National
ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਬਰਫ਼ਬਾਰੀ

ਸ੍ਰੀਨਗਰ, 4 ਮਾਰਚ (ਸ.ਬ.) ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਤੇ ਅੱਜ ਸੱਜਰੀ ਬਰਫ਼ਬਾਰੀ ਹੋਈ ਹੈ ਜਦੋਂਕਿ ਵਾਦੀ ਦੇ ਬਹੁਤੇ ਹਿੱਸਿਆਂ ਵਿਚ ਮੀਂਹ ਪੈਣ ਦੀਆਂ ਵੀ ਰਿਪੋਰਟਾਂ ਹਨ।
ਗੁਲਮਰਗ, ਪਹਿਲਗਾਮ, ਸੋਨਮਰਗ, ਕੋਕਰਨਾਗ, ਕੁਪਵਾੜਾ ਦੇ ਕੁਝ ਹਿੱਸਿਆਂ ਤੇ ਬਾਰਾਮੂਲਾ ਅਤੇ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਨਵੇਂ ਸਿਰੇ ਤੋਂ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਸ੍ਰੀਨਗਰ ਸਣੇ ਵਾਦੀ ਵਿਚ ਬਹੁਤੀਆਂ ਥਾਵਾਂ ਤੇ ਮੀਂਹ ਪਿਆ ਹੈ। ਮੀਂਹ ਤੇ ਬਰਫ਼ਬਾਰੀ ਨਾਲ ਕਸ਼ਮੀਰ ਵਿਚ ਦਿਨ ਦਾ ਤਾਪਮਾਨ ਘਟਿਆ ਤੇ ਵਾਦੀ ਵਿਚ ਪਾਰਾ ਆਮ ਨਾਲੋਂ ਤਿੰਨ ਤੋਂ 9 ਡਿਗਰੀ ਤੱਕ ਹੇਠਾਂ ਆ ਗਿਆ।
ਮੌਸਮ ਵਿਭਾਗ ਨੇ ਕਿਹਾ ਕਿ ਜਿਵੇਂ ਜਿਵੇਂ ਦਿਨ ਚੜ੍ਹੇਗਾ ਮੌਸਮ ਖੁੱਲ੍ਹਣ ਦਾ ਅਨੁਮਾਨ ਹੈ। ਉਂਝ ਮੌਸਮ ਦੇ ਮੁੱਖ ਤੌਰ ਤੇ 10 ਮਾਰਚ ਤੱਕ ਖੁਸ਼ਕ ਰਹਿਣ ਦੇ ਆਸਾਰ ਹਨ।
National
ਕਾਰ ਬੇਕਾਬੂ ਹੋ ਕੇ ਨਾਲੇ ਵਿੱਚ ਪਲਟੀ, ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਬੁਲੰਦਸ਼ਹਿਰ, 4 ਮਾਰਚ (ਸ.ਬ.) ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿੱਚ ਨਾਲੇ ਵਿੱਚ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਗੁਲਾਵਥੀ ਥਾਣਾ ਖੇਤਰ ਦੇ ਪਿੰਡ ਪਿਤੁਵਾਸ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਕਾਰ ਸਵਾਰ ਅਮਰੋਹਾ ਜ਼ਿਲ੍ਹੇ ਦੇ ਨੌਗਾਵਾਂ ਸਾਦਤ ਥਾਣਾ ਖੇਤਰ ਦੇ ਨਾਸੇਰ ਨਗਲਾ ਪਿੰਡ ਵਾਸੀ ਨਿਪੇਂਦਰ, ਉਸ ਦੇ ਪੁੱਤਰ ਕਨ੍ਹਈਆ, ਭਰਾ ਦੀ ਧੀ ਵੰਸ਼ਿਕਾ ਅਤੇ ਹਰਸ਼ ਦੀ ਮੌਤ ਹੋ ਗਈ।
ਜਦਕਿ ਨਿਪੇਂਦਰ ਦੀ ਪਤਨੀ ਕੌਸ਼ਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਦਾ ਸਿਕੰਦਰਾਬਾਦ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੀਤੇ ਦਿਨ ਕੌਸ਼ਲ ਦੇ ਮਾਮੇ ਹੰਸਰਾਜ ਦੀ ਪੋਤੀ ਦਾ ਵਿਆਹ ਸੀ। ਇਸ ਵਿੱਚ ਹਿੱਸਾ ਲੈਣ ਲਈ ਨਿਪੇਂਦਰ ਬੀਤੀ ਸ਼ਾਮ ਆਪਣੀ ਪਤਨੀ, ਬੇਟੇ ਅਤੇ ਭਰਾ ਦੇ ਦੋ ਬੱਚਿਆਂ ਨਾਲ ਆਇਆ ਸੀ।
ਅੱਜ ਸਵੇਰੇ ਲਾੜੀ ਦੀ ਵਿਦਾਈ ਤੋਂ ਬਾਅਦ ਇਹ ਸਾਰੇ ਲੋਕ ਆਪਣੀ ਆਲਟੋ ਕਾਰ ਵਿੱਚ ਅਮਰੋਹਾ ਲਈ ਰਵਾਨਾ ਹੋਏ ਸਨ।
ਕਰੀਬ ਤਿੰਨ ਕਿਲੋਮੀਟਰ ਦੂਰ ਪਿੰਡ ਪਿੱਟੂਵਾਸ ਨੇੜੇ ਰਜਵਾਹੇ ਕੋਲ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਨਿਪੇਂਦਰ ਦੇ ਨਾਲ ਉਸ ਦੇ ਬੇਟੇ, ਭਤੀਜੇ ਅਤੇ ਭਤੀਜੀ ਦੀ ਮੌਤ ਹੋ ਗਈ।
National
ਸੜਕ ਹਾਦਸੇ ਦੌਰਾਨ ਬੋਰਡ ਦਾ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਮੌਤ

ਮਹਾਰਾਜਗੰਜ, 4 ਮਾਰਚ (ਸ.ਬ.) ਬੋਰਡ ਦੇ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਮਹਾਰਾਜਗੰਜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ, ਤਿੰਨੋਂ ਵਿਦਿਆਰਥਣਾਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਲਈ ਸੈਂਟਰ ਜਾ ਰਹੀਆਂ ਸਨ। ਇਹ ਸਾਰੀਆਂ ਵਿਦਿਆਰਥਣਾਂ ਬੋਲੈਰੋ ਵਿੱਚ ਸਵਾਰ ਸਨ।
ਬੋਲੈਰੋ ਪਲਟਣ ਕਾਰਨ 11 ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਪੁਰੰਦਰਪੁਰ ਥਾਣਾ ਖੇਤਰ ਦੇ ਸਮਰਧੀਰਾ, ਵਿਸ਼ੂਨਪੁਰ, ਕਰਮਾਹਾ ਬੁਜ਼ੁਰਗ ਅਤੇ ਕਰਮਾਹਾ ਪਿੰਡਾਂ ਦੀਆਂ 14 ਵਿਦਿਆਰਥਣਾਂ ਯੂਪੀ ਬੋਰਡ ਹਾਈ ਸਕੂਲ ਦੀ ਪ੍ਰੀਖਿਆ ਦੇਣ ਜਾ ਰਹੀਆਂ ਸਨ। ਇਨ੍ਹਾਂ ਦੀ ਪ੍ਰੀਖਿਆ ਮਹੇਸ਼ ਰਾਮ ਅਸ਼ੋਕ ਕੁਮਾਰ ਗਰਲਜ਼ ਇੰਟਰ ਕਾਲਜ, ਢਾਣੀ ਬਾਜ਼ਾਰ ਵਿਖੇ ਹੋ ਰਹੀ ਹੈ।
ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਪਿੰਡ ਸਿਕੰਦਰਜੀਤਪੁਰ ਨੇੜੇ ਬੋਲੈਰੋ ਦਾ ਪਹੀਆ ਅਚਾਨਕ ਫਟ ਗਿਆ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ।
National
ਗੇਮ ਖੇਡਣ ਤੋਂ ਰੋਕਣ ਤੇ ਨਾਰਾਜ਼ ਨੌਜਵਾਨ ਵੱਲੋਂ ਮਾਤਾ-ਪਿਤਾ ਅਤੇ ਭੈਣ ਦਾ ਕਤਲ
ਪਾਰਾਦੀਪ, 4 ਮਾਰਚ (ਸ.ਬ.) ਉੜੀਸਾ ਦੇ ਜਗਤਸਿੰਘਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ 21 ਸਾਲਾ ਲੜਕੇ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਨੂੰ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਉਸਨੂੰ ਆਨਲਾਈਨ ਗੇਮ ਖੇਡਣ ਤੋਂ ਰੋਕਦੇ ਸਨ। ਪੁਲੀਸ ਸੁਪਰਡੈਂਟ ਭਵਾਨੀ ਸੰਕਰ ਉਦਗਤਾ ਨੇ ਦੱਸਿਆ ਕਿ ਇਹ ਘਟਨਾ ਜਗਤਸਿੰਘਪੁਰ ਪੁਲੀਸ ਥਾਣਾ ਖੇਤਰ ਦੇ ਅਧੀਨ ਪੈਂਦੇ ਜੈਬਾਦਾ ਸੇਠੀ ਸਾਹੀ ਵਿਖੇ ਸਵੇਰੇ 3 ਵਜੇ ਦੇ ਕਰੀਬ ਵਾਪਰੀ। ਲੜਕੇ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਦੇ ਸਿਰ ਤੇ ਹਮਲਾ ਕਰਨ ਲਈ ਪੱਥਰ ਜਾਂ ਕਿਸੇ ਹੋਰ ਸਖ਼ਤ ਚੀਜ਼ ਦੀ ਵਰਤੋਂ ਕੀਤੀ ਹੈ। ਜਗਤਸਿੰਘਪੁਰ ਪੁਲੀਸ ਸਟੇਸ਼ਨ ਦੇ ਇੰਚਾਰਜ ਪ੍ਰਭਾਸ ਸਾਹੂ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸੂਰਜਕਾਂਤ ਸੇਠੀ ਨੂੰ ਉਸਦੇ ਮਾਤਾ-ਪਿਤਾ ਅਤੇ ਭੈਣ ਮੋਬਾਈਲ ਫੋਨ ਤੇ ਆਨਲਾਈਨ ਗੇਮ ਖੇਡਣ ਤੋ ਰੋਕਦੇ ਸਨ, ਜਿਸ ਕਾਰਨ ਉਹ ਉਨ੍ਹਾਂ ਤੋਂ ਨਾਰਾਜ਼ ਸੀ।
ਮ੍ਰਿਤਕਾਂ ਦੀ ਪਛਾਣ ਪ੍ਰਸ਼ਾਂਤ ਸੇਠੀ ਉਰਫ ਕਾਲੀਆ, ਉਸ ਦੀ ਪਤਨੀ ਕਨਕਲਤਾ ਅਤੇ ਬੇਟੀ ਰੋਜ਼ਲਿਨ ਵਜੋਂ ਹੋਈ ਹੈ। ਐਸਪੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਸੂਰਜਕਾਂਤ ਸੇਠੀ ਪਿੰਡ ਦੇ ਨੇੜੇ ਲੁਕ ਗਿਆ ਅਤੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਦਗਾਤਾ ਨੇ ਦੱਸਿਆ ਕਿ ਨੌਜਵਾਨ ਨੂੰ ਮਾਨਸਿਕ ਸਮੱਸਿਆ ਹੋਣ ਦਾ ਸ਼ੱਕ ਹੈ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਸੂਰਜਕਾਂਤ ਨੇ ਉਨ੍ਹਾਂ ਕੋਲ ਮੰਨਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕੀਤਾ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਐਸਪੀ ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਅਤੇ ਇੱਕ ਵਿਗਿਆਨਕ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali1 month ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ