Connect with us

National

ਵਿਆਹ ਸਮਾਗਮ ਵਿੱਚ 2 ਧਿਰਾਂ ਵਿਚਾਲੇ ਝੜਪ ਦੌਰਾਨ ਚੱਲੀਆਂ ਗੋਲੀਆਂ, 1 ਵਿਅਕਤੀ ਦੀ ਮੌਤ

Published

on

ਹਜ਼ਾਰੀਬਾਗ, 25 ਨਵੰਬਰ (ਸ.ਬ.) ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਇਕ ਹੋਟਲ ਵਿਚ ਚੱਲ ਰਹੇ ਵਿਆਹ ਸਮਾਗਮ ਦੌਰਾਨ 2 ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲੀਸ ਨੇ ਅੱਜ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਇਰਿੰਗ ਦੌਰਾਨ ਇਕ ਵਿਅਕਤੀ ਨੂੰ ਗੋਲੀ ਲੱਗ ਗਈ ਅਤੇ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਇਹ ਘਟਨਾ ਬੀਤੀ ਰਾਤ ਸਦਰ ਥਾਣਾ ਖੇਤਰ ਦੇ ਡੀਵੀਸੀ ਚੌਕ ਤੇ ਸਥਿਤ ਇੱਕ ਹੋਟਲ ਵਿੱਚ ਵਾਪਰੀ।

ਮਾਮਲੇ ਦੀ ਜਾਂਚ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਰਨਬ ਸਿੰਘ (22) ਵਜੋਂ ਹੋਈ ਹੈ, ਜੋ ਬੜਾ ਬਾਜ਼ਾਰ ਪੁਲੀਸ ਸਟੇਸ਼ਨ ਖੇਤਰ ਦੇ ਹੁਰਹੁਰੂ ਦਾ ਰਹਿਣ ਵਾਲਾ ਸੀ। ਇਸ ਦੌਰਾਨ ਜ਼ਖਮੀ ਅੰਕਿਤ ਕੁਮਾਰ ਨੂੰ ਬਿਹਤਰ ਇਲਾਜ ਲਈ ਰਾਂਚੀ ਦੇ ਇੱਕ ਹਸਪਤਾਲ ਭੇਜਿਆ ਗਿਆ ਹੈ। ਸਦਰ ਸਬ-ਡਿਵੀਜ਼ਨਲ ਪੁਲੀਸ ਅਫਸਰ ਰੂਪਕ ਕੁਮਾਰ ਸਿੰਘ ਨੇ ਕਿਹਾ ਕਿ ਲਾੜਾ ਅਤੇ ਲਾੜੀ ਪੱਖ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜੋ ਹਿੰਸਾ ਵਿੱਚ ਬਦਲ ਗਿਆ। ਘਟਨਾ ਦੌਰਾਨ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਮ੍ਰਿਤਕ ਲਾੜੀ ਪੱਖ ਦਾ ਸੀ।

ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਜ਼ਾਰੀਬਾਗ ਦੇ ਸ਼ੇਖ ਭਿਖਾਰੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। ਐਸਡੀਪੀਓ ਨੇ ਕਿਹਾ ਕਿ ਪੁਲੀਸ ਨੇ ਮਾਮਲੇ ਦੀ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ। ਝਗੜੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਜੈਨੀਫਰ ਬੈਰੇਟੋ ਦੇ ਸਿਰ ਸਜਿਆ ‘ਮਿਸ ਯੂਨੀਵਰਸ 2026’ ਦਾ ਤਾਜ

Published

on

By

ਨਵੀਂ ਦਿੱਲੀ, 25 ਨਵੰਬਰ (ਸ.ਬ.) ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੂੰ ‘ਮਿਸ ਯੂਨੀਵਰਸ 2026’ ਦਾ ਤਾਜ ਪਹਿਨਾਇਆ ਗਿਆ ਹੈ। ਉਨ੍ਹਾਂ ਨੇ 116 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਇਹ ਖ਼ਿਤਾਬ ਆਪਣੇ ਨਾਮ ਕੀਤਾ। ਵੈਨੇਜ਼ੁਏਲਾ ਦੀ ਕਲਾਰਾ ਗੋਏਟਜ਼ ਅਤੇ ਡੋਮਿਨਿਕਨ ਰੀਪਬਲਿਕ ਦੀ ਮੇਲਿਸਾ ਨੁਨੇਜ਼ ਫਾਈਨਲਿਸਟਾਂ ਵਿੱਚ ਸ਼ਾਮਲ ਸਨ, ਜਦਕਿ 19 ਸਾਲਾ ਕਾਜ਼ੀਆ ਲਿਜ਼ ਮੇਜੋ ਦੇ ਟੌਪ-12 ਵਿੱਚ ਥਾਂ ਨਾ ਬਣਾ ਸਕਣ ਕਾਰਨ ਭਾਰਤ ਦੀਆਂ ਉਮੀਦਾਂ ਖ਼ਤਮ ਹੋ ਗਈਆਂ।

ਮਿਸ ਯੂਨੀਵਰਸ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਤੇ ਜੇਤੂ ਦਾ ਐਲਾਨ ਕਰਦਿਆਂ ਲਿਖਿਆ ਗਿਆ ਕਿ ਬ੍ਰਹਿਮੰਡ ਆਪਣੀ ਨਵੀਂ ਰਾਣੀ, ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਦਾ ਸਵਾਗਤ ਕਰਦਾ ਹੈ।

ਕੇਰਲਮ ਦੀ ਕਾਨੂੰਨ ਦੀ ਵਿਦਿਆਰਥਣ ਮੇਜੋ ਈਵਨਿੰਗ ਗਾਊਨ ਮੁਕਾਬਲੇ ਤੋਂ ਪਹਿਲਾਂ ਅਗਲੇ ਦੌਰ ਲਈ ਕੁਆਲੀਫਾਈ ਨਹੀਂ ਕਰ ਸਕੀ, ਜਿਸ ਨਾਲ ਇਸ ਕੌਮਾਂਤਰੀ ਸੁੰਦਰਤਾ ਮੁਕਾਬਲੇ ਵਿੱਚ ਉਨ੍ਹਾਂ ਦਾ ਸਫ਼ਰ ਖ਼ਤਮ ਹੋ ਗਿਆ।

ਹਾਲਾਂਕਿ, ਕੇਰਲਮ ਲਈ ਉਨ੍ਹਾਂ ਦੀ ਸ਼ਮੂਲੀਅਤ ਬੇਹੱਦ ਖ਼ਾਸ ਸੀ ਕਿਉਂਕਿ ਉਹ ‘ਮਿਸ ਯੂਨੀਵਰਸ ਇੰਡੀਆ’ ਦਾ ਖ਼ਿਤਾਬ ਜਿੱਤਣ ਵਾਲੀ ਇਸ ਸੂਬੇ ਦੀ ਪਹਿਲੀ ਮਹਿਲਾ ਬਣੀ ਸੀ। ਮੂਲ ਰੂਪ ਵਿੱਚ ਮਾਵੇਲਿੱਕਾਰਾ ਦੀ ਰਹਿਣ ਵਾਲੀ ਮੇਜੋ ਦੀ ਪਰਵਰਿਸ਼ ਅਬੂ ਧਾਬੀ ਵਿੱਚ ਹੋਈ, ਜਿੱਥੇ ਉਨ੍ਹਾਂ ਨੇ ਐਮੀਰੇਟਸ ਨੈਸ਼ਨਲ ਸਕੂਲ, ਸੇਂਟ ਜੋਸਫ਼ ਸਕੂਲ ਅਤੇ ਅਬੂ ਧਾਬੀ ਇੰਡੀਅਨ ਸਕੂਲ ਤੋਂ ਪੜ੍ਹਾਈ ਕੀਤੀ। ਉਹ ਇਸ ਵੇਲੇ ਬੰਗਲੁਰੂ ਤੋਂ ਕਾਨੂੰਨ ਦੀ ਡਿਗਰੀ ਕਰ ਰਹੀ ਹੈ ਅਤੇ ਨਾਲ ਹੀ ਮਾਡਲਿੰਗ ਵੀ ਕਰਦੀ ਹੈ।

ਇਸ ਕੌਮਾਂਤਰੀ ਸੁੰਦਰਤਾ ਮੁਕਾਬਲੇ ਦੇ 75ਵੇਂ ਸਾਲ ਮੌਕੇ ਇਸ ਦਾ ਗ੍ਰੈਂਡ ਫਿਨਾਲੇ ਪੋਰਟੋ ਰੀਕੋ ਦੇ ਸਾਨ ਜੁਆਨ ਸਥਿਤ ਜੋਸ ਮਿਗੁਏਲ ਐਗਰੇਲੋਟ ਕੋਲੀਜ਼ੀਅਮ ਵਿਖੇ ਹੋਇਆ। ਮੈਕਸੀਕੋ ਦੀ ਮੌਜੂਦਾ ਮਿਸ ਯੂਨੀਵਰਸ ਫਾਤਿਮਾ ਬੋਸ਼ ਨੇ ਆਪਣੀ ਉੱਤਰਾਧਿਕਾਰੀ ਨੂੰ ਤਾਜ ਪਹਿਨਾਇਆ।

ਇਸ ਜਿੱਤ ਨਾਲ ਬੈਰੇਟੋ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਣ ਵਾਲੀ ਪੋਰਟੋ ਰੀਕੋ ਦੀ ਛੇਵੀਂ ਮਹਿਲਾ ਬਣ ਗਈ ਹੈ। ਉਹ ਇਸ ਦੇਸ਼ ਦੀਆਂ ਸਾਬਕਾ ਜੇਤੂਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਵਿੱਚ ਮੈਰੀਸੋਲ ਮਾਲਾਰੇਟ (1970), ਡੇਬੋਰਾ ਕਾਰਥੀ-ਡਿਊ (1985), ਦਯਾਨਾਰਾ ਟੋਰੇਸ (1993), ਡੇਨਿਸ ਕੁਇਨੋਨਸ (2001) ਅਤੇ ਜ਼ੁਲੇਕਾ ਰਿਵੇਰਾ (2006) ਸ਼ਾਮਲ ਹਨ।

ਦਿਲਚਸਪ ਗੱਲ ਇਹ ਹੈ ਕਿ ਬੈਰੇਟੋ ਦੀ ਇਸ ਜਿੱਤ ਨੇ ਸਾਲ 2001 ਦੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਪੋਰਟੋ ਰੀਕੋ ਦੇ ਬਾਯਾਮੋਨ ਵਿੱਚ ਹੋਏ ਮੁਕਾਬਲੇ ਦੌਰਾਨ ਡੇਨਿਸ ਕੁਇਨੋਨਸ ਨੇ ਆਪਣੀ ਘਰੇਲੂ ਧਰਤੀ ਤੇ ਇਹ ਖ਼ਿਤਾਬ ਜਿੱਤਿਆ ਸੀ।

Continue Reading

National

ਲਾਪਤਾ ਬੀ.ਐਸ.ਐਫ. ਜਵਾਨ ਦੀ ਮ੍ਰਿਤਕ ਦੇਹ ਬਰਾਮਦ

Published

on

By

ਕਛਾਰ, 25 ਨਵੰਬਰ (ਸ.ਬ.) ਅਸਾਮ ਦੇ ਕਛਾਰ ਜ਼ਿਲ੍ਹੇ ਵਿੱਚ ਬੰਗਲਾਦੇਸ਼ ਸਰਹੱਦ ਨੇੜੇ ਸ਼ੱਕੀ ਪਸ਼ੂ ਤਸਕਰਾਂ ਦਾ ਪਿੱਛਾ ਕਰਦੇ ਸਮੇਂ 23 ਨਵੰਬਰ ਨੂੰ ਲਾਪਤਾ ਹੋਏ ਬੀ.ਐਸ.ਐਫ. ਕਾਂਸਟੇਬਲ ਕੇ. ਵੇਣੂ ਦੀ ਲਾਸ਼ ਕਰੀਮਗੰਜ (ਸ੍ਰੀਭੂਮੀ) ਦੇ ਕੁਸ਼ਿਆਰਾ ਦਰਿਆ ਵਿੱਚੋਂ ਬਰਾਮਦ ਕਰ ਲਈ ਗਈ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਵੇਣੂ ਦਾ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਬੀ.ਐਸ.ਐਫ. ਅਤੇ ਐਸ.ਡੀ.ਆਰ.ਐਫ. ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਅੱਜ ਤੜਕੇ ਲਾਸ਼ ਬਰਾਮਦ ਕੀਤੀ ਗਈ। ਇਨ੍ਹਾਂ ਕਿਆਸਅਰਾਈਆਂ ਦਰਮਿਆਨ ਕਿ ਕਾਂਸਟੇਬਲ ਸ਼ਾਇਦ ਬੰਗਲਾਦੇਸ਼ ਦੀ ਹੱਦ ਵਿੱਚ ਚਲਾ ਗਿਆ ਹੋਵੇ, ਬੀਤੇ ਦਿਨ ਬੀ.ਐਸ.ਐਫ. ਅਤੇ ਬਾਰਡਰ ਗਾਰਡ ਬੰਗਲਾਦੇਸ਼ ਵਿਚਕਾਰ ਕਮਾਂਡੈਂਟ ਪੱਧਰ ਦੀ ਮੀਟਿੰਗ ਵੀ ਹੋਈ ਸੀ।

23 ਨਵੰਬਰ ਨੂੰ ਬੀ.ਐਸ.ਐਫ. ਨੂੰ ਹਰੀਨਗਰ ਸਰਹੱਦੀ ਇਲਾਕੇ ਰਾਹੀਂ ਪਸ਼ੂਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਚਾਰ ਤੋਂ ਪੰਜ ਅਣਪਛਾਤੇ ਵਿਅਕਤੀਆਂ ਦੀ ਹਰਕਤ ਬਾਰੇ ਪੁਖ਼ਤਾ ਸੂਚਨਾ ਮਿਲੀ ਸੀ।

ਇਸ ਸੂਚਨਾ ਦੇ ਆਧਾਰ ਤੇ ਬੀ.ਐਸ.ਐਫ. ਦੇ ਦੋ ਜਵਾਨਾਂ-ਹੈਡ ਕਾਂਸਟੇਬਲ ਜਤਿੰਦਰ ਯਾਦਵ ਅਤੇ ਕਾਂਸਟੇਬਲ ਵੇਣੂ-ਨੇ ਸ਼ੱਕੀ ਤਸਕਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਤਸਕਰ ਭੱਜਣ ਦੀ ਕੋਸ਼ਿਸ਼ ਵਿੱਚ ਦਰਿਆ ਵਿੱਚ ਛਾਲ ਮਾਰ ਗਏ। ਇਸ ਤੋਂ ਤੁਰੰਤ ਬਾਅਦ ਬੀ.ਐਸ.ਐਫ. ਦੇ ਜਵਾਨ ਵੀ ਪਾਣੀ ਵਿੱਚ ਉਤਰ ਗਏ। ਬਾਅਦ ਵਿੱਚ ਯਾਦਵ ਤਾਂ ਸੁਰੱਖਿਅਤ ਬਾਹਰ ਆ ਗਏ, ਪਰ ਵੇਣੂ ਲਾਪਤਾ ਹੋ ਗਏ।

ਉਨ੍ਹਾਂ ਦੀ ਭਾਲ ਅਤੇ ਬਚਾਅ ਲਈ ਐਸ.ਡੀ.ਆਰ.ਐਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਹਾਲਾਂਕਿ ਅੱਜ ਸਵੇਰੇ ਬੀ.ਐਸ.ਐਫ. ਸੂਤਰਾਂ ਨੇ ਪੁਸ਼ਟੀ ਕੀਤੀ ਕਿ ਵੇਣੂ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਪਾਣੀ ਦੇ ਵਹਾਅ ਨਾਲ ਹੇਠਾਂ ਵੱਲ ਰੁੜ੍ਹਦੀ ਹੋਈ ਦੇਖੀ ਗਈ, ਜਿਸ ਤੋਂ ਬਾਅਦ ਇਸ ਨੂੰ ਸ੍ਰੀਭੂਮੀ ਦੇ ਸਟੀਮਰਘਾਟ ਨੇੜੇ ਕੁਸ਼ਿਆਰਾ ਦਰਿਆ ਵਿੱਚੋਂ ਬਾਹਰ ਕੱਢਿਆ ਗਿਆ। ਦਰਿਆ ਦਾ ਵਿਚਕਾਰਲਾ ਹਿੱਸਾ ਕੌਮਾਂਤਰੀ ਸਰਹੱਦ ਹੈ।

Continue Reading

National

22 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਤਿੰਨ ਮੁਲਜ਼ਮ ਗ੍ਰਿਫ਼ਤਾਰ

Published

on

By

ਨਵੀਂ ਦਿੱਲੀ, 25 ਨਵੰਬਰ (ਸ.ਬ.) ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਸਥਿਤ ਇੱਕ ਕੈਫੇ ਅੰਦਰ ਬੰਦ ਹੋਣ ਦੇ ਸਮੇਂ ਤੋਂ ਬਾਅਦ ਕਥਿਤ ਤੌਰ ਤੇ ਪਾਰਟੀ ਕਰਨ ਮਗਰੋਂ 22 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਫ਼ਰਾਰ ਚੱਲ ਰਹੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲੀਸ ਅਧਿਕਾਰੀਆਂ ਅਨੁਸਾਰ, ਅੱਠ ਵਿਅਕਤੀਆਂ ਦਾ ਇੱਕ ਸਮੂਹ ਬੀਤੀ ਰਾਤ ਪ੍ਰੀਤ ਵਿਹਾਰ ਸਥਿਤ ਇੱਕ ਕੈਫੇ ਵਿੱਚ ਗਿਆ ਸੀ। ਕੈਫੇ ਰਾਤ 11:30 ਵਜੇ ਬੰਦ ਹੋ ਚੁੱਕਾ ਸੀ, ਪਰ ਸਮੂਹ ਵਿੱਚ ਸ਼ਾਮਲ ਇੱਕ ਵਿਅਕਤੀ ਕੋਲ ਕੈਫੇ ਦੀਆਂ ਚਾਬੀਆਂ ਸਨ, ਜਿਸ ਦੀ ਮਦਦ ਨਾਲ ਉਨ੍ਹਾਂ ਨੇ ਤਾਲਾ ਖੋਲ੍ਹਿਆ ਅਤੇ ਅੰਦਰ ਪਾਰਟੀ ਕੀਤੀ।

ਦਿੱਲੀ ਪੁਲੀਸ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਕੈਫੇ ਦੇ ਅੰਦਰ ਕਈ ਘੰਟਿਆਂ ਤੱਕ ਸ਼ਰਾਬ ਪੀਤੀ ਅਤੇ ਤੜਕੇ ਕਰੀਬ 3:30 ਵਜੇ ਉੱਥੋਂ ਬਾਹਰ ਨਿਕਲੇ। ਕੈਫੇ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਹੀ ਸਮੂਹ ਵਿੱਚ ਸ਼ਾਮਲ 22 ਸਾਲਾ ਲੜਕੀ ਨਾਲ ਕਥਿਤ ਤੌਰ ਤੇ ਸਮੂਹਿਕ ਜਬਰ-ਜਨਾਹ ਕੀਤਾ।

ਪੁਲੀਸ ਨੇ ਦੱਸਿਆ ਕਿ ਪੀੜਤਾ ਮੁਲਜ਼ਮਾਂ ਦੀ ਜਾਣਕਾਰ ਸੀ ਅਤੇ ਉਨ੍ਹਾਂ ਦੇ ਨਾਲ ਹੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਈ ਸੀ। ਪੁਲੀਸ ਵੱਲੋਂ ਸਮੂਹਿਕ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਭਾਲ ਜਾਰੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Continue Reading

Trending