮੀਨ ਮਾਲਕਾਂ ਵਲੋਂ 23 ਨਵੰਬਰ ਨੂੰ ਗਮਾਡਾ ਦਫਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸz. ਗੁਰਕ੍ਰਿਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਐਲ ਓ ਆਈ ਮਾਲਕ ਕਿਸਾਨਾਂ ਅਤੇ ਪ੍ਰਾਪਰਟੀ ਸਲਾਹਕਾਰਾਂ ਦੇ ਇੱਕ ਵਫਦ ਵਲੋਂ ਬੀਤੀ 2 ਨਵੰਬਰ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨਾਲ ਐਲ ਓ ਆਈ ਟ੍ਰਾਂਸਫਰ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਮੁਲਾਕਾਤ ਕੀਤੀ ਸੀ ਅਤੇ ਉਸ ਮੀਟਿੰਗ ਦੌਰਾਨ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 15 ਨਵੰਬਰ 2026 ਤੱਕ ਐਲ ਓ ਆਈ ਟ੍ਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਇਸ ਸੰਬੰਧੀ ਪੋਰਟਲ ਅਪਡੇਟ ਹੋਣ ਤੋਂ ਬਾਅਦ ਵੀ ਗਮਾਡਾ ਦਫਤਰ ਤੋਂ ਜਦੋਂ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਇਸ ਸੰਬੰਧੀ ਹੁਣ ਜਮੀਨ ਮਾਲਕਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਐਲ ਓ ਆਈ ਤਬਦੀਲੀ ਦੀ ਮੰਗ ਦੀ ਪੈਰਵੀ ਕਰਨ ਅਤੇ ਐਲ ਓ ਆਈ ਟ੍ਰਾਂਸਫਰ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰਵਾਉਣ ਲਈ 23 ਨਵੰਬਰ ਨੂੰ ਗਮਾਡਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ।

Continue Reading

Mohali

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ

Published

on

By

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।

ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁ: ਗੋਬਿੰਦਸਰ ਸਾਹਿਬ ਫੇਜ਼-1 ਤੋਂ ਅਰੰਭ ਹੋਇਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਐਸ ਜੀ ਪੀ ਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ, ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਚੇਅਰਮੈਨ ਸz. ਜੋਗਿੰਦਰ ਸਿੰਘ ਸੌਂਧੀ, ਜਨਰਲ ਸਕੱਤਰ ਮਨਜੀਤ ਸਿੰਘ ਮਾਨ, ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਮਨਦੀਪ ਸਿੰਘ ਅਬਿਆਣਾ, ਕਰਮ ਸਿੰਘ ਬਬਰਾ, ਪ੍ਰੀਤਮ ਸਿੰਘ, ਬਾਬਾ ਧਰਮ ਸਿੰਘ ਮਹਾਕਾਲ ਜਥੇਦਾਰ ਮਿਸਲ, ਬਾਬਾ ਬਾਜ ਸਿੰਘ, ਅਕਵਿੰਦਰ ਸਿੰਘ ਗੋਸਲ, ਫੌਜਾ ਸਿੰਘ, ਭਜਨ ਸਿੰਘ ਸਾਚਾ ਧੰਨ, ਕੁਲਦੀਪ ਸਿੰਘ ਸਮਾਣਾ, ਇੰਜਨੀਅਰ ਸੁਰਿੰਦਰ ਸਿੰਘ ਨੇ ਵੀ ਹਾਜ਼ਰੀ ਭਰੀ।

ਨਗਰ ਕੀਰਤਨ ਦੌਰਾਨ ਰਾਗੀ, ਢਾਡੀ ਜੱਥੇ, ਗੱਤਕਾ ਪਾਰਟੀਆਂ, ਸਕੂਲਾਂ ਦੇ ਬੱਚਿਆਂ ਨੇ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਸ਼ਾਨ ਵਧਾਈ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ।

ਨਗਰ ਕੀਰਤਨ ਗੁ: ਸਾਹਿਬ ਫੇਜ਼ 1 ਸਿੰਘ ਸਭਾ ਤੋਂ ਹੁੰਦਾ ਹੋਇਆ ਪੁਰਾਣਾ ਡੀ. ਸੀ. ਆਫਿਸ, ਫਰੈਂਕੋ ਹੋਟਲ ਦੀਆਂ ਲਾਈਟਾਂ, ਡਿਪਲਾਸਟਿਕ ਚੌਂਕ ਤੋਂ 2-4 ਦੀ ਵਿਚਲੀ ਸੜਕ ਤੋਂ ਮਦਨਪੁਰਾ ਚੌਂਕ, 3-5 ਦੀ ਲਾਈਟਾਂ, ਗੁ: ਸਾਚਾ ਧਨੁ ਸਾਹਿਬ ਤੋਂ ਫੇਜ਼ 7 ਦੀ ਮਾਰਕੀਟ ਵਿੱਚੋਂ ਹੁੰਦਾ ਹੋਇਆ, ਗੁ: ਅੰਬ ਸਾਹਿਬ, ਫੇਜ਼ 9, ਫੇਜ਼ 10, ਗੁ: ਸਿੰਘ ਸਭਾ ਫੇਜ਼ 11 ਵਿਖੇ ਸੰਪੂਰਨ ਹੋਇਆ।

Continue Reading

Mohali

ਮੁਹਾਲੀ ਪੁਲੀਸ ਵੱਲੋਂ .32 ਬੋਰ ਦੇ ਨਾਜਾਇਜ਼ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

Published

on

By

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ .32 ਬੋਰ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਐਸ. ਐਸ. ਪੀ. ਸ੍ਰੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਐਸ.ਪੀ. (ਆਪਰੇਸ਼ਨ) ਸ੍ਰੀ ਅਕਾਸ਼ਦੀਪ ਔਲਖ, ਐਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਸੌਰਵ ਜਿੰਦਲ ਅਤੇ ਡੀ.ਐਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਆਪਰੇਸ਼ਨ ਸੈਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।

ਪੁਲੀਸ ਅਨੁਸਾਰ ਆਪਰੇਸ਼ਨ ਸੈਲ ਮੁਹਾਲੀ ਦੀ ਟੀਮ ਵੇਵ ਐਸਟੇਟ, ਸੈਕਟਰ-85/86 ਮੁਹਾਲੀ ਨੇੜੇ ਮੌਜੂਦ ਸੀ। ਇਸ ਦੌਰਾਨ ਏ. ਐਸ. ਆਈ. ਕਮਲਪ੍ਰੀਤ ਸ਼ਰਮਾ ਨੂੰ ਸੂਚਨਾ ਮਿਲੀ ਕਿ ਹਰਦੀਪ ਸਿੰਘ ਵਾਸੀ ਪਿੰਡ ਚਨੌਲੀ, ਜ਼ਿਲ੍ਹਾ ਰੂਪਨਗਰ, ਕੋਲ ਨਾਜਾਇਜ਼ ਹਥਿਆਰ ਹੈ ਅਤੇ ਉਹ ਇਸ ਸਮੇਂ ਨਾਬੀ ਯੂਨੀਵਰਸਿਟੀ, ਸੈਕਟਰ-80 ਮੁਹਾਲੀ ਦੇ ਸਾਹਮਣੇ ਆਪਣੇ ਕਿਸੇ ਸਾਥੀ ਦੀ ਉਡੀਕ ਕਰ ਰਿਹਾ ਹੈ।

ਪੁਲੀਸ ਵਲੋਂ ਇਸ ਸੂਚਨਾ ਦੇ ਆਧਾਰ ਤੇ ਥਾਣਾ ਸੋਹਾਣਾ ਵਿਖੇ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰਕੇ ਹਰਦੀਪ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ .32 ਬੋਰ ਦਾ ਇੱਕ ਨਾਜਾਇਜ਼ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ। ਹਰਦੀਪ ਸਿੰਘ ਦੀ ਉਮਰ ਕਰੀਬ 32 ਸਾਲ ਹੈ। ਉਹ ਦਸਵੀਂ ਪਾਸ ਅਤੇ ਸ਼ਾਦੀਸ਼ੁਦਾ ਹੈ। ਪੁਲੀਸ ਰਿਕਾਰਡ ਅਨੁਸਾਰ, ਉਸ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

ਪੁਲੀਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਉਸ ਪਾਸੋਂ ਬਰਾਮਦ ਹਥਿਆਰ ਦੇ ਸਰੋਤ ਅਤੇ ਇਸ ਨੂੰ ਖਰੀਦਣ ਦੇ ਮਕਸਦ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

Latest News

Trending