Chandigarh
ਚੰਡੀਗੜ੍ਹ ਦੇ ਦੋ ਦਰਜਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਪ੍ਰੀਖਿਆ ਦੇ ਦਿਨਾਂ ਵਿੱਚ ਆ ਰਹੀਆਂ ਬੰਬ ਦੀਆਂ ਧਮਕੀਆਂ ਵਿਦਿਆਰਥੀਆਂ ਅਤੇ ਸਕੂਲਾਂ ਲਈ ਸਿਰਦਰਦੀ ਬਣੀਆਂ
ਚੰਡੀਗੜ੍ਹ, 27 ਫਰਵਰੀ (ਸ.ਬ.) ਯੂ ਟੀ ਦੇ ਦੋ ਦਰਜਨ ਦੇ ਕਰੀਬ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਸ਼ਹਿਰ ਵਿਚ ਇਕ ਵਾਰ ਮੁੜ ਐਮਰਜੈਂਸੀ ਵਰਗੇ ਹਾਲਾਤ ਬਣ ਗਏ। ਧਮਕੀਆਂ ਮਿਲਣ ਤੋਂ ਬਾਅਦ ਸਕੂਲ ਖਾਲੀ ਕਰਵਾ ਲਏ ਗਏ। ਇਸ ਦੌਰਾਨ ਕਈ ਸਕੂਲਾਂ ਵਿਚ ਅੱਜ ਸੀ ਬੀ ਐੱਸ ਈ ਦਸਵੀਂ ਜਮਾਤ ਦਾ ਆਈ ਟੀ, ਕੰਪਿਊਟਰ ਐਪਲੀਕੇਸ਼ਨਜ਼ ਤੇ ਏ ਆਈ ਦਾ ਪੇਪਰ ਸੀ। ਪ੍ਰੀਖਿਆ ਦੇ ਦਿਨਾਂ ਵਿੱਚ ਆ ਰਹੀਆਂ ਬੰਬ ਦੀਆਂ ਧਮਕੀਆਂ ਵਿਦਿਆਰਥੀਆਂ ਅਤੇ ਸਕੂਲਾਂ ਲਈ ਸਿਰਦਰਦੀ ਬਣ ਚੁੱਕੀਆਂ ਹਨ।
ਸਕੂਲਾਂ ਵਿਚ ਬੰਬ ਦੀ ਧਮਕੀ ਦੀ ਖਬਰ ਫੈਲੀ ਤਾਂ ਪ੍ਰੀਖਿਆ ਕੇਂਦਰਾਂ ਵਿਚ ਤਾਇਨਾਤ ਅਮਲੇ ਤੇ ਵਿਦਿਆਰਥੀਆਂ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਇਸ ਦੌਰਾਨ ਇਕ ਪ੍ਰਾਈਵੇਟ ਸਕੂਲ ਵਿਚ ਪ੍ਰੀਖਿਆ ਦੇ ਰਹੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤੇ ਜਾਂਚ ਤੋਂ ਬਾਅਦ ਪ੍ਰੀਖਿਆ ਮੁੜ ਸ਼ੁਰੂ ਹੋਈ। ਸੀ ਬੀ ਐੱਸ ਈ ਬੋਰਡ ਦੀ ਪ੍ਰੀਖਿਆ ਦਾ ਸਮਾਂ ਸਵੇਰ ਸਾਢੇ ਦਸ ਵਜੇ ਤੋਂ ਡੇਢ ਵਜੇ ਤੱਕ ਦਾ ਹੈ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਸਕੂਲਾਂ ਵਿਚ ਈਮੇਲ ਸਵੇਰ ਵੇਲੇ ਆਈ ਤੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲੀਸ ਨੇ ਜਾਂਚ ਮੁਕੰਮਲ ਕਰ ਲਈ। ਇਸ ਮੌਕੇ ਚੰਡੀਗੜ੍ਹ ਪੁਲੀਸ ਦੀਆਂ ਟੀਮਾਂ, ਬੰਬ ਰੋਕੂ ਦਸਤੇ, ਡੌਗ ਸਕੁਐਡ ਤੇ ਹੋਰ ਜਾਂਚ ਟੀਮਾਂ ਨੇ ਸਕੂਲਾਂ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਕੁਝ ਵੀ ਸ਼ੱਕੀ ਨਾ ਮਿਲਿਆ। ਚੰਡੀਗੜ੍ਹ ਪੁਲੀਸ ਵਲੋਂ ਇਨ੍ਹਾਂ ਸਕੂਲਾਂ ਤੋਂ ਇਲਾਵਾ ਇਹਤਿਆਤ ਵਜੋਂ ਨਾਲ ਦੇ ਸਕੂਲਾਂ ਦੇ ਬਾਹਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 20 ਦੇ ਕਰੀਬ ਸਕੂਲਾਂ ਨੂੰ ਸਵੇਰ ਵੇਲੇ ਈ-ਮੇਲਾਂ ਆਈਆਂ ਕਿ ਸਕੂਲਾਂ ਨੂੰ ਇੱਕ ਵਜ ਕੇ ਗਿਆਰਾਂ ਮਿੰਟ ਤੇ ਉਡਾ ਦਿੱਤਾ ਜਾਵੇਗਾ। ਇਹ ਧਮਕੀ ਚਾਰ ਸਰਕਾਰੀ ਸਕੂਲਾਂ ਨੂੰ ਦਿੱਤੀ ਗਈ ਜਿਨ੍ਹਾਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-8, ਸੈਕਟਰ-10, ਸੈਕਟਰ-16 ਤੇ ਸਰਕਾਰੀ ਮਾਡਲ ਹਾਈ ਸਕੂਲ ਡੱਡੂਮਾਜਰਾ ਸ਼ਾਮਲ ਹਨ।
ਇਸ ਤੋਂ ਇਲਾਵਾ ਕਾਰਮਲ ਕਾਨਵੈਂਟ ਸਕੂਲ ਸੈਕਟਰ-9, ਬਨੀਅਨ ਟਰੀ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਚਿਤਕਾਰਾ ਇੰਟਰਨੈਸ਼ਨਲ ਸਕੂਲ, ਕੁੰਦਨ ਪਬਲਿਕ ਸਕੂਲ, ਗੁਰੂਕੁਲ ਗਲੋਬਲ ਸਕੂਲ ਮਨੀਮਾਜਰਾ, 3ਬੀਆਰਡੀ ਏਅਰ ਫੋਰਸ ਸਕੂਲ, ਅੰਕੁਰ ਪਬਲਿਕ ਸਕੂਲ ਸੈਕਟਰ-14, ਸੇਂਟ ਜੌਹਨਜ਼ ਸਕੂਲ ਸੈਕਟਰ-26, ਭਵਨ ਵਿਦਿਆਲਿਆ ਸੈਕਟਰ-27, ਸੌਪਿਨਜ਼ ਸਕੂਲ ਸੈਕਟਰ-32, ਵਿਵੇਕ ਹਾਈ ਸਕੂਲ ਸੈਕਟਰ-38,ਦਿੱਲੀ ਪਬਲਿਕ ਸਕੂਲ ਸੈਕਟਰ-40, ਅਜੀਤ ਕਰਮ ਸਿੰਘ ਸਕੂਲ ਸੈਕਟਰ-45 ਵਿਚ ਧਮਕੀ ਭਰੀ ਈ-ਮੇਲ ਆਈ।
ਇਸ ਈ-ਮੇਲ ਵਿਚ ਪੰਨੂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਸਕੂਲਾਂ ਵਿਚ ਜੋ ਬੱਚੇ ਦਾਖਲ ਹੋ ਚੁੱਕੇ ਸਨ ਉਨ੍ਹਾਂ ਨੂੰ ਖੁੱਲ੍ਹੇ ਮੈਦਾਨ ਵਿਚ ਬਿਠਾ ਦਿੱਤਾ ਗਿਆ। ਡਾਇਰੈਕਟਰ ਸਕੂਲ ਐਜੂਕੇਸ਼ਨ ਨਿਤਿਸ਼ ਸਿੰਗਲਾ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਬੋਰਡ ਪ੍ਰੀਖਿਆਵਾਂ ਵਿਚ ਕੋਈ ਵਿਘਨ ਨਹੀਂ ਪਿਆ ਤੇ ਸਾਰੀਆਂ ਪ੍ਰੀਖਿਆਵਾਂ ਤੈਅ ਸਮੇਂ ਵਿਚ ਹੋ ਰਹੀਆਂ ਹਨ।
Chandigarh
ਮੁਲਾਜ਼ਮਾਂ ਨੇ ਠੁਕਰਾਇਆ ਮੁੱਖ ਮੰਤਰੀ ਮਾਨ ਦਾ 3 ਫੀਸਦੀ ਡੀਏ ਦਾ ਦੀਵਾਲੀ ਤੋਹਫਾ, ਮਹੀਨਾ ਭਰ ਚੱਲੇਗਾ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ, 5 ਨਵੰਬਰ (ਸ.ਬ.) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੀਵਾਲੀ ਦੇ ਤੋਹਫ਼ੇ ਵਜੋਂ ਐਲਾਨੇ ਤਿੰਨ ਫੀਸਦੀ ਡੀਏ ਵਾਧੇ ਨੂੰ ਰੱਦ ਕਰਦਿਆਂ, ਪੰਜਾਬ ਸਰਕਾਰ ਦੇ ਲਗਪਗ 4 ਲੱਖ ਮੁਲਾਜ਼ਮਾਂ ਅਤੇ 3.50 ਲੱਖ ਪੈਨਸ਼ਨਰਾਂ ਨੇ 13 ਨਵੰਬਰ ਤੋਂ ਮਹੀਨਾ ਭਰ ਚੱਲਣ ਵਾਲੇ ਅੰਦੋਲਨ ਦਾ ਐਲਾਨ ਕੀਤਾ ਹੈ। ਇਹ ਸੰਘਰਸ਼ 13 ਦਸੰਬਰ ਨੂੰ ਸ਼ੰਭੂ ਤੋਂ ਅੰਮ੍ਰਿਤਸਰ ਤੱਕ ਮਨੁੱਖੀ ਲੜੀ ਬਣਾ ਕੇ ਸਮਾਪਤ ਹੋਵੇਗਾ।
ਸਾਂਝੀ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਸੁਖਚੈਨ ਖਹਿਰਾ ਅਤੇ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਅੰਦੋਲਨ ਦੀ ਸ਼ੁਰੂਆਤ 13 ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਧਰਨੇ ਨਾਲ ਹੋਵੇਗੀ। 1 ਤੋਂ 5 ਦਸੰਬਰ ਤੱਕ ਮੁਲਾਜ਼ਮ ‘ਆਪ’ ਦੇ ਸਾਰੇ 91 ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਪੁਤਲੇ ਫੂਕਣਗੇ ਅਤੇ 6 ਦਸੰਬਰ ਨੂੰ ਇਨ੍ਹਾਂ ਦੀ ਸੁਆਹ ਬੁੱਢੇ ਨਾਲੇ ਵਿੱਚ ਜਲ-ਪ੍ਰਵਾਹ ਕੀਤੀ ਜਾਵੇਗੀ।
ਮੁਲਾਜਮਾਂ ਦਾ ਇਹ ਐਲਾਨ ਸੀ ਐਮ ਮਾਨ ਵੱਲੋਂ 3 ਫੀਸਦੀ ਡੀਏ ਵਾਧੇ (ਕੁੱਲ 53 ਫੀਸਦੀ) ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਮੁੱਖ ਮੰਗਾਂ ਹੱਲ ਨਹੀਂ ਹੋਈਆਂ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਬਕਾਇਆ 10 ਫੀਸਦੀ ਡੀਏ ਜਾਰੀ ਕਰਨਾ, ਪੈਂਡਿੰਗ ਡੀਏ ਅਰੰਭਕ ਭੁਗਤਾਨ, ਛੇਵਾਂ ਤਨਖਾਹ ਕਮਿਸ਼ਨ, ਪੁਰਾਣੇ ਤਨਖਾਹ ਸਕੇਲ ਬਹਾਲ ਕਰਨਾ ਅਤੇ ਮਾਰੂ ਨੀਤੀਆਂ ਵਾਪਸ ਲੈਣਾ ਸ਼ਾਮਲ ਹੈ।
ਮੁਲਾਜਮ ਆਗੂਆਂ ਨੇ ਪੁਰਾਣੀਆਂ ਵੀਡੀਓ ਕਲਿੱਪਾਂ ਦਿਖਾ ਕੇ ਸਰਕਾਰ ਦੇ ਦਾਅਵਿਆਂ ਦਾ ਖੰਡਨ ਕੀਤਾ। ਸੁਖਚੈਨ ਖਹਿਰਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਵੇਲੇ ਸਿਰਫ਼ 7 ਫੀਸਦੀ ਡੀ ਏ ਬਕਾਇਆ ਸੀ ਅਤੇ ਅਕਾਲੀ-ਭਾਜਪਾ ਸਰਕਾਰ ਨੇ ਕੋਈ ਬਕਾਇਆ ਨਹੀਂ ਛੱਡਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਤਨਖਾਹ ਕਮਿਸ਼ਨ ਦੇ ਬਕਾਏ ਨੂੰ ਡੀਏ ਨਿਪਟਾਰੇ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
Chandigarh
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੀ ਮੀਟਿੰਗ ਆਯੋਜਿਤ
ਚੰਡੀਗੜ੍ਹ, 5 ਨਵੰਬਰ (ਸ.ਬ.) ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਚੰਡੀਗੜ੍ਹ ਯੂਨਿਟ ਦੀ ਜਨਰਲ ਬਾਡੀ ਮੀਟਿੰਗੀ ਪ੍ਰਧਾਨ ਸ੍ਰੀ ਦੀਪਕ ਰਿਖੀ ਦੀ ਪ੍ਰਧਾਨਗੀ ਹੇਠ ਕਮਿਊਨਿਟੀ ਸੈਂਟਰ, ਸੈਕਟਰ 33-ਬੀ, ਚੰਡੀਗੜ੍ਹ ਵਿਖੇ ਹੋਈ। ਇਸ ਮੌਕੇ ਫੂਡ ਕਮਿਸ਼ਨ, ਪੰਜਾਬ ਦੇ ਸਾਬਕਾ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਉਹਨਾਂ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਕਾਮੇਡੀ ਕਲਾਕਾਰ ਸ੍ਰੀ ਜਸਵਿੰਦਰ ਭੱਲਾ ਨਾਲ ਬਿਤਾਏ ਆਪਣੇ ਕੁਝ ਯਾਦਗਾਰ ਅਤੇ ਦਿਲਚਸਪ ਪਲ ਮੈਂਬਰਾਂ ਨਾਲ ਸਾਂਝੇ ਕੀਤੇ। ਮੀਟਿੰਗ ਦੌਰਾਨ ਸ੍ਰੀਮਤੀ ਅੰਜੂ ਕਟਿਆਲ, ਐਮ.ਸੀ. ਸੈਕਟਰ 33, ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਫੋਰਟਿਸ ਹਸਪਤਾਲ ਤੋਂ ਪਹੁੰਚੇ ਡਾ. ਸੁਧਾਂਸ਼ੂ ਬੁਡਾਕ ਓਟੀ ਵੱਲੋਂ ਦਿਲ ਦੀਆਂ ਬਿਮਾਰੀਆਂ, ਉਨ੍ਹਾਂ ਦੇ ਕਾਰਨਾਂ, ਬਚਾਅ ਅਤੇ ਇਲਾਜ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸੋਸੀਏਸ਼ਨ ਦੇ ਕੰਮਕਾਜ ਅਤੇ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਦਰਸ਼ਨ ਕੁਮਾਰ ਬੱਗਾ (ਸਾਬਕਾ ਪ੍ਰਧਾਨ), ਸ੍ਰੀ ਰਘਬੀਰ ਸਿੰਘ (ਕੈਸ਼ੀਅਰ) ਅਤੇ ਸ੍ਰੀ ਤਰਸੇਮ ਬੰਗਾ (ਆਫਿਸ ਇੰਚਾਰਜ), ਸੇਵਾਮੁਕਤ ਇੰਸਪੈਕਟਰ ਨੂੰ ਅਚੀਵਮੈਂਟ ਐਵਾਰਡ ਅਤੇ ਯਾਦਗਾਰੀ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ।
ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰੀ ਰਮੇਸ਼ ਕੁਮਾਰ ਸ਼ਰਮਾ ਨੇ ਨਿਭਾਈ। ਅਖੀਰ ਵਿੱਚ ਪ੍ਰਧਾਨ ਸ੍ਰੀ ਦੀਪਕ ਰਿਖੀ ਨੇ ਸਮੂਹ ਮਹਿਮਾਨਾਂ, ਮੈਂਬਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
Chandigarh
8 ਲੱਖ ਮੁਲਾਜ਼ਮਾਂ ਲਈ ਜਾਰੀ ਹੋਵੇਗੀ 3 ਫੀਸਦੀ ਡੀਏ ਦੀ ਕਿਸ਼ਤ : ਮੁੱਖ ਮੰਤਰੀ
ਚੰਡੀਗੜ੍ਹ, 4 ਨਵੰਬਰ (ਸ.ਬ.) ਪੰਜਾਬ ਸਰਕਾਰ ਨੇ ਸੂਬੇ ਦੇ 8 ਲੱਖ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (ਡੀਏ) ਦੀ 3 ਫੀਸਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਦੀਵਾਲੀ ਗਿਫਟ ਦਿੱਤਾ ਜਾ ਰਿਹਾ ਹੈ। ਸੂਬੇ ਦੇ ਸਾਰੇ ਮੁਲਾਜ਼ਮਾਂ ਲਈ ਡੀ ਏ ਦੀ 3 ਫੀਸਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਡੀ ਏ ਵਿੱਚ ਇਸ ਵਾਧੇ ਨਾਲ 8 ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਇਹ ਵਾਧਾ ਨਵੰਬਰ ਦੀ ਤਨਖਾਹ ਵਿੱਚ ਜੁੜੇਗਾ, ਜਦੋਂ ਕਿ ਦਸੰਬਰ ਵਿੱਚ ਮਿਲਣ ਵਾਲੀ ਪੈਨਸ਼ਨ ਵਿੱਚ ਵੀ ਵਧਿਆ ਹੋਇਆ ਡੀ ਏ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਬੀਤੇ 2 ਮਹੀਨਿਆਂ ਦੌਰਾਨ ਮੁਲਾਜ਼ਮਾਂ ਨੂੰ ਕੁੱਲ੍ਹ 11 ਫੀਸਦੀ ਦਾ ਡੀ ਏ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਨਾਲ ਹੀ ਹੁਣ ਤੱਕ 71,777 ਨਵੀਆਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ 2022 ਵਿੱਚ ਸੱਤਾ ਸੰਭਾਲੀ ਸੀ, ਉਦੋਂ ਮੁਲਾਜ਼ਮਾਂ ਨੂੰ 28 ਫੀਸਦੀ ਡੀ ਏ ਮਿਲ ਰਿਹਾ ਸੀ, ਜਦੋਂਕਿ ਹੁਣ 53 ਫੀਸਦੀ ਡੀ ਏ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਸਾਲ ਵਿੱਚ 1088 ਕਰੋੜ ਰੁਪਏ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਾਵੇਗਾ। ਇਸ ਵਾਧੇ ਨਾਲ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 363 ਕਰੋੜ ਰੁਪਏ ਦਾ ਫਾਇਦਾ ਹੋਵੇਗਾ।
ਮੋਗਾ ਦੀ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ ਈ ਡੀ ਦੀ ਛਾਪੇਮਾਰੀ ਬਾਰੇ ਸਵਾਲ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਉਂਦੀ ਰਹਿੰਦੀ ਹੈ। ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ। ਉਨ੍ਹਾਂ ਦੇ ਆਉਣ ਦਾ ਮਤਲਬ ਇਹ ਹੈ ਕਿ ਚੋਣਾਂ ਆ ਗਈਆਂ ਹਨ। ਉਹ ਵੋਟਾਂ ਵੇਲ੍ਹੇ ਹੀ ਇਹ ਹਥਿਆਰ ਵਰਤਦੇ ਹਨ। ਉਹ ਜਿੰਨਾਂ ਮਰਜੀ ਕਰ ਲੈਣ, ਉਨ੍ਹਾਂ ਨੂੰ ਇੱਥੋਂ ਕੁਝ ਨਹੀਂ ਮਿਲਣ ਵਾਲਾ।
ਪਰਾਲੀ ਪ੍ਰਦੂਸ਼ਣ ਦੇ ਮੁੱਦੇ ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਇਲਜਾਮਾਂ ਤੇ ਉਹਨਾਂ ਕਿਹਾ ਕਿ ਹਾਲੇ ਤਾਂ ਜਿਆਦਾਤਰ ਝੋਨਾ ਵੱਢਿਆ ਹੀ ਨਹੀਂ ਗਿਆ ਹੈ, ਫਿਰ ਵੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਸਾ ਸਾਹਿਬ ਨੂੰ ਤਾਂ ਸਭ ਕੁਝ ਪਤਾ ਹੈ। ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਜਾਬ ਦਾ ਕੋਈ ਹੱਥ ਨਹੀਂ ਹੈ। ਬੱਸ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।
ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਵਲੋਂ ਚੋਣਾਂ ਤੋਂ ਐਨ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਭਾਜਪਾ ਦਾ ਪੱਲਾ ਫੜਣ ਬਾਰੇ ਸਵਾਲ ਦੇ ਜਵਾਬ ਵਿੰਚ ਉਹਨਾਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਉੱਧਰ ਜਾਣ ਤੋਂ ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਕੋਲੋਂ ਤਾਂ ਪੁੱਛ ਲੈਂਦੇ। ਬੀਜੇਪੀ ਉਨ੍ਹਾਂ ਨੂੰ ਪੁੱਛਦੀ ਤੱਕ ਨਹੀਂ ਹੈ। ਉਨ੍ਹਾਂ ਨੂੰ ਬੰਨ੍ਹੇ ਲਾ ਦਿੱਤਾ ਗਿਆ ਹੈ।
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
