Editorial
ਮਜ਼ਾਕ ਉਡਾਉਣਾ ਸੌਖਾ, ਪਰ ਕੁਝ ਕਰਕੇ ਦਿਖਾਉਣਾ ਔਖਾ!
ਮਨੁੱਖੀ ਸੁਭਾਅ ਦੀ ਇੱਕ ਕੌੜੀ ਸੱਚਾਈ ਹੈ ਕਿ ਇਸ ਦੁਨੀਆਂ ਵਿੱਚ ਕਿਸੇ ਦੀਆਂ ਕਮੀਆਂ ਕੱਢਣਾ, ਉਸ ਦਾ ਮਜ਼ਾਕ ਉਡਾਉਣਾ ਅਤੇ ਉਸ ਦੇ ਸੁਪਨਿਆਂ ਉੱਤੇ ਹੱਸਣਾ ਬਹੁਤ ਸੌਖਾ ਹੈ, ਪਰ ਖ਼ੁਦ ਮੈਦਾਨ ਵਿੱਚ ਉਤਰ ਕੇ ਕੁਝ ਨਵਾਂ ਕਰਨਾ ਬਹੁਤ ਔਖਾ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਕੋਈ ਨਵਾਂ ਕਦਮ ਚੁੱਕਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਪਰਿਵਾਰ ਸਮੇਤ ਸਮਾਜ ਦੇ ਤਾਅਨਿਆਂ, ਮਖੌਲ ਅਤੇ ਨਕਾਰਾਤਮਕ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਸੋਚ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਲੋਕ ਉਸ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਬਜਾਏ ਉਸ ਉੱਤੇ ਹੱਸਣਾ ਸ਼ੁਰੂ ਕਰ ਦਿੰਦੇ ਹਨ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰੇ, ਖੇਤੀਬਾੜੀ ਵਿੱਚ ਨਵਾਂ ਤਜਰਬਾ ਕਰੇ, ਕੋਈ ਕਲਾ ਸਿੱਖੇ ਜਾਂ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੇ, ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹ ਸੁਣਨ ਨੂੰ ਮਿਲਦਾ ਹੈ ਕਿ, ‘ਇਹ ਤੇਰੇ ਵੱਸ ਦੀ ਗੱਲ ਨਹੀਂ’, ‘ਇਸ ਨਾਲ ਕੁਝ ਨਹੀਂ ਬਣਨਾ’ ਜਾਂ ‘ਲੋਕ ਕੀ ਕਹਿਣਗੇ?’
ਅਸਲ ਵਿੱਚ, ਕਿਸੇ ਦਾ ਮਜ਼ਾਕ ਉਡਾਉਣ ਲਈ ਨਾ ਕੋਈ ਪੂੰਜੀ ਚਾਹੀਦੀ ਹੈ, ਨਾ ਕੋਈ ਹੁਨਰ ਅਤੇ ਨਾ ਹੀ ਕੋਈ ਹਿੰਮਤ। ਪਰ ਕਿਸੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਮਿਹਨਤ, ਸਬਰ, ਸਮਾਂ, ਹੌਸਲਾ ਅਤੇ ਕਈ ਵਾਰ ਆਪਣੀ ਇੱਜ਼ਤ ਤੱਕ ਦਾਅ ਤੇ ਲਗਾਉਣੀ ਪੈਂਦੀ ਹੈ। ਆਲੋਚਨਾ ਕਰਨ ਵਾਲੇ ਲੋਕ ਅਕਸਰ ਕਿਨਾਰੇ ਬੈਠ ਕੇ ਤਮਾਸ਼ਾ ਦੇਖਦੇ ਹਨ, ਜਦਕਿ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹਰ ਰੋਜ਼ ਨਵੀਆਂ ਚੁਣੌਤੀਆਂ ਨਾਲ ਲੜ ਰਿਹਾ ਹੁੰਦਾ ਹੈ।
ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਵਿਅਕਤੀ ਕੁਝ ਨਹੀਂ ਕਰਦਾ, ਉਸ ਦੀਆਂ ਗ਼ਲਤੀਆਂ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਪਰ ਜਿਹੜਾ ਕੁਝ ਕਰਨ ਦੀ ਹਿੰਮਤ ਕਰਦਾ ਹੈ, ਉਸ ਦੀ ਹਰ ਛੋਟੀ-ਵੱਡੀ ਗ਼ਲਤੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਜਾਂਦਾ ਹੈ। ਲੋਕ ਉਸ ਦੀਆਂ ਦਸ ਕੋਸ਼ਿਸ਼ਾਂ ਨੂੰ ਭੁੱਲ ਕੇ ਇੱਕ ਨਾਕਾਮੀ ਦਾ ਮਜ਼ਾਕ ਬਣਾਉਂਦੇ ਹਨ। ਪਰ ਉਹ ਇਹ ਨਹੀਂ ਸਮਝਦੇ ਕਿ ਹਰ ਨਾਕਾਮੀ ਆਪਣੇ ਨਾਲ ਇੱਕ ਨਵਾਂ ਤਜਰਬਾ ਲੈ ਕੇ ਆਉਂਦੀ ਹੈ।
ਸਮਾਜ ਦਾ ਇੱਕ ਹੋਰ ਕੌੜਾ ਪਹਿਲੂ ਇਹ ਵੀ ਹੈ ਕਿ ਜਦੋਂ ਤੱਕ ਕੋਈ ਵਿਅਕਤੀ ਸੰਘਰਸ਼ ਕਰ ਰਿਹਾ ਹੁੰਦਾ ਹੈ, ਉਸ ਨੂੰ ਕੋਈ ਪੁੱਛਦਾ ਤੱਕ ਨਹੀਂ। ਪਰ ਜਦੋਂ ਉਹੀ ਵਿਅਕਤੀ ਆਪਣੀ ਮਿਹਨਤ ਨਾਲ ਕਾਮਯਾਬ ਹੋ ਜਾਂਦਾ ਹੈ, ਤਾਂ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਸ ਦੀਆਂ ਤਾਰੀਫ਼ਾਂ ਹੁੰਦੀਆਂ ਹਨ ਅਤੇ ਲੋਕ ਉਸ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਮਾਣ ਮਹਿਸੂਸ ਕਰਦੇ ਹਨ। ਜਿਹੜੇ ਕੱਲ੍ਹ ਤੱਕ ਉਸ ਦੇ ਸੁਪਨਿਆਂ ਉੱਤੇ ਹੱਸਦੇ ਸਨ, ਅੱਜ ਉਸ ਦੀ ਕਾਮਯਾਬੀ ਦੀਆਂ ਮਿਸਾਲਾਂ ਦਿੰਦੇ ਹਨ।
ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹਰ ਇਨਸਾਨ ਲੋਕਾਂ ਦੇ ਡਰ ਅਤੇ ਮਜ਼ਾਕ ਕਰਕੇ ਆਪਣੇ ਕਦਮ ਰੋਕ ਲਵੇ, ਤਾਂ ਦੁਨੀਆਂ ਵਿੱਚ ਕੋਈ ਨਵੀਂ ਕਾਢ, ਨਵੀਂ ਸੋਚ ਜਾਂ ਨਵੀਂ ਤਬਦੀਲੀ ਕਦੇ ਵੀ ਸੰਭਵ ਨਾ ਹੋਵੇ। ਇਤਿਹਾਸ ਵਿੱਚ ਹਰ ਵੱਡੀ ਪ੍ਰਾਪਤੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦੀ ਉਹ ਹਿੰਮਤ ਰਹੀ ਹੈ, ਜਿਸ ਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਰਾਹ ਚੁਣਿਆ।
ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਦੋ ਗੱਲਾਂ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ। ਪਹਿਲੀ, ਜੇਕਰ ਅਸੀਂ ਖ਼ੁਦ ਕੁਝ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਘੱਟੋ-ਘੱਟ ਕਿਸੇ ਹੋਰ ਦੀ ਕੋਸ਼ਿਸ਼ ਦਾ ਮਜ਼ਾਕ ਨਾ ਉਡਾਈਏ। ਦੂਜੀ, ਜੇਕਰ ਅਸੀਂ ਕੋਈ ਸੁਪਨਾ ਦੇਖਿਆ ਹੈ ਤਾਂ ਲੋਕਾਂ ਦੇ ਹਾਸੇ ਤੋਂ ਡਰ ਕੇ ਉਸ ਨੂੰ ਅਧੂਰਾ ਨਾ ਛੱਡੀਏ।
ਯਾਦ ਰੱਖੋ, ਭੀੜ ਵਿੱਚ ਖੜ੍ਹ ਕੇ ਕਿਸੇ ਉੱਤੇ ਹੱਸਣਾ ਕੋਈ ਪ੍ਰਾਪਤੀ ਨਹੀਂ, ਅਸਲ ਪ੍ਰਾਪਤੀ ਤਾਂ ਉਸ ਭੀੜ ਤੋਂ ਵੱਖਰਾ ਖੜ੍ਹ ਕੇ ਕੁਝ ਕਰਕੇ ਦਿਖਾਉਣਾ ਹੈ। ਕਿਉਂਕਿ ਦੁਨੀਆਂ ਹਮੇਸ਼ਾ ਤਮਾਸ਼ਾ ਦੇਖਣ ਵਾਲਿਆਂ ਨੂੰ ਨਹੀਂ, ਸਗੋਂ ਇਤਿਹਾਸ ਬਣਾਉਣ ਵਾਲਿਆਂ ਨੂੰ ਯਾਦ ਰੱਖਦੀ ਹੈ।
ਚਾਨਣਦੀਪ ਸਿੰਘ ਔਲਖ
ਸੰਪਰਕ 9876888177
Editorial
ਸੰਵਿਧਾਨ ਅਨੁਸਾਰ ਮਿਲੇ ਅਧਿਕਾਰ ਹਾਸਿਲ ਕਰਨ ਲਈ ਆਪਣੇ ਫਰਜ ਵੀ ਨਿਭਾਉਣ ਨਾਗਰਿਕ
ਸਾਡੇ ਦੇਸ਼ ਦਾ ਸੰਵਿਧਾਨ ਜਿੱਥੇ ਦੇਸ਼ ਦੇ ਹਰੇਕ ਨਾਗਰਿਕ ਨੂੰ ਕਈ ਤਰ੍ਹਾਂ ਦੇ ਨਾਗਰਿਕ ਅਧਿਕਾਰ ਦਿੰਦਾ ਹੈ, ਉੱਥੇ ਨਾਲ ਹੀ ਸੰਵਿਧਾਨ ਵਿੱਚ ਹਰ ਵਿਅਕਤੀ ਦੇ ਦੇਸ਼ ਅਤੇ ਸਮਾਜ ਪ੍ਰਤੀ ਫਰਜ਼ ਵੀ ਤੈਅ ਕੀਤੇ ਗਏ ਹਨ। ਪਰੰਤੂ ਸਾਡੇ ਦੇਸ਼ ਦੇ ਨਾਗਰਿਕਾਂ ਦੀ ਹਾਲਤ ਇਹ ਹੈ ਕਿ ਉਹ ਆਪਣੇ ਅਧਿਕਾਰਾਂ ਲਈ ਪੂਰੀ ਤਰ੍ਹਾਂ ਜਾਗਰੂਕ ਦਿਖਦੇ ਹਨ ਅਤੇ ਜੇਕਰ ਉਹਨਾਂ ਨੂੰ ਆਪਣੇ ਅਧਿਕਾਰ ਹਾਸਿਲ ਨਾ ਹੋਣ ਤਾਂ ਲੜਦੇ ਵੀ ਦਿਖਦੇ ਹਨ ਪਰੰਤੂ ਜਦੋਂ ਗੱਲ ਉਹਨਾਂ ਦੇ ਫਰਜ ਨਿਭਾਉਣ ਦੀ ਆਉਂਦੀ ਹੈ ਤਾਂ ਉਹ ਤੁਰੰਤ ਪਾਸਾ ਵੱਟਦੇ ਦਿਖਦੇ ਹਨ। ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹਨਾਂ ਦੇ ਅਧਿਕਾਰ ਅਤੇ ਫਰਜ ਆਪਸ ਵਿੱਚ ਪੂਰੀ ਤਰ੍ਹਾਂ ਇੱਕਮਿੱਕ ਹਨ ਅਤੇ ਕਿਸੇ ਇੱਕ ਵਿਅਕਤੀ ਨੂੰ ਮਿਲਣ ਵਾਲਾ ਅਧਿਕਾਰ ਹੀ ਦੂਜੇ ਵਿਅਕਤੀ ਦਾ ਫਰਜ ਬਣ ਜਾਂਦਾ ਹੈ। ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਨਾਗਰਿਕਾਂ ਦੇ ਅਧਿਕਾਰ ਅਤੇ ਉਹਨਾਂ ਦੇ ਫਰਜ਼ ਇੱਕੋ ਸਿੱਕੇ ਦੇ ਦੋ ਪਾਸੇ ਹਨ। ਅਜਿਹੇ ਵਿੱਚ ਜੇਕਰ ਅਸੀਂ ਆਪਣੇ ਫਰਜਾਂ ਨੂੰ ਵਿਸਾਰ ਦੇਈਏ ਤਾਂ ਸਾਨੂੰ ਸਾਡੇ ਅਧਿਕਾਰ ਵੀ ਹਾਸਿਲ ਨਹੀਂ ਹੋ ਸਕਦੇ। ਵੇਖਿਆ ਜਾਵੇ ਨਾਗਰਿਕਾਂ ਦਾ ਆਪਣੇ ਅਧਿਕਾਰਾਂ ਲਈ ਜਾਗਰੂਕ ਹੋਣਾ ਚੰਗੀ ਗੱਲ ਹੈ, ਪਰੰਤੂ ਉਹਨਾਂ ਦਾ ਆਪਣੇ ਫਰਜ ਨਿਭਾਉਣ ਲਈ ਇਮਾਨਦਾਰ ਹੋਣਾ ਵੀ ਉੱਨਾ ਜਰੂਰੀ ਹੈ।
ਸਾਡੇ ਦੇਸ਼ ਦੇ ਵਸਨੀਕਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਤਾਂ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਉਹਨਾਂ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰਨ ਲਈ ਵੀ ਤਿਆਰ ਰਹਿੰਦੇ ਹਨ ਪਰੰਤੂ ਜਦੋਂ ਉਹਨਾਂ ਦੇ ਫਰਜ਼ ਦੀ ਗੱਲ ਆਉਂਦੀ ਹੈ ਤਾਂ ਉਹ ਇਸਤੋਂ ਇਨਕਾਰੀ ਹੋ ਜਾਂਦੇ ਹਨ। ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਸੰਵਿਧਾਨ ਅਨੁਸਾਰ ਨਾਗਰਿਕਾਂ ਲਈ ਦੱਸੇ ਗਏ ਫਰਜ਼ਾਂ ਪ੍ਰਤੀ ਉਦਾਸੀਨ ਰਹਿੰਦੇ ਹਨ ਅਤੇ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀਆਂ ਕਾਰਵਾਈਆਂ ਹੋਰਨਾਂ ਨਾਗਰਿਕਾਂ ਵਾਸਤੇ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਆਮ ਲੋਕਾਂ ਵਲੋਂ ਆਪਣੇ ਨਿੱਜੀ ਫਾਇਦੇ ਲਈ ਕਾਨੂੰਨ ਦੀ ਉਲੰਘਣਾ ਕਰਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ, ਆਪਣੀ ਆਜ਼ਾਦੀ ਦੇ ਨਾਮ ਤੇ ਹੋਰਨਾਂ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰਨਾ, ਹਰ ਪਾਸੇ ਗੰਦਗੀ ਫੈਲਾਉਣਾ, ਭ੍ਰਿਸ਼ਟ ਤਰੀਕਿਆਂ ਦੀ ਵਰਤੋਂ ਕਰਕੇ ਆਪਣਾ ਕੰਮ ਕਢਾਉਣਾ, ਬਿਜਲੀ-ਪਾਣੀ ਦੀ ਬਰਬਾਦੀ ਕਰਨਾ ਅਤੇ ਸਰਕਾਰੀ ਜਾਇਦਾਦ ਨੂੰ ਬਿਨਾ ਵਜ੍ਹਾ ਨੁਕਸਾਨ ਪਹੁੰਚਾਉਣਾ ਇਸਦੀ ਮਿਸਾਲ ਹਨ।
ਦੇਸ਼ ਦੇ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਦਿਖਦੇ ਹਨ ਅਤੇ ਵਂੱਖ ਵੱਖ ਵਰਗਾਂ ਦੇ ਲੋਕਾਂ ਵਲੋਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਕੀਤੇ ਜਾਣ ਵਾਲੇ ਸੰਘਰਸ਼ ਇਸਦੀ ਗਵਾਹੀ ਵੀ ਭਰਦੇ ਹਨ। ਜੇਕਰ ਸਰਕਾਰ ਜਾਂ ਕਿਸੇ ਹਰ ਸੰਸਥਾ ਵਲੋਂ ਕਿਸੇ ਵਿਅਕਤੀ ਜਾਂ ਸਮੂਹ ਦੇ ਕਿਸੇ ਅਧਿਕਾਰ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਸਦਾ ਵੱਡੇ ਪੱਧਰ ਉਪਰ ਵਿਰੋਧ ਵੀ ਕੀਤਾ ਜਾਂਦਾ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਇਸ ਯੁਗ ਵਿੱਚ ਵੈਸੇ ਵੀ ਸੂਚਨਾਵਾਂ ਦਾ ਪ੍ਰਸਾਰ ਬਹੁਤ ਤੇਜੀ ਨਾਲ ਹੁੰਦਾ ਹੈ ਅਤੇ ਹਰ ਖਬਰ ਤੁਰੰਤ ਦੁਨੀਆਂ ਭਰ ਵਿਚ ਫੈਲ ਜਾਂਦੀ ਹੈ। ਇਸ ਦੌਰਾਨ ਲੋਕਾਂ ਦੇ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕੋਈ ਵੀ ਕਾਰਵਾਈ ਲੁਕੀ ਨਹੀਂ ਰਹਿੰਦੀ ਅਤੇ ਇਸਦੀ ਖਬਰ ਮਿੰਟਾਂ ਸਕਿੰਟਾਂ ਵਿੱਚ ਪੂਰੀ ਦੁਨੀਆਂ ਵਿੱਚ ਫੈਲ ਜਾਂਦੀ ਹੈ। ਹੈਰਾਨੀ ਉਦੋਂ ਹੁੰਦੀ ਹੈ ਕਿ ਆਪਣੇ ਹੱਕਾਂ ਲਈ ਲੜਣ ਵਾਲੇ ਇਹੀ ਲੋਕ ਆਪਣੇ ਫਰਜ਼ ਪ੍ਰਤੀ ਪੂਰੀ ਤਰ੍ਹਾਂ ਅਵੇਸਲੇ ਦਿਖਦੇ ਹਨ ਅਤੇ ਦੇਸ਼ ਅਤੇ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦੀ ਥਾਂ ਉਸਤੋਂ ਟਾਲਾ ਵੱਟਣ ਦਾ ਯਤਨ ਕਰਦੇ ਹਨ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਹੀ ਅਜਿਹੀ ਹੋ ਚੁੱਕੀ ਹੈ ਕਿ ਉਹ ਸਰਕਾਰ ਤੋਂ ਰਾਹਤ ਦੀ ਆਸ ਤਾਂ ਕਰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਸਹੂਲਤਾਂ (ਮੁਫਤ ਵਿੱਚ) ਮਿਲਣ, ਪਰੰਤੂ ਉਹ ਸਰਕਾਰ ਦੇ ਮਾਲੀਏ ਵਿੱਚ ਯੋਗਦਾਨ ਦੇਣ ਲਈ ਬਣਦਾ ਟੈਕਸ ਦੇਣ ਦੀ ਥਾਂ ਕਿਸੇ ਨਾ ਕਿਸੇ ਤਰੀਕੇ ਟੈਕਸ ਬਚਾਉਣ ਦਾ ਯਤਨ ਕਰਦੇ ਦਿਖਦੇ ਹਨ ਅਤੇ ਇਸ ਵਾਸਤੇ ਹਰ ਤਰ੍ਹਾਂ ਦਾ ਜਾਇਜ਼ ਨਾਜਾਇਜ਼ ਤਰੀਕਾ ਵੀ ਅਖਤਿਆਰ ਕਰਦੇ ਹਨ। ਇਸ ਸੰਬੰਧੀ ਸਰਕਾਰੀ ਮੁਲਾਜਮਾਂ ਦਾ ਹਾਲ ਵੀ ਅਜਿਹਾ ਹੀ ਹੈ ਜਿਹੜੇ ਸਰਕਾਰ ਤੋਂ ਤਨਖਾਹਾਂ ਵਿਚ ਵਾਧੇ ਅਤੇ ਡੀ ਏ ਦੀਆਂ ਕਿਸ਼ਤਾਂ ਤਾਂ ਮੰਗਦੇ ਹਨ ਪਰ ਜਿਆਦਾਤਰ ਮੁਲਾਜਮ ਆਪਣੀ ਡਿਊਟੀ ਕਰਨ ਅਤੇ ਠੀਕ ਢੰਗ ਨਾਲ ਜਿੰਮੇਵਾਰੀ ਨਿਭਾਉਣ ਦੀ ਥਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਕੰਮਾਂ ਨੂੰ ਟਾਲਦੇ ਰਹਿੰਦੇ ਹਨ।
ਨਾਗਰਿਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਾਨੂੰ ਸਾਡੇ ਅਧਿਕਾਰ ਵੀ ਤਾਂ ਹੀ ਹਾਸਿਲ ਹੋ ਸਕਦੇ ਹਨ ਜੇਕਰ ਅਸੀਂ ਆਪਣੇ ਫਰਜ ਪੂਰੇ ਕਰਨ ਤੋਂ ਟਾਲਾ ਵੱਟਣ ਦੀ ਥਾਂ ਉਹਨਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਈਏ। ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ ਨਾਲ ਆਪਣੇ ਫਰਜ ਨਿਭਾਉਣ ਪ੍ਰਤੀ ਵੀ ਪੂਰੀ ਜਿੰਮੇਵਾਰੀ ਨਿਭਾਈਏ, ਤਾਂ ਜੋ ਸਾਡਾ ਦੇਸ਼ ਅਤੇ ਸਮਾਜ ਬਿਹਤਰ ਤਰੀਕੇ ਨਾਲ ਤਰੱਕੀ ਕਰ ਸਕੇ।
Editorial
ਫਰਜ਼ੀ ਸਿੱਖਿਆ ਸੰਸਥਾਵਾਂ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ
ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਭਾਰਤ ਦੇ ਵੱਖ ਵੱਖ ਇਲਾਕਿਆਂ ਵਿੱਚ ਸਥਿਤ 32 ਫ਼ਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਦਿੱਲੀ ਦਾ ਨਾਮ ਸਭ ਤੋਂ ਉੱਪਰ ਹੈ ਕਿਉਂਕਿ ਇਕੱਲੇ ਦਿੱਲੀ ਵਿੱਚ ਹੀ 12 ਫਰਜ਼ੀ ਯੂਨੀਵਰਸਿਟੀਆਂ ਮੌਜੂਦ ਹਨ।
ਇਸ ਸੂਚੀ ਵਿੱਚ ਪੰਜਾਬ ਦੀ ਕੋਈ ਵੀ ਯੂਨੀਵਰਸਿਟੀ ਸ਼ਾਮਿਲ ਨਹੀਂ ਹੈ, ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਪੰਜਾਬ ਵਿੱਚ ਕੋਈ ਵੀ ਯੂਨੀਵਰਸਿਟੀ ਫਰਜ਼ੀ ਨਹੀਂ ਹੈ। ਦੂਜੇ ਪਾਸੇ ਇਹ ਵੀ ਚਰਚਾ ਹੋ ਰਹੀ ਹੈ ਕਿ ਪੰਜਾਬ ਵਿੱਚ ਅਜੇ ਵੀ ਕੁਝ ਅਜਿਹੀਆਂ ਵਿਦਿਅਕ ਤੇ ਕਿੱਤਾਮੁੱਖੀ ਸੰਸਥਾਵਾਂ ਮੌਜੂਦ ਹਨ, ਜੋ ਕਿ ਕਿਸੇ ਵੀ ਵਿਭਾਗ ਕੋਲ ਰਜਿਸਟਰਡ ਨਹੀਂ ਹਨ। ਇਹਨਾਂ ਸਿੱਖਿਆ ਸੰਸਥਾਵਾਂ ਵੱਲੋਂ ਭੋਲੇ ਭਾਲੇ ਵਿਦਿਆਰਥੀਆਂ ਨੂੰ ਕਈ ਕਿਸਮ ਦੇ ਕੋਰਸ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਵਿਦਿਆਰਥੀ ਜਦੋਂ ਇਕ ਜਾਂ ਤਿੰਨ ਸਾਲ ਪੜਾਈ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਡਿਗਰੀ ਲੈਣ ਤੋਂ ਬਾਅਦ ਪਤਾ ਚਲਦਾ ਹੈ ਕਿ ਇਸ ਸਿੱਖਿਆ ਸੰਸਥਾ ਦੀ ਡਿਗਰੀ ਦੀ ਕੋਈ ਮੁੱਲ ਨਹੀਂ ਹੈ ਕਿਉਂਕਿ ਫਰਜ਼ੀ ਸਿੱਖਿਆ ਸੰਸਥਾਵਾਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟਾਂ ਤੇ ਕੋਈ ਰਜਿਸਟਰਡ ਨੰਬਰ ਨਹੀਂ ਲਿਖਿਆ ਹੁੰਦਾ ਤੇ ਨਾ ਹੀ ਇਹਨਾਂ ਡਿਗਰੀਆਂ ਨੂੰ ਕਾਨੂੰਨੀ ਮਾਨਤਾ ਹੁੰਦੀ ਹੈ। ਬਿਨਾਂ ਕਾਨੂੰਨੀ ਮਾਨਤਾ ਤੋਂ ਇਹ ਡਿਗਰੀਆਂ ਸਿਰਫ਼ ਕਾਗਜ਼ ਦਾ ਇੱਕ ਟੁਕੜਾ ਹੁੰਦੀਆਂ ਹਨ।
ਜਦੋਂ ਵਿਦਿਆਰਥੀ ਇਹ ਡਿਗਰੀਆਂ ਲੈ ਕੇ ਕਿਸੇ ਹੋਰ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਜਾਂਦੇ ਹਨ ਜਾਂ ਸਰਕਾਰੀ ਨੌਕਰੀ ਲਈ ਅਪਲਾਈ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਡਿਗਰੀਆਂ ਦੇਣ ਵਾਲੀਆਂ ਸੰਸਥਾਵਾਂ ਫਰਜੀ ਹਨ। ਇਸ ਤਰ੍ਹਾਂ ਵਿਦਿਆਰਥੀਆਂ ਦਾ ਪੈਸਾ ਅਤੇ ਕੀਮਤੀ ਸਮਾਂ ਵਿਅਰਥ ਚਲਿਆ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਠਗੇ ਠਗੇ ਮਹਿਸੂਸ ਕਰਦੇ ਹਨ।
ਪੰਜਾਬ ਸਮੇਤ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਅਕਸਰ ਜਨਤਕ ਥਾਂਵਾਂ ਤੇ ਅਜਿਹੇ ਇਸ਼ਤਿਹਾਰ ਲਿਖੇ ਮਿਲਦੇ ਹਨ, ਜਿਹਨਾਂ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅੱਠਵੀਂ ਫੇਲ ਸਿੱਧੇ ਦਸਵੀਂ ਕਰੋ, ਨੌਂਵੀਂ ਫੇਲ ਸਿੱਧੇ ਦਸਵੀਂ ਕਰੋ। ਇਸ ਤੋਂ ਇਲਾਵਾ ਕੁਝ ਵਿਦਿਅਕ ਸੰਸਥਾਵਾਂ ਵੱਲੋਂ ਕਈ ਕਿਸਮ ਦੇ ਕਿੱਤਾਮੁੱਖੀ ਕੋਰਸ ਕਰਵਾਉਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ ਪਰ ਵਿਦਿਆਰਥੀਆਂ ਦੇ ਦਾਖਲੇ ਸਮੇਂ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਇਹ ਸਿੱਖਿਆ ਸੰਸਥਾਵਾਂ ਗੈਰ ਰਜਿਸਟਰਡ ਹਨ। ਇਸ ਤਰ੍ਹਾਂ ਇਹਨਾਂ ਵਿਦਿਅਕ ਸੰਸਥਾਵਾਂ ਦੇ ਮਾਲਕ ਵਿਦਿਆਰਥੀਆਂ ਤੋਂ ਫੀਸਾਂ ਦੇ ਰੂਪ ਵਿੱਚ ਮੋਟੀ ਕਮਾਈ ਕਰ ਲੈਂਦੇ ਹਨ, ਪਰੰਤੂ ਬਾਅਦ ਵਿੱਚ ਇਹਨਾਂ ਡਿਗਰੀਆਂ ਦਾ ਕੋਈ ਮੁੱਲ ਨਾ ਹੋਣ ਕਾਰਨ ਵਿਦਿਆਰਥੀ ਹੱਥ ਮਲਦੇ ਰਹਿ ਜਾਂਦੇ ਹਨ।
ਅਕਸਰ ਲੋਕ ਸਮਝਦੇ ਹਨ ਕਿ ਫਰਜ਼ੀ ਸਿੱਖਿਆ ਸੰਸਥਾਵਾਂ ਸਿਰਫ਼ ਵੱਡੇ ਸ਼ਹਿਰਾਂ ਵਿੱਚ ਹੀ ਹੁੰਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਵੱਖ ਵੱਖ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੀ ਅਜਿਹੀਆਂ ਦੁਕਾਨਨੁਮਾ ਸਿੱਖਿਆ ਸੰਸਥਾਵਾਂ ਮੌਜੂਦ ਹਨ, ਜਿਹਨਾਂ ਦੇ ਮਾਲਕਾਂ ਦਾ ਇੱਕੋ ਇੱਕ ਮਕਸਦ ਸਿਰਫ਼ ਪੈਸਾ ਕਮਾਉਣਾ ਹੁੰਦਾ ਹੈ। ਅਜਿਹੇ ਲੋਕਾਂ ਨੇ ਸਿੱਖਿਆ ਨੂੰ ਵੀ ਵੱਡਾ ਵਪਾਰ ਬਣਾ ਦਿੱਤਾ ਹੈ।
ਭਾਰਤ ਵਿੱਚ ਇਸ ਸਮੇਂ ਹਰ ਪਾਸੇ ਅਸਲੀ ਤੇ ਫਰਜੀ ਸਿੱਖਿਆ ਸੰਸਥਾਵਾਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਆਮ ਵਿਦਿਆਰਥੀਆਂ ਨੂੰ ਕਿਸੇ ਵੀ ਤਰੀਕੇ ਇਹ ਪਤਾ ਨਹੀਂ ਚੱਲਦਾ ਕਿ ਜਿਹੜੀ ਵਿਦਅਕ ਸੰਸਥਾ ਵਿੱਚ ਉਹ ਦਾਖ਼ਲਾ ਲੈ ਰਹੇ ਹਨ, ਉਹ ਅਸਲੀ ਹੈ ਜਾਂ ਫਰਜ਼ੀ। ਕਈ ਵਿਦਿਅਕ ਸੰਸਥਾਵਾਂ ਦਾ ਅਜਿਹਾ ਹਾਲ ਹੈ ਕਿ ਉਹ ਦੁਕਾਨਾਂ ਵਿੱਚ ਹੀ ਖੁੱਲ੍ਹੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਨੂੰ ਟਿਊਸ਼ਨ ਦੇਣ ਦੇ ਨਾਮ ਤੇ ਵੀ ਵਿਦਿਅਕ ਸੰਸਥਾਵਾਂ ਖੋਲੀਆਂ ਗਈਆਂ ਹਨ। ਕਈ ਮਹਿਲਾਵਾਂ ਨੇ ਤਾਂ ਆਪਣੇ ਘਰਾਂ ਅੰਦਰ ਹੀ ਟਿਊਸ਼ਨ ਸੈਂਟਰ ਖੋਲੇ ਹੋਏ ਹਨ, ਜੋ ਕਿ ਕਿਸੇ ਵੀ ਸਰਕਾਰੀ ਵਿਭਾਗ ਕੋਲ ਰਜਿਸਟਰਡ ਨਹੀਂ ਹੁੰਦੇ।
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਉਸ ਸੰਸਥਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣ। ਯੂਨੀਵਰਸਿਟੀਆਂ ਦੇ ਅਸਲੀ ਹੋਣ ਬਾਰੇ ਤਾਂ ਜਾਣਕਾਰੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ ਵੈਬ ਸਾਈਟ ਤੋਂ ਵੀ ਮਿਲ ਸਕਦੀ ਹੈ। ਆਪਣੇ ਨਾਲ ਧੋਖਾ ਹੋਣ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਖੁੂਦ ਹੀ ਸੁਚੇਤ ਹੋਣਾ ਪਵੇਗਾ। ਦੂਜੇ ਪਾਸੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਫਰਜ਼ੀ ਵਿਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਵਿਰੁੱਧ ਸਖਤ ਕਾਰਵਾਈ ਕਰੇ।
ਬਿਊਰੋ
Editorial
ਲਗਾਤਾਰ ਵੱਧਦੀ ਮਹਿੰਗਾਈ, ਬੇਰੁਜਗਾਰੀ ਅਤੇ ਨਸ਼ਿਆਂ ਦੀ ਸਮੱਸਿਆ ਤੇ ਕਿਵੇਂ ਹੋਵੇਗਾ ਕਾਬੂ
ਸਾਰੀਆਂ ਹੱਦਾਂ ਤੋੜਦੀ ਮਹਿੰਗਾਈ ਅਤੇ ਬੇਰੁਜਗਾਰੀ ਵਿੱਚ ਹੁੰਦਾ ਲਗਾਤਾਰ ਵਾਧਾ ਇਸ ਵੇਲੇ ਸਾਡੇ ਦੇਸ਼ ਦੀਆਂ ਸਭਤੋਂ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ। ਇਹਨਾਂ ਦੋਵਾਂ ਦੇ ਨਾਲ ਨਸ਼ਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਚੁੱਕੀ ਹੈ। ਪਰੰਤੂ ਕੇਂਦਰ ਅਤੇ ਰਾਜ ਸਰਕਾਰਾਂ, ਭਿਅੰਕਰ ਰੂਪ ਧਾਰਨ ਕਰਨ ਵਾਲੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਉਲਟਾ ਹਰ ਛੋਟੀ ਵੱਡੀ ਵਸਤੂ ਤੇ ਟੈਕਸ ਲਗਾ ਕੇ ਅਤੇ ਇਹਨਾਂ ਟੈਕਸਾਂ ਵਿੱਚ ਵਾਧਾ ਕਰਕੇ ਜਨਤਾ ਦਾ ਸ਼ੋਸ਼ਣ ਕਰ ਰਹੀਆਂ ਹਨ।
ਇਸ ਸੰਬੰਧੀ ਜਿੱਥੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਮਹਿੰਗਾਈ ਅਤੇ ਬੇਰੁਜਗਾਰੀ ਵਿੱਚ ਹੋਣ ਵਾਲੇ ਵਾਧੇ ਅਤੇ ਨਸ਼ਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਲਈ ਸਾਰਾ ਦੋਸ਼ ਕੇਂਦਰ ਸਰਕਾਰ ਦੇ ਸਿਰ ਮੜ੍ਹਦੀਆਂ ਦਿਖਦੀਆਂ ਹਨ, ਉੱਥੇ ਕੇਂਦਰ ਸਰਕਾਰ ਅਤੇ ਉਸਦੇ ਮੰਤਰੀ ਇਸ ਸਾਰੇ ਕੁੱਝ ਲਈ ਪਿਛਲੀਆਂ ਕਾਂਗਰਸ ਸਰਕਾਰਾਂ ਅਤੇ ਪਾਕਿਸਤਾਨ ਨੂੰ ਹੀ ਜਿੰਮੇਵਾਰ ਠਹਿਰਾ ਕੇ ਆਪਣੀ ਜਿੰਮੇਵਾਰੀ ਤੋਂ ਹੱਥ ਝਾੜ ਲੈਂਦੇ ਹਨ। ਇਹਨਾਂ ਸਰਕਾਰਾਂ ਵਲੋਂ ਇਹਨਾਂ ਮਸਲਿਆਂ ਦੇ ਹਲ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਇੱਕ ਦੂਜੇ ਉੱਪਰ ਜਿੰਮੇਵਾਰੀ ਸੁੱਟ ਕੇ ਹੱਥ ਝਾੜੇ ਜਾਣ ਦਾ ਨਤੀਜਾ ਇਹ ਹੋਇਆ ਹੈ ਕਿ ਇਹ ਸਮੱਸਿਆਵਾਂ ਹੋਰ ਵੀ ਤੇਜੀ ਨਾਲ ਵੱਧ ਰਹੀਆਂ ਹਨ।
ਮੌਜੂਦਾ ਹਾਲਾਤ ਇਹ ਹਨ ਕਿ ਲਗਾਤਾਰ ਵੱਧਦੀ ਬੇਰੁਜਗਾਰੀ ਆਪਣੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਇਸ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਬੇਰੁਜਗਾਰੀ ਦੀ ਸਮੱਸਿਆ ਇੰਨੀ ਜਿਆਦਾ ਹੈ ਕਿ ਹਰ ਦੂਜਾ ਵਿਅਕਤੀ ਬੇਰੁਜਗਾਰੀ ਦੀ ਮਾਰ ਝੱਲ ਰਿਹਾ ਹੈ। ਇਸ ਦੌਰਾਨ ਸਰਕਾਰੀ ਨੌਕਰੀਆਂ ਮਿਲਣੀਆਂ ਤਾਂ ਲਗਭਗ ਬੰਦ ਹੀ ਹੋ ਗਈਆਂ ਹਨ ਅਤੇ ਨਿੱਜੀ ਖੇਤਰ ਵਿੱਚ ਵੀ ਲੋਕਾਂ ਨੂੰ ਲੋੜੀਂਦਾ ਰੁਜਗਾਰ ਨਹੀਂ ਮਿਲ ਰਿਹਾ, ਜਿਸ ਕਾਰਨ ਬੇਰੁਜਗਾਰਾਂ ਦੀ ਫੌਜ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਪਰੋਂ ਲਗਾਤਰ ਵੱਧਦੀ ਮਹਿੰਗਾਈ ਅਤੇ ਨਸ਼ਿਆਂ ਦੀ ਸਮੱਸਿਆ ਵਿੱਚ ਇਸ ਤਰੀਕੇ ਨਾਲ ਹੁੰਦੇ ਲਗਾਤਾਰ ਵਾਧੇ ਦਾ ਆਮ ਲੋਕਾਂ ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਜੋ ਕਰਜੇ ਦੇ ਭਾਰ ਹੇਠ ਦਬ ਕੇ ਗੁਲਾਮੀ ਵਿੱਚ ਜਕੜੇ ਜਾ ਰਹੇ ਹਨ।
ਲਗਾਤਾਰ ਵੱਧਦੀ ਮਹਿੰਗਾਈ ਦੀ ਮਾਰ ਅਤੇ ਬੇਰੁਜਗਾਰੀ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੇ ਆਮ ਲੋਕਾਂ ਦੀ ਆਰਥਿਕ ਹਾਲਤ ਵਿਗਾੜ ਦਿੱਤੀ ਹੈ। ਇੱਕ ਤਾਂ ਰੁਜਗਾਰ ਨਾ ਹੋਣ ਕਾਰਨ ਲੋਕਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਪਤਲੀ ਹੋ ਗਈ ਹੈ, ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ (ਜਿਹੜੀ ਸਾਰੀਆਂ ਹੱਦਾਂ ਟੱਪ ਚੁੱਕੀ ਹੈ) ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਉੱਪਰੋਂ ਕੇਂਦਰ ਸਰਕਾਰ ਵਲੋਂ ਆਏ ਦਿਨ ਵਧਾਈ ਜਾਂਦੀ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀ ਕੀਮਤ ਕਾਰਨ ਆਮ ਲੋਕਾਂ ਤੇ ਹੋਰ ਵੀ ਬੋਝ ਪੈਂਦਾ ਹੈ। ਸਰਕਾਰ ਵਲੋਂ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀ ਕੀਮਤ ਵਿੱਚ ਕੀਤੇ ਜਾਂਦੇ ਇਸ ਵਾਧੇ ਦਾ ਸਿੱਧਾ ਅਸਰ ਬਾਜਾਰ ਵਿੱਚ ਵਿਕਣ ਵਾਲੇ ਹਰ ਸਾਮਾਨ ਦੀ ਲਾਗਤ ਤੇ ਪੈਂਦਾ ਹੈ ਅਤੇ ਸਾਮਾਨ ਦੀ ਢੋਆ-ਢੁਆਈ ਦਾ ਖਰਚਾ ਵਧਣ ਨਾਲ ਸਾਮਾਨ ਦੀ ਕੀਮਤ ਤੇ ਵੀ ਅਸਰ ਪੈਂਦਾ ਹੈ। ਇਹ ਵੀ ਇੱਕ ਕਾਰਨ ਹੈ ਕਿ ਆਮ ਲੋਕਾਂ ਦੀ ਰੋਜਾਨਾ ਜਰੂਰਤ ਦਾ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ ਪਰੰਤੂ ਕੇਂਦਰ ਅਤੇ ਰਾਜ ਸਰਕਾਰਾਂ ਲੋਕਾਂ ਤੋਂ ਮਣਾ ਮੂੰਹੀਂ ਟੈਕਸ ਵਸੂਲ ਕੇ ਆਪਣੇ ਖਜਾਨੇ ਭਰਨ ਵਿੱਚ ਲੱਗੀਆਂ ਹੋਈਆਂ ਹਨ।
ਜੇਕਰ ਲਗਾਤਾਰ ਵੱਧਦੀ ਨਸ਼ਿਆਂ ਦੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਇਹ ਸਮੱਸਿਆ ਇੰਨੀ ਗੰਭੀਰ ਹੈ ਕਿ ਸਕੂਲਾਂ ਦੇ ਵਿਦਿਆਰਥੀ ਤਕ ਇਸਦੀ ਲਪੇਟ ਵਿੱਚ ਹਨ। ਪੰਜਾਬ ਤਾਂ ਨਸ਼ਿਆਂ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਬਦਨਾਮ ਰਿਹਾ ਹੈ ਅਤੇ ਪੰਜਾਬੀ ਨੌਜਵਾਨਾਂ ਵਿੱਚ ਨਸ਼ੇ ਦੀ ਆਦਤ ਬਹੁਤ ਜਿਆਦਾ ਹੈ। ਇਸ ਸੰਬੰਧੀ ਲੋਕਾਂ ਵਲੋਂ ਆਮ ਇਲਜਾਮ ਲਗਾਇਆ ਜਾਂਦਾ ਹੈ ਕਿ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨੂੰ ਸਿਆਸੀ ਆਗੂਆਂ ਅਤੇ ਵੱਡੇ ਪੁਲੀਸ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਹੀ ਚਲਾਇਆ ਜਾਂਦਾ ਹੈ ਅਤੇ ਇਹਨਾਂ ਵਲੋਂ ਇੱਕ ਅਜਿਹਾ ਮਜਬੂਤ ਨੈਟਵਰਕ ਕਾਇਮ ਕੀਤਾ ਜਾ ਚੁੱਕਿਆ ਹੈ ਜਿਸ ਰਾਂਹੀ ਇਹ ਇਸ ਪੂਰੇ ਕਾਰੋਬਾਰ ਨੂੰ ਅੰਜਾਮ ਦਿੰਦੇ ਹਨ। ਹਾਲਾਂਕਿ ਪੁਲੀਸ ਵਲੋਂ ਸਮੇਂ ਸਮੇਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਜਾਂਦਾ ਹੈ ਪਰੰਤੂ ਇਹ ਛੋਟੇ ਪੱਧਰ ਦੇ ਸਪਲਾਇਰ ਹੀ ਹੁੰਦੇ ਹਨ ਅਤੇ ਇਸ ਕਾਰੋਬਾਰ ਦੇ ਵੱਡੇ ਖਿਡਾਰੀ ਕਦੇ ਵੀ ਪਕੜੇ ਨਹੀਂ ਜਾਂਦੇ।
ਸਵਾਲ ਇਹ ਹੈ ਕਿ ਲਗਾਤਾਰ ਵੱਧਦੀ ਬੇਰੁਜਗਾਰੀ, ਮਹਿੰਗਾਈ ਅਤੇ ਨਸ਼ਿਆਂ ਦੀ ਸਮੱਸਿਆ ਦੀ ਜਿੰਮੇਵਾਰੀ ਆਖਿਰ ਕੌਣ ਚੁੱਕੇਗਾ। ਇਸ ਸੰਬੰਧੀ ਕੇਂਦਰ ਅਤੇ ਰਾਜ ਸਰਕਾਰਾਂ ਆਪਣੀ ਜਿੰਮੇਵਾਰੀ ਤੋਂ ਹੱਥ ਨਹੀਂ ਝਾੜ ਸਕਦੀਆਂ ਅਤੇ ਸਰਕਾਰਾਂ ਨੂੰ ਇਸ ਸੰਬੰਧੀ ਨੀਤੀਗਤ ਫੈਸਲੇ ਲੈ ਕੇ ਵਿਸ਼ੇਸ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਵਰਨਾ ਹਾਲਾਤ ਸਰਕਾਰ ਦੇ ਕਾਬੂ ਤੋਂ ਪੂਰੀ ਤਰ੍ਹਾਂ ਬਾਹਰ ਵੀ ਹੋ ਸਕਦੇ ਹਨ ਅਤੇ ਫਿਰ ਜੋ ਖਾਨਾਜੰਗੀ ਮਚੇਗੀ ਉਹ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦੇਵੇਗੀ।
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International2 months agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
-
International1 month agoਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ
