Connect with us

Chandigarh

ਪੰਜਾਬ ਵਿੱਚ ਹੜ੍ਹ ਦੇ ਹਾਲਾਤ ਗੰਭੀਰ, 3 ਵਿਅਕਤੀਆਂ ਦੀ ਮੌਤ, ਗੁਰਦਾਸਪੁਰ ਵਿੱਚ ਗੁੱਜਰ ਪਰਿਵਾਰ ਦੇ 4 ਲੋਕ ਹੋਏ ਲਾਪਤਾ

Published

on

 

ਕਈ ਥਾਵਾਂ ਤੇ 10 ਫੁੱਟ ਤੋਂ ਵੀ ਜ਼ਿਆਦਾ ਪਾਣੀ ਨੇ ਕੀਤੀ ਭਾਰੀ ਤਬਾਹੀ, ਅਮ੍ਰਿਤਸਰ ਵਿੱਚ ਫੌਜ ਨੇ ਸੰਭਾਲਿਆ ਮੋਰਚਾ

ਚੰਡੀਗੜ੍ਹ, 28 ਅਗਸਤ (ਸ.ਬ.) ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਵਾਸੀਆਂ ਨੂੰ ਹੜ੍ਹਾਂ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹੜ੍ਹ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਕਈ ਥਾਈਂ ਵਾਧੂ ਪਾਣੀ ਕਾਰਣ ਨਹਿਰਾਂ ਅਤੇ ਸੜਕਾਂ ਉੱਤੇ ਬਣੇ ਪੁੱਲ ਢਹਿ-ਢੇਰੀ ਹੋ ਗਏ ਹਨ। ਲੋਕਾਂ ਦੇ ਮਕਾਨ ਪਾਣੀ ਦੀ ਲਪੇਟ ਵਿੱਚ ਹਨ।

ਹੜ੍ਹ ਦੇ ਗੰਭੀਰ ਹਾਲਾਤ ਦੌਰਾਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਇਸ ਦੌਰਾਨ ਮਾਧੋਪੁਰ ਵਿਚ 2 ਅਤੇ ਗੁਰਦਾਸਪੁਰ ਵਿੱਚ 1 ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪਠਾਨਕੋਟ ਵਿੱਚ ਗੁੱਜਰ ਪਰਿਵਾਰ ਦੇ 4 ਲੋਕ ਲਾਪਤਾ ਹਨ। ਹੜਾਂ ਦੀ ਮਾਰ ਫਸਲਾਂ ਅਤੇ ਪਸ਼ੂਆਂ ਲਈ ਤਬਾਹੀ ਲੈ ਕੇ ਆਈ ਹੈ। ਕਈ ਇਲਾਕਿਆਂ ਵਿੱਚ ਗੰਦੇ ਪਾਣੀ ਕਾਰਣ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ।

ਇਸ ਦੌਰਾਨ ਹੜ੍ਹਾਂ ਵਿੱਚ ਘਿਰੇ ਲੋਕਾਂ ਦੀ ਮਦਦ ਲਈ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਅਜਨਾਲਾ ਖੇਤਰ ਵਿੱਚ ਲੋਕਾਂ ਦੀ ਮਦਦ ਲਈ ਫੌਜ ਪੁੱਜ ਗਈ ਹੈ। ਅਮ੍ਰਿਤਸਰ ਦੇ 40 ਪਿੰਡ ਪਾਣੀ ਵਿੱਚ ਘਿਰੇ ਹੋਏ ਹਨ ਅਤੇ ਹੜਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੜਕਾਂ ਡੁੱਬ ਗਈਆਂ ਹਨ ਅਤੇ ਜਵਾਨਾਂ ਨੂੰ ਟਰੈਕਟਰਾਂ ਉੱਤੇ ਤੋਰਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾ ਸਕੇ।

ਫੌਜ ਦੇ ਜਵਾਨਾਂ, ਜਿਹਨਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਟਰੇਨਿੰਗ ਹੈ, ਨੇ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਹਨ। ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ। ਰਾਵੀ ਦਰਿਆ ਵਿੱਚ ਆਏ ਹੜ੍ਹ ਦਾ ਪ੍ਰਭਾਵ ਹੁਣ ਰਮਦਾਸ ਅਜਨਾਲਾ ਤੋਂ ਬਾਅਦ ਲੋਪੋਕੇ ਚੋਗਾਵਾਂ ਖੇਤਰ ਵੱਲ ਨੂੰ ਵੱਧ ਰਿਹਾ ਹੈ। ਇਸ ਖੇਤਰ ਵਿੱਚ ਧੁਸੀਂ ਬੰਨ੍ਹ ਤੋਂ ਅਗਲੇ ਪਾਸੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਬੀ ਐਸ ਐਫ ਦੀਆਂ ਅਗਲੇਰੀਆਂ ਚੌਕੀਆਂ ਵੀ ਪਾਣੀ ਵਿੱਚ ਘਿਰ ਗਈਆਂ ਹਨ।

ਜਿਨ੍ਹਾਂ ਪਿੰਡਾਂ ਵਿੱਚ ਪਾਣੀ ਦਾ ਪੱਧਰ ਅਜੇ ਘੱਟ ਹੈ, ਉਥੇ ਬਚਾਅ ਕਾਰਜ ਵਿੱਚ ਲੱਗੀਆਂ ਟੀਮਾਂ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾ ਸਕੇ। ਇਨ੍ਹਾਂ ਟੀਮਾਂ ਵੱਲੋਂ ਲੋਕਾਂ ਨੂੰ ਸਪੀਕਰ ਰਾਹੀਂ ਮੁਨਿਆਦੀ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ।

ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਦੇ ਕਾਰਨ ਪੌਗ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ (1394 ਫੁਟ) ਤੇ ਚਲ ਰਿਹਾ ਹੈ। ਪੌਂਗ ਡੈਮ ਵਿੱਚ ਪਾਣੀ ਦੀ ਮਾਤਰਾ ਵੱਧ ਜਾਣ ਤੇ ਅੱਜ ਪੌਗ ਡੈਮ ਤੋਂ 5 ਗੇਟ ਖੋਲ੍ਹ ਕੇ 1 ਲੱਖ 10 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਾਹ ਬਿਰਾਜ ਨਹਿਰ ਤੋਂ 52 ਵਿਚੋਂ 50 ਗੇਟ ਖੋਲ੍ਹੇ ਗਏ ਹਨ ਅਤੇ ਭਾਰੀ ਮਾਤਰਾ ਵਿੱਚ ਪਾਣੀ ਬਿਆਸ ਨਦੀ ਵਿਚ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਵਿਚ ਚੱਕੀ ਦਰਿਆ ਦਾ ਪਾਣੀ ਵੀ ਪੈਣ ਕਾਰਨ ਅੱਧੀ ਦਰਜਨ ਪਿੰਡ ਜਿਨ੍ਹਾਂ ਵਿਚ ਹਲੇੜ, ਮੋਤਲਾ, ਕੁਲੀਆਂ, ਕੋਲੀਆਂ, ਮਹਿਤਾਬ ਪੁਰ ਪਾਣੀ ਦੀ ਲਪੇਟ ਵਿਚ ਆ ਗਏ ਹਨ।

ਫਿਰੋਜ਼ਪੁਰ ਦੇ ਕਰੀਬ 45 ਪਿੰਡਾਂ ਵਿੱਚ ਹੜ੍ਹ ਦੇ ਹਾਲਾਤ ਅਤਿ ਸੰਵੇਦਨਸ਼ੀਲ ਹਨ। ਇੱਥੇ ਲੋਕਾਂ ਨੂੰ ਘਰਾਂ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਬੀਐਸਐਫ ਦੇ ਜਵਾਨ ਕਿਸ਼ਤੀਆਂ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਲੋਕ ਵੀ ਮਦਦ ਕਰ ਰਹੇ ਹਨ। ਮਦਦ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਕਈ ਇਲਾਕਿਆਂ ਵਿੱਚ ਸੱਤਲੁਜ ਦਰਿਆ ਦੀ ਸਿੱਧੀ ਮਾਰ ਪਈ ਹੈ ਅਤੇ 20 ਫੁੱਟ ਤੱਕ ਪਾਣੀ ਵੀ ਪਹੁੰਚ ਚੁੱਕਾ ਹੈ। ਲੋਕ ਘਰਾਂ ਦੀਆਂ ਛੱਤਾਂ ਉੱਤੇ ਭੁੱਖੇ ਪਿਆਸੇ ਮਦਦ ਦੀ ਆਸ ਵਿੱਚ ਬੈਠੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਬੀ ਐਸ ਐਫ ਦੇ ਜਵਾਨ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਜਵਾਨਾਂ ਵੱਲੋਂ ਲੋੜਵੰਦਾਂ ਤੱਕ ਦਵਾਈਆਂ ਵੀ ਪਹੁੰਚਾਈਆਂ ਜਾ ਰਹੀਆਂ ਹਨ।

Chandigarh

ਪੰਜਾਬ ਪੁਲੀਸ ਵਲੋਂ ਸਰਹੱਦ ਪਾਰੋ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ 64.6 ਕਿਲੋ ਹੈਰੋਇਨ ਸਮੇਤ ਕਾਬੂ

Published

on

By

ਪਾਕਿਸਤਾਨੀ ਨਸ਼ਾ ਤਸਕਰ ਮੂਸਾ ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਜੁੜੇ ਹਨ ਗਿਰੋਹ ਦੇ ਤਾਰ

ਚੰਡੀਗੜ੍ਹ, 18 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ ਐਸ ਓ ਸੀ) ਅੰਮ੍ਰਿਤਸਰ ਯੂਨਿਟ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁਲਜ਼ਮਾਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਅਵਾਨ ਵਾਸਾਊ ਦੇ ਵਸਨੀਕ ਸਰਵਣ ਸਿੰਘ ਉਰਫ਼ ਗੁੱਜਰ ਅਤੇ ਅੰਮ੍ਰਿਤਸਰ ਦੇ ਪਿੰਡ ਦਿਆਲ ਰੰਗੜ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਪਾਕਿਸਤਾਨੀ ਤਸਕਰ ਮੂਸਾ (ਜਿਸਦਾ ਨਾਮ 532 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਵਿੱਚ ਸਾਹਮਣੇ ਆਇਆ ਸੀ) ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਵੀ ਸਬੰਧ ਹਨ। ਉਹਨਾਂ ਦੱਸਿਆ ਕਿ ਪੁਲੀਸ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਦੀ ਮਾਰੂਤੀ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰਦੇ ਸਨ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਸਰਵਣ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਤੇ ਹੋਰ ਛਾਣਬੀਣ ਕਰਦਿਆਂ ਪਤਾ ਲੱਗਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਇਹ ਦੋਵੇਂ ਪ੍ਰਾਪਤ ਕੀਤੀ ਖੇਪ ਨੂੰ ਕਿਸੇ ਹੋਰ ਧਿਰ ਤੱਕ ਪਹੁੰਚਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸ. ਐਸ. ਓ. ਸੀ. ਅੰਮ੍ਰਿਤਸਰ ਯੂਨਿਟ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਾਹਲ ਬਾਈਪਾਸ ਨੇੜਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 64.62 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਹਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਖੇਪ ਡਿਲੀਵਰ ਕਰਨ ਬਦਲੇ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Continue Reading

Chandigarh

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਰਜੀਹ : ਡਾ. ਬਲਜੀਤ ਕੌਰ

Published

on

By

ਚੰਡੀਗੜ੍ਹ, 18 ਅਪ੍ਰੈਲ (ਸ.ਬ.) ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਪੰਜਾਬ ਭਵਨ ਵਿਖੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸ਼ੇਨਾ ਅਗਰਵਾਲ ਅਤੇ ਡਿਪਟੀ ਡਾਇਰੈਕਟਰ ਸ੍ਰੀਮਤੀ ਸੁਮਨਦੀਪ ਕੌਰ ਦੀ ਹਾਜ਼ਰੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮੀਟਿੰਗ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਵਿਭਾਗ ਦਾ ਅਹਿਮ ਹਿੱਸਾ ਹਨ ਅਤੇ ਜ਼ਮੀਨੀ ਪੱਧਰ ਤੇ ਬੱਚਿਆਂ, ਮਹਿਲਾਵਾਂ ਅਤੇ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮੰਗ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਪੂਰਾ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਉਹਨਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਜਲਦ ਅਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਜੋ ਮੰਗਾਂ ਸਰਕਾਰ ਪੱਧਰ ਤੇ ਹੱਲ ਹੋਣੀਆਂ ਹਨ, ਉਨ੍ਹਾਂ ਮੰਗਾਂ ਨੂੰ ਨਵੀਂ ਗਠਿਤ ਸਬ ਕਮੇਟੀ ਸਾਹਮਣੇ ਵਿਚਾਰਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਵੀ ਤਰਜੀਹੀ ਅਧਾਰ ਤੇ ਕਢਿਆ ਜਾਵੇਗਾ।

Continue Reading

Chandigarh

ਵਿਸ਼ਵ ਲਿਵਰ ਦਿਵਸ ਮੌਕੇ ਵਿਸ਼ਵ ਪੱਧਰ ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ

Published

on

By

ਚੰਡੀਗੜ੍ਹ,18 ਅਪ੍ਰੈਲ (ਸ.ਬ.) ਦੁਨੀਆ ਭਰ ਵਿੱਚ 19 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਦੇ ਮੌਕੇ ‘ਦ ਲੈਂਸੇਟ’ ਨੇ ਵਿਸ਼ਵ ਪੱਧਰ ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ‘ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼’ (ਐਮਏਐਸਐਲਡੀ) ਦੇ ਮਾਮਲਿਆਂ ਵਿੱਚ 2050 ਤੱਕ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ।

ਸਿਹਤ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਬਾਲਿਗ ਵਿਅਕਤੀ ਇਸ ਨਾਲ ਪ੍ਰਭਾਵਿਤ ਹੈ। ਇਹ ਐਸੀ ਬੀਮਾਰੀ ਹੈ ਜਿਸ ਦੇ ਲੱਛਣ ਅਕਸਰ ਉਸ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ‘ਦ ਲੈਂਸੇਟ’ ਵਲੋਂ ਆਪਣੇ ਅਧਿਐਨ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਮਰੀਜ਼ਾਂ ਦੀ ਗਿਣਤੀ 2023 ਵਿੱਚ 1.3 ਅਰਬ ਤੋਂ ਵੱਧ ਕੇ 2050 ਤੱਕ 1.8 ਅਰਬ ਹੋ ਸਕਦੀ ਹੈ। ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਰਿਹਾ ਹੈ, ਖ਼ਾਸ ਕਰਕੇ ਸ਼ਹਿਰੀ ਅਬਾਦੀ ਅਤੇ ਉੱਚ-ਖ਼ਤਰਾ ਸਮੂਹਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਡਾਕਟਰਾਂ ਦੇ ਮੁਤਾਬਕ ‘ਹੈਪੇਟਾਈਟਿਸ-ਸੀ’ ਇਨਫੈਕਸ਼ਨ, ਸ਼ਰਾਬ ਦੀ ਵਰਤੋਂ ਅਤੇ ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ, ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਜ਼ (ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਲਿਵਰ ਦੇ ਗੰਭੀਰ ਰੋਗਾਂ ਦੇ ਮੁੱਖ ਕਾਰਨਾਂ ਵਿੱਚ ਸ਼ਰਾਬ ਇੱਕ ਵੱਡਾ ਕਾਰਨ ਹੈ ਅਤੇ ਇਹ ਵਾਇਰਲ ਹੈਪੇਟਾਈਟਿਸ ਨਾਲ ਮਿਲ ਕੇ ਹਾਲਤ ਨੂੰ ਹੋਰ ਵੀ ਖਰਾਬ ਕਰ ਦਿੰਦੀ ਹੈ। ਫੈਟੀ ਲਿਵਰ ਡਿਜ਼ੀਜ਼ ਹੁਣ ਸ਼ਰਾਬ ਅਤੇ ਹੈਪੇਟਾਈਟਿਸ-ਸੀ ਦੇ ਨਾਲ ਇੱਕ ਮੁੱਖ ਕਾਰਨ ਵਜੋਂ ਉੱਭਰ ਰਹੀ ਹੈ। ਅਲਟਰਾ-ਪ੍ਰੋਸੈਸਡ ਖਾਣਾ, ਤਲੀਆਂ ਹੋਈਆਂ ਚੀਜ਼ਾਂ ਅਤੇ ਟ੍ਰਾਂਸ- ਫੈਟਸ ਦਾ ਲੰਬੇ ਸਮੇਂ ਤੱਕ ਸੇਵਨ ਸਮੱਸਿਆ ਨੂੰ ਵਧਾ ਰਿਹਾ ਹੈ।

Continue Reading

Latest News

Trending