Mohali
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ ਤਹਿਤ 1000 ਖੇਡ ਗਰਾਊਂਡ ਕੀਤੇ ਪੰਜਾਬੀਆਂ ਨੂੰ ਸਮਰਪਿਤ : ਕੁਲਵੰਤ ਸਿੰਘ
ਹਲਕਾ ਵਿਧਾਇਕ ਵਲੋਂ ਪਿੰਡ ਨਗਾਰੀ ਵਿਖੇ 1.95 ਏਕੜ ਦੇ ਵਿੱਚ ਬਣੇ ਖੇਡ ਗਰਾਉਂਡ ਦਾ ਉਦਘਾਟਨ
ਐਸ ਏ ਐਸ ਨਗਰ, 11 ਨਵੰਬਰ (ਸ.ਬ.) ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਵੱਲੋਂ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਦੇ ਅਧੀਨ ਪੈਂਦੇ ਪਿੰਡ ਨਗਾਰੀ ਵਿਖੇ -ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ ਤਹਿਤ 35 ਲੱਖ ਰੁਪਏ ਦੀ ਲਾਗਤ ਨਾਲ 1.95 ਏਕੜ ਦੇ ਵਿੱਚ ਬਣੇ ਖੇਡ ਗਰਾਉਂਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਉਦਘਾਟਨ ਕਰਕੇ ਪੂਰੇ ਪੰਜਾਬ ਨੂੰ 1000 ਖੇਡ ਮੈਦਾਨ ਲੋਕ ਅਰਪਣ ਕਰਨ ਦੀ ਲੜੀ ਦੇ ਤਹਿਤ ਪਿੰਡ ਨਗਾਰੀ ਦੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਹੈ ਜਿੱਥੇ ਖਿਡਾਰੀ ਦਿਨ ਦੇ ਨਾਲ ਨਾਲ ਰਾਤ ਵੇਲੇ ਵੀ ਪ੍ਰੈਕਟਿਸ ਕਰ ਸਕਣਗੇ।
ਉਹਨਾਂ ਕਿਹਾ ਕਿ ਖੇਡ ਪ੍ਰੇਮੀ ਜਾਣਦੇ ਹਨ ਕਿ ਜਿੱਥੇ ਫੁਟਬਾਲ ਦਾ ਗਰਾਊਂਡ ਹੁੰਦਾ, ਉੱਥੇ ਲਗਭਗ ਸਾਰੀਆਂ ਖੇਡਾਂ ਹੀ ਖੇਡੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਇਸ ਖੇਡ ਗਰਾਊਂਡ ਵਿੱਚ ਹਾਈ ਮਾਸਕ ਲਾਈਟਾਂ ਉਪਲਬਧ ਕਰਵਾਈਆਂ ਗਈਆਂ ਹਨ, ਜਿਹੜੀਆਂ ਨੈਸ਼ਨਲ – ਅੰਤਰਰਾਸ਼ਟਰੀ ਪੱਧਰ ਦੀਆਂ ਗਰਾਊਂਡਾਂ ਦੇ ਵਿੱਚ ਲਗਾਈਆਂ ਜਾਂਦੀਆਂ ਹਨ ਅਤੇ ਪਹਿਲੀ ਵਾਰ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਖੇਡ ਗਰਾਊਂਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਉਹਨਾਂ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨਿਵਾਸੀਆਂ ਅਤੇ ਪੰਚਾਇਤ ਵਲੋਂ ਇਸ ਖੇਡ ਗਰਾਊਂਡ ਬਣਾਉਣ ਦੇ ਲਈ ਥਾਂ ਮੁਹਈਆ ਕਰਵਾਈ ਹੈ ਅਤੇ ਉਹਨਾਂ ਨੇ ਇਹੀ ਵੱਡੀ ਗੱਲ ਸਮਝੀ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਵਧੀਆ ਖੇਡ ਗਰਾਊਂਡ ਤਿਆਰ ਕਰਵਾਈਏ ਤਾਂ ਕਿ ਉਹ ਆਪਣੀ ਖੇਡ ਕਲਾ ਨੂੰ ਨਿਖਾਰ ਕੇ ਆਪਣਾ, ਆਪਣੇ ਮਾਤਾ- ਪਿਤਾ ਦਾ , ਆਪਣੇ ਕੋਚ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰ ਸਕਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਨਗਾਰੀ ਪਿੰਡ ਵਿੱਚ ਬਣਾਏ ਗਏ ਇਸ ਖੇਡ ਗਰਾਊਂਡ ਦੇ ਵਿੱਚ ਵਾਲੀਬਾਲ, ਫੁਟਬਾਲ ਨਾਲ ਸੰਬੰਧਿਤ ਖਿਡਾਰੀ ਪ੍ਰੈਕਟਿਸ ਕਰ ਸਕਣਗੇ ਅਤੇ ਆਪਣੀ ਖੇਡ ਕਲਾ ਨੂੰ ਨਿਖਾਰਨਗੇ।
ਇਸ ਮੌਕੇ ਸਰਪੰਚ ਚੇਤਨ ਸ਼ਰਮਾ, ਅਵਤਾਰ ਸਿੰਘ ਮੌਲੀ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ, ਕਰਮਾ ਪੁਰੀ ਸਰਪੰਚ ਗੋਵਿੰਦਗੜ, ਜਗਤਾਰ ਸਿੰਘ ਮੈਂਬਰ ਪੰਚਾਇਤ ਗੜਾਣਾ, ਰਾਜਿੰਦਰ ਪ੍ਰਸਾਦ ਸ਼ਰਮਾ , ਅਮਰੀਕ ਸਿੰਘ, ਛੱਜੂ ਸਿੰਘ, ਦਲਵੀਰ ਸਿੰਘ, ਦਵਿੰਦਰ ਸਿੰਘ, ਮਨੀਸ਼ ਸ਼ਰਮਾ, ਜੱਸਾ ਸਿੰਘ ਨੰਬਰਦਾਰ, ਮਾਸਟਰ ਮਲਕੀਤ ਸਿੰਘ ਵੀ ਹਾਜ਼ਰ ਰਹੇ।
Mohali
ਮੁਹਾਲੀ ਦੀ ਸੀ ਬੀ ਆਈ ਅਦਾਲਤ ਵਲੋਂ 34 ਸਾਲ ਪੁਰਾਣੇ ਅਗਵਾ ਤੇ ਲਾਪਤਾ ਮਾਮਲੇ ਵਿੱਚ ਸਾਬਕਾ ਐਸ ਐਸ ਪੀ ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ
ਭਲਕੇ ਸੁਣਾਈ ਜਾਵੇਗੀ ਸਜ਼ਾ
ਐਸ ਏ ਐਸ ਨਗਰ, 11 ਨਵੰਬਰ (ਸ.ਬ.) ਮੁਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਾਲ 1992 ਦੇ ਇੱਕ ਵਿਅਕਤੀ ਨੂੰ ਅਗਵਾ ਕਰਨ ਅਤੇ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਕਰਨ ਦੇ ਬਹੁ-ਚਰਚਿਤ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਐਸ. ਐਸ. ਪੀ. ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਪਰਮਿੰਦਰਜੀਤ ਸਿੰਘ (ਜੋ ਐਸ ਐਸ ਪੀ ਦਾ ਸੁਰੱਖਿਆ ਗਾਰਡ ਸੀ) ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ ਹੈ।
ਪੀੜਤ ਪਰਿਵਾਰ ਵੱਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਐਡਵੋਕੇਟ ਸਰਬਜੀਤ ਸਿੰਘ, ਜਗਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਦੋਸ਼ੀ ਸਾਬਕਾ ਐਸ ਐਸ ਪੀ ਰੰਧਾਵਾ ਨੂੰ ਵੀਰਵਾਰ 12 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਉਕਤ ਅਧਿਕਾਰੀ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਅਦਾਲਤ ਵਿੱਚੋਂ ਰਿਕਾਰਡ ਵੀ ਗਾਇਬ ਕਰਵਾ ਦਿੱਤਾ ਪ੍ਰੰਤੂ ਅਦਾਲਤ ਦੀ ਸਖ਼ਤੀ ਤੋਂ ਬਾਅਦ ਨਵੇਂ ਸਿਰਿਓ ਗੁੰਮ ਕੀਤੇ ਜਾਂ ਕਰਵਾਏ ਰਿਕਾਰਡ ਵੀ ਨਵੀਂ ਫਾਈਲ ਤਿਆਰ ਕਰਵਾਈ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 25 ਨਵੰਬਰ 1992 ਦਾ ਹੈ, ਜਦੋਂ ਲੁਧਿਆਣਾ ਦੇ ਪ੍ਰਸਿੱਧ ਟ੍ਰਾਂਸਪੋਰਟਰ ਅਮਰੀਕ ਸਿੰਘ ਸਕਰੀ ਨੂੰ ਲੁਧਿਆਣਾ ਵਿਖੇ ਇੱਕ ਵਿਆਹ ਸਮਾਗਮ ਦੇ ਦੌਰਾਨ ਪੁਲੀਸ ਟੀਮ ਵੱਲੋਂ ਜ਼ਬਰਦਸਤੀ ਚੁੱਕ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਤੋਂ ਬਾਅਦ ਅਮਰੀਕ ਸਿੰਘ ਸਕਰੀ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਉਹ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਏ।
ਪਰਿਵਾਰ ਵੱਲੋਂ ਇਨਸਾਫ਼ ਲਈ ਲੰਮੇ ਸਮੇਂ ਤੱਕ ਕਾਨੂੰਨੀ ਲੜਾਈ ਲੜੀ ਗਈ। ਪੁਲੀਸ ਪ੍ਰਸ਼ਾਸਨ ਅਤੇ ਸਥਾਨਕ ਕਾਰਵਾਈ ਤੋਂ ਨਿਰਾਸ਼ ਹੋ ਕੇ ਜਦੋਂ ਇਹ ਮਾਮਲਾ ਉੱਚ ਅਦਾਲਤਾਂ ਦੇ ਧਿਆਨ ਵਿੱਚ ਆਇਆ, ਤਾਂ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਦੀ ਤਫ਼ਤੀਸ਼ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਹਵਾਲੇ ਕੀਤੀ ਗਈ ਸੀ।
ਸੀਬੀਆਈ ਨੇ ਆਪਣੀ ਤਫ਼ਤੀਸ਼ ਦੌਰਾਨ ਪਾਇਆ ਸੀ ਕਿ ਘਟਨਾ ਦੇ ਸਮੇਂ ਪੁਲੀਸ ਅਧਿਕਾਰੀ ਗੁਰਮੀਤ ਸਿੰਘ ਰੰਧਾਵਾ ਅਤੇ ਹੋਰ ਪੁਲੀਸ ਕਰਮਚਾਰੀ ਇਸ ਗੈਰਕਾਨੂੰਨੀ ਹਿਰਾਸਤ ਅਤੇ ਅਗਵਾ ਦੀ ਕਾਰਵਾਈ ਵਿੱਚ ਸਿੱਧੇ ਤੌਰ ਤੇ ਸ਼ਾਮਲ ਸਨ। ਸੀ ਬੀ ਆਈ ਨੇ ਅਦਾਲਤ ਵਿੱਚ ਠੋਸ ਸ਼ਾਹਦੀਆਂ, ਚਸ਼ਮਦੀਦ ਗਵਾਹਾਂ ਦੇ ਬਿਆਨ ਅਤੇ ਦਸਤਾਵੇਜ਼ੀ ਸਬੂਤ ਪੇਸ਼ ਕੀਤੇ। ਲੰਮੀ ਸੁਣਵਾਈ ਅਤੇ ਦੋਵਾਂ ਧਿਰਾਂ ਦੀਆਂ ਬਹਿਸਾਂ ਸੁਣਨ ਤੋਂ ਬਾਅਦ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਪੁਲੀਸ ਅਧਿਕਾਰੀ ਗੁਰਮੀਤ ਸਿੰਘ ਰੰਧਾਵਾ ਨੂੰ ਅਗਵਾ ਕਰਨ ਅਤੇ ਲਾਪਤਾ ਕਰਨ ਦੇ ਦੋਸ਼ਾਂ ਤਹਿਤ ਦੋਸ਼ੀ ਗਰਦਾਨਿਆ।
ਦੂਜੇ ਪਾਸੇ, ਮਾਮਲੇ ਦੇ ਦੂਜੇ ਨਾਮਜ਼ਦ ਪਰਮਿੰਦਰਜੀਤ ਸਿੰਘ ਖਿਲਾਫ਼ ਪੂਰੇ ਸਬੂਤ ਨਾ ਹੋਣ ਕਾਰਨ ਅਦਾਲਤ ਨੇ ਉਸ ਨੂੰ ਸ਼ੱਕ ਦਾ ਲਾਭ ਦਿੰਦਿਆਂ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੀੜਤ ਪਰਿਵਾਰ ਪਿਛਲੇ 34 ਸਾਲਾਂ ਤੋਂ ਆਪਣੇ ਪਰਿਵਾਰਕ ਮੈਂਬਰ ਦੇ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਕੱਟ ਰਿਹਾ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੀੜਤ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ। ਇਸ ਮਾਮਲੇ ਵਿੱਚ ਵੀਰਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।
Mohali
ਮੁਹਾਲੀ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਨਾਲ ਆਰੰਭ ਹੋਈ ਕਾਂਗਰਸ ਦੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ, ਪ੍ਰਗਟ ਸਿੰਘ ਤੇ ਪ੍ਰਤਾਪ ਬਾਜਵਾ ਅੱਗੇ ਉਦਯੋਗਪਤੀਆਂ ਨੇ ਰੱਖਿਆ ਸਮੱਸਿਆਵਾਂ ਦਾ ਚਿੱਠਾ
ਗੈਂਗਸਟਰਵਾਦ, ਨਸ਼ੇ, ਬਿਜਲੀ, ਸੀਵਰੇਜ ਤੇ ਬੁਨਿਆਦੀ ਢਾਂਚੇ ਦੀ ਘਾਟ ਬਣੀ ਉਦਯੋਗਿਕ ਵਿਕਾਸ ਵਿੱਚ ਰੁਕਾਵਟ
ਐਸ ਏ ਐਸ ਨਗਰ, 11 ਨਵੰਬਰ (ਸ.ਬ.) ਪੰਜਾਬ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਦੇ ਪਹਿਲੇ ਪ੍ਰੋਗਰਾਮ ਤਹਿਤ ਮੁਹਾਲੀ ਵਿਖੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਸਾਬਕਾ ਡਿਪਟੀ ਮੇਅਰ ਅਤੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਕੁਲਜੀਤ ਸਿੰਘ ਬੇਦੀ ਵੱਲੋਂ ਕਰਵਾਈ ਗਈ ਇਸ ਮੀਟਿੰਗ ਵਿੱਚ ਮੁਹਾਲੀ ਦੇ ਉਦਯੋਗਪਤੀਆਂ ਨੇ ਆਪਣੇ ਕਾਰੋਬਾਰ ਨਾਲ ਜੁੜੀਆਂ ਮੁਸ਼ਕਲਾਂ, ਸਰਕਾਰੀ ਸਿਸਟਮ ਵਿੱਚ ਆ ਰਹੀਆਂ ਰੁਕਾਵਟਾਂ, ਉਦਯੋਗਿਕ ਵਿਕਾਸ ਅਤੇ ਪੰਜਾਬ ਵਿੱਚ ਨਿਵੇਸ਼ ਦੇ ਮਾਹੌਲ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਹੋਰਨਾਂ ਸੀਨੀਅਰ ਆਗੂਆਂ ਨਾਲ ਵਿਚਾਰ ਸਾਂਝੇ ਕੀਤੇ।
ਉਦਯੋਗਪਤੀਆਂ ਨੇ ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਿਆਂ ਦੀ ਸਮੱਸਿਆ ਨੂੰ ਪੰਜਾਬ ਦੇ ਭਵਿੱਖ ਲਈ ਗੰਭੀਰ ਚਿੰਤਾ ਦੱਸਦਿਆਂ ਕਿਹਾ ਕਿ ਜਦੋਂ ਤੱਕ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਦੀ, ਉਦੋਂ ਤੱਕ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਮੁਸ਼ਕਲ ਹੈ। ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਮੁਹਾਲੀ ਦੇ ਬੁਨਿਆਦੀ ਢਾਂਚੇ ਦੀ ਮਾੜੀ ਸਥਿਤੀ ਨੂੰ ਉਦਯੋਗਿਕ ਵਿਕਾਸ ਵਿੱਚ ਵੱਡੀ ਰੁਕਾਵਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਆਈਟੀ ਅਤੇ ਉਦਯੋਗਿਕ ਹੱਬ ਵਜੋਂ ਵਿਕਸਤ ਕਰਨ ਦੇ ਦਾਅਵਿਆਂ ਦੇ ਬਾਵਜੂਦ ਸ਼ਹਿਰ ਅਜੇ ਵੀ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ।
ਉਦਯੋਗਪਤੀਆਂ ਵੱਲੋਂ ਉਠਾਏ ਗਏ ਮੁੱਖ ਮੁੱਦਿਆਂ ਵਿੱਚ ਉਦਯੋਗਾਂ ਲਈ ਨਿਰਵਿਘਨ ਬਿਜਲੀ ਸਪਲਾਈ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ, ਸ਼ਹਿਰ ਵਾਸਤੇ ਢੁੱਕਵੇਂ ਬੱਸ ਸਟੈਂਡ ਦੀ ਘਾਟ, ਅੰਤਰਰਾਸ਼ਟਰੀ ਹਵਾਈ ਅੱਡਾ ਹੋਣ ਦੇ ਬਾਵਜੂਦ ਕਈ ਵਿਦੇਸ਼ੀ ਮੰਜ਼ਿਲਾਂ ਲਈ ਸਿੱਧੀਆਂ ਉਡਾਣਾਂ ਦੀ ਘਾਟ, ਸੀਵਰੇਜ ਪ੍ਰਬੰਧ ਅਤੇ ਪਾਣੀ ਦੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ, ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧਾਂ ਦੀ ਘਾਟ, ਗੈਂਗਸਟਰਵਾਦ ਅਤੇ ਫਿਰੌਤੀ, ਨਸ਼ਿਆਂ ਦੀ ਸਮੱਸਿਆ ਆਦਿ ਮੁੱਖ ਸਨ। ਉਦਯੋਗਪਤੀਆਂ ਦਾ ਕਹਿਣਾ ਸੀ ਕਿ ਜੇਕਰ ਮੋਹਾਲੀ ਨੂੰ ਅਸਲ ਮਾਇਨਿਆਂ ਵਿੱਚ ਉਦਯੋਗਿਕ ਅਤੇ ਵਪਾਰਕ ਕੇਂਦਰ ਬਣਾਉਣਾ ਹੈ ਤਾਂ ਸਿਰਫ਼ ਵੱਡੇ ਪ੍ਰੋਜੈਕਟਾਂ ਦੇ ਐਲਾਨ ਕਾਫ਼ੀ ਨਹੀਂ ਹੋਣਗੇ, ਸਗੋਂ ਬਿਜਲੀ, ਆਵਾਜਾਈ, ਪਾਣੀ, ਸੀਵਰੇਜ ਅਤੇ ਡਰੇਨੇਜ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਵੀ ਮਜ਼ਬੂਤ ਕਰਨਾ ਪਵੇਗਾ।
ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਕੁਦਰਤੀ ਸਰੋਤਾਂ ਦੇ ਨਾਲ-ਨਾਲ ਕਾਬਲ ਮਨੁੱਖੀ ਸ਼ਕਤੀ ਦੀ ਵੀ ਕੋਈ ਕਮੀ ਨਹੀਂ ਹੈ, ਪਰ ਸਹੀ ਪ੍ਰਬੰਧਨ ਅਤੇ ਪ੍ਰਭਾਵਸ਼ਾਲੀ ਸਿਸਟਮ ਦੀ ਘਾਟ ਕਾਰਨ ਇਨ੍ਹਾਂ ਸਰੋਤਾਂ ਦਾ ਪੂਰਾ ਲਾਭ ਨਹੀਂ ਮਿਲ ਰਿਹਾ। ਆਪਣੇ ਮੰਤਰੀ ਕਾਲ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਉਦਯੋਗਪਤੀਆਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਤੇ ਉਦਯੋਗਾਂ ਦੀਆਂ ਲੋੜਾਂ ਵਿਚਕਾਰ ਵੱਡਾ ਪਾੜਾ ਹੈ। ਨੌਜਵਾਨ ਪੜ੍ਹਾਈ ਤਾਂ ਕਰ ਰਹੇ ਹਨ, ਪਰ ਉਨ੍ਹਾਂ ਨੂੰ ਉਦਯੋਗਾਂ ਦੀ ਲੋੜ ਮੁਤਾਬਕ ਹੁਨਰ ਅਤੇ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਸਿੱਖਿਆ ਦੇ ਪਾਠਕ੍ਰਮ ਨੂੰ ਮੁੜ ਤਿਆਰ ਕਰਨ ਅਤੇ ਉਦਯੋਗਾਂ ਨਾਲ ਜੋੜਨ ਦੀ ਲੋੜ ਹੈ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਵਧੀਆ ਰੁਜ਼ਗਾਰ ਮਿਲ ਸਕੇ।
ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਅਤੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਸਭ ਤੋਂ ਪਹਿਲਾਂ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਉਦਯੋਗਪਤੀ ਲਈ ਆਪਣੇ ਪਰਿਵਾਰ, ਕਾਰੋਬਾਰ ਅਤੇ ਨਿਵੇਸ਼ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਤਰੱਕੀ ਲਈ ਸਭ ਤੋਂ ਪਹਿਲੀ ਲੋੜ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਗੈਂਗਸਟਰਵਾਦ ਅਤੇ ਫਿਰੌਤੀ ਦੇ ਨੈਟਵਰਕ ਖ਼ਿਲਾਫ਼ ਪਹਿਲੇ ਮਹੀਨੇ ਵਿੱਚ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਲੀਸ ਪ੍ਰਬੰਧ ਵਿੱਚ ਵੀ ਜਵਾਬਦੇਹੀ ਲਿਆਉਣੀ ਪਵੇਗੀ।
ਪੰਜਾਬ ਦੀ ਆਰਥਿਕ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਸਾਲਾਨਾ ਆਮਦਨ ਲਗਭਗ 95 ਹਜ਼ਾਰ ਕਰੋੜ ਰੁਪਏ ਹੈ, ਜਦਕਿ ਖਰਚਾ ਲਗਭਗ 1.25 ਲੱਖ ਕਰੋੜ ਰੁਪਏ ਤੱਕ ਪਹੁੰਚਦਾ ਹੈ। ਉਨ੍ਹਾਂ ਅਨੁਸਾਰ ਇਸ ਵਿੱਤੀ ਪਾੜੇ ਨੂੰ ਘਟਾਉਣ ਲਈ ਇਮਾਨਦਾਰ ਪ੍ਰਸ਼ਾਸਨ, ਖਰਚਿਆਂ ਤੇ ਕਾਬੂ ਅਤੇ ਨਵੇਂ ਆਰਥਿਕ ਤੇ ਵਪਾਰਕ ਮੌਕੇ ਪੈਦਾ ਕਰਨੇ ਜ਼ਰੂਰੀ ਹਨ।
ਮੀਟਿੰਗ ਵਿੱਚ ਪੀ.ਜੇ. ਸਿੰਘ (ਟਾਇਨੋਰ), ਆਰ.ਐੱਸ. ਸਚਦੇਵਾ, ਹੈਡਨ ਕਲੀਨਿਕਸ ਦੇ ਨਵੀਨ ਕੁਮਾਰ, ਨਵਨੀਤ ਸਕਸੇਨਾ, ਪਵਨਦੀਪ ਸੇਠੀ, ਗੁਰਮੀਤ ਭਾਟੀਆ, ਹਰਿੰਦਰ ਪਾਲ ਸਿੰਘ ਬਿੱਲਾ, ਸੁਖਜੀਤ ਸਿੰਘ ਲਹਿਲ, ਜੀ.ਐਸ. ਰਿਆੜ, ਬੀ.ਐਸ. ਆਨੰਦ ਅਤੇ ਬੀ.ਐਸ. ਬੇਦੀ, ਅਸ਼ੋਕ ਗੁਪਤਾ ਪ੍ਰਧਾਨ ਮੁਹਾਲੀ ਇੰਡਸਟਰੀ ਐਸੋਸੀਏਸ਼ਨ, ਰਕੇਸ਼ ਵਿਜ, ਇਕਬਾਲ ਚੀਮਾ ਫਿਲਮ ਸਿਟੀ ਤੋਂ, ਐਨਐਸ ਬਰਾੜ, ਤੇਰਾ ਹੀ ਤੇਰਾ ਸੰਸਥਾ ਦੇ ਮੁਖੀ ਹਰਜੀਤ ਸਿੰਘ ਸੱਭਰਵਾਲ,ਕੇ ਐਸ ਮਾਹਲ, ਬਲਜੀਤ ਸਿੰਘ ਐਕਸ ਪ੍ਰਧਾਨ ਮੁਹਾਲੀ ਪ੍ਰੋਪਰਟੀ ਕੰਸਲਟੈਂਟ ਐਸੋਸੀਏਸ਼ਨ ਭੁਪਿੰਦਰ ਸਿੰਘ ਸਭਰਵਾਲ ਸਮੇਤ ਮੁਹਾਲੀ ਦੇ ਕਈ ਪ੍ਰਮੁੱਖ ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੇ ਅੰਤ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਨੇ ਬੈਠਕ ਦਾ ਪ੍ਰਬੰਧ ਕਰਨ ਲਈ ਕੁਲਜੀਤ ਸਿੰਘ ਬੇਦੀ ਅਤੇ ਹੋਰ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਪੰਜਾਬ ਦੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ।
ਮੀਟਿੰਗ ਦੌਰਾਨ ਉਠੀ ਕੁਲਜੀਤ ਸਿੰਘ ਬੇਦੀ ਨੂੰ ਮੁਹਾਲੀ ਤੋਂ ਪਾਰਟੀ ਉਮੀਦਵਾਰ ਬਣਾਉਣ ਦੀ ਮੰਗ
ਕਾਂਗਰਸ ਪਾਰਟੀ ਦੀ ਪੰਜਾਬ ਮੰਗਦਾ ਇਨਸਾਫ ਮੀਟਿੰਗ ਦੌਰਾਨ ਮੁਹਾਲੀ ਦੇ ਉਦਯੋਗਪਤੀਆਂ ਨੇ ਸਾਬਕਾ ਡਿਪਟੀ ਮੇਅਰ ਅਤੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਕੁਲਜੀਤ ਸਿੰਘ ਬੇਦੀ ਦੀ ਕਾਂਗਰਸ ਪਾਰਟੀ ਵੱਲੋਂ ਮੁਹਾਲੀ ਵਿਧਾਨ ਸਭਾ ਤੋਂ ਟਿਕਟ ਲਈ ਜ਼ੋਰਦਾਰ ਪੈਰਵੀ ਕਰਦਿਆਂ ਕਿਹਾ ਕਿ ਮੁਹਾਲੀ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਵਾਲੇ ਅਤੇ ਇਲਾਕੇ ਦੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਕੁਅਜੀਤ ਸਿੰਘ ਬੇਦੀ ਨੂੰ ਪਾਰਟੀ ਵੱਲੋਂ ਬਣਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਦਯੋਗਪਤੀਆਂ ਨੇ ਕਿਹਾ ਕਿ ਕੁਲਜੀਤ ਸਿੰਘ ਬੇਦੀ ਇੱਕ ਤਜਰਬੇਕਾਰ, ਲੋਕਾਂ ਨਾਲ ਜੁੜੇ ਹੋਏ ਅਤੇ ਮੁਹਾਲੀ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਰੱਖਣ ਵਾਲੇ ਆਗੂ ਹਨ। ਉਹ ਇਲਾਕੇ ਦੀ ਹਰ ਛੋਟੀ-ਵੱਡੀ ਸਮੱਸਿਆ ਤੋਂ ਭਲੀ-ਭਾਂਤ ਜਾਣੂ ਹਨ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।
Mohali
15 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸ਼ੁਰੂ ਹੋਇਆ ਮੌਲੀ ਬੈਦਵਾਣ ਦੀ ਫਿਰਨੀ ਤੇ ਅੰਦਰੂਨੀ ਸੜਕਾਂ ਦਾ ਕੰਮ
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਰੱਖਿਆ 91.25 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ
ਐਸ ਏ ਐਸ ਨਗਰ, 11 ਨਵੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡ ਮੌਲੀ ਬੈਦਵਾਣ ਦੇ ਵਸਨੀਕਾਂ ਦਾ ਫਿਰਨੀ ਅਤੇ ਸੜਕਾਂ ਦੇ ਨਿਰਮਾਣ ਸਬੰਧੀ ਕਰੀਬ 15 ਸਾਲਾਂ ਤੋਂ ਚੱਲਿਆ ਆ ਰਿਹਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋ ਗਿਆ ਹੈ। ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਦੀ ਫਿਰਨੀ ਅਤੇ ਅੰਦਰੂਨੀ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਵਿਕਾਸ ਕਾਰਜਾਂ ਤੇ ਕੁੱਲ 91.25 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ।
ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਨਾਲ-ਨਾਲ ਨਿਗਮ ਵਿੱਚ ਸ਼ਾਮਲ ਹੋਏ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਪਿੰਡ ਦੀ ਫਿਰਨੀ ਅਤੇ ਅੰਦਰੂਨੀ ਸੜਕਾਂ ਦੇ ਨਿਰਮਾਣ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ ਉੱਥੇ ਰੋਜ਼ਾਨਾ ਆਉਣ-ਜਾਣ ਸਮੇਂ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋਣਗੀਆਂ।
ਮੇਅਰ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਦੌਰਾਨ ਕੰਮ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਸਾਰੇ ਕੰਮ ਨਿਰਧਾਰਤ ਮਾਪਦੰਡਾਂ ਅਨੁਸਾਰ ਕਰਵਾਏ ਜਾਣਗੇ, ਤਾਂ ਜੋ ਪਿੰਡ ਵਾਸੀਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਦਾ ਲੰਬੇ ਸਮੇਂ ਤੱਕ ਲਾਭ ਮਿਲ ਸਕੇ।
ਇਸ ਮੌਕੇ ਵਾਰਡ ਨੰਬਰ 26 ਦੇ ਕੌਂਸਲਰ ਸਤਵਿੰਦਰ ਸਿੰਘ ਮਿੱਠੂ ਨੇ ਪਿੰਡ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੜਕਾਂ ਦੀ ਸਮੱਸਿਆ ਦੇ ਹੱਲ ਲਈ ਕੰਮ ਸ਼ੁਰੂ ਕਰਵਾਉਣ ਤੇ ਮੇਅਰ ਸਰਬਜੀਤ ਸਿੰਘ ਸਮਾਣਾ ਦਾ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰ. ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸਾਬਕਾ ਸਰਪੰਚ ਗੁਰਸੇਵਕ ਸਿੰਘ ਪ੍ਰੇਮੀ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਭਾਗ ਸਿੰਘ, ਬੈਦਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਸੁਪਿੰਦਰ ਸਿੰਘ ਲਾਡੀ ਬੈਦਵਾਨ, ਮਨਪ੍ਰੀਤ ਸਿੰਘ, ਇੰਜੀਨੀਅਰ ਨਰੇਸ਼ ਬੱਤਾ, ਸੁਪਰਵਾਈਜ਼ਿੰਗ ਇੰਜੀਨੀਅਰ ਕਮਲਦੀਪ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
