Connect with us

Punjab

ਭਾਜਪਾ ਆਗੂ ਦੇ ਨਰਸਿੰਗ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਧਰਨਾ ਲਗਾ ਕੇ ਸੜਕ ਜਾਮ

Published

on

 

ਖੰਨਾ, 31 ਮਈ (ਸ.ਬ.) ਖੰਨਾ ਵਿੱਚ ਭਾਜਪਾ ਆਗੂ ਬਲਜਿੰਦਰ ਸਿੰਗਲਾ ਦੇ ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ ਫ਼ੈਜਗੜ੍ਹ ਵਿੱਚ ਅੱਜ ਵਿਦਿਆਰਥੀਆਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ। ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਤੇ ਨਕਲ ਮਰਵਾਉਣ ਲਈ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਫ਼ੇਲ੍ਹ ਕਰ ਦੇਣ ਦੇ ਗੰਭੀਰ ਦੋਸ਼ ਲਾਏ। ਇਸ ਰੋਸ ਨੂੰ ਪ੍ਰਗਟਾਉਂਦੇ ਹੋਏ ਵਿਦਿਆਰਥੀਆਂ ਨੇ ਖੰਨਾ-ਮਾਲੇਰਕੋਟਲਾ ਰੋਡ ਤੇ ਫ਼ੈਜ਼ਗੜ੍ਹ ਦੇ ਨੇੜੇ ਧਰਨਾ ਲਾਇਆ ਤੇ ਸਰਟੀਫ਼ਿਕੇਟ ਅਤੇ ਫੀਸ ਵਾਪਸੀ ਦੀ ਮੰਗ ਕੀਤੀ।

ਜੀਐਨਐਮ ਦੂਜੇ ਸਾਲ ਦੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਦਸਿਆ ਕਿ ਕਾਲਜ ਵਿਚ ਵਿਦਿਆਰਥੀਆਂ ਤੋਂ 4 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਮੰਗੇ ਗਏ ਸਨ। ਸਾਨੂੰ ਕਿਹਾ ਗਿਆ ਕਿ ਇਹ ਪੈਸੇ ਨਕਲ ਮਰਵਾਉਣ ਲਈ ਹਨ। ਉਨ੍ਹਾਂ ਅੱਗੇ ਦਸਿਆ ਕਿ ਜਿਨ੍ਹਾਂ ਨੇ ਨਕਲ ਮਰਵਾਉਣ ਲਈ ਪੈਸੇ ਦਿਤੇ, ਉਨ੍ਹਾਂ ਦੇ ਅਸੈਸਮੈਂਟ ਵਿੱਚ ਵਧੇਰੇ ਨੰਬਰ ਲਾਏ ਗਏ, ਜਦਕਿ ਜਿਹੜੇ ਵਿਦਿਆਰਥੀ ਪੈਸੇ ਨਹੀਂ ਦੇ ਸਕੇ, ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਗਿਆ।

ਇਸ ਦੌਰਾਨ ਇਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਦਸਿਆ ਕਿ ਕਾਲਜ ਦੇ ਐਮਡੀ ਬਲਜਿੰਦਰ ਸਿੰਗਲਾ, ਜੋ ਕਿ ਭਾਜਪਾ ਆਗੂ ਹਨ, ਅਕਸਰ ਵਿਦਿਆਰਥੀਆਂ ਨੂੰ ਆਪਣਾ ਰੁਤਬਾ ਦੱਸ ਕੇ ਧਮਕਾਉਂਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਇਹ ਸਿੱਧਾ ਸਿੱਖਿਆ ਦੇ ਹੱਕ ਤੇ ਹਮਲਾ ਹੈ ਤੇ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਲੜਨਗੇ।

ਦੂਜੇ ਪਾਸੇ ਕਾਲਜ ਪ੍ਰਸ਼ਾਸਨ ਤੋਂ ਜਦੋਂ ਇਸ ਸਬੰਧੀ ਸਪੱਸ਼ਟਤਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਐਮਡੀ ਦੀ ਪਤਨੀ ਵਲੋਂ ਕੋਈ ਢੁਕਵਾਂ ਜਵਾਬ ਨਹੀਂ ਦਿਤਾ ਗਿਆ। ਪ੍ਰਿੰਸੀਪਲ ਅਮਿਤਾ ਨੇ ਤਾਂ ਵਿਦਿਆਰਥਣਾਂ ਨਾਲ ਮੀਡੀਆ ਤੇ ਪੁਲੀਸ ਦੇ ਸਾਹਮਣੇ ਹੀ ਬਦਸਲੂਕੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ। ਜਦੋਂ ਕਾਲਜ ਦੀ ਮਾਨਤਾ ਨੂੰ ਲੈ ਕੇ ਵਿਦਿਆਰਥੀਆਂ ਨੇ ਸਵਾਲ ਚੁੱਕੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਹ ਜਨਤਕ ਤੌਰ ਤੇ ਸਬੂਤ ਨਹੀਂ ਦਿਖਾ ਸਕਦੇ।

ਇਸ ਪੂਰੇ ਮਾਮਲੇ ਨੇ ਸਥਾਨਕ ਪੱਧਰ ਤੇ ਹਲਚਲ ਮਚਾ ਦਿਤੀ ਹੈ ਤੇ ਹੁਣ ਇੰਤਜ਼ਾਰ ਹੈ ਕਿ ਪੰਜਾਬ ਨਰਸਿੰਗ ਕੌਂਸਲ ਵਿਰੁਧ ਪ੍ਰਸ਼ਾਸਨ ਵਲੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੇ ਚੇਤਾਵਨੀ ਦਿਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

Continue Reading

Punjab

ਅੰਮ੍ਰਿਤਸਰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ 16 ਮੈਂਬਰ ਗ੍ਰਿਫਤਾਰ

Published

on

By

ਹੈਂਡ ਗ੍ਰੇਨੇਡ, 34 ਕਿੱਲੋ ਹੈਰੋਇਨ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਕੀਤੇ

ਅੰਮ੍ਰਿਤਸਰ, 5 ਨਵੰਬਰ (ਸ.ਬ.) ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਗ਼ੈਰ-ਕਾਨੂੰਨੀ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ਾ ਤਸਕਰੀ ਦੇ ਨੈਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੰਜ ਗ਼ੈਰ-ਕਾਨੂੰਨੀ ਪਿਸਤੌਲਾਂ, ਦੋ ਅਤਿ-ਆਧੁਨਿਕ ਊਜ਼ੀ ਗਨ, ਦੋ ਹੈਂਡ ਗ੍ਰੇਨੇਡ, 34 ਕਿੱਲੋ ਹੈਰੋਇਨ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਇਹ ਹੈਂਡਲਰ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਵਿੱਚ ਮਦਦ ਕਰ ਰਹੇ ਸਨ। ਇਹ ਹਥਿਆਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਤੱਕ ਪਹੁੰਚਾਏ ਜਾਣੇ ਸਨ। ਪੁਲੀਸ ਹੁਣ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਥਾਣਾ ਘਰਿੰਡਾ, ਥਾਣਾ ਬਿਆਸ, ਥਾਣਾ ਮਹਿਤਾ, ਥਾਣਾ ਲੋਪੋਕੇ ਅਤੇ ਥਾਣਾ ਛੇਹਰਟਾ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਹੁਣ ਤਸਕਰੀ ਨੈਟਵਰਕ ਦੀਆਂ ਪਿਛਲੀਆਂ ਅਤੇ ਅਗਲੀਆਂ ਕੜੀਆਂ ਨੂੰ ਜੋੜਨ ਵਿੱਚ ਲੱਗੀ ਹੋਈ ਹੈ, ਤਾਂ ਜੋ ਵਿਦੇਸ਼ਾਂ ਵਿੱਚ ਬੈਠੇ ਸੰਚਾਲਕਾਂ ਅਤੇ ਸਥਾਨਕ ਪੱਧਰ ਤੇ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਤੱਕ ਪਹੁੰਚਿਆ ਜਾ ਸਕੇ।

Continue Reading

Chandigarh

ਮੁਲਾਜ਼ਮਾਂ ਨੇ ਠੁਕਰਾਇਆ ਮੁੱਖ ਮੰਤਰੀ ਮਾਨ ਦਾ 3 ਫੀਸਦੀ ਡੀਏ ਦਾ ਦੀਵਾਲੀ ਤੋਹਫਾ, ਮਹੀਨਾ ਭਰ ਚੱਲੇਗਾ ਵਿਰੋਧ ਪ੍ਰਦਰਸ਼ਨ

Published

on

By

ਚੰਡੀਗੜ੍ਹ, 5 ਨਵੰਬਰ (ਸ.ਬ.) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੀਵਾਲੀ ਦੇ ਤੋਹਫ਼ੇ ਵਜੋਂ ਐਲਾਨੇ ਤਿੰਨ ਫੀਸਦੀ ਡੀਏ ਵਾਧੇ ਨੂੰ ਰੱਦ ਕਰਦਿਆਂ, ਪੰਜਾਬ ਸਰਕਾਰ ਦੇ ਲਗਪਗ 4 ਲੱਖ ਮੁਲਾਜ਼ਮਾਂ ਅਤੇ 3.50 ਲੱਖ ਪੈਨਸ਼ਨਰਾਂ ਨੇ 13 ਨਵੰਬਰ ਤੋਂ ਮਹੀਨਾ ਭਰ ਚੱਲਣ ਵਾਲੇ ਅੰਦੋਲਨ ਦਾ ਐਲਾਨ ਕੀਤਾ ਹੈ। ਇਹ ਸੰਘਰਸ਼ 13 ਦਸੰਬਰ ਨੂੰ ਸ਼ੰਭੂ ਤੋਂ ਅੰਮ੍ਰਿਤਸਰ ਤੱਕ ਮਨੁੱਖੀ ਲੜੀ ਬਣਾ ਕੇ ਸਮਾਪਤ ਹੋਵੇਗਾ।

ਸਾਂਝੀ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਸੁਖਚੈਨ ਖਹਿਰਾ ਅਤੇ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਅੰਦੋਲਨ ਦੀ ਸ਼ੁਰੂਆਤ 13 ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਧਰਨੇ ਨਾਲ ਹੋਵੇਗੀ। 1 ਤੋਂ 5 ਦਸੰਬਰ ਤੱਕ ਮੁਲਾਜ਼ਮ ‘ਆਪ’ ਦੇ ਸਾਰੇ 91 ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਪੁਤਲੇ ਫੂਕਣਗੇ ਅਤੇ 6 ਦਸੰਬਰ ਨੂੰ ਇਨ੍ਹਾਂ ਦੀ ਸੁਆਹ ਬੁੱਢੇ ਨਾਲੇ ਵਿੱਚ ਜਲ-ਪ੍ਰਵਾਹ ਕੀਤੀ ਜਾਵੇਗੀ।

ਮੁਲਾਜਮਾਂ ਦਾ ਇਹ ਐਲਾਨ ਸੀ ਐਮ ਮਾਨ ਵੱਲੋਂ 3 ਫੀਸਦੀ ਡੀਏ ਵਾਧੇ (ਕੁੱਲ 53 ਫੀਸਦੀ) ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਮੁੱਖ ਮੰਗਾਂ ਹੱਲ ਨਹੀਂ ਹੋਈਆਂ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਬਕਾਇਆ 10 ਫੀਸਦੀ ਡੀਏ ਜਾਰੀ ਕਰਨਾ, ਪੈਂਡਿੰਗ ਡੀਏ ਅਰੰਭਕ ਭੁਗਤਾਨ, ਛੇਵਾਂ ਤਨਖਾਹ ਕਮਿਸ਼ਨ, ਪੁਰਾਣੇ ਤਨਖਾਹ ਸਕੇਲ ਬਹਾਲ ਕਰਨਾ ਅਤੇ ਮਾਰੂ ਨੀਤੀਆਂ ਵਾਪਸ ਲੈਣਾ ਸ਼ਾਮਲ ਹੈ।

ਮੁਲਾਜਮ ਆਗੂਆਂ ਨੇ ਪੁਰਾਣੀਆਂ ਵੀਡੀਓ ਕਲਿੱਪਾਂ ਦਿਖਾ ਕੇ ਸਰਕਾਰ ਦੇ ਦਾਅਵਿਆਂ ਦਾ ਖੰਡਨ ਕੀਤਾ। ਸੁਖਚੈਨ ਖਹਿਰਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਵੇਲੇ ਸਿਰਫ਼ 7 ਫੀਸਦੀ ਡੀ ਏ ਬਕਾਇਆ ਸੀ ਅਤੇ ਅਕਾਲੀ-ਭਾਜਪਾ ਸਰਕਾਰ ਨੇ ਕੋਈ ਬਕਾਇਆ ਨਹੀਂ ਛੱਡਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਤਨਖਾਹ ਕਮਿਸ਼ਨ ਦੇ ਬਕਾਏ ਨੂੰ ਡੀਏ ਨਿਪਟਾਰੇ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।

Continue Reading

Mohali

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਮਟਰਾ ਅਤੇ ਬਠਲਾਣਾ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ 396 ਵਸਨੀਕਾਂ ਨੂੰ ਵੰਡੇ ਪ੍ਰਾਪਰਟੀ ਕਾਰਡ

Published

on

By

ਐਸ ਏ ਐਸ ਨਗਰ, 5 ਨਵੰਬਰ (ਸ.ਬ.) ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦੇ ਹੱਕ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ ਅੱਜ ਪਿੰਡ ਮਟਰਾ ਅਤੇ ਬਠਲਾਣਾ ਵਿਖੇ 396 ਵਸਨੀਕਾਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਪਿੰਡ ਮਟਰਾ ਵਿਖੇ 169 ਅਤੇ ਪਿੰਡ ਬਠਲਾਣਾ ਵਿਖੇ 227 ਵਸਨੀਕਾਂ ਨੂੰ ਪ੍ਰਾਪਰਟੀ ਕਾਰਡ ਸੌਂਪੇ ਗਏ।

ਇਸ ਮੌਕੇ ਗੱਲ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਲਗਭਗ 50 ਫ਼ੀਸਦੀ ਲੋਕਾਂ ਦੇ ਪ੍ਰਾਪਰਟੀ ਕਾਰਡ ਬਣ ਚੁੱਕੇ ਹਨ ਅਤੇ ਬਾਕੀ ਰਹਿੰਦੇ ਕਾਰਡ ਵੀ ਜਲਦ ਤਿਆਰ ਕਰਕੇ ਲੋਕਾਂ ਨੂੰ ਸੌਂਪ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਇਨ੍ਹਾਂ ਘਰਾਂ ਵਿੱਚ ਰਹਿੰਦੇ ਤਾਂ ਸਨ, ਪਰ ਉਨ੍ਹਾਂ ਕੋਲ ਮਾਲਕੀ ਦੇ ਅਧਿਕਾਰ ਨਹੀਂ ਸਨ। ਉਹਨਾਂ ਕਿਹਾ ਕਿ ਹੁਣ ਪ੍ਰਾਪਰਟੀ ਕਾਰਡ ਮਿਲਣ ਨਾਲ ਉਹ ਆਪਣੇ ਘਰਾਂ ਦੇ ਮਾਲਕ ਬਣ ਗਏ ਹਨ ਅਤੇ ਉਨ੍ਹਾਂ ਨੂੰ ਮਾਲਕੀ ਸਬੰਧੀ ਅਧਿਕਾਰ ਪ੍ਰਾਪਤ ਹੋਏ ਹਨ ਅਤੇ ਇਸ ਨਾਲ ਲੋਕ ਆਪਣੀ ਜਾਇਦਾਦ ਨੂੰ ਵੇਚਣ, ਆਪਣੇ ਕੋਲ ਰੱਖਣ ਜਾਂ ਇਸ ਦੇ ਆਧਾਰ ਤੇ ਕਰਜ਼ਾ ਲੈ ਕੇ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਹੋਣਗੇ।

ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਹਾਲੀ ਦੇ ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ ਤੇ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਸਹੂਲਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਅਤੇ ਖੇਡ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਲੋੜੀਂਦਾ ਖੇਡ ਸਾਮਾਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਤਿਆਰ ਕਰਨ ਵਾਲੇ ਕੋਚਾਂ ਨੂੰ ਵੀ ਨਕਦ ਇਨਾਮ ਅਤੇ ਸਨਮਾਨ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡਾਂ ਨੂੰ ਜੋੜਨ ਵਾਲੀਆਂ ਜ਼ਿਆਦਾਤਰ ਸੜਕਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਕੰਮ ਵੀ ਆਉਣ ਵਾਲੇ ਸਮੇਂ ਵਿੱਚ ਪੂਰੇ ਕਰ ਦਿੱਤੇ ਜਾਣਗੇ।

ਇਸ ਮੌਕੇ ਪਿੰਡ ਮਟਰਾ ਵਿਖੇ ਸਰਪੰਚ ਸਪਨਾ ਰਾਣੀ, ਅਵਤਾਰ ਸਿੰਘ, ਸੁਖਬੀਰ ਸਿੰਘ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ ਅਤੇ ਮੁਖਤਿਆਰ ਸਿੰਘ ਬਲਾਕ ਪ੍ਰਧਾਨ ਸਮੇਤ ਪੰਚਾਇਤ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ। ਪਿੰਡ ਬਠਲਾਣਾ ਵਿਖੇ ਸਰਪੰਚ ਹਰਪਾਲ ਸਿੰਘ, ਗੁਰਜੀਤ ਸਿੰਘ ਫੌਜੀ, ਬਲਕਾਰ ਸਿੰਘ ਨੰਬਰਦਾਰ, ਹਰਨੇਕ ਸਿੰਘ ਨੰਬਰਦਾਰ, ਮਾਸਟਰ ਅਮਰਜੀਤ ਸਿੰਘ ਅਤੇ ਵਜ਼ੀਰ ਸਿੰਘ ਸਾਬਕਾ ਸਰਪੰਚ ਸਮੇਤ ਹੋਰ ਪਤਵੰਤੇ ਮੌਜੂਦ ਸਨ।

Continue Reading

Latest News

Trending