Editorial
ਜਦੋਂ ਨਸ਼ੇ ਵਿਰੁੱਧ ਉਠਦੀਆਂ ਆਵਾਜ਼ਾਂ ਨੂੰ ਸਦਾ ਲਈ ਖ਼ਾਮੋਸ਼ ਕਰ ਦਿੱਤਾ ਜਾਵੇ…….
ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦੇ ਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਿੱਚ ਕੁਝ ਕੁ ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ, ਪਰ ਇਹ ਸਰਕਾਰ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਨਹੀਂ ਕਰ ਸਕੀ। ਕਾਂਗਰਸ, ਅਕਾਲੀ ਦਲ ਅਤੇ ਹੋਰ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਅਕਸਰ ਦੋਸ਼ ਲਗਾਉਂਦੇ ਹਨ ਕਿ ਨਸ਼ਾ ਤਸਕਰਾਂ ਨੂੰ ਫੜਨ ਦੇ ਨਾਂ ਤੇ ਅਕਸਰ ਛੋਟੀਆਂ ਮੱਛੀਆਂ ਅਤੇ ਨਸ਼ਾ ਪੀੜਤਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਪਰ ਨਸ਼ੇ ਦੇ ਮਗਰਮੱਛ ਕਾਨੂੰਨੀ ਕਾਰਵਾਈ ਤੋਂ ਬਹੁਤ ਦੂਰ ਰਹਿ ਕੇ ਆਪਣਾ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ।
ਪਿਛਲੇ ਦਿਨੀਂ ਪੰਜਾਬ ਦੇ ਮਾਨਸਾ ਇਲਾਕੇ ਵਿੱਚ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਵਪਾਰੀ ਅਤੇ ਤਸਕਰ ਕਿੰਨੇ ਸ਼ਕਤੀਸ਼ਾਲੀ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਵੱਖ ਵੱਖ ਇਲਾਕਿਆਂ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੀਆਂ ਆਵਾਜ਼ਾਂ ਨੂੰ ਖ਼ਾਮੋਸ਼ ਕੀਤਾ ਜਾ ਚੁੱਕਿਆ ਹੈ।
ਪੰਜਾਬ ਦੀ ‘ਆਪ’ ਸਰਕਾਰ ਵਲੋਂ ਭਾਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਂ ਹੇਠ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਅਕਸਰ ਦਾਅਵਾ ਕਰਦੇ ਹਨ ਕਿ ਪੁਲੀਸ ਵੱਲੋਂ ਇਸ ਮੁਹਿੰਮ ਦੈ ਤਹਿਤ ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰ ਕਾਬੂ ਕਰਕੇ ਜੇਲ੍ਹਾਂ ਵਿੱਚ ਬੰਦ ਕੀਤੇ ਜਾ ਚੁੱਕੇ ਹਨ ਪਰ ਸਵਾਲ ਇੱਕ ਵਾਰ ਫੇਰ ਉਹੀ ਉਠਦਾ ਹੈ ਕਿ ਜੇ ਨਸ਼ੇ ਦੇ ਸਾਰੇ ਤਸਕਰ ਜੇਲ੍ਹਾਂ ਵਿੱਚ ਬੰਦ ਹਨ ਤਾਂ ਫੇਰ ਨਸ਼ੇ ਦੀ ਸਪਲਾਈ ਕੌਣ ਕਰ ਰਿਹਾ ਹੈ? ਵਿਰੋਧੀ ਪਾਰਟੀਆਂ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਪੰਜਾਬ ਦੀ ਮੌਜੁੂਦਾ ਸਰਕਾਰ ਦਾ ਹਾਲ ਇਹ ਹੈ ਕਿ ਅੱਜ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾ ਸਕੀ।
ਸਵਾਲ ਇਹ ਹੈ ਕਿ ਸਰਕਾਰ ਦੇ ਵੱਡੇ-ਵੱਡੇ ਵਾਅਦਿਆਂ ਦਾ ਕੀ ਬਣਿਆ? ਇਹ ਗੱਲ ਆਮ ਆਖ ਜਾਂਣੀ ਹੈ ਕਿ ਜਦੋਂ ਤੱਕ ਤਸਕਰੀ ਦੇ ਨੈਟਵਰਕ ਤੋੜੇ ਨਹੀਂ ਜਾਂਦੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਸਿਰਫ਼ ਛਾਪਿਆਂ, ਗ੍ਰਿਫ਼ਤਾਰੀਆਂ ਅਤੇ ਪ੍ਰਚਾਰ ਮੁਹਿੰਮਾਂ ਨਾਲ ਨਸ਼ਿਆਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਜਦੋਂ ਸੂਬੇ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹੀ ਅਸੁਰੱਖਿਅਤ ਹੋਣ, ਨਸ਼ਿਆਂ ਤੋਂ ਪੀੜਤ ਪਰਿਵਾਰ ਇਨਸਾਫ਼ ਲਈ ਭਟਕਣ ਅਤੇ ਇੱਕ ਨਸ਼ਾ ਵਿਰੋਧੀ ਕਾਰਕੁਨ ਦੀ ਗੋਲੀ ਮਾਰ ਕੇ ਹੱਤਿਆ ਦੀ ਖ਼ਬਰ ਸਾਹਮਣੇ ਆਵੇ, ਤਾਂ ਸਰਕਾਰ ਸਿਰਫ਼ ਮੀਟਿੰਗਾਂ ਸੱਦ ਕੇ ਅਤੇ ਬਿਆਨ ਜਾਰੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ।
ਪੰਜਾਬ ਨੂੰ ਪ੍ਰਚਾਰ ਨਹੀਂ, ਜਵਾਬਦੇਹੀ ਚਾਹੀਦੀ ਹੈ। ਪੰਜਾਬ ਦੇ ਵੱਡੀ ਗਿਣਤੀ ਲੋਕ ਇਸ ਸਮੇਂ ਨਸ਼ੇ ਤੋਂ ਪੀੜਤ ਹਨ। ਕਿਸੇ ਦਾ ਨੌਜਵਾਨ ਪੁੱਤਰ ਨਸ਼ੇ ਦੀ ਭੇਂਟ ਚੜ ਚੁੱਕਿਆ ਹੈ ਕਿਸੇ ਦੀ ਧੀ ਆਪਣੇ ਨਸ਼ੇੜੀ ਪਤੀ ਦੇ ਮਰ ਜਾਣ ਕਾਰਨ ਵਿਧਵਾ ਦਾ ਜੂਨ ਹੰਡਾ ਰਹੀ ਹੈ। ਕਈ ਪਰਿਵਾਰਾਂ ਦੇ ਤਾਂ ਨਸ਼ੇ ਕਾਰਨ ਘਰ ਹੀ ਉਜੜ ਗਏ ਹਨ। ਵੱਖ- ਵੱਖ ਬੁੱਧੀਜੀਵੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਕੁਝ ਸਾਲ ਪਹਿਲਾਂ ਅੱਤਵਾਦ ਕਾਰਨ ਹਰ ਪਾਸੇ ਨੌਜਵਾਨਾਂ ਦੇ ਸਿਵੇ ਬਲਦੇ ਸਨ ਅਤੇ ਹੁਣ ਪੰਜਾਬ ਦੇ ਵੱਡੀ ਗਿਣਤੀ ਨੌਜਵਾਨਾਂ ਦੇ ਨਸ਼ੇ ਕਾਰਨ ਸਿਵੇ ਬਲ ਰਹੇ ਹਨ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਵਿਰੁੱਧ ਯੁੱਧ ਮੁਹਿੰਮ ਨੂੰ ਹੋਰ ਤੇਜ਼ ਕਰੇ ਅਤੇ ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਣ। ਸਰਕਾਰ, ਸਮਾਜ, ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਸਾਂਝੀ ਮੁਹਿੰਮ ਵੱਡੇ ਪੱਧਰ ਤੇ ਚਲਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਵਿਚੋਂ ਨਸ਼ਾ ਬਿਲਕੁਲ ਖਤਮ ਕੀਤਾ ਜਾ ਸਕੇ।
ਬਿਊਰੋ
Editorial
ਸ਼ਹਿਰ ਅਤੇ ਜਿਲ੍ਹੇ ਵਿੱਚ ਲੱਗੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ
ਦਿਵਾਲੀ ਦਾ ਤਿਉਹਾਰ ਆ ਗਿਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਿਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਲਿਆਂ ਲਈ ਸਮਾਂ ਸੀਮਾਂ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਇਹਨਾਂ ਤਿਉਹਾਰਾਂ ਮੌਕੇ ਮਿੱਥੇ ਸਮੇਂ ਤੇ ਹੀ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾ ਸਕੇਗੀ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਸਤੇ ਸਮਾਂ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਕੀ ਹਸ਼ਰ ਹੋਣਾ ਹੈ। ਪਟਾਕੇ ਚਲਾਉਣ ਦੀ ਸਮਾਂ ਸੀਮਾਂ ਤੈਅ ਕਰਨ ਦੇ ਹੁਕਮ ਹਰ ਸਾਲ ਹੀ ਜਾਰੀ ਕੀਤੇ ਜਾਂਦੇ ਹਨ ਪਰੰਤੂ ਪਟਾਕੇ ਚਲਾਉਣ ਵਾਲੇ ਲੋਕ ਇਹਨਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਪੂਰੀ ਰਾਤ ਪਟਾਕੇ ਚਲਦੇ ਰਹਿੰਦੇ ਹਨ।
ਇਸ ਗੱਲ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂੰ ਹਾਂ ਕਿ ਪਟਾਕੇ ਚਲਾਉਣ ਦੌਰਾਨ ਜਿਹੜਾ ਜਹਿਰੀਲਾ ਧੂਆਂ ਨਿਕਲਦਾ ਹੈ ਉਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਵੇਲੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਹੀ ਜਿਆਦਾ ਹੈ ਇਸ ਲਈ ਪਟਾਕਿਆਂ ਦੇ ਧੂਏਂ ਨਾਲ ਸਾਡੇ ਵਾਤਾਵਰਨ ਵਿੱਚ ਜਿਹੜਾ ਜਹਿਰ ਘੁਲਣਾ ਹੈ ਉਸ ਨੇ ਸਾਡੇ ਸਾਰਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾਉਣਾ ਹੈ। ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਰਹਿੰਦੇ ਹਨ ਜਿਹੜੇ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਪਟਾਕਿਆਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਵਧਣ ਵਾਲਾ ਪ੍ਰਦੂਸ਼ਨ ਦਾ ਇਹ ਜਹਿਰ ਅਜਿਹੇ ਵਿਅਕਤੀਆਂ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।
ਇਸ ਪੱਖੋਂ ਪ੍ਰਸ਼ਾਸ਼ਨ ਵਲੋਂ ਵੀ ਸਿਰਫ ਹੁਕਮ ਜਾਰੀ ਕਰਕੇ ਆਪਣੇ ਹੱਥ ਝਾੜ ਲਏ ਜਾਂਦੇ ਹਨ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਹੁੰਦੀ। ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਹੁਕਮ ਜਾਰੀ ਕੀਤੇ ਜਾਣ ਦਾ ਨਾ ਤਾਂ ਕੋਈ ਅਸਰ ਦਿਖਦਾ ਹੈ ਅਤੇ ਨਾ ਹੀ ਇਹਨਾਂ ਹੁਕਮਾਂ ਦਾ ਅਸਲ ਮੰਤਵ ਹੀ ਪੂਰਾ ਹੁੰਦਾ ਹੈ। ਇਹ ਠੀਕ ਹੈ ਕਿ ਲੋਕਾਂ ਵਿੱਚ ਤਿਉਹਾਰ ਦੇ ਉਤਸਾਹ ਨੂੰ ਵੇਖਦਿਆਂ ਪਟਾਕੇ ਚਲਾਉਣ ਤੇ ਰੋਕ ਲਗਾਉਣਾ ਆਸਾਨ ਨਹੀਂ ਹੈ ਪਰੰਤੂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਅਜਿਹੇ ਸਖਤ ਫੈਸਲੇ ਲੈਣੇ ਜਰੂਰੀ ਹੋ ਜਾਂਦੇ ਹਨ ਅਤੇ ਜੇਕਰ ਸਥਾਨਕ ਪ੍ਰਸ਼ਾਸ਼ਨ ਪਟਾਕੇ ਚਲਾਉਣ ਲਈ ਜਾਰੀ ਕੀਤੀ ਗਈ ਸਮਾਂ ਸੀਮਾ ਨੂੰ ਮੁਕੰਮਲ ਤੌਰ ਤੇ ਲਾਗੂ ਨਹੀਂ ਕਰਵਾ ਸਕਦਾ ਤਾਂ ਉਸ ਵਲੋਂ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰਨੇ ਚਾਹੀਦੇ ਹਨ।
ਇਸ ਸੰਬੰਧੀ ਵਾਤਾਵਰਨ ਪ੍ਰੇਮੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਸਾਹ ਦੀਆਂ ਵੱਧਦੀਆਂ ਬਿਮਾਰੀਆਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ਦੀ ਕਾਰਵਾਈ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ, ਪਰੰਤੂ ਅਜਿਹਾ ਨਹੀਂ ਹੋਇਆ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਸ਼ਹਿਰ ਅਤੇ ਜਿਲ੍ਹੇ ਵਿੱਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਜਹਿਰੀਲੇ ਧੂਏ ਕਾਰਨ ਵਾਤਾਵਰਨ ਦੇ ਬੁਰੀ ਤਰ੍ਹਾਂ ਪਲੀਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤੇ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਸਾਲ ਵੀ ਸ਼ਹਿਰ ਵਿੱਚ ਨਾ ਸਿਰਫ ਵੱਡੇ ਪੱਧਰ ਤੇ ਪਟਾਕੇ ਵੇਚੇ ਜਾਣਗੇ ਬਲਕਿ ਇਹਨਾਂ ਪਟਾਕਿਆ ਨੂੰ ਚਲਾਏ ਜਾਣ ਕਾਰਨ ਸ਼ਹਿਰ ਦੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਸਹਿਣਾ ਪੈਣਾ ਹੈ।
ਜੇਕਰ ਪ੍ਰਸ਼ਾਸ਼ਨ ਵਲੋਂ ਤਿਉਹਾਰਾਂ ਮੌਕੇ ਪਟਾਕੇ ਵੇਚਣ ਅਤੇ ਚਲਾਉਣ ਉਪਰ ਪਾਬੰਦੀ ਨਾ ਲਗਾਈ ਗਈ ਤਾਂ ਤਿਉਹਾਰਾਂ ਮੌਕੇ ਲੋਕਾਂ ਵਲੋਂ ਬਹੁਤ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਣੇ ਹਨ ਜਿਸ ਨਾਲ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਵਾਸਤੇ ਸਮਾਂ ਸੀਮਾ ਤੈਅ ਕਰਨ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪਟਾਕਿਆਂ ਦੀ ਖਰੀਦ, ਵੇਚ ਅਤੇ ਵਰਤੋਂ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਪਟਾਕਿਆਂ ਕਾਰਨ ਵਾਪਰਦੇ ਹਾਦਸਿਆਂ ਤੋਂ ਵੀ ਬਚਾਓ ਹੋ ਸਕੇ।
Editorial
ਪ੍ਰੋ. ਪ੍ਰੇਮ ਚੰਦੂਮਾਜਰਾ ਵੱਲੋਂ ਅਕਾਲੀ ਦਲ ਬਾਦਲ ਵਿੱਚ ਵਾਪਸੀ ਦੇ ਮਾਇਨੇ
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਅਤੇ ਮਾਂ ਪਾਰਟੀ ਅਕਾਲੀ ਦਲ ਬਾਦਲ ਵੱਲ ਪਰਤਣ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਹੋਣ ਦੀ ਆਸ ਬਣ ਗਈ ਹੈ। ਪ੍ਰੋ. ਚੰਦੂਮਾਜਰਾ ਦੇ ਬਾਦਲ ਦਲ ਨਾਲ ਜੁੜਨ ਨਾਲ ਇਹ ਧੜਾ ਮਜਬੂਤ ਹੋ ਗਿਆ ਹੈ ਜਦੋਂਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਗਰਾਫ਼ ਹੇਠਾਂ ਜਾ ਰਿਹਾ ਹੈ।
ਹਾਲਾਂਕਿ ਪ੍ਰੋ. ਚੰਦੂਮਾਜਰਾ ਪਹਿਲੇ ਅਕਾਲੀ ਆਗੂ ਨਹੀਂ ਹਨ, ਜਿਹਨਾਂ ਨੇ ਪੁਨਰ ਸੁਰਜੀਤ ਧੜੇ ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ ਪੰਜ ਪ੍ਰਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਮੰਤਰੀ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਧੂਰੀ ਤੋਂ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾ ਸ਼ਾਮਲ ਹਨ।
ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਅਕਾਲੀ ਧੜਿਆਂ ਨੂੰ ਏਕਤਾ ਦਾ ਸੱਦਾ ਦਿੱਤਾ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਪੰਥਕ ਵੋਟਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਸੀ ਕਿ ਵੱਖ ਵੱਖ ਅਕਾਲੀ ਧੜੇ ਹੋਣ ਨਾਲ ਪੰਥਕ ਵੋਟਾਂ ਵੰਡੀਆਂ ਨਹੀਂ ਜਾਂਦੀਆਂ ਬਲਕਿ ਪੰਥਕ ਵੋਟਾਂ ਜਿਸ ਪਾਰਟੀ ਜਾਂ ਧੜੇ ਵੱਲ ਉਲਾਰ ਹੋ ਜਾਣ, ਉਸ ਪਾਰਟੀ ਜਾਂ ਧੜੇ ਦੀ ਜਿੱਤ ਹੋ ਜਾਂਦੀ ਹੈ। ਇਹ ਪੰਥਕ ਵੋਟਾਂ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਮਾਨ ਵੱਲ ਚਲੀਆਂ ਗਈਆਂ ਸਨ, ਜਿਸ ਕਾਰਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਉਮੀਦਵਾਰਾਂ ਦੀ ਹੁੰਝਾਫੇਰ ਜਿੱਤ ਹੋਈ ਸੀ। ਉਸ ਤੋਂ ਬਾਅਦ ਇਹ ਪੰਥਕ ਵੋਟਾਂ ਪੂਰੀ ਤਰ੍ਹਾਂ ਬਾਦਲ ਦਲ ਦੇ ਹੱਕ ਵਿੱਚ ਵੀ ਭੁਗਤਦੀਆਂ ਰਹੀਆਂ। ਪੰਥਕ ਵੋਟਾਂ ਦੇ ਸਹਾਰੇ ਬਾਦਲ ਦਲ ਪੂਰੇ 10 ਸਾਲ ਲਗਾਤਾਰ ਪੰਜਾਬ ਵਿੱਚ ਸਰਕਾਰ ਚਲਾਉਣ ਵਿੱਚ ਕਾਮਯਾਬ ਰਿਹਾ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਕਾਲੀ ਆਗੂਆਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ।
ਪ੍ਰੋ. ਚੰਦੂਮਾਜਰਾ ਦੇ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ। ਇਸ ਦੇ ਨਾਲ ਹੀ ਹੋਰ ਆਗੂਆਂ ਦੇ ਵੀ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਕੁਝ ਹੋਰ ਆਗੂ ਵੀ ਇਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।
ਪੰਜਾਬ ਦੇ ਲੋਕਾਂ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਹਰ ਨਵੀਂ ਚੀਜ਼ ਨੂੰ ਜਲਦੀ ਅਪਨਾ ਲੈਂਦੇ ਹਨ। ਪੰਜਾਬ ਦੇ ਚੋਣ ਨਤੀਜੇ ਅਕਸਰ ਪੂਰੇ ਦੇਸ਼ ਨਾਲੋਂ ਵੱਖਰੇ ਹੁੰਦੇ ਹਨ ਅਤੇ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਵੱਡਾ ਸਿਆਸੀ ਸੰਦੇਸ਼ ਦਿੰਦਾ ਆਇਆ ਹੈ। ਇਸ ਸੰਬੰਧੀ ਜੇਕਰ ਪੰਜਾਬ ਦੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਸਮੇਂ ਇੱਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਰਵਾਇਤੀ ਪਾਰਟੀਆਂ ਵਾਂਗ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਥੇ ਸਿਆਸੀ ਆਗੂਆਂ ਨੂੰ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਉਥੇ ਆਮ ਪੰਜਾਬੀ ਆਪਣਾ ਫੈਸਲਾ ਸੁਣਾਉਣ ਲਈ ਅਗਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਵੱਡੀ ਗਿਣਤੀ ਪੰਜਾਬੀਆਂ ਦਾ ਕਹਿਣਾ ਹੈ ਕਿ ਪੁਰਾਣੇ ਪੰਥਕ ਆਗੂ ਹੁਣ ਵੇਲਾ ਵਿਹਾ ਚੁੱਕੇ ਹਨ ਅਤੇ ਅਕਾਲੀ ਸਿਆਸਤ ਵਿੱਚ ਹੁਣ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਅਤੇ ਪੰਜਾਬੀਆਂ ਦੀ ਅਗਵਾਈ ਸੰਭਾਲਣ ਦੀ ਲੋੜ ਹੈ। ਦੂਜੇ ਪਾਸੇ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਆਪਣੀਆਂ ਕੁਰਸੀਆਂ ਛੱਡਣ ਲਈ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਇਸ ਸਮੇਂ ਕੋਈ ਸਿਆਸੀ ਹਵਾ ਨਹੀਂ ਚੱਲੀ ਹੈ।
ਪ੍ਰੋ. ਚੰਦੂਮਾਜਰਾ ਦੀਆਂ ਸਰਗਰਮੀਆਂ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਣ ਲੱਗੀ ਹੈ। ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਵੱਲੋਂ ਦਿਤੇ ਗਏ ਅਕਾਲੀ ਏਕਤਾ ਦੇ ਸੱਦੇ ਨੂੰ ਦੂਸਰੇ ਅਕਾਲੀ ਆਗੂ ਕਿੰਨਾ ਕੁ ਹੁੰਗਾਰਾ ਭਰਦੇ ਹਨ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।
ਬਿਊਰੋ
Editorial
ਕੀ ਕਹਿੰਦੇ ਹਨ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜੇ?
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ। ਇਹਨਾਂ ਨਤੀਜਿਆਂ ਦੇ ਆਉਣ ਤੋਂ ਤੁਰੰਤ ਬਾਅਦ ਵਿਸ਼ਵ ਦੀ ਰਾਜਨੀਤੀ ਅਤੇ ਆਰਥਿਕਤਾ ਪ੍ਰਭਾਵਿਤ ਹੋਣ ਲੱਗ ਪਈ ਹੈ। ਇਹਨਾਂ ਚੋਣਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਪਾਰਟੀ ਦੀ ਹਾਰ ਤੋਂ ਬਾਅਦ ਜਿੱਥੇ ਵਿਸ਼ਵ ਸਿਆਸਤ ਵਿੱਚ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ, ਉਥੇ ਸ਼ੇਅਰ ਬਾਜ਼ਾਰ ਅਤੇ ਸਟਾਕ ਮਾਰਕੀਟ ਵਿੱਚ ਵੀ ਵੱਡੀ ਉਥਲ ਪੁਥਲ ਹੋ ਗਈ ਅਤੇ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਸੋਨੇ ਚਾਂਦੀ ਦੇ ਭਾਅ ਇੱਕ ਦਮ ਹੀ ਵੱਧ ਗਏ।
ਜ਼ਿਕਰਯੋਗ ਹੈ ਕਿ ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਉਲਟਫੇਰ ਕਰ ਦਿੱਤਾ ਹੈ। ਸੈਨੇਟ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿੱਚ ਵੀ ਜ਼ਬਰਦਸਤ ਜਿੱਤ ਹਾਸਲ ਕਰਕੇ ਅਮਰੀਕੀ ਸੰਸਦ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਹ ਨਤੀਜਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਪ੍ਰਸ਼ਾਸਨ ਲਈ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਡੈਮੋਕਰੇਟਿਕ ਪਾਰਟੀ ਨੇ ਜ਼ਬਰਦਸਤ ਵਾਪਸੀ ਕਰਦਿਆਂ 435 ਮੈਂਬਰੀ ‘ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼’ (ਹੇਠਲਾ ਸਦਨ) ਅਤੇ 100 ਮੈਂਬਰੀ ‘ਸੈਨੇਟ’ ਦੋਵਾਂ ਵਿੱਚ ਹੀ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ 30 ਸੂਬਿਆਂ ਵਿੱਚ ਆਪਣੇ ਗਵਰਨਰ ਬਣਾ ਕੇ ਸੱਤਾ ਤੇ ਕਬਜ਼ਾ ਕੀਤਾ ਹੈ।
ਇਸ ਹਾਰ ਦਾ ਸਭ ਤੋਂ ਵੱਡਾ ਕਾਰਨ ਮਹਿੰਗਾਈ ਅਤੇ ਵਧ ਰਿਹਾ ਖਰਚਾ ਹੈ। ਇਥੇ ਲਗਭਗ 90 ਫੀਸਦੀ ਵੋਟਰਾਂ ਨੇ ਮੰਨਿਆ ਕਿ ਰੋਜ਼ਾਨਾ ਦੇ ਖਰਚਿਆਂ ਨੇ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ ਅਤੇ ਲੋਕਾਂ ਨੇ ਇਸ ਦਾ ਸਾਰਾ ਦੋਸ਼ ਟਰੰਪ ਸਰਕਾਰ ਤੇ ਮੜ੍ਹ ਦਿੱਤਾ। ਇਸ ਤੋਂ ਇਲਾਵਾ, ਲਗਭਗ 60 ਫੀਸਦੀ ਵੋਟਰਾਂ ਦਾ ਮੰਨਣਾ ਸੀ ਕਿ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਹੱਦੋਂ ਵੱਧ ਸਖ਼ਤ ਸਨ, ਜਿਸ ਕਾਰਨ ਹਿਸਪੈਨਿਕ ਭਾਈਚਾਰੇ ਸਮੇਤ ਕਈ ਵੋਟਰ ਉਨ੍ਹਾਂ ਤੋਂ ਪਾਸਾ ਵੱਟ ਗਏ ਸਨ।
ਚੋਣਾਂ ਵਾਲੇ ਦਿਨ ਹੀ ਟਰੰਪ ਵੱਲੋਂ ਇਜ਼ਰਾਈਲ ਦੀ 4 ਅਰਬ ਡਾਲਰ ਦੀ ਸਾਲਾਨਾ ਮਦਦ ਬੰਦ ਕਰਨ ਦੇ ਅਚਾਨਕ ਐਲਾਨ ਨੇ ਉਨ੍ਹਾਂ ਦੀ ਪਾਰਟੀ ਅੰਦਰ ਵੀ ਦੁਬਿਧਾ ਪੈਦਾ ਕਰ ਦਿੱਤੀ ਸੀ। ਟਰੰਪ ਨੇ ਇਨ੍ਹਾਂ ਚੋਣਾਂ ਨੂੰ ਆਪਣੇ ਵਿਅਕਤੀਗਤ ਰੂਪ ਵਿੱਚ ਲਿਆ ਸੀ, ਜਿਸ ਨੇ ਡੈਮੋਕ੍ਰੇਟਿਕ ਵਿਰੋਧੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਅਤੇ ਲਾਮਬੰਦੀ ਪੈਦਾ ਕਰ ਦਿੱਤੀ ਸੀ।
ਮੱਧਕਾਲੀ ਚੋਣਾਂ ਵਿੱਚ ਆਪਣੀ ਪਾਰਟੀ ਦੀ ਵੱਡੀ ਹਾਰ ਤੋਂ ਵੀ ਕੋਈ ਸਬਕ ਨਾ ਲੈਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਸ਼ਕਤੀਸ਼ਾਲੀ ਵੀਟੋ ਪਾਵਰ ਹੈ ਅਤੇ ਉਹ ਸੰਸਦ ਦੇ ਹਰ ਫੈਸਲੇ ਤੇ ਵੀਟੋ ਦੀ ਵਰਤੋਂ ਕਰ ਸਕਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਆਪਣੀ ਪਾਰਟੀ ਦੀ ਹਾਰ ਦੇ ਬਾਵਜੂਦ ਟਰੰਪ ਹਾਰ ਕਬੂਲਨ ਲਈ ਤਿਆਰ ਨਹੀਂ ਹਨ।
ਅਮਰੀਕਾ ਦੇ ਰਾਸ਼ਟਰਪਤੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੂਰੇ ਵਿਸ਼ਵ ਵਿੱਚ ਅਮਰੀਕਾ ਦੀ ਸਰਦਾਰੀ ਚਾਹੁੰਦੇ ਹਨ। ਇਸ ਤੋਂ ਇਲਾਵਾ ਟਰੰਪ ਵੱਖ ਵੱਖ ਦੇਸ਼ਾਂ ਦੇ ਤੇਲ ਸੋਮਿਆਂ ਅਤੇ ਕੁਦਰਤੀ ਖਣਿਜ਼ਾਂ ਦੇ ਭੰਡਾਰਾਂ ਤੇ ਵੀ ਕਬਜਾ ਕਰਨਾ ਚਾਹੁੰਦੇ ਹਨ। ਟਰੰਪ ਵੱਲੋਂ ਵੱਖ- ਵੱਖ ਦੇਸ਼ਾਂ ਨੂੰ ਦਬਾਉਣ ਦੀ ਨੀਤੀ ਤਹਿਤ ਹੀ ਇਰਾਨ ਉਪਰ ਹਮਲੇ ਜਾਰੀ ਹਨ। ਦੂਜੇ ਪਾਸੇ ਟਰੰਪ ਦੇ ਵਿਰੁੱਧ ਫਤਵਾ ਦੇ ਕੇ ਅਮਰੀਕਾ ਦੇ ਆਮ ਲੋਕਾਂ ਨੇ ਸੁਨੇਹਾ ਦੇ ਦਿੱਤਾ ਹੈ ਕਿ ਉਹ ਟਰੰਪ ਦੀਆਂ ਹਮਲਾਵਰ ਨੀਤੀਆਂ ਨਾਲ ਸਹਿਮਤ ਨਹੀਂ ਹਨ।
ਟਰੰਪ ਦੀਆਂ ਨੀਤੀਆਂ ਕਾਰਨ ਅਮਰੀਕਾ ਦੇ ਗੁਆਂਢੀਂ ਦੇਸ਼ ਕੈਨੇਡਾ ਨਾਲ ਵੀ ਅਮਰੀਕਾ ਦੇ ਵਪਾਰਕ ਸਬੰਧ ਸੁਖਾਂਵੇਂ ਨਹੀਂ ਰਹੇ ਪਰ ਹੁਣ ਟਰੰਪ ਨੂੰ ਮਿਲੀ ਹਾਰ ਕਾਰਨ ਅਮਰੀਕਾ ਦੇ ਕੈਨੇਡਾ ਨਾਲ ਵਪਾਰਕ ਸਬੰਧ ਮੁੜ ਮਜਬੂਤ ਹੋਣ ਦੀ ਉਮੀਦ ਬਣ ਗਈ ਹੈ। ਇਨ੍ਹਾਂ ਚੋਣ ਨਤੀਜਿਆਂ ਦਾ ਅਸਰ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਉੱਤੇ ਵੀ ਪੈ ਸਕਦਾ ਹੈ। ਅਮਰੀਕੀ ਸੰਸਦ ਵਿੱਚ ਵਪਾਰਕ ਨੀਤੀਆਂ, ਆਯਾਤ ਸ਼ੁਲਕ ਅਤੇ ਐਚ-1ਬੀ ਵੀਜ਼ਾ ਵਰਗੇ ਮੁੱਦਿਆਂ ਉੱਤੇ ਸੰਸਦੀ ਬਹਿਸ ਅਤੇ ਨਿਗਰਾਨੀ ਹੋਰ ਤੇਜ਼ ਹੋਣ ਦੀ ਉਮੀਦ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਹਿਯੋਗ ਅਤੇ ਵਪਾਰਕ ਸਮੀਕਰਨ ਪ੍ਰਭਾਵਿਤ ਹੋ ਸਕਦੇ ਹਨ।
ਕਾਂਗਰਸ ਵਿੱਚ ਡੈਮੋਕ੍ਰੇਟਸ ਦੇ ਮਜ਼ਬੂਤ ਹੋਣ ਨਾਲ ਟਰੰਪ ਦੀਆਂ ਗਲੋਬਲ ਟੈਰਿਫ ਨੀਤੀਆਂ ਨੂੰ ਹੁਣ ਬਿਨਾਂ ਕਿਸੇ ਰੋਕ-ਟੋਕ ਦੇ ਲਾਗੂ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਮੱਧ ਕਾਲੀ ਚੋਣਾਂ ਦੇ ਨਤੀਜਿਆਂ ਕਾਰਨ ਰਾਸ਼ਟਰਪਤੀ ਟਰੰਪ ਦੀਆਂ ਆਪਹੁਦਰੀਆਂ ਕਾਰਵਾਈਆਂ ਅਤੇ ਮਨਮਰਜੀਆਂ ਨੂੰ ਨੱਥ ਪਵੇਗੀ ਅਤੇ ਟਰੰਪ ਨੂੰ ਹੁਣ ਬਹੁਤ ਸੰਭਲ ਸੰਭਲ ਕੇ ਚੱਲਣਾ ਪਵੇਗਾ।
ਬਿਊਰੋ
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
