Connect with us

Punjab

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 64 ਵੇਂ ਦਿਨ ਵਿੱਚ ਦਾਖ਼ਲ

Published

on

 

 

ਡੱਲੇਵਾਲ ਨੇ ਜਨਤਾ ਦੇ ਨਾਮ ਸੰਦੇਸ਼ ਦੇ ਕੇ 12 ਫ਼ਰਵਰੀ ਨੂੰ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਖਨੌਰੀ, 28 ਜਨਵਰੀ (ਸ.ਬ.) ਪੰਜਾਬ ਅਤੇ ਹਰਿਆਣਾ ਦੇ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ 64ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਸz. ਜਗਜੀਤ ਸਿੰਘ ਡੱਲੇਵਾਲ ਵਲੋਂ ਖਨੌਰੀ ਸਰਹੱਦ ਤੋਂ ਜਨਤਾ ਨੂੰ ਸੰਦੇਸ਼ ਦਿੰਦਿਆਂ ਲੋਕਾਂ ਨੂੰ 12 ਫ਼ਰਵਰੀ ਨੂੰ ਖਨੌਰੀ ਸਰਹੱਦ ਤੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਡੱਲੇਵਾਲ ਨੇ ਆਪਣੇ 8 ਮਿੰਟ ਦੇ ਸੰਦੇਸ਼ ਵਿੱਚ ਮੁੱਖ ਤੌਰ ਤੇ ਚਾਰ ਨੁਕਤੇ ਉਠਾਏ ਹਨ। ਉਹਨਾਂ ਕਿਹਾ ਕਿ ਦੇਸ਼ ਵਿੱਚ ਇੱਕ ਭਾਵਨਾ ਹੈ ਕਿ ਦੇਸ਼ ਨੂੰ ਐਮ ਐਸ ਪੀ ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ। ਜਦੋਂ ਆਖਰੀ ਅੰਦੋਲਨ ਮੁਲਤਵੀ ਕੀਤਾ ਗਿਆ ਸੀ, ਤਾਂ ਦੂਜੇ ਰਾਜਾਂ ਨੇ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਦੇ ਲੋਕ ਅੰਦੋਲਨ ਨੂੰ ਚੌਰਾਹੇ ਤੇ ਛੱਡ ਰਹੇ ਹਨ। ਅਸੀਂ ਚਾਹੁੰਦੇ ਸੀ ਕਿ ਪੰਜਾਬ ਤੇ ਅਜਿਹੇ ਦੋਸ਼ ਨਾ ਲਗਾਏ ਜਾਣ। ਪੂਰੇ ਦੇਸ਼ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੀ ਲੋੜ ਹੈ। ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਨੂੰ ਵੀ ਐੱਮ ਐਸ ਪੀ ਦੀ ਲੋੜ ਹੈ। ਇਸ ਲਈ ਮੈਂ ਜੋ ਵੀ ਕਰ ਸਕਦਾ ਸੀ, ਮੈਂ ਉਹ ਕੀਤਾ।

ਉਹਨਾਂ ਕਿਹਾ ਕਿ 18 ਤਰੀਕ ਦੀ ਰਾਤ ਨੂੰ ਸਰਕਾਰ ਵੱਲੋਂ ਦਿੱਤੇ ਗਏ ਪੱਤਰ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਤੁਹਾਡੇ ਨਾਲ 14 ਫ਼ਰਵਰੀ ਨੂੰ ਇੱਕ ਮੀਟਿੰਗ ਕਰੇਗੀ। ਉਸ ਸਮੇਂ ਸਾਰੇ ਦੋਸਤਾਂ ਅਤੇ ਦੋਵਾਂ ਮੰਚਾਂ ਨੇ ਕਿਹਾ ਕਿ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਮੈਂ ਡਾਕਟਰੀ ਸਹਾਇਤਾ ਲਈ ਹੈ। ਜਿਸ ਕਾਰਨ ਉਲਟੀਆਂ ਆਉਂਦੀਆਂ ਹਨ। ਇਹ ਵਰਤ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ। ਤੁਸੀਂ ਸਾਰੇ ਸੋਚਦੇ ਹੋ ਕਿ ਸਾਨੂੰ 14 ਤਰੀਕ ਨੂੰ ਮੀਟਿੰਗ ਵਿੱਚ ਜਾਣਾ ਚਾਹੀਦਾ ਹੈ। ਪਰ ਮੇਰੀ ਸਿਹਤ ਇਸ ਦੀ ਇਜਾਜ਼ਤ ਨਹੀਂ ਦੇ ਰਹੀ। ਮੇਰੇ ਵਿੱਚ ਜਾਣ ਦੀ ਤਾਕਤ ਨਹੀਂ ਹੈ।

ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇਹ ਲੱਗੇ ਕਿ ਅੱਜ ਸਾਡੇ ਅੰਦੋਲਨ ਨੂੰ ਪਰਮਾਤਮਾ ਤੋਂ ਸ਼ਕਤੀ ਮਿਲੀ ਹੈ। ਅੱਜ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 30 ਤਰੀਕ ਨੂੰ ਭੋਗ ਪਾਏ ਜਾਣਗੇ। ਉਸ ਦਿਨ ਅਸੀਂ ਗੁਰੂ ਦਾ ਧੰਨਵਾਦ ਕਰਾਂਗੇ, ਜਿਨ੍ਹਾਂ ਦੀ ਕਿਰਪਾ ਨਾਲ ਸਰਕਾਰ ਨੂੰ ਹੋਸ਼ ਆਇਆ। ਉਹ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਈ। ਉੱਥੇ, ਉਸ ਦਿਨ, ਅਸੀਂ ਮੋਰਚੇ ਦੀ ਜਿੱਤ ਲਈ ਪ੍ਰਾਰਥਨਾ ਵੀ ਕਰਾਂਗੇ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ।

ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ 4 ਤਰੀਕ ਵਾਂਗ 12 ਤਰੀਕ ਨੂੰ ਸਾਰੇ ਦੇਸ਼ ਵਾਸੀ, ਕਿਸਾਨ, ਮਜ਼ਦੂਰ ਖਨੌਰੀ ਸਰਹੱਦ ਤੇ ਇਕੱਠੇ ਹੋਣੇ ਚਾਹੀਦੇ ਹਨ। ਆਓ ਆਪਾਂ ਸਾਰੇ ਮਿਲ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ। ਲੋਕ ਮਹਿਸੂਸ ਕਰਦੇ ਹਨ ਕਿ ਸਾਨੂੰ 14 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਯੋਗ ਹੋਣਾ ਚਾਹੀਦਾ ਹੈ।

Continue Reading

Chandigarh

ਭਾਜਪਾ ਦੇ ਹਰਪ੍ਰੀਤ ਬਬਲਾ ਬਣੇ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ

Published

on

By

 

ਕਾਂਗਰਸ ਦੇ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਅਤੇ ਤਰੁਣਾ ਮਹਿਤਾ ਬਣੀ ਡਿਪਟੀ ਮੇਅਰ

ਚੰਡੀਗੜ੍ਹ, 30 ਜਨਵਰੀ (ਸ.ਬ.) ਭਾਜਪਾ ਦੇ ਹਰਪ੍ਰੀਤ ਬਬਲਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਕਰਾਸ ਵੋਟਿੰਗ ਤੋਂ ਬਾਅਦ 2 ਵੋਟਾਂ ਨਾਲ ਚੋਣ ਜਿੱਤੀ। ਭਾਜਪਾ ਉਮੀਦਵਾਰ ਨੂੰ 19 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ।

ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ। ਉਨ੍ਹਾਂ ਨੂੰ 19 ਵੋਟਾਂ ਮਿਲੀਆਂ, ਜਦੋਂਕਿ ਭਾਜਪਾ ਉਮੀਦਵਾਰ ਬਿਮਲਾ ਦੂਬੇ ਨੂੰ 17 ਵੋਟਾਂ ਮਿਲੀਆਂ। ਕਾਂਗਰਸ ਦੀ ਤਰੁਣਾ ਮਹਿਤਾ ਡਿਪਟੀ ਮੇਅਰ ਬਣੇ ਹਨ। ਉਨ੍ਹਾਂ ਨੂੰ 19 ਵੋਟਾਂ ਮਿਲੀਆਂ, ਜਦੋਂਕਿ ਭਾਜਪਾ ਉਮੀਦਵਾਰ ਲਖਬੀਰ ਸਿੰਘ ਨੂੰ 17 ਵੋਟਾਂ ਮਿਲੀਆਂ।

Continue Reading

Mohali

ਮੁਹਾਲੀ ਪੁਲੀਸ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲਾ ਜੋੜਾ ਕਾਬੂ

Published

on

By

 

 

ਸੋਹਾਣਾ ਥਾਣੇ ਵਿੱਚ ਦਰਜ ਹਨ 5 ਕਰੋੜ ਦੀ ਠੱਗੀ ਦੇ ਕੁਲ 25 ਮਾਮਲੇ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਜੋੜੇ ਨੂੰ ਨਵੀਂ ਜੇਲ ਨਾਭਾ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸੋਹਾਣਾ ਦੀ ਟੀਮ ਵੱਲੋਂ ਇੱਕ ਨੈਸ਼ਨਲ ਪੱਧਰ ਦੇ ਠੱਗ ਜੋੜੇ ਸੰਜੇ ਸਿੰਘ ਅਤੇ ਉਸਦੀ ਪਤਨੀ ਅਰਪਨਾ ਸਗੋਤਰਾ ਵਾਸੀ ਐਮਾਰ ਮੁਹਾਲੀ ਹਿਲਸ ਬਨੂੜ ਰੋਡ ਸੈਕਟਰ 106 ਮੁਹਾਲੀ (ਜਿਹਨਾਂ ਦੇ ਖਿਲਾਫ ਥਾਣਾ ਸੁਹਾਣਾ ਵਿੱਚ 25 ਮੁਕਦਮੇ ਦਰਜ ਹਨ) ਨੂੰ ਨਵੀਂ ਜੇਲ ਨਾਭਾ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਥਾਣਾ ਸੁਹਾਣਾ ਦੇ 25 ਮੁਕਦਮਿਆਂ ਵਿੱਚ ਗ੍ਰਿਫਤਾਰ ਕੀਤਾ ਹੈ।

ਉਹਨਾਂ ਦੱਸਿਆ ਕਿ ਇਹ ਠੱਗ ਜੋੜਾ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਰਿਵਾਰ ਸਮੇਤ ਵੀਜ਼ਾ ਅਤੇ ਵਿਜਟਰ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ। ਉਹਨਾਂ ਦੱਸਿਆ ਕਿ ਇਸ ਜੋੜੇ ਵਲੋਂ ਲੋਕਾਂ ਨਾਲ 5 ਕਰੋੜ ਰੁਪਏ ਦੇ ਕਰੀਬ ਠੱਗੀ ਮਾਰੀ ਗਈ ਹੈ। ਪੁਲੀਸ ਵਲੋਂ ਜੋੜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

Continue Reading

Chandigarh

ਪੰਜਾਬ ਸਰਕਾਰ ਵੱਲੋਂ ਫਿਨਲੈਂਡ ਵਿੱਚ ਸਿਖਲਾਈ ਲਈ ਭੇਜਣ ਵਾਸਤੇ ਪ੍ਰਾਇਮਰੀ ਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਸ਼ੁਰੂ

Published

on

By

 

ਚਾਹਵਾਨ ਅਧਿਆਪਕ 2 ਫਰਵਰੀ ਤੱਕ ਈ-ਪੰਜਾਬ ਸਕੂਲ ਪੋਰਟਲ ਤੇ ਕਰ ਸਕਦੇ ਹਨ ਆਨਲਾਈਨ ਅਪਲਾਈ : ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 30 ਜਨਵਰੀ (ਸ.ਬ.) ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿੱਚ ਸਿਖਲਾਈ ਲਈ ਭੇਜਣ ਵਾਸਤੇ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 72 ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ (ਬੀ.ਪੀ.ਈ.ਓਜ਼, ਸੀ.ਐਚ.ਟੀਜ਼, ਐਚ.ਟੀਜ਼) ਦੇ ਦੂਜੇ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਿੰਨ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਇੱਕ ਹਫ਼ਤਾ ਪੰਜਾਬ ਵਿੱਚ ਸਿਖਲਾਈ ਦਿੱਤੀ ਜਾਵੇਗੀ ਅਤੇ ਫਿਰ ਦੋ ਹਫ਼ਤੇ ਦੀ ਸਿਖਲਾਈ ਫਿਨਲੈਂਡ ਵਿੱਚ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਅਧਿਆਪਕ 2 ਫਰਵਰੀ, 2025 ਸ਼ਾਮ 5 ਵਜੇ ਤੱਕ ਈ-ਪੰਜਾਬ ਸਕੂਲ ਪੋਰਟਲ ਉਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਿਖਲਾਈ ਲਈ ਜਾਣ ਵਾਲੇ ਉਮੀਦਵਾਰਾਂ ਦੀ ਉਮਰ 31 ਜਨਵਰੀ, 2025 ਤੱਕ 43 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ, ਜਦੋਂਕਿ ਐਚ. ਟੀ., ਸੀ. ਐਚ. ਟੀ. ਅਤੇ ਬੀ. ਪੀ. ਈ. ਓ. ਦੀ ਉਮਰ 48 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਬਿਨੈਕਾਰਾਂ ਕੋਲ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ ਜਿਸਦੀ ਵੈਧਤਾ ਘੱਟੋ ਘੱਟ ਸਤੰਬਰ 2025 ਤੱਕ ਹੋਵੇ। ਇਸ ਦੇ ਨਾਲ ਹੀ ਉਮੀਦਵਾਰਾਂ ਵਿਰੁੱਧ ਕੋਈ ਵੀ ਲੰਬਿਤ ਚਾਰਜਸ਼ੀਟ, ਇਨਕੁਆਰੀ ਜਾਂ ਅਪਰਾਧਿਕ ਮਾਮਲਾ ਨਹੀਂ ਹੋਣਾ ਚਾਹੀਦਾ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਂਦੇ 20 ਰੈਕਮੈਂਡੇਸ਼ਨ ਜਾਂ ਰੈਫਰੈਂਸ ਹਾਸਿਲ ਕਰਨੇ ਪੈਣਗੇ, ਜਿਨ੍ਹਾਂ ਵਿੱਚੋਂ 10 ਮੌਜੂਦਾ ਵਿਦਿਆਰਥੀਆਂ ਦੇ ਮਾਪਿਆਂ ਅਤੇ 10 ਸਾਬਕਾ ਵਿਦਿਆਰਥੀਆਂ ਦੇ ਮਾਪਿਆਂ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ) ਵੱਲੋਂ 3 ਫਰਵਰੀ ਨੂੰ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਦੌਰ ਵਿੱਚ ਜਾਣਗੇ। ਦੂਜੇ ਰਾਊਂਡ ਵਿੱਚ ਵਿਦਿਅਕ ਯੋਗਤਾ, ਤਜਰਬੇ, ਏ. ਸੀ. ਆਰ., ਇੰਟਰਵਿਊ-ਕਮ-ਪ੍ਰੈਜ਼ੈਂਟੇਸ਼ਨ ਵਿੱਚ ਕਾਰਗੁਜ਼ਾਰੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਯੋਗਦਾਨ ਦੇ ਆਧਾਰ ਤੇ ਯੋਗ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ।

Continue Reading

Latest News

Trending