Chandigarh
ਮੁੱਖ ਮੰਤਰੀ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ
ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ
ਚੰਡੀਗੜ੍ਹ, 17 ਸਤੰਬਰ (ਸ.ਬ.) ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਾਸਤੇ ਫੰਡ ਜੁਟਾਉਣ ਲਈ ਆਲਮੀ ਪੱਧਰ ਤੇ ਮੁਹਿੰਮ ਚਲਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਸੂਬਾ ਇਕ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਿਆ ਹੈ ਜਿਸ ਨੂੰ ਸਾਡੀਆਂ ਪੀੜ੍ਹੀਆਂ ਕਦੇ ਵੀ ਭੁਲਾ ਨਹੀਂ ਸਕਣਗੀਆਂ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਸਿਰਫ ਪਾਣੀ ਦਾ ਕਹਿਰ ਨਹੀਂ ਢਾਹਿਆ ਬਲਕਿ ਲੱਖਾਂ ਸੁਪਨੇ ਵੀ ਇਸ ਦੇ ਪਾਣੀਆਂ ਵਿੱਚ ਵਹਿ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 2300 ਪਿੰਡ ਡੁੱਬ ਗਏ ਹਨ, 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਪੰਜ ਲੱਖ ਏਕੜ ਫਸਲ ਤਬਾਹ ਹੋ ਗਈ ਹੈ, 56 ਕੀਮਤੀ ਜਾਨਾਂ ਚਲੀਆਂ ਅਤੇ 7 ਲੱਖ ਲੋਕ ਬੇਘਰ ਹੋ ਗਏ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 3200 ਸਕੂਲ ਬਰਬਾਦ ਹੋ ਗਏ, 19 ਕਾਲਜ ਮਲਬੇ ਵਿੱਚ ਬਦਲ ਗਏ, 1400 ਕਲੀਨਿਕ ਤੇ ਹਸਪਤਾਲ ਖੰਡਰ ਬਣ ਗਏ ਹਨ, 8500 ਕਿਲੋਮੀਟਰ ਸੜਕਾਂ ਦੀ ਹਾਲਤ ਬਦਤਰ ਹੋ ਗਈ ਅਤੇ 2500 ਪੁਲ ਢਹਿ ਗਏ। ਉਨ੍ਹਾਂ ਕਿਹਾ ਕਿ ਮੁਢਲੇ ਅਨੁਮਾਨਾਂ ਮੁਤਾਬਕ 13,800 ਕਰੋੜ ਰੁਪਏ ਦਾ ਘਾਟਾ ਪਿਆ ਹੈ, ਜਦੋਂਕਿ ਨੁਕਸਾਨ ਇਸ ਤੋਂ ਵੀ ਕਿਤੇ ਵੱਧ ਹੋ ਸਕਦਾ ਹੈ। ਉਹਨਾਂ ਕਿਹਾ ਕਿ ਭਾਵੇਂ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਦੁਖਾਂਤ ਹੈ, ਪਰ ਇਸ ਦੇ ਨਾਲ ਇਹ ਪੰਜਾਬ ਲਈ ਸਭ ਤੋਂ ਵੱਡੀ ਇਮਤਿਹਾਨ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਨੇ ਕਿਸੇ ਸੰਕਟ ਦਾ ਸਾਹਮਣਾ ਕੀਤਾ ਹੈ, ਪੰਜਾਬੀ ਕਦੇ ਸੰਕਟ ਦੇ ਸਾਹਮਣੇ ਝੁਕੇ ਨਹੀਂ ਸਗੋਂ ਹਮੇਸ਼ਾ ਚਟਾਨ ਵਾਂਗ ਹਿੱਕ ਤਾਣ ਕੇ ਖੜ੍ਹੇ ਹੋਏ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੇ ਦੌਰਾਨ ਵੀ ਨੌਜਵਾਨ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਲੋਕਾਂ ਨੂੰ ਬਚਾ ਰਹੇ ਸਨ। ਉਨ੍ਹਾਂ ਕਿਹਾ ਕਿ ਕਿਵੇਂ ਗੁਰਦੁਆਰੇ, ਮੰਦਰ ਅਤੇ ਹੋਰ ਧਾਰਮਿਕ ਅਸਥਾਨ ਮਦਦ ਲਈ ਆਪਣੇ ਦਰਵਾਜ਼ੇ ਖੋਲ੍ਹ ਰਹੇ ਸਨ ਅਤੇ ਲੰਗਰ ਚਲਾ ਰਹੇ ਸਨ, ਕਿਵੇਂ ਪੂਰਾ ਪੰਜਾਬ ਮਾਲਾ ਦੇ ਮਣਕਿਆਂ ਵਾਂਗ ਇਕਜੁੱਟ ਹੋ ਕੇ ਪਰਿਵਾਰ ਵਾਂਗ ਖੜ੍ਹਾ ਹੋਇਆ। ਉਨ੍ਹਾਂ ਕਿਹਾ ਕਿ ਇਹੀ ਸਾਡੀ ਸਭ ਤੋਂ ਵੱਡੀ ਤਾਕਤ ਅਤੇ ਵਿਲੱਖਣਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਰਾਹਤ ਅਤੇ ਪੁਨਰਵਾਸ ਤੋਂ ਅੱਗੇ ਵਧਣ ਦਾ ਆ ਗਿਆ ਹੈ ਕਿਉਂਕਿ ਸਾਡੇ ਕਿਸਾਨਾਂ ਨੂੰ ਦੁਬਾਰਾ ਖੇਤੀ ਕਰਨ ਦੀ ਲੋੜ ਹੈ, ਬੱਚਿਆਂ ਨੂੰ ਮੁੜ ਸਕੂਲ ਜਾਣਾ ਹੋਵੇਗਾ ਅਤੇ ਹੜ੍ਹ ਪੀੜਤ ਪਰਿਵਾਰਾਂ ਨੇ ਮੁੜ ਆਪਣੇ ਘਰ ਵਸਾਉਣੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਪ੍ਰਸਥਿਤੀਆਂ ਦੇ ਮੱਦੇਨਜ਼ਰ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਚੜ੍ਹਦੀ ਕਲਾ ਦਾ ਭਾਵ ਔਖੇ ਤੋਂ ਔਖੇ ਸਮੇਂ ਵਿੱਚ ਵੀ ਹੌਂਸਲੇ ਬੁਲੰਦ ਰੱਖਣਾ, ਹਰ ਦੁੱਖ ਵਿੱਚ ਵੀ ਮਜ਼ਬੂਤ ਰਹਿਣਾ ਅਤੇ ਹਰ ਹਨੇਰੇ ਵਿੱਚ ਵੀ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰ ਪੰਜਾਬੀ, ਭਾਰਤ ਦੇ ਸਮੂਹ ਨਾਗਰਿਕਾਂ, ਸਾਡੇ ਉਦਯੋਗਪਤੀਆਂ, ਕਲਾਕਾਰਾਂ, ਚੈਰੀਟੇਬਲ ਟਰੱਸਟਾਂ ਅਤੇ ਦੁਨੀਆ ਭਰ ਵਿੱਚ ਰਹਿੰਦੇ ਆਪਣੇ ਪੰਜਾਬੀ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦੇ ਹਨ ਕਿ ਅੱਜ ਪੰਜਾਬ ਨੂੰ ਤੁਹਾਡੀ ਲੋੜ ਹੈ। ਆਓ, ਇਕਜੁੱਟ ਹੋ ਕੇ ਇਸ ਔਖੀ ਘੜੀ ਵਿੱਚ ਪੰਜਾਬ ਦੀ ਬਾਂਹ ਫੜੀਏ ਅਤੇ ਖੁੱਲ੍ਹੇ ਦਿਲ ਨਾਲ ਪੰਜਾਬ ਦੀ ਮਦਦ ਕਰੀਏ।
ਮੁੱਖ ਮੰਤਰੀ ਨੇ ਕਿਹਾ ਕਿ ਰੰਗਲਾ ਪੰਜਾਬ ਦੀ ਵੈਬਸਾਈਟ ਰਾਹੀਂ ਹੜ੍ਹ ਪੀੜਤਾਂ ਲਈ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਮੁੜ ਸਾਬਤ ਕਰਾਂਗੇ ਕਿ ਪੰਜਾਬ ਕਦੇ ਹਾਰ ਨਹੀਂ ਮੰਨਦਾ। ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਹੜ੍ਹ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਰਾਹਤ ਕੈਂਪਾਂ ਅਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਰੋਜ਼ਾਨਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਵੀ ਅਧਿਕਾਰੀ ਮੌਜੂਦ ਸਨ।
Chandigarh
ਪੰਜਾਬ ਪੁਲੀਸ ਵਲੋਂ ਸਰਹੱਦ ਪਾਰੋ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ 64.6 ਕਿਲੋ ਹੈਰੋਇਨ ਸਮੇਤ ਕਾਬੂ
ਪਾਕਿਸਤਾਨੀ ਨਸ਼ਾ ਤਸਕਰ ਮੂਸਾ ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਜੁੜੇ ਹਨ ਗਿਰੋਹ ਦੇ ਤਾਰ
ਚੰਡੀਗੜ੍ਹ, 18 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ ਐਸ ਓ ਸੀ) ਅੰਮ੍ਰਿਤਸਰ ਯੂਨਿਟ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁਲਜ਼ਮਾਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਅਵਾਨ ਵਾਸਾਊ ਦੇ ਵਸਨੀਕ ਸਰਵਣ ਸਿੰਘ ਉਰਫ਼ ਗੁੱਜਰ ਅਤੇ ਅੰਮ੍ਰਿਤਸਰ ਦੇ ਪਿੰਡ ਦਿਆਲ ਰੰਗੜ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਪਾਕਿਸਤਾਨੀ ਤਸਕਰ ਮੂਸਾ (ਜਿਸਦਾ ਨਾਮ 532 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਵਿੱਚ ਸਾਹਮਣੇ ਆਇਆ ਸੀ) ਅਤੇ ਪੁਰਤਗਾਲ ਆਧਾਰਤ ਹੈਂਡਲਰ ਨਾਲ ਵੀ ਸਬੰਧ ਹਨ। ਉਹਨਾਂ ਦੱਸਿਆ ਕਿ ਪੁਲੀਸ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਦੀ ਮਾਰੂਤੀ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰਦੇ ਸਨ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਸਰਵਣ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਤੇ ਹੋਰ ਛਾਣਬੀਣ ਕਰਦਿਆਂ ਪਤਾ ਲੱਗਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਇਹ ਦੋਵੇਂ ਪ੍ਰਾਪਤ ਕੀਤੀ ਖੇਪ ਨੂੰ ਕਿਸੇ ਹੋਰ ਧਿਰ ਤੱਕ ਪਹੁੰਚਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸ. ਐਸ. ਓ. ਸੀ. ਅੰਮ੍ਰਿਤਸਰ ਯੂਨਿਟ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਾਹਲ ਬਾਈਪਾਸ ਨੇੜਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 64.62 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਉਹਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਖੇਪ ਡਿਲੀਵਰ ਕਰਨ ਬਦਲੇ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
Chandigarh
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਰਜੀਹ : ਡਾ. ਬਲਜੀਤ ਕੌਰ
ਚੰਡੀਗੜ੍ਹ, 18 ਅਪ੍ਰੈਲ (ਸ.ਬ.) ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਭਵਨ ਵਿਖੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸ਼ੇਨਾ ਅਗਰਵਾਲ ਅਤੇ ਡਿਪਟੀ ਡਾਇਰੈਕਟਰ ਸ੍ਰੀਮਤੀ ਸੁਮਨਦੀਪ ਕੌਰ ਦੀ ਹਾਜ਼ਰੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮੀਟਿੰਗ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਵਿਭਾਗ ਦਾ ਅਹਿਮ ਹਿੱਸਾ ਹਨ ਅਤੇ ਜ਼ਮੀਨੀ ਪੱਧਰ ਤੇ ਬੱਚਿਆਂ, ਮਹਿਲਾਵਾਂ ਅਤੇ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮੰਗ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਪੂਰਾ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਉਹਨਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਜਲਦ ਅਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਜੋ ਮੰਗਾਂ ਸਰਕਾਰ ਪੱਧਰ ਤੇ ਹੱਲ ਹੋਣੀਆਂ ਹਨ, ਉਨ੍ਹਾਂ ਮੰਗਾਂ ਨੂੰ ਨਵੀਂ ਗਠਿਤ ਸਬ ਕਮੇਟੀ ਸਾਹਮਣੇ ਵਿਚਾਰਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਵੀ ਤਰਜੀਹੀ ਅਧਾਰ ਤੇ ਕਢਿਆ ਜਾਵੇਗਾ।
Chandigarh
ਵਿਸ਼ਵ ਲਿਵਰ ਦਿਵਸ ਮੌਕੇ ਵਿਸ਼ਵ ਪੱਧਰ ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ
ਚੰਡੀਗੜ੍ਹ,18 ਅਪ੍ਰੈਲ (ਸ.ਬ.) ਦੁਨੀਆ ਭਰ ਵਿੱਚ 19 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਦੇ ਮੌਕੇ ‘ਦ ਲੈਂਸੇਟ’ ਨੇ ਵਿਸ਼ਵ ਪੱਧਰ ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ‘ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼’ (ਐਮਏਐਸਐਲਡੀ) ਦੇ ਮਾਮਲਿਆਂ ਵਿੱਚ 2050 ਤੱਕ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ।
ਸਿਹਤ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਬਾਲਿਗ ਵਿਅਕਤੀ ਇਸ ਨਾਲ ਪ੍ਰਭਾਵਿਤ ਹੈ। ਇਹ ਐਸੀ ਬੀਮਾਰੀ ਹੈ ਜਿਸ ਦੇ ਲੱਛਣ ਅਕਸਰ ਉਸ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ‘ਦ ਲੈਂਸੇਟ’ ਵਲੋਂ ਆਪਣੇ ਅਧਿਐਨ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਮਰੀਜ਼ਾਂ ਦੀ ਗਿਣਤੀ 2023 ਵਿੱਚ 1.3 ਅਰਬ ਤੋਂ ਵੱਧ ਕੇ 2050 ਤੱਕ 1.8 ਅਰਬ ਹੋ ਸਕਦੀ ਹੈ। ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਰਿਹਾ ਹੈ, ਖ਼ਾਸ ਕਰਕੇ ਸ਼ਹਿਰੀ ਅਬਾਦੀ ਅਤੇ ਉੱਚ-ਖ਼ਤਰਾ ਸਮੂਹਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਡਾਕਟਰਾਂ ਦੇ ਮੁਤਾਬਕ ‘ਹੈਪੇਟਾਈਟਿਸ-ਸੀ’ ਇਨਫੈਕਸ਼ਨ, ਸ਼ਰਾਬ ਦੀ ਵਰਤੋਂ ਅਤੇ ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ, ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਜ਼ (ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਲਿਵਰ ਦੇ ਗੰਭੀਰ ਰੋਗਾਂ ਦੇ ਮੁੱਖ ਕਾਰਨਾਂ ਵਿੱਚ ਸ਼ਰਾਬ ਇੱਕ ਵੱਡਾ ਕਾਰਨ ਹੈ ਅਤੇ ਇਹ ਵਾਇਰਲ ਹੈਪੇਟਾਈਟਿਸ ਨਾਲ ਮਿਲ ਕੇ ਹਾਲਤ ਨੂੰ ਹੋਰ ਵੀ ਖਰਾਬ ਕਰ ਦਿੰਦੀ ਹੈ। ਫੈਟੀ ਲਿਵਰ ਡਿਜ਼ੀਜ਼ ਹੁਣ ਸ਼ਰਾਬ ਅਤੇ ਹੈਪੇਟਾਈਟਿਸ-ਸੀ ਦੇ ਨਾਲ ਇੱਕ ਮੁੱਖ ਕਾਰਨ ਵਜੋਂ ਉੱਭਰ ਰਹੀ ਹੈ। ਅਲਟਰਾ-ਪ੍ਰੋਸੈਸਡ ਖਾਣਾ, ਤਲੀਆਂ ਹੋਈਆਂ ਚੀਜ਼ਾਂ ਅਤੇ ਟ੍ਰਾਂਸ- ਫੈਟਸ ਦਾ ਲੰਬੇ ਸਮੇਂ ਤੱਕ ਸੇਵਨ ਸਮੱਸਿਆ ਨੂੰ ਵਧਾ ਰਿਹਾ ਹੈ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National1 month agoਬੰਦ ਕਮਰੇ ਵਿੱਚੋਂ ਮਾਂ-ਪੁੱਤ ਸਮੇਤ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ
