Connect with us

International

ਵੱਡੀ ਖਬਰ : ਬੰਗਲਾਦੇਸ਼ੀ ਟ੍ਰਿਬਿਊਨਲ ਵੱਲੋਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ

Published

on

 

ਢਾਕਾ, 17 ਨਵੰਬਰ (ਸ.ਬ.) ਬੰਗਲਾਦੇਸ਼ੀ ਟ੍ਰਿਬਿਊਨਲ ਨੇ ਮੁਲਕ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਸਾਬਕਾ ਗ੍ਰਹਿ ਮੰਤਰੀ ਅਸਦ ਉਜ਼ ਜ਼ਮਾਨ ਖ਼ਾਨ ਕਾਮਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਸੀਨਾ ਉੱਤੇ ਪਿਛਲੇ ਸਾਲ ਵਿਦਿਆਰਥੀਆਂ ਦੀ ਅਗਵਾਈ ਵਾਲੇ ਅੰਦੋਲਨ ਦੌਰਾਨ ਮਨੁੱਖਤਾ ਖਿਲਾਫ਼ ਕਥਿਤ ਅਪਰਾਧਾਂ ਲਈ ਮੁਕੱਦਮਾ ਚਲਾਇਆ ਗਿਆ ਸੀ। ਵਿਦਿਆਰਥੀ ਅੰਦੋਲਨ ਕਰਕੇ ਹਸੀਨਾ ਦੀ ਸਰਕਾਰ ਡਿੱਗ ਗਈ ਸੀ ਤੇ ਉਸ ਨੂੰ ਮੁਲਕ ਛੱਡ ਕੇ ਭੱਜਣਾ ਪਿਆ ਸੀ।

ਇਸ ਦੌਰਾਨ ਫੈਸਲੇ ਤੋਂ ਪਹਿਲਾਂ ਪੂਰੇ ਬੰਗਲਾਦੇਸ਼ ਵਿੱਚ ਇਹਤਿਆਤੀ ਪ੍ਰਬੰਧ ਵਜੋਂ ਸੁਰੱਖਿਆ ਵਧਾ ਦਿੱਤੀ ਗਈ ਸੀ। ਕੌਮੀ ਰਾਜਧਾਨੀ ਵਿੱਚ ਪੁਲੀਸ ਨੂੰ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਢਾਕਾ ਮੈਟਰੋਪੋਲੀਟਨ ਪੁਲੀਸ ਦੇ ਕਮਿਸ਼ਨਰ ਸ਼ੇਖ ਮੁਹੰਮਦ ਸੱਜਾਤ ਅਲੀ ਨੇ ਟ੍ਰਿਬਿਊਨਲ ਦੇ ਫੈਸਲੇ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਅੱਗਜ਼ਨੀ ਹਮਲਿਆਂ, ਧਮਾਕਿਆਂ ਜਾਂ ਪੁਲੀਸ ਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਉਧਰ ਅਵਾਮੀ ਲੀਗ, ਜੋ ਹੁਣ ਭੰਗ ਕੀਤੀ ਜਾ ਚੁੱਕੀ ਹੈ, ਨੇ ਫੈਸਲੇ ਤੋਂ ਪਹਿਲਾਂ ਦੋ ਦਿਨਾਂ ਦੇ ਬੰਦ ਦਾ ਐਲਾਨ ਕੀਤਾ ਹੈ। ਆਈਸੀਟੀ-ਬੀਡੀ ਕੰਪਲੈਕਸ ਦੇ ਆਲੇ-ਦੁਆਲੇ ਫੌਜ ਦੇ ਜਵਾਨ, ਬਾਰਡਰ ਗਾਰਡ ਬੰਗਲਾਦੇਸ਼ ਦੇ ਕਰਮਚਾਰੀ ਅਤੇ ਦੰਗਾ ਰੋਕੂ ਪੁਲੀਸ ਤਾਇਨਾਤ ਕੀਤੀ ਗਈ ਹੈ। ਹਿੰਸਾ ਦੇ ਡਰੋਂ ਰਾਜਧਾਨੀ ਦੀਆਂ ਬਹੁਤੀਆਂ ਗਲੀਆਂ ਵਿਚ ਸੁੰਨ ਪਸਰੀ ਹੋਈ ਹੈ।

ਟ੍ਰਿਬਿਊਨਲ ਹਸੀਨਾ ਸਾਥੀ ਤੇ ਸਾਬਕਾ ਪੁਲੀਸ ਮੁਖੀ ਚੌਧਰੀ ਅਬਦੁੱਲਾ ਅਲ-ਮਾਮੂਨ ਖਿਲਾਫ਼ ਵੀ ਮਿਲਦੇ ਜੁਲਦੇ ਦੋਸ਼ਾਂ ਲਈ ਫੈਸਲਾ ਸੁਣਾਏਗੀ। ਸਰਕਾਰੀ ਧਿਰ ਨੇ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।

ਹਸੀਨਾ ਨੂੰ ਅਗਸਤ 2024 ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵੱਡੇ ਅੰਦੋਲਨ ਤੋਂ ਬਾਅਦ ਗੱਦੀਓਂ ਲਾਹੇ ਜਾਣ ਮਗਰੋਂ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਦੀ ਇਕ ਰਿਪੋਰਟ ਮੁਤਾਬਕ 15 ਜੁਲਾਈ ਤੋਂ 15 ਅਗਸਤ ਦਰਮਿਆਨ 1,400 ਲੋਕ ਮਾਰੇ ਗਏ ਸਨ। ਹਸੀਨਾ ਸਰਕਾਰ ਨੇ ਉਦੋਂ ਪ੍ਰਦਰਸ਼ਨਕਾਰੀਆਂ ਖਿਲਾਫ਼ ਵਿਆਪਕ ਸੁਰੱਖਿਆ ਕਾਰਵਾਈ ਦਾ ਹੁਕਮ ਦਿੱਤਾ ਸੀ।

ਹਸੀਨਾ, ਕਾਮਲ ਅਤੇ ਮਾਮੂਨ ਤੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਵਿਚ ਮੁਕੱਦਮਾ ਚਲਾਇਆ ਗਿਆ ਸੀ। ਅਦਾਲਤ ਨੇ ਹਸੀਨਾ ਅਤੇ ਕਮਾਲ ਨੂੰ ਭਗੌੜਾ ਐਲਾਨ ਦਿੱਤਾ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ। ਮਾਮੂਨ ਖਿਲਾਫ਼ ਵਿਅਕਤੀਗਤ ਤੌਰ ਤੇ ਮੁਕੱਦਮਾ ਚਲਾਇਆ ਗਿਆ ਪਰ ਮਗਰੋਂ ਉਹ ਸਰਕਾਰੀ ਗਵਾਹ ਵਜੋਂ ਪੇਸ਼ ਹੋਇਆ।

ਮੁੱਖ ਸਰਕਾਰੀ ਵਕੀਲ ਮੁਹੰਮਦ ਤਾਜੁਲ ਇਸਲਾਮ ਨੇ ਮੌਤ ਦੀ ਸਜ਼ਾ ਦੀ ਮੰਗ ਕਰਦੇ ਹੋਏ ਹਸੀਨਾ ਨੂੰ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਏ ਕਥਿਤ ਅੱਤਿਆਚਾਰਾਂ ਦਾ ‘ਮਾਸਟਰਮਾਈਂਡ ਅਤੇ ਮੁੱਖ ਸਾਜ਼ਿਸ਼ਘਾੜ’ ਦੱਸਿਆ ਸੀ। ਹਾਲਾਂਕਿ ਹਸੀਨਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। ਟ੍ਰਿਬਿਊਨਲ ਨੇ 28 ਕੰਮਕਾਜੀ ਦਿਨਾਂ ਤੋਂ ਬਾਅਦ 23 ਅਕਤੂਬਰ ਨੂੰ ਸੁਣਵਾਈ ਪੂਰੀ ਕੀਤੀ, ਜਿਸ ਦੌਰਾਨ 54 ਗਵਾਹ ਭੁਗਤੇ।

ਹਸੀਨਾ 5 ਅਗਸਤ 2024 ਨੂੰ ਦੇਸ਼ ਵਿਚ ਜਾਰੀ ਅਸ਼ਾਂਤੀ ਦਰਮਿਆਨ ਮੁਲਕ ਛੱਡ ਕੇ ਭੱਜ ਗਈ ਸੀ ਅਤੇ ਉਦੋਂ ਤੋਂ ਭਾਰਤ ਵਿੱਚ ਰਹਿ ਰਹੀ ਹੈ। ਮੰਨਿਆ ਜਾਂਦਾ ਹੈ ਕਿ ਕਮਾਲ ਨੇ ਵੀ ਭਾਰਤ ਵਿੱਚ ਸ਼ਰਨ ਲਈ ਹੈ। ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਹੈ, ਪਰ ਭਾਰਤ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

International

ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ

Published

on

By

ਪੇਈਚਿੰਗ, 12 ਸਤੰਬਰ (ਸ.ਬ.) ਚੀਨ ਸਾਊਥਰਨ ਏਅਰਲਾਈਨਜ਼ ਨੇ ਅੱਜ ਘੋਸ਼ਣਾ ਕੀਤੀ ਕਿ ਉਹ 21 ਸਤੰਬਰ ਤੋਂ ਗੁਆਂਗਜ਼ੂ-ਨਵੀਂ ਦਿੱਲੀ ਰੂਟ ਤੇ ਨਿਯਮਤ ਯਾਤਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰੇਗੀ, ਜਿਸ ਨਾਲ ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਸੇਵਾ ਮੁੜ ਸ਼ੁਰੂ ਹੋ ਜਾਵੇਗੀ। ਕੈਰੀਅਰ ਨੇ ਕਿਹਾ ਕਿ ਇਸ ਮੁੜ ਸ਼ੁਰੂਆਤ ਨਾਲ ਏਅਰਲਾਈਨ ਦੱਖਣੀ ਏਸ਼ੀਆ ਵਿੱਚ ਅੱਠ ਰਾਉਂਡ-ਟ੍ਰਿਪ ਰੂਟਾਂ ਵਿੱਚ ਹਫ਼ਤੇ ਵਿੱਚ 100 ਤੋਂ ਵੱਧ ਉਡਾਣਾਂ ਚਲਾਏਗੀ।

ਚੀਨ ਸਾਊਥਰਨ ਏਅਰਲਾਈਨਜ਼, ਜਿਸਦਾ ਮੁੱਖ ਦਫ਼ਤਰ ਚੀਨ ਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਵਿੱਚ ਹੈ, ਦੇਸ਼ ਦੇ ਪ੍ਰਮੁੱਖ ਕੈਰੀਅਰਾਂ ਵਿੱਚੋਂ ਇੱਕ ਹੈ।

ਕੈਰੀਅਰ ਦਾ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਅੱਜ ਭਾਰਤ ਦੌਰੇ ਨਾਲ ਮੇਲ ਖਾਂਦਾ ਹੈ।

ਭਾਰਤ ਅਤੇ ਚੀਨ ਵਿਚਕਾਰ ਉਡਾਣ ਸੇਵਾਵਾਂ 2020 ਵਿੱਚ ਕੋਵਿਡ-19 ਮਹਾਮਾਰੀ ਦੇ ਬਾਅਦ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਅਤੇ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਫ਼ੌਜੀ ਟਕਰਾਅ ਦੌਰਾਨ ਬਹਾਲ ਨਹੀਂ ਕੀਤੀਆਂ ਗਈਆਂ ਸਨ, ਜੋ ਪਿਛਲੇ ਸਾਲ ਅਕਤੂਬਰ ਵਿੱਚ ਖ਼ਤਮ ਹੋਇਆ ਸੀ।

ਉਡਾਣਾਂ ਦੀ ਮੁੜ ਸ਼ੁਰੂਆਤ 2024 ਅਤੇ 2025 ਵਿੱਚ ਮੋਦੀ ਅਤੇ ਸ਼ੀ ਵਿਚਕਾਰ ਹੋਈਆਂ ਦੋ ਮੀਟਿੰਗਾਂ ਤੋਂ ਬਾਅਦ ਭਾਰਤ-ਚੀਨ ਸਬੰਧਾਂ ਦੇ ਹੌਲੀ-ਹੌਲੀ ਆਮ ਹੋਣ ਦਾ ਹਿੱਸਾ ਹੈ। ਮੋਦੀ ਅਤੇ ਸ਼ੀ ਅਕਤੂਬਰ 2024 ਵਿੱਚ ਰੂਸ ਦੇ ਕਜ਼ਾਨ ਵਿੱਚ ਬ੍ਰਿਕਸ ਸੰਮੇਲਨ ਦੇ ਮੌਕੇ ਤੇ ਮਿਲੇ ਸਨ, ਉਸ ਤੋਂ ਬਾਅਦ 2025 ਵਿੱਚ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੌਰਾਨ ਇੱਕ ਹੋਰ ਮੀਟਿੰਗ ਹੋਈ ਸੀ।

ਸਬੰਧਾਂ ਵਿੱਚ ਸੁਧਾਰ ਹੋਣ ਤੋਂ ਬਾਅਦ, ਕਈ ਚੀਨੀ ਅਤੇ ਭਾਰਤੀ ਏਅਰਲਾਈਨਾਂ ਨੇ ਦੋਵਾਂ ਦੇਸ਼ਾਂ ਦੇ ਸ਼ਹਿਰਾਂ ਵਿਚਕਾਰ ਉਡਾਣ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਬੀਜਿੰਗ-ਨਵੀਂ ਦਿੱਲੀ ਰੂਟ ਵੀ ਸ਼ਾਮਲ ਹੈ।

ਇਸ ਸਾਲ ਮਾਰਚ ਵਿੱਚ, ਇੰਡੀਗੋ ਨੇ ਸ਼ੰਘਾਈ ਅਤੇ ਕੋਲਕਾਤਾ ਵਿਚਕਾਰ ਇੱਕ ਰੋਜ਼ਾਨਾ ਉਡਾਣ ਸ਼ੁਰੂ ਕੀਤੀ, ਜਿਸ ਨਾਲ ਭਾਰਤ ਅਤੇ ਚੀਨ ਵਿਚਕਾਰ ਹਵਾਈ ਸੰਪਰਕ ਵਿੱਚ ਹੋਰ ਸੁਧਾਰ ਹੋਇਆ।

Continue Reading

International

92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ

Published

on

By

ਫ਼ੈਸਲਾਬਾਦ, 11 ਸਤੰਬਰ (ਸ.ਬ.) ਬੀਤੀ ਰਾਤ 2:10 ਵਜੇ ਫ਼ੈਸਲਾਬਾਦ ਹਵਾਈ ਅੱਡੇ ਤੇ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਐਨ.ਓ.ਸੀ. (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਦੀ ਉਪਲਬਧ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਖਾੜੀ (ਗਲਫ) ਦੇ ਰਸਤੇ ਭਾਰਤ ਦੀ ਤੀਰਥ ਯਾਤਰਾ ਲਈ ਉਡਾਣ ਵਿੱਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਭਾਰਤ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸ਼ਾਰਜਾਹ ਜਾਣ ਵਾਲੀ ਉਡਾਣ ਫੜਨ ਲਈ ਬੀਤੀ ਦੇਰ ਰਾਤ ਪਾਕਿਸਤਾਨ ਦੇ ਫ਼ੈਸਲਾਬਾਦ ਹਵਾਈ ਅੱਡੇ ਤੇ ਇਕੱਠੇ ਹੋਏ ਸਿੱਖ ਸ਼ਰਧਾਲੂਆਂ ਨੂੰ ਉਡਾਣ ਵਿੱਚ ਸਵਾਰ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਉੱਤਰਾਖੰਡ ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣਾ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਚੇਅਰਮੈਨ ਪਰਮਜੀਤ ਸਿੰਘ ਚੰਡੋਕ ਨੂੰ ਫ਼ੋਨ ਤੇ ਸਾਰੀ ਗੱਲਬਾਤ ਸੁਣਾਉਂਦਿਆਂ ਜਥੇ ਦੇ ਆਗੂ ਪਪਿੰਦਰ ਸਿੰਘ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਪਾਸਪੋਰਟ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਪੁਸ਼ਟੀ ਕੀਤੇ ਅਨੁਸਾਰ ਪਾਕਿਸਤਾਨੀ ਪਾਸਪੋਰਟ ਲਈ ਐਨ.ਓ.ਸੀ. ਸਿਰਫ਼ ਸਰਕਾਰੀ, ਅਧਿ ਸਰਕਾਰੀ ਜਾਂ ਖ਼ੁਦਮੁਖਤਿਆਰ ਸੰਸਥਾਵਾਂ ਦੇ ਕਰਮਚਾਰੀਆਂ ਲਈ ਹੀ ਲੋੜੀਂਦਾ ਹੈ। ਚੰਡੋਕ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਪਾਸਪੋਰਟ ਬਣਾਉਣ ਜਾਂ ਨਵਿਆਉਣ ਲਈ ਕਿਸੇ ਐਨ.ਓ.ਸੀ. ਦੀ ਲੋੜ ਨਹੀਂ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਭਾਰਤ ਆਉਣ ਲਈ ਵੈਧ ਵੀਜ਼ੇ ਸਨ। ਪਾਕਿਸਤਾਨ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਆਪਣੇ ਨਾਗਰਿਕਾਂ ਦੀ ਮੌਤ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਚਲਾਏ ਗਏ ‘ਅਪਰੇਸ਼ਨ ਸਿੰਦੂਰ’ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵੱਲੋਂ ਇੱਕ-ਦੂਜੇ ਲਈ ਹਵਾਈ ਖੇਤਰ ਨੂੰ ਸੀਮਤ ਕਰਨ ਕਾਰਨ ਸਿੱਖ ਜਥੇ ਨੂੰ ਭਾਰਤ ਪਹੁੰਚਣ ਲਈ ਖਾੜੀ ਰਸਤੇ ਉਡਾਣ ਲੈਣੀ ਪਈ ਸੀ।

ਚੰਡੋਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਲੀਡਰਸ਼ਿਪ ਵਿੱਚ ਫੁੱਟ ਪੈਣ ਕਾਰਨ ਆਮ ਸਿੱਖਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੋ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ਼ ਅਤੇ ਨਵਾਜ਼ ਸ਼ਰੀਫ਼ ਪਰਿਵਾਰ ਦੀ ਪਾਕਿਸਤਾਨ ਮੁਸਲਿਮ ਲੀਗ ਵਰਗੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੀ ਹੋਈ ਹੈ।

ਭਾਰਤ ਦੀ ਤੀਰਥ ਯਾਤਰਾ ਲਈ ਬੀਤੀ ਰਾਤ ਰਵਾਨਾ ਹੋਣ ਵਾਲੇ ਸ਼ਰਧਾਲੂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨਾਲ ਜੁੜੇ ਹੋਏ ਸਨ।

Continue Reading

International

ਕਾਂਗੋ ਵਿੱਚ ਦੋ ਸਕੂਲਾਂ ਨੂੰ ਅੱਗ ਲੱਗਣ ਕਾਰਨ 26 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ

Published

on

By

ਬੁਕਾਵੁ, 11 ਸਤੰਬਰ (ਸ.ਬ.) ਕਾਂਗੋ ਦੇ ਪੂਰਬੀ ਸ਼ਹਿਰ ਬੁਕਾਵੁ ਵਿੱਚ ਬੀਤੇ ਦਿਨ ਇੱਥੇ ਦੋ ਸਕੂਲਾਂ ਵਿੱਚ ਅੱਗ ਫੈਲਣ ਕਾਰਨ 26 ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਸੂਬਾ ਸਰਕਾਰ ਮੁਤਾਬਕ ਮਰਨ ਵਾਲਿਆਂ ਵਿੱਚ 19 ਲੜਕੀਆਂ ਅਤੇ 7 ਲੜਕੇ ਸ਼ਾਮਲ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਸਥਾਨਕ ਪ੍ਰਸ਼ਾਸਨ ਮੁਤਾਬਕ ਅੱਗ ਸਭ ਤੋਂ ਪਹਿਲਾਂ ਇੱਕ ਘਰ ਵਿੱਚ ਲੱਗੀ ਸੀ। ਇਸ ਤੋਂ ਬਾਅਦ ਅੱਗ ਨੇੜੇ ਸਥਿਤ ਦੋ ਸਕੂਲਾਂ ਤੱਕ ਫੈਲ ਗਈ। ਇਹ ਦੋਵੇਂ ਸਕੂਲ ਇੱਕ-ਦੂਜੇ ਦੇ ਨੇੜੇ ਹਨ। ਅੱਗ ਤੇਜ਼ੀ ਨਾਲ ਫੈਲਣ ਕਾਰਨ ਵਿਦਿਆਰਥੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਇਹ ਹਾਦਸਾ ਫੁਰਾਹਾ ਸੈਕੰਡਰੀ ਸਕੂਲ ਅਤੇ ਉਜਾਮਾ ਪ੍ਰਾਇਮਰੀ ਸਕੂਲ ਵਿੱਚ ਵਾਪਰਿਆ। ਅੱਗ ਦੌਰਾਨ ਕਈ ਵਿਦਿਆਰਥੀ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਫਸ ਗਏ। ਕੁਝ ਵਿਦਿਆਰਥੀਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।

ਸਕੂਲ ਤੋਂ ਬਾਹਰ ਨਿਕਲਣ ਦਾ ਰਸਤਾ ਕਾਫ਼ੀ ਤੰਗ ਸੀ। ਕਈ ਵਿਦਿਆਰਥੀ ਦਰਵਾਜ਼ੇ ਵੱਲ ਭੱਜੇ, ਜਦਕਿ ਕੁਝ ਨੇ ਖਿੜਕੀਆਂ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਸਥਾਨਕ ਅਧਿਕਾਰੀ ਮੋਇਜ ਲੁਬਾਲਾ ਨੇ ਦੱਸਿਆ ਕਿ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀ ਇੱਕ-ਦੂਜੇ ਨਾਲ ਟਕਰਾ ਗਏ। ਕਈ ਬੱਚੇ ਡਿੱਗ ਪਏ ਅਤੇ ਭਗਦੜ ਵਿੱਚ ਦੱਬ ਗਏ। ਇਸ ਦੌਰਾਨ ਕੁਝ ਵਿਦਿਆਰਥੀਆਂ ਦੀ ਮੌਤ ਹੋ ਗਈ।

ਅੱਗ ਦੀ ਲਪੇਟ ਵਿੱਚ ਆਏ ਵਿਦਿਆਰਥੀਆਂ ਨੂੰ ਸਥਾਨਕ ਸਿਹਤ ਕੇਂਦਰਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚ ਵੱਖ-ਵੱਖ ਉਮਰ ਦੇ ਲੜਕੇ ਅਤੇ ਲੜਕੀਆਂ ਸ਼ਾਮਲ ਸਨ। ਨਰਸ ਸਿਜਾ ਜੀਨ-ਬੈਪਟਿਸਟ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਅਜਿਹੇ ਵਿੱਚ ਮੈਡੀਕਲ ਸਟਾਫ਼ ਲਈ ਜ਼ਖਮੀਆਂ ਦੀ ਸਹੀ ਗਿਣਤੀ ਦਰਜ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਕਈ ਲੋਕਾਂ ਦਾ ਇਲਾਜ ਸਥਾਨਕ ਸਿਹਤ ਕੇਂਦਰਾਂ ਵਿੱਚ ਚੱਲ ਰਿਹਾ ਹੈ।

ਫਿਲਹਾਲ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਇਲਾਕੇ ਵਿੱਚ ਅੱਗ ਸ਼ੁਰੂ ਹੋਈ, ਉੱਥੇ ਕਾਫ਼ੀ ਸੰਘਣੀ ਆਬਾਦੀ ਹੈ। ਇਲਾਕੇ ਦੇ ਜ਼ਿਆਦਾਤਰ ਘਰ ਲੱਕੜ ਦੇ ਬਣੇ ਹੋਏ ਹਨ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।

ਸ਼ਹਿਰ ਤੇ ੰ23 ਬਾਗੀ ਸਮੂਹ ਦਾ ਕੰਟਰੋਲ ਹੈ। ਇਸ ਸਮੂਹ ਨੇ ਪਹਿਲਾਂ ਦੱਸਿਆ ਸੀ ਕਿ ਹਾਦਸੇ ਵਿੱਚ 24 ਵਿਦਿਆਰਥੀਆਂ ਦੀ ਮੌਤ ਹੋਈ ਹੈ ਅਤੇ 29 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਬਾਅਦ ਵਿੱਚ ਸੂਬਾ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ 26 ਦੱਸੀ। ਅੱਗ ਦੀ ਇਸ ਘਟਨਾ ਤੋਂ ਬਾਅਦ ਸਥਾਨਕ ਸਕੂਲ ਅਤੇ ਸਿਹਤ ਕੇਂਦਰ ਦੋਵੇਂ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਰਾਹਤ ਅਤੇ ਇਲਾਜ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪੂਰੀ ਗਿਣਤੀ ਇਕੱਠੀ ਕਰਨ ਦਾ ਕੰਮ ਵੀ ਜਾਰੀ ਹੈ।

Continue Reading

Latest News

Trending