Connect with us

Mohali

ਨਵੇਂ ਪੌਦੇ ਲਗਾਉਣ ਦੇ ਨਾਲ ਉਹਨਾਂ ਦੀ ਸੰਭਾਲ ਕਰਨੀ ਵੀ ਜ਼ਰੂਰੀ

Published

on

 

ਪੌਦਿਆਂ ਦੀ ਚਾਰ ਸਾਲ ਤੱਕ ਕਰਨੀ ਪੈਂਦੀ ਹੈ ਪੂਰੀ ਦੇਖਭਾਲ

ਐਸ.ਏ ਐਸ ਨਗਰ, 11 ਜੁਲਾਈ (ਸ.ਬ.) ਅੱਜ ਕੱਲ ਬਰਸਾਤ ਦੇ ਮੌਸਮ ਕਾਰਨ ਵੱਖ ਵੱਖ ਸੰਸਥਾਵਾਂ ਵੱਲੋਂ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ ਜਾ ਰਹੇ ਹਨ। ਇਹਨਾਂ ਵਿਚੋਂ ਕੁਝ ਸੰਸਥਾਵਾਂ ਵੱਲੋਂ ਤਾਂ ਆਪਣੇ ਪੌਦੇ ਲਗਾਉਣ ਦੇ ਕੰਮ ਦੀਆਂ ਖ਼ਬਰਾਂ ਵੀ ਲਗਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਵੱਡੀ ਗਿਣਤੀ ਸੰਸਥਾਵਾਂ ਹਰ ਸਾਲ ਵੱਖ ਵੱਖ ਥਾਂਵਾਂ ਤੇ ਪੌਦੇ ਜ਼ਰੂਰ ਲਗਾ ਦਿੰਦੀਆਂ ਹਨ ਪਰ ਇਹਨਾਂ ਪੌਦਿਆਂ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਅਕਸਰ ਇਹ ਪੌਦੇ ਸੁੱਕ ਜਾਂਦੇ ਹਨ। ਫਿਰ ਅਗਲੇ ਸਾਲ ਉਹਨਾਂ ਦੀ ਥਾਵਾਂ ਤੇ ਕੁਝ ਸੰਸਥਾਵਾਂ ਮੁੜ ਪੌਦੇ ਲਗਾ ਦਿੰਦੀਆਂ ਹਨ। ਇਹ ਵਰਤਾਰਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਹਾਲਾਕਿ ਪਿਛਲੇ ਸਮੇਂ ਦੌਰਾਨ ਅਜਿਹੀਆਂ ਸੰਸਥਾਵਾਂ ਵੱਲੋਂ ਲਗਾਏ ਗਏ ਵੱਡੀ ਗਿਣਤੀ ਪੌਦੇ ਸਹੀ ਦੇਖਭਾਲ ਕਾਰਨ ਹੁਣ ਦਰਖਤ ਵੀ ਬਣ ਚੁੱਕੇ ਹਨ।

ਮਾਹਿਰ ਕਹਿੰਦੇ ਹਨ ਕਿ ਬਰਸਾਤ ਦਾ ਮੌਸਮ ਪੌਦੇ ਲਗਾਉਣ ਲਈ ਪੂਰੀ ਤਰ੍ਹਾਂ ਢੁੱਕਵਾਂ ਹੁੰਦਾ ਹੈ, ਇਸ ਲਈ ਬਰਸਾਤ ਦੇ ਮੌਸਮ ਵਿੱਚ ਵੱਡੀ ਗਿਣਤੀ ਪੌਦੇ ਲਗਾਏ ਜਾਂਦੇ ਹਨ। ਹਰ ਪੌਦੇ ਨੂੰ ਦਰਖਤ ਬਣਨ ਲਈ ਪੰਜ ਤੋਂ ਛੇ ਸਾਲ ਲੱਗ ਜਾਂਦੇ ਹਨ ਅਤੇ ਹਰ ਪੌਦੇ ਨੂੰ ਲਗਾਤਾਰ ਚਾਰ ਸਾਲ ਪੂਰੀ ਤਰ੍ਹਾਂ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਹੀ ਉਹ ਦਰਖਤ ਬਣਦਾ ਹੈ। ਮਾਹਿਰ ਕਹਿੰਦੇ ਹਨ ਕਿ ਹਰ ਪੌਦੇ ਨੂੰ ਨਿਸ਼ਚਿਤ ਸਮੇਂ ਪਾਣੀ, ਖਾਦ ਆਦਿ ਮਿਲਣੇ ਜਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਪੌਦਿਆਂ ਨੂੰ ਨਿਸ਼ਚਿਤ ਮਾਤਰਾ ਵਿੱਚ ਧੁੱਪ ਅਤੇ ਹਵਾ ਵੀ ਚਾਹੀਦੀ ਹੁੰਦੀ ਹੈ ਭਾਵੇਂ ਕਿ ਤੇਜ ਧੁੱਪ ਅਤੇ ਹਨੇਰੀ ਪੌਦਿਆਂ ਦਾ ਨੁਕਸਾਨ ਕਰ ਦਿੰਦੀਆਂ ਹਨ। ਇਸ ਲਈ ਨਵੇਂ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਬਹੁਤ ਜਰੂਰੀ ਬਣ ਜਾਂਦੀ ਹੈ।

ਹੁਣ ਕੁਝ ਸੰਸਥਾਵਾਂ ਇਸ ਕੰਮ ਲਈ ਅੱਗੇ ਆਈਆਂ ਹਨ, ਜੋ ਕਿ ਨਵੇਂ ਪੌਦੇ ਲਗਾ ਕੇ ਲਗਾਤਾਰ ਕਈ ਸਾਲ ਉਹਨਾਂ ਦੀ ਦੇਖਭਾਲ ਦੇ ਪ੍ਰਬੰਧ ਵੀ ਕਰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਹੁਣ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਵੀ ਪੌਦੇ ਲਗਾਉਣ ਲੱਗ ਪਏ ਹਨ। ਇਸ ਤੋਂ ਇਲਾਵਾ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਹੁਣ ਇੱਕ ਦੂਜੇ ਦੇ ਜਨਮ ਦਿਨ ਤੇ ਪੌਦਿਆਂ ਵਾਲੇ ਗਮਲੇ ਤੋਹਫੇ ਵਿੱਚ ਦੇਣ ਲੱਗ ਪਏ ਹਨ, ਜਿਸ ਤੋਂ ਪਤਾ ਚਲੱਦਾ ਹੈ ਕਿ ਨੌਜਵਾਨ ਪੀੜੀ ਪੌਦੇ ਲਗਾਉਣ ਅਤੇ ਵਾਤਾਵਰਣ ਬਚਾਉਣ ਪ੍ਰਤੀ ਸੁਚੇਤ ਹੋ ਗਈ ਹੈ।

ਮਾਹਿਰ ਕਹਿੰਦੇ ਹਨ ਕਿ ਬਰਸਾਤਾਂ ਦੇ ਮੌਸਮ ਦੌਰਾਨ ਨਵੇਂ ਪੌਦੇ ਲਗਾਉਣਾ ਸ਼ਲਾਘਾਯੋਗ ਹੈ ਪਰ ਇਹਨਾਂ ਪੌਦਿਆਂ ਦੀ ਚਾਰ ਪੰਜ ਸਾਲ ਤੱਕ ਲਗਾਤਾਰ ਸੰਭਾਲ ਕਰਨੀ ਵੀ ਯਕੀਣੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਇਹ ਪੌਦੇ ਪੂਰੇ ਦਰਖਤ ਬਣ ਸਕਣ ਅਤੇ ਸਾਡਾ ਵਾਤਾਵਰਣ ਸ਼ੁੱਧ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ।

Continue Reading

Mohali

ਜ਼ਿਲ੍ਹਾ ਹਸਪਤਾਲ ਵਿੱਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ : ਡਾ. ਚੀਮਾ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲ, ਮੁਹਾਲੀ ਵਿਖੇ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਪਹਿਲਕਦਮੀ ਨਾਲ ਮਰੀਜ਼ਾਂ ਨੂੰ ਗੁਰਦੇ ਸਬੰਧੀ ਸਮੱਸਿਆਵਾਂ ਦਾ ਵਧੀਆ ਇਲਾਜ ਮਿਲੇਗਾ।

ਸਿਵਲ ਹਸਪਤਾਲ ਮੁਹਾਲੀ ਦੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ ਐਸ ਚੀਮਾ ਨੇ ਦੱਸਿਆ ਕਿ ਹਸਪਤਾਲ ਵਿਚ ਅੱਜ ਨੈਫਰੋਲੋਜੀ ਕੰਸਲਟੈਂਟ ਡਾ. ਅੰਕੁਰ ਚੌਧਰੀ ਵਲੋਂ ਸਫਲਤਾਪੂਰਵਕ ਪਹਿਲੀ ਕਿਡਨੀ ਬਾਇਓਪਸੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲੇਗਾ। ਉਹਨਾਂ ਇਸ ਸੇਵਾ ਦੀ ਸ਼ੁਰੂਆਤ ਲਈ ਡਾ: ਅੰਕੁਰ ਚੌਧਰੀ ਅਤੇ ਡਾ: ਵਿਜੇ ਭਗਤ ਦੀ ਅਗਵਾਈ ਵਾਲੀ ਸਮੁੱਚੀ ਰੇਡੀਓਲੋਜੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਡਾ. ਚੀਮਾ ਨੇ ਦੱਸਿਆ ਕਿ ਬਾਇਓਪਸੀ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਦੇ ਸੈੱਲਾਂ ਦਾ ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਜਾਂਦੀ ਹੈ। ਬਾਇਓਪਸੀ ਲਈ ਸੈਂਪਲ ਵਿੱਚ ਲਏ ਗਏ ਸੈੱਲ ਬਿਮਾਰੀ ਦਾ ਪਤਾ ਲਗਾਉਣ ਲਈ ਜਾਂਚ ਵਿੱਚ ਲਿਆਂਦੇ ਜਾਂਦੇ ਹਨ। ਬਾਇਓਪਸੀ ਨਾਲ ਕਈ ਬਿਮਾਰੀਆਂ ਤੇ ਉਨ੍ਹਾਂ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।

 

Continue Reading

Mohali

ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਪੁਲੀਸ ਦੀ ਹਾਜਰੀ ਵਿੱਚ ਹੋਇਆ ਅੰਤਿਮ ਸੰਸਕਾਰ

Published

on

By

 

 

 

ਐਸ. ਸੀ ਪਰਿਵਾਰ ਨਾਲ ਸਬੰਧਤ ਸੀ ਦਿਲਪ੍ਰੀਤ, ਮਿਲਣਗੇ ਕਰੀਬ ਸਾਢੇ 10 ਲੱਖ : ਡੀ.ਸੀ ਆਸ਼ਿਕਾ ਜੈਨ

 

 

ਐਸ ਡੀ ਐਮ ਨੇ ਦਮਨਪ੍ਰੀਤ ਦੇ ਪਰਿਵਾਰ ਨੂੰ ਦਿੱਤਾ 2 ਲੱਖ ਦਾ ਚੈੱਕ, ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਮਿਲਣਗੇ ਹੋਰ 2 ਲੱਖ

ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਕੁੰਭੜਾ ਵਿੱਚ ਹੋਏ ਕਤਲ ਮਾਮਲੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ (ਜਿਸਦੀ ਬੀਤੇ ਕੱਲ ਪੀ ਜੀ ਆਈ ਵਿੱਚ ਮੌਤ ਹੋ ਗਈ ਸੀ) ਦਾ ਅੰਤਮ ਸਸਕਾਰ ਅੱਜ ਮੁਹਾਲੀ ਪੁਲੀਸ ਦੀ ਹਾਜਰੀ ਵਿੱਚ ਪੂਰੀ ਮਰਿਆਦਾ ਅਤੇ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੰਵਰਬੀਰ ਸਿੰਘ ਰੂਬੀ ਸਿੱਧੂ, ਅਮੀਤੋਜ ਮਾਨ, ਰਮਨਪ੍ਰੀਤ ਕੌਰ ਕੁੰਭੜਾ, ਬਿੰਦਰਾ ਬੈਦਵਾਨ ਅਤੇ ਕਮਲਪ੍ਰੀਤ ਸਿੰਘ ਬਨੀ (ਸਾਰੇ ਕੌਂਸਲਰ), ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਅਤੇ ਪਿੰਡ ਕੁੰਭੜਾ ਦੇ ਵਸਨੀਕਾਂ ਤੋਂ ਇਲਾਵਾ ਐਸ.ਪੀ ਹਰਬੀਰ ਸਿੰਘ ਅਟਵਾਲ, ਐਸ.ਡੀ.ਐਮ ਦਮਨਪ੍ਰੀਤ ਕੌਰ, ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

ਇਸ ਦੌਰਾਨ ਪੁਲੀਸ ਪ੍ਰਸਾਸ਼ਨ ਵਲੋਂ ਪਿੰਡ ਕੁੰਭੜਾ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਆਸ ਪਾਸ ਦੇ ਪੁਲੀਸ ਸਟੇਸ਼ਨਾਂ ਤੋਂ ਵੀ ਪੁਲੀਸ ਫੋਰਸ ਮੰਗਵਾਈ ਗਈ ਹੈ। ਇਸ ਦੌਰਾਨ ਪਿੰਡ ਦੇ ਵਸਨੀਕ ਅਤੇ ਸਮਾਜਸੇਵੀ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਵੇ ਅਤੇ ਅਫਵਾਹਾਂ ਤੋਂ ਬਚਿਆ ਜਾਵੇ।

 

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਵਜੋਂ ਦਿੱਤੇ ਚੈੱਕ

ਇਸ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਦੇ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਦਿਲਪ੍ਰੀਤ ਸਿੰਘ ਦੇ ਐਸ.ਸੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਹੋਰ ਸਾਢੇ 8 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ। ਡੀ.ਸੀ ਨੇ ਅੱਗੇ ਦਸਿਆ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 2 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾ ਚੁੱਕੇ ਹਨ, ਜਦੋਂ ਕਿ ਹੋਰ 2 ਲੱਖ ਰੁਪਏ ਮੁਆਵਜੇ ਵਜੋਂ ਉਸ ਸਮੇਂ ਦਿੱਤੇ ਜਾਣਗੇ, ਜਦੋਂ ਪੁਲੀਸ ਵਲੋਂ ਗ੍ਰਿਫਤਾਰ ਮੁਲਜਮਾਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਪਰਿਵਾਰ ਦੇ ਨਾਲ ਹੈ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ।

 

ਪੁਲੀਸ ਨੇ ਹੁਣ ਤੱਕ ਨਾਬਾਲਗ ਸਮੇਤ 5 ਮੁਲਜਮ ਕੀਤੇ ਗ੍ਰਿਫਤਾਰ

ਮੁਹਾਲੀ ਪੁਲੀਸ ਵਲੋਂ ਹੁਣ ਤੱਕ ਇਸ ਮਾਮਲੇ ਵਿੱਚ ਇਕ ਨਾਬਾਲਗ ਸਮੇਤ ਪੰਜ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਮਨ ਟਾਕ ਵਾਸੀ ਯੂ.ਪੀ ਹਾਲ ਵਾਸੀ ਸੈਕਟਰ 52 ਚੰਡੀਗੜ੍ਹ, ਅਰੁਣ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ, ਅਕਾਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ ਅਤੇ ਮੁਲਜਮ ਗੌਰਵ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਰਿਤੇਸ਼ ਅਤੇ ਅਮਿਤ ਨਾਂ ਦੇ ਨੌਜਵਾਨਾਂ ਦੀ ਵੀ ਪਛਾਣ ਹੋਈ ਹੈ, ਜੋ ਕਿ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਪੁਲੀਸ ਨੇ ਗੌਰਵ ਨੂੰ ਸੋਹਾਣੇ ਤੋਂ ਅਤੇ ਬਾਕੀ ਮੁਲਜਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।

 

Continue Reading

Mohali

ਸ਼ਰਾਬ ਦੇ ਠੇਕੇ ਅਤੇ ਅਹਾਤੇ ਨੇੜੇ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੋਲੀ ਚਲਾਉਣ ਤੱਕ ਪਹੁੰਚੀ ਗੱਲ

Published

on

By

 

ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਮੌਲੀ ਤੋਂ ਸੁੱਖਗੜ੍ਹ ਰੋਡ ਤੇ ਸਥਿਤ ਇਕ ਸ਼ਰਾਬ ਦੇ ਠੇਕੇ ਅਤੇ ਅਹਾਤੇ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ, ਅਣਪਛਾਤੇ ਵਿਅਕਤੀ ਵਲੋਂ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਪਿਆ। ਉਧਰ ਆਸ ਪਾਸ ਦੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲਾ ਫਰਾਰ ਹੋ ਗਿਆ।

ਇਸ ਦੌਰਾਨ ਕਿਸੇ ਵਲੋਂ ਪੁਲੀਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪੁਲੀਸ ਕਰਮਚਾਰੀ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਪੁਲੀਸ ਨੂੰ ਮੌਕੇ ਤੋਂ ਇਕ ਜਿੰਦਾ ਰੌਂਦ ਬਰਾਮਦ ਹੋਇਆ ਹੈ, ਜੋ ਕਿ ਪੁਲੀਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ।

ਪੁਲੀਸ ਸੂਤਰਾਂ ਮੁਤਾਬਕ ਉਕਤ ਸੜਕ ਤੇ ਸੀ.11 ਨਾਂ ਤੇ ਠੇਕਾ ਅਤੇ ਅਹਾਤਾ ਹੈ। ਇਸ ਦੇ ਨਾਲ ਹੀ ਇਕ ਕਲੱਬ ਹੈ, ਜਿਥੇ ਪਰਿਵਾਰ ਆਪਸ ਵਿੱਚ ਮਿਲ ਕੇ ਪਾਰਟੀਆਂ ਕਰਦੇ ਹਨ। ਦੇਰ ਰਾਤ ਕਰੀਬ ਡੇਢ ਵਜੇ ਦੇ ਕਰੀਬ ਇਕ ਵਿਅਕਤੀ ਵਲੋਂ ਉਥੇ ਮੌਜੂਦ ਕੁਝ ਵਿਅਕਤੀਆਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਔਰਤ ਨੂੰ ਗਲਤ ਨਿਗਾਹ ਨਾਲ ਦੇਖਿਆ ਹੈ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ, ਦੂਜੀ ਧਿਰ ਦੇ ਵਿਅਕਤੀ ਜਿਆਦਾ ਸੀ, ਜਿਸ ਕਾਰਨ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਾਇਰ ਮਿਸ ਹੋ ਗਿਆ ਅਤੇ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਗਿਆ ਅਤੇ ਉਕਤ ਵਿਅਕਤੀ ਲੋਕਾਂ ਦੇ ਇਕੱਠ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।

ਪੁਲੀਸ ਉਸ ਥਾਂ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਝਗੜੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ, ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹਾਲੇ ਆਪਣਾ ਬਿਆਨ ਲਿਖਾਉਣ ਲਈ ਥਾਣੇ ਨਹੀਂ ਪਹੁੰਚੇ ਸਨ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਹਨਾਂ ਘਟਨਾ ਦੀ ਪੁਸ਼ਟ ਕਰਦਿਆਂ ਕਿਹਾ ਕਿ ਉਹ ਫਿਲਹਾਲ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਚੱਲ ਰਹੀ ਹੈ।

Continue Reading

Latest News

Trending