National
ਸੁਪਰੀਮ ਕੋਰਟ ਨੇ ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮੌਕੇ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ ਦਿੱਤੀ
ਨਵੀਂ ਦਿੱਲੀ, 26 ਅਕਤੂਬਰ (ਸ.ਬ.) ਸੁਪਰੀਮ ਕੋਰਟ ਨੇ ਅੱਜ 2021 ਦੇ ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੀਵਾਲੀ ਮਨਾਉਣ ਲਈ ਆਪਣੇ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਸਮੇਂ ਸਿਰ ਮੁਕੰਮਲ ਹੋਣੀ ਚਾਹੀਦੀ ਹੈ। ਬੈਂਚ ਨੇ ਕਿਹਾ ਕਿ ਟਰਾਇਲ ਵਿੱਚ ਨਾ ਤਾਂ ਬਹੁਤੀ ਕਾਹਲੀ ਹੋਣੀ ਚਾਹੀਦੀ ਹੈ ਤੇ ਨਾ ਹੀ ਲੰਮੀ ਦੇਰੀ। ਇਸਤਗਾਸਾ ਪੱਖ ਨੂੰ ਇੱਕ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ 3 ਅਕਤੂਬਰ 2021 ਦਾ ਹੈ, ਜਦੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ 8 ਲੋਕ ਮਾਰੇ ਗਏ ਸਨ। ਇੱਕ ਐਸ ਯੂ ਵੀ ਗੱਡੀ ਨੇ ਚਾਰ ਕਿਸਾਨਾਂ ਨੂੰ ਦਰੜ ਦਿੱਤਾ ਸੀ। ਇਸ ਤੋਂ ਬਾਅਦ, ਗੁੱਸੇ ਵਿੱਚ ਆਏ ਲੋਕਾਂ ਨੇ ਕਥਿਤ ਤੌਰ ਤੇ ਗੱਡੀ ਦੇ ਡਰਾਈਵਰ ਅਤੇ ਦੋ ਭਾਜਪਾ ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹਿੰਸਾ ਵਿੱਚ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ।
ਆਸ਼ੀਸ਼ ਮਿਸ਼ਰਾ ਜ਼ਮਾਨਤ ਤੇ ਬਾਹਰ ਹੈ, ਪਰ ਉਸ ਨੂੰ ਆਪਣੇ ਜੱਦੀ ਸ਼ਹਿਰ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਨਹੀਂ ਸੀ। ਮਿਸ਼ਰਾ ਦੇ ਵਕੀਲ ਸਿਧਾਰਥ ਦਵੇ ਦੀ ਅਪੀਲ ਤੇ ਬੈਂਚ ਨੇ ਆਦੇਸ਼ ਦਿੱਤਾ, ਪਟੀਸ਼ਨਕਰਤਾ ਨੂੰ ਪਹਿਲਾਂ ਲਗਾਈਆਂ ਗਈਆਂ ਸ਼ਰਤਾਂ ਦੇ ਅਧੀਨ ਦੀਵਾਲੀ ਮਨਾਉਣ ਲਈ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਯੂਪੀ ਸਰਕਾਰ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਇਲਾਹਾਬਾਦ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਜੱਜ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਮਾਮਲੇ ਦੀ ਪੈਰਵੀ ਲਈ ਨਵਾਂ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ 131 ਵਿੱਚੋਂ 90 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ। ਪੀੜਤਾਂ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਦਾਲਤੀ ਘਟਨਾਕ੍ਰਮਾਂ ਤੇ ਤਸੱਲੀ ਪ੍ਰਗਟਾਈ।
ਦਸੰਬਰ 2023 ਵਿੱਚ ਹੇਠਲੀ ਅਦਾਲਤ ਨੇ ਮਿਸ਼ਰਾ ਅਤੇ 12 ਹੋਰਾਂ ਖਿਲਾਫ਼ ਕਤਲ ਅਤੇ ਅਪਰਾਧਿਕ ਸਾਜ਼ਿਸ਼ ਸਣੇ ਹੋਰ ਦੋਸ਼ ਤੈਅ ਕੀਤੇ ਸਨ। ਇਸ ਤੋਂ ਪਹਿਲਾਂ 6 ਅਗਸਤ ਨੂੰ ਸੁਪਰੀਮ ਕੋਰਟ ਨੇ ਮਿਸ਼ਰਾ ਦੀ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਹੋਰ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
National
ਨਾਰਥ ਬਲਾਕ ਦੀ ਛੱਤ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਨਵੀਂ ਦਿੱਲੀ, 26 ਅਕਤੂਬਰ (ਸ.ਬ.) ਦਿੱਲੀ ਵਿੱਚ ਅੱਜ ਸਵੇਰੇ ਰਾਏਸੀਨਾ ਹਿੱਲ ਤੇ ਸਥਿਤ ਨਾਰਥ ਬਲਾਕ ਇਲਾਕੇ ਵਿੱਚੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ (ਡੀਐਫਐਸ) ਨੇ ਦੱਸਿਆ ਕਿ ਨਾਰਥ ਬਲਾਕ ਦੀ ਛੱਤ ਤੇ ਉਸ ਸਮੇਂ ਛੋਟੀ ਜਿਹੀ ਅੱਗ ਲੱਗਣ ਦੀ ਘਟਨਾ ਵਾਪਰ ਗਈ ਜਦੋਂ ਉੱਥੇ ਅੰਦਰ ਕੁਝ ਭੰਨਤੋੜ ਅਤੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਫਾਇਰ ਵਿਭਾਗ ਅਨੁਸਾਰ, ਛੱਤ ਤੇ ਲੱਗੇ ਇੱਕ ਏਸੀ ਬਾਇਲਰ ਵਿੱਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਇਹ ਅੱਗ ਲੱਗੀ ਸੀ, ਜਿਸ ਤੇ ਬਾਅਦ ਵਿੱਚ ਕਾਬੂ ਪਾ ਲਿਆ ਗਿਆ। ਡੀ ਐਫ ਐਸ ਨੇ ਕਿਹਾ ਕਿ ਨਾਰਥ ਬਲਾਕ ਦੀ ਛੱਤ ਤੇ ਛੋਟੀ ਜਿਹੀ ਅੱਗ ਲੱਗੀ ਸੀ। ਉੱਥੇ ਅੰਦਰ ਕੁਝ ਕੰਮ ਚੱਲ ਰਿਹਾ ਸੀ। ਅੱਗ ਬੁਝਾ ਦਿੱਤੀ ਗਈ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਧੂੰਆਂ ਕਾਫੀ ਦੂਰੋਂ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਚਿੰਤਾ ਪੈਦਾ ਹੋ ਗਈ। ਰਾਜ ਸਭਾ ਮੈਂਬਰ ਮਿਲਿੰਦ ਦੇਵੜਾ ਨੇ ਵੀ ਕਿਹਾ ਕਿ ਜਦੋਂ ਉਹ ਸੰਸਦ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਨਾਰਥ ਬਲਾਕ ਦੇ ਪਿੱਛੇ ਤੋਂ ਸੰਘਣਾ ਧੂੰਆਂ ਉੱਠਦਾ ਦੇਖਿਆ। ਐਕਸ ਤੇ ਇੱਕ ਪੋਸਟ ਪਾ ਕੇ ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਅੱਗ ਲੱਗੀ ਹੈ ਅਤੇ ਉਨ੍ਹਾਂ ਨੇ ਸਾਰਿਆਂ ਦੇ ਸੁਰੱਖਿਅਤ ਹੋਣ ਦੀ ਉਮੀਦ ਜਤਾਈ। ਡੀ ਐਫ ਐਸ ਨੇ ਸਪਸ਼ਟ ਕੀਤਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
National
ਰਾਹੁਲ ਗਾਂਧੀ ਨੂੰ ਯੂਪੀ ਦੀ ਅਦਾਲਤ ਨੇ 2018 ਦੇ ਮਾਣਹਾਨੀ ਕੇਸ ਵਿੱਚ ਕੀਤਾ ਬਰੀ
ਸੁਲਤਾਨਪੁਰ, 26 ਅਕਤੂਬਰ (ਸ.ਬ.) ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅੱਜ ਇੱਥੋਂ ਦੀ ਇੱਕ ਐਮਪੀ-ਐਮ ਐਲ ਏ ਅਦਾਲਤ ਨੇ 2018 ਵਿੱਚ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਕੀਤੀ ਗਈ ਟਿੱਪਣੀ ਨਾਲ ਸਬੰਧਤ ਮਾਣਹਾਨੀ ਕੇਸ ਵਿੱਚ ਬਰੀ ਕਰ ਦਿੱਤਾ ਹੈ। ਫੈਸਲਾ ਸੁਣਾਏ ਜਾਣ ਮੌਕੇ ਰਾਹੁਲ ਗਾਂਧੀ ਅਦਾਲਤ ਵਿੱਚ ਮੌਜੂਦ ਸਨ।
ਉਨ੍ਹਾਂ ਨੇ ਇਹ ਟਿੱਪਣੀ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਲੁਰੂ ਦੀ ਇੱਕ ਰੈਲੀ ਵਿੱਚ ਕੀਤੀ ਸੀ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਦੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਸਥਾਨਕ ਭਾਜਪਾ ਆਗੂ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਖ਼ਿਲਾਫ਼ ਇਹ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਰਾਹੁਲ ਗਾਂਧੀ 2023 ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ ਅਤੇ ਜ਼ਮਾਨਤ ਹਾਸਲ ਕੀਤੀ ਸੀ। ਅਦਾਲਤ ਵੱਲੋਂ ਪਹਿਲਾਂ ਇਸ ਫੈਸਲੇ ਲਈ 13 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਬਦਲ ਕੇ 26 ਅਕਤੂਬਰ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਜਦੋਂ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਦੇ ਮਾਮਲੇ ਵਿੱਚ ਅਦਾਲਤੀ ਸੁਣਵਾਈ ਲਈ ਸੁਲਤਾਨਪੁਰ ਜਾ ਰਹੇ ਸਨ, ਉਦੋਂ ਉਨ੍ਹਾਂ ਦੇ ਕਾਫ਼ਲੇ ਦੀਆਂ ਕੁਝ ਗੱਡੀਆਂ ਪੂਰਵਾਂਚਲ ਐਕਸਪ੍ਰੈਸ-ਵੇਅ ਤੇ ਆਪਸ ਵਿੱਚ ਟਕਰਾ ਗਈਆਂ। ਇੱਕ ਪੁਲੀਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਗੰਭੀਰ ਨਹੀਂ ਸੀ ਅਤੇ ਕਿਸੇ ਦੇ ਵੀ ਵੱਡੀ ਸੱਟ ਲੱਗਣ ਦੀ ਖ਼ਬਰ ਨਹੀਂ ਹੈ।
National
ਅੱਗ ਲੱਗਣ ਕਾਰਨ 40 ਦੁਕਾਨਾਂ ਸੜ ਕੇ ਸੁਆਹ, ਕਰੋੜਾਂ ਦਾ ਨੁਕਸਾਨ
ਜੰਮੂ, 26 ਅਕਤੂਬਰ (ਸ.ਬ.) ਜੰਮੂ ਰੇਲਵੇ ਸਟੇਸ਼ਨ ਦੇ ਨੇੜੇ ਸ਼ਿਵ ਮਾਰਕੀਟ ਵਿੱਚ ਅੱਜ ਸਵੇਰੇ ਕਰੀਬ ਚਾਰ ਦਹਾਕੇ ਪੁਰਾਣੇ ਇਸ ਬਾਜ਼ਾਰ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਹੈ। ਬਾਜ਼ਾਰ ਦੀਆਂ ਕਰੀਬ 40 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਅਤੇ ਜਿੱਥੇ ਇੱਕ ਦਿਨ ਪਹਿਲਾਂ ਤੱਕ ਕਾਰੋਬਾਰ ਦੀ ਰੌਣਕ ਸੀ, ਉੱਥੇ ਹੁਣ ਸੜੇ ਹੋਏ ਢਾਂਚੇ ਅਤੇ ਮਲਬੇ ਦੇ ਢੇਰ ਨਜ਼ਰ ਆ ਰਹੇ ਸਨ।
ਹਵਾ ਵਿੱਚ ਸੜੇ ਹੋਏ ਸਾਮਾਨ ਦੀ ਤੇਜ਼ ਬਦਬੂ ਫੈਲੀ ਹੋਈ ਸੀ। ਦੁਕਾਨਦਾਰ ਮਲਬੇ ਵਿੱਚ ਆਪਣਾ ਸਾਮਾਨ ਲੱਭ ਰਹੇ ਸਨ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੇ ਨਾਲ-ਨਾਲ ਜੋ ਕੁਝ ਬਚਿਆ ਸੀ, ਉਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਕਾਰੋਬਾਰੀਆਂ ਲਈ ਤਬਾਹੀ ਦੇ ਇਸ ਮੰਜ਼ਰ ਤੇ ਯਕੀਨ ਕਰਨਾ ਮੁਸ਼ਕਲ ਸੀ। ਸੁੱਕੇ ਮੇਵੇ, ਕੰਬਲ, ਸ਼ਾਲ, ਕੱਪੜੇ ਅਤੇ ਰੈਡੀਮੇਡ ਕੱਪੜੇ ਵੇਚਣ ਵਾਲੀਆਂ ਕਰੀਬ 40 ਦੁਕਾਨਾਂ ਅੱਗ ਵਿੱਚ ਸੜ ਕੇ ਸੁਆਹ ਹੋ ਗਈਆਂ। ਉੱਥੇ ਰਾਖ ਅਤੇ ਨੁਕਸਾਨੇ ਢਾਂਚਿਆਂ ਤੋਂ ਇਲਾਵਾ ਕੁਝ ਖਾਸ ਨਹੀਂ ਬਚਿਆ ਸੀ।
ਬੀਤੀ ਦੇਰ ਰਾਤ ਲੱਗੀ ਅੱਗ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਤੇਜ਼ੀ ਨਾਲ ਫੈਲ ਗਈ। ਹਵਾ ਚੱਲਣ ਕਾਰਨ ਅੱਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ। ਅਨੁਮਾਨ ਹੈ ਕਿ ਇਸ ਅਗਨੀਕਾਂਡ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਇੱਕ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਸੀਂ ਸਾਲਾਂ ਦੀ ਮਿਹਨਤ ਨਾਲ ਆਪਣਾ ਕਾਰੋਬਾਰ ਖੜ੍ਹਾ ਕੀਤਾ ਸੀ, ਪਰ ਇੱਕ ਹੀ ਰਾਤ ਵਿੱਚ ਸਭ ਕੁਝ ਸੁਆਹ ਹੋ ਗਿਆ। ਸਾਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕਿੱਥੋਂ ਸ਼ੁਰੂਆਤ ਕਰੀਏ ਅਤੇ ਇਸ ਨੁਕਸਾਨ ਦੀ ਭਰਪਾਈ ਕਿਵੇਂ ਕਰਾਂਗੇ। ਕਰੀਬ ਦੋ ਦਹਾਕਿਆਂ ਤੋਂ ਬਾਜ਼ਾਰ ਵਿੱਚ ਕੰਮ ਕਰ ਰਹੇ ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਤਬਾਹੀ ਨਾਲ ਸੈਂਕੜੇ ਲੋਕਾਂ ਦੀ ਰੋਜ਼ੀ-ਰੋਟੀ ਤੇ ਸੰਕਟ ਖੜ੍ਹਾ ਹੋ ਗਿਆ ਹੈ। ਇੱਥੋਂ ਦੇ ਕਾਰੋਬਾਰ ਨਾਲ ਕਰੀਬ 300 ਕਰਮਚਾਰੀ ਜੁੜੇ ਹੋਏ ਹਨ ਅਤੇ ਇਸ ਅੱਗ ਦਾ ਖਮਿਆਜ਼ਾ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਭੁਗਤਣਾ ਪਵੇਗਾ।
ਇੱਕ ਹੋਰ ਕਾਰੋਬਾਰੀ ਮੋਹਨ ਨੇ ਕਿਹਾ ਕਿ ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਅਸੀਂ ਜ਼ਿਆਦਾ ਸਾਮਾਨ ਨਹੀਂ ਬਚਾ ਸਕੇ। ਕਰਮਚਾਰੀ ਰਾਤ ਨੂੰ ਇੱਥੇ ਆਏ ਅਤੇ ਸਾਮਾਨ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਕੁਝ ਖਾਸ ਨਹੀਂ ਬਚਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਵਿੱਚ ਉਨ੍ਹਾਂ ਦੀਆਂ ਚਾਰ ਦੁਕਾਨਾਂ ਸੜ ਗਈਆਂ। ਕਾਰੋਬਾਰੀਆਂ ਨੇ ਬਾਜ਼ਾਰ ਦੀਆਂ ਤੰਗ ਗਲੀਆਂ ਵੱਲ ਵੀ ਧਿਆਨ ਦਿਵਾਇਆ, ਜਿਨ੍ਹਾਂ ਕਾਰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਮੁਸ਼ਕਲ ਆਈ। ਇੱਕ ਹੋਰ ਦੁਕਾਨਦਾਰ ਬਿੱਟੂ ਸ਼ਰਮਾ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟਾ ਲੇਟ ਨਾ ਹੁੰਦੀਆਂ ਤਾਂ ਕਾਫੀ ਨੁਕਸਾਨ ਹੋਣੋਂ ਬਚਾਇਆ ਜਾ ਸਕਦਾ ਸੀ।
ਰਾਤ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਭਾਜਪਾ ਵਿਧਾਇਕ ਵਿਕਰਮ ਰੰਧਾਵਾ ਨੇ ਕਿਹਾ ਕਿ ਵੱਡੇ ਪੱਧਰ ਤੇ ਤਬਾਹੀ ਹੋਈ ਹੈ। ਵਪਾਰੀ ਮੰਡਲ ਦੇ ਪ੍ਰਧਾਨ ਵਿਸ਼ਵ ਮਿੱਤਰ ਨੇ ਕਿਹਾ ਕਿ ਮੁੱਢਲੇ ਅਨੁਮਾਨਾਂ ਮੁਤਾਬਕ ਅੱਗ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ ਹੈ। ਪਰੇਸ਼ਾਨ ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਨੁਕਸਾਨ ਦਾ ਪਹਿਲ ਦੇ ਆਧਾਰ ਤੇ ਅੰਦਾਜ਼ਾ ਲਗਾ ਕੇ ਢੁੱਕਵਾਂ ਮੁਆਵਜ਼ਾ ਅਤੇ ਰਾਹਤ ਪੈਕੇਜ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਕਾਰੋਬਾਰ ਅਤੇ ਜ਼ਿੰਦਗੀ ਮੁੜ ਲੀਹ ਤੇ ਲਿਆ ਸਕਣ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
Punjab2 months agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Mohali2 months agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
International2 months ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
-
National2 months agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
