Connect with us

Punjab

ਸੰਗਰੂਰ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਡੀਐਸਪੀ ਸਮੇਤ 19 ਵਿਅਕਤੀ ਗ੍ਰਿਫ਼ਤਾਰ

Published

on

 

ਹੈਰੋਇਨ, ਹਥਿਆਰ, ਨਕਦੀ ਜ਼ਬਤ

ਸੰਗਰੂਰ, 15 ਮਈ (ਸ.ਬ.) ਸੰਗਰੂਰ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ 19 ਵਿਅਕਤੀਆਂ ਅਤੇ ਇਕ ਡੀ. ਐਸ. ਪੀ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ, ਇਸ ਤਹਿਤ ਸੰਗਰੂਰ ਪੁਲੀਸ ਵਲੋਂ ਪਿਛਲੇ ਮਹੀਨੇ ਜੇਲ੍ਹ ਦੀ ਤਲਾਸ਼ੀ ਦੌਰਾਨ 9 ਮੋਬਾਈਲ ਫੋਨ, 4 ਸਮਾਰਟਵਾਚ, 50 ਗ੍ਰਾਮ ਅਫੀਮ ਅਤੇ ਹੋਰ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਸੰਗਰੂਰ ਜੇਲ੍ਹ ਵਿਚ ਹੀ ਇਕ ਕਲਾਸ 4 ਕਰਮਚਾਰੀ ਤਾਇਨਾਤ ਸੀ ਜਿਹੜਾ ਤਸਕਰੀ ਵਿਚ ਸ਼ਾਮਿਲ ਸੀ। ਉਸ ਨੈਟਵਰਕ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਨੇ ਮੋਬਾਈਲ ਫੋਨ ਸਪਲਾਈ ਕਰਨ ਵਾਲੀ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਉਹਨਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਮੋਬਾਈਲ ਫੋਨਾਂ ਰਾਹੀਂ ਕਿਸ ਨਾਲ ਸੰਪਰਕ ਵਿਚ ਸਨ। ਇਹ ਵੀ ਪਤਾ ਲੱਗਾ ਕਿ ਜੇਲ੍ਹ ਵਿਚ ਇਕ ਗੁਰਵਿੰਦਰ ਉਰਫ਼ ਬਾਬਾ ਸੀ, ਜੋ ਅੰਮ੍ਰਿਤਸਰ ਵਿਚ ਰਹਿ ਰਹੇ ਇਕ ਮਨਪ੍ਰੀਤ ਸਿੰਘ ਦੇ ਸੰਪਰਕ ਵਿਚ ਸੀ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ 4 ਕਿਲੋ ਹੈਰੋਇਨ, ਇਕ ਗਲੌਕ ਪਿਸਤੌਲ, ਦੋ ਜ਼ਿੰਦਾ ਗੋਲੀਆਂ ਅਤੇ 5.50 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

ਸੰਗਰੂਰ ਪੁਲੀਸ ਨੇ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਤਿੰਨ ਕੈਦੀਆਂ ਵਿਚੋਂ ਇਕ ਗੁਰਚੇਤ (ਵਾਸੀ ਤਰਨਤਾਰਨ) ਅਤੇ ਡੀ.ਐਸ.ਪੀ. ਸੁਰੱਖਿਆ ਜੇਲ੍ਹ ਗੁਰਪ੍ਰੀਤ ਸਿੰਘ ਨੇ ਮਿਲੀਭੁਗਤ ਕੀਤੀ ਸੀ। ਗੁਰਪ੍ਰੀਤ ਸਿੰਘ ਨੇ ਲਗਭਗ 10000 ਰੁਪਏ ਇਕੱਠੇ ਕੀਤੇ। ਨਸ਼ਾ ਤਸਕਰੀ ਦੇ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਯੂ ਪੀ ਆਈ ਖਾਤਿਆਂ ਰਾਹੀਂ ਭੁਗਤਾਨ ਕੀਤਾ ਗਿਆ ਸੀ। ਆਨਲਾਈਨ 40,000 ਨਕਦ ਅਤੇ 25,000-26,000 ਰੁਪਏ ਦਿੱਤੇ ਗਏ। ਉਨ੍ਹਾਂ ਨੇ 2 ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਦੀ ਤਸਕਰੀ ਕੀਤੀ। ਪੁਲੀਸ ਨੇ ਡੀ.ਐਸ.ਪੀ. ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 19 ਲੋਕਾਂ ਨੂੰ ਨਾਮਜ਼ਦ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅਨੁਸਾਰ ਖੁਫੀਆ ਸੂਚਨਾ ਤੇ ਕਾਰਵਾਈ ਕਰਦੇ ਹੋਏ ਸੰਗਰੂਰ ਪੁਲੀਸ ਨੇ ਜੇਲ੍ਹ ਦੇ ਅੰਦਰ ਛਾਪਾ ਮਾਰਿਆ ਤੇ ਨੌਂ ਮੋਬਾਈਲ ਫੋਨ, ਚਾਰ ਸਮਾਰਟ ਘੜੀਆਂ, 50 ਗ੍ਰਾਮ ਅਫੀਮ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਕੀਤੀਆਂ। ਮੁੱਢਲੀ ਜਾਂਚ ਵਿੱਚ ਚੌਥਾ ਦਰਜਾ ਮੁਲਾਜ਼ਮ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਡੀਜੀਪੀ ਨੇ ਦੱਸਿਆ ਕਿ ਪੁਲੀਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਸਕਰੀ ਵਿਚ ਫੜੇ ਗਏ ਮਨਪ੍ਰੀਤ ਸਿੰਘ ਨਾਲ ਇਸ ਦੇ ਤਾਰ ਜੁੜੇ ਹੋਏ ਹਨ। ਜੋ ਕੈਦੀ ਗੁਰਵਿੰਦਰ ਸਿੰਘ ਦਾ ਸਹਿਯੋਗੀ ਹੈ ਤੇ ਮੌਜੂਦਾ ਸਮੇਂ ਸੰਗਰੂਰ ਜੇਲ੍ਹ ਵਿਚ ਬੰਦ ਹੈ। ਮਨਪ੍ਰੀਤ ਸਿੰਘ ਦੇ ਕਬਜ਼ੇ ਤੋਂ ਪੁਲੀਸ ਨੇ 4 ਕਿਲੋਗ੍ਰਾਮ ਹੈਰੋਇਨ, 5.5 ਲੱਖਰੁਪਏ ਦੀ ਡਰੱਗ ਮਨੀ ਤੇ ਇਕ ਗਲਾਕ ਪਿਸਤੌਲ ਹੋਰ ਬਰਾਮਦ ਕੀਤੇ।

 

Mohali

ਮੁਹਾਲੀ ਪੁਲੀਸ ਨੇ ਸੁਲਝਾਈ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ, ਪੜੌਸੀ ਮਹਿਲਾ ਨੇ ਕੀਤਾ ਸੀ ਗਲਾ ਘੁੱਟ ਕੇ ਕਤਲ

Published

on

By

ਸੀ. ਸੀ. ਟੀ. ਵੀ. ਫੁਟੇਜ ਅਤੇ ਤਕਨੀਕੀ ਤੇ ਵਿਗਿਆਨਕ ਸਬੂਤਾਂ ਦੀ ਮਦਦ ਨਾਲ ਸੁਲਝਿਆ ਮਾਮਲਾ, ਮਹਿਲਾ ਗ੍ਰਿਫ਼ਤਾਰ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਲਾਲੜੂ ਥਾਣਾ ਖੇਤਰ ਦੇ ਪਿੰਡ ਬੱਲੋਪੁਰ ਵਿਖੇ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਇੱਕ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਇੱਕ ਪਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ ਪੀ (ਦਿਹਾਤੀ) ਐਸ. ਏ. ਐਸ. ਨਗਰ, ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 15 ਨਵੰਬਰ ਨੂੰ ਪਿੰਡ ਬੱਲੋਪੁਰ ਦੇ ਵਸਨੀਕ ਗੁਰਵਿੰਦਰ ਸਿੰਘ ਦੇ ਦੋ ਸਾਲ ਦੇ ਪੁੱਤਰ ਗੁਰਸਾਂਝ ਸਿੰਘ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਸੀ। ਮੁੱਢਲੀ ਜਾਂਚ ਵਿੱਚ ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਗੁਰਵਿੰਦਰ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਪੁੱਤਰ ਗੁਰਸਾਂਝ ਸਿੰਘ 14 ਨਵੰਬਰ ਨੂੰ ਦੁਪਹਿਰ ਕਰੀਬ 1:30 ਵਜੇ ਘਰ ਦੇ ਬਾਹਰ ਖੇਡਦਿਆਂ ਲਾਪਤਾ ਹੋ ਗਿਆ ਸੀ ਅਤੇ ਬੱਚੇ ਦੀ ਭਾਲ ਦੌਰਾਨ 15 ਨਵੰਬਰ ਦੀ ਸਵੇਰ ਨੂੰ ਉਸ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਸੀ।

ਉਹਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਲਾਲੜੂ ਵਿਖੇ 15 ਨਵੰਬਰ ਨੂੰ ਬੀ ਐਨ ਐਸ ਦੀ ਧਾਰਾ 140(1), 103(1) ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਅਤੇ ਮੁਲਜ਼ਮ ਦੀ ਪਛਾਣ ਲਈ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਐਸ ਪੀ ਦਿਹਾਤੀ ਸ੍ਰੀ ਜਸਪਿੰਦਰ ਸਿੰਘ ਗਿੱਲ ਅਤੇ ਡੀ ਐਸ ਪੀ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪਰਦੀਪ ਸਿੰਘ ਬਾਜਵਾ, ਸਪੈਸ਼ਲ ਸੈਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਲਾਲੜੂ ਇੰਸਪੈਕਟਰ ਆਕਾਸ਼ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ।

ਉਹਨਾਂ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਜਿਸ ਦੌਰਾਨ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਪੜਤਾਲੇ ਜਾਣ ਤੋਂ ਇਲਾਵਾ ਹੋਰ ਤਕਨੀਕੀ ਅਤੇ ਵਿਗਿਆਨਕ ਸਬੂਤ ਵੀ ਇਕੱਠੇ ਕੀਤੇ ਗਏ। ਇਨ੍ਹਾਂ ਯਤਨਾਂ ਸਦਕਾ ਪੁਲੀਸ ਨੇ ਅੱਜ ਸੋਨਿਕਾ ਵਾਸੀ ਪਿੰਡ ਬੱਲੋਪੁਰ, ਥਾਣਾ ਲਾਲੜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਅਤੇ ਬਾਅਦ ਵਿੱਚ ਲਾਸ਼ ਘਰ ਦੀ ਛੱਤ ਉੱਪਰ ਰੱਖਣ ਦੀ ਗੱਲ ਕਬੂਲ ਕੀਤੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚ ਸੀ। ਪੁਲੀਸ ਮੁਤਾਬਕ ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਗੁੱਸੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਵਾਰਦਾਤ ਵਿੱਚ ਵਰਤੇ ਗਏ ਦੱਸੇ ਜਾ ਰਹੇ ਇੱਕ ਕੰਬਲ ਅਤੇ ਇੱਕ ਚਾਦਰ ਦੀ ਬਰਾਮਦਗੀ ਕੀਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Continue Reading

Punjab

ਪਟਿਆਲਾ-ਬਠਿੰਡਾ ਕੌਮੀ ਮਾਰਗ ਤੇ ਡਿੱਗਿਆ ਭਾਖੜਾ ਨਹਿਰ ਦਾ ਪੁਲ

Published

on

By

ਮਲਬੇ ਵਿੱਚ ਫਸੇ ਦੋ ਟਰੱਕ, ਇੱਕ ਨੂੰ ਲੱਗੀ ਅੱਗ

ਪਟਿਆਲਾ, 19 ਨਵੰਬਰ (ਸ.ਬ.) ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ ਤੇ ਭਾਖੜਾ ਨਹਿਰ ਉੱਪਰ ਬਣਿਆ ਇੱਕ ਬੇਲੀ ਪੁਲ ਅੱਜ ਸਵੇਰੇ ਅਚਾਨਕ ਡਿੱਗ ਗਿਆ। ਇਸ ਦੌਰਾਨ ਦੋ ਟਰੱਕ ਹੇਠਾਂ ਡਿੱਗ ਕੇ ਪੁਲ ਦੇ ਮਲਬੇ ਵਿੱਚ ਲਟਕ ਗਏ। ਇਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਪਰ ਟਰੱਕਾਂ ਦੇ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤੜਕਸਾਰ ਪਿੰਡ ਪਸਿਆਣਾ ਨੇੜੇ ਵਾਪਰੀ ਜਦੋਂ ਰੇਤ ਨਾਲ ਭਰੇ ਟਰੱਕ ਪੁਲ ਤੋਂ ਲੰਘ ਰਹੇ ਸਨ। ਅੱਜ ਸਵੇਰੇ ਕਰੀਬ ਛੇ ਵਜੇ ਜਦੋਂ ਇਸ ਪੁਲ ਤੋਂ ਤਿੰਨ ਗੱਡੀਆਂ ਲੰਘ ਰਹੀਆਂ ਸਨ ਤਾਂ ਜਦੋਂ ਇਕ ਗੱਡੀ ਦਾ ਅੱਧਾ ਹਿੱਸਾ ਅਜੇ ਪੁਲ ਤੇ ਹੀ ਸੀ ਤਾਂ ਪੁੱਲ ਡਿੱਗ ਕੇ ਟੁੱਟ ਗਿਆ ਪਰੰਤੂ ਉਸ ਟਰੱਕ ਡਰਾਈਵਰ ਨੇ ਭਜਾ ਕੇ ਆਪਣੀ ਗੱਡੀ ਕੱਢ ਦਿੱਤੀ। ਪਰੰਤੂ ਜਿਹੜੀਆਂ ਦੋ ਗੱਡੀਆਂ ਪੁਲ ਦੇ ਉੱਪਰ ਸਨ ਉਹ ਪੁਲ ਦੇ ਨਾਲ ਹੀ ਹੇਠਾਂ ਡਿੱਗ ਗਈਆਂ।

ਪੁਲ ਡਿੱਗਣ ਤੋਂ ਬਾਅਦ, ਦੋਵੇਂ ਟਰੱਕ ਟੁੱਟੇ ਹੋਏ ਢਾਂਚੇ ਵਿੱਚ ਫਸ ਗਏ ਅਤੇ ਨਹਿਰ ਦੇ ਉੱਪਰ ਲਟਕਦੇ ਰਹੇ, ਜਦਕਿ ਭਾਖੜਾ ਨਹਿਰ ਦਾ ਪਾਣੀ ਡਿੱਗੇ ਹੋਏ ਪੁਲ ਦੇ ਉੱਪਰੋਂ ਵਹਿ ਰਿਹਾ ਸੀ। ਇੱਕ ਟਰੱਕ ਨੂੰ ਲੱਗੀ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ, ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ ਸਥਿਤੀ ਨੂੰ ਸੰਭਾਲਣ ਅਤੇ ਰਾਹਤ ਤੇ ਬਚਾਅ ਕਾਰਜ ਚਲਾਉਣ ਲਈ ਮੌਕੇ ਤੇ ਪਹੁੰਚ ਗਈਆਂ।

ਆਲੇ ਦੁਆਲੇ ਲੋਹੇ ਦਾ ਜੰਗਲਾ ਹੋਣ ਕਾਰਨ ਪੁਲ ਪਾਣੀ ਵਿੱਚ ਤਾਂ ਨਹੀਂ ਰੁੜਿਆ ਪ੍ਰੰਤੂ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਉਹ ਨਸ਼ਟ ਹੋ ਗਿਆ। ਇਸ ਦੌਰਾਨ ਇੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਪੁਲੀਸ ਨੇ ਹਸਪਤਾਲ ਦਾਖਲ ਕਰਾਇਆ ਹੈ ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਇੱਕ ਟਰੱਕ ਦੇ ਜਖਮੀ ਹੋਏ ਡਰਾਈਵਰ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਹੈ।

ਪ੍ਰਭਾਵਿਤ ਹਾਈਵੇਅ ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਮੋੜ (ਡਾਇਵਰਟ) ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਇਹ ਕੌਮੀ ਮਾਰਗ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਹ ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ।

ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਪੁਲ ਜ਼ਿਆਦਾ ਭਾਰ ਕਾਰਨ ਡਿੱਗਿਆ ਹੈ-ਜੋ ਸ਼ਾਇਦ ਪੁਲ ਤੋਂ ਲੰਘਣ ਦੀ ਨਿਰਧਾਰਤ ਸੀਮਾ ਤੋਂ ਵੱਧ ਸੀ। ਪਰ, ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਵੱਲੋਂ ਲਗਾਇਆ ਜਾਵੇਗਾ।

Continue Reading

Mohali

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਅਤੇ ਲੰਬਿਤ ਮਾਮਲਿਆਂ ਦੀ ਸਮੀਖਿਆ

Published

on

By

ਸਵਾਮਿਤਵਾ ਯੋਜਨਾ, ਇੰਤਕਾਲਾਂ, ਜਮ੍ਹਾਂਬੰਦੀਆਂ, ਕਿਸਾਨ ਰਜਿਸਟਰੀ ਅਤੇ ਬਕਾਇਆ ਵਸੂਲੀਆਂ ਸਮੇਤ ਵੱਖ-ਵੱਖ ਮੁੱਦਿਆਂ ਦਾ ਲਿਆ ਜਾਇਜ਼ਾ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਡਚਲਵਾਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗ ਦੌਰਾਨ ਮਾਲ ਵਿਭਾਗ, ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਜੁੜੇ ਅਹਿਮ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਵਾਮਿਤਵਾ ਯੋਜਨਾ, ਲੰਬਿਤ ਇੰਤਕਾਲਾਂ, ਜਮ੍ਹਾਂਬੰਦੀਆਂ ਦੇ ਲੰਬਿਤ ਮਾਮਲਿਆਂ, ਕਿਸਾਨ ਰਜਿਸਟਰੀ ਦੀ ਪ੍ਰਵਾਨਗੀ, ਬਕਾਇਆ ਵਸੂਲੀਆਂ, ਅਦਾਲਤੀ ਮਾਮਲਿਆਂ ਅਤੇ ਜਨਗਣਨਾ ਨਾਲ ਸਬੰਧਤ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਡਿਪਟੀ ਕਪਿਮਸ਼ਨਰ ਵਲੋਂ ਸਵਾਮਿਤਵਾ ਯੋਜਨਾ ਬਾਰੇ ਸਬੰਧਤ ਅਧਿਕਾਰੀਆਂ ਨੂੰ ਇਸ ਯੋਜਨਾ ਤਹਿਤ ਕੀਤੇ ਜਾ ਰਹੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਮਿੱਥੇ ਸਮੇਂ ਦੌਰਾਨ ਪੂਰਾ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਪਿੰਡਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਸਬੰਧੀ ਮਾਲਕੀ ਦੇ ਅਧਿਕਾਰਾਂ ਬਾਰੇ ਦਸਤਾਵੇਜ਼ ਮੁਹੱਈਆ ਕਰਵਾਉਣਾ ਹੈ।

ਮੀਟਿੰਗ ਦੌਰਾਨ ਲੰਬਿਤ ਇੰਤਕਾਲਾਂ ਅਤੇ ਜਮ੍ਹਾਂਬੰਦੀਆਂ ਦੇ ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਬੰਧਤ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਮੀਨੀ ਰਿਕਾਰਡ ਨਾਲ ਸਬੰਧਤ ਮਾਮਲਿਆਂ ਨੂੰ ਬੇਲੋੜਾ ਲੰਬਿਤ ਨਾ ਰੱਖਿਆ ਜਾਵੇ ਅਤੇ ਨਿਯਮਾਂ ਅਨੁਸਾਰ ਇਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਹਨ, ਇਸ ਲਈ ਇਨ੍ਹਾਂ ਦੇ ਨਿਪਟਾਰੇ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਰਜਿਸਟਰੀ ਨਾਲ ਜੁੜੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਸਮੇਂ ਸਿਰ ਪੂਰੀ ਕਰਨ ਲਈ ਕਿਹਾ ਗਿਆ, ਤਾਂ ਜੋ ਕਿਸਾਨਾਂ ਨੂੰ ਸਰਕਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਬਕਾਇਆ ਵਸੂਲੀਆਂ ਅਤੇ ਅਦਾਲਤਾਂ ਵਿੱਚ ਚੱਲ ਰਹੇ ਮਾਮਲਿਆਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਲੋੜੀਂਦੀ ਕਾਰਵਾਈ ਨੂੰ ਸਮਾਂਬੱਧ ਢੰਗ ਨਾਲ ਅੱਗੇ ਵਧਾਉਣ ਅਤੇ ਲੰਬਿਤ ਵਸੂਲੀਆਂ ਦਾ ਕੰਮ ਜਲਦ ਪੂਰਾ ਕਰਨ ਲਈ ਕਿਹਾ।

ਮੀਟਿੰਗ ਦੌਰਾਨ ਜਨਗਣਨਾ ਸਬੰਧੀ ਤਿਆਰੀਆਂ ਅਤੇ ਕੰਮਾਂ ਦੀ ਪ੍ਰਗਤੀ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਜਨਗਣਨਾ ਨਾਲ ਜੁੜੇ ਕੰਮਾਂ ਵਿੱਚ ਆਪਸੀ ਤਾਲਮੇਲ ਬਣਾਈ ਰੱਖਣ ਅਤੇ ਨਿਰਧਾਰਤ ਹਦਾਇਤਾਂ ਅਨੁਸਾਰ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਅਤੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਸਵੈ-ਗਣਨਾ ਦਾ ਕੰਮ 16 ਨਵੰਬਰ ਤੋਂ 30 ਨਵੰਬਰ 2026 ਤੱਕ ਕੀਤਾ ਜਾਵੇਗਾ। ਇਸ ਦੌਰਾਨ ਨਾਗਰਿਕ ਨਿਰਧਾਰਤ ਆਨਲਾਈਨ ਪੋਰਟਲ ਰਾਹੀਂ ਆਪਣੇ ਘਰ ਅਤੇ ਪਰਿਵਾਰ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਖੁਦ ਦਰਜ ਕਰ ਕਰਨ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਗੀਤਿਕਾ ਸਿੰਘ, ਐਸ.ਡੀ.ਐਮ. ਡੇਰਾਬੱਸੀ, ਅਮਿਤ ਗੁਪਤਾ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਕਾਰਜਕਾਰੀ ਅਧਿਕਾਰੀਆਂ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ।

Continue Reading

Latest News

Trending