Editorial
ਸੂਬੇ ਦੇ ਸਾਰੇ ਪੁੱਲਾਂ ਅਤੇ ਫਲਾਈਓਵਰਾਂ ਦੀ ਜਾਂਚ ਕਰਵਾਏ ਜਾਣ ਦੀ ਲੋੜ
ਚੰਡੀਗੜ੍ਹ ਬਠਿੰਡਾ ਹਾਈਵੇਅ ਤੇ ਪਟਿਆਲਾ ਬਾਈਪਾਸ ਨੇੜੇ ਭਾਖੜਾ ਨਹਿਰ ਤੇ ਬਣਿਆ ਪੁੱਲ ਡਿੱਗਣ ਦਾ ਮਾਮਲਾ ਅੱਜ ਕੱਲ੍ਹ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪੁੱਲ ਸਿਰਫ਼ 10 ਸਾਲ ਪੁਰਾਣਾ ਸੀ, ਪਰੰਤੂ ਇਸ ਦੇ ਬਾਵਜੂਦ ਇਹ ਪੁੱਲ ਡਿੱਗ ਗਿਆ।
ਜਿਸ ਸਮੇਂ ਇਹ ਪੁੱਲ ਡਿੱਗਿਆ, ਉਸ ਸਮੇਂ ਇਸ ਪੁੱਲ ਤੋਂ ਤਿੰਨ ਓਵਰਲੋਡ ਟਰਾਲੇ-ਟਰੱਕ ਲੰਘ ਰਹੇ ਸਨ। ਜਿਹਨਾਂ ਵਿਚੋਂ ਦੋ ਤਾਂ ਪੁੱਲ ਦੇ ਨਾਲ ਹੀ ਹੇਠਾਂ ਡਿੱਗ ਗਏ, ਜਦੋਂਕਿ ਤੀਜੇ ਟਰੱਕ ਨੂੰ ਉਸ ਦਾ ਡਰਾਇਵਰ ਮੁਸਤੈਦੀ ਦਿਖਾਉਂਦਿਆਂ ਇੱਕ ਦਮ ਤੇਜ਼ ਕਰਕੇ ਪੁੱਲ ਦੇ ਨਾਲ ਡਿੱਗਣ ਤੋਂ ਬਚਾ ਕੇ ਭਜਾ ਕੇ ਲੈ ਗਿਆ।
ਇਸ ਪੁੱਲ ਦੇ ਡਿੱਗਣ ਤੋਂ ਬਾਅਦ ਆਮ ਲੋਕਾਂ ਤੋਂ ਲੈ ਕੇ ਸਿਆਸੀ ਧਿਰਾਂ ਤੱਕ ਨਵੀਂ ਚਰਚਾ ਹੋਣ ਲੱਗੀ ਹੈ। ਸਿਆਸੀ ਆਗੂ ਇਸ ਪੁੱਲ ਦੇ ਡਿੱਗਣ ਨੂੰ ਸਿਆਸੀ ਰੰਗਤ ਦੇਣ ਲੱਗ ਪਏ ਹਨ। ਕੁਝ ਸਿਆਸੀ ਆਗੂ ਕਹਿ ਰਹੇ ਹਨ ਕਿ ਇਹ ਪੁੱਲ ਮੌਜੂਦਾ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਡਿੱਗਿਆ ਹੈ, ਜਦੋਂ ਕਿ ਕੁਝ ਸਿਆਸੀ ਆਗੂ ਕਹਿ ਰਹੇ ਹਨ ਕਿ ਇਹ ਪੁੱਲ ਬਾਦਲ ਸਰਕਾਰ ਸਮੇਂ ਬਣਿਆ ਸੀ। ਸੁਖਬੀਰ ਬਾਦਲ ਜਦੋਂ ਡਿਪਟੀ ਮੁੱਖ ਮੰਤਰੀ ਸਨ ਤਾਂ ਉਹ ਅਕਸਰ ਦਾਅਵਾ ਕਰਦੇ ਸਨ ਕਿ ਉਹਨਾਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਏਨੀਆਂ ਮਜਬੂਤ ਸੜਕਾਂ ਬਣਾਈਆਂ ਗਈਆਂ ਹਨ ਕਿ ਉਹਨਾਂ ਸੜਕਾਂ ਤੇ ਬੰਬ ਵੀ ਸੁੱਟ ਦਿੱਤਾ ਜਾਵੇ ਤਾਂ ਵੀ ਉਹ ਸੜਕਾਂ ਨਹੀਂ ਟੁੱਟਣਗੀਆਂ। ਹੁਣ ਸੋਸ਼ਲ ਮੀਡੀਆ ਤੇ ਸੁਖਬੀਰ ਬਾਦਲ ਦੇ ਇਸ ਬਿਆਨ ਨੂੰ ਅਤੇ ਟੁੱਟ ਕੇ ਡਿੱਗੇ ਪੁੱਲ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ।
ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ, ਜੋ ਕਿ ਪੁੱਲ ਡਿੱਗਣ ਲਈ ਓਵਰ ਲੋਡ ਟਰਾਲਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਅ ਰਹੇ ਹਨ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਟਰਾਲਿਆਂ ਅਤੇ ਟਰੱਕਾਂ ਵਿੱਚ ਅਕਸਰ ਉਹਨਾਂ ਲਈ ਤੈਅ ਲਿਮਿਟ ਅਤੇ ਸਮਰਥਾ ਤੋਂ ਜਿਆਦਾ ਸਮਾਨ ਲੱਦਿਆ ਹੁੰਦਾ ਹੈ ਅਤੇ ਇਹ ਓਵਰਲੋਡ ਟਰਾਲੇ ਅਕਸਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਲੋਕ ਵੀ ਅਕਸਰ ਦੋਸ਼ ਲਗਾਉਂਦੇ ਹਨ ਕਿ ਉਹਨਾਂ ਦੇ ਪਿੰਡਾਂ ਦੀਆਂ ਸੜਕਾਂ ਤੋਂ ਲੰਘਦੇ ਓਵਰਲੋਡ ਟਰਾਲਿਆਂ ਕਾਰਨ ਇਹ ਸੜਕਾਂ ਜਲਦੀ ਟੁੱਟ ਭੱਜ ਜਾਂਦੀਆਂ ਹਨ ਕਿਉਂਕਿ ਪਿੰਡਾਂ ਦੀਆਂ ਇਹ ਲਿੰਕ ਸੜਕਾਂ ਭਾਰੀ ਓਵਰਲੋਡ ਟਰਾਲਿਆਂ ਦਾ ਭਾਰ ਸਹਿਣ ਜੋਗੀਆਂ ਨਹੀਂ ਹੁੰਦੀਆਂ।
ਪਟਿਆਲਾ ਬਾਈਪਾਸ ਨੇੜੇ ਪੁੱਲ ਟੁੱਟਣ ਦੀ ਘਟਨਾਂ ਤੋਂ ਬਾਅਦ ਕੁਝ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਸਲ ਵਿੱਚ ਪੰਜਾਬ ਦੇ ਸਾਰੇ ਨਹਿਰੀ ਪੁੱਲਾਂ, ਫਲਾਈਓਵਰਾਂ ਅਤੇ ਹੋਰ ਪੁੱਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਪੁੱਲ ਕਿਸੇ ਪਾਸਿਓਂ ਕਮਜੋਰ ਤਾਂ ਨਹੀਂ ਹੋਏ। ਇਸ ਤਰ੍ਹਾਂ ਕੀਤੀ ਗਈ ਜਾਂਚ ਦੌਰਾਨ ਇਹ ਪਤਾ ਲੱਗ ਜਾਵੇਗਾ ਕਿ ਸਾਰੇ ਪੁੱਲ ਮਜਬੂਤ ਹਨ ਜਾਂ ਨਹੀਂ। ਜੇ ਕੋਈ ਪੁੱਲ ਕਮਜੋਰ ਪਾਇਆ ਜਾਂਦਾ ਹੈ ਤਾਂ ਉਸ ਦੀ ਲੋੜੀਂਦੀ ਮੁਰੰਮਤ ਕੀਤੀ ਜਾ ਸਕਦੀ ਹੈ।
ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਅੰਗ੍ਰੇਜਾਂ ਦੇ ਬਣਾਏ ਹੋਏ ਕਈ ਪੁੱਲ ਅਜੇ ਵੀ ਸਹੀ ਸਲਾਮਤ ਹਨ ਅਤੇ ਉਹਨਾਂ ਉਪਰ ਵੀ ਭਾਰੀ ਆਵਾਜਾਈ ਚੱਲ ਰਹੀ ਹੈ ਪਰ ਕੁਝ ਸਾਲ ਪਹਿਲਾਂ ਭਾਰਤੀ ਮਾਹਿਰਾਂ ਵੱਲੋਂ ਬਣਾਏ ਗਏ ਪੁੱਲ ਢਹਿਢੇਰੀ ਹੋ ਰਹੇ ਹਨ। ਜਿਸ ਕਾਰਨ ਇਹ ਪੁੱਲ ਬਣਾਉਣ ਲਈ ਵਰਤੇ ਗਏ ਸਮਾਨ ਦੀ ਗੁਣਵਤਾ ਤੇ ਸਵਾਲ ਉਠ ਰਹੇ ਹਨ। ਆਮ ਲੋਕ ਅਕਸਰ ਇਹ ਗੱਲ ਕਹਿੰਦੇ ਹਨ ਕਿ ਕੋਈ ਵੀ ਸੜਕ ਜਾਂ ਪੁੱਲ ਬਣਾਉਂਦੇ ਸਮੇਂ ਠੇਕੇਦਾਰਾਂ ਵੱਲੋਂ ਘਟੀਆ ਮਟੀਰੀਅਲ ਜਾਂ ਘੱਟ ਮਟੀਰੀਅਲ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਖਰਚਾ ਘੱਟ ਹੋਵੇ ਅਤੇ ਆਰਥਿਕ ਲਾਭ ਜਿਆਦਾ ਹੋਵੇ। ਦੂਜੇ ਪਾਸੇ ਕੁਝ ਠੇਕੇਦਾਰ ਇਹ ਕਹਿੰਦੇ ਹਨ ਕਿ ਸਰਕਾਰੀ ਅਫਸਰ ਅਤੇ ਆਮ ਮੁਲਾਜਮ ਹਰ ਕੰਮ ਵਿੱਚੋਂ ਆਪਣਾ ਹਿੱਸਾ ਮੰਗਦੇ ਹਨ, ਜਿਸ ਕਾਰਨ ਸਾਰਾ ਬੋਝ ਠੇਕੇਦਾਰਾਂ ਤੇ ਪੈ ਜਾਂਦਾ ਹੈ ਅਤੇ ਉਹ ਆਪਣਾ ਘਾਟਾ ਪੂਰਾ ਕਰਨ ਲਈ ਅਕਸਰ ਪੁੱਲ ਅਤੇ ਸੜਕਾਂ ਬਣਾਉਣ ਸਮੇਂ ਹਲਕਾ ਸਮਾਨ ਵਰਤਦੇ ਹਨ।
ਕਾਰਨ ਚਾਹੇ ਕੋਈ ਵੀ ਹੋਣ ਪਰ ਇਸ ਤਰ੍ਹਾਂ ਪੁੱਲ ਟੁੱਟਣ ਅਤੇ ਹਾਦਸੇ ਵਾਪਰਨ ਕਾਰਨ ਵੱਡੇ ਸਵਾਲ ਖੜੇ ਹੋ ਰਹੇ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਟਿਆਲਾ ਬਾਈਪਾਸ ਨੇੜੇ ਭਾਖੜਾ ਨਹਿਰ ਤੇ ਬਣੇ ਪੁੱਲ ਦੇ ਟੁੱਟਣ ਦੀ ਸਮਾਂਬੱਧ ਜਾਂਚ ਸਹੀ ਤਰੀਕੇ ਨਾਲ ਕਰਵਾਏ ਤਾਂ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰ ਸਕਣ।
ਬਿਊਰੋ
Editorial
ਬੰਗਲਾ ਅਦਾਕਾਰੀ ਦੇ ਖੇਤਰ ਵਿੱਚ ਅੱਗੇ ਵੱਧ ਰਿਹਾ ਹੈ ਸੁਸ਼ੋਭਨ ਸੋਨੂ ਰੌਏ
ਇੱਕ ਅਦਾਕਾਰ ਦਾ ਕਰੀਅਰ ਹਮੇਸ਼ਾ ਉਹਨਾਂ ਪ੍ਰੋਡਕਸ਼ਨਾਂ ਦੀ ਗਿਣਤੀ ਨਾਲ ਨਿਰਧਾਰਿਤ ਨਹੀਂ ਹੁੰਦਾ ਜਿਨ੍ਹਾਂ ਵਿੱਚ ਉਹ ਦਿਖਾਈ ਦਿੰਦਾ ਹੈ। ਭੂਮਿਕਾਵਾਂ ਦੀ ਪ੍ਰਕਿਰਤੀ, ਹਰ ਮੌਕੇ ਦੇ ਆਸ-ਪਾਸ ਦੀਆਂ ਹਾਲਤਾਂ ਅਤੇ ਪੇਸ਼ੇਵਰ ਦਿਸ਼ਾ ਵਿੱਚ ਤਬਦੀਲੀਆਂ ਵੀ ਕਿਸੇ ਵਿਅਕਤੀ ਦੇ ਕੰਮ ਦੀ ਸਪਸ਼ਟ ਤਸਵੀਰ ਪੇਸ਼ ਕਰ ਸਕਦੀਆਂ ਹਨ। ਬੰਗਾਲੀ ਅਦਾਕਾਰ ਸੁਸ਼ੋਭਨ ਸੋਨੂ ਰੌਏ ਲਈ, ਟੈਲੀਵਿਜ਼ਨ ਵਿੱਚ ਕਦਮ ਇੱਕ ਪੌਰਾਣਿਕ ਭੂਮਿਕਾ ਨਾਲ ਸ਼ੁਰੂ ਹੋਇਆ, ਫਿਰ ਉਹ ਸਮਕਾਲੀ ਕਾਲਪਨਿਕ ਸੈਟਿੰਗਾਂ ਵਿੱਚ ਗਿਆ ਅਤੇ ਬਾਅਦ ਵਿੱਚ ਵਪਾਰਕ ਮਾਡਲਿੰਗ ਅਤੇ ਫੀਚਰ-ਫਿਲਮ ਨਿਰਮਾਣ ਵੱਲ ਵਧਿਆ।
2019 ਵਿੱਚ ‘ਆਨੰਦਮਈ ਮਾਂ’ ਨਾਲ ਬੰਗਾਲੀ ਟੈਲੀਵਿਜ਼ਨ ਵਿੱਚ ਪ੍ਰਵੇਸ਼ ਕਰਨ ਵਾਲੇ ਰੌਏ ਨੇ ਇਸ ਸੀਰੀਅਲ ਵਿੱਚ ਇੱਕ ਵੈਸ਼ਨਵ ਭਗਤ ਦੀ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਲਈ ਸਬਰ, ਸ਼ਾਂਤੀ ਅਤੇ ਪਾਤਰ ਨਾਲ ਜੁੜੀਆਂ ਭਾਵਨਾਵਾਂ ਦੀ ਸਮਝ ਦੀ ਲੋੜ ਸੀ। ਇਸ ਤਜਰਬੇ ਨੂੰ ਉਸਨੇ ਇੱਕ ਸਿੱਖਣ ਦੇ ਮੌਕੇ ਵਜੋਂ ਦੇਖਿਆ, ਜਿਸਨੇ ਉਸਨੂੰ ਇੱਕ ਕਲਾਕਾਰ ਵਜੋਂ ਵਧੇਰੇ ਆਤਮ-ਵਿਸ਼ਵਾਸ ਵਿਕਸਿਤ ਕਰਨ ਵਿੱਚ ਮਦਦ ਕੀਤੀ।
‘ਆਨੰਦਮਈ ਮਾਂ’ ਤੋਂ ਬਾਅਦ, ਰੌਏ ‘ਮੋਹੋਰ’ ਵਿੱਚ ਉਸਨੇ ਇੱਕ ਮੀਡੀਆ ਪੇਸ਼ੇਵਰ ਦੀ ਭੂਮਿਕਾ ਨਿਭਾਈ। ‘ਕੋਰਾਪਾਖੀ’ ਵਿੱਚ ਉਸਦਾ ਪਾਤਰ ਅਭਿਨੇਤਰੀ ਪਰਨੋ ਮਿੱਤਰਾ ਦੇ ਸਾਮ੍ਹਣੇ ਇੱਕ ਨਕਾਰਾਤਮਕ ਭੂਮਿਕਾ ਵਾਲਾ ਸੀ। ਉਸਦੇ ਹੋਰ ਟੈਲੀਵਿਜ਼ਨ ਕ੍ਰੈਡਿਟ ਵਿੱਚ ‘ਜਮੁਨਾ ਢਾਕੀ’, ‘ਤਿਤਲੀ’ ਅਤੇ ‘ਖੇਲਾਘਰ’ ਸ਼ਾਮਲ ਹਨ।
2023 ਵਿੱਚ, ਉਸਨੇ ਅਦਾਕਾਰੀ ਵਿੱਚ ਦਿਲਚਸਪੀ ਦੇ ਨਾਲ-ਨਾਲ ਪੇਸ਼ੇਵਰ ਮਾਡਲਿੰਗ ਸ਼ੁਰੂ ਕੀਤੀ। ਇਸ ਨਾਲ ਉਸਨੂੰ ਵਪਾਰਕ ਅਤੇ ਵਿਗਿਆਪਨ ਅਸਾਈਨਮੈਂਟਾਂ ਮਿਲੀਆਂ ਜਿਨ੍ਹਾਂ ਵਿੱਚ ਹਾਲੀਡੇ ਇਨ ਹੋਟਲ, ਡਾਬਰ, ਅਮਾਜ਼ਨ, ਸਪੈਂਸਰਜ਼, ਬਿਗ ਬਾਜ਼ਾਰ ਅਤੇ ਹੋਰਨਾਂ ਨਾਲ ਜੁੜਿਆ ਕੰਮ ਸ਼ਾਮਲ ਹੈ।
ਰੌਏ ਨੇ ਸੌਮਿਆਜੀਤ ਅਦਕ ਦੁਆਰਾ ਨਿਰਦੇਸ਼ਿਤ ਫਿਲਮ ‘ਟੇਕ ਕੇਅਰ ਭਾਲੋਬਾਸਾ’ ਵਿੱਚ ਵੀ ਕੰਮ ਕੀਤਾ ਹੈ।
Editorial
ਦੇਸ਼ ਦੀ ਅਰਥਵਿਵਸਥਾ ਦੀ ਅਸਲ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਕੇਂਦਰ ਸਰਕਾਰ
ਪਿਛਲੇ 12 ਸਾਲਾਂ ਤੋਂ ਦੇਸ਼ ਦੀ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਤੀਜਾ ਕਾਰਜਕਾਲ ਚਲ ਰਿਹਾ ਹੈ ਅਤੇ ਕੇਂਦਰ ਸਰਕਾਰ ਵਲੋਂ ਆਪਣੇ ਇਸ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸੰਬੰਧੀ ਵਿੱਤ ਮੰਤਰੀ ਵਲੋਂ ਵੱਖ ਵੱਖ ਵਿੱਤੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਬੀਤੇ 12 ਸਾਲਾਂ ਤੋਂ ਦੇਸ਼ ਦੀ ਸੱਤਾ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਦੇਸ਼ ਦੀ ਆਰਥਿਕ ਸਥਿਤੀ ਦੀ ਅਸਲ ਹਾਲਤ ਬਾਰੇ ਆਮ ਲੋਕਾਂ ਨੂੰ ਕੁੱਝ ਵੀ ਸਪਸ਼ਟ ਨਹੀਂ ਹੈ।
ਇਸ ਸੰਬੰਧੀ ਜਿੱਥੇ ਵੱਖ ਵੱਖ ਅੰਤਰਰਾਸ਼ਟਰੀ ਮਾਹਿਰ ਦੇਸ਼ ਦੀ ਆਰਥਿਕ ਸਥਿਤੀ ਦੇ ਲਗਾਤਾਰ ਕਮਜੋਰ ਹੁੰਦੇ ਜਾਣ ਦੀ ਗੱਲ ਕਹਿੰਦੇ ਰਹੇ ਹਨ ਉੱਥੇ ਦੇਸ਼ ਦੀ ਸੱਤਾ ਦਾ ਸੁਖ ਮਾਣ ਰਹੇ ਸੱਤਾਧਾਰੀ ਆਗੂਆਂ ਵਲੋਂ ਲਗਾਤਾਰ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਦੇਸ਼ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਅਤੇ ਜਨਤਾ ਨੂੰ ਕਿਸੇ ਕਿਸਮ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੀ ਸੱਤਾ ਦੀ ਅਗਵਾਈ ਦਾ ਕੰਮ ਸੰਭਾਲੇ ਜਾਣ ਤੋਂ ਬਾਅਦ ਤੋਂ ਉਹਨਾਂ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਮੇਂ ਸਮੇਂ ਤੇ ਦੇਸ਼ ਦੀ ਅਰਥ ਵਿਵਸਥਾ ਦੀ ਹਾਲਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਮ੍ਹਣੇ ਆਉਂਦੀਆਂ ਰਹੀਆਂ ਹਨ ਅਤੇ ਇਸ ਦੌਰਾਨ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਖੁਦ ਸਰਕਾਰ ਵਲੋਂ ਹੀ ਆਪਾ ਵਿਰੋਧੀ ਬਿਆਨਬਾਜੀ ਕੀਤੀ ਗਈ ਹੈ।
ਇੱਕ ਪਾਸੇ ਜਿੱਥੇ ਸੱਤਾਧਾਰੀ ਪਾਰਟੀ ਦੇ ਆਗੂ ਕਹਿ ਰਹੇ ਹੁੰਦੇ ਹਨ ਕਿ ਦੇਸ਼ ਦੀ ਆਰਥਿਕ ਸਥਿਤੀ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਉੱਥੇ ਦੂਜੇ ਪਾਸੇ ਸਰਕਾਰ ਵਲੋਂ ਦੇਸ਼ ਦੀ ਵਿਕਾਸ ਦਰ (ਜੀ ਡੀ ਪੀ) ਦੇ ਜਿਹੜੇ ਅੰਕੜੇ ਜਾਰੀ ਕੀਤੇ ਜਾਂਦੇ ਹਨ ਉਹ ਦੇਸ਼ ਦੀ ਆਰਥਿਕ ਹਾਲਤ ਵਿੱਚ ਲਗਾਤਾਰ ਵੱਧਦੀ ਕਮਜੋਰੀ ਦਾ ਸੰਕੇਤ ਦੇਣ ਵਾਲੇ ਹੁੰਦੇ ਹਨ ਅਤੇ ਇਸ ਦੌਰਾਨ ਦੇਸ਼ ਦੀ ਵਿਕਾਸ ਦਰ ਲਗਾਤਾਰ ਘੱਟ ਹੁੰਦੀ ਰਹੀ ਹੈ। ਇਸਤੋਂ ਪਹਿਲਾਂ ਕੋਰੋਨਾ ਦੀ ਮਹਾਮਾਰੀ ਦੇ ਪ੍ਰਭਾਵ ਹੇਠ ਲੰਘੇ, ਬੀਤੇ ਛੇ ਸਾਲਾਂ ਵਿੱਚ ਦੇਸ਼ ਦੀ ਅਰਥਵਿਵਸਥਾ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਹੈ ਉਸਨੂੰ ਬਿਆਨ ਕਰਨਾ ਵੀ ਔਖਾ ਹੈ।
ਕੋਰੋਨਾ ਦੀ ਮਹਾਮਾਰੀ ਕਾਰਨ ਲਾਗੂ ਕੀਤੇ ਗਏ ਲਾਕ ਡਾਉਨ ਕਾਰਨ ਆਈ ਆਰਥਿਕ ਤਬਾਹੀ ਦੌਰਾਨ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਛੋਟੇ ਵੱਡੇ ਉਦਯੋਗ ਬੰਦ ਹੋ ਗਏ ਸਨ, ਉੱਥੇ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਦਾ ਰੁਜਗਾਰ ਵੀ ਜਾਂਦਾ ਰਿਹਾ ਸੀ। ਇਸ ਦੌਰਾਨ ਸਰਕਾਰ ਵਲੋਂ ਕੀਤੇ ਜਾਂਦੇ ਹਵਾ ਹਵਾਈ ਦਾਅਵਿਆਂ ਤੋਂ ਇਲਾਵਾ ਦੇਸ਼ ਦੇ ਮੱਧਮ ਵਰਗ (ਟੈਕਸ ਦਾਤਿਆਂ) ਨੂੰ ਸਰਕਾਰ ਵਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਜਦੋਂਕਿ ਇਸ ਦੌਰਾਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਸਰਕਾਰਾਂ ਵਲੋਂ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਲੋਕਾਂ ਦੀ ਭਰਪੂਰ ਮਦਦ ਕੀਤੀ ਗਈ ਸੀ। ਸਾਡੀ ਸਰਕਾਰ ਵਲੋਂ ਤਾਂ ਉਲਟਾ ਪੈਟਰੋਲ ਅਤੇ ਡੀਜਲ ਤੇ ਟੈਕਸ ਵਧਾ ਕੇ ਉਲਟਾ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਗਿਆ ਹੈ ਅਤੇ ਇਹ ਕਾਰਵਾਈ ਹੁਣੇ ਵੀ ਜਾਰੀ ਹੈ।
ਇਸ ਦੌਰਾਨ ਕੇਂਦਰ ਸਰਕਾਰ ਵਲੋਂ ਭਾਵੇਂ ਦੇਸ਼ ਦੀ ਅਰਥਵਿਵਸਥਾ ਦੀ ਬਦਹਾਲੀ ਦੀ ਗੱਲ ਕਬੂਲ ਕਰਨ ਦੀ ਥਾਂ ਕਈ ਤਰ੍ਹਾਂ ਦੇ ਹਵਾ ਹਵਾਈ ਦਾਅਵੇ ਕੀਤੇ ਜਾਂਦੇ ਰਹੇ ਹਨ ਪਰੰਤੂ ਜਮੀਨੀ ਪੱਧਰ ਤੇ ਹਾਲਾਤ ਵਿੱਚ ਕੋਈ ਸੁਧਾਰ ਨਾ ਹੋਣ ਕਾਰਨ ਲੋਕਾਂ ਵਿੱਚ ਦੇਸ਼ ਦੀ ਅਰਥ ਵਿਵਸਥਾ ਦੀ ਅਸਲ ਹਾਲਤ ਬਾਰੇ ਭੰਬਲਭੂਸੇ ਦੀ ਹਾਲਤ ਬਣੀ ਹੋਈ ਹੈ। ਅਸਲੀਅਤ ਇਹੀ ਹੈ ਕਿ ਇਹਨਾਂ ਤਮਾਮ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਜਨਤਾ ਨੂੰ ਨਾ ਤਾਂ ਲਗਾਤਾਰ ਵੱਧਦੀ ਮਹਿੰਗਾਈ ਦੇ ਮੁੱਦੇ ਤੇ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਸਰਕਾਰ ਆਮ ਲੋਕਾਂ ਵਿੱਚ ਆਰਥਿਕ ਸੁਰਖਿਆ ਦਾ ਕੋਈ ਅਹਿਸਾਸ ਜਗਾ ਪਾਈ ਹੈ। ਇਸ ਸਾਰੇ ਕੁੱਝ ਦਾ ਅਸਰ ਦੇਸ਼ ਦੀ ਆਰਥਿਕ ਵਾਧਾ ਦਰ ਤੇ ਬਹੁਤ ਮਾੜਾ ਅਸਰ ਪਿਆ ਹੈ ਅਤੇ ਇਹ ਲਗਾਤਾਰ ਘੱਟ ਹੁੰਦੀ ਰਹੀ ਹੈ।
ਇਸ ਸੰਬੰਧੀ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਨੂੰ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਦੀ ਮੁਕੰਮਲ ਜਾਣਕਾਰੀ ਦੇਣ ਲਈ ਅਰਥ ਵਿਵਸਥਾ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਤਾਂ ਜੋ ਜਨਤਾ ਦੇਸ਼ ਦੀ ਆਰਥਿਕ ਸਥਿਤੀ ਦੀ ਅਸਲੀਅਤ ਜਾਣ ਸਕੇ। ਦੇਸ਼ ਦੀ ਜਨਤਾ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਆਰਥਿਕ ਹਾਲਤ ਦੀ ਅਸਲੀਅਤ ਕੀ ਹੈ ਅਤੇ ਉਹਨਾਂ ਦਾ ਮਾਲੀਆ ਘਾਟਾ ਕਿੰਨਾ ਵੱਧ ਚੁੱਕਿਆ ਹੈ ਕਿਉਂਕਿ ਅਖੀਰਕਾਰ ਇਸ ਘਾਟੇ ਦਾ ਬੋਝ ਆਮ ਜਨਤਾ ਤੇ ਹੀ ਪੈਣਾ ਹੈ। ਜਨਤਾ ਨੂੰ ਇਹ ਜਾਨਣ ਦਾ ਵੀ ਪੂਰਾ ਹੱਕ ਹੈ ਕਿ ਅਰਥ ਵਿਵਸਥਾ ਵਿੱਚ ਆਈ ਇਸ ਕਮਜੋਰੀ ਦੇ ਪਿੱਛੇ ਅਸਲ ਕਾਰਨ ਕੀ ਹਨ ਅਤੇ ਸਰਕਾਰ ਵਲੋਂ ਅਰਥਵਿਵਸਥਾ ਵਿੱਚ ਸੁਧਾਰ ਕਰਨ ਅਤੇ ਲਗਾਤਾਰ ਵੱਧਦੇ ਮਾਲੀਆ ਘਾਟੇ ਨੂੰ ਪਰਾ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਦੇਸ਼ ਦੀ ਵਿੱਤੀ ਹਾਲਤ ਅਤੇ ਆਰਥਿਕ ਵਿਕਾਸ ਸੰਬੰਧੀ ਸਰਕਾਰੀ ਦਾਅਵਿਆਂ ਦੀ ਅਸਲੀਅਤ ਸਭ ਦੇ ਸਾਮ੍ਹਣੇ ਲਿਆਂਦੀ ਜਾਣੀ ਚਾਹੀਦੀ ਹੈ।
Editorial
ਕਿਵੇਂ ਆਵੇਗੀ ਬੰਗਲਾਦੇਸ਼ ਵਿੱਚ ਸ਼ਾਂਤੀ?
ਭਾਰਤ ਦੇ ਪੁਰਾਣੇ ਮਿੱਤਰ ਰਹੇ ਬੰਗਲਾਦੇਸ਼ ਵਿੱਚ ਇਸ ਸਮੇਂ ਹਿੰਸਾ ਫੈਲੀ ਹੋਈ ਹੈ। ਇਸ ਹਿੰਸਾ ਦੀ ਲਪੇਟ ਵਿੱਚ ਹਰ ਵਰਗ ਦੇ ਲੋਕ ਆ ਰਹੇ ਹਨ। ਅਸਲ ਵਿੱਚ ਬੰਗਲਾਦੇਸ਼ ਜੁਲਾਈ 2024 ਤੋਂ ਹੀ ਅਸ਼ਾਂਤ ਚਲਦਾ ਆ ਰਿਹਾ ਹੈ ਅਤੇ ਇਸ ਸਮੇਂ ਵੀ ਸਰਕਾਰ ਅਤੇ ਫ਼ੌਜ ਹਿੰਸਾ ਤੇ ਕਾਬੂ ਪਾਉਣ ਵਿੱਚ ਫੇਲ ਹੋ ਗਈਆਂ ਹਨ।
ਜੁਲਾਈ 2024 ਵਿੱਚ ਬੰਗਲਾਦੇਸ਼ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਆਪਣਾ ਅਹੁਦਾ ਛੱਡ ਕੇ ਆਪਣੀ ਜਾਨ ਬਚਾ ਕੇ ਭਾਰਤ ਵਿੱਚ ਆ ਕੇ ਰਹਿਣਾ ਪਿਆ ਸੀ ਅਤੇ ਸ਼ੇਖ਼ ਹਸੀਨਾ ਅਜੇ ਵੀ ਭਾਰਤ ਵਿੱਚ ਹੈ ਪਰ ਉਸ ਵੱਲੋਂ ਬੰਗਲਾਦੇਸ਼ ਵਾਪਸ ਪਰਤਣ ਦੇ ਐਲਾਨ ਕਾਰਨ ਬੰਗਲਾਦੇਸ਼ ਵਿੱਚ ਮੁੜ ਹਿੰਸਾ ਸ਼ੁਰੂ ਹੋ ਗਈ ਹੈ। ਬੰਗਲਾਦੇਸ਼ ਦੀ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਬੰਗਲਾਦੇਸ਼ ਵਿੱਚ ਜੋ ਹਿੰਸਾ ਹੋ ਰਹੀ ਹੈ, ਉਹ ਸ਼ੇਖ਼ ਹਸੀਨਾ ਦੀ ਪਾਰਟੀ ਅਵਾਮੀ ਲੀਗ ਵੱਲੋਂ ਕਰਵਾਈ ਜਾ ਰਹੀ ਹੈ ਤਾਂ ਕਿ ਦੇਸ਼ ਦਾ ਮਾਹੌਲ ਖ਼ਰਾਬ ਕੀਤਾ ਜਾ ਸਕੇ ਅਤੇ ਇਸ ਦਾ ਦੋਸ਼ ਸਰਕਾਰ ਸਿਰ ਮੜ੍ਹਿਆ ਜਾ ਸਕੇ।
ਜੇਕਰ ਬੰਗਲਾਦੇਸ਼ ਮੌਜੁੂਦਾ ਸਥਿਤੀ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਇਸ ਦੇਸ਼ ਦੇ ਇਤਿਹਾਸ ਦਾ ਇੱਕ ਦੂਜਾ ਅਧਿਆਇ ਹੈ। ਪਹਿਲਾ ਅਧਿਆਇ 1971 ਦੇ ਆਜ਼ਾਦੀ ਅੰਦੋਲਨ, ਉਸ ਦੇ ਪਾਕਿਸਤਾਨ ਤੋਂ ਅਲੱਗ ਹੋਣ ਅਤੇ ਭਾਰਤ ਦੇ ਅਥਾਹ ਸਹਿਯੋਗ ਨਾਲ ਉਪਜੇ ਮੁਹਾਂਦਰੇ ਦਾ ਹੈ। ਦੂਜਾ ਅਧਿਆਇ ਜੁਲਾਈ 2024 ਦੇ ਅੰਦੋਲਨ ਤੋਂ ਉੱਭਰਿਆ ਜਿਸ ਦਾ ਟੀਚਾ ਬੰਗਲਾਦੇਸ਼ ਦੀ ਰਾਜਨੀਤਕ ਦਸ਼ਾ-ਦਿਸ਼ਾ ਨੂੰ ਬਦਲਣਾ ਸੀ।
ਕਿਹਾ ਜਾਂਦਾ ਹੈ ਕਿ ਅਵਾਮੀ ਲੀਗ ਅਤੇ ਸ਼ੇਖ਼ ਹਸੀਨਾ ਦੇ ਬਿਨਾਂ ਬੰਗਲਾਦੇਸ਼ ਦੀ ਕਲਪਨਾ ਕਰਨਾ ਹਾਲੇ ਮੁਸ਼ਕਿਲ ਹੈ ਪਰ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੀ ਗ਼ੈਰ-ਮੌਜੂਦਗੀ ਜਾਂ ਕਮਜ਼ੋਰੀ ਦੀ ਸਥਿਤੀ ਵਿੱਚ ਬੰਗਲਾਦੇਸ਼ ਵਿੱਚ ਕੁਝ ਖ਼ਾਸ ਤਾਕਤਾਂ ਮਜ਼ਬੂਤ ਹੁੰਦੀਆਂ ਗਈਆਂ। ਇਨ੍ਹੀਂ ਦਿਨੀਂ ਵੀ ਅਜਿਹੀਆਂ ਹੀ ਕੱਟੜਪੰਥੀ ਤਾਕਤਾਂ ਮਜ਼ਬੂਤ ਹੋ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨ ਦੀਆਂ ਹਮਦਰਦੀ ਹਨ। ਬੰਗਲਾਦੇਸ਼ ਵਿੱਚ ਇੱਕ ਨਵੀਂ ਪੀੜ੍ਹੀ 1971 ਦੇ ਇਤਿਹਾਸ ਨਾਲ ਆਪਣੀ ਪੁਰਾਣੀ ਪੀੜ੍ਹੀ ਦੀ ਤਰ੍ਹਾਂ ਨਹੀਂ ਜੁੜ ਨਹੀਂ ਰਹੀ, ਤਾਂ ਉੱਥੇ ਵਿਦੇਸ਼ ਨੀਤੀ ਦਾ ਬਦਲਣਾ ਵੀ ਸੁਭਾਵਿਕ ਹੈ।
ਸਿਆਣੇ ਕਹਿੰਦੇ ਹਨ ਕਿ ਹਿੰਸਾ ਕਰਨ ਵਾਲੀ ਭੀੜ ਦਾ ਕੋਈ ਧਰਮ ਨਹੀਂ ਹੁੰਦਾ ਤੇ ਨਾ ਹੀ ਹਿੰਸਾ ਕਰਨ ਵਾਲਿਆਂ ਦਾ ਕੋਈ ਇਮਾਨ ਹੁੰਦਾ ਹੈ। ਹਿੰਸਾ ਕਰਨ ਵਾਲੇ ਅਨਸਰ ਸਿਰਫ਼ ਦੇਸ਼ ਧ੍ਰੋਹੀ ਅਤੇ ਅਪਰਾਧੀ ਹੁੰਦੇ ਹਨ, ਜੋ ਕਿ ਹਿੰਸਾ ਫੈਲਾ ਕੇ ਆਪਣਾ ਹਰ ਕਿਸਮ ਦਾ ਲਾਭ ਵਸੂਲ ਕਰਦੇ ਹਨ। ਇਹੋ ਕਾਰਨ ਹੈ ਕਿ ਬੰਗਲਾਦੇਸ਼ ਵਿੱਚ ਅਜੇ ਤੱਕ ਸ਼ਾਂਤੀ ਨਹੀਂ ਆਈ ਬਲਕਿ ਇਸ ਦੇਸ਼ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਹਿੰਸਾ ਫੈਲ ਗਈ ਹੈ।
ਬੰਗਲਾਦੇਸ਼ ਭਾਰਤ ਦਾ ਗੁਆਂਢੀਂ ਦੇਸ਼ ਹੈ। ਇਸ ਕਾਰਨ ਭਾਰਤ ਸਰਕਾਰ ਵੱਲੋਂ ਵੀ ਬੰਗਲਾਦੇਸ਼ ਦੀਆਂ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਭਾਰਤ ਲੰਬਾ ਸਮਾਂ ਬੰਗਲਾਦੇਸ਼ ਦਾ ਮਿੱਤਰ ਰਿਹਾ ਹੈ ਅਤੇ ਭਾਰਤ ਵੱਲੋਂ ਬੰਗਲਾਦੇਸ਼ ਸਬੰਧੀ ਅਕਸਰ ਵੱਡੇ ਭਰਾ ਵਾਲੀ ਭੂਮਿਕਾ ਨਿਭਾਈ ਜਾਂਦੀ ਰਹੀ ਹੈ। ਇਸ ਸਮੇਂ ਵੀ ਭਾਰਤ ਸਰਕਾਰ ਯਤਨ ਕਰ ਰਹੀ ਹੈ ਕਿ ਬੰਗਲਾਦੇਸ਼ ਵਿੱਚ ਸ਼ਾਂਤੀ ਦੀ ਵਿਵਸਥਾ ਕਰਵਾਈ ਜਾ ਸਕੇ ਅਤੇ ਬੰਗਲਾਦੇਸ਼ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾ ਸਕਣ। ਦੂਜੇ ਪਾਸੇ ਬੰਗਲਾਦੇਸ਼ ਵਿੱਚ ਕੁਝ ਅਜਿਹੀਆਂ ਤਾਕਤਾਂ ਸ਼ਕਤੀਸ਼ਾਲੀ ਹੋ ਗਈਆਂ ਹਨ ਜੋ ਕਿ ਭਾਰਤ ਦੀ ਥਾਂ ਪਾਕਿਸਤਾਨ ਨਾਲ ਮੇਲਜੋਲ ਵਧਾ ਰਹੀਆਂ ਹਨ। ਇਹੋ ਕਾਰਨ ਹੈ ਕਿ ਬੰਗਲਾਦੇਸ਼ ਵਿੱਚ ਅਜੇ ਸ਼ਾਂਤੀ ਆਉਣੀ ਸੰਭਵ ਨਹੀਂ ਲੱਗਦੀ।
ਜੇ ਹੁਣ ਬੰਗਲਾਦੇਸ਼ ਦੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇਸ਼ ਦੇ ਆਮ ਲੋਕ ਦੇਸ਼ ਵਿੱਚ ਫੈਲੀ ਅਸ਼ਾਂਤੀ ਅਤੇ ਬੇਰੁਜ਼ਗਾਰੀ ਤੋਂ ਬਹੁਤ ਦੁਖੀ ਹਨ। ਆਮ ਲੋਕਾਂ ਦੀ ਆਮਦਨ ਦਿਨੋਂ ਦਿਨ ਘੱਟਦੀ ਜਾ ਰਹੀ ਹੈ ਅਤੇ ਖਰਚੇ ਵੱਧ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਅਸ਼ਾਂਤ ਮਾਹੌਲ ਕਾਰਨ ਮਹਿੰਗਾਈ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਸਰਕਾਰ ਅਤੇ ਇਸ ਦੇ ਵਿਰੋਧੀਆਂ ਵਿੱਚੋਂ ਕਿਸ ਨੂੰ ਸਹੀ ਮੰਨਣ।
ਦੋਵੇਂ ਧਿਰਾਂ ਹੀ ਆਪਣੇ ਆਪ ਨੂੰ ਸਹੀ ਅਤੇ ਦੂਜੀ ਨੂੰ ਗਲਤ ਕਹਿ ਰਹੀਆਂ ਹਨ। ਬੰਗਲਾਦੇਸ਼ ਦੇ ਆਮ ਲੋਕ ਤਾਂ ਚਾਹੁੰਦੇ ਹਨ ਕਿ ਬੰਗਲਾਦੇਸ਼ ਵਿੱਚ ਸੰਪੂਰਨ ਅਮਨ ਸ਼ਾਂਤੀ ਆਵੇ ਤਾਂ ਕਿ ਇਸ ਦੇਸ਼ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।
ਬਿਊਰੋ
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International1 month agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
