Connect with us

Mohali

ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਵਲੋਂ ਸੈਕਟਰ-69 ਦੇ ਆਮ ਆਦਮੀ ਕਲੀਨਿਕ ਦਾ ਦੌਰਾ

Published

on

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਵੱਲੋਂ ਆਮ ਆਦਮੀ ਕਲੀਨਿਕ ਸੈਕਟਰ-69, ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਕਲੀਨਿਕ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ, ਸਫ਼ਾਈ ਵਿਵਸਥਾ, ਦਵਾਈਆਂ ਦੀ ਉਪਲਬਧਤਾ ਅਤੇ ਰਿਕਾਰਡ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਰੀਜ਼ ਪੱਖੀ ਬਣਾਉਣ ਲਈ ਸਟਾਫ਼ ਨੂੰ ਲੋੜੀਂਦੇ ਸੁਝਾਅ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਡਾ. ਗਿਰੀਸ਼ ਡੋਗਰਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੀ ਮਹੱਤਵਪੂਰਨ ਸਿਹਤ ਪਹਿਲਕਦਮੀ ਹੈ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਹਨਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਲਗਨ, ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਅਤੇ ਸੁਚੱਜੀਆਂ ਸਿਹਤ ਸੇਵਾਵਾਂ ਮਿਲ ਸਕਣ।

Continue Reading

Mohali

ਈ. ਡੀ. ਵੱਲੋਂ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰਘ ਖੇੜਾ ਦੇ ਘਰ ਛਾਪੇਮਾਰੀ

Published

on

By

ਕੁੱਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਖਰੜ ਤੋਂ ਐਲਾਨਿਆ ਸੀ ਪਾਰਟੀ ਉਮੀਦਵਾਰ

ਖਰੜ, 25 ਨਵੰਬਰ (ਸ.ਬ.) ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਸਭਾ ਹਲਕਾ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੇ ਘਰ ਛਾਪੇਮਾਰੀ ਕੀਤੀ ਗਈ। ਰਵਿੰਦਰ ਸਿੰਘ ਖੇੜਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਖਰੜ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ ਅਤੇ ਕੁੱਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਵਲੋਂ ਉਹਨਾਂ ਨੂੰ ਖਰੜ ਵਿਖੇ ਹੋਏ ਪਾਰਟੀ ਦੇ ਇੱਕ ਪ੍ਰੋਗਰਾਮ ਦੌਰਾਨ ਪਾਰਟੀ ਉਮੀਦਵਾਰ ਐਲਾਨਿਆ ਗਿਆ ਸੀ। ਹਾਲਾਂਕਿ, ਸੂਬੇ ਵਿੱਚ ਹਾਲ ਹੀ ਵਿੱਚ ਹੋਏ ਅਕਾਲੀ-ਭਾਜਪਾ ਗੱਠਜੋੜ ਦੇ ਐਲਾਨ ਤੋਂ ਬਾਅਦ ਖਰੜ ਹਲਕੇ ਦੇ ਸੰਭਾਵੀ ਉਮੀਦਵਾਰਾਂ ਲਈ ਸਿਆਸੀ ਸਮੀਕਰਨ ਕਾਫ਼ੀ ਪੇਚੀਦਾ ਬਣ ਗਏ ਹਨ।

ਇੱਥੇ ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਜਨਵਰੀ 2023 ਵਿੱਚ ਲੁਭਾਣਗੜ੍ਹ (ਖਰੜ) ਸਥਿਤ ‘ਗੁਰੂ ਕ੍ਰਿਪਾ ਰਾਈਸ ਐਂਡ ਐਗਰੋ ਇੰਡਸਟਰੀਜ਼’ ਦੇ ਮਾਲਕ ਰਵਿੰਦਰ ਸਿੰਘ ਖੇੜਾ ਨੂੰ ਭਾਰਤੀ ਖ਼ੁਰਾਕ ਨਿਗਮ (ਐਫਸੀਆਈ) ਦੇ ਇੱਕ ਅਧਿਕਾਰੀ ਸਮੇਤ 50,000 ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਵਲੋਂ ਰਵਿੰਦਰ ਸਿੰਘ ਖੇੜਾ ਨੂੰ ਇਸੇ ਸਾਲ ਹਲਕਾ ਖਰੜ ਦਾ ਇੰਚਾਰਜ ਐਲਾਨਿਆ ਗਿਆ ਸੀ ਅਤੇ ਉਹਨਾਂ ਦੀ ਇਲਾਕੇ ਵਿੱਚ ਸਿਆਸੀ ਸਰਗਰਮੀਆਂ ਜੋਰਾਂ ਤੇ ਹਨ। ਬੀਤੀ 18 ਨਵੰਬਰ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਰੜ ਵਿਖੇ ਵਪਾਰੀਆਂ ਅਤੇ ਕਾਰੋਬਾਰੀਆਂ, ਜਿਨ੍ਹਾਂ ਵਿੱਚ ਸ਼ੈਲਰ ਮਾਲਕ, ਕਰਿਆਨਾ ਵਪਾਰੀ, ਪ੍ਰਾਪਰਟੀ ਡੀਲਰ, ਕੀਟਨਾਸ਼ਕ ਵਿਕਰੇਤਾ, ਛੋਟੇ ਵਪਾਰੀ ਅਤੇ ਆੜ੍ਹਤੀ ਸ਼ਾਮਲ ਸਨ, ਨਾਲ ਅਹਿਮ ਮੀਟਿੰਗ ਕੀਤੀ ਸੀ, ਜਿਸ ਦੇ ਪ੍ਰਬੰਧਾਂ ਵਿੱਚ ਖੇੜਾ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਬਾਦਲ ਪਰਿਵਾਰ ਵੱਲੋਂ ਖਰੜ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੀਤੀਆਂ ਗਈਆਂ ਅਹਿਮ ਰੈਲੀਆਂ ਵਿੱਚ ਵੀ ਖੇੜਾ ਲਗਾਤਾਰ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ।

ਈ ਡੀ ਦੀ ਛਾਪੇਮਾਰੀ ਤੋਂ ਬਾਅਦ ਸz. ਰਵਿੰਦਰ ਸਿੰਘ ਖੇੜਾ ਵਲੋਂ ਇੱਕ ਵੀਡੀਓ ਜਾਰੀ ਕਰਕੇ ਇਸ ਮਾਮਲੇ ਵਿੰਚ ਸਭ ਚੰਗਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸ੍ਰੀ ਖੇੜਾ ਅਨੁਸਾਰ ਈ ਡੀ ਦੀ ਟੀਮ ਪੁਰਾਣੀ ਐਫ ਆਈ ਦੇ ਮਾਮਲੇ ਦੀ ਜਾਂਚ ਕਰਨ ਆਈ ਸੀ ਅਤੇ ਉਹ ਪੂਰੀ ਚੜ੍ਹਦੀ ਕਲਾ ਵਿੱਚ ਹਨ। ਉਹਨਾਂ ਆਪਣੇ ਸਮਰਥਕਾਂ ਨੂੰ ਸੋਸ਼ਲ ਮੀਡੀਆਂ ਤੇ ਚਲ ਰਹੀਆਂ ਬੇਬੁਨਿਆਦ ਖਬਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ।

Continue Reading

Mohali

ਧੋਖਾਧੜੀ ਕਰਨ ਵਾਲੀਆਂ ਵੀਜ਼ਾ ਅਤੇ ਪ੍ਰਵਾਸ ਸੇਵਾ ਏਜੰਸੀਆਂ ਤੋਂ ਸਾਵਧਾਨ ਰਹਿਣ ਲੋਕ : ਡਿਪਟੀ ਕਮਿਸ਼ਨਰ

Published

on

By

ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਵਿੱਚ ਰੁਜ਼ਗਾਰ ਅਤੇ ਰਿਹਾਇਸ਼ੀ ਵੀਜ਼ਾ ਦਿਵਾਉਣ ਦੇ ਇਸ਼ਤਿਹਾਰਾਂ ਰਾਂਹੀ ਕੀਤਾ ਜਾਂਦਾ ਹੈ ਧੋਖਾ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਦਿੱਤਿਆ ਡਚਲਵਾਲ ਵੱਲੋਂ ਆਮ ਲੋਕਾਂ, ਖ਼ਾਸ ਕਰਕੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਧੋਖਾਧੜੀ ਕਰਨ ਵਾਲੀਆਂ ਵੀਜ਼ਾ ਅਤੇ ਪ੍ਰਵਾਸ ਸੇਵਾ ਏਜੰਸੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਸ ਸਬੰਧੀ ਭਾਰਤੀ ਦੂਤਾਵਾਸ, ਅਬੂ ਧਾਬੀ ਅਤੇ ਭਾਰਤੀ ਕੌਂਸਲੇਟ ਜਨਰਲ, ਦੁਬਈ ਅਤੇ ਉੱਤਰੀ ਅਮੀਰਾਤ ਵੱਲੋਂ ਜਾਰੀ ਸਲਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੁਝ ਵੀਜ਼ਾ ਅਤੇ ਪ੍ਰਵਾਸ ਸੇਵਾ ਏਜੰਸੀਆਂ, ਜੋ ਭਾਰਤ ਤੋਂ ਬਾਹਰ, ਵਿਸ਼ੇਸ਼ ਤੌਰ ਤੇ ਸੰਯੁਕਤ ਅਰਬ ਅਮੀਰਾਤ ਵਿੱਚ ਕੰਮ ਕਰ ਰਹੀਆਂ ਹਨ, ਸੋਸ਼ਲ ਮੀਡੀਆ ਰਾਹੀਂ ਤੀਜੇ ਦੇਸ਼ਾਂ ਵਿੱਚ ਰੁਜ਼ਗਾਰ ਅਤੇ ਰਿਹਾਇਸ਼ੀ ਵੀਜ਼ਾ ਦਿਵਾਉਣ ਦੇ ਇਸ਼ਤਿਹਾਰ ਦੇ ਕੇ ਬਿਨੈਕਾਰਾਂ ਤੋਂ ਪੈਸੇ ਵਸੂਲ ਰਹੀਆਂ ਹਨ। ਅਜਿਹੀਆਂ ਏਜੰਸੀਆਂ ਵੱਲੋਂ ਨਾ ਤਾਂ ਵਾਅਦੇ ਅਨੁਸਾਰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਕਈ ਮਾਮਲਿਆਂ ਵਿੱਚ ਰਕਮ ਵਾਪਸ ਕੀਤੀ ਜਾਂਦੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਤੇ ਚੱਲ ਰਹੇ ਇਸ਼ਤਿਹਾਰਾਂ ਦੇ ਆਧਾਰ ਤੇ ਕਿਸੇ ਵੀ ਨਿੱਜੀ ਵੀਜ਼ਾ ਏਜੰਸੀ (ਖ਼ਾਸ ਕਰਕੇ ਉਨ੍ਹਾਂ ਏਜੰਸੀਆਂ ਜੋ ਭਾਰਤ ਤੋਂ ਬਾਹਰ ਕੰਮ ਕਰ ਰਹੀਆਂ ਹਨ) ਤੇ ਭਰੋਸਾ ਕਰਨ ਤੋਂ ਬਚਣ ਅਤੇ ਜਿਸ ਦੇਸ਼ ਵਿੱਚ ਜਾਣ ਦੀ ਯੋਜਨਾ ਹੈ, ਉਸ ਦੇ ਵੀਜ਼ਾ ਨਿਯਮਾਂ, ਅਰਜ਼ੀ ਪ੍ਰਕਿਰਿਆ ਅਤੇ ਰੁਜ਼ਗਾਰ ਜਾਂ ਰਿਹਾਇਸ਼ੀ ਵੀਜ਼ਾ ਪ੍ਰਾਪਤ ਕਰਨ ਦੇ ਅਧਿਕਾਰਤ ਢੰਗਾਂ ਬਾਰੇ ਸਬੰਧਤ ਦੇਸ਼ ਦੇ ਦੂਤਾਵਾਸ ਜਾਂ ਕੌਂਸਲੇਟ ਤੋਂ ਸਿੱਧੀ ਜਾਣਕਾਰੀ ਜਰੂਰ ਹਾਸਿਲ ਕਰਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਏਜੰਸੀ ਵੀਜ਼ਾ ਮਨਜ਼ੂਰੀ ਦੀ ਗਾਰੰਟੀ ਨਹੀਂ ਦੇ ਸਕਦੀ, ਕਿਉਂਕਿ ਵੀਜ਼ਾ ਜਾਰੀ ਕਰਨ ਜਾਂ ਨਾ ਕਰਨ ਦਾ ਅਧਿਕਾਰ ਸਿਰਫ਼ ਸਬੰਧਤ ਦੇਸ਼ ਦੀ ਸਰਕਾਰ ਕੋਲ ਹੁੰਦਾ ਹੈ। ਇਸ ਲਈ ਵੀਜ਼ਾ ਮਨਜ਼ੂਰੀ ਦੇ ਵਾਅਦੇ ਦੇ ਆਧਾਰ ਤੇ ਕਿਸੇ ਨੂੰ ਵੀ ਪੈਸੇ ਨਾ ਦਿੱਤੇ ਜਾਣ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਵੀਜ਼ਾ ਸਬੰਧੀ ਸਹੀ ਅਤੇ ਨਵੀਨਤਮ ਜਾਣਕਾਰੀ ਲਈ ਬਿਨੈਕਾਰ ਸਿਰਫ਼ ਸਬੰਧਤ ਦੇਸ਼ ਦੀਆਂ ਸਰਕਾਰੀ ਵੈਬਸਾਈਟਾਂ ਜਾਂ ਦੂਤਾਵਾਸਾਂ ਦੀਆਂ ਅਧਿਕਾਰਤ ਵੈਬਸਾਈਟਾਂ ਤੋਂ ਹੀ ਜਾਣਕਾਰੀ ਹਾਸਲ ਕਰਨ ਅਤੇ ਤੀਜੀ ਧਿਰ ਦੇ ਸਰੋਤਾਂ ਤੇ ਨਿਰਭਰ ਰਹਿਣ ਤੋਂ ਗੁਰੇਜ਼ ਕਰਨ।

Continue Reading

Mohali

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 34ਵਾਂ ਯਾਦਗਾਰੀ ਕੁਸ਼ਤੀ ਦੰਗਲ ਕਰਵਾਇਆ

Published

on

By

ਸ਼ੇਰਾ ਬਾਬਾ ਫਲਾਈ ਨੇ ਭੁਪਿੰਦਰ ਅਜਨਾਲਾ ਨੂੰ ਚਿੱਤ ਕਰਕੇ ਜਿੱਤੀ ਝੰਡੀ ਦੀ ਕੁਸ਼ਤੀ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 34ਵੇਂ ਯਾਦਗਾਰੀ ਕੁਸ਼ਤੀ ਦੰਗਲ ਦਾ ਆਯੋਜਨ ਕੀਤਾ ਗਿਆ। ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ, ਹਰਿਆਣਾ, ਯੂ.ਪੀ. ਅਤੇ ਦਿੱਲੀ ਦੇ ਅਖਾੜਿਆਂ ਦੇ 400 ਤੋਂ ਵੀ ਵੱਧ ਉੱਘੇ ਨਾਮੀ ਪਹਿਲਵਾਨਾਂ ਨੇ ਹਿਸਾ ਲਿਆ। ਇਸ ਕੁਸ਼ਤੀ ਦੰਗਲ ਵਿੱਚ 122 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਅਤੇ ਸ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨਾਂ ਵਿੱਚ ਇੱਕ ਨੰਬਰ ਤੇ ਪਹਿਲੀ ਝੰਡੀ ਦੀ ਕੁਸ਼ਤੀ ਸ਼ੇਰਾ ਬਾਬਾ ਫਲਾਈ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਹੋਈ, ਜਿਸ ਵਿੱਚ ਸ਼ੇਰਾ ਬਾਬਾ ਫਲਾਈ ਨੇ ਕੁੱਝ ਸਮੇਂ ਬਾਅਦ ਹੀ ਭੁਪਿੰਦਰ ਅਜਨਾਲਾ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤ ਲਈ।

ਉਹਨਾਂ ਦੱਸਿਆ ਕਿ ਦੂਜੀ ਝੰਡੀ ਦੀ ਕੁਸ਼ਤੀ ਨਿਸ਼ਾਂਤ ਹਰਿਆਣਾ ਅਤੇ ਹਮੀਦੀ ਈਰਾਨ ਵਿੱਚਕਾਰ ਦਿਲ ਖਿੱਚਵੇਂ ਅੰਦਾਜ ਵਿੱਚ ਚਲਨ ਤੋਂ ਬਾਅਦ ਨਿਸ਼ਾਂਤ ਹਰਿਆਣਾ ਨੇ ਜਿੱਤ ਪ੍ਰਾਪਤ ਕੀਤੀ। ਤੀਜੀ ਝੰਡੀ ਦੀ ਕੁਸ਼ਤੀ ਵਿੱਚ ਰੋਹਿਤ ਲਾਡਪੁਰ ਅਤੇ ਸੁਦਾਮ ਹੁਸ਼ਿਆਰਪੁਰ ਦਰਮਿਆਨ ਜਬਰਦਸਤ ਮੁਕਾਬਲਾ ਹੋਇਆ, ਦੋਨਾਂ ਦਰਮਿਆਨ 20 ਮਿੰਟ ਮੁਕਾਬਲਾ ਚਲਿਆ ਇਸ ਉਪਰੰਤ 5 ਮਿੰਟ ਦਾ ਸਮਾਂ ਪੁਆਇਟਾਂ ਦੇ ਆਧਾਰ ਤੇ ਕੁਸ਼ਤੀ ਕਰਵਾਉਣ ਦਾ ਫੈਸਲਾ ਹੋਇਆ ਜਿਸ ਵਿੱਚ ਰੋਹਿਤ ਲਾਡਪੁਰ ਨੇ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ।

ਉਹਨਾਂ ਦੱਸਿਆ ਕਿ ਕੁਸ਼ਤੀ ਦੰਗਲ ਵਿੱਚ ਕਈ ਦਿਲਚਸਪ ਅਤੇ ਫਸਵੀਆਂ ਕੁਸ਼ਤੀਆਂ ਹੋਈਆਂ, ਜਿਨ੍ਹਾਂ ਵਿੱਚ ਹਿਮਾਂਸ਼ੂ ਡੂਮਛੇੜੀ ਨੇ ਮਨਪ੍ਰੀਤ ਬਿਰੜਵਾਲ ਨੂੰ, ਵਾਸਬ ਬਾਬਾ ਫਲਾਈ ਨੇ ਜੋਬਨ ਪੱਟੀ ਨੂੰ, ਫਰਿਆਦ ਨਵਾ ਪਿੰਡ ਨੇ ਮੁਕੇਸ਼ ਭੋਗਪੁਰ ਨੂੰ, ਪ੍ਰਿੰਸ ਬਾਬਾ ਫਲਾਈ ਨੇ ਮਖੱਣ ਰਾਜਾ ਅਖਾੜਾ ਨੂੰ ਕ੍ਰਮਵਾਰ ਵਿੱਚ ਚਿੱਤ ਕਰਕੇ ਜੇਤੂ ਰਹੇ। ਕੁਸ਼ਤੀ ਦੰਗਲ ਵਿੱਚ ਜੇਤੂ ਪਹਿਲਵਾਨਾਂ ਨੂੰ ਯੋਗਤਾ ਅਨੁਸਾਰ ਰਾਸ਼ੀ ਦਿੱਤੀ ਗਈ।

ਉਹਨਾਂ ਦੱਸਿਆ ਕਿ ਕੁਸ਼ਤੀ ਦੰਗਲ ਤੋਂ ਬਿਨਾਂ ਪਹਿਲਵਾਨਾਂ ਨੇ ਆਪਣੇ ਸਰੀਰਕ ਤਾਕਤ ਦੇ ਕਈ ਤਰ੍ਹਾਂ ਦੇ ਕਰਤੱਬ ਵੀ ਵਿਖਾਏ, ਜਿਸ ਵਿੱਚ ਇੱਕ ਪਹਿਲਵਾਨ ਨੇ ਢਾਈ ਕੁਇੰਟਲ ਮਿੱਟੀ ਦੀ ਬੋਰੀ ਨੂੰ ਪਿੱਠ ਤੇ ਚੁੱਕ ਕੇ ਪਿੜ੍ਹ ਦਾ ਗੇੜਾ ਦਿੱਤਾ। ਇਸ ਦੌਰਾਨ ਜਿੱਥੇ ਖਿਡਾਰੀ ਕੁਸ਼ਤੀ ਦੇ ਜੌਹਰ ਵਿਖਾ ਰਹੇ ਸਨ ਉੱਥੇ ਨਾਜਰ ਡਡੋਲੀਖੇੜੀ, ਜੱਸੀ ਰਹੀਯਾਵਾੜ ਅਤੇ ਕੁਲਬੀਰ ਕਾਈਨੌਰ ਨੇ ਦਿਲ ਖਿੱਚਵੀਂ ਕੁਮੈਂਟਰੀ ਦੇ ਨਾਲ ਨਾਲ ਕੁਸ਼ਤੀ ਦੰਗਲ ਦੀ ਪਰੰਪਰਾ ਬਾਰੇ ਦਰਸ਼ਕਾਂ ਨੂੰ ਚਾਨਣਾ ਪਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਪਹਿਲਵਾਨਾਂ ਦੀ ਹੱਥ ਜੋੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੂਟਾ ਸਿੰਘ, ਪਰਵਿੰਦਰ ਸਿੰਘ ਸੋਹਾਣਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ), ਰੁਪਿੰਦਰ ਸਿੰਘ ਰੂਪਾ ਸੋਹਾਣਾ, ਹਰਜੀਤ ਸਿੰਘ ਭੋਲੂ (ਕੌਂਸਲਰ), ਗੁਰਦੀਪ ਗੱਗਾ (ਸਾਬਕਾ ਸਰਪੰਚ), ਦਵਿੰਦਰ ਸਿੰਘ ਬੌਬੀ, ਸੁਭਾਸ਼ ਸ਼ਰਮਾ, ਸੁਰਿੰਦਰ ਰੋਡਾ ਨੇ ਕਰਵਾਈ। ਇਸ ਮੌਕੇ ਗਗਨਦੀਪ ਸਿੰਘ ਐੱਸ ਐੱਚ ਓ ਅਤੇ ਜਗਦੀਸ਼ ਸਿੰਘ ਭੋਲਾ ਅੰਤਰ ਰਾਸ਼ਟਰੀ ਪਹਿਲਵਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਕੁਸ਼ਤੀ ਦੰਗਲ ਦੌਰਾਨ ਰੈਫਰੀ ਦੀ ਸੇਵਾ ਲੈਂਬਰ ਪਹਿਲਵਾਨ, ਰਾਜਾ ਪਹਿਲਵਾਨ, ਤਿੱਤਰ ਸੋਹਾਣਾ, ਬਿੱਲਾ ਕਜਹੇੜੀ, ਸੰਤ ਸਿੰਘ ਮਾਮੂਪੁਰ ਨੇ ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ ਵਿੱਚ ਇਲਾਕੇ ਦੇ ਪਹਿਲਵਾਨਾਂ ਅਤੇ ਸਾਰੇ ਅਖਾੜਿਆਂ ਦੇ ਕੋਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ, ਬਿੰਦਾ ਧਨਾਸ, ਤਰਲੋਚਨ ਸਿੰਘ ਮਟੌਰ, ਸਤਵਿੰਦਰ ਸਿੰਘ, ਅਜੈ ਪਾਠਕ, ਹਰਸਿਮਰਨ ਸਿੰਘ ਬੱਲ ਡੀ ਐਸ ਪੀ, ਜਗਤਾਰ ਗੋਲੂ ਚੀਮਾ, ਉਮਰਾਓ ਸਿੰਘ ਮੌਲੀ ਬੈਦਵਾਨ, ਹਰਮਨਜੀਤ ਸਿੰਘ ਨੰਬਰਦਾਰ, ਅਮਰੀਕ ਸਿੰਘ, ਭੁਪਿੰਦਰ ਸਿੰਘ, ਅਮਨ ਪੂਨੀਆ, ਜੋਤੀ ਚਪੜਚਿੱੜੀ, ਬਿੱਲਾ ਬਲਾੜਾ ਪਹਿਲਵਾਨ ਆਦਿ ਤੋਂ ਇਲਾਵਾ ਕਈ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Continue Reading

Latest News

Trending