Connect with us

Editorial

ਸਿਆਸੀ ਧੂੜ ਵਿੱਚ ਰੁਲ ਗਏ ਪੰਜਾਬੀਆਂ ਦੇ ਅਹਿਮ ਮੁੱਦੇ ਅਤੇ ਮਸਲੇ

Published

on

ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਘਮਾਸਾਣ ਮਚਿਆ ਹੋਇਆ ਹੈ ਅਤੇ ਹਰ ਪਾਸੇ ਸਿਆਸੀ ਧੂੜ ਉੱਡ ਰਹੀ ਹੈੇ। ਇਸ ਧੂੜ ਵਿੱਚ ਹੀ ਪੰਜਾਬੀਆਂ ਦੇ ਮੁੱਖ ਮਸਲੇ ਅਤੇ ਮੁੱਦੇ ਵੀ ਰੁਲ ਗਏ ਹਨ। ਇਹੋ ਕਾਰਨ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬੀਆਂ ਦੇ ਮੁੱਖ ਮਸਲਿਆਂ ਪ੍ਰਤੀ ਕੋਈ ਰੋਡ ਮੈਪ, ਏਜੰਡਾ ਅਤੇ ਆਪਣਾ ਪ੍ਰੋਗਰਾਮ ਨਹੀਂ ਦੇ ਰਹੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਸਿਰਫ਼ ਵੋਟ ਬੈਂਕ ਪੱਕਾ ਕਰਨ ਦੇ ਰਾਹ ਪੈ ਗਈਆਂ ਹਨ।

ਇਹ ਠੀਕ ਹੈ ਕਿ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਨਸ਼ੇ ਪ੍ਰਚਲਿਤ ਹੋਣ ਦਾ ਮੁੱਦਾ ਜ਼ਰੂਰ ਉਠਾਇਆ ਜਾ ਰਿਹਾ ਹੈ ਪਰ ਇਸ ਮੁੱਦੇ ਦਾ ਕੋਈ ਸਾਰਥਕ ਹੱਲ ਕੱਢਣ ਦੀ ਥਾਂ ਇੱਕ ਦੂਜੇ ਤੇ ਦੋਸ਼ ਲਗਾਉਣ ਦਾ ਰੁਝਾਨ ਭਾਰੂ ਹੈ। ਪੰਜਾਬ ਵਿੱਚ ਸਿਰਫ਼ ਨਸ਼ਾ ਹੀ ਸਮੱਸਿਆ ਨਹੀਂ ਹੈ ਬਲਕਿ ਪੰਜਾਬ ਦੇ ਮਸਲਿਆਂ ਦੀ ਸੂਚੀ ਬਹੁਤ ਲੰਬੀ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਮੁੱਖ ਮਸਲੇ ਅਤੇ ਮੁੱਦੇ ਅਣਗੌਲੇ ਕੀਤੇ ਜਾ ਰਹੇ ਹਨ ਅਤੇ ਸਾਰਾ ਧਿਆਨ ਸਿਰਫ਼ ਅਗਲੀਆਂ ਚੋਣਾਂ ਲਈ ਵੋਟਾਂ ਪੱਕੀਆਂ ਕਰਨ ਵੱਲ ਲਗਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਇਸ ਸਮੇਂ ਦਰਿਆਈ ਪਾਣੀਆਂ ਦਾ ਮਸਲਾ, ਹਰ ਸਾਲ ਆਉਂਦੇ ਹੜ੍ਹ, ਪੀਣ ਵਾਲੇ ਪਾਣੀ ਦੀ ਘਾਟ, ਧਰਤੀ ਹੇਠਲੇ ਪਾਣੀ ਦਾ ਖਤਮ ਹੁੰਦੇ ਜਾਣਾ, ਦੂਜੇ ਦੇਸ਼ਾਂ ਨੂੰ ਹੁੰਦਾ ਪੰਜਾਬੀਆਂ ਦਾ ਪਰਵਾਸ, ਦੂਜੇ ਰਾਜਾਂ ਤੋਂ ਪੰਜਾਬ ਵਿੱਚ ਹੋ ਰਿਹਾ ਆਵਾਸ, ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾ, ਹਰ ਤਰ੍ਹਾਂ ਦਾ ਪ੍ਰਦੂਸ਼ਨ, ਖੂਨ ਪੀਣੀਆਂ ਸੜਕਾਂ, ਹਾਦਸਿਆਂ ਦਾ ਕਾਰਨ ਬਣਦੇ ਓਵਰਲੋਡ ਵਾਹਨ, ਦੂਜੇ ਰਾਜਾਂ ਵਿੱਚ ਪੰਜਾਬੀਆਂ ਉੱਪਰ ਹੋ ਰਹੇ ਹਮਲੇ, ਗੈਂਗਸਟਰਵਾਦ, ਅਮਨ ਕਾਨੂੰਨ ਦੀ ਗੰਭੀਰ ਹੁੰਦੀ ਸਥਿਤੀ, ਚੋਰੀ ਅਤੇ ਝਪਟਮਾਰੀ ਦੀਆਂ ਵੱਧ ਰਹੀਆਂ ਘਟਨਾਵਾਂ, ਮੰਡੀਆਂ ਵਿੱਚ ਕਿਸਾਨਾਂ ਦੀਆਂ ਰੁਲਦੀਆਂ ਫ਼ਸਲਾਂ, ਜ਼ਹਿਰੀਲੀ ਹੋ ਰਹੀ ਪੰਜਾਬ ਦੀ ਧਰਤੀ, ਫ਼ਲਾਂ ਅਤੇ ਸ਼ਬਜੀਆਂ ਨੂੰ ਜਹਿਰੀਲੇ ਕੈਮੀਕਲ ਨਾਲ ਪਕਾਉਣਾ, ਨਕਲੀ ਅਤੇ ਗੈਰ ਮਿਆਰੀ ਮਿਠਾਈਆਂ, ਨਕਲੀ ਦਵਾਈਆਂ ਅਤੇ ਹੋਰ ਬਹੁਤ ਸਾਰੇ ਮੁੱਖ ਮਸਲੇ ਹਨ, ਜਿਹਨਾਂ ਦੇ ਹੱਲ ਲਈ ਨਾ ਤਾਂ ਸਰਕਾਰ ਕੋਈ ਧਿਆਨ ਦੇ ਰਹੀ ਹੈ ਤੇ ਨਾ ਹੀ ਵਿਰੋਧੀ ਸਿਆਸੀ ਪਾਰਟੀਆਂ ਕੋਈ ਆਵਾਜ਼ ਉਠਾ ਰਹੀਆਂ ਹਨ।

ਹਾਲ ਇਹ ਹੈ ਕਿ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਉਪਰੋਕਤ ਅਹਿਮ ਮੁੱਦਿਆਂ ਅਤੇ ਮਸਲਿਆਂ ਬਾਰੇ ਕਦੇ ਵੀ ਪੰਜਾਬ ਸਰਕਾਰ ਕੋਲ ਆਵਾਜ਼ ਨਹੀਂ ਉਠਾਈ ਗਈ ਤੇ ਨਾ ਹੀ ਸਰਕਾਰ ਨੂੰ ਇਹਨਾਂ ਮੁੱਦਿਆਂ ਕਾਰਨ ਘੇਰਨ ਦਾ ਯਤਨ ਕੀਤਾ ਹੈ। ਸਿਆਸੀ ਮਾਹਿਰ ਕਹਿੰਦੇ ਹਨ ਕਿ ਵਿਰੋਧੀ ਧਿਰ ਦਾ ਫਰਜ਼ ਹੁੰਦਾ ਹੈ ਕਿ ਜਦੋਂ ਰਾਜ ਦੇ ਮੁੱਖ ਮਸਲੇ ਹੱਲ ਕਰਨ ਵਿੱਚ ਸਰਕਾਰ ਅਵੇਸਲੀ ਹੋ ਜਾਵੇ ਤਾਂ ਉਹ ਸਰਕਾਰ ਨੂੰ ਗੂੜੀ ਨੀਂਦ ਤੋਂ ਜਗਾਵੇ ਅਤੇ ਉਸ ਨੂੰ ਰਾਜ ਦੇ ਮੁੱਖ ਮਸਲੇ ਹੱਲ ਕਰਨ ਲਈ ਮਜਬੂਰ ਕਰ ਦੇਵੇ ਪਰ ਪੰਜਾਬ ਦੀ ਵਿਰੋਧੀ ਧਿਰ ਅਤੇ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਇਸ ਸਮੇਂ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਦੀ ਤੋਂ ਉਤਾਰਨ ਲਈ ਯਤਨ ਕਰ ਰਹੀਆਂ ਹਨ ਪੰਜਾਬ ਦੇ ਮੁੱਖ ਮਸਲਿਆਂ ਅਤੇ ਮੁੱਦਿਆਂ ਬਾਰੇ ਕੋਈ ਵੀ ਸਿਆਸੀ ਆਗੂ ਕੁਝ ਵੀ ਨਹੀਂ ਬੋਲ ਰਿਹਾ। ਇਹੋ ਕਾਰਨ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਸਾਰੀਆਂ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਗਏ ਹਨ ਅਤੇ ਉਹ ਕਿਸੇ ਨਵੀਂ ਸਿਆਸੀ ਪਾਰਟੀ ਦੇ ਜਨਮ ਅਤੇ ਉਭਾਰ ਬਾਰੇ ਸੋਚਣ ਲੱਗ ਪਏ ਹਨ।

ਵੱਖ ਵੱਖ ‘ਆਪ’ ਆਗੂ ਦਾਅਵਾ ਕਰ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਹੀ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਉਪਰ ਭਾਰੀ ਪੈ ਗਏ ਹਨ। ਇਸੇ ਕਾਰਨ ਇਹਨਾਂ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਮਾਨ ਨੂੰ ਸ਼ਰਾਬੀ ਆਦਿ ਕਹਿ ਕੇ ਬਦਨਾਮ ਕਰਨ ਦੀ ਸਾਜ਼ਿਸ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਇਸ ਸਭ ਨੂੰ ਨੇੜਿਓਂ ਵੇਖ ਰਹੇ ਹਨ। ਵੱਡੀ ਗਿਣਤੀ ਪੰਜਾਬੀਆਂ ਨੂੰ ਇਸ ਗੱਲ ਦਾ ਵੱਡਾ ਦੁੱਖ ਹੈ ਕਿ ਸਿਆਸੀ ਦੋਸ਼ ਪ੍ਰਤੀਦੋਸ਼ ਦੇ ਰੁਝਾਨ ਵਿੱਚ ਪੰਜਾਬ ਦੇ ਅਹਿਮ ਤੇ ਮੁੱਖ ਮੁੱਦੇ ਅਤੇ ਵੱਡੇ ਮਸਲੇ ਰੁਲ ਗਏ ਹਨ ਅਤੇ ਇਸ ਸਮੇਂ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮੁੱਖ ਮੁੱਦਿਆਂ ਅਤੇ ਪੰਜਾਬੀਆਂ ਦੇ ਮੁੱਖ ਮਸਲਿਆਂ ਬਾਰੇ ਕੋਈ ਗੱਲ ਨਹੀਂ ਕਰ ਰਹੀ। ਨਾ ਹੀ ਕਿਸੇ ਸਿਆਸੀ ਪਾਰਟੀ ਕੋਲ ਪੰਜਾਬ ਦੇ ਮੁੱਦਿਆਂ ਅਤੇ ਵੱਡੇ ਮਸਲਿਆਂ ਨੂੰ ਹਲ ਕਰਨ ਲਈ ਕੋਈ ਪ੍ਰੋਗਰਾਮ ਜਾਂ ਏਜੰਡਾ ਹੈ। ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਹਰ ਦਿਨ ਸਿਰਫ਼ ਮੁੱਖ ਮੰਤਰੀ ਮਾਨ ਦੀ ਨਿਖੇਧੀ ਕਰਦੇ ਰਹਿੰਦੇ ਹਨ। ਉਹਨਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਇੱਕ ਅੱਖਰ ਵੀ ਨਹੀਂ ਬੋਲਿਆ ਜਾ ਰਿਹਾ।

ਵੱਡੀ ਗਿਣਤੀ ਪੰਜਾਬੀਆਂ ਨੂੰ ਇਸ ਗੱਲ ਦਾ ਵੱਡਾ ਦੁੱਖ ਹੈ ਕਿ ਪੰਜਾਬ ਦੇ ਮੁੱਖ ਮੁੱਦੇ ਅਤੇ ਮੁੱਖ ਮਸਲੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵਿਸਾਰ ਦਿੱਤੇ ਗਏ ਹਨ, ਜਿਸ ਕਾਰਨ ਇਹ ਮਸਲੇ ਦਿਨੋਂ ਦਿਨ ਹੋਰ ਗੰਭੀਰ ਹੋ ਰਹੇ ਹਨ। ਇਸ ਸਮੇਂ ਪੰਜਾਬ ਵਿੱਚ ਹਰ ਦਿਨ ਮੌਸਮ ਵੀ ਬਦਲ ਰਿਹਾ ਹੈ ਅਤੇ ਹਲਕੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਪਰ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਗਰਮਾਹਟ ਆਈ ਹੋਈ ਹੈ। ਚੋਣਾਂ ਲੜਨ ਦੀਆਂ ਚਾਹਵਾਨ ਸਾਰੀਆਂ ਸਿਆਸੀ ਧਿਰਾਂ ਵੱਲੋਂ ਅਗਾਮੀ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ ਪਰ ਕਿਸੇ ਵੀ ਸਿਆਸੀ ਪਾਰਟੀ ਨੇ ਅਜੇ ਤੱਕ ਪੰਜਾਬ ਦੀ ਭਲਾਈ ਵਾਲਾ ਆਪਣਾ ਏਜੰਡਾ ਪੇਸ਼ ਨਹੀਂ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਆਮ ਲੋਕ ਵੀ ਇਸ ਸਮੇਂ ਚੋਣਾਂ ਵਾਲਾ ਮਾਹੌਲ ਬਣਨ ਦੇ ਬਾਵਜੂਦ ਸਿਆਸੀ ਪਾਰਟੀਆਂ ਨੂੰ ਕੋਈ ਹੁੰਗਾਰਾ ਨਹੀਂ ਭਰ ਰਹੇ ਹਨ।

ਪੰਜਾਬ ਦੇ ਲੋਕ ਇਸ ਸਮੇਂ ਆਪਸ ਵਿੱਚ ਵਿਧਾਨ ਸਭਾ ਚੋਣਾਂ ਦੀ ਗੱਲ ਤਾਂ ਕਰਦੇ ਹਨ ਪਰ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰਥਣ ਦੇਣ ਦੇ ਮਾਮਲੇ ਤੇ ਉਹ ਚੁੱਪ ਕਰ ਜਾਂਦੇ ਹਨ। ਆਮ ਵੋਟਰਾਂ ਦੀ ਇਹੋ ਚੁੱਪੀ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਨਤੀਜਿਆਂ ਦੇ ਰੂਪ ਵਿੱਚ ਉੱਚੀ ਆਵਾਜ਼ ਵਿੱਚ ਜ਼ਰੂਰ ਬੋਲੇਗੀ।

ਬਿਊਰੋ

Continue Reading

Editorial

ਲਗਾਤਾਰ ਵੱਧਦੀ ਮਹਿੰਗਾਈ, ਬੇਰੁਜਗਾਰੀ ਅਤੇ ਨਸ਼ਿਆਂ ਦੀ ਸਮੱਸਿਆ ਤੇ ਕਿਵੇਂ ਹੋਵੇਗਾ ਕਾਬੂ

Published

on

By

ਸਾਰੀਆਂ ਹੱਦਾਂ ਤੋੜਦੀ ਮਹਿੰਗਾਈ ਅਤੇ ਬੇਰੁਜਗਾਰੀ ਵਿੱਚ ਹੁੰਦਾ ਲਗਾਤਾਰ ਵਾਧਾ ਇਸ ਵੇਲੇ ਸਾਡੇ ਦੇਸ਼ ਦੀਆਂ ਸਭਤੋਂ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ। ਇਹਨਾਂ ਦੋਵਾਂ ਦੇ ਨਾਲ ਨਸ਼ਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਚੁੱਕੀ ਹੈ। ਪਰੰਤੂ ਕੇਂਦਰ ਅਤੇ ਰਾਜ ਸਰਕਾਰਾਂ, ਭਿਅੰਕਰ ਰੂਪ ਧਾਰਨ ਕਰਨ ਵਾਲੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਉਲਟਾ ਹਰ ਛੋਟੀ ਵੱਡੀ ਵਸਤੂ ਤੇ ਟੈਕਸ ਲਗਾ ਕੇ ਅਤੇ ਇਹਨਾਂ ਟੈਕਸਾਂ ਵਿੱਚ ਵਾਧਾ ਕਰਕੇ ਜਨਤਾ ਦਾ ਸ਼ੋਸ਼ਣ ਕਰ ਰਹੀਆਂ ਹਨ।

ਇਸ ਸੰਬੰਧੀ ਜਿੱਥੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਮਹਿੰਗਾਈ ਅਤੇ ਬੇਰੁਜਗਾਰੀ ਵਿੱਚ ਹੋਣ ਵਾਲੇ ਵਾਧੇ ਅਤੇ ਨਸ਼ਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਲਈ ਸਾਰਾ ਦੋਸ਼ ਕੇਂਦਰ ਸਰਕਾਰ ਦੇ ਸਿਰ ਮੜ੍ਹਦੀਆਂ ਦਿਖਦੀਆਂ ਹਨ, ਉੱਥੇ ਕੇਂਦਰ ਸਰਕਾਰ ਅਤੇ ਉਸਦੇ ਮੰਤਰੀ ਇਸ ਸਾਰੇ ਕੁੱਝ ਲਈ ਪਿਛਲੀਆਂ ਕਾਂਗਰਸ ਸਰਕਾਰਾਂ ਅਤੇ ਪਾਕਿਸਤਾਨ ਨੂੰ ਹੀ ਜਿੰਮੇਵਾਰ ਠਹਿਰਾ ਕੇ ਆਪਣੀ ਜਿੰਮੇਵਾਰੀ ਤੋਂ ਹੱਥ ਝਾੜ ਲੈਂਦੇ ਹਨ। ਇਹਨਾਂ ਸਰਕਾਰਾਂ ਵਲੋਂ ਇਹਨਾਂ ਮਸਲਿਆਂ ਦੇ ਹਲ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਇੱਕ ਦੂਜੇ ਉੱਪਰ ਜਿੰਮੇਵਾਰੀ ਸੁੱਟ ਕੇ ਹੱਥ ਝਾੜੇ ਜਾਣ ਦਾ ਨਤੀਜਾ ਇਹ ਹੋਇਆ ਹੈ ਕਿ ਇਹ ਸਮੱਸਿਆਵਾਂ ਹੋਰ ਵੀ ਤੇਜੀ ਨਾਲ ਵੱਧ ਰਹੀਆਂ ਹਨ।

ਮੌਜੂਦਾ ਹਾਲਾਤ ਇਹ ਹਨ ਕਿ ਲਗਾਤਾਰ ਵੱਧਦੀ ਬੇਰੁਜਗਾਰੀ ਆਪਣੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਇਸ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਬੇਰੁਜਗਾਰੀ ਦੀ ਸਮੱਸਿਆ ਇੰਨੀ ਜਿਆਦਾ ਹੈ ਕਿ ਹਰ ਦੂਜਾ ਵਿਅਕਤੀ ਬੇਰੁਜਗਾਰੀ ਦੀ ਮਾਰ ਝੱਲ ਰਿਹਾ ਹੈ। ਇਸ ਦੌਰਾਨ ਸਰਕਾਰੀ ਨੌਕਰੀਆਂ ਮਿਲਣੀਆਂ ਤਾਂ ਲਗਭਗ ਬੰਦ ਹੀ ਹੋ ਗਈਆਂ ਹਨ ਅਤੇ ਨਿੱਜੀ ਖੇਤਰ ਵਿੱਚ ਵੀ ਲੋਕਾਂ ਨੂੰ ਲੋੜੀਂਦਾ ਰੁਜਗਾਰ ਨਹੀਂ ਮਿਲ ਰਿਹਾ, ਜਿਸ ਕਾਰਨ ਬੇਰੁਜਗਾਰਾਂ ਦੀ ਫੌਜ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਪਰੋਂ ਲਗਾਤਰ ਵੱਧਦੀ ਮਹਿੰਗਾਈ ਅਤੇ ਨਸ਼ਿਆਂ ਦੀ ਸਮੱਸਿਆ ਵਿੱਚ ਇਸ ਤਰੀਕੇ ਨਾਲ ਹੁੰਦੇ ਲਗਾਤਾਰ ਵਾਧੇ ਦਾ ਆਮ ਲੋਕਾਂ ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਜੋ ਕਰਜੇ ਦੇ ਭਾਰ ਹੇਠ ਦਬ ਕੇ ਗੁਲਾਮੀ ਵਿੱਚ ਜਕੜੇ ਜਾ ਰਹੇ ਹਨ।

ਲਗਾਤਾਰ ਵੱਧਦੀ ਮਹਿੰਗਾਈ ਦੀ ਮਾਰ ਅਤੇ ਬੇਰੁਜਗਾਰੀ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੇ ਆਮ ਲੋਕਾਂ ਦੀ ਆਰਥਿਕ ਹਾਲਤ ਵਿਗਾੜ ਦਿੱਤੀ ਹੈ। ਇੱਕ ਤਾਂ ਰੁਜਗਾਰ ਨਾ ਹੋਣ ਕਾਰਨ ਲੋਕਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਪਤਲੀ ਹੋ ਗਈ ਹੈ, ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ (ਜਿਹੜੀ ਸਾਰੀਆਂ ਹੱਦਾਂ ਟੱਪ ਚੁੱਕੀ ਹੈ) ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਉੱਪਰੋਂ ਕੇਂਦਰ ਸਰਕਾਰ ਵਲੋਂ ਆਏ ਦਿਨ ਵਧਾਈ ਜਾਂਦੀ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀ ਕੀਮਤ ਕਾਰਨ ਆਮ ਲੋਕਾਂ ਤੇ ਹੋਰ ਵੀ ਬੋਝ ਪੈਂਦਾ ਹੈ। ਸਰਕਾਰ ਵਲੋਂ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀ ਕੀਮਤ ਵਿੱਚ ਕੀਤੇ ਜਾਂਦੇ ਇਸ ਵਾਧੇ ਦਾ ਸਿੱਧਾ ਅਸਰ ਬਾਜਾਰ ਵਿੱਚ ਵਿਕਣ ਵਾਲੇ ਹਰ ਸਾਮਾਨ ਦੀ ਲਾਗਤ ਤੇ ਪੈਂਦਾ ਹੈ ਅਤੇ ਸਾਮਾਨ ਦੀ ਢੋਆ-ਢੁਆਈ ਦਾ ਖਰਚਾ ਵਧਣ ਨਾਲ ਸਾਮਾਨ ਦੀ ਕੀਮਤ ਤੇ ਵੀ ਅਸਰ ਪੈਂਦਾ ਹੈ। ਇਹ ਵੀ ਇੱਕ ਕਾਰਨ ਹੈ ਕਿ ਆਮ ਲੋਕਾਂ ਦੀ ਰੋਜਾਨਾ ਜਰੂਰਤ ਦਾ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ ਪਰੰਤੂ ਕੇਂਦਰ ਅਤੇ ਰਾਜ ਸਰਕਾਰਾਂ ਲੋਕਾਂ ਤੋਂ ਮਣਾ ਮੂੰਹੀਂ ਟੈਕਸ ਵਸੂਲ ਕੇ ਆਪਣੇ ਖਜਾਨੇ ਭਰਨ ਵਿੱਚ ਲੱਗੀਆਂ ਹੋਈਆਂ ਹਨ।

ਜੇਕਰ ਲਗਾਤਾਰ ਵੱਧਦੀ ਨਸ਼ਿਆਂ ਦੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਇਹ ਸਮੱਸਿਆ ਇੰਨੀ ਗੰਭੀਰ ਹੈ ਕਿ ਸਕੂਲਾਂ ਦੇ ਵਿਦਿਆਰਥੀ ਤਕ ਇਸਦੀ ਲਪੇਟ ਵਿੱਚ ਹਨ। ਪੰਜਾਬ ਤਾਂ ਨਸ਼ਿਆਂ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਬਦਨਾਮ ਰਿਹਾ ਹੈ ਅਤੇ ਪੰਜਾਬੀ ਨੌਜਵਾਨਾਂ ਵਿੱਚ ਨਸ਼ੇ ਦੀ ਆਦਤ ਬਹੁਤ ਜਿਆਦਾ ਹੈ। ਇਸ ਸੰਬੰਧੀ ਲੋਕਾਂ ਵਲੋਂ ਆਮ ਇਲਜਾਮ ਲਗਾਇਆ ਜਾਂਦਾ ਹੈ ਕਿ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨੂੰ ਸਿਆਸੀ ਆਗੂਆਂ ਅਤੇ ਵੱਡੇ ਪੁਲੀਸ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਹੀ ਚਲਾਇਆ ਜਾਂਦਾ ਹੈ ਅਤੇ ਇਹਨਾਂ ਵਲੋਂ ਇੱਕ ਅਜਿਹਾ ਮਜਬੂਤ ਨੈਟਵਰਕ ਕਾਇਮ ਕੀਤਾ ਜਾ ਚੁੱਕਿਆ ਹੈ ਜਿਸ ਰਾਂਹੀ ਇਹ ਇਸ ਪੂਰੇ ਕਾਰੋਬਾਰ ਨੂੰ ਅੰਜਾਮ ਦਿੰਦੇ ਹਨ। ਹਾਲਾਂਕਿ ਪੁਲੀਸ ਵਲੋਂ ਸਮੇਂ ਸਮੇਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਜਾਂਦਾ ਹੈ ਪਰੰਤੂ ਇਹ ਛੋਟੇ ਪੱਧਰ ਦੇ ਸਪਲਾਇਰ ਹੀ ਹੁੰਦੇ ਹਨ ਅਤੇ ਇਸ ਕਾਰੋਬਾਰ ਦੇ ਵੱਡੇ ਖਿਡਾਰੀ ਕਦੇ ਵੀ ਪਕੜੇ ਨਹੀਂ ਜਾਂਦੇ।

ਸਵਾਲ ਇਹ ਹੈ ਕਿ ਲਗਾਤਾਰ ਵੱਧਦੀ ਬੇਰੁਜਗਾਰੀ, ਮਹਿੰਗਾਈ ਅਤੇ ਨਸ਼ਿਆਂ ਦੀ ਸਮੱਸਿਆ ਦੀ ਜਿੰਮੇਵਾਰੀ ਆਖਿਰ ਕੌਣ ਚੁੱਕੇਗਾ। ਇਸ ਸੰਬੰਧੀ ਕੇਂਦਰ ਅਤੇ ਰਾਜ ਸਰਕਾਰਾਂ ਆਪਣੀ ਜਿੰਮੇਵਾਰੀ ਤੋਂ ਹੱਥ ਨਹੀਂ ਝਾੜ ਸਕਦੀਆਂ ਅਤੇ ਸਰਕਾਰਾਂ ਨੂੰ ਇਸ ਸੰਬੰਧੀ ਨੀਤੀਗਤ ਫੈਸਲੇ ਲੈ ਕੇ ਵਿਸ਼ੇਸ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਵਰਨਾ ਹਾਲਾਤ ਸਰਕਾਰ ਦੇ ਕਾਬੂ ਤੋਂ ਪੂਰੀ ਤਰ੍ਹਾਂ ਬਾਹਰ ਵੀ ਹੋ ਸਕਦੇ ਹਨ ਅਤੇ ਫਿਰ ਜੋ ਖਾਨਾਜੰਗੀ ਮਚੇਗੀ ਉਹ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦੇਵੇਗੀ।

Continue Reading

Editorial

ਕੀ ਸਿਆਸੀ ਪਾਰਟੀਆਂ ਨੂੰ ਮਿਲ ਸਕੇਗਾ ਦੋਆਬੇ ਦੀ ਦਲਿਤ ਅਤੇ ਐਨ. ਆਰ. ਆਈ. ਬੈਲਟ ਦਾ ਪੂਰਨ ਸਮਰਥਨ?

Published

on

By

ਪੰਜਾਬ ਦੇ ਦੋਆਬਾ ਇਲਾਕੇ ਨੂੰ ਦਲਿਤ ਬੈਲਟ ਅਤੇ ਐਨ. ਆਰ. ਆਈ. ਲੋਕਾਂ ਦਾ ਗੜ੍ਹ ਕਿਹਾ ਜਾਂਦਾ ਹੈ। ਇਹ ਇਲਾਕਾ ਪੰਜਾਬ ਦੇ ਕੇਂਦਰ ਵਿੱਚ ਸਥਿਤ ਹੈ, ਜਿਸ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਇਹ ਅਕਸਰ ਕੇਂਦਰੀ ਭੂਮਿਕਾ ਨਿਭਾਉਂਦਾ ਆਇਆ ਹੈ।

ਇਸ ਸਮੇਂ ਵੀ ਦੋਆਬਾ ਖੇਤਰ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨਬੀਨ ਵੱਲੋਂ ਵੀ ਪਿਛਲੇ ਦਿਨਾਂ ਦੌਰਾਨ ਦੋਆਬਾ ਖੇਤਰ ਵਿੱਚ ਪਾਈਆਂ ਗਈਆਂ ਫੇਰੀਆਂ ਇਸ ਇਲਾਕੇ ਦੀ ਸਿਆਸੀ ਮਹੱਤਤਾ ਨੂੰ ਦਰਸ਼ਾਉਂਦੀਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਵੀ ਦੋਆਬਾ ਖੇਤਰ ਵਿੱਚ ਮੁੱਖ ਤੌਰ ਤੇ ਚਰਚਿਤ ਰਹੀ।

ਪੰਜਾਬ ਦੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਜਿਆਦਾ ਲੋਕ ਦੋਆਬਾ ਖੇਤਰ ਤੋਂ ਹੀ ਵਿਦੇਸ਼ ਗਏ ਹਨ। ਇਸੇ ਕਾਰਨ ਦੋਆਬਾ ਦੀ ਰਾਜਨੀਤੀ ਅਤੇ ਆਰਥਿਕਤਾ ਤੇ ਐਨ. ਆਰ. ਆਈ. ਪੰਜਾਬੀਆਂ ਦਾ ਦਬਦਬਾ ਮਹਿਸੂਸ ਕੀਤਾ ਜਾਂਦਾ ਹੈ। ਇਹ ਐਨ. ਆਰ. ਆਈ. ਪੰਜਾਬੀ ਪੰਜਾਬ ਵਿੱਚ ਹੋਣ ਵਾਲੀਆਂ ਹਰ ਕਿਸਮ ਦੀਆਂ ਚੋਣਾਂ ਦੌਰਾਨ ਵੱਡਾ ਪ੍ਰਭਾਵ ਅਤੇ ਆਰਥਿਕ ਯੋਗਦਾਨ ਪਾਉਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਦੋਆਬਾ ਦੇ ਪ੍ਰਸਿੱਧ ਸ਼ਹਿਰ ਜਲੰਧਰ ਵਿੱਚ ਆਪਣੀ ਦੂਜੀ ਸਰਕਾਰੀ ਰਿਹਾਇਸ਼ ਵੀ ਬਣਾਈ ਹੋਈ ਹੈ, ਜਿਸ ਤੋਂ ਇਸ ਇਲਾਕੇ ਦੀ ਮਹੱਤਤਾ ਦਾ ਪਤਾ ਚੱਲ ਜਾਂਦਾ ਹੈ।

ਦੋਆਬਾ ਇਲਾਕੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ 23 ਸੀਟਾਂ ਹਨ। ਇਹ ਪੂਰਾ ਇਲਾਕਾ ਦਲਿਤ ਬਹੁਲਤਾ ਵਾਲਾ ਹੈ। ਦੋਆਬਾ ਇਲਾਕੇ ਵਿੱਚ ਦਲਿਤ ਵੋਟ ਬੈਂਕ 32 ਫ਼ੀਸਦੀ ਹੈ, ਇਸ ਕਾਰਨ ਦੋਆਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਦਲਿਤ ਭਾਈਚਾਰੇ ਦਾ ਦਬਦਬਾ ਰਹਿੰਦਾ ਹੈ। ਇਸ ਭਾਈਚਾਰੇ ਦੀਆਂ ਵੋਟਾਂ ਨਾਲ ਦੋਆਬੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਹੈ। ਪੰਜਾਬ ਵਿੱਚ ਸਰਗਰਮ ਸਿਆਸੀ ਪਾਰਟੀਆਂ ਵੀ ਇਸ ਗੱਲ ਨੂੰ ਸਮਝਦੀਆਂ ਹਨ ਅਤੇ ਉਹਨਾਂ ਵੱਲੋਂ ਦੋਆਬੇ ਦੇ ਦਲਿਤ ਭਾਈਚਾਰੇ ਦਾ ਸਮਰਥਣ ਹਾਸਲ ਕਰਨ ਲਈ ਯਤਨ ਕੀਤੇ ਜਾਂਦੇ ਹਨ।

ਡੇਰਾ ਸੱਚਖੰਡ ਬੱਲਾਂ ਦਲਿਤ ਭਾਈਚਾਰੇ ਦਾ ਮੁੱਖ ਧਾਰਮਿਕ ਅਤੇ ਸਮਾਜਿਕ ਕੇਂਦਰ ਹੈ। ਇਸ ਡੇਰੇ ਦੀ ਦੋਆਬੇ ਵਿੱਚ ਕਾਫੀ ਮਾਨਤਾ ਹੈ ਅਤੇ ਦੋਆਬੇ ਦਾ ਦਲਿਤ ਭਾਈਚਾਰਾ ਵੱਡੀ ਗਿਣਤੀ ਵਿੱਚ ਇਸ ਡੇਰੇ ਨਾਲ ਜੁੜਿਆ ਦੱਸਿਆ ਜਾਂਦਾ ਹੈ। ਇਸੇ ਕਾਰਨ ਦਲਿਤ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਅਕਸਰ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂ ਡੇਰਾ ਸੱਚਖੰਡ ਬੱਲਾਂ ਦੀ ਪਰਿਕਰਮਾ ਕਰਦੇ ਰਹਿੰਦੇ ਹਨ ਅਤੇ ਸੰਤਾਂ ਦਾ ਆਸ਼ੀਰਵਾਦ ਲੈਂਦੇ ਰਹਿੰਦੇ ਹਨ।

ਪਿਛਲੇ ਕੁੱਝ ਸਮੇਂ ਤੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਦੋਆਬਾ ਇਲਾਕੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਸਿਆਸੀ ਆਗੂਆਂ ਵੱਲੋਂ ਵੱਖ ਵੱਖ ਧਾਰਮਿਕ ਡੇਰਿਆਂ ਤੇ ਜਾ ਕੇ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ ਜਾ ਰਿਹਾ ਹੈ। ਦੋਆਬੇ ਵਿੱਚ ਵੀ ਅਨੇਕਾਂ ਧਾਰਮਿਕ ਡੇਰੇ ਹਨ, ਜਿਹਨਾਂ ਦਾ ਆਪੋ ਆਪਣਾ ਆਧਾਰ ਅਤੇ ਮਾਨਤਾ ਹੈ। ਜਿਆਦਾਤਰ ਡੇਰੇ ਦਲਿਤ ਭਾਈਚਾਰੇ ਦੇ ਨਾਲ ਸੰਬਧਿਤ ਹਨ।

ਦੋਆਬੇ ਦੇ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਹਨ, ਜਿਸ ਕਾਰਨ ਉਹ ਚੋਣਾਂ ਅਤੇ ਸਿਆਸਤ ਪ੍ਰਤੀ ਪੂਰੀ ਜਾਣਕਾਰੀ ਰੱਖਦੇ ਹਨ। ਦੋਆਬੇ ਦੇ ਵੋਟਰਾਂ ਦਾ ਸਮਰਥਣ ਲੈਣ ਦਾ ਯਤਨ ਹਰ ਸਿਆਸੀ ਪਾਰਟੀ ਕਰਦੀ ਹੈ। ਇਸ ਦਾ ਦੋਹਰਾ ਲਾਭ ਹੁੰਦਾ ਹੈ। ਇੱਕ ਤਾਂ ਐਨ. ਆਰ. ਆਈ. ਬੈਲਟ ਹੋਣ ਕਾਰਨ ਇਸ ਇਲਾਕੇ ਦੇ ਲੋਕ ਪੰਜਾਬ ਦੇ ਹੋਰਨਾਂ ਇਲਾਕਿਆਂ ਨਾਲੋਂ ਅਮੀਰ ਹਨ ਅਤੇ ਉਹ ਖੁੱਲ੍ਹ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਆਰਥਿਕ ਮਦਦ ਵੀ ਕਰਦੇ ਹਨ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਦੋਆਬੇ ਦੇ ਐਨ ਆਰ ਆਈ ਅਤੇ ਦਲਿਤ ਭਾਈਚਾਰੇ ਦੀਆਂ ਵੋਟਾਂ ਪ੍ਰਾਪਤ ਕਰਕੇ ਅਨੇਕਾਂ ਸਿਆਸੀ ਪਾਰਟੀਆਂ ਜਿੱਤ ਪ੍ਰਾਪਤ ਕਰ ਚੁੱਕੀਆਂ ਹਨ।

ਸਿਆਸੀ ਮਾਹਿਰ ਕਹਿ ਰਹੇ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਆਬਾ ਖੇਤਰ ਅਹਿਮ ਅਤੇ ਨਿਰਣਾਇਕ ਭੂਮਿਕਾ ਨਿਭਾ ਸਕਦਾ ਹੈ। ਇਸ ਗੱਲ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੀ ਹਾਈਕਮਾਂਡ ਵੀ ਸਮਝਦੀ ਹੈ। ਇਹੋ ਕਾਰਨ ਹੈ ਕਿ ਸਾਰੀਆਂ ਸਰਗਰਮ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਦੋਆਬਾ ਖੇਤਰ ਵੱਲ ਵਿਸ਼ੇਸ ਤਵੱਜੋ ਦਿੱਤੀ ਜਾ ਰਹੀ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਦੋਆਬੇ ਦੀ ਦਲਿਤ ਅਤੇ ਐਨ. ਆਰ. ਆਈ. ਬੈਲਟ ਦਾ ਕਿੰਨਾ ਕੁ ਸਮਰਥਨ ਮਿਲਦਾ ਹੈ?

ਬਿਊਰੋ

Continue Reading

Editorial

ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ, ਪਰ ਗੁਰੂ ਦੀ ਕਿਉਂ ਨਹੀਂ ਮੰਨਦੇ?

Published

on

By

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਭਲਕੇ ਸੰਸਾਰ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸਾਹ ਨਾਲ ਮਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਜਨਮ ਦਿਹਾੜੇ ਤੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਕਈ ਵੱਡੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰੀ ਮਨੁੱਖਤਾ ਦਾ ਗੁਰੂ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਵਜੋਂ ਮਣਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਦਿਲਾਂ ਵਿੱਚ ਫੈਲੇ ਝੂਠ, ਫਰੇਬ, ਈਰਖਾ, ਦਵੇਸ਼ ਅਤੇ ਸਮਾਜ ਵਿੱਚ ਫੈਲੇ ਜਾਤਪਾਤ ਅਤੇ ਛੂਆਛੂਤ ਦੇ ਹਨੇਰੇ ਨੂੰ ਦੂਰ ਕਰਕੇ ਸਰਬਤ ਦੇ ਭਲੇ ਅਤੇ ਸਰਵ ਸਾਂਝੀਵਾਲਤਾ ਦਾ ਉਪਦੇਸ਼ ਦੇ ਕੇ ਲੋਕਾਂ ਦੇ ਮਨਾਂ ਵਿਚਲਾ ਹਨੇਰਾ ਦੂਰ ਕੀਤਾ ਸੀ ਅਤੇ ਉਹਨਾਂ ਵਿੱਚ ਅਲੌਲਿਕ ਚਾਨਣ ਭਰਿਆ ਸੀ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਮ, ਫਿਰਕੇ ਅਤੇ ਸਮਾਜ ਵਿੱਚ ਪੂਜਿਆ ਜਾਂਦਾ ਹੈ ਅਤੇ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਅਪਾਰ ਸ਼ਰਧਾ ਰੱਖਦੀ ਹੈ ਅਤੇ ਉਹਨਾਂ ਦੇ ਪzzਕਾਸ਼ ਦਿਹਾੜੇ ਤੇ ਦੁਨੀਆ ਭਰ ਵਿੱਚ ਹੋਣ ਵਾਲੇ ਸਮਾਗਮ ਇਸਦੀ ਗਵਾਹੀ ਵੀ ਭਰਦੇ ਹਨ। ਪਰੰਤੂ ਜੇਕਰ ਅਸੀਂ ਖੁਦ ਤੋਂ ਇਹ ਸਵਾਲ ਪੁੱਛੀਏ ਕਿ ਅਸੀਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਤਾਂ ਰੱਖਦੇ ਹਾਂ, ਪਰੰਤੂ ਪਰ ਕੀ ਅਸੀਂ ਉਹਨਾਂ ਦੀ ਦਿੱਤੀ ਹੋਈ ਸਿਖਿਆ ਤੇ ਅਮਲ ਵੀ ਕਰਦੇ ਹਾਂ, ਜਾਂ ਫਿਰ ਸਾਡੀ ਇਹ ਸ਼ਰਧਾ ਸਿਰਫ ਲੋਕ ਦਿਖਾਵੇ ਤਕ ਹੀ ਸਿਮਟ ਗਈ ਹੈ ਅਤੇ ਜੇਕਰ ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਇਸਦਾ ਜਵਾਬ ਸਾਨੂੰ ਨਾਂਹ ਵਿੱਚ ਹੀ ਮਿਲਦਾ ਹੈ।

ਅਸਲੀਅਤ ਇਹੀ ਹੈ ਕਿ ਅਸੀਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਤਾਂ ਰੱਖਦੇ ਹਾਂ ਪਰੰਤੂ ਆਪਣੀ ਰੋਜਾਨਾ ਜਿੰਦਗੀ ਵਿੱਚ ਉਹਨਾਂ ਦੀਆਂ ਸਿਖਿਆਵਾਂ ਨੂੰ ਭੁੱਲ ਕੇ ਦੁਬਾਰਾ ਉਸੇ ਗਹਿਰੇ ਹਨੇਰੇ ਵਿੱਚ ਗਵਾਚ (ਜਾਂ ਡੁੱਬ) ਗਏ ਹਾਂ ਜਿਸਤੋਂ ਬਾਹਰ ਕੱਢਣ ਲਈ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਗੁਰੂ ਸਾਹਿਬ ਵਲੋਂ ਦਿੱਤੇ ਸਰਬਤ ਦੇ ਭਲੇ ਅਤੇ ਸਰਵ ਸਾਂਝੀਵਾਲਤਾ ਦੇ ਉਪਦੇਸ਼ ਨੂੰ ਤਾਂ ਅਸੀਂ ਕਾਫੀ ਹੱਦ ਤਕ ਭੁਲਾ ਦਿੱਤਾ ਹੈ ਅਤੇ ਅੱਜ ਦਾ ਮਨੁੱਖ ਆਪਣੇ ਨਿੱਜੀ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਮਨੁੱਖ ਦੀ ਖੁਦ ਨੂੰ ਵੱਧ ਤੋਂ ਵੱਧ ਮਾਇਕ ਫਾਇਦਾ ਪਹੁੰਚਉਣ ਅਤੇ ਖੁਦ ਲਈ ਐਸ਼ੋ ਇਸ਼ਰਤ ਦੇ ਇੰਤਜਾਮ ਜੁਟਾਉਣ ਦੀ ਚਾਹਤ ਇੰਨੀ ਜਿਆਦਾ ਵੱਧ ਗਈ ਹੈ ਕਿ ਅਸੀਂ ਕੁਦਰਤ ਦਾ ਵੀ ਬੁਰੀ ਤਰ੍ਹਾਂ ਘਾਣ ਕਰਕੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ।

ਆਪਣੇ ਲਾਲਚ ਵਿੱਚ ਡੁੱਬੇ ਮਨੁੱਖ ਨੇ ਇਸ ਵੇਲੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਹੁਣ ਨਾ ਤਾਂ ਸਾਡੇ ਵਾਤਾਵਰਨ ਵਿੱਚ ਸਾਹ ਲੈਣ ਲਈ ਸਾਫ ਸੁਥਰੀ ਹਵਾ ਬਾਕੀ ਬਚੀ ਹੈ ਅਤੇ ਨਾ ਹੀ ਪੀਣ ਵਾਲਾ ਸਾਫ ਪਾਣੀ ਬਚਿਆ ਹੈ। ਜਾਤਪਾਤ ਅਤੇ ਛੁਆਛੂਤ ਦੀ ਜਿਸ ਲਾਹਨਤ ਤੋਂ ਗੁਰੂ ਸਾਹਿਬ ਨੇ ਸਾਨੂੰ ਛੁਟਕਾਰਾ ਦਿਵਾਇਆ ਸੀ ਅਸੀਂ ਦੁਬਾਰਾ ਉਸਦੀ ਜਕੜ ਵਿੱਚ ਫਸ ਚੁੱਕੇ ਹਾਂ। ਤਰਾਸਦੀ ਇਹ ਹੈ ਕਿ ਗੁਰੂ ਸਾਹਿਬ ਵਿੱਚ ਅਪਾਰ ਸ਼ਰਧਾ ਦਾ ਦਮ ਭਰਨ ਵਾਲਾ ਸਾਡਾ ਸਮਾਜ ਇਹਨਾਂ ਸਮਾਜਿਕ ਬੁਰਾਈਆਂ ਨੂੰ ਮੰਨਦਾ ਵੀ ਹੈ ਅਤੇ ਬਾਕਾਇਦਾ ਮਾਨਤਾ ਵੀ ਦਿੰਦਾ ਹੈ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਉਹਨਾਂ ਕਾਰਨਾਂ ਦੀ ਭਾਲ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਗੁਰੂ ਵਲੋਂ ਦਿੱਤੀ ਗਈ ਸਿਖਿਆ ਦੇ ਅਨੁਸਾਰ ਚੱਲਣ ਦੀ ਥਾਂ ਇਸਦੇ ਉਲਟ ਕਿਉਂ ਹੋ ਗਏ ਹਾਂ। ਆਖਿਰ ਕਿਉਂ ਇਹ ਦੁਨੀਆਵੀ ਸੁਖ ਸਾਡੇ ਲਈ ਇੰਨੇ ਜਿਆਦਾ ਮਹੱਤਵਪੂਰਨ ਬਣ ਗਏ ਹਨ ਕਿ ਅਸੀਂ ਖੁਦ ਹੀ ਆਪਣਾ ਸਭ ਕੁੱਝ ਤਬਾਹ ਕਰਨ ਵੱਲ ਤੁਰ ਪਏ ਹਾਂ। ਗੁਰੂ ਦੀ ਸਿਖਿਆ ਅਨੁਸਾਰ ਚਲਣ ਦੀ ਥਾਂ ਅਸੀਂ ਖੁਦ ਨੂੰ ਇੰਨਾ ਤਾਕਤਵਰ ਅਤੇ ਮਹਾਨ ਕਿਉਂ ਸਮਝਣ ਲੱਗ ਪਏ ਹਾਂ ਕਿ ਸਾਨੂੰ ਹਰ ਕੋਈ ਹੀਣਾ ਜਾਪਦਾ ਹੈ ਅਤੇ ਅਸੀਂ ਸਰਬਤ ਦੇ ਭਲੇ ਦਾ ਰਾਹ ਤਿਆਗ ਕੇ ਨਿੱਜਤਾ ਦੇ ਹਾਣੀ ਹੋ ਗਏ ਹਾਂ।

ਸਾਨੂੰ ਲੋੜ ਹੈ ਕਿ ਅਸੀਂ ਆਪਣਾ ਆਪ ਸਵਾਰੀਏ ਅਤੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚਲਦਿਆਂ ਸਰਬਤ ਦੇ ਭਲੇ ਲਈ ਕੰਮ ਕਰੀਏ। ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਇਹੀ ਹੋਵੇਗੀ ਕਿ ਅਸੀਂ ਗੁਰੂ ਸਾਹਿਬ ਨੂੰ ਮੰਨਣ ਦੇ ਨਾਲ ਨਾਲ ਉਹਨਾਂ ਵਲੋਂ ਮਨੁੱਖਤਾ ਨੂੰ ਦਿੱਤੀ ਸਿਖਿਆ ਤੇ ਵੀ ਅਮਲ ਕਰਦਿਆਂ ਸਰਬਤ ਦੇ ਭਲੇ ਅਤੇ ਸਰਬ ਸਾਂਝੀਵਾਲਤਾ ਲਈ ਕੰਮ ਕਰੀਏ। ਅਜਿਹਾ ਕਰਕੇ ਹੀ ਅਸੀਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਸਿਰਜ ਸਕਦੇ ਹਾਂ।

Continue Reading

Latest News

Trending