Punjab
ਪਾਤੜਾ ਦੇ ਨਿੱਜੀ ਹਸਪਤਾਲ ਵਿੱਚ ਮਹਿਲਾ ਮਰੀਜ ਦੀ ਮੌਤ ਦਾ ਮਾਮਲਾ ਭਖਿਆ
ਪਰਿਵਾਰ ਨੇ ਗਲਤ ਟੀਕੇ ਅਤੇ ਦਵਾਈ ਕਾਰਨ ਮੌਤ ਹੋਣ ਦਾ ਇਲਜਾਮ ਲਗਾਇਆ, ਸਿਹਤ ਮੰਤਰੀ ਬਲਬੀਰ ਸਿੰਘ ਤੋਂ ਹਸਪਤਾਲ ਪ੍ਰਬੰਧਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਪਟਿਆਲਾ, 2 ਅਪ੍ਰੈਲ (ਬਿੰਦੂ ਧੀਮਾਨ) ਪਾਤੜਾਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 65 ਸਾਲਾ ਮਰੀਜ ਮੂਰਤੀ ਦੇਵੀ ਦੀ ਮੌਤ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਮਹਿਲਾ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮੂਰਤੀ ਦੇਵੀ ਦੀ ਮੌਤ ਗਲਤ ਟੀਕਾ ਲਗਾਉਣ ਅਤੇ ਦਵਾਈ ਕਾਰਨ ਹੋਈ ਹੈ। ਪਰਿਵਾਰ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਤੋਂ ਹਸਪਤਾਲ ਪ੍ਰਬੰਧਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਮਰੀਜ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਇਹ ਇਲਜਾਮ ਬੇਬੁਨਿਆਦ ਹਨ ਅਤੇ ਮਰੀਜ ਨੂੰ ਸਿਰਫ ਪੇਨ ਕਿਲਰ ਦਾ ਟੀਕਾ ਦਿੱਤਾ ਗਿਆ ਸੀ।
ਇਸ ਸੰਬੰਧੀ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਹ ਘਟਨਾ ਇਕੱਲੀ ਨਹੀਂ ਹੈ ਬਲਕਿ ਪਹਿਲਾਂ ਵੀ ਵਰਦਾਨ ਹਸਪਤਾਲ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ, ਵਰਦਾਨ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਪਰਿਵਾਰਕ ਮੈਂਬਰਾਂ ਤੇ ਪੈਸੇ ਦੇਣ ਅਤੇ ਮ੍ਰਿਤਕ ਔਰਤ ਨੂੰ ਹਸਪਤਾਲ ਤੋਂ ਲਿਜਾਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰਾਂ ਨੇ ਹੋਰ ਲੋਕਾਂ ਨੂੰ ਸੱਦਣਾ ਸ਼ੁਰੂ ਕੀਤਾ ਤਾਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਔਰਤ ਦੀ ਮੌਤ ਕਿਸੇ ਕਾਰਨ ਹੋਈ ਹੈ।
ਉਹਨਾਂ ਕਿਹਾ ਕਿ ਹਸਪਤਾਲ ਪ੍ਰਬੰਧਨ ਨੇ ਪਰਿਵਾਰ ਤੇ ਮਾਮਲਾ ਇੱਥੇ ਹੀ ਖਤਮ ਕਰਨ ਲਈ ਦਬਾਅ ਪਾਇਆ ਅਤੇ ਪਰਿਵਾਰ ਤੇ ਸ਼ਹਿਰ ਦੇ ਕੁਝ ਆਗੂਆਂ ਵੱਲੋਂ ਵੀ ਦਬਾਅ ਪਾਇਆ ਗਿਆ। ਇਸ ਮਾਮਲੇ ਵਿੱਚ ਹਸਪਤਾਲ ਨੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਕਿਉਂਕਿ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਰੀਜ਼ ਦੀ ਮੌਤ ਤੋਂ ਬਾਅਦ ਹਰ ਹਾਲਤ ਵਿੱਚ ਪੋਸਟਮਾਰਟਮ ਕੀਤਾ ਜਾਣਾ ਚਾਹੀਦਾ ਹੈ, ਪਰ ਅਜਿਹਾ ਨਹੀਂ ਕੀਤਾ ਗਿਆ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦੇਣ ਕਾਰਨ ਲਾਸ਼ ਦਾ ਸਸਕਾਰ ਜਲਦੀ ਵਿੱਚ ਕਰ ਦਿੱਤਾ ਗਿਆ।
ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਧਾਰਾ 304 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਦੇ ਨਾਲ-ਨਾਲ ਪ੍ਰਬੰਧਨ ਵਿਰੁੱਧ ਕਾਰਵਾਈ ਕੀਤੀ ਜਾਵੇ। ਮੂਰਤੀ ਦੇਵੀ ਦੇ ਪੁੱਤਰਾ ਪ੍ਰੇਮ ਚੰਦ ਅਤੇ ਡਿਪਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਅਚਾਨਕ ਪੇਟ ਵਿੱਚ ਦਰਦ ਹੋਣ ਤੇ 24 ਮਾਰਚ ਨੂੰ ਦੁਪਹਿਰ ਵੇਲੇ ਵਰਦਾਨ ਹਸਪਤਾਲ ਪਾਤੜਾਂ ਵਿਖੇ ਡਾਕਟਰ ਹਰਜੀਤ ਸਿੰਘ ਨੂੰ ਵਿਖਾਇਆ ਸੀ ਅਤੇ ਡਾ. ਹਰਜੀਤ ਸਿੰਘ ਨੇ ਕਿਹਾ ਕਿ ਇਹ ਮਾਮੂਲੀ ਇਨਫੈਕਸ਼ਨ ਹੈ ਅਤੇ ਮੌਸਮ ਬਦਲਣ ਦੇ ਨਾਲ ਇਹ ਆਮ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਡਾਕਟਰ ਦੀ ਸਲਾਹ ਉਹਨਾਂ ਆਪਣੀ ਮਾਂ ਨੂੰ ਵਰਦਾਨ ਹਸਪਤਾਲ ਪਾਤੜਾਂ ਵਿੱਚ ਦਾਖਲ ਕਰਵਾਇਆ ਅਤੇ ਇਲਾਜ ਲਈ ਡਾਕਟਰ ਨੇ ਉਹਨਾਂ ਨੂੰ 15000 ਰੁਪਏ ਦਾ ਪੈਕੇਜ ਦੱਸ ਕੇ ਜਮ੍ਹਾ ਕਰਵਾਉਣ ਲਈ ਕਿਹਾ ਜਿਸਤੇ ਉਹਨਾਂ ਨੇ ਗੂਗਲ ਪੇ ਰਾਹੀਂ 5000 ਰੁਪਏ ਜਮ੍ਹਾ ਕਰਵਾਏ ਜਿਸਤੋਂ ਬਾਅਦ ਉਹਨਾਂ ਦੀ ਇਲਾਜ ਸ਼ੁਰੂ ਹੋ ਗਿਆ।
ਉਹਨਾਂ ਕਿਹਾ ਕਿ ਡਾਕਟਰ ਨੇ ਸ਼ਾਮ 6:00 ਵਜੇ ਉਹਨਾਂ ਦੀ ਮਾਂ ਨੂੰ ਟੀਕਾ ਲਗਾਇਆ ਜਿਸਤੋਂ ਬਾਅਦ ਮਰੀਜ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਡਾਕਟਰ ਨੇ ਕਿਹਾ ਕਿ ਟੀਕਾ ਲਗਾ ਦਿੱਤਾ ਹੈ, ਉਹ ਕੁਝ ਘੰਟਿਆਂ ਵਿੱਚ ਹੋਸ਼ ਵਿੱਚ ਆ ਜਾਵੇਗੀ। ਉਹਨਾਂ ਡਾਕਟਰ ਤੇ ਭਰੋਸਾ ਕਰਕੇ ਆਪਣੀ ਮਾਂ ਨੂੰ ਇਸ ਹਸਪਤਾਲ ਵਿੱਚ ਦਾਖਲ ਰੱਖਿਆ ਅਤੇ 2-3 ਘੰਟੇ ਬਾਅਦ ਸਟਾਫ ਨੇ ਸਾਨੂੰ ਕਿਹਾ ਕਿ ਤੁਹਾਡੀ ਮਾਂ ਦੀ ਮੌਤ ਹੋ ਗਈ ਹੈ, ਤੁਸੀਂ ਪੈਸੇ ਜਮ੍ਹਾਂ ਕਰਵਾਓ ਅਤੇ ਲਾਸ਼ ਲੈ ਜਾਓ। ਜਦੋਂ ਉਹਨਾਂ ਨੇ ਡਾਕਟਰ ਨੂੰ ਫ਼ੋਨ ਕੀਤਾ ਤਾਂ ਉਹਨਾਂ ਦਾ ਫ਼ੋਨ ਨਹੀਂ ਚੁੱਕਿਆ ਗਿਆ ਅਤੇ ਸਟਾਫ ਨੇ ਉਹਨਾਂ ਨਾਲ ਦੁਰਵਿਵਹਾਰ ਕਰਦਿਆਂ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਡੀ ਐਸ ਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਅਤੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਵੀ ਈ ਮੇਲ ਕੀਤੀ ਹੈ।
ਇਸ ਸਬੰਧੀ ਗੱਲ ਕਰਨ ਤੇ ਡਾਕਟਰ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਜਾ ਰਹੇ ਦੋਸ਼ ਬੇਤੁਕੇ ਹਨ। ਉਨ੍ਹਾਂ ਕਿਹਾ ਕਿ ਉਸ ਮਰੀਜ ਨੂੰ ਦਰਦ ਰੋਕਣ ਲਈ ਪੇਨ ਕਿਲਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਰੀਜ ਦੀ ਕਨਸੈੱਟ ਲੈ ਕੇ ਹੀ ਟਰੀਟਮੈਂਟ ਸੁਰੂ ਹੁੰਦਾ ਹੈ। ਉੱਕਤ ਮਰੀਜ ਟੀਬੀ ਦਾ ਮਰੀਜ ਸੀ ਅਤੇ ਉਸਦੇ ਫੇਫੜੇ ਖਤਮ ਹੋ ਚੁੱਕੇ ਸਨ। ਡਾ. ਹਰਜੀਤ ਸਿੰਘ ਨੇ ਕਿਹਾ ਕਿ ਉਹ ਰਜਿੰਦਰਾ ਤੋਂ ਪਾਸ ਆਊਟ ਸਮੇਤ ਫੋਰਟਿਸ ਹਸਪਤਾਲ ਵਿੱਚ ਆਪਣੀ ਡਿਊਟੀ ਨਿਭਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਰੀਜ ਦੇ ਵਾਰਸਾਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆ ਜਾ ਰਹੀਆਂ ਹਨ, ਜਿਸ ਸਬੰਧੀ ਡੀਐਸਪੀ ਪਾਤੜ੍ਹਾਂ ਨੂੰ ਦਰਖਾਸਤ ਦਿੱਤੀ ਗਈ ਹੈ।
Mohali
ਮੁਹਾਲੀ ਦੇ ਜੁਡੀਸ਼ਿਅਲ ਕੋਰਟ ਸਮੇਤ ਅੱਧਾ ਦਰਜਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਪੁਲੀਸ ਪ੍ਰਸ਼ਾਸ਼ਨ ਹਾਈ ਅਲਰਟ ਤੇ, ਪੁਲੀਸ ਦੀ ਜਾਂਚ ਦੌਰਾਨ ਕੋਈ ਇਤਰਾਜਯੋਗ ਵਸਤੂ ਨਹੀਂ ਮਿਲੀ
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਦੇ ਜੁਡੀਸ਼ੀਅਲ ਕੋਰਟ ਕਾਂਪਲੈਕਸ ਸਮੇਤ ਸ਼ਹਿਰ ਦੇ ਲਗਭਗ ਅੱਧ ਦਰਜਨ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਈ ਮੇਲ ਪ੍ਰਾਪਤ ਹੋਈ ਹੈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ, ਐਸਏਐਸ ਨਗਰ (ਮੁਹਾਲੀ) ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼ 6 ਵਿੱਚ ਸਥਿਤ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ 69 ਵਿੱਚ ਸਥਿਤ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਤੋਂ ਇਲਾਵਾ ਰੇਆਨ ਸਕੂਲ, ਗੁਰੂਕੁਲ ਸਕੂਲ, ਆਰਕਿਜ ਇੰਟਨੈਸ਼ਨਲ ਸਕੂਲ ਸਮੇਤ ਕੁੱਝ ਹੋਰ ਸਕੂਲਾਂ ਨੂੰ ਧਮਕੀ ਵਾਲੀ ਈ ਮੇਲ ਮਿਲਣ ਤੋਂ ਬਾਅਦ ਇਹਨਾਂ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜਿਸਤੋਂ ਬਾਅਦ ਪੁਲੀਸ ਵਲੋਂ ਇਹਨਾਂ ਸਕੂਲਾਂ ਅਤੇ ਕੋਰਟ ਕਾਂਪਲੈਕਸ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐਂਟੀ ਸਾਬੋਤਾਜ ਟੀਮਾਂ ਅਤੇ ਬੰਬ ਸਕੂਐਡ ਵਲੋਂ ਇਹਨਾਂ ਥਾਵਾਂ ਦੀ ਤਲਾਸ਼ੀ ਲਈ ਗਈ ਪਰੰਤੂ ਕੁੱਝ ਵੀ ਇਤਰਾਜ ਯੋਗ ਨਹੀਂ ਮਿਲਿਆ।
ਇਸ ਦੌਰਾਨ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਸੂਚਨਾ ਦੇ ਕੇ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਸੁਰਖਿਤ ਬਾਹਰ ਕੱਢ ਕੇ ਘਰ ਭੇਜ ਦਿੱਤਾ ਗਿਆ। ਇਸ ਦੌਰਾਨ ਛੋਟੇ ਬੱਚਿਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਦੇ ਮਾਧਿਅਮ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਹਨਾਂ ਸਕੂਲਾਂ ਨੂੰ ਮਿਲੀ ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਅੱਗੇ ਦੀ ਕਾਰਵਾਈ ਜਾਰੀ ਹੈ।
ਇਸ ਦੌਰਾਨ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਇਸ ਸੰਬੰਧੀ ਅਧਿਕਾਰਤ ਹੁਕਮ ਜਾਰੀ ਕਰਕੇ ਸਾਰੇ ਜੁਡੀਸ਼ੀਅਲ ਅਧਿਕਾਰੀਆਂ, ਡਿਪਟੀ ਕਮਿਸ਼ਨਰ ਮੁਹਾਲੀ, ਐਸ ਐਸ ਪੀ ਮੁਹਾਲੀ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਿਲ੍ਹਾ ਅਟਾਰਨੀ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਅਦਾਲਤ ਦੀ ਆਫੀਸ਼ੀਅਲ ਈ ਮੇਲ ਤੇ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਮੇਲ ਆਈ ਹੈ ਜਿਸਤੋਂ ਬਾਅਦ ਅਦਾਲਤਾਂ ਨੂੰ ਖਾਲੀ ਕਰਵਾ ਕੇ ਸੁਰਖਿਆ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਉੱਥੇ ਮੌਜੂਦ ਵਕੀਲਾਂ, ਅਦਾਲਤੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਘਟਨਾ ਵਾਲੀ ਥਾਂ ਤੇ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਦੀਆਂ ਟੀਮਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਕੋਰਟ ਕੰਪਲੈਕਸ ਦੇ ਚੱਪੇ-ਚੱਪੇ, ਦਫ਼ਤਰਾਂ ਅਤੇ ਖੁੱਲ੍ਹੇ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਪੂਰੇ ਅਦਾਲਤ ਪਰਿਸਰ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਅਤੇ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਆਮ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਧਮਕੀ ਦੇ ਸਰੋਤ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਡਰਨ ਦੀ ਬਜਾਏ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।
Mohali
ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਐਸ.ਏ.ਐਸ. ਨਗਰ (ਮੁਹਾਲੀ) ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4, 2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਬੈਂਸ ਨੈ ਦੱਸਿਆ ਕਿ ਕਾਲਜ ਦੇ ਬੀ. ਏ. ਸਮੈਸਟਰ-5 ਦੇ ਵਿਦਿਆਰਥੀ ਸੰਜੀਵ ਗਿਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਸਪਨਾ ਨੇ 1500 ਮੀਟਰ ਅਤੇ 5000 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਦੂਜਾ ਸਥਾਨ, ਭੰਨਾ ਨੇ 800 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਹਾਸਲ ਕੀਤਾ, ਦਿੱਵਿਆ ਨੇ 1500 ਮੀਟਰ ਵਿੱਚ ਦੂਜਾ ਅਤੇ 800 ਮੀਟਰ ਵਿੱਚ ਤੀਜਾ ਸਥਾਨ ਅਤੇ ਕਾਜਲ ਨੇ 400 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ, ਸ਼ਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਸਿਮਰਪ੍ਰੀਤ ਕੌਰ, ਪ੍ਰੋ. ਜਗਤਾਰ ਸਿੰਘ ਵਲੋਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Chandigarh
ਖੁਰਾਕ ਸੁਰੱਖਿਆ ਸੂਬੇ ਦੀ ਮੁੱਖ ਤਰਜੀਹ : ਡਾ. ਬਲਬੀਰ ਸਿੰਘ
ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਖੁਰਾਕੀ ਪਦਾਰਥਾਂ ਦੀ ਜਾਂਚ ਮੁਹਿੰਮ ਤੇਜ਼
ਚੰਡੀਗੜ੍ਹ, 21 ਸਤੰਬਰ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਖੁਰਾਕ ਸੁਰੱਖਿਆ ਸੂਬੇ ਦੀ ਮੁੱਖ ਤਰਜੀਹ ਹੈ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਰਾਹੀਂ ਖਪਤਕਾਰਾਂ ਲਈ ਸੁਰੱਖਿਅਤ, ਪੌਸ਼ਟਿਕ ਅਤੇ ਸਾਫ਼-ਸੁਥਰੇ ਖਾਧ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ ਖੁਰਾਕ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸਮੇਂ ਦੌਰਾਨ ਜਦੋਂ ਮਿਠਾਈਆਂ, ਡੇਅਰੀ ਉਤਪਾਦਾਂ ਅਤੇ ਬੇਕਰੀ ਦੀਆਂ ਵਸਤਾਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ, ਬਾਰ ਵਿੱਚ ਨਕਲੀ ਅਤੇ ਮਾੜੀ ਗੁਣਵਤਾ ਵਾਲੇ ਸਾਮਾਨ ਦੀ ਸਪਲਾਈ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਸਾਰੇ ਖੁਰਾਕ ਕਾਰੋਬਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਖੁਰਾਕ ਸੁਰੱਖਿਆ ਸਬੰਧੀ ਕਾਨੂੰਨਾਂ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜ਼ਿੰਮੇਵਾਰਾਨਾ ਤੇ ਸਾਫ਼-ਸੁਥਰੇ ਤਰੀਕੇ ਖਾਧ ਪਦਾਰਥ ਬਣਾਉਣ।
ਉਨ੍ਹਾਂ ਖੁਰਾਕ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੱਚੇ ਮਾਲ ਦੀ ਸਹੀ ਖਰੀਦ ਅਤੇ ਸੁਚੱਜੀ ਸੰਭਾਲ ਯਕੀਨੀ ਬਣਾਉਣ, ਸਫਾਈ ਵਿਵਸਥਾ ਕਾਇਮ ਰੱਖਣ, ਮਿਲਾਵਟਖੋਰੀ ਤੋਂ ਬਚਣ ਅਤੇ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਕਰਨ ਵਾਲੀ ਕਿਸੇ ਵੀ ਗੈਰ-ਮਿਆਰੀ ਕਾਰਵਾਈ ਤੋਂ ਸਖ਼ਤੀ ਨਾਲ ਗੁਰੇਜ਼ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਖੁਰਾਕ ਦੀ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਕਰਨ ਵਾਲਿਆਂ ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ’ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਜ਼ਮੀਨੀ ਪੱਧਰ ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ, ਐਫ.ਡੀ.ਏ. (ਐਫਡੀਏ) ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਨਜ਼ਰਸਾਨੀ ਲਈ ਪੂਰੇ ਰਾਜ ਵਿੱਚ ਵਿਸ਼ੇਸ਼ ਮੁਹਿੰਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ। 12 ਅਤੇ 13 ਸਤੰਬਰ ਨੂੰ ਪਨੀਰ ਅਤੇ ਖੋਏ ਦੀ ਗੁਣਵੱਤਾ ਜਾਂਚ ਦੇ ਮੱਦੇਨਜ਼ਰ ਚਲਾਈ ਗਈ ਰਾਜ ਪੱਧਰੀ ਮੁਹਿੰਮ ਦੌਰਾਨ 216 ਨਮੂਨੇ ਲਏ ਗਏ ਜਿਹੜੇ ਵਿਸਥਾਰਪੂਰਵਕ ਜਾਂਚ ਲਈ ਰਾਜ ਖੁਰਾਕ ਲੈਬਾਰਿਟਰੀ ਨੂੰ ਭੇਜੇ ਗਏ ਹਨ। ਉਹਨਾਂ ਕਿਹਾ ਕਿ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਤੇ ਨਿਯਮਾਂ’ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਐਫ.ਡੀ. ਏ. ਦੀਆਂ ਟੀਮਾਂ ਨੇ 19 ਅਤੇ 20 ਸਤੰਬਰ ਨੂੰ ਮਿਠਾਈ ਅਤੇ ਬੇਕਰੀ ਉਤਪਾਦਨ ਇਕਾਈਆਂ ਵਿੱਚ ਸਫਾਈ ਅਤੇ ਸਵੱਛਤਾ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਿਸ ਦੌਰਾਨ ਪੰਜਾਬ ਭਰ ਵਿੱਚ ਕੀਤੀਆਂ ਗਈਆਂ 250 ਜਾਂਚਾਂ ਵਿੱਚੋਂ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 101 ਸੁਧਾਰ ਨੋਟਿਸ ਜਾਰੀ ਕੀਤੇ ਗਏ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਲਈ ਮੌਕੇ ਤੇ ਹੀ 20 ਚਲਾਨ ਕੱਟੇ ਗਏ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਖ਼ਤ ਨਿਗਰਾਨੀ, ਦੇਖ-ਰੇਖ ਅਤੇ ਅਚਨਚੇਤ ਜਾਂਚ ਦਾ ਸਿਲਸਿਲਾ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹੇਗਾ। ਸਿਹਤ ਵਿਭਾਗ ਅਤੇ ਐਫ.ਡੀ.ਏ. ਪੰਜਾਬ ਨੇ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ, ਸਮਝਦਾਰੀ ਨਾਲ ਖਰੀਦਦਾਰੀ ਕਰਨ ਅਤੇ ਮਿਠਾਈਆਂ, ਡੇਅਰੀ ਉਤਪਾਦ ਤੇ ਬੇਕਰੀ ਉਤਪਾਦ ਸਿਰਫ਼ ਭਰੋਸੇਯੋਗ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਦੁਕਾਨਾਂ ਤੋਂ ਹੀ ਖਰੀਦਣ ਦੀ ਅਪੀਲ ਕੀਤੀ ਹੈ।
-
International2 months agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
International2 months agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
Chandigarh1 month agoਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ
-
National1 month ago
ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੁਲਤਵੀ
-
Chandigarh1 month agoਚੰਡੀਗੜ੍ਹ ਦੇ ਸ਼ਰਧਾਲੂਆਂ ਲਈ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਦੀ ਧਾਰਮਿਕ ਯਾਤਰਾ ਦੀ 15ਵੀਂ ਬੱਸ ਰਵਾਨਾ
