Punjab
ਸਲਿੰਡਰ ਫੱਟਣ ਕਾਰਨ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਅਬੋਹਰ, 27 ਜਨਵਰੀ (ਸ.ਬ.) ਬੀਤੀ ਦੇਰ ਸ਼ਾਮ ਅਬੋਹਰ ਦੇ ਨਾਮਦੇਵ ਚੌਕ ਮਲੋਟ ਰੋਡ ਤੇ ਦੋ ਸਪੇਅਰ ਪਾਰਟਸ ਦੀਆਂ ਦੁਕਾਨਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਵਿੱਚ ਰੱਖੇ ਦੋ ਘਰੇਲੂ ਗੈਸ ਸਿਲੰਡਰ ਫਟ ਗਏ, ਜਿਸ ਕਾਰਨ ਇੱਕ ਵੱਡਾ ਧਮਾਕਾ ਹੋ ਗਿਆ। ਹਾਲਾਂਕਿ, ਫਾਇਰ ਬ੍ਰਿਗੇਡ ਟੀਮ ਨੇ ਸਮੇਂ ਸਿਰ ਦੁਕਾਨ ਤੋਂ ਤਿੰਨ ਹੋਰ ਸਿਲੰਡਰ ਕੱਢ ਕੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ।
ਇਹ ਘਟਨਾ ਕ੍ਰਿਸ਼ਨ ਕੁਮਾਰ ਅਤੇ ਹਰੀਸ਼ ਦੀਆਂ ਦੁਕਾਨਾਂ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਇੰਚਾਰਜ ਬਰਿੰਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਐਤਵਾਰ ਹੋਣ ਕਰ ਕੇ ਦੁਕਾਨਾਂ ਬੰਦ ਸਨ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਲਾਂਕਿ, ਦੁਕਾਨਾਂ ਦੇ ਬਾਹਰ ਖੜ੍ਹਾ ਇੱਕ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨਾਂ ਵਿੱਚ ਰੱਖਿਆ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Chandigarh
ਚੰਡੀਗੜ੍ਹ ਪੁਲੀਸ ਨੇ ਡਿਜ਼ੀਟਲ ਗ੍ਰਿਫ਼ਤਾਰੀ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
ਚੰਡੀਗੜ੍ਹ, 29 ਜਨਵਰੀ (ਸ.ਬ.) ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲੀਸ ਨੇ ਡਿਜ਼ੀਟਲ ਗ੍ਰਿਫ਼ਤਾਰੀ ਕਰਕੇ ਧੋਖਾਧੜੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਦੋ ਮੁਲਜ਼ਮਾਂ ਨੂੰ ਦਿੱਲੀ ਅਤੇ ਇੱਕ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਪੁਲੀਸ ਮੁਲਾਜ਼ਮ ਹੋਣ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਸਨ।
ਇਸ ਮਾਮਲੇ ਵਿੱਚ 22 ਨਵੰਬਰ ਨੂੰ ਹਰੀਨਾਥ ਸਿੰਘ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਕਾਇਤ ਅਨੁਸਾਰ 2 ਅਕਤੂਬਰ ਨੂੰ ਉਸ ਦੇ ਮੋਬਾਈਲ ਤੇ ਕਾਲ ਆਈ ਅਤੇ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਉਸਦੇ ਆਧਾਰ ਕਾਰਡ ਤੇ ਇੱਕ ਸਿਮ ਕਾਰਡ ਜਾਰੀ ਕੀਤਾ ਗਿਆ ਹੈ ਅਤੇ ਉਸ ਮੋਬਾਈਲ ਨੰਬਰ ਰਾਹੀਂ ਕਈ ਧੋਖਾਧੜੀ ਕੀਤੀ ਗਈ ਹੈ। ਕਾਲਰ ਨੇ ਉਸ ਨੂੰ ਵਟਸਐਪ ਤੇ ਮੁੰਬਈ ਪੁਲੀਸ ਨਾਲ ਗੱਲ ਕਰਨ ਲਈ ਕਿਹਾ, ਜਿੱਥੇ ਪੁਲੀਸ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਉਹ ਨਰੇਸ਼ ਗੋਇਲ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੈ ਅਤੇ ਉਸ ਦਾ ਕੇਨਰਾ ਬੈਂਕ ਵਿੱਚ ਖਾਤਾ ਵੀ ਹੈ।
ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਦੇ ਖਾਤੇ ਵਿੱਚੋਂ 6 ਕਰੋੜ 80 ਲੱਖ ਰੁਪਏ ਦਾ ਲੈਣ ਦੇਣ ਹੋਇਆ ਹੈ, ਜਿਸ ਵਿੱਚ ਹਰੀਨਾਥ ਨੂੰ 10 ਫ਼ੀਸਦੀ ਕਮਿਸ਼ਨ ਮਿਲਿਆ ਸੀ। ਪੁਲੀਸ ਅਧਿਕਾਰੀ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਕੁਝ ਸਮੇਂ ਵਿੱਚ ਉਸ ਦੇ ਸਾਰੇ ਮੋਬਾਈਲ ਨੰਬਰ ਵੀ ਬੰਦ ਕਰ ਦਿੱਤੇ ਜਾਣਗੇ। ਫਿਰ ਉਸਨੂੰ ਇਕ ਨੰਬਰ ਦੇ ਕੇ ਇਸ ਮਾਮਲੇ ਨੂੰ ਗੁਪਤ ਰੱਖਣ ਲਈ ਕਿਹਾ ਗਿਆ ਅਤੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਨਾ ਕਰਨ ਲਈ ਕਿਹਾ ਗਿਆ ਅਤੇ ਹਰੀਨਾਥ ਨੂੰ ਕਿਹਾ ਗਿਆ ਕਿ ਉਹ ਵਟਸਐਪ ਰਾਹੀਂ ਹੀ ਅੱਗੇ ਗੱਲਬਾਤ ਕਰਨਗੇ।
ਜਾਂਚ ਦੌਰਾਨ ਪੁਲੀਸ ਨੇ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਤਾ ਲੱਗਾ ਕਿ ਸ਼੍ਰੀ ਹਰੀਨਾਥ ਨੂੰ ਜੋ ਵਰਚੁਅਲ ਕਾਲ ਅਤੇ ਵਟਸਐਪ ਕਾਲ ਆਈ ਸੀ, ਉਹ ਕੰਬੋਡੀਆ ਤੋਂ ਸੀ। ਇਸ ਸੰਬੰਧੀ ਹੋਰ ਜਾਂਚ ਕਰਨ ਤੇ, ਸ਼ੱਕੀ ਖਾਤੇ ਦੀ ਕੇ ਵਾਈ ਸੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਇਸ ਤੋਂ ਬਾਅਦ ਨਵੀਂ ਦਿੱਲੀ ਅਤੇ ਐਨ ਸੀ ਆਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਵਲੋਂ ਇਕ ਹੋਰ ਸ਼ੱਕੀ, ਹਸਨੈਨ ਹੈਦਰ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਵੀ ਬਰਾਮਦ ਕੀਤਾ ਹੈ, ਜੋ ਅਪਰਾਧ ਵਿੱਚ ਵਰਤਿਆ ਗਿਆ ਸੀ।
ਹਸਨੈਨ ਹੈਦਰ ਨੇ ਦੱਸਿਆ ਕਿ ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੇ ਕਹਿਣ ਤੇ ਫੈਡਰਲ ਬੈਂਕ ਵਿੱਚ ਬੱਚਤ ਖਾਤਾ ਖੋਲ੍ਹਿਆ ਸੀ ਅਤੇ ਉਸ ਨੂੰ ਹਰ ਲੈਣ-ਦੇਣ ਤੇ 5 ਫ਼ੀਸਦੀ ਕਮਿਸ਼ਨ ਮਿਲਦਾ ਸੀ। ਉਸਤੋਂ 1.50 ਲੱਖ ਦੀ ਧੋਖਾਧੜੀ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ।
Mohali
ਪਿੰਡ ਮਦਨਹੇੜੀ ਵਿਖੇ ਜਲਦ ਹੀ ਲਗਾਇਆ ਜਾਵੇਗਾ ਪੇਂਡੂ ਖੇਤਰ ਲਈ ਪਹਿਲਾ ਪਲਾਸਟਿਕ ਵੇਸਟ ਸੇਗਰੀਗੇਸ਼ਨ ਪਲਾਂਟ : ਏ ਡੀ ਸੀ ਸੋਨਮ ਚੌਧਰੀ
ਪੇਂਡੂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਬੀ ਡੀ ਪੀ ਓਜ਼ ਨੂੰ ਫਰਵਰੀ ਅੱਧ ਤੱਕ ਲਾਇਬ੍ਰੇਰੀਆਂ ਦਾ ਕੰਮ ਪੂਰਾ ਕਰਨ ਲਈ ਕਿਹਾ
ਐਸ ਏ ਐਸ ਨਗਰ, 29 ਜਨਵਰੀ (ਸ.ਬ.) ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਕਿਹਾ ਹੈ ਕਿ ਪੇਂਡੂ ਖੇਤਰਾਂ ਵਿੱਚ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਅਲੱਗ ਕਰਨ ਲਈ ਖਰੜ ਬਲਾਕ ਦੇ ਪਿੰਡ ਮਦਨਹੇੜੀ ਵਿਖੇ ਪੇਂਡੂ ਖੇਤਰ ਦਾ ਪਹਿਲਾ ਪਲਾਸਟਿਕ ਵੇਸਟ ਸੇਗਰੀਗੇਸ਼ਨ ਪਲਾਂਟ ਲਗਾਇਆ ਜਾਵੇਗਾ ਜੋ ਕਿ ਮੁਹਾਲੀ ਦੇ ਪਿੰਡਾਂ ਨੂੰ ਵੀ ਸੇਵਾ ਦੇਵੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਕਰਦਿਆਂ ਏ. ਡੀ. ਸੀ. ਨੇ ਕਿਹਾ ਕਿ ਪੇਂਡੂ ਖੇਤਰ ਵਿੱਚ ਠੋਸ ਅਤੇ ਗਿੱਲਾ ਕੂੜਾ ਇੱਕ ਵੱਡਾ ਮੁੱਦਾ ਬਣ ਗਿਆ ਹੈ ਅਤੇ ਇਸ ਦੇ ਨਿਪਟਾਰੇ ਲਈ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮਦਦ ਨਾਲ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਦਨਹੇੜੀ ਵਿਖੇ ਸਥਾਪਿਤ ਕੀਤਾ ਜਾ ਰਿਹਾ ਪਲਾਸਟਿਕ ਵੇਸਟ ਪਲਾਂਟ ਪਲਾਸਟਿਕ ਦੀ ਸਮੱਗਰੀ ਨੂੰ ਗੱਠਾਂ ਵਿੱਚ ਬੰਨ੍ਹਣ ਦਾ ਕੰਮ ਕਰੇਗਾ, ਜਿਸ ਨਾਲ ਖੁੱਲ੍ਹੇ ਬਾਜ਼ਾਰ ਵਿੱਚ ਵਿਕਰੀ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 78 ਪਿੰਡਾਂ ਨੂੰ ਮਾਰਚ ਦੇ ਅੰਤ ਤੱਕ ਮਾਡਲ ਪਿੰਡ ਬਣਾਉਣ ਲਈ ਸੁੱਕੇ ਅਤੇ ਗਿੱਲੇ ਕੂੜੇ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕਰਕੇ ਓ ਡੀ ਐਫ ਪਲੱਸ ਟੈਗ ਪ੍ਰਾਪਤ ਕੀਤਾ ਜਾਵੇਗਾ।
ਸ੍ਰੀਮਤੀ ਚੌਧਰੀ ਨੇ ਮੁਹਾਲੀ ਅਤੇ ਡੇਰਾਬੱਸੀ ਬਲਾਕਾਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਬਲਾਕਾਂ ਵਿੱਚ ਪੇਂਡੂ ਲਾਇਬ੍ਰੇਰੀਆਂ ਦੀ ਉਸਾਰੀ ਅਤੇ ਮੁਕੰਮਲ ਕਰਨ ਦਾ ਕੰਮ ਫਰਵਰੀ ਦੇ ਅੱਧ ਤੱਕ ਮੁਕੰਮਲ ਕਰ ਲੈਣ ਤਾਂ ਜੋ ਫਰਵਰੀ ਦੇ ਅੰਤ ਤੱਕ ਇਨ੍ਹਾਂ ਨੂੰ ਚਾਲੂ ਕੀਤਾ ਜਾ ਸਕੇ। ਦੋਵਾਂ ਬਲਾਕਾਂ ਵਿੱਚ ਛੇ-ਛੇ ਲਾਇਬ੍ਰੇਰੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਮਕਾਨਾਂ ਦੀ ਉਸਾਰੀ ਵਿੱਚ ਤੇਜ਼ੀ ਲਿਆਉਣ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਲਾਭਪਾਤਰੀਆਂ ਦੀ ਸਹੀ ਢੰਗ ਨਾਲ ਮੱਦਦ ਕੀਤੀ ਜਾਵੇ ਅਤੇ ਪਹਿਲੇ/ਦੂਜੇ ਪੜਾਅ ਨੂੰ ਪੂਰਾ ਕਰਕੇ ਬਾਕੀ ਦੀਆਂ ਕਿਸ਼ਤਾਂ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕੀਤਾ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ 26 ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਅਤੇ 154 ਖੇਡ ਮੈਦਾਨਾਂ ਦੇ ਨਿਰਮਾਣ ਦੀ ਪ੍ਰਗਤੀ ਦਾ ਵੀ ਮੁਲਾਂਕਣ ਕੀਤਾ ਗਿਆ ਅਤੇ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਕਿਹਾ ਗਿਆ। ਬੀ ਡੀ ਪੀ ਓਜ਼ ਨੂੰ ਬਿਨਾਂ ਦੇਰੀ ਦੇ ਵੱਖ ਵੱਖ ਵਿੱਤ ਕਮਿਸ਼ਨਾਂ ਅਤੇ ਐਮ ਪੀ ਲੋਕਲ ਏਰੀਆ ਡਿਵੈਲਪਮੈਂਟ ਫੰਡਾਂ ਅਧੀਨ ਮੁਕੰਮਲ ਕੀਤੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਦੇਣ ਲਈ ਵੀ ਕਿਹਾ ਗਿਆ।
ਮੀਟਿੰਗ ਵਿੱਚ ਮੁਹਾਲੀ ਅਤੇ ਡੇਰਾਬੱਸੀ ਦੇ ਉਪ ਮੰਡਲ ਮੈਜਿਸਟਰੇਟ ਦਮਨਦੀਪ ਕੌਰ ਅਤੇ ਅਮਿਤ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ ਈ ਓ ਰਣਜੀਤ ਸਿੰਘ, ਬੀ ਡੀ ਪੀ ਓ ਮੁਹਾਲੀ ਧਨਵੰਤ ਸਿੰਘ ਰੰਧਾਵਾ ਅਤੇ ਬੀ ਡੀ ਪੀ ਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਵੀ ਮੌਜੂਦ ਸਨ।
Mohali
ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲ ਬਣਨਗੇ ਸਕੂਲ ਆਫ਼ ਹੈਪੀਨੈਸ
ਹਰ ਇੱਕ ਸਕੂਲ ਦੇ ਬੁਨਿਆਦੀ ਢਾਂਚੇਦੇ ਸੁਧਾਰ ਤੇ ਖਰਚ ਹੋਣਗੇ ਔਸਤਨ 40 ਲੱਖ ਰੁਪਏ
ਐਸ ਏ ਐਸ ਨਗਰ, 29 ਜਨਵਰੀ (ਸ.ਬ.) ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈਸ ਬਣਾਇਆ ਜਾਵੇਗਾ, ਜਿਸ ਤਹਿਤ ਹਰ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਰੀਬ 40 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਐਸ ਡੀ ਐਮ ਦਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਨਾਲ ਕੀਤੀ ਗਈ ਮੀਟਿੰਗ ਵਿੱਚ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ ਸਿਖਿਆ) ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਭਗਵਾਸ, ਬੜ੍ਹ ਮਾਜਰਾ, ਪੜੌਲ, ਝੰਜੇੜੀ ਅਤੇ ਮਾਣਕ ਮਾਜਰਾ ਸ਼ਾਮਿਲ ਹਨ।
ਐਸ ਡੀ ਐਮ ਦਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸਮੱਗਰਾ ਸਿੱਖਿਆ ਅਭਿਆਨ ਅਤੇ ਮਿਡ-ਡੇ-ਮੀਲ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸ੍ਰੀ ਪ੍ਰੇਮ ਮਿੱਤਲ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਨੂੰ ਦੱਸਿਆ ਗਿਆ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉਚਾ ਚੁੱਕਣ ਲਈ ਸਮੱਗਰਾ ਸਿੱਖਿਆ ਅਭਿਆਨ ਅਧੀਨ ਸਿਵਲ ਵਰਕਸ ਤਹਿਤ ਵੱਖ ਵੱਖ ਗ੍ਰਾਂਟਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਅਕੂਤਬਰ ਅਤੇ ਨਵੰਬਰ 2024 ਦੌੌਰਾਨ ਸਾਲ 2023-24 ਦੀ ਵਾਧੂ ਗ੍ਰਾਂਟ ਅਧੀਨ 67 ਕੰਮਾਂ ਲਈ 556.32 ਲੱਖ ਰੁਪਏ ਦੀ ਗ੍ਰਾਂਟ ਵਿੱਚੋੋਂ 467.26 ਲੱਖ ਰੁਪਏ ਦੀ ਗ੍ਰਾਂਟ ਖਰਚੀ ਜਾ ਚੁੱਕੀ ਹੈ, ਬਚਦੀ 89.06 ਲੱਖ ਰੁਪਏ ਦੀ ਗ੍ਰਾਂਟ ਮਿਤੀ 28 ਫਰਵਰੀ 2025 ਤੱਕ ਖਰਚ ਲਈ ਜਾਵੇਗੀ ਅਤੇ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਨਬਾਰਡ ਸਕੀਮ ਤਹਿਤ ਨਬਾਰਡ 27-ਬੀ ਅਧੀਨ ਵਾਧੂ ਕਲਾਸ ਰੂਮਜ਼ ਅਤੇ ਇੰਟਰੈਕਟਿਵ ਪੈਨਲ ਲਈ 410.10 ਲੱਖ ਰੁਪਏ ਦੀ ਪ੍ਰਾਪਤ ਗ੍ਰਾਂਟ ਖਰਚ ਲਈ ਗਈ ਹੈ ਅਤੇ ਨਬਾਰਡ 29 ਅਧੀਨ ਵਾਧੂ ਕਲਾਸ ਰੂਮਜ਼ ਲਈ 116.47 ਲੱਖ ਰੁਪਏ ਦੀ ਪ੍ਰਾਪਤ ਗ੍ਰਾਂਟ ਵਿੱਖ 60.96 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਜਾ ਚੁੱਕੀ ਹੈ ਅਤੇ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਵਿੱਚ 11 ਫ਼ਰਵਰੀ, ਦਿਨ ਮੰਗਲਵਾਰ ਨੂੰ ਮੈਗਾ ਐਸ.ਐਮ.ਸੀ. (ਸਕੂਲ ਮੈਨੇਜਮੈਂਟ ਕਮੇਟੀ) ਮੀਟਿੰਗ ਕਰਵਾਈ ਜਾਣੀ ਹੈ, ਜਿਸ ਦਾ ਵਿਸ਼ਾ ‘ਸਕੂਲ ਸਫ਼ਾਈ ਸਿੱਖਿਆ ਵਧਾਈ’ ਹੋਵੇਗਾ। ਮੀਟਿੰਗ ਵਿੱਚ ਡੇਰਾਬਸੀ ਦੇ ਉਪ ਮੰਡਲ ਮੈਜਿਸਟਰੇਟ ਅਮਿਤ ਗੁਪਤਾ ਵੀ ਮੌਜੂਦ ਸਨ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
Editorial2 months ago
ਵਹਿਮਾਂ ਭਰਮਾਂ ਦੀ ਥਾਂ ਆਮ ਲੋਕਾਂ ਨੂੰ ਤਰਕਸ਼ੀਲ ਸੋਚ ਨੂੰ ਅਪਨਾਉਣ ਦੀ ਲੋੜ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International2 months ago
ਰਨਵੇ ਦੀ ਬਜਾਏ ਸੜਕ ਤੇ ਉਤਰਿਆ ਜਹਾਜ਼, ਲੈਂਡਿੰਗ ਦੌਰਾਨ ਹੋਏ ਦੋ ਟੋਟੇ
-
International1 month ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ